ਸਰਹੱਦ ਦੇ ਆਰ-ਪਾਰ ਗੂੰਜਦੀਆਂ ਆਵਾਜ਼ਾਂ

ਅਧਿਆਤਮਕ ਰੰਗ ਗੂੰਜਦਾ ਮੈਦਾਨ

ਪੰਜਾਬ ਦੇ ਟੋਟੇ ਹੋਇਆਂ ਨੂੰ ਪੌਣੀ ਸਦੀ ਤੋਂ ਉਤੇ ਦਾ ਸਮਾਂ ਬੀਤ ਗਿਆ ਹੈ। ਓਸ ਕੁਲਹਿਣੀ ਰੁੱਤੇ, ਜੋ ਦਿਲ ਟੁੱਟੇ ਉਨ੍ਹਾਂ ਦਾ ਹਿਸਾਬ ਕੌਣ ਕਰ ਸਕਦੈ? ਬਹੁਤੇ ਲੋਕ ਪੁਰਾਣੀਆਂ ਸਾਂਝਾਂ ਨੂੰ ਯਾਦ ਕਰਦੇ-ਕਰਦੇ, ਕਬਰਾਂ ਅਤੇ ਸਿਵਿਆ ਦੇ ਰਾਹ ਪੈ ਚੁੱਕੇ ਨੇ; ਪਰ ਕਿਤੇ ਨਾ ਕਿਤੇ ਉਦੋਂ ਦੀਆਂ ਪਈਆਂ ਭਾਈਚਾਰਕ ਸਾਂਝਾਂ ਦੀ ਗੂੰਜ ਦੋਹਾਂ ਪੰਜਾਬਾਂ ਦੀ ਫਿਜ਼ਾ ਵਿੱਚ ਹੁਣ ਵੀ ਗੂੰਜਦੀ ਹੈ। ਬਹੁਤੇ ਲੋਕ ਹਾਲੇ ਵੀ ਇਸ ਮਲਾਲ ਵਿੱਚ ਹਨ ਕਿ ਸੰਨ ਸੰਤਾਲੀ ਦੇ ਬਟਵਾਰੇ ਸਮੇਂ ਉਨ੍ਹਾਂ ਦਾ ਬੜਾ ਕੁਝ ਗੁਆਚ ਗਿਆ ਤੇ ਵੱਸਦੇ-ਰਸਦੇ ਟੱਬਰਾਂ ਨੂੰ ਮਜਬੂਰ ਉੱਠਣ ਦਾ ਫ਼ੈਸਲਾ ਲੈਣਾ ਪਿਆ ਸੀ। ਸੰਤਾਲੀ ਦੇ ਬਟਵਾਰੇ ਨਾਲ ਜੁੜੀਆਂ ਅਜਿਹੀਆਂ ਹੀ ਅਭੁੱਲ, ਅਸਹਿ-ਅਕਹਿ ਗੱਲਾਂ ਕੁਝ ਇਸ ਲਹਿਜ਼ੇ ਦੀਆਂ ਹਨ ਕਿ ਪੜ੍ਹ ਕੇ ਦਿਲ ਵਲੂੰਧਰਿਆ ਜਾਂਦਾ ਹੈ…।

ਸਾਂਵਲ ਧਾਮੀ
ਫੋਨ:+91-9781843444

ਜਲੰਧਰ ਜ਼ਿਲ੍ਹੇ ਦੀ ਤਹਿਸੀਲ ਆਦਮਪੁਰ ਦਾ ਦਰਮਿਆਨਾ ਜਿਹਾ ਪਿੰਡ ਹੈ: ਮਨਸੂਰਪੁਰ ਬਡਾਲਾ। ਇਸ ਪਿੰਡ ਦੀਆਂ ਦੋ ਪੱਤੀਆਂ ਹਨ। ਸੰਤਾਲ਼ੀ ਤੋਂ ਪਹਿਲਾਂ ਮਨਸੂਰਪੁਰ ਪੱਤੀ ’ਚ ਗੁੱਜਰ ਤੇ ਬਡਾਲੇ ’ਚ ਨਾਰੂ ਰਾਜਪੂਤ ਵੱਸਦੇ ਸਨ। ਬਡਾਲਾ ਪੱਤੀ ਦਾ ਅੱਲ੍ਹਾ ਬਖ਼ਸ਼ ਖ਼ਾਕਸਾਰ ਪਾਰਟੀ ਦਾ ਸਿਰਕੱਢ ਲੀਡਰ ਹੁੰਦਾ ਸੀ। ਇਹ ਪੰਜ ਭਰਾ ਸਨ। ਵੱਡਾ ਭਰਾ ਮੁਖਤਿਆਰ ਖੇਤੀ-ਬਾੜੀ ਮਹਿਕਮੇ ’ਚ ਅਫ਼ਸਰ ਸੀ। ਇਸ ਨਾਲ਼ੋਂ ਛੋਟਾ ਇਲਾਹੀ ਬਖ਼ਸ਼ ਫੌਜ ’ਚ ਮੇਜਰ ਸੀ ਤੇ ਦੋਵੇਂ ਛੋਟੇ ਭਰਾ ਜਲੰਧਰ ਦੇ ਡੀ.ਏ.ਵੀ. ਕਾਲਜ ’ਚ ਪੜ੍ਹਦੇ ਸਨ।
ਅੱਲ੍ਹਾ ਬਖ਼ਸ਼ ਘੋੜੀ ’ਤੇ ਸਵਾਰ ਹੋ ਕੇ ਪਿੰਡਾਂ ’ਚ ਜਾਂਦਾ। ਲੋਕਾਂ ਨੂੰ ਆਜ਼ਾਦੀ ਦੇ ਸੰਘਰਸ਼ ’ਚ ਸ਼ਾਮਿਲ ਹੋਣ ਲਈ ਪ੍ਰੇਰਿਤ ਕਰਦਾ। ਉਹਦੇ ਯਾਰ ਸਿੱਖ ਹੁੰਦੇ ਸਨ ਤੇ ਬਹੁਤੇ ਨੇੜਲੇ ਪਿੰਡਾਂ ਦੋਲੀਕੇ ਅਤੇ ਦੂਹੜਿਆਂ ਤੋਂ ਸਨ। ਮਨਸੂਰਪੁਰ ਬਡਾਲੇ ’ਚ ਸਿੱਖਾਂ ਦੇ ਦੋ ਹੀ ਘਰ ਸਨ, ਜੋ ਮਿਸਲਾਂ ਵੇਲੇ ਮੋਗੇ ਨੇੜਲੇ ਕਿਸੇ ਪਿੰਡ ਤੋਂ ਆਣ ਕੇ ਇੱਥੇ ਵਸੇ ਸਨ। ਇਨ੍ਹਾਂ ਵਿੱਚੋਂ ਇਕਾਨਵੇਂ ਕੁ ਵਰਿ੍ਹਆਂ ਦੇ ਮਲਕੀਅਤ ਸਿੰਘ ਟਿਵਾਣਾ ਹੁਰੀਂ ਬੀਤੇ ਵਕਤ ਦੀ ਕਹਾਣੀ ਸੁਣਾਉਣ ਲਈ ਮੈਨੂੰ ਮਿਲ ਗਏ ਸਨ।
ਅੱਲ੍ਹਾ ਬਖ਼ਸ਼ ਦਾ ਨਿਕਾਹ ਇਸੀ ਪਿੰਡ ਦੇ ਲੰਬੜਦਾਰ ਦੀ ਧੀ ਇਕਬਾਲ ਬੇਗਮ ਉਰਫ਼ ਬਾਲੋ ਨਾਲ਼ ਹੋਇਆ ਸੀ। ਬਾਲੋ ਹੁਰੀਂ ਤਿੰਨ ਭੈਣਾਂ ਅਤੇ ਇੱਕ ਭਰਾ ਸੀ। ਇਨ੍ਹਾਂ ਦਾ ਬਾਪ ਦਸ ਕੁ ਕਿਲਿ੍ਹਆਂ ਦਾ ਮਾਲਕ ਸੀ, ਪਰ ਅੱਲ੍ਹਾ ਬਖ਼ਸ਼ ਦੇ ਪਿਉ ਦੀ ਜ਼ਮੀਨ ਸੌ ਕਿੱਲੇ ਦੇ ਕਰੀਬ ਸੀ ਅਤੇ ਉਹ ਸੱਤ ਖੂਹਾਂ ਦਾ ਮਾਲਕ ਸੀ।
ਖ਼ਾਕਸਾਰ ਪਾਰਟੀ ਵੰਡ ਦੇ ਬਰਖ਼ਿਲਾਫ਼ ਸੀ। ਅੱਲ੍ਹਾ ਬਖ਼ਸ਼ ਪਾਕਿਸਤਾਨ ਨਹੀਂ ਸੀ ਜਾਣਾ ਚਾਹੁੰਦਾ। ਸੋ ਸੰਤਾਲ਼ੀ ਦੇ ਅਗਸਤ ਮਹੀਨੇ ਉਹ ਟੱਬਰ ਸਮੇਤ ਪਿੰਡ ’ਚ ਟਿਕਿਆ ਰਿਹਾ ਸੀ। ਆਲ਼ੇ-ਦੁਆਲੇ ਦੇ ਪਿੰਡਾਂ ’ਚ ਧਾੜਵੀਆਂ ਤੇ ਲੁਟੇਰਿਆਂ ਨੂੰ ਸਮਝਾਉਂਦਾ ਰਿਹਾ ਸੀ। ਸਿੱਖਾਂ-ਹਿੰਦੂਆਂ ਦੀ ਟੋਲੀ ’ਚ ਉਹ ਇਕੱਲਾ ਮੁਸਲਮਾਨ ਹੁੰਦਾ ਸੀ। ਸ਼ਾਇਦ ਉਨ੍ਹਾਂ ਦਾ ਟੱਬਰ ਟਿਕਿਆ ਰਹਿੰਦਾ, ਪਰ ਧਾੜਵੀਆਂ ਦੀ ਗਿਣਤੀ ਦਿਨੋਂ-ਦਿਨ ਵੱਧਦੀ ਜਾ ਰਹੀ ਸੀ। ਇਲਾਕੇ ਦੇ ਮੁਸਲਮਾਨ ਜੱਟਾਂ ਦੇ ਮਸ਼ਹੂਰ ਪਿੰਡਾਂ ਆਲਮਗੀਰ, ਦੋਰਾਵਾਂ ਤੇ ਕੋਹਜਿਆਂ ’ਤੇ ਹਮਲਾ ਹੋਇਆ ਤਾਂ ਇਸ ਟੱਬਰ ਨੇ ਵੀ ਉੱਠਣ ਦਾ ਫ਼ੈਸਲਾ ਕਰ ਲਿਆ ਸੀ। ਉਨ੍ਹਾਂ ਫ਼ੌਜੀ ਟਰੱਕ ਮੰਗਵਾ ਲਏ ਸਨ। ਅੱਲ੍ਹਾ ਬਖ਼ਸ਼ ਨਾਲ਼ ਜਾਣ ਨੂੰ ਨਹੀਂ ਸੀ ਮੰਨਿਆ, ਸਗੋਂ ਮੌਕੇ ’ਤੇ ਘਰੋਂ ਖਿਸਕ ਗਿਆ ਸੀ। ਉਸਦੀ ਪਤਨੀ ਬਾਲੋ ਨੇ ਵੀ ਉਸਤੋਂ ਬਗੈਰ ਟਰੱਕ ’ਚ ਬੈਠਣ ਤੋਂ ਇਨਕਾਰ ਕਰ ਦਿੱਤਾ ਸੀ।
ਬਾਕੀਆਂ ਨੂੰ ਜਲੰਧਰ ਕੈਂਪ ’ਚ ਪਹੁੰਚਾ ਕੇ ਮੇਜਰ ਇਲਾਹੀ ਬਖ਼ਸ਼ ਟਰੱਕ ਲੈ ਕੇ ਫਿਰ ਪਿੰਡ ਵੱਲ ਮੁੜਿਆ ਸੀ। ਬੀਬੀ ਇਕਬਾਲ ਬੇਗਮ ਦੇ ਕੁੱਛੜ ਸਾਲ ਕੁ ਦਾ ਜਾਵੇਦ ਸੀ। ਇਹ ਨਾਂ ਅੱਲ੍ਹਾ ਬਖ਼ਸ਼ ਦੇ ਸਿੱਖ ਦੋਸਤਾਂ ਨੇ ਰੱਖਿਆ ਸੀ। ਮਨਸੂਰਪੁਰ ਤੇ ਦੂਹੜਿਆਂ ਦੇ ਵਿਚਕਾਰ ਜਿਹੇ ਸਿੱਖਾਂ ਦੀ ਟੋਲੀ ’ਚ ਬੀਬੀ ਬਾਲੋ ਨੇ ਅੱਲ੍ਹਾ ਬਖ਼ਸ਼ ਨੂੰ ਜਾ ਲੱਭਿਆ ਸੀ। ਉਸਨੂੰ ਬਾਹੋਂ ਫੜ ਕੇ ਟਰੱਕ ਵੱਲ ਖਿੱਚਦਿਆਂ ਉਹ ਗੁੱਸੇ ’ਚ ਬੋਲੀ ਸੀ, “ਜੇ ਨਹੀਂ ਜਾਣਾ ਤਾਂ ਆਪਣਾ ਮੁੰਡਾ ਚੁੱਕ ਲੈ।”
ਨਾ ਚਾਹੁੰਦੇ ਹੋਏ ਵੀ ਅੱਲ੍ਹਾ ਬਖ਼ਸ਼ ਟਰੱਕ ’ਤੇ ਚੜ੍ਹ ਗਿਆ ਸੀ। ਉਹ ਜਲੰਧਰ ਤੱਕ ਡੁਸਕਦਾ ਰਿਹਾ ਸੀ। ਉਸਦਾ ਮਨਸੂਰਪੁਰ ਬਡਾਲਾ ਤੇ ਜਾਨ ਤੋਂ ਪਿਆਰੇ ਯਾਰ ਸਦਾ ਲਈ ਵਿਛੜ ਗਏ ਸਨ। ਉਹ ਪਿੰਡ ਬਹੁਤ ਦੂਰ ਰਹਿ ਗਏ ਸਨ, ਜਿਨ੍ਹਾਂ ਪਿੰਡਾਂ ਦੇ ਕਿਸਾਨ ਉਸਦੀ ਘੋੜੀ ਮੂਹਰੇ ਛੋਲਿਆਂ ਦੇ ਢੇਰ ਲਗਾ ਦਿੰਦੇ ਸਨ। ਇਹ ਉਹ ਆਜ਼ਾਦੀ ਬਿਲਕੁਲ ਨਹੀਂ ਸੀ, ਜਿਸ ਲਈ ਉਹ ਜੇਲ੍ਹਾਂ ਕੱਟਦਾ ਰਿਹਾ ਸੀ।
ਗੁੱਜਰਾਂਵਾਲਾ ਦੇ ਕਿਲਾ ਦੀਦਾਰ ਸਿੰਘ ਲਾਗਲੇ ਪਿੰਡ ਚਾਹਲ ਕਲਾਂ ’ਚ ਅੱਲਾ ਬਖ਼ਸ਼ ਦੇ ਟੱਬਰ ਨੂੰ ਸਭ ਨਾਲ਼ੋਂ ਵੱਡਾ ਘਰ ਅਲਾਟ ਹੋ ਗਿਆ ਸੀ। ਜ਼ਮੀਨ ਬਦਲੇ ਜ਼ਮੀਨ ਵੀ ਮਿਲ ਗਈ ਸੀ। ਜ਼ਿੰਦਗੀ ਹੌਲ਼ੀ-ਹੌਲ਼ੀ ਪੈਰਾਂ ’ਤੇ ਆਉਣ ਲੱਗ ਪਈ ਸੀ। ਉੱਜੜ ਕੇ ਆਏ ਲੋਕਾਂ ਦੀ ਮਹਿਫ਼ਿਲ ਦਾ ਰੂਹ-ਏ-ਰਵਾਂ ਅੱਲ੍ਹਾ ਬਖ਼ਸ਼ ਬਹੁਤੀਆਂ ਗੱਲਾਂ ਆਪਣੇ ਇਲਾਕੇ ‘ਦੋਨੇ’ ਦੀਆਂ ਕਰਦਾ। ਆਪਣੇ ਸਿੱਖ ਦੋਸਤਾਂ ਦੀਆਂ ਕਹਾਣੀਆਂ ਸੁਣਾਉਂਦਾ। ਖ਼ਾਕਸਾਰ ਪਾਰਟੀ ਦੀਆਂ ਸਰਗਰਮੀਆਂ ਕਾਰਨ ਕੱਟੀਆਂ ਜੇਲ੍ਹਾਂ ਦੇ ਕਿੱਸੇ ਦੱਸਦਾ। ਉਸਦੀਆਂ ਗੱਲਾਂ ਸੁਣਨ ’ਚ ਰੁੱਝੇ ਲੋਕ ਰੋਟੀ ਖਾਣੀ ਭੁੱਲ ਜਾਂਦੇ ਸਨ।
ਉਹ ਜਾਵੇਦ, ਜਿਸਦਾ ਨਾਂ ਉਸਦੇ ਸਿੱਖ ਦੋਸਤਾਂ ਨੇ ਰੱਖਿਆ ਸੀ, ਦੁਨੀਆਂ ਤੋਂ ਛੇਤੀਂ ਤੁਰ ਗਿਆ ਸੀ। ਉਸ ਤੋਂ ਬਾਅਦ ਜਦੋਂ ਪੁੱਤਰ ਨੇ ਜਨਮ ਲਿਆ ਤਾਂ ਅੱਲ੍ਹਾ ਬਖ਼ਸ਼ ਉਸਦਾ ਨਾਂ ਆਪਣੇ ਸਿੱਖ ਦੋਸਤ ਵਾਲ਼ਾ ਰੱਖਣਾ ਚਾਹੁੰਦਾ ਸੀ। ਉਸਦੀ ਬੇਗਮ ਨਹੀਂ ਸੀ ਮੰਨੀ। ਇਸ ਤੋਂ ਬਾਅਦ ਉਸਦੇ ਘਰ ਤਿੰਨ ਪੁੱਤਰ ਹੋਰ ਪੈਦਾ ਹੋਏ। ਇਕਬਾਲ ਬੇਗਮ ਨੇ ਚਾਰਾਂ ਦੇ ਨਾਂ ਮੁਸਲਮਾਨਾਂ ਵਾਲ਼ੇ ਰੱਖੇ। ਅੱਲ੍ਹਾ ਬਖ਼ਸ਼ ਨੇ ਆਪਣੇ ਯਾਰਾਂ ਦੇ ਨਾਂ ’ਤੇ ਉਨ੍ਹਾਂ ਦੇ ਵੱਖਰੇ ਨਾਂ ਰੱਖੇ ਹੋਏ ਸਨ। ਫਰਿਆਦ ਖਾਂ ਦਾ ਬੰਤਾ ਸਿੰਘ, ਮੁਨੱਵਰ ਖਾਂ ਦਾ ਕਿਸ਼ਨ ਸਿੰਘ, ਤਾਰਿਕ ਮਹਿਮੂਦ ਖਾਂ ਦਾ ਉਗਾਜਰ ਸਿੰਘ ਤੇ ਬਹਿਬਲ ਖਾਂ ਦਾ ਟਹਿਲ ਸਿੰਘ।
“ਓਏ ਟਹਿਲ ਸਿਹਾਂ, ਇਧਰ ਆ ਓਏ।” ਉਸਦੀ ਆਵਾਜ਼ ਸ਼ਗਨ ਸਿੰਘ ਚਾਹਲ ਦੇ ਘਰ ਅੰਦਰ ਗੂੰਜਦੀ ਰਹਿੰਦੀ। ਉਹ ਸ਼ਗਨ ਸਿੰਘ, ਜਿਸ ਕੋਲ਼ੋਂ ਸੰਤਾਲ਼ੀ ਨੇ ਚਾਹਲ ਕਲਾਂ ਵਾਲ਼ਾ ਘਰ ਖੋਹ ਲਿਆ ਸੀ। ਕੋਈ ਪੈਂਤੀ ਕੁ ਵਰਿ੍ਹਆਂ ਬਾਅਦ, ਸ਼ਗਨ ਸਿੰਘ ਵ੍ਹੀਲ ਚੇਅਰ ’ਤੇ ਬੈਠ ਆਪਣਾ ਉਹ ਘਰ ਵੇਖਣ ਗਿਆ ਸੀ।
“ਜੀਣਾ ਤਾਂ ਨਸੀਬ ਨਹੀਂ ਹੋਇਆ, ਕਾਸ਼ ਮੈਂ ਇੱਥੇ ਮਰ ਸਕਦਾ!” ਇਹ ਆਖ ਭੁੱਬੀਂ ਰੋ ਪਿਆ ਸੀ ਉਹ।
“ਤੁਹਾਡਾ ਘਰ ਹੈ ਸਰਦਾਰ ਜੀ। ਤੁਸੀਂ ਜੰਮ-ਜੰਮ ਰਹੋ, ਘਰ ਆਪਣੇ।” ਉਸਨੂੰ ਬਾਹਵਾਂ ’ਚ ਲੈਂਦਿਆ ਮੌਲਾ ਬਖ਼ਸ਼ ਵੀ ਰੋ ਪਿਆ ਸੀ। ਉਸਨੂੰ ਮਨਸੂਰਪੁਰ ਬਡਾਲੇ ਵਾਲ਼ਾ ਘਰ ਯਾਦ ਆ ਗਿਆ ਸੀ। ਉਹ ਘਰ ਜਿਸ ’ਚ ਲਾਇਲਪੁਰ ਦੇ ਸਭ ਨਾਲ਼ੋਂ ਵੱਡੇ ਚੱਕ ਡਿਜ਼ਕੋਟ ਤੋਂ ਗਏ ਮਾਣਕੀਏ ਢਿੱਲੋਂ ਵਸ ਰਹੇ ਸਨ।
ਅੱਲ੍ਹਾ ਬਖ਼ਸ਼ ਨੂੰ ਦੁਨੀਆਂ ਤੋਂ ਗਿਆਂ ਦਸ ਵਰ੍ਹੇ ਗੁਜ਼ਰ ਗਏ ਨੇ। ਬੀਬੀ ਬਾਲੋ ਦਾ ਭਰਾ ਖੁਰਸ਼ੈਦ ਤੇ ਸਭ ਨਾਲ਼ੋਂ ਵੱਡੀ ਭੈਣ ਵੀ ਦੁਨੀਆਂ ਤੋਂ ਰੁਖ਼ਸਤ ਹੋ ਚੁੱਕੇ ਹਨ। ਵਿਚਕਾਰਲੀਆਂ ਦੋਵੇਂ ਭੈਣਾਂ ਬੀਬੀ ਬਾਲੋ ਤੇ ਹਮੀਦਾ ਪਿੰਡ ਚਾਹਲ ਕਲਾਂ ਵਿੱਚ ਵੱਸਦੀਆਂ ਪਈਆਂ ਨੇ। ਮੈਂ ਇਨ੍ਹਾਂ ਦੋਹਾਂ ਭੈਣਾਂ ਦੀ ਗੱਲਬਾਤ, ਉਨ੍ਹਾਂ ਦੇ ਸਾਬਕਾ ਗੁਆਂਢੀ ਮਲਕੀਅਤ ਸਿੰਘ ਹੁਰਾਂ ਨਾਲ਼ ਕਰਵਾਈ।
ਗੱਲਾਂ ਕਰਦੇ-ਕਰਦੇ ਇਹ ਬਜ਼ੁਰਗ ਪੌਣੀ ਸਦੀ ਪਿਛਾਂਹ ਵੱਲ ਪਰਤ ਗਏ। ਇਹ ਦੋਵੇਂ ਮਲਕੀਅਤ ਸਿੰਘ ਦੀਆਂ ਭੈਣਾਂ ਦੀਆਂ ਸਹੇਲੀਆਂ ਹੁੰਦੀਆਂ ਸਨ। ਉਨ੍ਹਾਂ ਇੱਕ-ਇੱਕ ਸਹੇਲੀ ਦਾ ਨਾਂ ਲੈ ਕੇ ਹਾਲ-ਚਾਲ ਪੁੱਛਿਆ। ਇੱਧਰੋਂ ਮੌਤ ਦੀਆਂ ਮਨਹੂਸ ਖ਼ਬਰਾਂ ਅਤੇ ਓਧਰੋਂ ਹਉਕੇ ਹੁੰਗਾਰਾ ਭਰਦੇ ਰਹੇ।
“ਤੈਨੂੰ ਯਾਦ ਆ ਮਲਕੀਅਤ, ਅਸੀਂ ਬਹੁਤ ਸੋਹਣੀਆਂ ਹੁੰਦੀਆਂ ਸਾਂ। ਲੋਕਾਂ ਕਹਿਣਾ ਲੰਬੜ ਦੀਆਂ ਕੁੜੀਆਂ ਨੂੰ ਤਾਂ ਸੁੱਕੇ ਟੁੱਕਰ ਵੀ ਲੱਗੀ ਜਾਂਦੇ ਆ। ਬੜਾ ਆਸਰਾ ਰਿਹਾ, ਤੁਹਾਡੇ ਟੱਬਰ ਦਾ। ਜਦੋਂ ਕੋਹਜਿਆਂ ’ਤੇ ਹਮਲਾ ਹੋਇਆ ਤਾਂ ਅਸੀਂ ਤੁਹਾਡੇ ਘਰ ਲੁਕੇ ਸਾਂ। ਅਗਲੇ ਦਿਨ ਕੁਝ ਬੰਦੇ ਸਾਡੇ ਪਿੰਡ ਵੀ ਆ ਗਏ ਸੀ। ਚਾਚੀ ਸ਼ੈਦ ਕਿਤੇ ਗਈ ਹੋਈ ਸੀ, ਉਸ ਦਿਨ। ਮੈਂ ਹੀ ਮੱਝ ਚੋਈ ਸੀ। ਚਾਚਾ ਨਾਲ਼ ਗਿਆ ਸੀ ਮੇਰੇ। ਬਹੁਤ ਉਦਾਸ ਸੀ ਉਹ। ਕਹਿਣ ਲੱਗਾ- ਧੀਏ, ਸੋਚਿਆ ਨਹੀਂ ਸੀ, ਤੁਹਾਨੂੰ ਇਉਂ ਉੱਜੜ ਕੇ ਜਾਣਾ ਪਵੇਗਾ। ਮੈਂ ਰੋਣ ਲੱਗ ਪਈ ਸਾਂ। ਚਾਚਾ ਵੀ ਡੁਸਕਦਾ ਹੋਇਆ ਪਿੱਛੇ-ਪਿੱਛੇ ਤੁਰਦਾ ਆ ਰਿਹਾ ਸੀ। ਉਸ ਦਿਨ ਪਹਿਲੀ ਤੇ ਆਖ਼ਰੀ ਵਾਰ ਮੈਂ ਤੁਹਾਡੇ ਚੌਂਕੇ ’ਤੇ ਚੜ੍ਹੀ ਸਾਂ। ਮੈਂ ਹੀ ਦੁੱਧ ਗਰਮ ਕੀਤਾ ਸੀ। ਚਾਚੇ ਨੇ ਤੇ ਸੁਰਜੀਤ ਨੇ ਸਾਰਿਆਂ ਨੂੰ ਵਰਤਾਇਆ ਸੀ। ਸਮਝਾ-ਬੁਝਾ ਕੇ ਚਾਚੇ ਨੇ ਹਮਲਾਵਰ ਮੋੜ ਦਿੱਤੇ ਸੀ!” ਹਮੀਦਾ ਬੀਬੀ ਫੁੱਟ-ਫੁੱਟ ਕੇ ਰੋ ਪਈ ਸੀ। ਮਲਕੀਅਤ ਸਿੰਘ ਹੁਰਾਂ ਦੀਆਂ ਅੱਖਾਂ ’ਚ ਵੀ ਅੱਥਰੂ ਛਲਕ ਆਏ ਸਨ।
“ਹੁਣ ਮੇਰਾ ਚੂਲ਼ਾ ਉਤਰਿਆ ਪਿਆ। ਮੇਰੇ ਕੋਲ਼ੋਂ ਤੁਰ ਨਹੀਂ ਹੁੰਦਾ, ਮਲਕੀਤ!” ਹਮੀਦਾ ਬੀਬੀ ਅਗਾਂਹ ਬੋਲੀ ਸੀ।
“ਮੇਰੀਆਂ ਲੱਤਾਂ ਕਿਹੜੀਆਂ ਕੰਮ ਕਰਦੀਆਂ ਨੇ, ਹਮੀਦਾ! ਏਧਰ ਵੀ ਤੁਰਨਾ ਮੁਸ਼ਕਲ ਹੋਇਆ ਪਿਆ!” ਫਿੱਕਾ ਜਿਹਾ ਹੱਸਦਿਆਂ ਮਲਕੀਅਤ ਸਿੰਘ ਹੁਰਾਂ ਜਵਾਬ ਦਿੱਤਾ ਸੀ।
ਕੋਈ ਡੇਢ ਘੰਟਾ ਉਹ ਪੁਰਾਣੇ ਪਿੰਡ, ਆਪਸੀ ਮੋਹ ਅਤੇ ਤੁਰ ਗਏ ਚਿਹਰਿਆਂ ਦੀਆਂ ਗੱਲਾਂ ਕਰਦੇ ਰਹੇ ਸਨ। ਬਹੁਤੀਆਂ ਗੱਲਾਂ ਅੱਲ੍ਹਾ ਬਖ਼ਸ਼ ਦੀ ਟੌਹਰ ਤੇ ਉਸਦੇ ਪਿੰਡ ਅਤੇ ਇਲਾਕੇ ਨਾਲ਼ ਮੋਹ ਦੀਆਂ ਹੁੰਦੀਆਂ ਰਹੀਆਂ ਸਨ। ਉਨ੍ਹਾਂ ਦੀਆਂ ਗੱਲਾਂ ਸੁਣਦਿਆਂ, ਮੈਂ ਵੀ ਅੰਦਰੋਂ-ਅੰਦਰੀਂ ਰੋਂਦਾ ਰਿਹਾ ਸਾਂ।
ਪੰਜਾਬ ਦੇ ਟੋਟੇ ਹੋਇਆਂ ਪੌਣੀ ਸਦੀ ਲੰਘ ਗਈ ਹੈ। ਓਸ ਕੁਲਹਿਣੀ ਰੁੱਤੇ, ਜੋ ਦਿਲ ਟੁੱਟੇ ਉਨ੍ਹਾਂ ਦਾ ਹਿਸਾਬ ਕੌਣ ਕਰ ਸਕਦੈ? ਬਹੁਤੇ ਲੋਕ ਪੁਰਾਣੀਆਂ ਸਾਂਝਾਂ ਨੂੰ ਯਾਦ ਕਰਦੇ-ਕਰਦੇ, ਕਬਰਾਂ ਅਤੇ ਸਿਵਿਆ ਦੇ ਰਾਹ ਪੈ ਚੁੱਕੇ ਨੇ। ਅਗਰ ਕੋਈ ਮਹਿਸੂਸ ਕਰ ਸਕੇ ਤਾਂ ਅੱਲ੍ਹਾ ਬਖ਼ਸ਼ ਵਰਗੇ ਸੱਚੇ-ਸੁੱਚੇ ਪੰਜਾਬੀਆਂ ਦੀਆਂ, ਪੁੱਤਰਾਂ ਦੇ ਬਹਾਨੇ ਯਾਰਾਂ ਨੂੰ ਮਾਰੀਆਂ ਆਵਾਜ਼ਾਂ, ਅੱਜ ਵੀ ਸਰਹੱਦ ਦੇ ਆਰ-ਪਾਰ ਗੂੰਜ ਰਹੀਆਂ ਨੇ।

Leave a Reply

Your email address will not be published. Required fields are marked *