ਸਿੱਖ ਰਾਜਨੀਤਿਕ ਹੋਣੀ ਨੂੰ ਸੰਬੋਧਨ ਹੋਣ ਤੋਂ ਭਟਕਾਉਣ ਦੀਆਂ ਚਾਲਾਂ

ਖਬਰਾਂ ਵਿਚਾਰ-ਵਟਾਂਦਰਾ

ਸਿੱਖ ਮਸਲੇ ਅਤੇ ਵਿਵਾਦ-ਦਰ-ਵਿਵਾਦ
ਪੰਜਾਬੀ ਪਰਵਾਜ਼ ਬਿਊਰੋ
ਇੱਕ ਪਾਸੇ ਤਾਂ ਜੂਨ 1984 ਵਿੱਚ ਵਾਪਰੇ ਘੱਲੂਘਾਰਾ ਦਿਵਸ ਦੀ ਯਾਦ ਵਿੱਚ ਜੂਨ ਮਹੀਨੇ ਦੇ ਮੁਢਲੇ ਦਿਨ ਪੂਰੇ ਸਿੱਖ ਭਾਈਚਾਰੇ ਲਈ ਸੋਗਮਈ ਯਾਦਾਂ ਵਿੱਚ ਡੁੱਬੇ ਹੋਏ ਹਨ, ਸਿੱਖ ਅਵਾਮ ਇਸ ਪੀੜ ਨੂੰ ਸਮੂਹਿਕ ਰੂਪ ਵਿੱਚ ਮਹਿਸੂਸ ਕਰਦਾ ਹੈ; ਪਰ ਜਿਸ ਅਦਬ ਨਾਲ ਇਨ੍ਹਾਂ ਦਿਨਾਂ ਵਿੱਚ ਸਿੱਖ ਲੀਡਰਸ਼ਿਪ ਨੂੰ ਵਿਚਰਨਾ ਚਾਹੀਦਾ ਹੈ ਅਤੇ ਆਪਣਾ ਰੋਲ ਅਦਾ ਕਰਨਾ ਚਾਹੀਦਾ ਹੈ, ਉਹ ਇਸ ‘ਤੇ ਖਰੀ ਨਹੀਂ ਉਤਰ ਰਹੀ। ਸਿੱਖ ਲੀਡਰਸ਼ਿਪ ਸਗੋਂ ਵਿਵਾਦ-ਦਰ-ਵਿਵਾਦ ਵਿੱਚ ਉਲਝਦੀ ਜਾ ਰਹੀ ਹੈ।

ਬੀਤੇ ਦਿਨੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ, ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਅਤੇ ਹੋਰ ਸਿੰਘਾਂ ਵੱਲੋਂ ਤਖਤ ਸ੍ਰੀ ਪਟਨਾ ਸਾਹਿਬ ਤੋਂ ਤਨਖ਼ਾਹੀਆ ਕਰਾਰ ਦਿੱਤੇ ਗਏ ਇੱਕ ਸ਼ਖਸ ਨੂੰ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਤਨਖਾਹ ਲਗਾਏ ਬਿਨਾ ਮੁਆਫ ਕਰ ਦਿੱਤਾ ਗਿਆ। ਰਣਜੀਤ ਸਿੰਘ ਗੋਹਰੇ ਮਸਕੀਨ ਨਾਂ ਦੇ ਇਸ ਵਿਅਕਤੀ ਨੂੰ ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਕਿਸੇ ਵਿੱਤੀ ਮਾਮਲੇ ਵਿੱਚ ਤਨਖਾਹੀਆ ਕਰਾਰਾ ਦਿੱਤਾ ਗਿਆ ਸੀ। ਇਹ ਅਸਲ ਵਿੱਚ ਉਥੋਂ ਦਾ ਸਥਾਨਕ ਮਾਮਲਾ ਸੀ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ‘ਤੇ ਹੀ ਪੇਸ਼ ਹੋ ਕੇ ਵੀ ਖ਼ਤਮ ਹੋ ਸਕਦਾ ਸੀ। ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਉਨ੍ਹਾਂ ਨੂੰ ਬਿਨਾ ਕਿਸੇ ਤਨਖਾਹ ਲਵਾਏ ਹੀ ਮੁਆਫ ਕਰ ਦਿੱਤਾ ਗਿਆ। ਇਸ ਕਾਰਵਾਈ ਨੂੰ ਤਖਤ ਸ੍ਰੀ ਪਟਨਾ ਸਾਹਿਬ ਵੱਲੋਂ ਮਰਿਆਦਾ ਦੀ ਉਲੰਘਣਾ ਦੱਸ ਕੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਟੇਕ ਸਿੰਘ ਧਨੌਲਾ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਗਿਆ। ਇਸ ਸੰਬੰਧ ਵਿੱਚ ਇੱਕ ਨਵਾਂ ਵਿਵਾਦ ਇਹ ਖੜ੍ਹਾ ਹੋ ਗਿਆ ਹੈ ਕਿ ਕੀ ਇੱਕ ਤਨਖਾਹੀਆ ਕਰਾਰ ਦਿੱਤਾ ਗਿਆ ਜਥੇਦਾਰ, ਭਾਵੇਂ ਉਹ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੀ ਕਿਉਂ ਨਾ ਹੋਵੇ, 6 ਜੂਨ ਨੂੰ ਘਲੂਘਾਰਾ ਦਿਵਸ ਵਾਲੇ ਸਮਾਗਮ ਵਿੱਚ ਸਿੱਖ ਪੰਥ ਨੂੰ ਸੰਦੇਸ਼ ਦੇ ਸਕਦਾ ਹੈ ਜਾਂ ਨਹੀਂ? ਉਂਝ ਅਕਾਲ ਤਖਤ ਸਾਹਿਬ ਦੀ ਮਰਿਆਦਾ ਇਹ ਹੈ ਕਿ ਪਤਿਤ ਅਤੇ ਤਨਖਾਹੀਏ ਵਿਅਕਤੀ ਦੀ ਅਕਾਲ ਤਖਤ ਸਾਹਿਬ ‘ਤੇ ਅਰਦਾਸ ਨਹੀਂ ਹੋ ਸਕਦੀ।
ਕੁਦਰਤੀ ਹੀ ਬਾਦਲ ਪੱਖੀ ਧਿਰ ਤਾਂ ਇਹੋ ਜ਼ੋਰ ਲਗਾਏਗੀ ਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਕਾਲ ਤਖਤ ਸਾਹਿਬ ਤੋਂ ਸੰਦੇਸ਼ ਦੇਣ; ਜਦਕਿ ਦੂਜੇ ਪਾਸੇ ਬਹੁਗਿਣਤੀ ਸਿੱਖ ਬੁਧੀਜੀਵੀਆਂ ਸਮੇਤ ਦਮਦਮੀ ਟਕਸਾਲ ਦੇ ਆਗੂ ਹਰਨਾਮ ਸਿੰਘ ਧੁੰਮਾ, ਨਿਹੰਗ ਸਿੰਘ ਜਥੇਬੰਦੀਆਂ ਅਤੇ ਬਹੁਤ ਸਾਰੇ ਸਾਧੂ ਸੰਤ ਤੇ ਉਨ੍ਹਾਂ ਨਾਲ ਜੁੜੇ ਹੋਰ ਆਗੂ ਇਸ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਆਖਣਾ ਹੈ ਕਿ ਕੁਲਦੀਪ ਸਿੰਘ ਗੜਗੱਜ ਕਿਉਂਕਿ ਸਰਬ ਪ੍ਰਵਾਨਤ ਜਥੇਦਾਰ ਨਹੀਂ ਹਨ, ਇਸ ਲਈ 6 ਜੂਨ ਦੇ ਸਮਾਗਮ ਵੇਲੇ ਉਹ ਸਿੱਖ ਪੰਥ ਨੂੰ ਸੰਦੇਸ਼ ਨਹੀਂ ਦੇ ਸਕਦੇ।
ਯਾਦ ਰਹੇ, ਸੌਦਾ ਸਾਧ ਨੂੰ ਬੇਅਦਬੀਆਂ ਦੇ ਮਾਮਲੇ ਵਿੱਚ ਅਕਾਲ ਤਖਤ ਤੋਂ ਮੁਆਫੀ ਦੁਆਉਣ ਦੇ ਮਾਮਲੇ ਵਿੱਚ ਪਿਛਲੇ ਸਾਲ 2 ਦਸੰਬਰ ਨੂੰ ਅਕਾਲ ਤਖਤ ਤੋਂ ਸੁਖਬੀਰ ਸਿੰਘ ਬਦਲ ਸਮੇਤ ਸਮੁੱਚੀ ਸੀਨੀਅਰ ਅਕਾਲੀ ਲੀਡਰਸ਼ਿਪ ਨੂੰ ਤਨਖਾਹ ਲਗਾਈ ਗਈ ਸੀ। ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲ ਤਖਤ ਸਾਹਿਬ ਤੋਂ ਲਗਾਈ ਗਈ ਸਜ਼ਾ ਦੇ ਰਾਜਨੀਤਿਕ ਪੱਖ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਇਹ ਮਾਮਲਾ ਹਾਲੇ ਵੀ ਵਿਵਾਦਾਂ ਹੇਠ ਹੈ। ਬਾਦਲ ਧੜੇ ਨੇ ਅਕਾਲ ਤਖਤ ਸਾਹਿਬ ਵੱਲੋਂ ਨਿਯੁਕਤ ਕੀਤੀ ਗਈ ਨਵੀਂ ਭਰਤੀ ਕਮੇਟੀ ਨੂੰ ਨਾ ਤੇ ਮਾਨਤਾ ਦਿੱਤੀ ਅਤੇ ਨਾ ਹੀ ਸਵੀਕਾਰ ਕੀਤਾ। ਇਹ ਕਮੇਟੀ ਹੁਣ ਅਕਾਲੀ ਦਲ ਦੀ ਸਮਾਨੰਤਰ ਭਰਤੀ ਕਰ ਰਹੀ ਹੈ।
ਅਜਿਹੇ ਵਿਵਾਦਾਂ ਦਾ ਕੇਂਦਰ ਹੁੰਦਿਆਂ ਵੀ ਬਾਦਲ ਗੁਟ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਚੋਰੀ ਛਿਪੇ ਨਵੇਂ ਜਥੇਦਾਰ ਵਜੋਂ ਸਹੁੰ ਚੁਕਾ ਦਿੱਤੀ ਅਤੇ ਬਿਨਾ ਕਿਸੇ ਕਾਰਨ ਜਥੇਦਾਰ ਰਘਬੀਰ ਸਿੰਘ ਅਤੇ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਅਹੁਦਿਆਂ ਤੋਂ ਮੁਕਤ ਕਰ ਦਿੱਤਾ। ਜਥੇਦਾਰ ਸਾਹਿਬਾਨ ਨੂੰ ਇਸ ਤਰ੍ਹਾਂ ਅਹੁਦਿਆਂ ਤੋਂ ਲਹੁਣਾ ਵੀ ਇੱਕ ਵਿਵਾਦ ਬਣਿਆ ਖੜ੍ਹਾ ਹੈ। ਬਾਬਾ ਹਰਨਾਮ ਸਿੰਘ ਧੁੰਮਾ ਤੇ ਕੁਝ ਹੋਰ ਜਥੇਬੰਦੀਆਂ ਮੰਗ ਕਰ ਰਹੀਆਂ ਹਨ ਕਿ ਜਥੇਦਾਰ ਰਘਬੀਰ ਸਿੰਘ ਅਤੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਮੁੜ ਆਪਣੇ ਅਹੁਦਿਆਂ ‘ਤੇ ਨਿਯੁਕਤ ਕੀਤਾ ਜਾਵੇ। ਜਦੋਂ ਤੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਧੁੰਮਾ ਨੂੰ ਬੋਲ ਕੁਬੋਲ ਬੋਲਣ ਦੇ ਮਾਮਲੇ ਵਿੱਚ ਮੁਆਫੀ ਦਿੱਤੀ ਗਈ ਹੈ, ਬਾਬਾ ਧੁੰਮਾ ਜਥੇਦਾਰ ਨੂੰ ਤਖਤ ਤੋਂ ਲਾਹੁਣ ਲਈ ਹੋਰ ਸਖਤ ਹੋ ਗਏ ਹਨ। ਇਸ ਤੋਂ ਇਲਾਵਾ ਰੈਡੀਕਲ ਸਿੱਖ ਧਿਰਾਂ, ਦਲ ਖਾਲਸਾ, ਇਸ ਤਰਜ਼ ਦੀਆਂ ਹੋਰ ਜਥੇਬੰਦੀਆਂ ਵੀ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਜਥੇਦਾਰੀ ਨੂੰ ਪ੍ਰਵਾਨ ਨਹੀਂ ਕਰ ਰਹੀਆਂ। ਜਿੰਨੀ ਤਿੱਖੀ ਤਰ੍ਹਾਂ ਇਹ ਵਿਰੋਧ ਕੀਤਾ ਜਾ ਰਿਹਾ ਹੈ, ਉਸ ਨਾਲ 6 ਜੂਨ ਨੂੰ ਕਿਸੇ ਕਿਸਮ ਦਾ ਕਲੇਸ਼ ਖੜ੍ਹਾ ਹੋਣ ਦੇ ਖਦਸ਼ੇ ਵੀ ਪ੍ਰਗਟਾਏ ਜਾ ਰਹੇ ਹਨ। ਇਸ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਦੇ ਆਸ-ਪਾਸ ਤਿੰਨ ਹਜ਼ਾਰ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕਰ ਦਿੱਤੀ ਹੈ। ਜਾਪਦਾ ਹੈ, ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸਿਵਲ ਵਰਦੀ ਵਿੱਚ ਵੀ ਪੁਲਿਸ ਸਾਰੇ ਘਟਨਾਕ੍ਰਮ ‘ਤੇ ਨਜ਼ਰ ਰੱਖੇਗੀ।
ਇਹ ਉਹ ਦੌਰ ਹੈ, ਜਦੋਂ ਸਿੱਖ ਪੰਥ ਬਹੁਤ ਸਾਰੀਆਂ ਸਮੱਸਿਆਵਾਂ ਵਿੱਚ ਘਿਰਿਆ ਹੋਇਆ ਹੈ। ਸਿੱਖ ਭਾਈਚਾਰਾ ਮਾਲਵੇ ਵਿੱਚ ਸੌਦਾ ਸਾਧ ਦੇ ਸ਼ਾਗਿਰਦਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਲਈ ਇਨਾਸਫ ਵਾਸਤੇ ਜੂਝ ਰਿਹਾ ਹੈ। ਇਸ ਤੋਂ ਇਲਾਵਾ 84ਵਿਆਂ ਤੋਂ ਬਾਅਦ ਪੰਜਾਬ ਵਿੱਚ ਘਰਾਂ ਤੋਂ ਚੁੱਕ ਕੇ ਕਤਲ ਕੀਤੇ ਗਏ ਸਿੱਖ ਨੌਜਵਾਨਾਂ ਦਾ ਮੁੱਦਾ ਉਵੇਂ ਜਿਵੇਂ ਖੜ੍ਹਾ ਹੈ। ਚੁਰਾਸੀਵਿਆਂ ਵਿੱਚ ਜਿਨ੍ਹਾਂ ਮੁੱਦਿਆਂ ‘ਤੇ ਸਿੱਖਾਂ ਨੇ ਧਰਮ ਯੁੱਧ ਮੋਰਚਾ ਲੜਿਆ ਸੀ, ਉਹ ਹਾਲੇ ਵੀ ਉਵੇਂ ਜਿਵੇਂ ਖਲੋਤੇ ਹਨ। ਕੋਈ ਵੀ ਸਰਕਾਰ ਉਨ੍ਹਾਂ ਮਸਲਿਆਂ ਨੂੰ ਹੱਲ ਨਹੀਂ ਕਰਵਾ ਸਕੀ। ਕੇਂਦਰ ਤੇ ਵੈਸੇ ਵੀ ਸਿੱਖ/ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨ ਵਿੱਚ ਬਹੁਤੀ ਦਿਲਚਸਪੀ ਨਹੀਂ ਰੱਖਦਾ। ਪਿਛਲੇ ਵਿਵਾਦਾਂ ਦੇ ਨਬੇੜੇ ਨਿਆਂਪੂਰਕ ਢੰਗ ਨਾਲ ਨਹੀਂ ਹੋ ਰਹੇ, ਸਗੋਂ ਅਗਾਂਹ ਹੋਰ ਮਸਲੇ ਖੜ੍ਹੇ ਹੁੰਦੇ ਜਾ ਰਹੇ ਹਨ। ਇਨ੍ਹਾਂ ਸੋਗਮਈ ਦਿਨਾਂ ਵਿੱਚ ਹੀ ਇੱਕ ਸਖ਼ਸ਼ ਨੇ ਅੰਮ੍ਰਿਤਸਰ ਵਿਖੇ ਗੁਰਦੁਆਰਾ ਸ਼ਹੀਦਾਂ ਤੋਂ ਸੁਖਮਨੀ ਸਾਹਿਬ ਦੇ ਤਿੰਨ ਗੁਟਕਾ ਸਾਹਿਬ ਲਏ ਅਤੇ ਦਰਬਾਰ ਸਾਹਿਬ ਲਾਗੇ ਆਣ ਕਿ ਇਨ੍ਹਾਂ ਪਵਿੱਤਰ ਪੋਥੀਆਂ ਦੇ ਪੱਤਰੇ ਪਾੜ ਕੇ ਸੁੱਟਣ ਲੱਗ ਪਿਆ। ਅਜਿਹਾ ਕਰਦਿਆਂ ਉਸ ਨੂੰ ਸੰਗਤ ਅਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਜਦੋਂ ਵੇਖਿਆ ਤਾਂ ਉਸ ਨੂੰ ਰੋਕਿਆ ਤੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਘੱਲੂਘਾਰੇ ਵਾਲੇ ਦਿਨਾਂ ਵਿੱਚ ਇਸ ਕਿਸਮ ਦੀ ਬੇਅਦਬੀ ਕਿਸੇ ਘਿਨਾਉਣੀ ਸਾਜਿਸ਼ ਦਾ ਸਿੱਟਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਪੁਲਿਸ ਤੋਂ ਇਹ ਮੰਗ ਕੀਤੀ ਹੈ ਕਿ ਇਸ ਬੇਅਦਬੀ ਪਿੱਛੇ ਕੰਮ ਕਰਦੀ ਸਾਜ਼ਿਸ਼ ਬਾਰੇ ਡੂੰਘੀ ਤਪਤੀਸ਼ ਕਰਨ। ਉਨ੍ਹਾਂ ਕਿਹਾ ਕਿ ਇਸ ਵਿਅਕਤੀ ਨੂੰ ਵੀ ਮਾਨਸਿਕ ਰੋਗੀ ਕਿਹਾ ਜਾਵੇਗਾ। ਭਾਈ ਧਾਮੀ ਨੇ ਪੁੱਛਿਆ ਕੀ ਸਾਰੇ ਮਾਨਸਿਕ ਰੋਗੀਆਂ ਨੂੰ ਬੇਅਦਬੀ ਕਰਨ ਲਈ ਸਿੱਖ ਧਰਮ ਦੀਆਂ ਪੋਥੀਆਂ ਹੀ ਲੱਭਦੀਆਂ ਹਨ? ਕਿਸੇ ਹੋਰ ਧਰਮ ਦੀਆਂ ਕਿਉਂ ਨਹੀਂ?
ਸੋ ਸਾਡੀ ਹੋਣੀ ਇਹ ਬਣ ਗਈ ਹੈ ਕਿ ਪਹਿਲੇ ਮਸਲੇ ਅਤੇ ਵਿਵਾਦ ਹੱਲ ਨਹੀਂ ਹੋ ਰਹੇ, ਨਵੇਂ ਹਰ ਆਏ ਦਿਨ ਖੜ੍ਹੇ ਹੋ ਰਹੇ ਹਨ। ਇਹ ਸਾਰਾ ਕੁਝ ਅਸਲ ਵਿੱਚ ਸਿਖਾਂ ਨੂੰ ਆਪਣੀ ਰਾਜਨੀਤਿਕ ਹੋਣੀ ਨੂੰ ਸੰਬੋਧਨ ਹੋਣ ਤੋਂ ਰੋਕਣ ਦੇ ਯਤਨ ਮਾਤਰ ਹੀ ਹਨ।

Leave a Reply

Your email address will not be published. Required fields are marked *