*ਭਾਰਤ ਦੀ ਇੱਕ ਹੋਰ ਕੂਟਨੀਤਿਕ ਅਸਫਲਤਾ-ਕਾਂਗਰਸ
ਪੰਜਾਬੀ ਪਰਵਾਜ਼ ਬਿਊਰੋ
ਇਸੇ ਮਹੀਨੇ ਦੇ ਪਿਛਲੇ ਅੱਧ ਵਿੱਚ ਕੈਨੇਡਾ ਵਿੱਚ ਹੋ ਰਹੇ ਜੀ-7 ਸੰਮੇਲਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ। ਇਹ ਸੰਮੇਲਨ ਕੈਨੇਡਾ ਕਨਾਂਸਕਸ ਵਿੱਚ 15 ਤੋਂ 17 ਜੂਨ ਤੱਕ ਆਯੋਜਤ ਕੀਤਾ ਜਾ ਰਿਹਾ ਹੈ। ਯਾਦ ਰਹੇ, 2019 ਤੋਂ ਲੈ ਕੇ ਪਿਛਲੇ ਸੰਮੇਲਨ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ-7 ਸੰਮੇਲਨਾਂ ਵਿੱਚ ਮਹਿਮਾਨ ਮੁਲਕ ਵਜੋਂ ਲਗਾਤਾਰ ਬੁਲਾਇਆ ਜਾਂਦਾ ਰਿਹਾ ਹੈ।
ਇਸ ਵਾਰ ਕੈਨੇਡੀਅਨ ਵਿਦੇਸ਼ ਵਿਭਾਗ ਇਸ ਮਸਲੇ ਨੂੰ ਲੈ ਕੇ ਚੁੱਪ ਹੈ ਅਤੇ ਭਾਰਤ ਨੇ ਵੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਜੀ-7 ਸੰਮੇਲਨ ਵਿੱਚ ਸ਼ਾਮਲ ਹੋਣ ਲਈ ਹਾਲੇ ਸੱਦਾ ਨਹੀਂ ਮਿਲਿਆ ਹੈ। ਇਸ ਦੌਰਾਨ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤ ਨੂੰ ਜੀ-7 ਸੰਮੇਲਨ ਵਿੱਚ ਨਾ ਸੱਦਿਆ ਜਾਣਾ ਮੌਜੂਦਾ ਸਰਕਾਰ ਦੀ ਵਿਦੇਸ਼ ਨੀਤੀ ਦੀ ਇੱਕ ਹੋਰ ਅਸਫਲਤਾ ਹੈ।
ਯਾਦ ਰਹੇ, ਕੈਨੇਡਾ ਸਿੱਖ ਫੈਡਰੇਸ਼ਨ ਅਤੇ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਇਹ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਕੁਝ ਸਿੱਖ ਆਗੂਆਂ ਦੇ ਕਤਲ ਕੇਸਾਂ ਵਿੱਚ ਜਿੰਨਾ ਚਿਰ ਜਾਂਚ ਜਾਂ ਮੁਕੱਦਮੇ ਚੱਲ ਰਹੇ ਹਨ, ਭਾਰਤੀ ਆਗੂਆਂ ਨੂੰ ਕਿਸੇ ਸੰਮੇਲਨ ਜਾਂ ਸਮਾਗਮ ਵਿੱਚ ਨਾ ਬੁਲਾਇਆ ਜਾਵੇ। ਉਧਰ ਭਾਰਤੀ ਸੂਤਰਾਂ ਨੇ ਵੀ ਸਪਸ਼ਟ ਕੀਤਾ ਹੈ ਕਿ ਲੇਟ ਭੇਜੇ ਜਾਣ ਵਾਲੇ ਸੱਦੇ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਭਾਰਤੀ ਵਿਦੇਸ਼ ਵਿਭਾਗ ਦਾ ਆਖਣਾ ਹੈ ਕਿ ਦੋਹਾਂ ਮੁਲਕਾਂ ਵਿਚਕਾਰ ਆਪਸੀ ਰਿਸ਼ਤੇ ਸੁਧਾਰਨ ਦੀ ਦਿਸ਼ਾ ਵਿੱਚ ਹਾਲੇ ਹੋਰ ਬਹੁਤ ਕੁਝ ਕੀਤੇ ਜਾਣ ਦੀ ਲੋੜ ਹੈ। ਭਾਰਤੀ ਵਿਦੇਸ਼ ਵਿਭਾਗ ਦੇ ਸੂਤਰਾਂ ਦਾ ਇਹ ਵੀ ਆਖਣਾ ਹੈ ਆਪਸੀ ਰਿਸ਼ਤੇ ਸੁਧਾਰਨ ਲਈ ਭਾਰਤ ਨੂੰ ਖਾਲਿਸਤਾਨੀ ਕਾਰਕੁੰਨਾਂ ਦੀਆਂ ਸਰਗਰਮੀਆਂ ਨੂੰ ਸੀਮਤ ਕਰਨਾ ਹੋਏਗਾ।
ਇੱਥੇ ਜ਼ਿਕਰਯੋਗ ਹੈ ਕਿ ਮਾਰਕ ਕਾਰਨੀ ਦੇ ਪ੍ਰਧਾਨ ਮੰਤਰੀ ਬਣਨ ਪਿੱਛੋਂ ਭਾਰਤ ਨਾਲ ਵਪਾਰਕ ਅਤੇ ਕੂਟਨੀਤਿਕ ਰਿਸ਼ਤੇ ਸੁਧਾਰਨ ਦੀ ਚਰਚਾ ਤੁਰੀ ਸੀ। ਇਸ ਮਸਲੇ ਨੂੰ ਲੈ ਕੇ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਅਨੰਦ ਵਿਚਕਾਰ ਇੱਕ ਟੈਲੀਫੋਨ ਵਾਰਤਾ ਵੀ ਹੋਈ ਸੀ। ਦੋਹਾਂ ਮੁਲਕਾਂ ਦੇ ਆਗੂਆਂ ਦੇ ਆਪਸੀ ਰਿਸ਼ਤੇ ਸੁਧਾਰਨ ਸੰਬੰਧੀ ਕੁਝ ਬਿਆਨ ਵੀ ਸਾਹਮਣੇ ਆਏ ਹਨ। ਜੂਨ 2023 ਵਿੱਚ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਦੋਸ਼ ਲਾਏ ਸਨ ਕਿ ਕੁਝ ਕੈਨੇਡੀਅਨ ਸ਼ਹਿਰੀਆਂ ਦੀ ਹੱਤਿਆ ਵਿੱਚ ਭਾਰਤੀ ਸਰਕਾਰੀ ਏਜੰਟਾਂ ਦਾ ਹੱਥ ਹੈ। ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਾਅਦ ਵਿੱਚ ਆਪਣਾ ਇਹ ਦੋਸ਼ ਕੈਨੇਡੀਅਨ ਪਾਰਲੀਮੈਂਟ ਵਿੱਚ ਵੀ ਦੁਹਰਾਇਆ ਸੀ। ਇਸ ਪਿੱਛੋਂ ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ ਕਮਿਸ਼ਨਰ ਮਾਈਕ ਦੁਮੇਅ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਆਪਣੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਉਨ੍ਹਾਂ ਕੋਲ ਭਰੋਸੇਯੋਗ ਸਬੂਤ ਹਨ ਕਿ ਭਾਰਤੀ ਏਜੰਟ ਕੈਨੇਡੀਅਨ ਸ਼ਹਿਰੀਆਂ ਦੀ ਹੱਤਿਆ ਵਿੱਚ ਸ਼ਾਮਲ ਹਨ; ਪਰ ਨਾਲ ਹੀ ਉਨ੍ਹਾਂ ਕਿਹਾ ਸੀ ਕਿ ਜਾਂਚ ਪੜਤਾਲ ਦੇ ਇਸ ਮੋੜ ‘ਤੇ ਉਹ ਇਹ ਸਾਰੀ ਜਾਣਕਾਰੀ ਜਨਤਕ ਨਹੀਂ ਕਰ ਸਕਦੇ। ਇਸ ਨਾਲ ਜਾਂਚ ਪ੍ਰਭਾਵਤ ਹੋਵੇਗੀ।
ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਦੋਂ ਇਹ ਜਾਣਕਾਰੀ ਵੀ ਦਿੱਤੀ ਸੀ ਕਿ ਕੈਨੇਡਾ ਦੀ ਫੈਡਰਲ ਪੁਲਿਸ ਦੇ ਡਿਪਟੀ ਕਮਿਸ਼ਨਰ ਮਾਰਕ ਫਲਿਨ ਸਿੰਗਾਪੁਰ ਵਿੱਚ ਭਾਰਤੀ ਅਧਿਕਾਰੀਆਂ ਨੂੰ ਮਿਲੇ ਸਨ ਅਤੇ ਸਬੂਤਾਂ ਸਮੇਤ ਦੱਸਿਆ ਸੀ ਕਿ ਭਾਰਤੀ ਏਜੰਟ ਕੈਨੇਡਾ ਦੀ ਧਰਤੀ ‘ਤੇ ਗੰਭੀਰ ਫੌਜਦਾਰੀ ਅਪਰਾਧਾਂ ਵਿੱਚ ਸ਼ਾਮਲ ਹਨ; ਪਰ ਭਾਰਤੀ ਅਧਿਕਾਰੀਆਂ ਨੇ ਇਹ ਸਾਰਾ ਕੁਝ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਕੈਨੇਡਾ ਪੁਲਿਸ ਵੱਲੋਂ ਭਾਰਤੀ ਹਾਈ ਕਮਿਸ਼ਨਰਾਂ ਨੂੰ ‘ਪਰਸਨ ਆਫ ਇਨਟ੍ਰਸਟ’ ਕਰਾਰ ਦਿੰਦਿਆਂ ਉਨ੍ਹਾਂ ਦੀ ਡਿਪਲੋਮੈਟਿਕ ਸੁਰੱਖਿਆ ਵਾਪਸ ਲੈਣ ਦੀ ਮੰਗ ਵੀ ਭਾਰਤ ਕੋਲੋਂ ਕੀਤੀ ਗਈ ਸੀ। ਇਸ ਪਿੱਛੋਂ ਭਾਰਤ ਨੇ ਆਪਣੇ ਸਫੀਰ ਅਤੇ ਹੋਰ ਡਿਪਲੋਮੈਟਿਕ ਅਧਿਕਾਰੀਆਂ ਨੂੰ ਵਾਪਸ ਬੁਲਾ ਲਿਆ ਸੀ ਤੇ ਕੈਨੇਡਾ ਨੂੰ ਵੀ ਨਵੀਂ ਦਿੱਲੀ ਵਿੱਚ ਆਪਣਾ ਡਿਪਲੋਮੈਟਿਕ ਅਮਲਾ ਛਾਂਗਣਾ ਪਿਆ ਸੀ। ਇਸ ਪਿੱਛੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਦਾ ਨਾਂ ਵੀ ਕੈਨੇਡਾ ਦੇ ਸ਼ਹਿਰੀਆਂ ਦੀਆਂ ਹੱਤਿਆਵਾਂ ਦੇ ਮਾਮਲੇ ਵਿੱਚ ਉਭਰਿਆ ਸੀ। ਲੰਮੀ ਪੁੱਛ-ਪੜਤਾਲ ਤੋਂ ਪਿੱਛੋਂ ਕੈਨੇਡਾ ਪੁਲਿਸ ਵੱਲੋਂ 4 ਪੰਜਾਬੀ ਨੌਜਵਾਨਾਂ ਨੂੰ ਨਿੱਝਰ ਕਤਲ ਕੇਸ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਮਾਮਲੇ ਦੇ ਉਭਰਨ ਨਾਲ ਭਾਰਤ ਅਤੇ ਕੈਨੇਡਾ ਦੇ ਆਪਸੀ ਰਿਸ਼ਤੇ ਕਾਫੀ ਨੀਵੀਂ ਪੱਧਰ ‘ਤੇ ਚਲੇ ਗਏ ਸਨ।
ਇਨ੍ਹਾਂ ਮਾਮਲਿਆਂ ਨੇ ਇੱਕ ਵਾਰ ਉਦੋਂ ਫਿਰ ਤੂਲ ਫੜ ਲਈ ਸੀ, ਜਦੋਂ ਅਮਰੀਕਾ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ‘ਤੇ ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂੰ ਨੂੰ ਮਾਰਨ ਦੀ ਸਾਜ਼ਿਸ਼ ਨਾਲ ਸੰਬੰਧਤ ਇੱਕ ਭਾਰਤੀ ਸ਼ਹਿਰੀ ਨੂੰ ਆਸਟਰੀਆ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ। ਇਹ ਵਿਅਕਤੀ ਬਾਅਦ ਵਿੱਚ ਅਮਰੀਕਾ ਨੂੰ ਸੌਂਪ ਦਿੱਤਾ ਗਿਆ ਅਤੇ ਇਸ ਸੰਬੰਧੀ ਕੇਸ ਹੁਣ ਅਦਾਲਤ ਵਿੱਚ ਚੱਲ ਰਿਹਾ ਹੈ।
ਇਸ ਮਸਲੇ ਨੂੰ ਲੈ ਕੇ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਬੁਲਾਰੇ ਜੈਰਾਮ ਰਮੇਸ਼ ਨੇ ਕਿਹਾ ਕਿ “ਪਿਛਲੇ 6 ਸਾਲਾਂ ਵਿੱਚ ‘ਵਿਸ਼ਵਗੁਰੂ’ ਕੈਨੇਡਾ ਵਿੱਚ ਹੋ ਰਹੇ ਜੀ-7 ਸੰਮੇਲਨ ਵਿੱਚ ਸ਼ਾਮਲ ਨਹੀਂ ਹੋ ਰਹੇ। ਕਾਰਨ ਕੋਈ ਵੀ ਰਿਹਾ ਹੋਵੇ, ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਭਾਰਤੀ ਕੂਟਨੀਤੀ ਦੀ ਇਹ ਇੱਕ ਹੋਰ ਵੱਡੀ ਅਸਫਲਤਾ ਹੈ।” ਇੱਥੇ ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਹੋ ਰਹੇ ਇਸ ਤਿੰਨ ਦਿਨਾ ਸੰਮੇਲਨ ਵਿੱਚ ਅਮਰੀਕਾ ਅਤੇ ਫਰਾਂਸ ਦੇ ਰਾਸ਼ਟਰਪਤੀ, ਇੰਗਲੈਂਡ, ਇਟਲੀ, ਕੈਨੇਡਾ, ਜਪਾਨ ਦੇ ਪ੍ਰਧਾਨ ਮੰਤਰੀ ਅਤੇ ਜਰਮਨੀ ਦੇ ਚਾਂਸਲਰ ਸ਼ਾਮਲ ਹੋ ਰਹੇ ਹਨ। ਇਨ੍ਹਾਂ ਸੱਤ ਮੁਲਕਾਂ ਤੋਂ ਇਲਾਵਾ ਮੈਕਸੀਕੋ, ਬ੍ਰਾਜ਼ੀਲ, ਆਸਟਰੇਲੀਆ, ਦੱਖਣੀ ਅਫਰੀਕਾ ਅਤੇ ਯੂਕਰੇਨ ਦੇ ਮੁਖੀਆਂ ਨੂੰ ਵੀ ਇਸ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਭੇਜਿਆ ਗਿਆ ਹੈ। ਇੱਥੇ ਇਹ ਜਾਨਣਾ ਵੀ ਦਿਲਚਸਪ ਹੋਵੇਗਾ ਕਿ 1914 ਤੋਂ ਪਹਿਲਾਂ ਜੀ-7 ਅਸਲ ਵਿੱਚ ਜੀ-8 ਮੁਲਕਾਂ ਦਾ ਗੱਠਜੋੜ ਸੀ। ਵਿਕਸਤ ਮੁਲਕਾਂ ਦੇ ਇਸ ਗੁੱਟ ਵਿੱਚ ਰੂਸ ਵੀ ਸ਼ਾਮਲ ਸੀ। 2007 ਵਿੱਚ ਜਰਮਨੀ ਵਿੱਚ ਹੋਏ ਜੀ-8 ਸਿਖਰ ਸੰਮੇਲਨ ਵਿੱਚ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸ਼ਾਮਲ ਹੋਏ ਸਨ; ਜਿੱਥੇ ਉਨ੍ਹਾਂ ਨੂੰ ਧਿਆਨ ਨਾਲ ਸੁਣਿਆ ਗਿਆ ਸੀ। ਇਸ ਮੌਕੇ ਭਾਰਤ ਅਤੇ ਜਰਮਨੀ ਵੱਲੋਂ ਸਾਂਝੇ ਤੌਰ ‘ਤੇ ਮੌਸਮੀ ਤਬਦੀਲੀ ਸੰਬੰਧੀ ਸਿੰਘ-ਮਾਰਕਲ ਫਾਰਮੂਲਾ ਜਾਰੀ ਕੀਤਾ ਗਿਆ ਸੀ।