ਸ਼ਰੀਫ਼-ਫ਼ੌਜ ਗੱਠਜੋੜ ਲੋਕਤੰਤਰ ਦੇ ਰਾਹ ਵਿੱਚ ਰੁਕਾਵਟ

ਸਿਆਸੀ ਹਲਚਲ

ਕਿੱਸਾ ਵਾਹਗਿਓਂ ਪਾਰ ਦਾ…
ਪੁਸ਼ਪਰੰਜਨ (ਸੀਨੀਅਰ ਪੱਤਰਕਾਰ)
ਇਮਰਾਨ ਖਾਨ ਅਜੇ ਵੀ ਪਾਕਿਸਤਾਨ ਦੀਆਂ ਸਲਾਖਾਂ ਪਿੱਛੇ ਹੈ। ਬਾਹਰ ਕਦੋਂ ਆਵੇਗਾ? ਕਹਿਣਾ ਮੁਸ਼ਕਿਲ ਹੈ। ਉਸ ਦੇ ਬਹੁਤ ਸਾਰੇ ਸਮਰਥਕਾਂ ਦਾ ਮੰਨਣਾ ਹੈ ਕਿ ਇਮਰਾਨ ਵਿਰੁੱਧ ਰਾਜਨੀਤਿਕ ਤੌਰ `ਤੇ ਪ੍ਰੇਰਿਤ ਦੋਸ਼ ਲਗਾਏ ਗਏ ਹਨ। ਜਨਵਰੀ 2025 ਵਿੱਚ ਉਸਨੂੰ 14 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ, ਜਿਸ ਕਾਰਨ ਉਸਨੂੰ ਅਤੇ ਉਸਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀ.ਟੀ.ਆਈ.) ਉਸ ਸਮੇਂ ਸਰਕਾਰ ਨਾਲ ਸੁਲ੍ਹਾ-ਸਫਾਈ ਵਾਰਤਾਵਾਂ ਨੂੰ ਛੱਡਣ ਲਈ ਮਜਬੂਰ ਹੋ ਗਈ ਸੀ। ਜੰਗ ਤੋਂ ਬਾਅਦ ਸ਼ਾਹਬਾਜ਼ ਸ਼ਰੀਫ਼ ਦਾ ਫੰਦਾ ਹੋਰ ਮਜ਼ਬੂਤ ਹੋ ਗਿਆ ਹੈ। ਫੌਜ ਨਾਲ ਹੋਏ ਸਮਝੌਤੇ ਨੇ ਸ਼ਾਹਬਾਜ਼ ਸ਼ਰੀਫ ਦੀ ਸਥਿਤੀ ਨੂੰ ਮਜ਼ਬੂਤ ਕੀਤਾ ਹੈ, ਇਹ ਪਾਕਿਸਤਾਨ ਵਿੱਚ ਵਿਰੋਧੀ ਧਿਰ ਲਈ ਚਿੰਤਾ ਦਾ ਵਿਸ਼ਾ ਹੈ।

ਇਮਰਾਨ ਖਾਨ ਨੂੰ ਅਪਰੈਲ 2022 ਵਿੱਚ ਸੰਸਦੀ ਵਿਸ਼ਵਾਸ ਵੋਟ ਵਿੱਚ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਅਗਸਤ 2023 ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ। ਅਧਿਕਾਰੀ ਉਸ ਵਿਰੁੱਧ ਕਈ ਮਾਮਲਿਆਂ ਦੀ ਜਾਂਚ ਕਰ ਰਹੇ ਹਨ, ਜਿਨ੍ਹਾਂ ਵਿੱਚ ਭ੍ਰਿਸ਼ਟਾਚਾਰ, ਸ਼ਕਤੀ ਦੀ ਦੁਰਵਰਤੋਂ ਅਤੇ ਰਾਜ ਵਿਰੁੱਧ ਹਿੰਸਾ ਭੜਕਾਉਣ ਦੇ ਦੋਸ਼ ਸ਼ਾਮਲ ਹਨ। ਪੀ.ਟੀ.ਆਈ. ਦਾ ਦਾਅਵਾ ਹੈ ਕਿ ਇਮਰਾਨ ਖਾਨ ਵਿਰੁੱਧ ਸਾਰੇ ਮਾਮਲੇ ਰਾਜਨੀਤੀ ਤੋਂ ਪ੍ਰੇਰਿਤ ਹਨ। ਇਮਰਾਨ ਖਾਨ ਨੇ ਖੁਦ ਫੌਜੀ ਨੇਤਾਵਾਂ `ਤੇ ‘ਵਿਦੇਸ਼ੀ ਸਾਜ਼ਿਸ਼’ ਦੇ ਆਧਾਰ `ਤੇ ਉਸ ਨੂੰ ਅਹੁਦੇ ਤੋਂ ਹਟਾਉਣ ਦਾ ਦੋਸ਼ ਲਾਇਆ ਸੀ। ਉਸਨੇ ਪਾਕਿਸਤਾਨ ਦੇ ਸ਼ਕਤੀਸ਼ਾਲੀ ਜਰਨੈਲਾਂ ਦੀ ਖੁੱਲ੍ਹ ਕੇ ਆਲੋਚਨਾ ਕੀਤੀ। ਇਮਰਾਨ ਖਾਨ ਦੇ ਬਿਆਨ `ਤੇ ਫੌਜ ਦੇ ਉੱਚ ਅਧਿਕਾਰੀ ਗੁੱਸੇ ਵਿੱਚ ਸਨ; ਹਾਲਾਂਕਿ ਫੌਜੀ ਜਨਰਲ ਰਾਜਨੀਤੀ ਵਿੱਚ ਦਖਲ ਦੇਣ ਤੋਂ ਇਨਕਾਰ ਕਰਦੇ ਹਨ। ਇਸ ਤਰ੍ਹਾਂ ਫੌਜੀ ਜਰਨੈਲ ਵੀ ਸ਼ਾਹਬਾਜ਼ ਸ਼ਰੀਫ ਦੁਆਰਾ ਆਪਣੇ ਦੇਸ਼ ਵਿੱਚ ਸ਼ੁਰੂ ਕੀਤੀ ਗਈ ਫੌਜੀ ਕਾਰਵਾਈ ਦੀ ਬੇਸ਼ਰਮ ਰਾਜਨੀਤੀ ਦਾ ਸਮਰਥਨ ਕਰਦੇ ਹਨ।
ਸ਼ਾਹਬਾਜ਼ ਅਤੇ ਜਨਰਲ ਅਸੀਮ ਮੁਨੀਰ ਦੀ ਜਨਤਾ ਵਿੱਚ ਬਣ ਰਹੀ ਤਸਵੀਰ ਅਨੁਸਾਰ ‘ਪਾਕਿਸਤਾਨ ਫੌਜ ਨੇ ਭਾਰਤ ਦੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਦਾ ਸਖ਼ਤ ਜਵਾਬ ਦਿੱਤਾ ਹੈ।’ ਗੈਲਪ ਪਾਕਿਸਤਾਨ ਦੁਆਰਾ ਕਰਵਾਏ ਗਏ ਇੱਕ ਜਾਅਲੀ ਪੋਲ ਵਿੱਚ ਦੱਸਿਆ ਗਿਆ ਹੈ ਕਿ ਸੰਘਰਸ਼ ਤੋਂ ਬਾਅਦ, 93 ਪ੍ਰਤੀਸ਼ਤ ਉੱਤਰਦਾਤਾਵਾਂ ਦਾ ਫੌਜ ਪ੍ਰਤੀ ਵਧੇਰੇ ਅਨੁਕੂਲ ਵਿਚਾਰ ਸੀ। ਇਸ ਸੰਖੇਪ ਟਕਰਾਅ ਨੇ ਸ਼ਾਹਬਾਜ਼ ਸ਼ਰੀਫ ਦੀ ਸਰਕਾਰ ਨੂੰ ਪਾਕਿਸਤਾਨ ਦੀ ਫੌਜ ਦੇ ਮੁਖੀ ਅਤੇ ਇਮਰਾਨ ਖਾਨ ਦੇ ਕਥਿਤ ਵਿਰੋਧੀ ਜਨਰਲ ਅਸੀਮ ਮੁਨੀਰ ਨੂੰ ਤਰੱਕੀ ਦੇਣ ਲਈ ਵੀ ਪ੍ਰੇਰਿਤ ਕੀਤਾ। ਮੁਨੀਰ ਨੂੰ ਉਸਦੀ ‘ਰਣਨੀਤਕ ਪ੍ਰਤਿਭਾ ਅਤੇ ਦਲੇਰ ਲੀਡਰਸ਼ਿਪ’ ਲਈ ਫੀਲਡ ਮਾਰਸ਼ਲ ਦਾ ਨਾਮ ਦਿੱਤਾ ਗਿਆ ਸੀ, ਇਹ ਦ੍ਰਿਸ਼ ਪਹਿਲਾਂ ਹੀ ਲਿਖਿਆ ਜਾ ਚੁੱਕਾ ਸੀ।
ਮਸ਼ਹੂਰ ਪਾਕਿਸਤਾਨੀ ਪੱਤਰਕਾਰ ਨਜਮ ਸੇਠੀ ਕਹਿੰਦੇ ਹਨ, ‘ ਇਮਰਾਨ ਖਾਨ ਦਾ ਥੋੜ੍ਹੇ ਸਮੇਂ ਦਾ ਭਵਿੱਖ ਧੁੰਦਲਾ ਹੈ।’ ਫੌਜੀ ਲੀਡਰਸ਼ਿਪ ਉਨ੍ਹਾਂ ਨੂੰ ਕੋਈ ਅਜਿਹਾ ਪ੍ਰਬੰਧ ਦੇਣ ਲਈ ਪ੍ਰੇਰਿਤ ਜਾਂ ਮਜਬੂਰ ਨਹੀਂ ਹੈ, ਜੋ ਉਨ੍ਹਾਂ ਦੀ ਸੱਤਾ ਵਿੱਚ ਵਾਪਸੀ ਦਾ ਰਾਹ ਪੱਧਰਾ ਕਰੇ। ਇਸ ਦੇ ਉਲਟ, ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਨੇਤਾ ਸ਼ੇਖ ਵੱਕਾਰ ਅਕਰਮ ਕਹਿੰਦੇ ਹਨ, ‘ਬਿਨਾ ਸ਼ੱਕ ਇਮਰਾਨ ਖਾਨ ਦਾ ਭਵਿੱਖ ਉੱਜਵਲ ਹੈ।’ ਪਾਕਿਸਤਾਨ ਦੇ 24 ਕਰੋੜ ਲੋਕਾਂ ਦਾ ਉਨ੍ਹਾਂ ਨੀਤੀਆਂ ਵਿੱਚ ਅਟੁੱਟ ਵਿਸ਼ਵਾਸ ਹੈ, ਜੋ ਪਾਕਿਸਤਾਨ ਨੂੰ ਬਹੁ-ਆਯਾਮੀ ਸੰਕਟ ਵਿੱਚੋਂ ਬਾਹਰ ਕੱਢਣਗੀਆਂ।
ਪਰ ਕੀ ਇਮਰਾਨ ਖਾਨ ਨੂੰ ਇਸ ਮੁਸੀਬਤ ਵਿੱਚੋਂ ਕੱਢਣ ਲਈ ਪਿਛਲੇ ਦਰਵਾਜ਼ੇ ਰਾਹੀਂ ਕੋਈ ਚਰਚਾ ਚੱਲ ਰਹੀ ਹੈ? ਇਮਰਾਨ ਖਾਨ ਨੇ ਸਰਕਾਰ ਅਤੇ ਫੌਜ ਨਾਲ ਅਜਿਹੀ ਕਿਸੇ ਵੀ ਗੱਲਬਾਤ ਤੋਂ ਇਨਕਾਰ ਕੀਤਾ ਹੈ। ਪਿਛਲੇ ਹਫ਼ਤੇ ਇਮਰਾਨ ਖਾਨ ਨੇ ਇੱਕ ਔਨਲਾਈਨ ਪੋਸਟ ਵਿੱਚ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਨੂੰ ਅਜਿਹੀ ਕਿਸੇ ਵੀ ਗੱਲਬਾਤ ਲਈ ਸੰਪਰਕ ਕੀਤਾ ਗਿਆ ਸੀ। ਉਸ ਨੇ ਗੱਲਬਾਤ ਦੀਆਂ ਰਿਪੋਰਟਾਂ ਨੂੰ ‘ਪੂਰੀ ਤਰ੍ਹਾਂ ਝੂਠੀਆਂ’ ਦੱਸਿਆ। ਰਾਜਨੀਤਿਕ ਟਿੱਪਣੀਕਾਰ ਅਸਮਾ ਸ਼ਿਰਾਜ਼ੀ ਅਨੁਸਾਰ, ‘ਇਮਰਾਨ ਖਾਨ ਦਾ ਭਵਿੱਖ ਕਾਫ਼ੀ ਹੱਦ ਤੱਕ ਉਸਦੇ ਆਪਣੇ ਵਿਹਾਰ `ਤੇ ਨਿਰਭਰ ਕਰਦਾ ਹੈ।… ਉਹ ਇਸ ਵੇਲੇ ਆਪਣੀ ਰਿਹਾਈ ਲਈ ਗੱਲਬਾਤ ਕਰਨ ਦੀ ਸਥਿਤੀ ਵਿੱਚ ਨਹੀਂ ਹੈ, ਜਿਵੇਂ ਕਿ ਉਹ ਮਹੀਨੇ ਪਹਿਲਾਂ ਸੀ।’
ਪੀ.ਟੀ.ਆਈ. ਵਿੱਚ ਸੂਚਨਾ ਸਕੱਤਰ ਵਜੋਂ ਸੇਵਾ ਨਿਭਾਉਂਦਾ ਅਕਰਮ ਨਰਮ ਰੁਖ਼ ਅਪਣਾਉਂਦਾ ਕਹਿੰਦਾ ਹੈ ਕਿ ਪਾਕਿਸਤਾਨ ਦੀਆਂ ਹਥਿਆਰਬੰਦ ਫੌਜਾਂ ਸੰਵਿਧਾਨ ਦੇ ਤਹਿਤ ਗੈਰ-ਪੱਖਪਾਤੀ ਅਤੇ ਗੈਰ-ਸਿਆਸੀ ਹਨ। ਇਸ ਬਿਆਨ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੀ.ਟੀ.ਆਈ. ਪਿੱਛੇ ਰਹਿ ਗਈ ਹੈ। ਉਨ੍ਹਾਂ ਦੇ ਸਮਰਥਕ ਸਥਾਪਤੀ ਦੁਆਰਾ ਦਮਨ ਦੇ ਡਰੋਂ ਅਰਥਪੂਰਨ ਸੜਕੀ ਵਿਰੋਧ ਪ੍ਰਦਰਸ਼ਨ ਸ਼ੁਰੂ ਕਰਨ ਅਤੇ ਉਨ੍ਹਾਂ ਨੂੰ ਕਾਇਮ ਰੱਖਣ ਵਿੱਚ ਅਸਮਰੱਥ ਜਾਪਦੇ ਹਨ। ਅਕਰਮ ਅਨੁਸਾਰ, ‘ਭਾਰਤ ਨਾਲ ਹਾਲ ਹੀ ਵਿੱਚ ਹੋਏ ਟਕਰਾਅ ਤੋਂ ਬਾਅਦ ਚੇਅਰਮੈਨ ਇਮਰਾਨ ਖਾਨ ਦੀ ਗੈਰ-ਕਾਨੂੰਨੀ ਕੈਦ ਤੋਂ ਰਿਹਾਈ ਨੂੰ ਫੌਜ ਦੀ ਪ੍ਰਸਿੱਧੀ ਨਾਲ ਜੋੜਨਾ ਸਾਡੇ ਵਿਚਾਰ ਨਾਲ ਮੇਲ ਨਹੀਂ ਖਾਂਦਾ।’
ਦਰਅਸਲ, ਪੀ.ਟੀ.ਆਈ. ਇਸ ਸਮੇਂ ਲੀਡਰਸ਼ਿਪ ਸੰਕਟ ਦਾ ਸਾਹਮਣਾ ਕਰ ਰਹੀ ਹੈ। ਸਾਬਕਾ ਪ੍ਰਧਾਨ ਮੰਤਰੀ ਦੇ ਜੇਲ੍ਹ ਵਿੱਚ ਹੋਣ ਨਾਲ ਪਾਰਟੀ ਦੇ ਅੰਦਰ ਦਰਾੜਾਂ ਤੇਜ਼ੀ ਨਾਲ ਦਿਖਾਈ ਦੇਣ ਲੱਗ ਪਈਆਂ ਹਨ। ਪਾਰਟੀ ਦੇ ਅੰਦਰ ਧੜੇ ਬਣਾਉਣ ਵਾਲੇ ਆਗੂ ਵਿਰੋਧੀ ਏਜੰਡਿਆਂ `ਤੇ ਕੰਮ ਕਰ ਰਹੇ ਹਨ। ਕਈ ਰਿਪੋਰਟਾਂ ਨੇ ਪੀ.ਟੀ.ਆਈ. ਦੇ ਚੋਟੀ ਦੇ ਨੇਤਾਵਾਂ, ਜਿਨ੍ਹਾਂ ਵਿੱਚ ਅਸਦ ਕੈਸਰ, ਸ਼ਿਬਲੀ ਫਰਾਜ਼, ਉਮਰ ਅਯੂਬ, ਗੌਹਰ ਅਲੀ ਅਤੇ ਸ਼ੇਰ ਅਫਜ਼ਲ ਸ਼ਾਮਲ ਹਨ, ਵਿਚਕਾਰ ਮਤਭੇਦਾਂ ਨੂੰ ਉਜਾਗਰ ਕੀਤਾ ਹੈ। ਪੀ.ਟੀ.ਆਈ. ਦੇ ਅੰਦਰ ਇੱਕ ਕ੍ਰਿਸ਼ਮਈ ਅਤੇ ਸਪੱਸ਼ਟ ਵਿਅਕਤੀ ਸ਼ੇਰ ਅਫਜ਼ਲ ਨੇ ਪਾਰਟੀ ਲੀਡਰਸ਼ਿਪ ਦੀਆਂ ਨੀਤੀਆਂ `ਤੇ ਆਪਣੇ ਇਤਰਾਜ਼ ਪ੍ਰਗਟ ਕੀਤੇ ਹਨ। ਸ਼ੇਰ ਅਫਜ਼ਲ ਇੱਕ ਵੱਖਰੇ ਧੜੇ ਨਾਲ ਆਪਣੀ ਤਾਕਤ ਦਿਖਾ ਰਹੇ ਹਨ। ਜਿਸ ਤਰ੍ਹਾਂ ਪਾਰਟੀ ਅੰਦਰੂਨੀ ਵਿਵਾਦਾਂ ਦਾ ਸ਼ਿਕਾਰ ਹੈ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਰਾਜਨੀਤਿਕ ਸਲੀਪਰ ਸੈੱਲ ਦੀ ਕਿਤੇ ਨਾ ਕਿਤੇ ਇਸ ਵਿੱਚ ਭੂਮਿਕਾ ਹੈ।
ਇਹ ਦਿਲਚਸਪ ਹੈ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਚਾਰ ਪ੍ਰਮੁੱਖ ਇਸਲਾਮੀ ਦੇਸ਼ਾਂ- ਤੁਰਕੀ, ਈਰਾਨ, ਅਜ਼ਰਬਾਈਜਾਨ ਅਤੇ ਤਜ਼ਾਕਿਸਤਾਨ ਨਾਲ ਸੰਪਰਕ ਕੀਤਾ ਹੈ, ਜੋ ਕਿ ਗੈਰ-ਅਰਬ ਦੇਸ਼ ਵੀ ਹਨ। ਤੁਰਕੀ ਨਾਟੋ ਦਾ ਮੈਂਬਰ ਹੈ, ਜਦੋਂ ਕਿ ਈਰਾਨ ਆਪਣੇ ਆਪ ਨੂੰ ਇੱਕ ਪੱਛਮੀ ਵਿਰੋਧੀ ਦੇਸ਼ ਵਜੋਂ ਪੇਸ਼ ਕਰਦਾ ਹੈ। ਡੋਲਮਾਬਾਹਸੇ ਪੈਲੇਸ ਵਿਖੇ ਸ਼ਾਹਬਾਜ਼ ਸ਼ਰੀਫ ਅਤੇ ਏਰਦੋਗਨ ਦੀ ਮੁਲਾਕਾਤ ਬਾਰੇ ਤੁਰਕੀ ਦੇ ਰੋਜ਼ਾਨਾ ਅਖ਼ਬਾਰ ‘ਸਬਾਹ’ ਨੇ ਕਿਹਾ, ‘ਗੱਲਬਾਤ ਦੋਵਾਂ ਦੇਸ਼ਾਂ ਵਿਚਕਾਰ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ `ਤੇ ਕੇਂਦ੍ਰਿਤ ਸੀ।’ ਦਿਲਚਸਪ ਗੱਲ ਇਹ ਹੈ ਕਿ ਦੋਵਾਂ ਆਗੂਆਂ ਨੇ ‘ਅਤਿਵਾਦ ਵਿਰੁੱਧ ਲੜਾਈ’ ਉਤੇ ਵੀ ਚਰਚਾ ਕੀਤੀ, ਹਾਲਾਂਕਿ ਜਦੋਂ ਉਹ ‘ਅਤਿਵਾਦ’ ਕਹਿੰਦੇ ਹਨ ਤਾਂ ਉਨ੍ਹਾਂ ਦਾ ਮਤਲਬ ਕੁਝ ਹੋਰ ਹੁੰਦਾ ਹੈ। ਅੰਕਾਰਾ ਕੁਰਦਿਸ਼ ਪੀਕੇਕੇ ਨੂੰ ਅਤਿਵਾਦੀ ਦੱਸਦਾ ਹੈ, ਹਾਲਾਂਕਿ ਇਹ ਸਮੂਹ ਹੁਣ ਭੰਗ ਹੋ ਗਿਆ ਹੈ। ਇਸਲਾਮਾਬਾਦ ਬਲੋਚ ਵੱਖਵਾਦੀਆਂ ਦੇ ਯਤਨਾਂ ਨੂੰ ਅਤਿਵਾਦ ਵਜੋਂ ਦੇਖਦਾ ਹੈ।
ਸ਼ਾਹਬਾਜ਼ ਸ਼ਰੀਫ ਦਾ ਈਰਾਨ ਵਿੱਚ ਸੁਪਰੀਮ ਲੀਡਰ ਆਯਤੁੱਲਾ ਅਲੀ ਖਮੇਨੀ ਨੇ ਸਵਾਗਤ ਕੀਤਾ। ਇਹ ਇੱਕ ਪ੍ਰਤੀਕਾਤਮਕ ਮੀਟਿੰਗ ਸੀ, ਜਿਸ ਵਿੱਚ ਈਰਾਨੀ ਰਾਸ਼ਟਰਪਤੀ ਨੇ ਸ਼ਿਰਕਤ ਕੀਤੀ। ਈਰਾਨ ਦੀ ਤਜ਼ਾਕਿਸਤਾਨ ਵਿੱਚ ਇੱਕ ਡਰੋਨ ਫੈਕਟਰੀ ਹੈ, ਜੋ ਕਿ ਮੱਧ ਏਸ਼ੀਆ ਵਿੱਚ ਆਪਣੀ ਪਹੁੰਚ ਵਧਾਉਣ ਦੇ ਉਸਦੇ ਇਰਾਦੇ ਨੂੰ ਦਰਸਾਉਂਦੀ ਹੈ। ਕੀ ਭਾਰਤ ਨੂੰ ਆਪਣੀ ਰਣਨੀਤੀ ਵਿੱਚ ਕੋਈ ਬਦਲਾਅ ਕਰਨਾ ਚਾਹੀਦਾ ਹੈ? ਕੀ ਭਾਰਤ ਨੂੰ ਸੰਪਨਾਥ (ਇਮਰਾਨ ਖਾਨ) ਜਾਂ ਨਾਗਨਾਥ (ਸ਼ਾਹਬਾਜ਼ ਸ਼ਰੀਫ) ਨੂੰ ਚੁਣਨਾ ਚਾਹੀਦਾ ਹੈ? ਇਸ ਸਵਾਲ `ਤੇ ਵਿਚਾਰ ਕਰਨਾ ਜ਼ਰੂਰੀ ਹੈ।

Leave a Reply

Your email address will not be published. Required fields are marked *