-ਅਮਰੀਕ ਸਿੰਘ ਮੁਕਤਸਰ
ਬਾਦਲ ਦਲ ਦਾ ਵਿਰੋਧ ਕਰਨ ਵਾਲੇ ਧੜਿਆਂ ਦਾ ਹੁਣ ਤੱਕ ਇਹ ਮੁੱਖ ਦੋਸ਼ ਰਿਹਾ ਹੈ ਕਿ ਬਾਦਲ ਪਰਿਵਾਰ ਨੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਵਿੱਚ ਬਦਲ ਦਿੱਤਾ ਹੈ। ਇਹ ਵੀ ਦੋਸ਼ ਹੈ ਕਿ ਬਾਦਲਾਂ ਨੇ ਰਾਜਨੀਤੀ ਵਿੱਚ ਪੰਥਕ ਸਰੋਕਾਰਾਂ ਨੂੰ ਤਿਲਾਂਜਲੀ ਦੇ ਕੇ ਸਿੱਖ ਸੰਸਥਾਵਾਂ ਨੂੰ ਹਮੇਸ਼ਾ ਆਪਣੀ ਸਵਾਰਥੀ ਰਾਜਨੀਤੀ ਲਈ ਇਸਤੇਮਾਲ ਕੀਤਾ। ਅਕਾਲੀ ਦਲ ਦੇ ਜਮਹੂਰੀ ਪ੍ਰਬੰਧ ਨੂੰ ਖਤਮ ਕਰਕੇ ਇੱਕ ਕਾਰਪੋਰੇਟ ਕੰਪਨੀ ਦੀ ਤਰ੍ਹਾਂ ਚਲਾਉਣਾ ਅਤੇ ਸਿੱਖ ਸਿਆਸਤ ਨੂੰ ਉਸਦੇ ਮੁੱਖ ਕੇਦਰ ਸ੍ਰੀ ਅੰਮ੍ਰਿਤਸਰ ਸਾਹਿਬ ਨਾਲੋਂ ਤੋੜਨਾ ਵੀ ਇਨ੍ਹਾਂ ਦੋਸ਼ਾਂ ਦਾ ਹਿੱਸਾ ਰਹੇ ਹਨ।
ਬਾਦਲ ਦਲ ਵੱਲੋਂ ਆਪਣਾ ਜਨਰਲ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਕਰਨ ਖਿਲਾਫ ਚੋਣ ਕਮਿਸ਼ਨਰ ਕੋਲ ਸ਼ਿਕਾਇਤਾਂ ਕਰਨ ਵਾਲੇ ਆਗੂ ਅਤੇ ਜਥੇਬੰਦੀਆਂ ਇੱਕ ਬਹੁਤ ਵੱਡੇ ਸਿਧਾਂਤਕ ਕੁਰਾਹੇ ਦੀਆਂ ਸ਼ਿਕਾਰ ਹਨ। ਇਨ੍ਹਾਂ ਲੋਕਾਂ ਦੇ ਬਿਆਨਾਂ ਨੇ ਸਾਬਤ ਕਰ ਦਿੱਤਾ ਕਿ ਸਿੱਖ ਰਾਜਨੀਤੀ ਵਿੱਚ ਕੇਵਲ ਬਾਦਲਾਂ ਦਾ ਬੇੜਾ ਗਰਕ ਨਹੀਂ ਹੋਇਆ, ਸਗੋਂ ਸਭ ਪਾਸੇ ਆਵਾਂ ਊਤ ਗਿਆ ਹੈ। ਮੈਨੂੰ ਨਹੀਂ ਪਤਾ ਕਿ ਅਜਿਹੇ ਬਿਆਨ ਦੇਣ ਵਾਲੇ ਦਿਮਾਗੀ ਦੀਵਾਲੀਏਪਣ ਦਾ ਸ਼ਿਕਾਰ ਹਨ ਜਾਂ ਇਹ ਅਜਿਹੇ ਲੋਕ ਹਨ, ਜਿਨ੍ਹਾਂ ਦੀ ਵਰਤੋਂ ਸਰਕਾਰ ਹਮੇਸ਼ਾ ਸਿੱਖਾਂ ਵਿੱਚ ਸਿਧਾਂਤਕ ਕੁਰਾਹੇ ਖੜ੍ਹੇ ਕਰਨ ਲਈ ਵਰਤਦੀ ਆ ਰਹੀ ਹੈ।
ਸਿੱਖ ਰਾਜਨੀਤੀ ਵਿੱਚ ਸਰਕਾਰ ਵੱਲੋਂ ਆਪਣੇ ਏਜੰਟ, ਮਿਲਵਰਤਨੀਏ ਅਤੇ ਜਾਣਕਾਰੀ ਪ੍ਰਾਪਤ ਕਰਨ ਦੇ ਸਰੋਤ ਪੈਦਾ ਕਰਨ ਦਾ ਸਿਲਸਿਲਾ ਦੇਸ਼ ਦੀ ਆਜ਼ਾਦੀ ਦੇ ਸਮੇਂ ਤੋਂ ਚਲਦਾ ਆ ਰਿਹਾ ਹੈ। ਸਿੱਖ ਭੇਸ ਵਿੱਚ ਕੁਝ ਬੋਗਸ ਜਥੇਬੰਦੀਆਂ ਨੂੰ ਸਥਾਪਤ ਕਰਕੇ ਸਿੱਖਾਂ ਖਿਲਾਫ ਭੁਗਤਾਉਣ ਦਾ ਸਿਲਸਿਲਾ ਵੀ ਬਹੁਤ ਪੁਰਾਣਾ ਹੈ। ਅਕਾਲੀ ਦਲ ਦੇ ਅੰਦਰ ਵੀ ਸਰਕਾਰ ਪੱਖੀ ਆਗੂਆਂ ਦਾ ਇੱਕ ਵਰਗ ਹਮੇਸ਼ਾ ਸਰਗਰਮ ਰੱਖਿਆ ਜਾਂਦਾ ਰਿਹਾ ਹੈ ਤਾਂ ਕਿ ਨਾਜ਼ੁਕ ਮੌਕਿਆਂ ਉਪਰ ਸਰਕਾਰ ਸਿੱਖ ਰਾਜਨੀਤੀ ਨੂੰ ਆਪਣੀ ਇੱਛਾ ਮੁਤਾਬਿਕ ਮੋੜਾ ਦੇ ਸਕੇ। ਸਿੱਖ ਰਾਜਨੀਤੀ ਨੂੰ ਕੁਰਾਹੇ ਪਾਉਣ ਲਈ ਸਰਕਾਰ ਕੁਝ ਅਖੌਤੀ ਸਿੱਖ ਅਤੇ ਖੱਬੇ ਪੱਖੀ ਵਿਦਵਾਨਾਂ ਦੀਆਂ ਸੇਵਾਵਾਂ ਵੀ ਹਾਸਲ ਕਰਦੀ ਰਹੀ ਹੈ ਤੇ ਕਰ ਰਹੀ ਹੈ।
ਪਰ ਅੱਸੀਵਿਆਂ ਦੇ ਦੌਰ ਤੋਂ ਸਿੱਖਾਂ ਵਿੱਚ ਸਰਕਾਰੀ ਘੁਸਪੈਠ ਦਾ ਸਿਲਸਿਲਾ ਬਹੁਤ ਜ਼ਿਆਦਾ ਤੇਜ ਹੋ ਗਿਆ ਸੀ। ਸਰਕਾਰ ਵੱਲੋਂ ਖਾਲਿਸਤਾਨੀ ਸਫਾਂ ਵਿੱਚ ਘੁਸਪੈਠ ਕਰਵਾਉਣੀ ਸਭ ਤੋਂ ਆਸਾਨ ਸੀ, ਸਾਡੇ ਭਾਊ ਤਾਂ ਤੱਤੀ ਗੱਲ ਕਰਨ ਵਾਲੇ ਕਿਸੇ ਵੀ ਮਾਅਰਕੇਬਾਜ਼ ਨੂੰ ਯੋਧਾ ਸਮਝ ਕੇ ਬਿਨਾ ਕਿਸੇ ਜਾਂਚ ਦੇ ਸ਼ਾਮਲ ਕਰ ਲੈਂਦੇ ਸਨ/ਹਨ। ਬੀਤੇ ਦੀ ਲਹਿਰ ਨਾਲ ਜੁੜੇ ਰਹੇ ਅਨੇਕਾਂ ਲੋਕ ਵੀ ਮਨੁੱਖੀ ਸੁਭਾਅ ਦੀਆਂ ਵੱਖ-ਵੱਖ ਕਮਜ਼ੋਰੀਆਂ ਦਾ ਸ਼ਿਕਾਰ ਹੋ ਕੇ ਸਰਕਾਰੀ ਪੱਖ ਵਿੱਚ ਭੁਗਤਦੇ ਵੇਖੇ ਜਾ ਰਹੇ ਹਨ। ਕਿਸੇ ਵੇਲੇ ਇਸ ਕਿਸਮ ਦੇ ਲੋਕਾਂ ਵਿੱਚ ਜਥੇਦਾਰ ਜੀਵਨ ਸਿੰਘ ਉਮਰਾਨੰਗਲ ਅਤੇ ਮਹੰਤ ਸੇਵਾ ਦਾਸ ਵਰਗੇ ਪ੍ਰਮੁੱਖ ਚਿਹਰੇ ਹੁੰਦੇ ਸਨ; ਪਰ ਅੱਜ ਕੱਲ੍ਹ ਅਜਿਹੇ ਲੋਕਾਂ ਦੀ ਗਿਣਤੀ ਸੈਂਕੜਿਆਂ ਵਿੱਚ ਜਾ ਪੁੱਜੀ ਹੈ। ਪਿਛਲੇ ਚਾਰ ਦਹਾਕਿਆਂ ਦੌਰਾਨ ਇਨ੍ਹਾਂ ਵੱਖ-ਵੱਖ ਕਿਸਮ ਦੇ ਟੋਡੀਆਂ ਨੇ ਸਰਕਾਰ ਦੇ ਇਸ਼ਾਰਿਆਂ ਉਪਰ ਨਾਚ ਕਰਦੇ ਹੋਏ ਬਾਦਲ ਪਰਿਵਾਰ ਦੇ ਸਿਆਸੀ ਪ੍ਰਭਾਵ ਨੂੰ ਵਧਾਉਣ ਲਈ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ ਸਨ; ਪਰ ਬੀਤੇ ਕੁਝ ਸਾਲਾਂ ਤੋਂ ਸਰਕਾਰ ਇਹ ਮਹਿਸੂਸ ਕਰ ਰਹੀ ਹੈ ਕਿ ਹੁਣ ਸਿੱਖਾਂ ਨੂੰ ਬਾਦਲ ਪਰਿਵਾਰ ਦੀ ਅਗਵਾਈ ਵਿੱਚ ਕੰਟਰੋਲ ਨਹੀਂ ਕੀਤਾ ਜਾ ਸਕਦਾ ਅਤੇ ਸਰਕਾਰ ਸਿੱਖਾਂ ਵਿੱਚ ਆਪਣੀ ਪਸੰਦ ਦੀ ਲੀਡਰਸ਼ਿਪ ਪੈਦਾ ਕਰਨ ਦੇ ਮਨਸੂਬਿਆਂ ਵਿੱਚ ਜੁਟੀ ਹੋਈ ਹੈ। ਬਾਦਲ ਪਰਿਵਾਰ ਨੂੰ ਸਰਕਾਰ ਦੇ ਇਹ ਬਦਲੇ ਤੇਵਰ ਪਸੰਦ ਨਹੀਂ ਅਤੇ ਉਹ ਆਸਾਨੀ ਨਾਲ ਸਿੱਖ ਸੰਸਥਾਵਾਂ ਉਪਰ ਆਪਣੀ ਬਣੀ ਪਕੜ ਛੱਡਣ ਲਈ ਤਿਆਰ ਨਹੀਂ ਹਨ। ਸੁਖਬੀਰ ਦੀ ਇਸ ਜ਼ਿੱਦ ਨੇ ਅਕਾਲੀ ਸੰਕਟ ਨੂੰ ਬਹੁਤ ਲੰਬਾ ਕਰ ਦਿੱਤਾ ਹੈ।
ਸੁਖਬੀਰ ਦੇ ਅਜੇ ਤੱਕ ਟਿਕੇ ਰਹਿਣ ਦਾ ਦੂਜਾ ਅਹਿਮ ਕਾਰਨ ਇਹ ਹੈ ਕਿ ਉਸਦੀ ਵਿਰੋਧੀ ਧਿਰ ਦੇ ਕੋਲ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਤੋਂ ਇਲਾਵਾ ਆਪਣਾ ਕੋਈ ਨਿਜੀ ਸਿਆਸੀ ਕਿਰਦਾਰ ਨਹੀਂ ਹੈ। ਸਿੱਖ ਸਿਆਸਤ ਦਾ ਇਹ ਸੰਕਟ ਲੰਬਾ ਹੋ ਜਾਣਾ ਐਨਾ ਨੁਕਸਾਨਦਾਇਕ ਨਹੀਂ, ਜਿੰਨਾ ਨੁਕਸਾਨ ਇਸਦੇ ਕਿਸੇ ਗਲਤ ਬਦਲ ਉਪਰ ਪੁੱਜਣ ਨਾਲ ਹੋ ਸਕਦਾ ਹੈ। ਸਿੱਖਾਂ ਨੂੰ ਭਵਿੱਖ ਦੀ ਲੀਡਰਸ਼ਿਪ ਦਾ ਫੈਸਲਾ ਕਰਨ ਵੇਲੇ ਬਹੁਤ ਜ਼ਿਆਦਾ ਸਿਆਸੀ ਸਮਝਦਾਰੀ, ਬਿਬੇਕ ਅਤੇ ਸਹਿਜ ਨੂੰ ਇਸਤੇਮਾਲ ਕਰਨ ਦੀ ਲੋੜ ਹੈ। ਮੌਜੂਦਾ ਸਮੇਂ ਨਾ ਤਾਂ ਬਾਦਲਾਂ ਨੂੰ ਗਾਲ੍ਹਾਂ ਕੱਢਣ ਵਾਲੇ ਸਾਰੇ ਪੰਥਕ ਹਨ ਅਤੇ ਨਾ ਹੀ ਖਾਲਿਸਤਾਨ ਤੇ ਆਜ਼ਾਦੀ ਦੀਆਂ ਗੱਲਾਂ ਕਰਨ ਵਾਲੇ ਸਾਰੇ ਹੀ ਧਰਮੀ ਯੋਧੇ ਹਨ। ਇਸ ਵਕਤ ਸਾਡੇ ਧਰਮ ਅਤੇ ਰਾਜਨੀਤੀ ਵਿੱਚ ਸਰਗਰਮ ਲੋਕਾਂ ਵਿੱਚ ਬਹੁਰੂਪੀਆਂ ਦੀ ਬਹੁਤਾਤ ਹੋ ਚੁਕੀ ਹੈ। ਕੇਵਲ ਜਜ਼ਬਾਤੀ ਪਹੁੰਚ ਅਖਤਿਆਰ ਕਰਕੇ ਇਸ ਚੱਕਰਵਿਊ ਵਿੱਚੋਂ ਨਹੀਂ ਨਿਕਲਿਆ ਜਾ ਸਕਦਾ।