ਡਾ. ਅਰਵਿੰਦਰ ਸਿੰਘ ਭੱਲਾ
ਫੋਨ: +91-9463062603
ਇਸ ਕਾਇਨਾਤ ਵਿੱਚ ਹਰੇਕ ਮਨੁੱਖ ਦੇ ਜੀਵਨ ਦਾ ਕੋਈ ਨਾ ਕੋਈ ਲਕਸ਼, ਟੀਚਾ, ਹਦਫ, ਮਕਸਦ ਜਾਂ ਉਦੇਸ਼ ਹੁੰਦਾ ਹੈ। ਮਨੁੱਖ ਤਾਉਮਰ ਉਸ ਹਦਫ ਦੀ ਪ੍ਰਾਪਤੀ ਲਈ ਆਪਣੀ ਸਮਰੱਥਾ ਅਨੁਸਾਰ ਹਰ ਸੰਭਵ ਕੋਸ਼ਿਸ਼ ਕਰਦਾ ਹੈ। ਜਿਨ੍ਹਾਂ ਲੋਕਾਂ ਦੇ ਜੀਵਨ ਦਾ ਕੋਈ ਮਾਕੂਲ, ਉਸਾਰੂ ਅਤੇ ਸਕਾਰਾਤਮਕ ਉਦੇਸ਼ ਨਹੀਂ ਹੁੰਦਾ, ਉਹ ਅਕਸਰ ਅਹਿਸਾਸ-ਏ-ਕਮਤਰੀ, ਦਿਸ਼ਾਹੀਣਤਾ ਅਤੇ ਨਿਰਾਸ਼ਾ ਦਾ ਸ਼ਿਕਾਰ ਹੁੰਦੇ ਹਨ।
ਦਰਅਸਲ ਸਿਰਜਣਾਤਮਕ ਟੀਚਾ ਮਨੁੱਖ ਵਿੱਚ ਚਾਅ, ਖੇੜਾ ਅਤੇ ਵਿਸਮਾਦ ਦੀ ਭਾਵਨਾ ਪੈਦਾ ਕਰਦਾ ਹੈ। ਜੋ ਲੋਕ ਬਾਮਕਸਦ ਜ਼ਿੰਦਗੀ ਗੁਜ਼ਾਰਨ ਨੂੰ ਤਰਜੀਹ ਦਿੰਦੇ ਹਨ, ਉਹ ਹੀ ਲੋਕ ਸੱਚੇ ਅਰਥਾਂ ਵਿੱਚ ਸਮਾਜ ਦੇ ਉਸਰੱਈਏ, ਮਾਰਗ ਦਰਸ਼ਕ ਅਤੇ ਚਾਨਣ ਮੁਨਾਰਾ ਅਖਵਾਉਣ ਦੇ ਹੱਕਦਾਰ ਹੁੰਦੇ ਹਨ। ਅਜਿਹੇ ਲੋਕ ਹਰ ਚੁਣੌਤੀ ਨੂੰ ਅਵਸਰ ਵਿੱਚ ਤਬਦੀਲ ਕਰਨ ਦਾ ਹੁਨਰ ਜਾਣਦੇ ਹਨ। ਜੇਕਰ ਦੇਖਿਆ ਜਾਵੇ ਤਾਂ ਜ਼ਿੰਦਗੀ ਦੇ ਸਫ਼ਰ-ਦਰ-ਸਫ਼ਰ ਦੌਰਾਨ ਪਗਡੰਡੀਆਂ ਤੋਂ ਸ਼ਾਹਰਾਹ ਤੱਕ ਦਾ ਸਫ਼ਰ ਉਹ ਹੀ ਸਿਦਕਵਾਨ, ਸਿਰੜੀ ਅਤੇ ਜਨੂੰਨੀ ਲੋਕ ਤੈਅ ਕਰਦੇ ਹਨ, ਜਿਹੜੇ ਹਰ ਅਜ਼ਮਾਇਸ਼ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹਨ। ਜਿਨ੍ਹਾਂ ਲੋਕਾਂ ਦੀਆਂ ਅੱਖਾਂ ਵਿੱਚ ਆਪਣੇ ਉੱਜਲ ਭਵਿੱਖ ਦੇ ਸੁਪਨੇ ਛੁਪੇ ਹੁੰਦੇ ਹਨ, ਜਿਨ੍ਹਾਂ ਦੇ ਜ਼ਿਹਨ ਵਿੱਚ ਆਪਣੇ ਹਦਫ ਦਾ ਖ਼ਾਕਾ ਉਕਰਿਆ ਹੁੰਦਾ ਹੈ ਅਤੇ ਜੋ ਲੋਕ ਆਪਣੀ ਮੰਜ਼ਿਲ ਨੂੰ ਪਾਉਣ ਤੱਕ ਆਪਣੇ ਰਾਹ ਵਿੱਚ ਆਉਣ ਵਾਲੀ ਹਰ ਦਿਲਫ਼ਰੇਬ ਸ਼ੈਅ ਜਾਂ ਮੰਜ਼ਰ ਨੂੰ ਦੇਖ ਕੇ ਨਜ਼ਰਅੰਦਾਜ਼ ਕਰਨ ਦਾ ਹੌਸਲਾ ਰੱਖਦੇ ਹੋਣ, ਉਨ੍ਹਾਂ ਲਈ ਹਰ ਮੰਜ਼ਿਲ ਨੂੰ ਪਾਉਣਾ ਆਸਾਨ ਹੋ ਜਾਂਦਾ ਹੈ।
ਇਹ ਵੀ ਇੱਕ ਸੱਚਾਈ ਹੈ ਕਿ ਹਰੇਕ ਮਨੁੱਖ ਲਈ ਆਪਣੇ ਹਦਫ ਨੂੰ ਪ੍ਰਾਪਤ ਕਰਨ ਦਾ ਆਪਣਾ-ਆਪਣਾ ਢੰਗ ਤਰੀਕਾ ਹੁੰਦਾ ਹੈ। ਹਰ ਕੋਈ ਅਲੱਗ-ਅਲੱਗ ਪੈਂਡੇ ਤੈਅ ਕਰਕੇ ਆਪਣੀ ਮੰਜ਼ਿਲ-ਏ-ਮਕਸੂਦ ਨੂੰ ਹਾਸਲ ਕਰਨ ਲਈ ਤਰਦੱਦ ਕਰਦਾ ਹੈ। ਕੁੱਝ ਲੋਕ ਆਪਣੀ ਮੰਜ਼ਿਲ ਵੱਲ ਜਾਂਦੀਆਂ ਪੈੜਾਂ ਦੇ ਨਕਸ਼ਾਂ ਨੂੰ ਬੜੀ ਆਸਾਨੀ ਨਾਲ ਖੋਜ ਲੈਂਦੇ ਹਨ ਅਤੇ ਕਈ ਲੋਕਾਂ ਦੀ ਤਮਾਮ ਉਮਰ ਉਨ੍ਹਾਂ ਰਾਹਾਂ ਦੀ ਖ਼ਾਕ ਛਾਣਨ ਵਿੱਚ ਹੀ ਗੁਜ਼ਰ ਜਾਂਦੀ ਹੈ, ਜਿਹੜੇ ਰਾਹ ਅਸਲ ਵਿੱਚ ਉਨ੍ਹਾਂ ਦੀ ਮੰਜ਼ਿਲ ਵੱਲ ਜਾਂਦੇ ਹੀ ਨਹੀਂ ਸਨ। ਕੁਝ ਲੋਕ ਗਫ਼ਲਤ ਦਾ ਸ਼ਿਕਾਰ ਹੋ ਕੇ ਆਪਣੀ ਮੰਜ਼ਿਲ ਤੋਂ ਭਟਕ ਜਾਂਦੇ ਹਨ ਅਤੇ ਕੁਝ ਮੰਝਧਾਰ ਵਿੱਚ ਫ਼ਸ ਕੇ ਵੀ ਸਾਬਿਤ ਕਦਮੀ ਸਾਹਿਲ ਤੱਕ ਪਹੁੰਚ ਜਾਂਦੇ ਹਨ। ਕੁਝ ਆਪਣੀ ਤਲਬ, ਪਿਆਸ, ਤਮੰਨਾ, ਜਨੂੰਨ ਅਤੇ ਜਜ਼ਬੇ ਨਾਲ ਆਪਣੇ ਰਾਹਾਂ ਨੂੰ ਰੁਸ਼ਨਾਉਣ ਵਿੱਚ ਸਫ਼ਲ ਹੋ ਜਾਂਦੇ ਹਨ ਅਤੇ ਕੁਝ ਲੋਕ ਆਪਣੀ ਕਿਸਮਤ ਤੇ ਹਾਲਾਤਾਂ ਨੂੰ ਕੋਸਣ ਤੇ ਦੂਜਿਆਂ ਸਿਰ ਆਪਣੀ ਅਸਫ਼ਲਤਾ ਦਾ ਦੋਸ਼ ਮੜ੍ਹਨ ਵਿੱਚ ਆਪਣੀ ਸਾਰੀ ਉਮਰ ਗੁਜ਼ਾਰ ਦਿੰਦੇ ਹਨ। ਕੁਝ ਲੋਕ ਆਪਣੇ ਰਾਹਾਂ ਦੇ ਕੰਢਿਆਂ ਤੋਂ ਵੀ ਬੇਪਰਵਾਹ ਰਹਿੰਦੇ ਹੋਏ ਜ਼ਖ਼ਮੀ ਤੇ ਲ਼ਹੂ ਲੁਹਾਣ ਪੈਰਾਂ ਨਾਲ ਆਪਣੀ ਮੰਜ਼ਿਲ ਦੀ ਦਹਿਲੀਜ਼ ਉੱਪਰ ਪਹੁੰਚ ਕੇ ਦਮ ਲੈਂਦੇ ਹਨ ਅਤੇ ਕੁਝ ਲੋਕ ਆਪਣੇ ਰਾਹਾਂ ਵਿੱਚ ਬਿਖਰੇ ਛਿੰਨ ਭਰ ਵਿੱਚ ਮੁਰਝਾਅ ਜਾਣ ਵਾਲੇ ਫੁੱਲਾਂ ਦੀ ਖ਼ੁਸ਼ਬੂ ਨੂੰ ਆਪਣੀ ਮੰਜ਼ਿਲ ਸਮਝ ਕੇ ਆਪਣੇ ਸਫ਼ਰ ਨੂੰ ਅਧਵਾਟੇ ਹੀ ਛੱਡ ਕੇ ਆਪਣੇ ਹਦਫ ਨੂੰ ਭੁਲ-ਭੁਲਾ ਜਾਂਦੇ ਹਨ।
ਜੇਕਰ ਗਹੁ ਨਾਲ ਦੇਖਿਆ ਜਾਵੇ ਤਾਂ ਮਨੁੱਖ ਲਈ ਉਸ ਦੇ ਜੀਵਨ ਦਾ ਹਦਫ ਉਸ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਕਿਸੇ ਹੱਦ ਤੱਕ ਉਸ ਨੂੰ ਨਿਰੰਤਰ ਤੌਰ ਉੱਪਰ ਬੇਚੈਨ ਵੀ ਰੱਖਦਾ ਹੈ। ਜਦੋਂ ਤੱਕ ਮਨੁੱਖ ਆਪਣੇ ਹਦਫ ਨੂੰ ਹਾਸਲ ਕਰਨ ਵਿੱਚ ਕਾਮਯਾਬ ਨਹੀਂ ਹੁੰਦਾ, ਉਦੋਂ ਤੱਕ ਉਹ ਆਪਣੀ ਮੰਜ਼ਿਲ ਨੂੰ ਪਾਉਣ ਲਈ ਬਹੁਤ ਛਟਪਟਾਉਂਦਾ ਹੈ ਅਤੇ ਜਦੋਂ ਉਹ ਆਪਣਾ ਹਦਫ ਹਾਸਲ ਕਰ ਲੈਂਦਾ ਹੈ ਤਾਂ ਉਹ ਖ਼ੁਦ ਨੂੰ ਧੁਰ ਅੰਦਰੋਂ ਉਸ ਸਮੇਂ ਤੱਕ ਤਾਂ ਭਰਿਆ-ਭਰਿਆ ਮਹਿਸੂਸ ਕਰਦਾ ਹੈ, ਜਦੋਂ ਤੱਕ ਉਸ ਦਾ ਕਿਸੇ ਅਗਲੇਰੀ ਮੰਜ਼ਿਲ ਵੱਲ ਸਫ਼ਰ ਆਰੰਭ ਨਹੀਂ ਹੁੰਦਾ ਹੈ। ਇੱਕ ਤੋਂ ਬਾਅਦ ਇੱਕ ਹਦਫ ਨੂੰ ਹਾਸਲ ਕਰਨ ਦੇ ਸਫ਼ਰ ਦੌਰਾਨ ਮਨੁੱਖ ਇਸੇ ਤਰ੍ਹਾਂ ਸੰਤੁਸ਼ਟਤਾ ਅਤੇ ਛਟਪਟਾਹਟ ਦੇ ਦਰਮਿਆਨ ਆਪਣੀ ਹਯਾਤੀ ਗੁਜ਼ਾਰਦਾ ਹੈ। ਦਰਅਸਲ ਹਰ ਸਥਿਤੀ ਵਿੱਚ ਖ਼ੁਦ ਨੂੰ ਅਤ੍ਰਿਪਤ ਤੇ ਅਸੰਤੁਸ਼ਟ ਮਹਿਸੂਸ ਕਰਨ ਦੇ ਨਾਲ-ਨਾਲ ਆਪਣੇ ਚੰਚਲ ਸੁਭਾਅ ਕਾਰਨ ਮਨੁੱਖ ਕਦੇ ਵੀ ਆਪਣੇ ਇੱਕ ਹਦਫ ਨੂੰ ਹਾਸਲ ਕਰਨ ਤੋਂ ਬਾਅਦ ਰੁਕਦਾ ਨਹੀਂ ਹੈ, ਸਗੋਂ ਉਹ ਕਿਸੇ ਹੋਰ ਅਣਜਾਣ ਪੈਂਡੇ ਉੱਤੇ ਤੁਰਨ ਦੀ ਕੋਸ਼ਿਸ਼ ਕਰਦਾ ਹੋਇਆ ਕਿਸੇ ਹੋਰ ਅਗਲੇਰੀ ਅਦਿੱਖ ਮੰਜ਼ਿਲ ਨੂੰ ਹਾਸਲ ਕਰਨ ਵਿੱਚ ਰੁੱਝ ਜਾਂਦਾ ਹੈ। ਮਨੁੱਖ ਦੀ ਇਸੇ ਬੁਨਿਆਦੀ ਫ਼ਿਤਰਤ ਵਿੱਚ ਮਨੁੱਖ ਦੇ ਵਿਕਾਸ ਅਤੇ ਉਸ ਦੀ ਭਟਕਣ ਦੇ ਬੀਜ ਸਮੋਏ ਹੋਏ ਹਨ। ਇਹ ਕਹਿਣਾ ਵੀ ਗ਼ਲਤ ਨਹੀਂ ਹੋਵੇਗਾ ਕਿ ਮਨੁੱਖ ਦੀ ਸਥਿਤੀ ਸਮੁੰਦਰ ਦੀਆਂ ਉਨ੍ਹਾਂ ਅੱਥਰੀਆਂ ਲਹਿਰਾਂ ਵਾਂਗ ਹੈ, ਜੋ ਇੱਕ ਤਵੀਲ ਸਫ਼ਰ ਤੈਅ ਕਰਕੇ ਸਾਹਿਲ ਨੂੰ ਛੂਹ ਕੇ ਫਿਰ ਸਮੁੰਦਰ ਵਿੱਚ ਜਾ ਰਲਦੀਆਂ ਹਨ, ਕਿਉਂ ਕਿ ਸਮੁੰਦਰ ਦੀਆਂ ਲਹਿਰਾਂ ਦੇ ਨਸੀਬਾਂ ਵਿੱਚ ਵੀ ਕਿਤੇ ਟਿਕਾਅ ਨਹੀਂ ਲਿਖਿਆ ਹੁੰਦਾ ਹੈ।
ਇਨਸਾਨ ਆਪਣੀ ਮੰਜ਼ਿਲ ਜਾਂ ਹਦਫ ਨੂੰ ਹਾਸਲ ਕਰਨ ਦੀ ਜੁਸਤਜੂ ਵਿੱਚ ਕਈ ਵਾਰ ਖ਼ੁਦ ਨੂੰ ਫ਼ਨਾ ਕਰ ਲੈਂਦਾ ਹੈ। ਆਪਣੇ ਹਦਫ ਨੂੰ ਹਾਸਲ ਕਰਨ ਲਈ ਰਾਹਾਂ ਦਾ ਇੰਤਖ਼ਾਬ ਵੀ ਬੜਾ ਮਹੱਤਵਪੂਰਨ ਹੁੰਦਾ ਹੈ। ਆਪੋ-ਆਪਣੇ ਹਦਫ ਨੂੰ ਹਾਸਲ ਕਰਨ ਲਈ ਕਈ ਵਾਰੀ ਮਨੁੱਖ ਅਨੇਕਾਂ ਗੁਨਾਹ ਕਰ ਗੁਜ਼ਰਦਾ ਹੈ। ਉਹ ਠੀਕ-ਗ਼ਲਤ, ਉੱਚਿਤ-ਅਣਉੱਚਿਤ ਅਤੇ ਨਿਆਂਪੂਰਨ ਤੇ ਅਨਿਆਂਪੂਰਨ ਢੰਗ ਤਰੀਕਿਆਂ ਵਿੱਚ ਅੰਤਰ ਕੀਤੇ ਬਿਨਾ ਹਰ ਹੀਲੇ ਆਪਣੇ ਉਦੇਸ਼ ਦੀ ਪ੍ਰਾਪਤੀ ਕਰਨਾ ਚਾਹੁੰਦਾ ਹੈ। ਉਸ ਅੰਦਰ ਆਪਣੇ ਮਕਸਦ ਨੂੰ ਪ੍ਰਾਪਤ ਕਰਨ ਦਾ ਵਲਵਲਾ ਉਸ ਨੂੰ ਸ਼ਾਂਤਚਿੱਤ ਹੋ ਕੇ ਬੈਠਣ ਨਹੀਂ ਦਿੰਦਾ ਅਤੇ ਮਨੁੱਖ ਅਕਸਰ ਉਨ੍ਹਾਂ ਰਾਹਾਂ ਉਤੇ ਵੀ ਤੁਰਨ ਵਿੱਚ ਕੋਈ ਹਿਚਕਚਾਹਟ ਮਹਿਸੂਸ ਨਹੀਂ ਕਰਦਾ, ਜਿਹੜੇ ਰਾਹ ਭਾਵੇਂ ਅੰਤ ਵਿੱਚ ਉਸ ਨੂੰ ਉਸ ਦੀ ਮੰਜ਼ਿਲ ਵੱਲ ਲੈ ਕੇ ਜਾਣ ਦੀ ਬਜਾਏ ਉਸ ਨੂੰ ਉਸ ਦੀ ਮੰਜ਼ਿਲ ਤੋਂ ਕੋਹਾਂ ਦੂਰ ਕਰ ਦੇਣ। ਆਪੋ-ਆਪਣੇ ਹਦਫ ਨੂੰ ਪ੍ਰਾਪਤ ਕਰਨ ਲਈ ਆਪੋ-ਆਪਣੇ ਪੈਂਡੇ ਤੈਅ ਕਰਨ ਦਾ ਇਹ ਸਿਲਸਿਲਾ ਯੁਗਾਂ-ਯੁਗਾਂ ਤੋਂ ਇਸੇ ਤਰ੍ਹਾਂ ਹੀ ਬਾਦਸਤੂਰ ਚਲਦਾ ਆ ਰਿਹਾ ਹੈ।
ਇਨਸਾਨ ਦੇ ਖ਼ਵਾਬ, ਉਸ ਦੀਆਂ ਹਸਰਤਾਂ ਤੇ ਖਾਹਿਸ਼ਾਂ ਉਸ ਲਈ ਨਿੱਤ ਨਵੀਆਂ ਮੰਜ਼ਿਲਾਂ ਤੈਅ ਕਰਦੀਆਂ ਹਨ ਅਤੇ ਜਿਹੜੇ ਪੈਂਡੇ ਉਸ ਦੇ ਚਿੱਤ ਚੇਤੇ ਵਿੱਚ ਵੀ ਨਹੀਂ ਹੁੰਦੇ ਹਨ, ਉਨ੍ਹਾਂ ਰਾਹਾਂ ਦਾ ਰਾਹੀ ਬਣ ਕੇ ਮਨੁੱਖ ਕਦੇ ਆਪਣੇ ਹਦਫ ਦੀ ਪ੍ਰਾਪਤੀ ਦਾ ਜਸ਼ਨ ਮਨਾਉਂਦਾ ਹੈ ਅਤੇ ਆਪਣੇ ਹਦਫ ਨੂੰ ਹਾਸਲ ਕਰਨ ਵਿੱਚ ਅਸਫ਼ਲ ਰਹਿੰਦਿਆਂ ਮਾਯੂਸ ਹੁੰਦਾ ਹੈ। ਜੇਕਰ ਦੇਖਿਆ ਜਾਵੇ ਤਾਂ ਜੀਵਨ ਅਸਲ ਵਿੱਚ ਮੌਤ ਦੀ ਆਗੋਸ਼ ਵਿੱਚ ਸਮਾਉਣ ਤੱਕ ਨਿਰੰਤਰ ਇੱਕ ਸਫ਼ਰ ਜਾਂ ਅਗਨੀ ਪ੍ਰੀਖਿਆ ਹੈ, ਜੋ ਹਰ ਪਲ ਮਨੁੱਖ ਦੇ ਜਰਫ, ਜਜ਼ਬੇ ਅਤੇ ਜਨੂੰਨ ਦਾ ਇਮਤਿਹਾਨ ਲੈਂਦੀ ਹੈ। ਇੱਥੇ ਇਹ ਕਹਿਣਾ ਵੀ ਉੱਚਿਤ ਹੋਵੇਗਾ ਕਿ ਹਰ ਹਦਫ ਇਨਸਾਨ ਕੋਲੋਂ ਆਪਣੀ ਕੀਮਤ ਵਸੂਲ ਕਰਦਾ ਹੈ। ਆਪਣੀਆਂ ਹਸਰਤਾਂ ਦੀ ਕੀਮਤ ਚੁਕਾਏ ਬਿਨਾ ਇਨਸਾਨ ਕਦੇ ਵੀ ਸੁਰਖ਼ੁਰੂ ਨਹੀਂ ਹੋ ਸਕਦਾ। ਆਪਣੇ ਖ਼ਵਾਬਾਂ ਦਾ ਮੁੱਲ ਅਦਾ ਕਰਕੇ ਹੀ ਕੋਈ ਸੁਪਨਸਾਜ਼ ਆਪਣੀ ਮੰਜ਼ਿਲ-ਏ-ਮਕਸੂਦ ਨੂੰ ਹਾਸਲ ਕਰ ਸਕਣ ਦਾ ਖ਼ਵਾਬ ਦੇਖ ਸਕਦਾ ਹੈ। ਦਰਅਸਲ ਇਹ ਵੀ ਇੱਕ ਅਟੱਲ ਸੱਚਾਈ ਹੈ ਕਿ ਮਨੁੱਖ ਆਪਣੇ ਹਰ ਹਦਫ ਨੂੰ ਆਪਣੇ ਰਾਹ ਵਿੱਚ ਆਉਣ ਵਾਲੀਆਂ ਅਜ਼ਮਾਇਸ਼ਾਂ ਅਤੇ ਹਰ ਤਰ੍ਹਾਂ ਦੀ ਹੱਦਾਂ ਨੂੰ ਪਾਰ ਕਰਕੇ ਹੀ ਹਾਸਲ ਕਰ ਸਕਦਾ ਹੈ।