ਪਿੰਡ ਵਸਿਆ-25
‘ਪਿੰਡ ਵਸਿਆ’ ਕਾਲਮ ‘ਪੰਜਾਬੀ ਪਰਵਾਜ਼’ ਵਿੱਚ ਸਾਲ ਭਰ ਤੋਂ ਛਪਦਾ ਰਿਹਾ ਹੈ, ਜਿਸ ਵਿੱਚ ਸਬੰਧਿਤ ਪਿੰਡ ਦੇ ਵਸਣ ਅਤੇ ਉਗਮਣ ਦੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ ਕਨਸੋਅ ਮਿਲਦੀ ਸੀ/ਹੈ, ਜਿਹੜਾ ਸਥਾਨਕ ਇਤਿਹਾਸ ਦੀ ਮਹੱਤਤਾ ਨਾ ਬੁੱਝਣ ਕਾਰਨ ਸਾਂਭਿਆ ਨਹੀਂ ਗਿਆ।
ਇਸ ਲੇਖ-ਲੜੀ ਦੀ ਨਿਰੰਤਰਤਾ ਵਿੱਚ ਅਸੀਂ ਦੋ ਦਰਜਨ ਲੇਖ ਪ੍ਰਕਾਸ਼ਿਤ ਕਰ ਚੁਕੇ ਹਾਂ। ਹਥਲਾ ਲੇਖ ਕੁਝ ਵਕਫੇ ਪਿੱਛੋਂ ਪ੍ਰਾਪਤ ਹੋਇਆ ਹੈ, ਜਿਸ ਦਾ ਕਾਰਨ ਇਹ ਹੈ ਕਿ ਪਿੰਡ ਦਾ ਕਿੱਸਾ ਫਰੋਲਣ/ਲੱਭਣ ਲਈ ਬਹੁਤ ਅਤੇ ਬਹੁਪਰਤੀ ਊਰਜਾ ਲੱਗਦੀ ਹੈ। ਹਥਲੀ ਲਿਖਤ ਵਿੱਚ ਜਗਰਾਵਾਂ/ਜਗਰਾਓਂ ਦਾ ਪਿੜ ਬੰਨ੍ਹਣ ਦੀ ਸੰਖੇਪ ਗਾਥਾ ਪੇਸ਼ ਹੈ। –ਪ੍ਰਬੰਧਕੀ ਸੰਪਾਦਕ
ਵਿਜੈ ਬੰਬੇਲੀ
ਫੋਨ: +91-94634 39075
“ਮਾਲਵਾ ਸਿੱਖ ਇਤਿਹਾਸ” ਮੁਤਾਬਿਕ ਜਗਰਾਓਂ, ਜਿਹੜਾ ਹੁਣ ਵਿਗੜਦਾ ਸੰਵਰਦਾ ਜਗਰਾਵਾਂ, ਕਿਤੇ-ਕਿਤੇ ਜਗਰਾਉਂ ਵਜੋਂ ਸਨਦਬੱਧ ਹੋ ਗਿਆ ਹੈ, ਦੀ ਮੋੜ੍ਹੀ ਗੱਡਣ ਵਾਲਾ “ਜਗਰਾਏ” ਜਿਹੜਾ ਜਾਤ ਵਜੋਂ ਨਾਈ ਸੀ, ਨੇ ਗੱਡੀ ਸੀ। ਪੰਜਾਬ ਦਾ ਸ਼ਾਇਦ ਇਹ ਇੱਕੋ-ਇੱਕ ਪਿੰਡ ਹੈ, ਜਿਸਦਾ ਪਿੜ ਕਾਮਾ-ਸ਼ਿਲਪੀ (ਲਾਗੀ) ਦੇ ਇੱਕ ਜਾਏ ਨੇ, ਕਰੀਬ ਛੇ ਸਦੀਆਂ ਪਹਿਲਾਂ ਬੰਨਿ੍ਹਆ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, “ਜਗਰਾਉਂ ਉਰਫ ਜਗਰਾਵਾਂ” ਦਾ ਪਹਿਲ-ਪਲੱਕੜਾ ਨਾਂ “ਜਗਰਾਏ” ਸੀ। ਮਗਰੋਂ ਇਸ ‘ਤੇ ਮੰਝ ਰਾਜਪੂਤਾਂ ਦਾ ਕਬਜ਼ਾ ਹੋ ਗਿਆ। ਇਹ ਮੰਝ ਲਾਗਲੇ ਪ੍ਰਾਚੀਨ ਨਗਰ “ਹਠੂਰ” ਦੇ ਜੰਮੇ ਜਾਏ ਸਨ, ਜਿਹੜੇ ਮਗਰੋਂ ਸਥਿਤੀਆਂ-ਪ੍ਰਸਥਿਤੀਆਂ ਵੱਸ ਹਿੰਦੂਆਂ ਤੋਂ ਮੁਸਲਮਾਨ ਬਣ ਗਏ ਸਨ। ਮਗਰੋਂ ਵਸੇ “ਰਾਏਕੋਟ”, ਜਿਸਦੇ ਬਾਨੀ-ਮਾਲਕ “ਰਾਏ ਕੱਲ੍ਹਾ” ਨੇ ਵੀ “ਹਠੂਰ” ਤੋਂ ਹੀ ਹਿਜ਼ਰਤ ਕੀਤੀ ਸੀ ਅਤੇ “ਜਗਰਾਓਂ” ਵੀ “ਹਠੂਰ” ਵਾਂਗ ਮਸ਼ਹੂਰ ਹੋ ਗਏ। ਦਰਅਸਲ, ਜਿੱਥੇ ਰਾਏਕੋਟ ਦੀ ਪੈਂਠ ਦਾ ਕਾਰਨ ਉਸਦੀ “ਰਾਏਕੋਟ ਰਿਆਸਤ” ਵਜੋਂ ਸਥਾਪਤੀ ਸੀ, ਉੱਥੇ “ਜਗਰਾਓਂ” ਦੀ ਪ੍ਰਸਿੱਧੀ ਦੇ ਕਾਰਨ ਉਸਦੀ ਭੂਗੋਲਿਕੀ ਤੇ ਆਵਾਜਾਈ ਸਥਿਤੀ, ਰਾਏਕੋਟ ਰਿਆਸਤ ਦੇ ਖਿੱਤੇ ਦੇ ਕਰੀਬ ਗੱਭੇ ਜਿਹੇ ਸਥਿਤ ਹੋਣ ਅਤੇ ਇਸਦੇ ਰਾਏਕੋਟ ਦੀ ਰਾਜਧਾਨੀ ਵਜੋਂ ਟਿਕੇ ਜਾਣ ਵੀ ਬਣੇ। ਹਾਲਾਂ ਕਿ ਮਗਰੋਂ ਇਹ ਖੈੜਾ ਕਈ ਆਰਥਿਕ ਅਤੇ ਪਹਿਲਾਂ ਇਤਿਹਾਸਕ-ਮਿਥਿਹਾਸਕ ਕਾਰਨਾਂ ਕਰਕੇ ਵੀ ਚਰਚਿਤ-ਦਰ-ਚਰਚਿਤ ਹੁੰਦਾ ਰਿਹਾ, “ਵਿੱਚ ਜਗਰਾਵਾਂ ਦੇ ਲੱਗਦੀ ਰੋਸ਼ਨੀ ਭਾਰੀ।”
ਕਈ ਕਾਰਨਾਂ ਕਰ ਕੇ ਜਗਰਾਵਾਂ ਹੌਲੀ-ਹੌਲੀ ਪਿੰਡ ਤੋਂ ਕਸਬਾ ਅਤੇ ਕਸਬੇ ਤੋਂ ਸ਼ਹਿਰ ਬਣ ਗਿਆ। ਦਰ-ਹਕੀਕਤ: ਇਸਨੂੰ ਕਿਲੇ ਅਤੇ ਸ਼ਹਿਰ ਦਾ ਰੂਪ ਚੜ੍ਹਨ ਦਾ ਕਾਰਨ “ਰਾਏ ਕੱਲ੍ਹਾ” ਵੱਲੋਂ ਰਾਜਧਾਨੀ ਵਜੋਂ ਇਸਦੀ ਸੁਰੱਖਿਆ ਲਈ ਕੀਤੀ ਮਜਬੂਤ ਚਾਰਦੀਵਾਰੀ ਬਣੀ। ਅੰਦਰ ਦਾਖਿਲ ਹੋਣ ਲਈ ਚਾਰ ਲੋਹ-ਦਰਵਾਜ਼ੇ, ਜਿਨ੍ਹਾਂ ਦੇ ਮੌਜੂਦਾ ਨਾਂ “ਸੱਯਦਾਂ ਦਰਵਾਜ਼ਾ”, “ਫਿਲੀ” ਅਤੇ “ਦਾਣਾ ਮੰਡੀ” ਗੇਟ ਅਤੇ “ਕਮੇਟੀ ਦਰਵਾਜ਼ਾ” ਹਨ, ਤਾਮੀਰ ਕੀਤੇ ਗਏ ਸਨ ਜਾਂ ਮਗਰੋਂ ਹੋਂਦ ‘ਚ ਆਏ ਜਾਂ ਕਾਰ-ਵਿਹਾਰ ਪੱਖੋਂ ਮਗਰੋਂ ਨਵ ਨਾਮ-ਕਰਨ ਹੋਏ ਸਨ। ਵੱਡ ਅਕਾਰੀ, ਮੁੱਖ ਦਰਵਾਜ਼ਾ “ਕਮੇਟੀ ਗੇਟ” ਹੈ, ਜਿਹੜਾ ਆਪਣੀ ਮਹੱਤਤਾ, ਵਿਲੱਖਣਤਾ ਅਤੇ ਵਿਸ਼ਾਲਤਾ ਕਾਰਨ ਅੱਜ ਵੀ ਜਿਉਂਦਾ-ਜਾਗਦਾ ਹੈ। ਹਾਂ; ਪੰਜ-ਛੇ ਫੁੱਟ ਚੌੜੀ ਉਸ ਚਾਰਦੀਵਾਰੀ, ਜਿਸਦੇ ਕਿਤੇ ਅੰਦਰ-ਕਿਤੇ ਬਾਹਰ ਹਮਲਾਵਰਾਂ/ਧਾੜਵੀਆਂ ਦਾ ਲਾਂਘਾ ਰੋਕਣ ਲਈ ਇੱਕ ਡੂੰਘੀ ਜਲ-ਖਾਲੀ ਵੀ ਪੁੱਟੀ ਗਈ ਸੀ, ਦੇ ਕਿਤੇ-ਕਿਤੇ ਅਵਸ਼ੇਸ ਹੁਣ ਵੀ ਮੌਜੂਦ ਹਨ। ਉਪਰੰਤ ਜਿੱਥੇ ਪਾਣੀ ਦੀਆਂ ਲੋੜਾਂ ਨੂੰ ਪੂਰਿਆਂ ਕਰਨ ਲਈ ਜਲ ਡਿੱਗੀਆਂ ਉਸਾਰੀਆਂ ਗਈਆਂ ਅਤੇ ਇੱਕ ਧੜਵੈਲ ਖੁਹ ਪੁੱਟਿਆ ਗਿਆ, ਉੱਥੇ ਤ੍ਰਿਵੈਣੀਆਂ ਵੀ ਸਥਾਪਿਤ ਕੀਤੀਆਂ ਗਈਆਂ, “ਜਗਰਾਵਾਂ ਠੰਡੀਆਂ ਛਾਵਾਂ।”
ਜਦ ਵੱਡਾ ਘੱਲੂਘਾਰਾ, 1762 ਈ., ਵਾਪਰਿਆ ਤਦ ਜਗਰਾਓਂ ਦਾ ਮਾਲਕ ਰਾਏ ਕੱਲ੍ਹਾ ਦਾ ਪੋਤਾ “ਰਾਏ ਅਲਿਆਸ ਉਰਫ ਚੌਧਰੀ ਅੱਲਾ ਯਾਰ” ਬਾਲਦ ਰਾਏ ਅਹਿਮਦ ਸੀ। ਆਪਣੇ ਪੁਰਖਿਆਂ, ਜਿਹੜੇ ਸਿੱਖ-ਆਸਥਾ ਰੱਖਦੇ ਸਨ, ਦੇ ਉਲਟ ਇਸਨੇ ਮੁਗਲ ਧਾੜਵੀਆਂ ਦੀ ਮਦਦ ਕਰਕੇ ਸਿੱਖ ਵਿਰੋਧ ਖੱਟ ਲਿਆ। ਸਿੱਟਾ; ਪਹਿਲਾਂ ਇਸ ਰਿਆਸਤ (ਅਤੇ ਜਗਰਾਵਾਂ) ਉੱਤੇ ਪਟਿਆਲੇ ਦੇ ਰਾਜਾ ਅਮਰ ਸਿੰਘ ਨੇ ਕਬਜ਼ਾ ਕਰ ਲਿਆ; ਮਗਰੋਂ ਸਮਾਂ ਪਾ ਇਹ ਖਿੱਤਾ ਸ. ਫਤਿਹ ਸਿੰਘ ਆਹਲੂਵਾਲੀਏ ਨੇ ਬਗਲ ਲਿਆ। ਉਪਰੰਤ; ਇਸ ਖੇੜੇ ਅਤੇ ਇਸਦੀ ਜੁਗਲਬੰਦੀ ਨੂੰ ਚਾਰ ਭਾਗਾਂ (ਅਗਵਾੜਾਂ) ਵਿੱਚ ਤਕਸੀਮ ਕਰ ਦਿੱਤਾ ਗਿਆ: ਅਗਵਾੜ ਲੋਪੋਂ, ਅਗਵਾੜ ਗੁਜਰਾਂ, ਅਗਵਾੜ ਲਧਾਈ ਅਤੇ ਅਗਵਾੜ ਡਾਲਾ। ਦਰਅਸਲ ਪਹਿਲੇ ਤਿੰਨ ਅਗਲਵੰਡੀ ਵਸੇ ਹੋਏ ਅਤੇ ਚੌਥਾ ਕੁਝ ਦੂਰ ਵੱਸਦਾ ਡਾਲਾ ਚਾਰ ਵੱਖੋ-ਵੱਖਰੇ ਪਿੰਡ ਹਨ। ਇਹੀ ਨਹੀਂ; ਆਲੇ-ਦੁਆਲੇ ਦੇ ਕਈ ਹੋਰ ਪਿੰਡ (ਜਗਰਾਓਂ ਦੇ ਕੋਠੇ), ਜਿਵੇਂ: ਕੋਠੇ ਫਤਿਹਦੀਨ, ਕੋਠੇ ਰਾਹਲਾਂ, ਕੋਠੇ ਬੱਗੂ, ਕੋਠੇ ਜੀਵਾਂ ਅਤੇ ਕੋਠੇ ਸ਼ੇਰ ਯੰਗ ਆਦਿ ਇਸੇ ਨਗਰ ਵਿੱਚੋਂ ਉਠ ਕੇ ਵਸੇ ਜਾਂ ਕੰਮ-ਧੰਦੇ (ਖੇਤੀ ਆਦਿ) ਮੂਜ਼ਬ, ਉਥੇ ਵਸੇਬ ਹੋਈ। ਪਹਿਲੇ ਚਾਰ (ਅਗਵਾੜ) ਅਤੇ ਇਹ ਪੰਜੇ (ਕੋਠੇ) ਹੁਣ ਸੁਤੰਤਰ ਅਤੇ ਆਪੋ-ਆਪਣਾ ਬਸੀਮਾ (ਖੇਤਰੀ-ਜੂਹ) ਤੇ ਹੱਦਬਸਤ ਨੰਬਰ ਦੇ ਸੁਤੰਤਰ ਮਾਲਕ ਹਨ, “ਨਹੀਂ ਈਨ ਕਿਸੇ ਦੀ ਮੰਨਦੇ, ਪੁੱਤ ਜਗਰਾਵਾਂ ਦੇ।”
ਪਹਿਲ-ਪਲੱਕੜਿਆਂ ਵਿੱਚ ਮੁਸਲਮਾਨੀ ਪ੍ਰਧਾਨਤਾ ਵੱਸ ਤੇ ਮੁਸਲਿਮ ਮਾਨਸਿਕਤਾ ਭਾਰੂ ਰਹੀ ਹੋਣ ਕਾਰਨ, ਇਸ ਸ਼ਹਿਰ ਵਿੱਚ ਬਹੁਤੇ ਆਸਥਾ-ਸੱਥਲ ਵੀ ਮੁਸਲਿਮ-ਜਲੌਅ ਹਨ। ਖਰੀ ਗੱਲ ਇਹ ਕਿ ਤਵਾਰੀਖੀ ਸਹਿਹੋਂਦ ਅਤੇ ਭਾਈਚਾਰਕ ਉੱਤਮਤਾ ਵਜੋਂ ਹਿੰਦੂ-ਸਿੱਖ, ਦੋਵੇਂ ਧਿਰਾਂ ਹੀ ਇਨ੍ਹਾਂ ਨਾਇਕਾਂ ਜਾਂ ਮੁਸਲਿਮ ਅਧਿਆਤਮਵਾਦੀਆਂ ਨੂੰ ਸਦੀਆਂ ਤੋਂ ਨਮਨ ਹੁੰਦੇ ਆ ਰਹੇ ਹਨ। ਮਜਾਰਾਂ ਉੱਤੇ ਲੱਗਦੇ ਮੇਲੇ, ਖਾਸ ਕਰ ਜਗਰਾਵਾਂ ਦਾ ਰੋਸ਼ਨੀ ਮੇਲਾ ਜਗਤ ਪ੍ਰਸਿੱਧ ਹੈ। ਇਹ ਨਗਰ ਮੇਲਿਆਂ-ਕਵਾਲਾਂ, ਗੂਮੰਤਰੀਆਂ ਅਤੇ ਮੇਲਿਆਂ ‘ਚ ਖੜਕਦੀ ਰਹੀ ਡਾਂਗ ਕਾਰਨ ਵੀ ਚਰਚਿਤ ਰਿਹਾ, “ਅਰਜਨ ਵੈਲੀ ਨੇ, ਪੈਰ ਗੱਡ ਕੇ ਗੰਡਾਸੀ ਮਾਰੀ।”
ਇਹ ਨਗਰ ਕਵੀਆਂ-ਲੇਖਕਾਂ ਅਤੇ ਬਹੁ-ਤਨਜੀਮਾਂ ਦੇ ਦੇਸ਼ਭਗਤਾਂ ਵਜੋਂ ਵੀ ਬੜਾ ਉਘਾ ਰਿਹਾ, ਵੰਨਗੀ ਵਜੋਂ ਵਕਤਾ ਅਚਾਰੀਆ ਜੀ, ਕਵੀ ਸਦਰਦੀਨ ਅਤੇ ਗ਼ਦਰੀ ਬਾਬਾ ਅਰਜਨ ਸਿੰਘ ਤੇ ਸ਼ਹੀਦ ਹਾਫਿਜ਼ ਅਬਦੁੱਲਾ ਦੀ ਉਦਾਹਰਣ ਦਿੱਤੀ ਜਾ ਸਕਦੀ ਹੈ। ਮੁੱਕਦੀ ਗੱਲ; “ਜਗਰਾਵਾਂ ਹਿੰਦੂ-ਸਿੱਖ-ਮੁਸਲਿਮ ਏਕਤਾ ਦਾ ਮੁਜੱਸਮਾ ਰਿਹਾ ਹੈ”, ਹੁਣ ਵੀ ਹੈ।