*40 ਲੜਾਕੇ ਹਵਾਈ ਜਹਾਜ਼ ਤਬਾਹ ਕਰਨ ਦਾ ਦਾਅਵਾ
*ਹਾਈਟੈਕ ਜੰਗਾਂ ਵੱਲ ਤੁਰ ਰਹੀ ਹੈ ਦੁਨੀਆਂ
ਪੰਜਾਬੀ ਪਰਵਾਜ਼ ਬਿਊਰੋ
ਹਾਈਟੈਕ ਹਥਿਆਰਾਂ ਦੀ ਪੈਦਾਵਾਰ ਅਤੇ ਵਰਤੋਂ ਦੇ ਖੇਤਰ ਵਿੱਚ ਦੁਨੀਆਂ ਬਹੁਤ ਹੀ ਖਤਰਨਾਕ ਪਾਸੇ ਵੱਲ ਵਧ ਰਹੀ ਹੈ। ਕੁਝ ਸਾਲ ਪਹਿਲਾਂ ਅਮਰੀਕਾ ਨੇ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਸਰਹੱਦੀ ਸੂਬੇ ਵਿੱਚ ਇਸਲਾਮਿਕ ਕੱਟੜਪੰਥੀਆਂ ‘ਤੇ ਜੀ.ਪੀ.ਐਸ. ਗਾਈਡਿਡ ਡਰੋਨਾਂ ਨਾਲ ਹਮਲੇ ਕਰਨੇ ਸ਼ੁਰੂ ਕੀਤੇ ਸਨ, ਪਰ ਪਿਛਲੇ ਕੁਝ ਸਾਲਾਂ ਵਿੱਚ ਡਰੋਨ ਨਾਂ ਦਾ ਮਾਨਵ ਰਹਿਤ ਹਵਾਈ ਵਾਹਨ ਬਹੁਤ ਸਾਰੇ ਸਿਵਲ ਅਤੇ ਫੌਜੀ ਮਕਸਦਾਂ ਲਈ ਵਰਤਿਆ ਜਾਣ ਲੱਗਿਆ ਹੈ।
ਹੁਣ ਇਰਾਨ, ਤੁਰਕੀ, ਚੀਨ ਅਤੇ ਯੂਕਰੇਨ ਵਰਗੇ ਮੁਲਕ ਵੀ ਇਸ ਦੀ ਫੌਜੀ ਮਕਸਦਾਂ ਲਈ ਵਿਆਪਕ ਪੱਧਰ ‘ਤੇ ਪੈਦਾਵਾਰ/ਵਰਤੋਂ ਕਰਨ ਲੱਗੇ ਹਨ। ਯੂਕਰੇਨ ਨੇ ਰੂਸ ਵਰਗੇ ਵੱਡੇ ਮੁਲਕ ਦੇ ਧੁਰ ਅੰਦਰ ਜਾ ਕੇ ਉਨ੍ਹਾਂ ਹਵਾਈ ਟਿਕਾਣਿਆਂ ‘ਤੇ ਹਮਲੇ ਕੀਤੇ ਹਨ, ਜਿੱਥੇ ਰੂਸ ਦੇ ਪ੍ਰਮਾਣੂ ਹਥਿਆਰ ਵਰਤਣ ਜਾਂ ਸੁੱਟਣ ਲਈ ਵਰਤੇ ਜਾਣ ਵਾਲੇ ਜੈਟ ਵੀ ਰੱਖੇ ਗਏ ਹਨ।
ਯੂਕਰੇਨ ਦਾ ਦਾਅਵਾ ਹੈ ਕਿ ਮਨੁੱਖ ਰਹਿਤ ਡਰੋਨਾਂ ਰਾਹੀਂ ਕੀਤੇ ਗਏ ਇਸ ਹਮਲੇ ਵਿੱਚ ਰੂਸ ਦੇ ਵੱਖੋ-ਵੱਖਰੀ ਸ਼੍ਰੇਣੀ ਦੇ 40 ਜਹਾਜ਼ ਤਬਾਹ ਕਰ ਦਿੱਤੇ ਗਏ ਹਨ। ਉਂਝ ਰੂਸ ਨੇ ਆਪ ਇਸ ਹਮਲੇ ਦੀ ਤਫਸੀਲ ਵਿੱਚ ਕਿਹਾ ਕਿ ਉਸ ਦੇ ਹਵਾਈ ਟਿਕਾਣਿਆਂ ‘ਤੇ ਡਰੋਨ ਹਮਲੇ ਕੀਤੇ ਗਏ ਹਨ। ਤਕਰੀਬਨ ਤਿੰਨ ਸਾਲ ਤੋਂ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਵਿੱਚ ਰੂਸ ਯੂਕਰੇਨ ਅਤੇ ਉਸ ਦੀ ਹਮਾਇਤ ਕਰ ਰਹੇ ਪੱਛਮੀ ਦੇਸ਼ਾਂ ਨੂੰ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦੀ ਧਮਕੀ ਨਾਲ ਹੀ ਡਰਾ ਕੇ ਰੱਖ ਰਿਹਾ ਹੈ। ਯੂਕਰੇਨ ਵੱਲੋਂ ਰੂਸ ਦੇ ਹਵਾਈ ਟਿਕਾਣਿਆਂ ‘ਤੇ ਕੀਤੇ ਗਏ ਇਸ ਹਮਲੇ ਦੀ 7 ਦਸੰਬਰ 1941 ਨੂੰ ਪਰਲ ਹਰਬਰ ਵਿਖੇ ਅਮਰੀਕੀ ਸਮੁੰਦਰੀ ਫੌਜੀ ਟਿਕਾਣੇ ‘ਤੇ ਜਪਾਨ ਵੱਲੋਂ ਕੀਤੇ ਗਏ ਹਮਲੇ ਨਾਲ ਤੁਲਨਾ ਦਿੱਤੀ ਜਾ ਰਹੀ ਹੈ। ਇਸ ਹਮਲੇ ਤੋਂ ਬਾਅਦ ਅਮਰੀਕਾ ਦੂਜੀ ਸੰਸਾਰ ਜੰਗ ਵਿੱਚ ਸ਼ਾਮਲ ਹੋ ਗਿਆ ਸੀ। ਇਸ ਹਮਲੇ ਵਿੱਚ ਅਮਰੀਕਾ ਦੇ 20 ਸਮੁੰਦਰੀ ਜਹਾਜ਼ ਅਤੇ 340 ਹਵਾਈ ਜਹਾਜ਼ ਤਬਾਹ ਹੋ ਗਏ ਸਨ। 75 ਮਿੰਟ ਤੱਕ ਚੱਲੇ ਇਸ ਹਮਲੇ ਵਿੱਚ 2400 ਅਮਰੀਕੀ ਮਾਰੇ ਗਏ ਸਨ। ਪਰਲ ਹਰਬਰ ਹਮਲੇ ਨੇ ਬਾਅਦ ਵਿੱਚ ਅਮਰੀਕਾ ਵੱਲੋਂ ਜਪਾਨ ‘ਤੇ ਪ੍ਰਮਾਣੂ ਹਮਲੇ ਦੀ ਬੁਨਿਆਦ ਵੀ ਬੰਨ੍ਹ ਦਿੱਤੀ ਸੀ। ਫੌਜੀ ਮਾਮਲਿਆਂ ਬਾਰੇ ਬਹੁਤ ਸਾਰੇ ਅੰਤਰਰਾਸ਼ਟਰੀ ਮਾਹਿਰ ਯੂਕਰੇਨ ਵੱਲੋਂ ਰੂਸ ਦੇ ਹਵਾਈ ਟਿਕਾਣਿਆਂ ‘ਤੇ ਕੀਤੇ ਗਏ ਹਮਲੇ ਨੂੰ ਪਰਲ ਹਰਬਰ ਨਾਲ ਤੁਲਨਾ ਦੇ ਰਹੇ ਹਨ। ਸਾਰੀ ਦੁਨੀਆਂ ਸਾਹ ਰੋਕ ਕੇ ਰੂਸੀ ਪ੍ਰਤੀਕਰਮ ਦੀ ਉਡੀਕ ਕਰ ਰਹੀ ਹੈ; ਜਦਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਇਸ ਹਮਲੇ ਤੋਂ ਬਾਅਦ ਚੁੱਪ ਹਨ। ਯੂਕਰੇਨ ਦੇ ਪ੍ਰਧਾਨ ਮੰਤਰੀ ਜੇਲੰਸਕੀ ਅਨੁਸਾਰ ਇਸ ਹਮਲੇ ਦੀ ਤਿਆਰੀ ਕਰਨ ਲਈ ਉਨ੍ਹਾਂ ਨੂੰ 18 ਮਹੀਨੇ ਦਾ ਸਮਾਂ ਲੱਗਿਆ ਅਤੇ ਇਸ ਮਕਸਦ ਲਈ ਰੂਸ ਦੇ ਅੰਦਰ ਬਣਾਇਆ ਗਿਆ ਦਫਤਰ ਰੂਸੀ ਫੈਡਰਲ ਖੁਫੀਆ ਏਜੰਸੀ ਦੇ ਦਫਤਰ ਦੇ ਲਾਗੇ ਹੀ ਸੀ। ਰੂਸ ਨੇ ਇਨ੍ਹਾਂ ਹਮਲਿਆਂ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਹਮਲਿਆਂ ਵਿੱਚ ਹਿੱਸਾ ਲੈਣ ਵਾਲੇ ਬਹੁਤ ਸਾਰੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਸਿਕਿਉਰਿਟੀ ਸਰਵਿਸ ਆਫ ਯੂਕਰੇਨ (ਐਸ.ਬੀ.ਯੂ.) ਦੇ ਮੁਖੀ ਵਸਾਈਲ ਮਲਿਊਕ ਨੇ ਦੱਸਿਆ ਕਿ ਹਮਲੇ ਵਿੱਚ ਸਹਾਇਤਾ ਕਰਨ ਵਾਲੇ ਵਿਅਕਤੀਆਂ ਨੂੰ ਰੂਸੀ ਖੇਤਰ ਵਿੱਚੋਂ ਸੁਰੱਖਿਅਤ ਵਾਪਸ ਕੱਢ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਡਰੋਨ ਟਰੱਕ ਰਾਹੀਂ ਰੂਸ ਵਿੱਚ ਸਮਗਲ ਕੀਤੇ ਗਏ ਸਨ, ਜਿਨ੍ਹਾਂ ਨੂੰ ਰਿਮੋਟ ਕੰਟਰੋਲ ਰਾਹੀਂ ਰੂਸ ਦੇ ਕਈ ਹਵਾਈ ਟਿਕਾਣਿਆਂ ‘ਤੇ ਦਾਗਿਆ ਗਿਆ। ਕੁੱਲ 117 ਡਰੋਨਾਂ ਦਾਗੀਆਂ ਗਈਆਂ, ਜਿਨ੍ਹਾਂ ਨੂੰ ਇੰਨੇ ਹੀ ਵਿਅਕਤੀ ਰਿਮੋਟ ਰਾਹੀਂ ਕੰਟਰੋਲ ਕਰ ਰਹੇ ਸਨ। ਯੂਕਰੇਨੀ ਸੁਰੱਖਿਆ ਏਜੰਸੀ ਅਨੁਸਾਰ ਛੋਟੀ ਦੂਰੀ ਦੀਆਂ ਡਰੋਨਾਂ ਵਰਤੋਂ ਵਿੱਚ ਲਿਆਂਦੀਆਂ ਗਈਆਂ ਹਨ, ਕਿਉਂਕਿ ਲੰਮੀ ਦੂਰੀ ਦੀਆਂ ਡਰੋਨਾਂ ਅਕਸਰ ਹੀ ਦੁਸ਼ਮਣ ਵੱਲੋਂ ਗਿਰਾ ਲਈਆਂ ਜਾਂਦੀਆਂ ਹਨ। ਯੂਕਰੇਨ ਅਨੁਸਾਰ ਇਸ ਹਮਲੇ ਵਿੱਚ ਕੁੱਲ 40 ਰੂਸੀ ਜਹਾਜ਼ ਤਬਾਹ ਕੀਤੇ ਗਏ ਹਨ, ਜਿਨ੍ਹਾਂ ਵਿੱਚ ਏ-50 ਸਰਵੀਲੈਂਸ ਜਹਾਜ਼, ਟੂ-160, ਟੀ ਯੂ-22 ਬੌਂਬਰ ਅਤੇ ਟੀ ਯੂ-94 ਸ਼ਾਮਲ ਹਨ। ਇਨ੍ਹਾਂ ਵਿੱਚੋਂ ਕੁਝ ਜਹਾਜ਼ ਪ੍ਰਮਾਣੂ ਹਥਿਆਰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਅਤੇ ਵਰਤਣ ਲਈ ਬਣਾਏ ਗਏ ਹਨ। ਯੂਕਰੇਨ ਦਾ ਦਾਅਵਾ ਹੈ ਕਿ ਇਨ੍ਹਾਂ ਹਮਲਿਆਂ ਨਾਲ ਰੂਸ ਨੂੰ 7 ਬਿਲੀਅਨ ਡਾਲਰ ਦਾ ਨੁਕਸਾਨ ਪਹੁੰਚਿਆ ਹੈ। ਰੂਸ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਉਸ ਦੇ ਇਰਕੁਟਸਕ, ਉਲੇਨੀਆ, ਡਿਆਜਿਲਵੋ, ਇਵਾਨੋਵੋ ਸੇਵਰਨੀ ਹਵਾਈ ਟਿਕਾਣਿਆਂ ‘ਤੇ ਹਮਲੇ ਕੀਤੇ ਗਏ ਹਨ। ਰੂਸੀ ਮੀਡੀਆ ਵੱਲੋਂ ਵੀ ਇੱਕ ਕੰਟੇਨਰ ਵਿੱਚੋਂ ਡਰੋਨ ਉਡਦੇ ਵਿਖਾਏ ਗਏ ਹਨ।
ਰੂਸ ਨੇ ਇਸ ਹਮਲੇ ਤੋਂ ਬਾਅਦ ਭਾਵੇਂ ਤੁਰੰਤ ਕੋਈ ਮੋੜਵਾਂ ਹਮਲਾ ਨਹੀਂ ਕੀਤਾ ਹੈ, ਪਰ ਕੌਮਾਂਤਰੀ ਫੌਜੀ ਮਾਮਲਿਆਂ ਬਾਰੇ ਮਾਹਿਰਾਂ ਦਾ ਮੰਨਣਾ ਹੈ ਕਿ ਰੂਸ ਵੱਲੋਂ ਪਰਤਵਾਂ ਵਾਰ ਜ਼ਰੂਰ ਕੀਤਾ ਜਾਵੇਗਾ। ਇੱਥੇ ਦੱਸਣਾ ਵੀ ਯੋਗ ਹੋਏਗਾ ਕਿ ਇਹ ਹਮਲੇ ਰੂਸ ਅਤੇ ਯੂਕਰੇਨ ਵਿਚਾਲੇ ਤੁਰਕੀ ਵਿੱਚ ਹੋਈ ਗੱਲਬਾਤ ਤੋਂ ਐਨ ਪਹਿਲਾਂ ਕੀਤੇ ਗਏ। ਇਸ ਗੱਲਬਾਤ ਵਿੱਚ ਦੋਹਾਂ ਮੁਲਕਾਂ ਵਿਚਕਾਰ ਅਮਨ-ਅਮਾਨ ਕਾਇਮ ਕਰਨ ਲਈ ਠੋਸ ਸਹਿਮਤੀ ਨਹੀਂ ਬਣ ਸਕੀ। ਸਗੋਂ 25 ਸਾਲ ਤੋਂ ਘੱਟ ਉਮਰ ਦੇ ਬਿਮਾਰ ਕੈਦੀਆਂ ਨੂੰ ਰਿਹਾਅ ਕਰਨ ਬਾਰੇ ਹੀ ਸਹਿਮਤੀ ਬਣ ਸਕੀ ਹੈ।
ਜਿਵੇਂ ਕਿ ਭਾਰਤ ਦੇ ਚੀਫ ਆਫ ਡਿਫੈਂਸ ਸਟਾਫ ਅਨਿਲ ਚੌਹਾਨ ਨੇ ਸਿੰਗਾਪੁਰ ਵਿੱਚ ਹੋਏ ਇੱਕ ਸਮਾਗਮ ‘ਸ਼ੰਗਰੀਲਾ ਡਾਇਲਾਗ’ ਦੌਰਾਨ ਕਿਹਾ ਕਿ ਭਵਿੱਖ ਵਿੱਚ ਜੰਗਾਂ ਚਾਰ ਤਕਨੀਕੀ ਰੁਝਾਨਾਂ ਦੇ ਇਰਦ-ਗਿਰਦ ਰਹਿਣਗੀਆਂ, ਇਨ੍ਹਾਂ ਵਿੱਚ ਵੱਖ-ਵੱਖ ਖੇਤਰਾਂ ਵਿੱਚ ਸੈਂਸਰਾਂ ਦਾ ਪਸਾਰ, ਲੰਬੀ ਦੂਰੀ ਦੇ ਹਾਈਪਰਸੋਨਿਕ ਤੇ ਸਟੀਕ ਹਥਿਆਰ, ਆਟੋਮੇਸ਼ਨ ਨਾਲ ਮਾਨਵ ਤੇ ਮਾਨਵ ਰਹਿਤ ਟੀਮਾਂ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਕੁਆਂਟਮ ਤਕਨਾਲੋਜੀ ਸ਼ਾਮਲ ਹਨ। ਇਨ੍ਹਾਂ ਤਕਨੀਕਾਂ ਦੀ ਪੈਦਾਵਾਰ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ਦੇ ਸਨਅਤੀ ਖੇਤਰ ਨੂੰ ਤੇਜ਼ੀ ਨਾਲ ਅੱਗੇ ਆਉਣਾ ਹੋਏਗਾ। ਇਨ੍ਹਾਂ ਤੋਂ ਇਲਾਵਾ ਕੈਮੀਕਲ, ਬਾਇਲੋਜੀਕਲ ਅਤੇ ਲੇਜ਼ਰ ਹਥਿਆਰਾਂ ਦੀ ਮਾਰ ਵੀ ਸਾਡੇ ਯੁੱਗ ਦੇ ਮਨੁੱਖ ਨੂੰ ਝੱਲਣੀ ਪੈ ਸਕਦੀ ਹੈ। ਤਕਰੀਬਨ ਸਾਰੇ ਹੀ ਵੱਡੇ ਮੁਲਕ ਚੁੱਪ ਗੜੁੱਪ ਰੂਪ ਵਿੱਚ ਇਸ ਕਿਸਮ ਦੇ ਹਥਿਆਰ ਬਣਾ ਰਹੇ ਹਨ। ਇਸ ਤੋਂ ਇਲਾਵਾ, ਮੁਬਾਈਲਾਂ ਅਤੇ ਇੰਟਰਨੈਟ ਨਾਲ ਜੁੜੀਆਂ ਹੋਰ ਡਿਵਾਈਸਾਂ ਨੂੰ ਵੀ ਧਮਾਕਾ ਖੇਜ਼ ਸਮਗਰੀ ਵਿੱਚ ਬਦਲਿਆ ਜਾ ਸਕਦਾ ਹੈ। ਹਾਲੇ ਕੁਝ ਸਮਾਂ ਪਹਿਲਾਂ ਹੀ ਇਜ਼ਰਾਇਲ ਨੇ ਲੈਬਨਾਨ ਵਿੱਚ ਹਿਜ਼ਬੁੱਲਾ ਲੜਾਕਿਆਂ ਵਿਰੁਧ ਜਾਣਕਰੀ ਦਾ ਤਬਾਦਲਾ ਕਰਨ ਵਾਲੇ ਯੰਤਰ, ਪੇਜ਼ਰਾਂ ਨੂੰ ਧਮਕਾ ਖੇਜ਼ ਸਮਗਰੀ ਵਿੱਚ ਬਦਲ ਦਿੱਤਾ ਸੀ। ਇਸ ਨਾਲ ਇਜ਼ਰਾਇਲ ਵਿਰੁਧ ਸਰਗਰਮ ਹਿਜ਼ਬੁੱਲਾ ਦੇ ਲੜਾਕਿਆਂ ਅਤੇ ਲੀਡਰਸ਼ਿਪ ਨੂੰ ਭਾਰੀ ਨੁਕਸਾਨ ਪੁੱਜਾ ਸੀ। ਇੱਥੋਂ ਤੱਕ ਕਿ ਕੇਬਲ ਨਾਲ ਜੁੜੇ ਟੈਲੀਵਿਜ਼ਨ, ਕਾਰਾਂ ਅਤੇ ਹੋਰ ਵਾਹਨਾਂ ਵਿੱਚ ਵਰਤੇ ਜਾਣ ਵਾਲੇ ਸੈਂਸਰ ਵੀ ਜੀ.ਪੀ.ਐਸ. ਦੀ ਮਦਦ ਨਾਲ ਹਥਿਆਰਾਂ ਵਿੱਚ ਬਦਲੇ ਜਾ ਸਕਦੇ ਹਨ। ਭਵਿੱਖ ਦੇ ਹਥਿਆਰ ਚਲਾਉਣ ਲਈ ਹੁਣ ਮੈਨੂਅਲ ਟਰਾਈਗਰ ਦਬਾਣ ਦੀ ਜ਼ਰੂਰਤ ਨਹੀਂ ਪਏਗੀ। ਰਿਮੋਟ ਦੀ ਵਰਤੋਂ ਵੀ ਹੌਲੀ-ਹੌਲੀ ਬੰਦ ਹੋ ਜਾਵੇਗੀ। ਸਗੋਂ ਕਿਸੇ ਦੂਰ-ਦੁਰਾਡੀ ਥਾਂ ‘ਤੇ ਧਮਾਕਾ ਖੇਜ ਸਮਗਰੀ ਨੂੰ ਚਲਾਉਣ ਲਈ ਕੋਡਿਡ ਇਨਫਰਮੇਸ਼ਨ ਨੂੰ ਟਰਾਂਸਫਰ ਕਰਨ ਦੀ ਜ਼ਰੂਰਤ ਹੀ ਪਏਗੀ। ਹਜ਼ਾਰਾਂ ਮੀਲ ਦੂਰ ਬੈਠੇ ਵਿਅਕਤੀ ਵੀ ਆਪਣੇ ਵਿਰੋਧੀਆਂ/ਦੁਸ਼ਮਣਾਂ ਖਿਲਾਫ ਅਜਿਹੇ ਹਥਿਆਰਾਂ ਦੀ ਵਰਤੋਂ ਕਰ ਸਕਣਗੇ। ਇਸੇ ਤਰ੍ਹਾਂ ਲੇਜ਼ਰ ਹਥਿਆਰਾਂ ਦੀ ਵਰਤੋਂ ਵੀ ਭਵਿੱਖ ਵਿੱਚ ਆਮ ਹੋ ਜਾਵੇਗੀ।
ਇਸ ਹਾਲਤ ਵਿੱਚ ਜੇ ਸਿਆਸੀ ਸੱਤਾ ਉਤੇ ਪਬਲਿਕ ਕੰਟਰੋਲ ਢਿੱਲਾ ਪੈ ਜਾਂਦਾ ਹੈ ਅਤੇ ਆਪਹੁਦਰੀਆਂ ਤਾਨਾਸ਼ਾਹੀ ਉਸ ਦੀ ਥਾਂ ਲੈ ਲੈਂਦੀਆਂ ਹਨ ਤਾਂ ਇਸ ਕਿਸਮ ਦੇ ਖ਼ਤਰੇ ਹੋਰ ਵੀ ਵਧ ਸਕਦੇ ਹਨ। ਗੁਰਮਤਿ ਅਨੁਸਾਰ ਜਦੋਂ ਰੱਬ ਨੇ ਕਿਸੇ ਨੂੰ ਪੁੱਠੇ ਰਾਹ ਤੋਰਨਾ ਹੋਵੇ ਤਾਂ ਉਸ ਤੋਂ ਚੰਗਿਆਈਆਂ (ਨੇਕੀਆਂ) ਖੋਹ ਲੈਂਦਾ ਹੈ। ਜਿਸ ਪਾਸੇ ਵੱਲ ਦੁਨੀਆਂ ਵਧ ਰਹੀ ਹੈ, ਕੀ ਇਉਂ ਨਹੀਂ ਲਗਦਾ ਕਿ ਵੱਡੀ ਪੱਧਰ ‘ਤੇ ਅਤੇ ਤੇਜ਼ੀ ਨਾਲ ਮਨੁੱਖ ਦੇ ਕੋਲੋਂ ਚੰਗਿਆਈਆਂ ਖੁੱਸ ਰਹੀਆਂ ਹਨ, ਤੇ ਸ਼ੈਤਾਨ ਬਿਰਤੀ ਭਾਰੂ ਹੋ ਰਹੀ ਹੈ? ਅਜਿਹੇ ਵਿੱਚ ਭਲੇ ਦਿਨਾਂ ਦੀ ਆਸ ਲਈ ਅਰਦਾਸ ਹੀ ਕੀਤੀ ਜਾ ਸਕਦੀ ਹੈ।