ਕੁਲਜੀਤ ਦਿਆਲਪੁਰੀ
ਸ਼ਿਕਾਗੋ: ਪਿਛਲੇ ਦਿਨੀਂ ਸ਼ਿਕਾਗੋ ਵਿੱਚ ਹੋਇਆ ‘ਪੰਜਾਬੀ ਵਿਰਸਾ’ ਸਮਾਗਮ ਗਾਇਕ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਵੱਲੋਂ ਗੀਤਾਂ ਦੀ ਛਹਿਬਰ ਲਾਉਣ ਦੇ ਨਾਲ ਨਾਲ ਨਸੀਹਤਾਂ ਦਾ ਅਖਾੜਾ ਬਣ ਗਿਆ ਸੀ; ਕਿਉਂਕਿ ਕੁਝ ਗੀਤਾਂ ਵਿੱਚ ਵਿਰਸੇ ਨੂੰ ਸੰਭਾਲਣ, ਪੰਜਾਬੀਅਤ ਨੂੰ ਬੁਲੰਦ ਰੱਖਣ ਜਿਹੀਆਂ ਗੱਲਾਂ ਸਨ। ਗਾਇਕ ਭਰਾਵਾਂ ਨੇ ਸਾਂਝੇ ਘਰਾਂ, ਖੁੱਲ੍ਹੇ ਵਿਹੜਿਆਂ ਦੀ ਰਵਾਇਤ ਤੇ ਪਿੰਡ ਦੀਆਂ ਯਾਦਾਂ ਤਾਜ਼ਾ ਕਰਵਾਈਆਂ ਅਤੇ ਕਾਵਿਕ, ਸਮਾਜਿਕ ਤੇ ਸੱਭਿਆਚਾਰਕ ਰੰਗ ਦੇ ਬੋਲਾਂ ਭਰਪੂਰ ਗੀਤਾਂ/ਸ਼ੇਅਰਾਂ ਦੇ ਛੱਟੇ ਦਿੱਤੇ। ਉਨ੍ਹਾਂ ਪਰਦੇਸਾਂ ਵਿੱਚ ਪੰਜਾਬੀ ਪਰਿਵਾਰਾਂ, ਉਨ੍ਹਾਂ ਦੇ ਸੰਘਰਸ਼ਾਂ ਦੀ ਗੱਲ ਦੇ ਨਾਲ ਨਾਲ ਇਸ਼ਕ ਹਕੀਕੀ ਤੇ ਇਸ਼ਕ ਮਜਾਜੀ ਦੀਆਂ ਗੱਲਾਂ ਵੀ ਕੀਤੀਆਂ, ਨਿਹੋਰੇ ਵੀ ਮਾਰੇ ਅਤੇ ਨਣਦਾਂ-ਭਰਜਾਈਆਂ ਦੀ ਪੀਂਘ ਨੂੰ ਹੁਲਾਰੇ ਵੀ ਦਿੱਤੇ।
ਕੁਝ ਗੀਤਾਂ ਦੇ ਬੋਲਾਂ ਦੀ ਰਵਾਨੀ ਇਉਂ ਸੀ, ਜਿਵੇਂ ਖਾਲ਼ ਦਾ ਪਾਣੀ ਫਸਲ ਨੂੰ ਸਿੰਜਣ ਤੁਰਿਆ ਹੋਵੇ। ਉਮਦਾ ਗਾਇਕੀ ਦੀ ਤਰਜਮਾਨੀ ਕਰਦੇ ਇਸ ਪ੍ਰੋਗਰਾਮ ਵਿੱਚ ਗਾਇਕ ਭਰਾਵਾਂ ਨੇ ਆਪਣੇ ਨਵੇਂ-ਪੁਰਾਣੇ ਗੀਤ ਗਾਏ ਅਤੇ ਸਰੋਤਿਆਂ ਦੀ ਫਰਮਾਇਸ਼ ਵੀ ਪੂਰੀ ਕੀਤੀ।
ਇਸ ਸ਼ੋਅ ਦੌਰਾਨ ਕਈ ਸਥਾਨਕ ਸਰੋਤਿਆਂ ਨੂੰ ਦੋ ਸਾਲ ਪਹਿਲਾਂ ਪੈਲਾਟਾਈਨ ਵਿਖੇ ਹੋਏ ਟੱਪਿਆਂ ਵਾਲੇ ਮੁੰਡੇ ਯਾਸਿਰ ਹੁਸੈਨ ਦਾ ਸ਼ੋਅ ਯਾਦ ਆ ਗਿਆ। ਉਸ ਨੇ ਵੀ ਸਰੋਤਿਆਂ ਨਾਲ ਰਾਬਤਾ ਜੋੜਦਿਆਂ ਅਖਾੜਾ ਜਮਾ ਲਿਆ ਸੀ ਅਤੇ ‘ਪੰਜਾਬੀ ਵਿਰਸਾ’ ਸ਼ੋਅ ਦੌਰਾਨ ਗਾਇਕੀ ਦੇ ਹੀਰੇ ਤਿੰਨੋ ਹੀਰ ਭਰਾਵਾਂ ਨੇ ਪੇਸ਼ਕਾਰੀ ਕਰਦਿਆਂ ਸਰੋਤਿਆਂ ਨੂੰ ਆਪਣੇ ਨਾਲ ਜੋੜ ਲਿਆ ਸੀ। ਦਿਲਚਸਪ ਤਾਂ ਉਦੋਂ ਦਾ ਨਜ਼ਾਰਾ ਸੀ, ਜਦੋਂ ਮਨਮੋਹਨ ਵਾਰਿਸ ਦੇ ਉਦਾਸ ਸੁਰ ਦੇ ਅਤੇ ਬਹੁਤ ਹੀ ਮਕਬੂਲ ਹੋਏ ਗੀਤ ‘ਕਿਤੇ `ਕੱਲੀ ਬਹਿ ਕੇ ਸੋਚੀਂ ਨੀਂ, ਅਸੀਂ ਕੀ ਨਹੀਂ ਕੀਤਾ ਤੇਰੇ ਲਈ’ ਦੇ ਬੋਲਾਂ ਉਤੇ ਵੀ ਮੁੰਢ੍ਹੀਰ ਨੱਚੀ ਹੀ ਗਈ। ਅਸਲ ਵਿੱਚ ਢੋਲ ਇਸ ਕਦਰ ਕੁੱਟਿਆ ਜਾ ਰਿਹਾ ਸੀ, ਕਿ ਓਹੀ ਸਾਜ਼ਾਂ ਦਾ ਪ੍ਰਧਾਨ ਬਣਿਆ ਹੋਇਆ ਸੀ। ਫਿਰ ਢੋਲ ਦੀ ਬੀਟ `ਤੇ ਤਾਂ ਅੱਡੀ ਥਿਰਕਣੀ ਹੀ ਸੀ ਤੇ ਪੱਬਾਂ ਨੇ ਵੀ ਮਚਲਣਾ ਹੀ ਸੀ!
ਸਥਾਨਕ ਸੰਸਥਾ ‘ਫਾਈਵ ਰਿਵਰਜ਼ ਐਂਟਰਟੇਨਮੈਂਟ’ ਵੱਲੋਂ ਕਰਵਾਏ ਗਏ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੌਰਾਨ ਸੰਗਤਾਰ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕੀਤੀ ਅਤੇ ਸ਼ੇਅਰ ਸੁਣਾਇਆ, ‘ਜਿੱਥੇ ਰਲ ਪੰਜਾਬੀ ਬਹਿ ਗਏ, ਉਥੇ ਹੋਊ ਪੰਜਾਬ ਦੀ ਗੱਲ।’ ਤਿੰਨਾਂ ਭਰਾਵਾਂ ਨੇ ਆਮ ਪਹਿਰਾਵੇ ਵਿੱਚ ਸਟੇਜ `ਤੇ ਆਣ ਜਦੋਂ ‘ਕਲੇਜੇ ਤੀਰ ਦੇਖਣ ਨੂੰ ਤੇ ਸਿਰ `ਤੇ ਤਾਜ ਦੇਖਣ ਨੂੰ…’ ਗੀਤ ਗਾਇਆ ਤਾਂ ਸਾਊਂਡ ਸਿਸਟਮ ਦੀ ਗੜਬੜ ਜਾਂ ਤਕਨੀਕੀ ਤਰੁੱਟੀ ਕਾਰਨ ਜਿਸ ਸਿਖਰ `ਤੇ ਇਸ ਗੀਤ ਦੇ ਜਾਣ ਦੀ ਤਵੱਕੋ ਸੀ, ਉਥੇ ਤੱਕ ਜਾ ਨਾ ਸਕਿਆ। ਹਾਂ, ਯਕੀਨਨ ਜਿਨ੍ਹਾਂ ਨੇ ਪਹਿਲਾਂ ਇਹ ਗੀਤ ਸੁਣਿਆ ਹੋਇਆ ਸੀ, ਸਪੀਕਰਾਂ ਥਾਣੀਂ ਆਵਾਜ਼ ਸਾਫ ਨਾ ਆਉਣ ਦੇ ਬਾਵਜੂਦ ਉਹ ਸਰੋਤੇ ਨਾਲ ਨਾਲ ਗਾ ਜਰੂਰ ਰਹੇ ਸਨ। ਗਾਇਕ ਭਰਾਵਾਂ ਨੂੰ ਚਾਹੁਣ ਵਾਲੇ ਕੁਝ ਪਾਰਖੂ ਸਰੋਤਿਆਂ ਦਾ ਗਿਲਾ ਸੀ ਕਿ ਜੇ ਇਹ ਗਾਇਕ ਸ਼ੁਰੂਆਤ ਹੀ ਕੁੜਤੇ-ਪਜਾਮੇ/ਚਾਦਰੇ ਵਗੈਰਾ ਪਹਿਰਾਵੇ ਵਿੱਚ ਆ ਕੇ ਕਰਦੇ ਤਾਂ ਸਟੇਜ ਨੂੰ ਹੋਰ ਰੰਗ ਲੱਗ ਜਾਣੇ ਸਨ। ਸ਼ਿਕਾਗੋ ਦੀ ਇੱਕ ਸ਼ਖਸੀਅਤ ਦੀ ਇਹ ਟਿੱਪਣੀ ਸੀ ਕਿ ਇੰਜ ਕੀਤਿਆਂ ਪ੍ਰੋਗਰਾਮ ਦੀ ਸ਼ੁਰੂਆਤ ਢਿੱਲ੍ਹੀ ਪੈ ਗਈ। ਹਾਲ ਦੇ ਬਾਹਰ ਇੱਕ ਹੋਰ ਸੱਜਣ ਦੀ ਟਿੱਪਣੀ ਸੀ ਕਿ ਗਾਇਕਾਂ ਦੇ ਆਮ ਜਿਹੇ ਪਹਿਰਾਵੇ ਵਿੱਚ ਪ੍ਰੋਗਰਾਮ ਦੀ ਸ਼ੁਰੂਆਤ ਕਾਰਨ ਸਟੇਜ ਉਤੇ ਗਾਇਕਾਂ ਤੇ ਸਾਜਿੰਦਿਆਂ ਵਿੱਚ ਕੋਈ ਬਹੁਤਾ ਫਰਕ ਨਹੀਂ ਸੀ ਰਹਿ ਗਿਆ। ਪਰ ਇਹ ਤਸੱਲੀ ਵਾਲੀ ਗੱਲ ਸੀ ਕਿ ਸਾਊਂਡ ਸਮੱਸਿਆ ਦਰੁਸਤ ਕਰ ਲਏ ਜਾਣ ਪਿੱਛੋਂ ਬੋਲ ਵੀ ਕਾਫੀ ਹੱਦ ਤੱਕ ਸਾਫ ਸੁਣਨ ਲੱਗੇ ਅਤੇ ਫਿਰ ਅਖਾੜਾ ਵੀ ਸਿਖਰ ਵੱਲ ਨੂੰ ਪੁਲਾਂਘਾਂ ਪੁੱਟਣ ਲੱਗ ਪਿਆ; ਕਿਉਂਕਿ ਗਾਇਕਾਂ ਦੇ ਸੁਰ ਨਾਲ ਕੁਝ ਲੋਕਾਂ ਦੇ ਸੁਰ ਵੀ ਰਲ਼ ਗਏ ਸਨ; ਜਦਕਿ ਕੁਝ ਨੇ ਤਾਂ ਪਾਰਕਿੰਗ ਲਾਟ ਵਿੱਚ ਆਪਣੇ ਸੁਰ ਪਹਿਲਾਂ ਹੀ ਸਿੱਧੇ ਕਰ ਲਏ ਸਨ। ਖ਼ੈਰ! ਸਰੋਤਿਆਂ ਦਾ ਮਕਸਦ ਮਨੋਰੰਜਨ ਕਰਨਾ ਸੀ, ਤੇ ਉਨ੍ਹਾਂ ਕੀਤਾ ਵੀ- ਭਾਵੇਂ ਹਾਲ ਦੇ ਅੰਦਰ ਬੈਠ ਕੇ ਗਾਇਕੀ ਦਾ ਅਨੰਦ ਮਾਣਦਿਆਂ, ਭਾਵੇਂ ਹਾਲ ਦੇ ਬਾਹਰ ਲਾਬੀ ਵਿੱਚ ਇੱਕ-ਦੂਜੇ ਨਾਲ ਸੁਰ ਮਿਲਾਉਂਦਿਆਂ!
ਹਾਲ ਦੇ ਅੰਦਰਲੇ ਸਰੋਤੇ ਗਾਇਕੀ ਸੁਣਨ ਦੇ ਸਰੂਰ ਵਿੱਚ ਬੈਠੇ ਰਹੇ, ਕਿਉਂਕਿ ਗੀਤਾਂ ਦੇ ਬੋਲ ਪੇਂਡੂ ਮਾਹੌਲ ਦੇ ਤਰਜਮਾਨ ਸਨ, ਤੇ ਲੋਕ ਮਨਾਂ ਉਤੇ ਅਸਰਅੰਦਾਜ਼ ਹੋਣ ਦੀ ਕਾਬਲੀਅਤ ਰੱਖਦੇ ਸਨ। ਮਨਮੋਹਨ ਵਾਰਿਸ ਨੇ ‘ਇੱਕੋ ਘਰ ਨਹੀਂ ਜੰਮਣਾ ਮੁੜ ਕੇ ਇੱਕ ਟੱਬਰ ਦਿਆਂ ਜੀਆਂ ਨੇ’ ਗੀਤ ਗਾਇਆ ਤਾਂ ਯਕੀਨਨ ਕਈਆਂ ਨੂੰ ਆਪਣੇ ਪਿੰਡਾਂ, ਘਰਾਂ ਦੇ ਸਾਂਝੇ ਚੁੱਲਿ੍ਹਆਂ ਦੀ ਯਾਦ ਆ ਗਈ ਹੋਵੇਗੀ। ‘ਅਸੀਂ ਜਿੱਤਾਂਗੇ ਜਰੂਰ, ਜਾਰੀ ਜੰਗ ਰੱਖਿਓ’ ਬੋਲਾਂ ਦੀ ਹੱਲਾਸ਼ੇਰੀ ਸੀ, ਤਾਂ ‘ਅਮਰੀਕਾ ਆਉਣ ਤੋਂ ਪਹਿਲਾਂ ਤਾਂ ਜੱਟ ਪੂਰਾ ਦੇਸੀ ਸੀ’ ਦੌਰਾਨ ਸਟੇਜ ਦੇ ਇੱਕ ਪਾਸੇ ਨੱਚਦੇ ਸਰੋਤਿਆਂ ਦਾ ਪੂਰਾ ਖਰੂਦੀ ਮਾਹੌਲ ਵੀ ਸੀ। ਕਮਲ ਹੀਰ ਗੀਤ ਗਾਉਂਦਿਆਂ ਨੱਚਿਆ ਵੀ, ਪਰ ਸਟੇਜ ਉਤੇ ਗਾਇਕੀ ਦੌਰਾਨ ਪੂਰਾ ਤਰਾਰੇ ਵਿੱਚ ਆਇਆ ਉਹ ਜਿਸ ਤਰ੍ਹਾਂ ਮੋਰ ਬਣ ਬਣ ਨੱਚਦਾ ਹੈ, ਉਹੋ ਜਿਹਾ ਦ੍ਰਿਸ਼ ਬਹੁਤਾ ਨਾ ਉਘੜ ਸਕਿਆ; ਪਰ ਉਸ ਦੀ ਦਮਦਾਰ ਆਵਾਜ਼ ਦਾ ਜਾਦੂ ਸਿਰ ਚੜ੍ਹ ਚੜ੍ਹ ਬੋਲਦਾ ਹੈ। ਦੂਜੇ ਪਾਸੇ, ਮਨਮੋਹਨ ਵਾਰਿਸ ਤਾਂ ਫਿਰ ਮਨਮੋਹਨ ਵਾਰਿਸ ਹੀ ਹੈ! ਉਸ ਨੂੰ ਸਰੋਤਿਆਂ ਦੀ ਨਬਜ਼ ਟੋਹਣੀ ਆਉਂਦੀ ਹੈ ਅਤੇ ਉਹ ਉਨ੍ਹਾਂ ਦੀ ਮੰਨ ਕੇ ਤੇ ਆਪਣੀ ਮੰਨਵਾ ਕੇ ਅਖਾੜੇ ਦੌਰਾਨ ਇਤਫਾਕੀਆ ਮਾਹੌਲ ਸਿਰਜ ਲੈਂਦਾ ਹੈ।
ਫਾਈਵ ਰਿਵਰਜ਼ ਐਂਟਰਟੇਨਮੈਂਟ ਦੇ ਡਾ. ਵਿਕਰਮ ਗਿੱਲ ਨੇ ਸ਼ੁਰੂ ਵਿੱਚ ਮੰਚ ਸੰਚਾਲਨ ਕਰ ਕੇ ਮੁੜ ਸਟੇਜ ਗਾਇਕ ਭਰਾਵਾਂ ਦੇ ਹਵਾਲੇ ਕਰ ਦਿੱਤੀ ਸੀ, ਜਦਕਿ ਗੁਰਪ੍ਰੀਤ ਸਿੰਘ ਸਿੱਧੂ, ਅੰਮ੍ਰਿਤਪਾਲ ਮਾਂਗਟ, ਇੰਦਰ ਵਿਰਕ, ਅਮਿਤਪਾਲ ਗਿੱਲ, ਹੌਬੀ ਗਰੇਵਾਲ, ਹਰਬੀਰ ਵਿਰਕ ਤੇ ਸਹਿਯੋਗੀ ਹੋਰ ਜ਼ਿੰਮੇਵਾਰੀਆਂ ਵਿੱਚ ਮਸ਼ਰੂਫ ਸਨ। ਸ਼ੋਅ ਦੇ ਇੱਕ ਪ੍ਰਬੰਧਕ ਦੀ ਪੰਜਾਬ ਗਏ ਹੋਣ ਕਾਰਨ ਗੈਰ-ਹਾਜ਼ਰੀ ਉਤੇ ਇੱਕ ਸੱਜਣ ਨੇ ਮਜ਼ਾਹੀਆ ਵਿਅੰਗ ਕੱਸਿਆ, ‘ਇਹ ਤਾਂ ਉਹ ਗੱਲ ਹੋਈ ਕਿ ਵਿਆਹ ਧਰ ਕੇ ਲਾੜਾ ਉਡੰਤ ਹੋ ਗਿਆ!’ ਖ਼ੈਰ, ਹਾਜ਼ਰੀ ਪੱਖੋਂ ਸ਼ੋਅ ਪੂਰਾ ਕਾਮਯਾਬ ਰਿਹਾ; ਹਾਲਾਂਕਿ ਉਸੇ ਦਿਨ ਇੰਡੀਅਨਐਪੋਲਿਸ ਵਿੱਚ ਵੀ ਪੰਜਾਬੀ ਮੇਲਾ ਸੀ ਤੇ ਸ਼ਿਕਾਗੋ ਤੋਂ ਦੋ ਟੋਲੇ ਉਥੇ ਪਹੁੰਚੇ ਹੋਏ ਸਨ। ਇਸੇ ਤਰ੍ਹਾਂ ਇੱਕ ਪ੍ਰੋਗਰਾਮ ਵਿਸਕਾਨਸਿਨ ਦੇ ਐਪਲਟਨ ਏਰੀਏ ਵਿੱਚ ਵੀ ਸੀ, ਤੇ ਇੱਕ ਕਲੱਬ ਦੇ ਕੁਝ ਨੁਮਾਇੰਦੇ ਉਥੇ ਹਾਜ਼ਰ ਸਨ।
‘ਪੰਜਾਬੀ ਵਿਰਸਾ’ ਸੁਣਨ ਲਈ ਸਥਾਨਕ ਸਰੋਤਿਆਂ ਤੋਂ ਇਲਾਵਾ ਵਿਸਕਾਨਸਿਨ ਦੇ ਸ਼ਹਿਰਾਂ- ਮੈਡੀਸਨ, ਐਪਲਟਨ, ਮਿਲਵਾਕੀ ਅਤੇ ਇੰਡੀਆਨਾ ਸਟੇਟ ਦੇ ਕਰਾਊਨ ਪੁਆਇੰਟ ਤੇ ਆਲੇ-ਦੁਆਲੇ ਦੇ ਸ਼ਹਿਰਾਂ ਤੋਂ ਵੀ ਲੋਕ ਆਏ ਹੋਏ ਸਨ। ਕੁਝ ਸੱਜਣਾਂ ਦਾ ਕਹਿਣਾ ਸੀ ਕਿ ਫਾਈਵ ਰਿਵਰਜ਼ ਐਂਟਰਟੇਨਮੈਂਟ ਨੇ ‘ਪੰਜਾਬੀ ਵਿਰਸਾ’ ਕਰਵਾ ਕੇ ਪੰਜਾਬੀ ਤੇ ਪੰਜਾਬੀਅਤ ਨੂੰ ਤਰਜੀਹ ਦਿੱਤੀ ਹੈ; ਕਿਉਂਕਿ ਇਸੇ ਸੰਸਥਾ ਵੱਲੋਂ ਸਾਲ 2023 ਵੱਲੋਂ ਕਰਵਾਇਆ ਗਿਆ ਯਾਸਿਰ ਹੁਸੈਨ ਦਾ ਸ਼ੋਅ ਵੀ ਪੰਜਾਬੀ ਟੱਪਿਆਂ ਤੇ ਸੱਭਿਆਚਾਰ ਦੀ ਪੇਸ਼ਕਾਰੀ ਨਾਲ ਭਰਪੂਰ ਸੀ। ਜਦਕਿ ਅੱਜ ਕੱਲ੍ਹ ਦੇ ਬਹੁਤੇ ਗਾਇਕ ਇਸ਼ਕ-ਮੁਸ਼ਕ, ਹੁੱਲੜਬਾਜ਼ੀ ਜਾਂ ਹਥਿਆਰਾਂ ਵਾਲੇ ਗੀਤਾਂ ਪ੍ਰਤੀ ਉਲਾਰ ਹਨ।