“ਅਗੈ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ॥”

ਵਿਚਾਰ-ਵਟਾਂਦਰਾ

ਅਮਰੀਕ ਸਿੰਘ ਮੁਕਤਸਰ
ਸਿੱਖਾਂ ਵੱਲੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਛਿੜੇ ਜੰਗੀ ਅਤੇ ਨਫਰਤੀ ਮਜ਼੍ਹਬੀ ਟਕਰਾਅ ਵਿੱਚ ਕਿਸੇ ਇੱਕ ਦੀ ਧਿਰ ਬਣਨਾ, ਬੈਗਾਨੀ ਬਰਾਤ ਵਿੱਚ ਭੰਗੜਾ ਪਾਉਣ ਦੇ ਤੁੱਲ ਹੋਵੇਗਾ। ਦੋਹੇ ਹੁਕਮਰਾਨ ਤਾਕਤਾਂ ਕਦੇ ਵੀ ਸਿੱਖਾਂ ਦੀਆਂ ਮਿੱਤਰ ਨਹੀਂ ਰਹੀਆਂ ਹਨ; ਪਰ ਇਹ ਸੱਚ ਹੈ ਕਿ ਦੋਹੇ ਖ਼ਿੱਤਿਆਂ ਵਿੱਚ ਵੱਸਣ ਵਾਲੀ ਲੋਕਾਈ ਨਾਲ ਸਾਡੀ ਸੱਭਿਆਚਾਰਿਕ ਤੇ ਭਾਈਚਾਰਕ ਸਾਂਝ ਦਾ ਇੱਕ ਲੰਬਾ ਇਤਿਹਾਸ ਹੈ

ਅਤੇ ਸਿੱਖਾਂ ਨੇ ਬੀਤੇ ਵਿੱਚ ਇਨ੍ਹਾਂ ਦੋਹਾਂ ਹਮਸਾਇਆ ਪ੍ਰਤੀ ਆਪਣੇ ਨੈਤਿਕ ਫ਼ਰਜ਼ਾਂ ਦੀ ਪਾਲਣਾ ਹਿੰਦੂ ਤੇ ਮੁਸਲਿਮ ਭਾਈਚਾਰੇ ਤੋਂ ਕਿਤੇ ਵੱਧ ਕੀਤੀ ਹੈ। 1947 ਵਿੱਚ ਦੇਸ਼ ਦੀ ਵੰਡ ਮੌਕੇ ਇਨ੍ਹਾਂ ਦੋਹਾਂ ਕੌਮਾਂ ਨੇ ਸਿੱਖਾਂ ਦੇ ਤੀਜੀ ਧਿਰ ਵਾਲੇ ਦਾਅਵੇ ਦਾ ਇੱਕੋ ਜਿਹੇ ਫਿਰਕੂ ਅਤੇ ਈਰਖਾਲੂ ਇਰਾਦੇ ਨਾਲ ਵਿਰੋਧ ਕੀਤਾ ਸੀ। ਦੇਸ਼ ਦੀ ਵੰਡ ਤੋਂ ਬਾਅਦ ਵੀ ਦੋਹੇ ਕੌਮਾਂ ਸਾਨੂੰ ਇੱਕ ਦੂਜੇ ਖਿਲਾਫ ਹੱਥਠੋਕਿਆਂ ਵਾਂਗ ਵਰਤਣ ਦੀ ਤਾਕ ਵਿੱਚ ਰਹਿੰਦੀਆਂ ਹਨ। ਇਸ ਮੌਜੂਦਾ ਜੰਗੀ ਟਕਰਾਅ ਵਿੱਚ ਵੀ ਦੋਹੇ ਪਾਸੇ ਦੀਆਂ ਹਕੂਮਤਾਂ ਸਿੱਖਾਂ ਨੂੰ ਇੱਕ ਦੂਜੇ ਖਿਲਾਫ ਭੜਕਾਉਣ ਲਈ ਪ੍ਰਾਪੇਗੰਡੇ ਵਿੱਚ ਜੁਟੀਆਂ ਰਹੀਆਂ; ਤੇ ਹੁਣ ਵੀ ਕਿਤੇ ਨਾ ਕਿਤੇ ਉਸੇ ਨੀਤੀ ਤਹਿਤ ਜੁਟੀਆਂ ਹੋਈਆਂ ਹਨ। ਮੂਰਖ ਅਤੇ ਸਵਾਰਥੀ ਲੀਡਰਸ਼ਿਪ ਦੀ ਬਦੌਲਤ ਸਿੱਖ ਹਮੇਸ਼ਾ ਵਰਤੇ ਜਾਣ ਵਾਲੀ ਸਥਿਤੀ ਦਾ ਸ਼ਿਕਾਰ ਹੁੰਦੇ ਆਏ ਹਨ ਅਤੇ ਮੌਜੂਦਾ ਸਥਿਤੀ ਵਿੱਚ ਵੀ ਇਹੋ ਆਸਾਰ ਬਣੇ ਹੋਏ ਹਨ।
ਮੌਜੂਦਾ ਸਮੇਂ ਏਸ਼ੀਆ ਦੇ ਇਸ ਖਿੱਤੇ ਦੇ ਰਾਜਸੀ ਹਾਲਾਤ ਬੜੀ ਤੇਜ਼ੀ ਨਾਲ ਬਦਲ ਰਹੇ ਹਨ। ਦੁਨੀਆ ਦੀਆਂ ਵੱਡੀਆਂ ਰਾਜਸੀ ਤਾਕਤਾਂ ਇਨ੍ਹਾਂ ਬਦਲ ਰਹੀਆਂ ਸਥਿਤੀਆਂ ਵਿੱਚੋ ਆਪੋ-ਆਪਣੇ ਹਿੱਤਾਂ ਦੀ ਪੂਰਤੀ ਲਈ ਕਸਮਕਸ਼ ਕਰਦੀਆਂ ਦਿਖਾਈ ਦੇ ਰਹੀਆਂ ਹਨ। ਹਿੰਦੂਸਤਾਨ ਅਤੇ ਭਾਰਤ ਦੀਆਂ ਅੰਦਰੂਨੀ ਸਥਿਤੀਆਂ ਉੱਪਰ ਨਜ਼ਰ ਰੱਖ ਰਹੇ ਸਿਆਸੀ ਮਾਹਿਰਾਂ ਦੀ ਰਾਏ ਹੈ ਕਿ ਇਨ੍ਹਾਂ ਦੋਹਾਂ ਦੇਸ਼ਾਂ ਦੇ ਬਾਰਡਰਾਂ ਵਿੱਚ ਤਬਦੀਲੀਆਂ ਦੇ ਆਸਾਰ ਨਜ਼ਰ ਆਉਂਦੇ ਹਨ। ਭਵਿੱਖ ਵਿੱਚ ਇਸ ਖਿੱਤੇ ਵਿੱਚ ਹੋਣ ਵਾਲੀ ਸਿਆਸੀ ਅਤੇ ਭੂਗੋਲਿਕ ਤੋੜ-ਭੰਨ ਵਿੱਚੋ ਸਿੱਖਾਂ, ਕਸ਼ਮੀਰੀਆਂ ਅਤੇ ਬਲੋਚ ਭਾਈਚਾਰੇ ਦੀ ਰਾਜਸੀ ਹੋਣੀ ਨਿਸਚਿਤ ਹੋਣ ਦੀਆਂ ਸੰਭਾਵਨਾਵਾਂ ਉਤਪੰਨ ਹੋ ਸਕਦੀਆਂ ਹਨ; ਪਰ ਇਤਿਹਾਸ ਗਵਾਹ ਹੈ ਕਿ ਸਿਆਸੀ ਸੂਝ-ਬੂਝ ਅਤੇ ਡਿਪਲੋਮੈਟਿਕ ਸਮਰਥਾ ਦੀ ਅਣਹੋਂਦ ਸਦਕਾ ਕਈ ਵਾਰ ਅਨੁਕੂਲ ਸਥਿਤੀਆਂ ਦੇ ਬਾਵਜੂਦ ਬਣੇ ਇਤਿਹਾਸਕ ਮੌਕੇ ਖੁੰਝ ਜਾਂਦੇ ਹਨ। ਰਾਜਸੀ ਗੁਲਾਮੀ ਦੇ ਬਾਵਜੂਦ ਦੁਨੀਆ ਭਰ ਵਿੱਚ ਫੈਲਿਆ ਹੋਇਆ ਸਿੱਖ ਭਾਈਚਾਰਾ ਕਈ ਪੱਖਾਂ ਤੋਂ ਬਹੁਤ ਸਮਰੱਥ ਹੈ। ਜੇਕਰ ਆਪਸੀ ਏਕੇ ਅਤੇ ਸੂਝਵਾਨ ਲੀਡਰਸ਼ਿਪ ਦੀ ਘਾਟ ਨੂੰ ਪੂਰਾ ਕਰ ਲਿਆ ਜਾਵੇ ਤਾਂ ਭਵਿੱਖ ਵਿੱਚ ਸਿੱਖਾਂ ਵੱਲੋਂ ਆਪਣੇ ਆਪ ਨੂੰ ਆਜ਼ਾਦਾਨਾ ਰਾਜਸੀ ਤਾਕਤ ਵਜੋਂ ਸਿਰਜਣ ਦੀਆਂ ਸੰਭਾਵਨਾਵਾਂ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ।
ਫਰੀਦਾ ਸੋਈ ਸਰਵਰੁ ਢੂਢਿ ਲਹੁ ਜਿਥਹੁ ਲਭੀ ਵਥੁ॥
ਛਪੜਿ ਢੂਢੇ ਕਿਆ ਹੋਵੈ ਚਿਕੜਿ ਡੁਬੈ ਹਥੁ॥

Leave a Reply

Your email address will not be published. Required fields are marked *