*ਅਕਾਲੀਆਂ ਦੀ ਹਾਲਤ ਪਤਲੀ
*ਕਾਂਗਰਸ ਵਿਚਲੀ ਪਾਟੋਧਾੜ ਹੋਵੇਗੀ ਨੁਕਸਾਨ ਦੇਹ
ਜਸਵੀਰ ਸਿੰਘ ਮਾਂਗਟ
ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ 19 ਜੂਨ ਨੂੰ ਹੋਣੀ ਤੈਅ ਹੋਈ ਹੈ। ਵੋਟਾਂ ਦੀ ਗਿਣਤੀ 23 ਜੂਨ ਨੂੰ ਹੋਵੇਗੀ। ਇਸ ਚੋਣ ਲਈ ਹੁਣ ਤਕਰੀਬਨ ਸਾਰੀਆਂ ਪ੍ਰਮੁੱਖ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਅਕਾਲੀ, ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਤਾਂ ਪਹਿਲਾਂ ਹੀ ਆਪੋ-ਆਪਣੇ ਉਮੀਦਵਾਰ ਐਲਾਨ ਦਿੱਤੇ ਸਨ, ਹੁਣ ਭਾਜਪਾ ਵੱਲੋਂ ਵੀ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਭਾਜਪਾ ਵੱਲੋਂ ਆਰ.ਐਸ.ਐਸ. ਅਤੇ ਭਗਵਾ ਸਫਾਂ ਨਾਲ ਦੇਰ ਤੋਂ ਜੁੜੇ ਰਹੇ ਜੀਵਨ ਗੁਪਤਾ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ।
ਯਾਦ ਰਹੇ, ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਆਗੂ ਗੁਰਪ੍ਰੀਤ ਸਿੰਘ ਗੋਗੀ ਇਸ ਸੀਟ ਤੋਂ ਜਿੱਤੇ ਸਨ, ਪਰ ਉਨ੍ਹਾਂ ਦੀ ਮੌਤ ਹੋ ਜਾਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ। ਲੁਧਿਆਣਾ ਪੱਛਮੀ ਦੇ ਇਸ ਹਲਕੇ ਵਿੱਚ ਤਕਰੀਬਨ 80 ਫੀਸਦੀ ਵੱਸੋਂ ਹਿੰਦੂ ਭਾਈਚਾਰੇ ਦੀ ਹੈ।
ਜ਼ਿਕਰਯੋਗ ਹੈ ਕਿ ਜੀਵਨ ਗੁਪਤਾ ਭਾਜਪਾ ਦੀਆਂ ਸਰਗਰਮ ਸਿਆਸੀ ਸਫਾਂ ਵਿੱਚ ਜਾਣਿਆ-ਪਛਾਣਿਆ ਚਿਹਰਾ ਹਨ, ਪਰ ਚੋਣ ਉਹ ਪਹਿਲੀ ਵਾਰ ਲੜ ਰਹੇ ਹਨ। ਜੀਵਨ ਗੁਪਤਾ ਪੰਜਾਬ ਭਾਜਪਾ ਦੇ ਉੱਪ ਪ੍ਰਧਾਨ, ਜਨਰਲ ਸਕੱਤਰ ਅਤੇ ਸਕੱਤਰ ਰਹਿ ਚੁੱਕੇ ਹਨ। ਉਨ੍ਹਾਂ ਆਪਣੀ ਉਮੀਦਵਾਰੀ ਐਲਾਨੇ ਜਾਣ ਤੋਂ ਪਿੱਛੋਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਇਸ ਚੋਣ ਨੂੰ ਚੁਣੌਤੀ ਵਜੋਂ ਲੈ ਰਹੀ ਹੈ। ਇਸ ਚੋਣ ਦੇ ਨਤੀਜੇ ਦਾ 18 ਮਹੀਨੇ ਬਾਅਦ ਹੋਣ ਵਾਲੀਆਂ ਪੰਜਾਬ ਦੀਆਂ ਅਸੈਂਬਲੀ ਚੋਣਾਂ ‘ਤੇ ਵੱਡਾ ਪ੍ਰਭਾਵ ਪੈਣ ਵਾਲਾ ਹੈ। ਇਸ ਲਈ ਪਾਰਟੀ ਵੱਲੋਂ ਉਮੀਦਵਾਰ ਦੀ ਸਿਲੈਕਸ਼ਨ ਇੱਕ ਬਾਕਾਇਦਾ ਯੋਜਨਾਬੱਧ ਅਮਲ ਤਹਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੈਂਡੀਡੇਟ ਦੀ ਸਿਲੈਕਸ਼ਨ ਲਈ ਲੀਡਰਸ਼ਿੱਪ ਕੋਲ 29 ਅਰਜ਼ੀਆਂ ਆਈਆਂ ਸਨ, ਜਿਨ੍ਹਾਂ ‘ਤੇ ਵਿਚਾਰ ਵਟਾਂਦਰੇ ਪਿੱਛੋਂ ਉਨ੍ਹਾਂ ਦੀ ਚੋਣ ਕੀਤੀ ਗਈ ਹੈ।
ਭਾਜਪਾ ਵੱਲੋਂ ਜੀਵਨ ਗੁਪਤਾ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਤਕਰੀਬਨ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਦੀ ਸ਼ਾਖ ਦਾਅ ‘ਤੇ ਲੱਗ ਗਈ ਹੈ। ਇਹ ਗੱਲ ਭਾਵੇਂ ਪੱਕ ਨਾਲ ਨਹੀਂ ਕਹੀ ਜਾ ਸਕਦੀ ਕਿ ਅਗਲੀਆਂ ਵਿਧਾਨ ਸਭਾ ਚੋਣਾਂ ‘ਤੇ ਇਸ ਸੀਟ ਦੇ ਨਤੀਜੇ ਦਾ ਅਸਰ ਪਵੇਗਾ ਜਾਂ ਨਹੀਂ। ਅੱਜ ਦੀ ਘੜੀ ਪੰਜਾਬ ਵਿੱਚ ਕਿਹੜੀ ਸਿਆਸੀ ਪਾਰਟੀ ਕਿੰਨੇ ਪਾਣੀ ਵਿੱਚ ਹੈ, ਇਸ ਦਾ ਅੰਦਾਜ਼ਾ ਵੀ ਲੱਗ ਜਾਵੇਗਾ। ਯਾਦ ਰਹੇ, ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲਈ ਕਾਂਗਰਸ ਪਾਰਟੀ ਨੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਅਤੇ ਆਮ ਆਦਮੀ ਪਾਰਟੀ ਨੇ ਆਪਣੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਇੱਥੋਂ ਉਮੀਦਵਾਰ ਐਲਾਨਿਆ ਹੈ। ‘ਆਪ’ ਵੱਲੋਂ ਕਾਫੀ ਸਮਾਂ ਪਹਿਲਾਂ ਇਸ ਚੋਣ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਅਕਾਲੀ ਦਲ (ਬਾਦਲ) ਵੱਲੋਂ ਵੀ ਇੱਕ ਨਵੇਂ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਦਾ ਨਾਂ ਐਲਾਨਿਆ ਗਿਆ ਹੈ। ਉਹ ਵੀ ਆਪਣੀ ਪਹਿਲੀ ਚੋਣ ਲੜ ਰਹੇ ਹਨ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਗਈ ਸਜ਼ਾ ਤੋਂ ਬਾਅਦ ਇਸ ਪਾਰਟੀ ਦੀ ਸਿਹਤ ਵਿੱਚ ਕੋਈ ਸੁਧਾਰ ਹੋਇਆ ਹੈ ਜਾਂ ਨਹੀਂ, ਇਹ ਚੋਣ ਨਤੀਜਾ ਇਸ ਗੱਲ ਦੀ ਸੂਹ ਵੀ ਦੇਵੇਗਾ।
ਜੇ ਪਿਛਲੇ ਕੁਝ ਸਾਲਾਂ ਵਿੱਚ ਇਸ ਸੀਟ ਤੋਂ ਹੋਈਆਂ ਚੋਣਾਂ ‘ਤੇ ਇੱਕ ਤਰਵੀਂ ਜਿਹੀ ਝਾਤ ਮਾਰੀਏ ਤਾਂ ਪਤਾ ਲਗਦਾ ਹੈ ਕਿ 2024 ਦੀ ਲੋਕ ਸਭਾ ਚੋਣ ਵਿੱਚ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਇਸ ਹਲਕੇ ਤੋਂ ਸਭ ਤੋਂ ਵੱਧ (45,424) ਵੋਟਾਂ ਪਈਆਂ ਸਨ; ਜਦਕਿ ਕਿ ਕਾਂਗਰਸ ਪਾਰਟੀ ਦੇ ਲੋਕ ਸਭਾ ਵਿੱਚ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 30,889 ਵੋਟਾਂ ਪਈਆਂ ਸਨ। ਲੋਕ ਸਭਾ ਚੋਣ ਵਿੱਚ ‘ਆਪ’ ਅਤੇ ਅਕਾਲੀ ਉਮੀਦਵਾਰ ਕਾਫੀ ਪਛੜ ਗਏ ਸਨ। 2022 ਦੀਆਂ ਰਾਜ ਵਿਧਾਨ ਸਭਾ ਦੀਆਂ ਚੋਣਾਂ ਵਿੱਚ ‘ਆਪ’ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗੋਗੀ 40,000 ਤੋਂ ਵੱਧ ਵੋਟਾਂ ਲੈ ਕੇ ਜਿੱਤੇ ਸਨ। ਕਾਂਗਰਸ ਪਾਰਟੀ ਦੇ ਆਸ਼ੂ ਨੂੰ 32,931 ਵੋਟਾਂ ਮਿਲੀਆਂ ਸਨ। ਭਾਜਪਾ ਦਾ ਉਮੀਦਵਾਰ ਇਨ੍ਹਾਂ ਚੋਣਾਂ ਵਿੱਚ ਤੀਜੇ ਨੰਬਰ ‘ਤੇ ਰਿਹਾ ਸੀ। ਉਸ ਨੂੰ 28,107 ਵੋਟਾਂ ਪ੍ਰਾਪਤ ਹੋਈਆਂ ਸਨ।
ਅਕਾਲੀ ਦਲ ਵੱਲੋਂ ਲੁਧਿਆਣਾ ਪੱਛਮੀ ਦੀ ਸੀਟ 1997 ਅਤੇ 2007 ਵਿੱਚ, ਦੋ ਵਾਰ ਜਿੱਤੀ ਗਈ ਹੈ; ਪਰ ਦੋਨੋਂ ਵਾਰ ਅਕਾਲੀ-ਭਾਜਪਾ ਗਠਜੋੜ ਮੌਜੂਦ ਸੀ। ਹੁਣ ਸਥਿਤੀ ਇਸ ਪੱਖੋਂ ਬਦਲ ਗਈ ਹੈ। ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਖੋ-ਵੱਖ ਇਸ ਸੀਟ ‘ਤੇ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸ ਸੀਟ ਨੂੰ ਜਿੱਤਣ ਲਈ ‘ਆਪ’ ਅਤੇ ਭਾਜਪਾ ਅੱਡੀ ਚੋਟੀ ਦਾ ਜ਼ੋਰ ਲਾਉਣਗੇ, ਉਥੇ ਕਾਂਗਰਸ ਪਾਰਟੀ ਲਾਹੇਵੰਦ ਸਥਿਤੀ ਵਿੱਚ ਹੋਣ ਦੇ ਬਾਵਜੂਦ ਆਪਣੀ ਅੰਦਰੂਨੀ ਦੁਫੇੜ ਨਾਲ ਜੂਝ ਰਹੀ ਹੈ। ਖਾਸ ਕਰਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਦੀ ਭਾਰਤ ਭੂਸ਼ਨ ਆਸ਼ੂ ਨਾਲ ਅਣਬਣ ਚਰਚਾ ਦਾ ਵਿਸ਼ਾ ਹੈ। ਉਂਜ ਪਾਰਟੀ ਹਾਈਕਮਾਂਡ ਪੰਜਾਬ ਦੇ ਕਾਂਗਰਸੀਆਂ ਅੰਦਰ ਆਪਸੀ ਸਹਿਚਾਰ ਬਣਾਉਣ ਦੇ ਯਤਨ ਕਰ ਰਹੀ ਹੈ। ਭ੍ਰਿਸ਼ਟਾਚਾਰ ਦੇ ਦੋਸ਼ਾਂ ਅਧੀਨ ਜੇਲ੍ਹ ਵਿੱਚ ਰਹਿਣ ਦੇ ਬਾਵਜੂਦ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਲੁਧਿਆਣਾ ਪੱਛਮੀ ਵਿੱਚ ਵੱਡੇ ਜਨਤਕ ਆਧਾਰ ਵਾਲੇ ਉਮੀਦਵਾਰ ਹਨ। ਆਮ ਆਦਮੀ ਪਾਰਟੀ ਆਪਣੀ ਸਰਕਾਰ ਦੇ ਕਥਿਤ ਇਮਾਨਦਾਰ ਤੇ ਚੰਗੇ ਪ੍ਰਸ਼ਾਸਨਿਕ ਰਿਕਾਰਡ ਨੂੰ ਚੋਣ ਮੁਹਿੰਮ ਲਈ ਮੁੱਖ ਮੁੱਦਾ ਬਣਾਵੇਗੀ ਅਤੇ ਪਾਰਟੀ ਵੱਲੋਂ ਪੰਜਾਬ ਵਿੱਚ ਸੱਤਾ ਦੇ ਸੋਮਿਆਂ ਦੀ ਵਰਤੋਂ ਕਰਨ ਵਿੱਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਸੰਜੀਵ ਅਰੋੜਾ ਨੂੰ ਵਿਧਾਨ ਸਭਾ ਵਿੱਚ ਭੇਜ ਕੇ ਖੁਦ ਆਪ ਜਾਂ ਆਪਣੇ ਕਿਸੇ ਨਜ਼ਦੀਕੀ ਨੂੰ ਰਾਜ ਸਭਾ ਵਿੱਚ ਭੇਜਣ ਦਾ ਯਤਨ ਕਰਨਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਬੀਤੇ ਦਿਨੀਂ ਲੁਧਿਆਣਾ ਪੱਛਮੀ ਹਲਕੇ ਦੀ ਇਕ ਗੇੜੀ ਮਾਰ ਵੀ ਗਏ ਹਨ।
ਵੇਖਣ ਨੂੰ ਇਸ ਜ਼ਿਮਨੀ ਚੋਣ ਵਿੱਚ ਮੁਕਾਬਲਾ ਚੌਤਰਫਾ ਲਗਦਾ ਹੈ, ਪਰ ਅਸਲ ਵਿੱਚ ਇੱਥੇ ਕਾਂਗਰਸ, ‘ਆਪ’ ਅਤੇ ਭਾਜਪਾ ਵਿਚਕਾਰ ਤਿੰਨ ਕੋਣਾ ਮੁਕਾਬਲਾ ਹੀ ਹੋਵੇਗਾ। ਇਨ੍ਹਾਂ ਪਾਰਟੀਆਂ ਵਿਚਕਾਰ ਇਹ ਟੱਕਰ ਗਹਿਗੱਚ ਅਤੇ ਵੱਕਾਰੀ ਹੋਵੇਗੀ। ਜ਼ਿਮਨੀ ਚੋਣਾਂ ਵਿੱਚ ਆਮ ਤੌਰ ‘ਤੇ ਸੱਤਾਧਾਰੀ ਪਾਰਟੀ ਲਾਹੇਵੰਦ ਸਥਿਤੀ ਵਿੱਚ ਹੁੰਦੀ ਹੈ। ਉਸ ਕੋਲ ਸਰਕਾਰੀ ਸਾਧਨਾਂ ਨੂੰ ਚੋਣ ਮਹਿੰਮ ਲਈ ਵਰਤਣ ਦੀ ਸਹੂਲਤ ਮੌਜੂਦ ਰਹਿੰਦੀ ਹੈ। ਉਂਝ ਇਸ ਪੱਖੋ ਭਾਜਪਾ ਵੀ ਕੇਂਦਰੀ ਸੱਤਾ ‘ਤੇ ਕਾਬਜ਼ ਹੋਣ ਕਾਰਨ ਕਮਜ਼ੋਰੀ ਵਾਲੀ ਹਾਲਤ ਵਿੱਚ ਨਹੀਂ ਹੈ, ਪਰ ਰਾਜ ਵਿੱਚ ਸੱਤਾ ਹੋਣ ਕਾਰਨ ਪਹੁੰਚ ਸਥਾਨਕ ਪ੍ਰਸ਼ਾਸਨ ਤੱਕ ਹੋ ਜਾਂਦੀ ਹੈ, ਜਿਹੜਾ ਪੋਲਿੰਗ ਬੂਥ ਦੀ ਪੱਧਰ ‘ਤੇ ਰਾਜ ਕਰ ਰਹੀ ਪਾਰਟੀ ਦੇ ਹੱਕ ਵਿੱਚ ਵੋਟਿੰਗ ਨੂੰ ਪ੍ਰਭਾਵਿਤ ਕਰ ਸਕਦਾ ਹੈ। ਉਂਝ ਆਪਣੀ ਰਾਜਨੀਤਿਕ ਲੋੜ ਵਿੱਚੋਂ ਵੀ ਆਮ ਆਦਮੀ ਪਾਰਟੀ ਇਸ ਸੀਟ ਨੂੰ ਜਿੱਤਣ ਲਈ ਸਾਰਾ ਜ਼ੋਰ ਲਾਵੇਗੀ। ਬੀਤੇ ਕੁਝ ਸਮੇਂ ਤੋਂ ਪੰਜਾਬ ਸਰਕਾਰ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਗਿਏਰ ਵਿੱਚ ਹੈ। ਦਿੱਲੀ ਦੀ ਸੱਤਾ ਇਸ ਪਾਰਟੀ ਤੋਂ ਖੁੱਸ ਗਈ ਹੈ, ਇਸ ਲਈ ਪੰਜਾਬ ਵਿੱਚ ਆਪਣਾ ਕਿਲਾ ਬਚਾਉਣ ਲਈ ‘ਆਪ’ ਹਰ ਹੀਲਾ ਵਸੀਲਾ ਵਰਤੇਗੀ। ਇਹ ਇਸ ਪਾਰਟੀ ਲਈ ਇਕ ਤਰ੍ਹਾਂ ਨਾਲ ਹੋਂਦ ਦਾ ਸਵਾਲ ਬਣ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਦੇ ਦਾਅਵਿਆਂ ਦੇ ਬਾਵਜੂਦ ਲੋਕ ਆਮ ਆਦਮੀ ਪਾਰਟੀ ਦੀ ਸੱਤਾ ਤੋਂ ਬਹੁਤੇ ਖੁਸ਼ ਨਹੀਂ ਹਨ; ਖਾਸ ਕਰਕੇ ਪੇਂਡੂ ਵਰਗ। ਆਪਣੀ ਡਿੱਗ ਰਹੀ ਸ਼ਾਖ ਨੂੰ ਬਚਾਉਣ ਲਈ ਪਾਰਟੀ ਅਤੇ ਪੰਜਾਬ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਵਰਗੀਆਂ ਮੁਹਿੰਮਾਂ ਵਿੱਢ ਰੱਖੀਆਂ ਹਨ। ਇਸ ਮੁਹਿੰਮ ਤਹਿਤ ਆਮ ਆਦਮੀ ਪਾਰਟੀ ਨੇ ਕੁਝ ਨਿੱਕੇ ਮੋਟੇ ਨਸ਼ਾ ਤਸਕਰਾਂ ਦੇ ਘਰ ਢਾਹੇ ਹਨ; ਪਰ ਇਸ ਮਸਲੇ ਵਿੱਚ ਫਸਣ ਵਾਲੀਆਂ ਵੱਡੀਆਂ ਮੱਛੀਆਂ ਅਤੇ ਪੁਲਿਸ ਅਫਸਰਾਂ ਵੱਲ ਮੂੰਹ ਨਹੀਂ ਕੀਤਾ। ਅੰਮ੍ਰਿਤਸਰ ਜ਼ਿਲ੍ਹੇ ਦੇ ਕੁਝ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਨੇ ਇਹ ਸੂਹ ਦੇ ਹੀ ਦਿੱਤੀ ਹੈ ਕਿ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਸਿਆਸਤਦਾਨਾਂ, ਪੁਲਿਸ ਅਤੇ ਤਸਕਰਾਂ ਵਿਚਕਾਰ ਇੱਕ ਨਾਪਾਕ ਗੱਠਜੋੜ ਹੈ। ਇਸ ਤੱਥ ਨੂੰ ਖੁਦ ਮੁੱਖ ਮੰਤਰੀ ਭਗਵੰਤ ਮਾਨ ਵੀ ਸਵੀਕਾਰ ਕਰ ਚੁੱਕੇ ਹਨ। ਇਸ ਗੱਠਜੋੜ ਨੂੰ ਤੋੜਨਾ ਆਸਾਨ ਕੰਮ ਨਹੀਂ। ਇਸ ਚੁਣੌਤੀ ਨੂੰ ਨਜਿੱਠਣਾ ‘ਆਪ’ ਸਰਕਾਰ ਲਈ ਇੱਕ ਵੱਡਾ ਇਮਤਿਹਾਨ ਹੋਵੇਗਾ ਅਤੇ ਇਸ ਦੀ ਸਫਲਤਾ ਜਾਂ ਅਸਫਲਤਾ ਦੇ ਪ੍ਰਭਾਵ ਪਾਰਟੀ ਦੀ ਭਵਿਖੀ ਸਿਆਸਤ ‘ਤੇ ਜ਼ਰੂਰ ਪੈਣਗੇ। ਇਹ ਉਂਝ ਰਾਜਨੀਤਿਕ, ਸਮਾਜਕ ਅਤੇ ਮਨੋਵਿਗਿਆਨਕ ਚਿੰਤਕਾਂ ਦੇ ਵਿਚਾਰਨ ਦਾ ਵੀ ਮਸਲਾ ਹੈ ਕਿ ਪੰਜਾਬ ਵਿੱਚ ਨਸ਼ਾ ਚਿਰੋਕਣਾ ਸਿਆਸੀ ਮੁੱਦਾ ਬਣ ਜਾਣ ਦੇ ਬਾਵਜੂਦ ਹੱਲ ਨਹੀਂ ਹੋ ਰਿਹਾ। ਪੰਜਾਬ ਦੇ ਪ੍ਰਮੁੱਖ ਮਸਲਿਆਂ ਨੂੰ ਕੋਈ ਵੀ ਸਿਆਸੀ ਪਾਰਟੀ ਹੱਲ ਨਹੀਂ ਕਰ ਪਾ ਰਹੀ। ਕਿਸਾਨਾਂ ਦਾ ਸੰਘਰਸ਼ ਜਾਰੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਕਿਸਾਨ ਸੰਘਰਸ਼ ਨਾਲ ਸਿੱਧੇ ਟਕਰਾਅ ਵਿੱਚ ਆ ਰਹੇ ਹਨ। ਇਹ ਪੰਜਾਬ ਦੀ ਵਪਾਰੀ ਕਲਾਸ ਨੂੰ ਖੁਸ਼ ਕਰਨ ਦੀ ਨੀਤੀ ਹੈ। ਲੁਧਿਆਣਾ ਪੱਛਮੀ ਵਿੱਚ ਨਹੀਂ ਤਾਂ 18 ਮਹੀਨੇ ਬਾਅਦ ਆ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਇਸ ਦੀ ਕੀਮਤ ਜ਼ਰੂਰ ਤਾਰਨੀ ਪਏਗੀ।