ਸਿੱਖ ਸੰਘਰਸ਼ ਲਈ ਜੰਗ ਦੇਅਰਥ

ਗੂੰਜਦਾ ਮੈਦਾਨ ਵਿਚਾਰ-ਵਟਾਂਦਰਾ

ਡਾ. ਜਸਵੀਰ ਸਿੰਘ
ਪਿਛਲੀਆਂ ਦੋ ਸਦੀਆਂ ਵਿੱਚ ਜੰਗ ਦੇ ਵਰਤਾਰੇ ਦੀਆਂ ਜੜ੍ਹਾਂ ਮੁੱਖ ਰੂਪ ਵਿੱਚ ਰਾਜ ਦੇ ਸਾਮਰਾਜੀ ਅਤੇ ਨੇਸ਼ਨ ਸਟੇਟ ਰੂਪਾਂ ਦੇ ਪੈਦਾ ਹੋਣ ਤੇ ਪਤਨ ਨਾਲ ਜੁੜ੍ਹੀਆਂ ਹੋਈਆਂ ਹਨ| ਇਹ ਜੰਗਾਂ ਰਾਜ ਦੇ ਸਾਮਰਾਜੀ ਰੂਪ ਦੇ ਨੇਸ਼ਨ ਸਟੇਟ ਵਿੱਚ ਸੰਸਥਾਗਤ ਬਦਲਾਅ ਦੇ ਅਮਲ ਨਾਲ ਵੀ ਸਬੰਧਿਤ ਹਨ; ਪਰ ਇਨ੍ਹਾਂ ਦੋਵੇਂ ਸਦੀਆਂ ਦੌਰਾਨ ਯੂਰਪ ਵਿੱਚ ਲੜੀਆਂ ਗਈਆਂ ਜੰਗਾਂ ਅਤੇ ਦੁਨੀਆਂ ਦੇ ਦੂਜੇ ਹਿੱਸਿਆਂ ਵਿੱਚ ਲੜੀਆਂ ਗਈਆਂ ਜੰਗਾਂ ਵਿਚਕਾਰ ਰਾਜ ਦੀ ਸੰਸਥਾ ਵਿੱਚ ਆਉਣ ਵਾਲੀਆਂ ਤਬਦੀਲੀਆਂ ਅਤੇ ਕੌਮਾਂਤਰੀ ਰਾਜਨੀਤਿਕ ਪ੍ਰਣਾਲੀ ਵਿੱਚ ਆਉਣ ਵਾਲੇ ਬਦਲਾਵਾਂ ਦੇ ਪੱਖ ਤੋਂ ਵੱਡੇ ਫ਼ਰਕ ਹਨ| ਜੰਗ ਨੇ ਸਿੱਖਾਂ ਦੀ ਰਾਜਨੀਤਿਕ ਹੋਣੀ ’ਤੇ ਵੀ ਵੱਡੇ ਅਸਰ ਪਾਏ ਹਨ|

ਇਸ ਲੇਖ ਵਿੱਚ ਜੰਗ ਸਬੰਧੀ ਉਸਾਰੇ ਗਏ ਸਿਧਾਂਤਾਂ ਦੇ ਸੰਦਰਭ ਵਿੱਚ ਪਿਛਲੇ ਸਮੇਂ ਵਿੱਚ ਹੋਈਆਂ ਜੰਗਾਂ ਦੇ ਸਿੱਖ ਕੌਮ ’ਤੇ ਪਏ ਅਸਰਾਂ ਬਾਰੇ ਚਰਚਾ ਕੀਤੀ ਗਈ ਹੈ ਅਤੇ ਇਸੇ ਸੰਦਰਭ ਵਿੱਚ ਜੰਗ ਦੇ ਸਿੱਖਾਂ ਦੇ ਕੌਮੀ ਆਜ਼ਾਦੀ ਦੇ ਸੰਘਰਸ਼ ’ਤੇ ਪੈਣ ਵਾਲੇ ਅਸਰ ਬਾਰੇ ਵੀ ਰਚਨਾਤਮਿਕ ਸਮਝ ਉਸਾਰਨ ਦੀ ਕੋਸ਼ਿਸ਼ ਕੀਤੀ ਗਈ ਹੈ| ਹਥਲੇ ਲੇਖ ਵਿੱਚ ‘ਯੂਰਪ ਵਿੱਚ ਜੰਗਾਂ ਦਾ ਰਾਜਨੀਤਿਕ ਬਦਲਾਵਾਂ ਵਿੱਚ ਯੋਗਦਾਨ’ ਬਾਰੇ ਚਰਚਾ ਛੋਹੀ ਗਈ ਹੈ। ਲੇਖ ਲੰਮਾ ਹੋਣ ਕਾਰਨ ਦੂਜੀ ਕਿਸ਼ਤ ਵਿੱਚ ਯਾਨਿ ਅਗਲੇ ਅੰਕ ਵਿੱਚ ‘ਸਿੱਖ ਭਾਈਚਾਰੇ ਦੇ ਰਾਜਨੀਤਿਕ ਵਿਗਾਸ ਵਿੱਚ ਜੰਗਾਂ ਦਾ ਯੋਗਦਾਨ’ ਬਾਰੇ ਚਰਚਾ ਕੀਤੀ ਜਾਵੇਗੀ।

ਯੂਰਪ ਵਿੱਚ ਜੰਗਾਂ ਦਾ ਰਾਜਨੀਤਿਕ ਬਦਲਾਵਾਂ ਵਿੱਚ ਯੋਗਦਾਨ
ਪੰਦਰਵੀਂ ਸਦੀ ਵਿੱਚ ਹੀ ਯੂਰਪ ਵਿੱਚ ਜੰਗਾਂ ਦੇ ਕਾਰਨ ਵੱਡੀਆਂ ਰਾਜਸੀ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਸਨ| ਜੰਗ ਦੀਆਂ ਹਾਲਤਾਂ ਅਤੇ ਲੋੜਾਂ ਨੇ ਯੂਰਪ ਵਿੱਚ ਸ਼ਾਸ਼ਕਾਂ ਨੂੰ ਪੱਕੀਆਂ ਫੌਜਾਂ ਰੱਖਣ, ਇਨ੍ਹਾਂ ਫੌਜਾਂ ਵਿੱਚ ਸਿੱਧੀ ਭਰਤੀ ਕਰਨ ਅਤੇ ਫੌਜਾਂ ਦੇ ਪ੍ਰਬੰਧ ਲਈ ਘਰੇਲੂ ਪੇਸ਼ੇਵਰ ਨੌਕਰਸ਼ਾਹੀ ਦਾ ਢਾਂਚਾ ਉਸਾਰਨ ਲਈ ਮਜਬੂਰ ਕੀਤਾ| ਫੌਜੀ ਪ੍ਰਬੰਧ ਵਿੱਚ ਆਏ ਇਸ ਬਦਲਾਅ ਨੇ ਰਾਜ ਦੇ ਕਾਰਜਾਂ ਦਾ ਫੈਲਾਅ ਕੀਤਾ ਅਤੇ ਇਹ ਲੋਕਾਂ ਦੀ ਨਿੱਜੀ ਜ਼ਿੰਦਗੀ ਵਿੱਚ ਦਾਖ਼ਲ ਹੋਣਾ ਸ਼ੁਰੂ ਹੋ ਗਿਆ| ਸਿੱਧੇ ਸ਼ਾਸਨ ਦੀ ਇਸ ਰਾਜਸੀ ਤਬਦੀਲੀ ਨੇ ਸ਼ਾਸ਼ਕਾਂ ਨੂੰ ਲੋਕਾਂ ਦੇ ਏਕੇ ਨੂੰ ਰਾਜ ਦੀ ਤਾਕਤ ਵਿੱਚ ਵਾਧਾ ਕਰਨ ਲਈ ਵਰਤਣ ਲਈ ਚੇਤੰਨ ਕਰ ਦਿੱਤਾ| ਜੰਗਾਂ ਦੀਆਂ ਲੋੜਾਂ ਨੇ ਸ਼ਾਸ਼ਕਾਂ ਨੂੰ ਭਾਸ਼ਾਈ, ਧਾਰਮਿਕ ਅਤੇ ਵਿਚਾਰਧਾਰਕ ਤੌਰ ’ਤੇ ਏਕੇ ਵਿੱਚ ਬੱਝੇ ਲੋਕਾਂ ਦੇ ਰਾਜਸ਼ਾਹੀਆਂ ਨੂੰ ਪੈਦਾ ਹੋਣ ਵਾਲੇ ਖ਼ਤਰਿਆਂ ਦੇ ਬਾਵਜੂਦ ਇਸ ਏਕੇ ਦਾ ਰਾਜਸੀ ਤਾਕਤ ਦੇ ਵਾਧੇ ਲਈ ਜੋਖਿਮ ਲੈਣ ਲਈ ਤਿਆਰ ਕੀਤਾ| ਸ਼ਾਸ਼ਕਾਂ ਨੇ ਲੋਕਾਂ ਦੇ ਇਸ ਏਕੇ ਨੂੰ ਰਾਜ ਨੂੰ ਲੋਕਾਂ ਦੀ ਪਛਾਣ ਬਣਾਉਣ, ਰਾਜਨੀਤਿਕ ਸੰਚਾਰ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਅਤੇ ਪ੍ਰਸ਼ਾਸਨੀ ਬਦਲਾਵਾਂ ਨੂੰ ਲੋਕਾਂ ਦੇ ਵੱਡੇ ਹਿੱਸਿਆ ’ਤੇ ਲਾਗੂ ਕਰਨ ਲਈ ਵਰਤਿਆ| ਇਹ ਏਕਾ ਬਾਹਰੀ ਤਾਕਤਾਂ ਨਾਲ ਲੜਨ ਲਈ ਵੀ ਲਾਹੇਵੰਦ ਸਾਬਤ ਹੋਇਆ|
ਸਪੇਨ, ਫ਼ਰਾਂਸ ਅਤੇ ਕਈ ਹੋਰ ਯੂਰਪੀ ਰਾਜਾਂ ਨੇ ਧਾਰਮਿਕ ਘੱਟ-ਗਿਣਤੀ ਯਹੂਦੀ ਅਤੇ ਮੁਸਲਿਮ ਭਾਈਚਾਰਿਆਂ ਨੂੰ ਧਰਮ ਬਦਲ ਕੇ ਈਸਾਈ ਏਕੇ ਵਿੱਚ ਸ਼ਾਮਿਲ ਕਰਵਾਉਣ ਦੀ ਨੀਤੀ ਵੀ ਵਰਤੀ| 1492 ਈਸਵੀ ਵਿੱਚ ਸਪੇਨ ਦੇ ਸ਼ਾਸ਼ਕਾਂ ਨੇ ਇਹ ਨੀਤੀ ਅਪਣਾਈ| ਪੁਰਤਗਾਲ ਨੇ 1497 ਵਿੱਚ ਧਰਮ ਬਦਲਣ ਦੀ ਨੀਤੀ ਲਾਗੂ ਕੀਤੀ| ਇਸ ਦੇ ਸਿੱਟੇ ਵਜੋਂ ਯਹੂਦੀਆਂ ਦਾ ਯੂਰਪ ਦੇ ਦੂਜੇ ਖੇਤਰਾਂ ਵਿੱਚ ਪਰਵਾਸ ਹੋਇਆ| ਇਸਾਈ ਸੁਧਾਰਵਾਦੀ ਪ੍ਰੋਟੇਸਟੈਂਟ ਲਹਿਰ ਨੇ ਛੋਟੇ ਰਾਜਿਆਂ ਨੂੰ ਇਸ ਲੋਕ ਏਕੇ ਨੂੰ ਵੱਡੇ ਸਾਮਰਾਜਾਂ ਖਿਲਾਫ਼ ਵਰਤਣ ਦਾ ਮੌਕਾ ਦਿੱਤਾ| ਇਨ੍ਹਾਂ ਸ਼ਾਸ਼ਕਾਂ ਨੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ’ਤੇ ਆਧਾਰਿਤ ਏਕੇ ਨੂੰ ਰਾਜਨੀਤਿਕ ਹਿੱਤਾਂ ਲਈ ਵਰਤਣ ਲਈ ਚਰਚ ਅਤੇ ਇਸਾਈ ਪੁਜਾਰੀਆਂ ਦੇ ਪ੍ਰਸ਼ਾਸ਼ਕੀ ਢਾਂਚੇ ਦੀ ਵਧਵੀਂ ਵਰਤੋਂ ਕੀਤੀ| ਸਤਾਰਵੀਂ ਸਦੀ ਤੱਕ ਸਵੀਡਨ ਦਾ ਪ੍ਰਸ਼ਾਸ਼ਕੀ ਢਾਂਚਾ ਲਗਭਗ ਲੂਥਰੀਅਨ ਚਰਚ ਦੇ ਪਾਸਟਰਾਂ ਦੇ ਅਧੀਨ ਸੀ| ਸਾਂਝੇ ਧਾਰਮਿਕ ਵਿਸ਼ਵਾਸ ਅਤੇ ਸਾਂਝੇ ਇਸਾਈ ਪਾਦਰੀਆਂ ਨੇ ਪ੍ਰਭੂਸੱਤਾ ਨੂੰ ਰਾਜ ਦੀ ਮਾਨਤਾ ਨਾਲ ਜੋੜ ਕੇ ਇਸ ਨੂੰ ਸ਼ਾਸਨ ਦਾ ਤਾਕਤਵਰ ਯੰਤਰ ਬਣਾ ਦਿੱਤਾ| ਅਠਾਰਵੀਂ ਸਦੀ ਵਿੱਚ ਅਮਰੀਕਾ ਅਤੇ ਫ਼ਰਾਂਸ ਵਿੱਚ ਆਈਆਂ ਕ੍ਰਾਂਤੀਆਂ ਨੇ ਯੂਰਪ ਵਿੱਚ ਕੇਂਦਰੀਕ੍ਰਿਤ ਕੌਮੀ ਸਰਕਾਰ ਦਾ ਨਮੂਨਾ ਹੀ ਪੈਦਾ ਨਹੀਂ ਕੀਤਾ, ਪਰ ਨਾਲ ਹੀ ਜੰਗ ਦਾ ਮੁਹਾਣ ਵੀ ਬਦਲ ਦਿੱਤਾ|
1648 ਈ. ਵਿੱਚ ਹੋਈ ਵੈਸਟਫਲੀਅਨ ਸੰਧੀ ਤੋਂ ਪਹਿਲਾਂ ਯੂਰਪ ਵਿੱਚ ਸਮਰਾਟਾਂ, ਇਸਾਈ ਚਰਚ ਦੇ ਧਾਰਮਿਕ ਆਗੂਆਂ ਅਤੇ ਜਗੀਰਦਾਰਾਂ ਦਾ ਰਾਜ ਸੀ| ਵੈਸਟਫਲੀਅਨ ਸੰਧੀ ਤੋਂ ਬਾਅਦ ਇਸਾਈ ਧਾਰਮਿਕ ਆਗੂਆਂ ਅਤੇ ਜਗੀਰਦਾਰੀ ਕੁਲੀਨ ਵਰਗਾਂ ਦੀ ਤਾਕਤ ਥੋੜ੍ਹੀ ਬਹੁਤ ਬਚੀ ਰਹੀ, ਪਰ ਪਵਿੱਤਰ ਰੋਮ ਚਰਚ ਦੇ ਸਾਮਰਾਜ ਦੀ ਧਾਰਮਿਕ ਅਤੇ ਰਾਜਨੀਤਿਕ ਸੱਤਾ ਦਾ ਖਾਤਮਾ ਹੋ ਗਿਆ| ਸਪੇਨ ਵੱਲੋਂ ਨੀਂਦਰਲੈਂਡ ਦੀ ਆਜ਼ਾਦੀ ਦੀ ਮਾਨਤਾ ਨੇ ਜਰਮਨ ਰਾਜਾਂ ਨੂੰ ਖ਼ੁਦਮੁਖਤਿਆਰ ਖੇਤਰ ਬਨਣ ਵਿੱਚ ਮਦਦ ਕੀਤੀ|
ਆਸਟਰੀਆ ਦੇ ਕੇਂਦਰੀ ਯੂਰਪ ਨੂੰ ਕਾਬੂ ਹੇਠ ਰੱਖਣ ਤੋਂ ਅਸਫ਼ਲ ਰਹਿਣ ਕਾਰਨ ਯੂਰਪ ਵਿੱਚ ਇਸ ਦੇ ਤਾਕਤਵਰ ਸਾਮਰਾਜ ਹੋਣ ਦੇ ਰੁਤਬੇ ’ਤੇ ਵੱਡੀ ਸੱਟ ਮਾਰੀ| ਤੀਹ ਸਾਲਾਂ ਤੱਕ ਜੰਗ ਤੋਂ ਬਾਅਦ ਹੋਈ ਵੈਸਟਫਲੀਅਨ ਸੰਧੀ ਅਤੇ ਸਪੇਨ ਤੇ ਆਸਟਰੀਆ ਦੇ ਸਾਮਰਾਜਾਂ ਦੇ ਪਤਨ ਦੇ ਸਿੱਟੇ ਵਜੋਂ ਯੂਰਪੀਅਨ ਰਾਜਨੀਤਿਕ ਮਾਹੌਲ ਪੂਰੀ ਤਰ੍ਹਾਂ ਬਦਲ ਗਿਆ| ਇਸ ਨੇ ਯੂਰਪ ਦੇ ਕਿਸੇ ਸਾਂਝੇ ਅਤੇ ਇਕਾਤਮਕ ਸਾਮਰਾਜੀ ਸ਼ਾਸ਼ਕ ਦੇ ਅਧੀਨ ਹੋ ਜਾਣ ਦੀ ਸੰਭਾਵਨਾ ਦਾ ਖਾਤਮਾ ਹੀ ਨਹੀਂ ਕੀਤਾ, ਬਲਕਿ ਰੋਮਨ ਕੈਥੋਲਿਕ ਚਰਚ ਦੀ ਰਾਜਨੀਤਿਕ ਅਤੇ ਅਧਿਆਤਮਕ ਤਾਕਤ ’ਤੇ ਅਜ਼ਾਰੇਦਾਰੀ ਵੀ ਖਤਮ ਕਰ ਦਿੱਤੀ| ਭਾਈਚਾਰਿਆਂ ਦੀ ਖ਼ੁਦਮੁਖਤਿਆਰੀ ਅਤੇ ਅੰਤਰ-ਰਾਜੀ ਮੁਕਾਬਲੇ ’ਤੇ ਆਧਾਰਿਤ ‘ਕੌਮੀ ਪ੍ਰਭੂਸੱਤਾ’ ਯੂਰਪੀਅਨ ਸ਼ਾਸਨ ਪ੍ਰਣਾਲੀ ਦੀ ਕੇਂਦਰੀ ਖਾਸੀਅਤ ਬਣ ਗਈ| ਇਸ ਸੰਦਰਭ ਵਿੱਚ ਰੋਮਨ ਪਵਿੱਤਰ ਚਰਚ ਦੀ ਸਾਮਰਾਜੀ ਤਾਕਤ ਦੇ ਪਤਨ ਦਾ ਵਰਤਾਰਾ ਸਾਡੇ ਲਈ ਮਹੱਤਵਪੂਰਨ ਨੁਕਤਾ ਹੈ|
ਹੈਬਸਬਰਗ ਸ਼ਾਸ਼ਕਾਂ ਅਤੇ ਖਾਸ ਕਰਕੇ ਸਪੇਨ ਦੇ ਰਾਜੇ ਫਿਲਿਪ ਦੂਜੇ ਦੇ ਰਾਜ ਦੌਰਾਨ ਯੂਰਪ ਦੇ ਵੱਡੇ ਹਿੱਸੇ ਰੋਮਨ ਕੈਥੋਲਿਕ ਚਰਚ ਦੇ ਕਾਬੂ ਹੇਠ ਸਨ| 1302 ਈਸਵੀ ਵਿੱਚ ਚਰਚ ਦੇ ਇੱਕ ਫ਼ੁਰਮਾਨ ਵਿੱਚ ‘ਪੋਪ ਦੇ ਦੁਨਿਆਵੀ ਸ਼ਾਸ਼ਕ ਦੀ ਸੱਤਾ ਤੋਂ ਉੱਪਰ ਹੋਣ ਦਾ’ ਐਲਾਨ ਕੀਤਾ ਗਿਆ ਸੀ| 1555 ਈਸਵੀ ਵਿੱਚ ਆਗਸਬਰਗ ਸੰਧੀ ਨੇ ਪੋਪ ਦੀ ਸੱਤਾ ਨੂੰ ਵੱਡੀ ਚੁਣੌਤੀ ਦਿੱਤੀ, ਜਦੋਂ ਜਰਮਨ ਰਾਜਿਆਂ ਨੂੰ ਆਪਣੇ ਖੇਤਰਾਂ ਵਿੱਚ ਕੈਥੋਲਿਕ ਅਤੇ ਲੂਥਰੀਅਨ ਚਰਚਾਂ ਨੂੰ ਮਾਨਤਾ ਦੇਣ ਦਾ ਅਧਿਕਾਰ ਮਿਲ ਗਿਆ| ਇਸ ਤਬਦੀਲੀ ਨੇ ‘ਜਿਸ ਦਾ ਖੇਤਰ ਉਸੇ ਦਾ ਧਰਮ’ ਦੇ ਸਿਧਾਂਤ ਨੂੰ ਮਾਨਤਾ ਦਿਵਾਈ, ਭਾਵ ਰਾਜ ਨੂੰ ਆਪਣੇ ਲੋਕਾਂ ਦੇ ਧਰਮ ਬਾਰੇ ਫੈਸਲਾ ਲੈਣ ਦੀ ਤਾਕਤ ਦਿੱਤੀ| ਆਗਸਬਰਗ ਦੀ ਸੰਧੀ ਨੇ ਪੋਪ ਦੀ ਸੱਤਾ ’ਤੇ ਸੱਟ ਮਾਰੀ, ਪਰ ਵੈਸਟਫਲੀਆ ਸੰਧੀ ਨੇ ਇਸ ਸੱਤਾ ਦਾ ਲਗਭਗ ਖਾਤਮਾ ਕਰ ਦਿੱਤਾ| ਇਸ ਤਬਦੀਲੀ ਨੇ ਵੱਖ-ਵੱਖ ਭਾਸ਼ਾਈ ਅਤੇ ਸੱਭਿਆਚਾਰਕ ਪਛਾਣਾਂ ਵਾਲੇ ਭਾਈਚਾਰਿਆਂ ਦੇ ਸਾਂਝੀ ਧਾਰਮਿਕ ਸੱਤਾ ’ਤੇ ਆਧਾਰਿਤ ਕੇਂਦਰੀਕ੍ਰਿਤ ਅਤੇ ਏਕਾਤਮਕ ਰਾਜਸੀ ਸੱਤਾ ਹੇਠ ਵਿਚਾਰਨ ਦੇ ਵਿਚਾਰ ਨੂੰ ਰੱਦ ਕਰ ਦਿੱਤਾ| ਲੂਥਰੀਅਨ ਸੁਧਾਰਵਾਦ ਨੇ ਵੱਖ-ਵੱਖ ਭਾਸ਼ਾਈ ਪਛਾਣਾਂ ਵਾਲੇ ਭਾਈਚਾਰਿਆਂ ਨੂੰ ਆਪਣੇ ਖੇਤਰੀ ਰਾਜ ਸਿਰਜਣ ਦੇ ਰਾਹ ਤੋਰ ਦਿੱਤਾ| ਨੇਸ਼ਨ ਸਟੇਟ ਦੇ ਪੈਦਾ ਹੋਣ ਦੇ ਅਮਲ ਦੀਆਂ ਜੜ੍ਹਾਂ ਇਸੇ ਰਾਜਸੀ ਬਦਲਾਅ ਵਿੱਚ ਲੱਗੀਆਂ ਹਨ|
ਇਸ ਰਾਜਸੀ ਬਦਲਾਅ ਨੇ ਯੂਰਪ ਵਿੱਚ ਜੰਗ ਦੇ ਰੂਪ ਨੂੰ ਵੀ ਬਦਲ ਦਿੱਤਾ| ਪਿਤਾ-ਪੁਰਖੀ ਅਤੇ ਜੱਦੀ ਸੱਤਾ ’ਤੇ ਆਧਾਰਿਤ ਰਾਜਸ਼ਾਹੀਆਂ ਤੇ ਸ਼ਾਸ਼ਕਾਂ ਦਾ ਵਿਰੋਧ ਹੋਣਾ ਸ਼ੁਰੂ ਹੋਇਆ ਅਤੇ ਭਾਈਚਾਰਿਆਂ ਨੇ ਪ੍ਰਤੀਨਿਧਤਾਂ ਲਈ ਸੰਘਰਸ਼ ਕਰਨੇ ਸ਼ੁਰੂ ਕਰ ਦਿੱਤੇ| ਇਸ ਅਮਲ ਨੇ ਕੌਮਵਾਦ ਨੂੰ ਰਾਜ ਦੀ ਸਿਰਜਣਾ ਦਾ ਸਰੋਤ ਬਣਾ ਦਿੱਤਾ ਅਤੇ ਭਾਈਚਾਰੇ ‘ਨੇਸ਼ਨ’ ਦਾ ਰੂਪ ਧਾਰਨ ਕਰ ਗਏ| ਰਾਜ ਸਿਰਜਣਾ ਦੇ ਇਸ ਦੌਰ ਵਿੱਚ ਨੇਸ਼ਨ ਅਤੇ ਨੇਸ਼ਨਲਿਜ਼ਮ ਦਾ ਅਮਲ ਮਨੁੱਖੀ ਸਮੂਹਾਂ ਦੇ ਪ੍ਰਭੂਸੱਤਾ ਦੇ ਸਰੋਤ ਹੋਣ ਦੇ ਵਿਚਾਰ ’ਤੇ ਆਧਾਰਿਤ ਸੀ| ਇਸ ਸਮੇਂ ਜਦੋਂ ਨੇਸ਼ਨ ਨੇ ਯੂਰਪ ਵਿੱਚ ਆਧੁਨਿਕ ਅਰਥ ਗ੍ਰਹਿਣ ਕੀਤੇ ਅਤੇ ਇਹ ਮਨੁੱਖੀ ਸਮੂਹਾਂ ਜਾਂ ਲੋਕਾਂ ਦੇ ਸਮੂਹਾਂ ਦਾ ਸਮਾਨਅਰਥੀ ਸੰਕਲਪ ਬਣ ਗਿਆ ਤਾਂ ਵਿਹਾਰਕ ਤੌਰ ’ਤੇ ਇਸ ਦਾ ਸਬੰਧ ਰਾਜਨੀਤਿਕ ਅਤੇ ਸੱਭਿਆਚਾਰਕ ਪ੍ਰਤੀਨਿਧਤਾ ਕਰਨ ਵਾਲੇ ਪਤਵੰਤੇ ਵਰਗਾਂ ਨਾਲ ਸੀ|
ਸੋਹਲਵੀਂ ਸਦੀ ਦੇ ਇੰਗਲੈਂਡ ਵਿੱਚ ‘ਲੋਕ’ ਸ਼ਬਦ ‘ਰੈਬਲ’ ਅਤੇ ‘ਪਲੇਬਸ’ (੍ਰਅਬਬਲੲ ਅਨਦ ਫਲੲਬਸ) ਦੇ ਰੂਪ ਵਿੱਚ ਸਮਾਜ ਦੇ ਹੇਠਲੇ ਵਰਗਾਂ ਲਈ ਵਰਤਿਆ ਜਾਂਦਾ ਸੀ| ਲੋਕ ਸਮੂਹ ਦੇ ਕੌਮੀਕ੍ਰਿਤ ਸਮੂਹ ਵਿੱਚ ਬਦਲਣ ਨਾਲ ਇਹ ਵਰਗ ਪਤਵੰਤੇ ਵਰਗਾਂ ਦਾ ਰੁਤਬਾ ਹਾਸਿਲ ਕਰ ਗਿਆ| ਲੋਕ ਸਮੂਹ ਦੇ ਕੌਮੀਕਰਨ ਨੇ ਆਮ ਲੋਕਾਂ ਨੂੰ ਸਮੂਹ ਦੇ ਉੱਚੇ ਪਤਵੰਤੇ ਗੁਣਾਂ ਨੂੰ ਧਾਰਨ ਕਰਨ ਦਾ ਮੌਕਾ ਦਿੱਤਾ| ਇਸ ਕ੍ਰਾਂਤੀਕਾਰੀ ਤਬਦੀਲੀ ਨੇ ਲੋਕ ਸਮੂਹਾਂ ਵਿੱਚ ਸਮਾਜਿਕ ਦਰਜੇਬੰਦੀਆਂ ਦੀ ਹੋਂਦ ਦੇ ਬਾਵਜੂਦ ਇਨ੍ਹਾਂ ਨੂੰ ਏਕੀਕ੍ਰਿਤ ਭਾਈਚਾਰਿਆਂ (ਂਅਟਿੋਨਸ) ਵਜੋਂ ਪ੍ਰਭੂਸੱਤਾ ਦੇ ਸਰੋਤ ਬਣਾ ਦਿੱਤਾ| ਇੰਗਲੈਂਡ ਵਿੱਚ ਆਈਆਂ ਰਾਜਸੀ ਤਬਦੀਲੀਆਂ ਦੇ ਆਧਾਰ ’ਤੇ ਇਸ ਵਰਤਾਰੇ ਬਾਰੇ ਹੋਰ ਗਹਿਰੀ ਸਮਝ ਪੈਦਾ ਕੀਤੀ ਜਾ ਸਕਦੀ ਹੈ| ਇੰਗਲੈਂਡ ਵਿੱਚ ਮੱਧਯੁਗ ਵਿਚਲੀਆਂ ਚਰਚ ਸਭਾਵਾਂ ਨੇ ਲੋਕਾਂ ਨੂੰ ਪਤਵੰਤੇ ਹੋਣ ਦਾ ਅਹਿਸਾਸ ਦਿਵਾਇਆ, ਜਿਸ ਨੇ ਨੇਸ਼ਨ ਦੇ ਸੰਕਲਪ ਦੇ ਜ਼ੋਰ ਫੜ੍ਹਨ ਤੋਂ ਪਹਿਲਾਂ ਹੀ ਇੰਗਲਿਸ਼ ਸਮਾਜ ਵਿੱਚ ਆਉਣ ਵਾਲੀਆਂ ਰਾਜਸੀ ਅਤੇ ਸੱਭਿਆਚਾਰਕ ਤਬਦੀਲੀਆਂ ਲਈ ਢਾਂਚਾਗਤ ਮਾਹੌਲ ਤਿਆਰ ਕੀਤਾ| ਇਸ ਤਬਦੀਲੀ ਨੇ ਕਈ ਆਮ ਮਨੁੱਖਾਂ ਨੂੰ ਸੱਤਾ ਦੇ ਉੱਚੇ ਅਹੁਦਿਆਂ ਤੱਕ ਪਹੁੰਚਾਇਆ| ਰੋਜ਼ਿਜ਼ (ਗੁਲਾਬ) ਦੀਆਂ ਜੰਗਾਂ ਨੇ ਇੰਗਲੈਂਡ ਵਿੱਚ ਪਰੰਪਰਾਗਤ ਜਗੀਰਦਾਰੀ ਸੱਤਾ ਦਾ ਪਤਨ ਕੀਤਾ, ਜਿਸ ਦੇ ਸਿੱਟੇ ਵਜੋਂ ਸਮਾਜਿਕ ਦਰਜੇਬੰਦੀ ਦੇ ਉੱਚ ਹਿੱਸੇ ਵਿੱਚ ਸੱਤਾ ਦਾ ਖਲਾਅ ਪੈਦਾ ਕਰ ਦਿੱਤਾ|
1530 ਈਸਵੀ ਵਿੱਚ ਟਿਉਡਰ ਪਤਵੰਤੇ ਵਰਗਾਂ ਦੇ ਰੂਪ ਵਿੱਚ ਨਵੀਂ ਕੁਲੀਨਤੰਤਰ ਪ੍ਰਣਾਲੀ ਦਾ ਜਨਮ ਹੋਇਆ| ਇਹ ਅਮਲ ਇਸਾਈ ਪੁਜਾਰੀਆਂ ਨੂੰ ਸਰਕਾਰੀ ਉੱਚੇ ਅਹੁਦਿਆਂ ਤੋਂ ਲਾਹੁਣ ਦੇ ਵਰਤਾਰੇ ਦੇ ਨਾਲੋ-ਨਾਲ ਵਾਪਰਿਆ| ਇਸ ਤਬਦੀਲੀ ਨੇ ਉੱਚ ਵਿਦਿਆ ਪ੍ਰਾਪਤ ਆਮ ਲੋਕਾਂ ਨੂੰ ਰਾਜਸੀ ਸੇਵਾਵਾਂ ਅਤੇ ਅਹੁਦਿਆਂ ਤੱਕ ਪਹੁੰਚਾਇਆ| ਸਮਾਜ ਦੇ ਹੇਠਲੇ ਵਰਗਾਂ ਦੇ ਵਿਦਿਆ ਪ੍ਰਾਪਤ ਪੇਸ਼ੇਵਰ ਲੋਕਾਂ ਦਾ ਇੱਕ ਕੁਲੀਨ ਵਰਗ ਹੋਂਦ ਵਿੱਚ ਆਇਆ ਅਤੇ ਇਸ ਬਦਲਾਅ ਨੇ ਆਮ ਲੋਕਾਂ ਲਈ ਜਨਮ ਦੀ ਥਾਂ ਗੁਣਾਂ ਦੇ ਆਧਾਰ ’ਤੇ ਉੱਚੇ ਪਤਵੰਤੇ ਵਰਗਾਂ ਤੇ ਰੁਤਬੇ ਤੱਕ ਪਹੁੰਚਣ ਦਾ ਰਾਹ ਖੋਲਿਆ| ਨੇਸ਼ਨ ਦੇ ਵਿਚਾਰ ਦੀਆਂ ਜੜ੍ਹਾਂ ਆਮ ਲੋਕਾਂ ਵੱਲੋਂ ਗੁਣਾਂ ਆਧਾਰਿਤ ਏਕੀਕ੍ਰਿਤ ਪਤਵੰਤਾ ਵਰਗ ਸਿਰਜਣ ਦੀ ਬੁਨਿਆਦੀ ਤਬਦੀਲੀ ਵਿੱਚ ਲੱਗੀਆਂ ਹਨ| ਫ਼ਰਾਂਸ, ਰੂਸ ਅਤੇ ਜਰਮਨ ਵਿੱਚ ਵੀ ਕੌਮੀ ਪਛਾਣ ਦੇ ਉਭਾਰ ਦੀਆਂ ਜੜ੍ਹਾਂ ਪਤਵੰਤੇ ਵਰਗਾਂ ਤੱਕ ਪਹੁੰਚਣ ਦੇ ਸਮਾਜਿਕ ਸੰਘਰਸ਼ਾਂ ਨਾਲ ਜੁੜੀਆਂ ਹੋਈਆਂ ਹਨ| ਫ਼ਰਾਂਸ ਵਿੱਚ ਕੌਮੀ ਪਛਾਣ ਦੀ ਸਿਰਜਣਾ ਕਰਨ ਵਾਲੇ ਲੋਕਾਂ ਵਿੱਚ ਪਰੰਪਰਾਗਤ ਕੁਲੀਨ ਵਰਗ ਅਤੇ ਗੈਰ-ਕੁਲੀਨ ਬੁੱਧੀਜੀਵੀ ਵਰਗ ਸ਼ਾਮਿਲ ਸਨ, ਜੋ ਫ਼ਰਾਂਸ ਦੀ ਰਾਜਸ਼ਾਹੀ ਵਿੱਚ ਆਪਣੇ ਸਮਾਜਿਕ ਰੁਤਬੇ ਸਬੰਧੀ ਅਸੁਰੱਖਿਆ ਵਿੱਚੋਂ ਪੈਦਾ ਹੋਈ|
ਰੂਸ ਵਿੱਚ ਕੁਲੀਨ ਵਰਗਾਂ ਦਾ ਸਮਾਜਿਕ ਅਤੇ ਆਰਥਿਕ ਰੁਤਬਾ ਰਾਜੇ ਲਈ ਕੀਤੀਆਂ ਸੇਵਾਵਾਂ ’ਤੇ ਆਧਾਰਿਤ ਸੀ| ਇਸ ਨੇ ਕੁਲੀਨ ਵਰਗਾਂ ਵਿੱਚ ਅਸੰਤੁਸ਼ਟੀ ਦੀ ਭਾਵਨਾ ਪੈਦਾ ਕੀਤੀ| ਰੂਸੀ ਸ਼ਾਸ਼ਕ ਗ੍ਰੇਟ ਪੀਟਰ ਨੇ ਯੂਰਪ ਦੇ ‘ਨੇਸ਼ਨ, ਸਟੇਟ ਅਤੇ ਲੋਕ ਸਮੂਹਾਂ’ ਵਰਗੇ ਸੰਕਲਪਾਂ ਨੂੰ ਆਪਣਾ ਕੇ ਰੂਸੀ ਸਮਾਜ ਵਿੱਚ ਬਦਲਾਅ ਲਿਆਂਦਾ| ਉਸ ਨੇ ਆਪਣੇ ਫ਼ੁਰਮਾਨਾਂ ਵਿੱਚ ਸ਼ਾਹੀ ਸੱਤਾ ਨੂੰ ਰੂਸੀ ਸਟੇਟ ਵਜੋਂ ਪ੍ਰਭਾਸ਼ਿਤ ਕੀਤਾ, ਆਪਣੀਆਂ ਰਾਜਸੀ ਸੇਵਾਵਾਂ ਨੂੰ ਰੂਸੀ ‘ਫਾਦਰਲੈਂਡ’ ਨਾਲ ਜੋੜਿਆ, ਰੂਸ ਨੂੰ ਪਿਤਾ-ਪੁਰਖੀ ਜਾਇਦਾਦ ਨਾ ਹੋ ਕੇ ਰੂਸੀ ਨੇਸ਼ਨ ਵਜੋਂ ਪੇਸ਼ ਕੀਤਾ ਅਤੇ ਰੂਸੀ ਲੋਕਾਂ ਦੇ ਹਿੱਤਾਂ ਲਈ ਕਾਰਜ ਕਰਨ ਦੇ ਵਾਇਦੇ ਕੀਤੇ| ਇਨ੍ਹਾਂ ਯੂਰਪੀਅਨ ਰਾਜਸੀ ਸੰਕਲਪਾਂ ਨੂੰ ਰੂਸੀ ਕੁਲੀਨ ਵਰਗਾਂ ਦੇ ਵਿਦਿਅਕ ਬਿਰਤਾਂਤ ਦਾ ਹਿੱਸਾ ਬਣਨ ਲਈ ਪੀੜ੍ਹੀਆਂ ਦਾ ਸਮਾਂ ਲੱਗਿਆ; ਪਰ 1762 ਤੋਂ ਲੈ ਕੇ 1796 ਈਸਵੀ ਤੱਕ ਗਰੇਟ ਕੈਥਰੀਨ ਦੇ ਸ਼ਾਸਨ ਕਾਲ ਵਿੱਚ ਇਸ ਰਾਜਸੀ ਬਦਲਾਅ ਦੇ ਸਿੱਟੇ ਵਜੋਂ ਕੁਲੀਨ ਵਰਗਾਂ ਨੇ ਆਪਣੀਆਂ ਰਿਆਸਤੀ ਪਛਾਣਾਂ ਨੂੰ ਰੂਸੀ ਕੌਮੀਅਤ ਵਿੱਚ ਬਦਲ ਦਿੱਤਾ|
ਜਰਮਨ ਸਮਾਜ ਦਾ ਕੌਮੀਕਰਨ ਇੰਗਲਿਸ਼, ਫਰੈਂਚ ਅਤੇ ਰੂਸੀ ਸਮਾਜਾਂ ਦੇ ਉਲਟ ਕੁਲੀਨ ਵਰਗਾਂ ਦੀ ਥਾਂ ’ਤੇ ਮੱਧਵਰਗੀ ਬੁੱਧੀਜੀਵੀ ਵਰਗ ਨੇ ਕੀਤਾ| ਪੜ੍ਹਿਆ-ਲਿਖਿਆ ਜਰਮਨ ਬੁੱਧੀਜੀਵੀ ਵਰਗ ਉੱਚੇ ਅਮੀਰ ਵਰਗਾਂ ਦੀ ਘ੍ਰਿਣਾ ਦਾ ਸ਼ਿਕਾਰ ਸੀ| ਜਰਮਨ ਰਾਜਾਂ ਵਿੱਚ ਕੁਲੀਨ ਵਰਗਾਂ ਅਤੇ ਨੌਕਰਸ਼ਾਹੀ ਵਿੱਚ ਕੌਮੀ ਭਾਵਨਾਵਾਂ ਦੀ ਅਣਹੋਂਦ ਸੀ| ਬੁੱਧੀਜੀਵੀ ਵਰਗ ਵੀ ਬ੍ਰਹਿਮੰਡੀ ਸੁਪਨਿਆਂ ਦਾ ਸ਼ਿਕਾਰ ਸੀ; ਪਰ ਫਰੈਂਚ ਦੇ ਹਮਲੇ ਅਤੇ ਪਰੂਸ਼ੀਆ ਦੀ ਹਾਰ ਨੇ ਜਰਮਨ ਰਾਜਾਂ ਦਾ ਸਮਾਜਿਕ ਅਤੇ ਰਾਜਨੀਤਿਕ ਮਾਹੌਲ ਬਦਲ ਦਿੱਤਾ| ਬੁੱਧੀਜੀਵੀ ਵਰਗ ਸ਼ਾਸ਼ਕ ਵਰਗਾਂ ਨਾਲ ਜੁੜ ਗਿਆ| ਇਸ ਵਰਤਾਰੇ ਨੇ ਕੁਝ ਸਮੇਂ ਵਿੱਚ ਹੀ ਇਨ੍ਹਾਂ ਵਰਗਾਂ ਨੂੰ ਜਰਮਨ ਨੇਸ਼ਨਲਿਸਟਾਂ ਵਿੱਚ ਬਦਲ ਦਿੱਤਾ| ਪਰੂਸ਼ੀਆ ਦੇ ਸ਼ਾਸ਼ਕਾਂ, ਜੋ ਬੁੱਧੀਜੀਵਿਆਂ ਨੂੰ ਪਹਿਲਾਂ ਕੋਈ ਮਹੱਤਵ ਨਹੀਂ ਦਿੰਦੇ ਸਨ, ਵੱਲੋਂ ਨੇਸ਼ਨਲਿਸਟ ਵਿਚਾਰਧਾਰਾਂ ਨੂੰ ਹੱਥੋ-ਹੱਥ ਆਪਣਾ ਲਿਆ| ਇਹ ਹੈਰਾਨੀਜਨਕ ਸੀ ਕਿ ਜਰਮਨ ਸਮਾਜ ਨੇ ਬਹੁਤ ਥੋੜ੍ਹੇ ਸਮੇਂ ਵਿੱਚ ਹੀ ਆਪਣੇ ਆਪ ਨੂੰ ਜਰਮਨ ਨੇਸ਼ਨ ਵਜੋਂ ਮੁੜ ਪਰਿਭਾਸ਼ਿਤ ਕਰ ਲਿਆ| ਜਰਮਨ ਨੇਸ਼ਨ ਰਾਜਨੀਤਿਕ ਵਫ਼ਾਦਾਰੀ ਅਤੇ ਸਮਾਜਿਕ ਏਕੇ ਦਾ ਸਰੋਤ ਬਣ ਗਿਆ|
ਅਠਾਰਵੀਂ ਸਦੀ ਤੋਂ ਬਾਅਦ ਯੂਰਪ ਵਿੱਚ ਨੇਸ਼ਨ ਦੇ ਰੂਪ ਵਿੱਚ ਲੋਕਾਂ ਦੇ ਸਮੂਹਿਕ ਪ੍ਰਤੀਨਿਧ ਬਹੁਤੇ ਰਾਜਾਂ ਦੀਆਂ ਸੱਤਾ ਪ੍ਰਣਾਲੀਆਂ ’ਤੇ ਕਾਬਜ਼ ਹੋ ਗਏ| ਇਸ ਸੰਦਰਭ ਵਿੱਚ ਯੂਰਪ ਵਿੱਚ ਇਹ ਦਾਰਸ਼ਨਿਕ ਵਿਚਾਰ ਭਾਰੂ ਸੀ ਕਿ ਜੰਗਾਂ ਰਾਜਸ਼ਾਹੀਆਂ ਦੇ ਟਕਰਾਵੇਂ ਹਿੱਤਾਂ ਦੀ ਉਪਜ ਹਨ ਅਤੇ ਜਦੋਂ ਰਾਜ ਦੀ ਤਾਕਤ ਲੋਕ ਪ੍ਰਤੀਨਿਧੀਆਂ ਦੇ ਹੱਥ ਆ ਜਾਵੇਗੀ ਤਾਂ ਜੰਗ ਦਾ ਖਾਤਮਾ ਹੋ ਜਾਵੇਗਾ; ਪਰ ਵਿਹਾਰਕ ਰੂਪ ਇਸ ਤੋਂ ਉਲਟ ਵਾਪਰਿਆ| ਯੂਰਪ ਵਿੱਚ ਨੇਸ਼ਨਲਿਜ਼ਮ ਦਾ ਭਿਅੰਕਰ ਫੌਜੀਕਰਨ ਹੋਇਆ| ਨੇਸ਼ਨ ਦੇ ਰੂਪ ਵਿੱਚ ਤਾਕਤਵਰ ਹੋਏ ਭਾਈਚਾਰਿਆਂ ਵਿੱਚ ਭੂਤਕਾਲ ਵਿੱਚ ਹੋਈਆਂ ਜੰਗਾਂ, ਜਿੱਤਾਂ ਅਤੇ ਹਾਰਾਂ ਨੇ ਸੱਭਿਆਚਾਰਕ ਨਫ਼ਰਤਾਂ ਦਾ ਰੂਪ ਧਾਰ ਲਿਆ| ਜੰਗਾਂ ਕੌਮੀ ਸਵੈ-ਚੇਤਨਾ ਦਾ ਸਰੋਤ ਬਣ ਗਈਆਂ| ਉੱਨੀਵੀਂ ਸਦੀ ਵਿੱਚ ਇਸ ਵਿਚਾਰ ਨੇ ਜ਼ੋਰ ਫੜ੍ਹਿਆ ਕਿ ਕੋਈ ਵੀ ਨੇਸ਼ਨ ਜੰਗ ਤੋਂ ਬਿਨਾ ਹੋਂਦ ਵਿੱਚ ਨਹੀਂ ਆਉਂਦਾ| ਕੋਈ ਵੀ ਭਾਈਚਾਰਾ ਕੌਮਾਂਤਰੀ ਪੱਧਰ ’ਤੇ ਇੱਕ ਸਵੈ-ਚੇਤੰਨ ਇਕਾਈ ਦੇ ਤੌਰ ’ਤੇ ਆਪਣੀ ਪਛਾਣ ਨਹੀਂ ਬਣਾ ਪਾਉਂਦਾ, ਜਦੋਂ ਤੱਕ ਇਸ ਨੇ ਜੰਗਾਂ ਦਾ ਸਾਹਮਣਾ ਨਾ ਕੀਤਾ ਹੋਵੇ| ਇਨ੍ਹਾਂ ਸਿਧਾਂਤਕ ਵਿਚਾਰਾਂ ਤੋਂ ਪੈਦਾ ਹੋਏ ਫੌਜੀ ਰਾਸ਼ਟਰਵਾਦ ਨੇ ਦੋ ਸੰਸਾਰ ਜੰਗਾਂ ਨੂੰ ਜਨਮ ਦਿੱਤਾ, ਜਿਸ ਨੇ ਪੂਰੀ ਦੁਨੀਆਂ ’ਤੇ ਅਸਰ ਪਾਇਆ| ਇਸ ਫੌਜੀ ਰਾਸ਼ਟਰਵਾਦ ਦਾ ਮੁਕਾਬਲਾ ਕਰਨ ਲਈ ਪੱਛਮੀ ਰਾਜਾਂ ਨੇ ਪਰੰਪਰਾਗਤ ਨੇਸ਼ਨਲਿਜ਼ਮ ਦੀ ਵਿਚਾਰਧਾਰਾਂ ਨੂੰ ਵਰਤਿਆ| ਇੱਥੋਂ ਤੱਕ ਕਿ ਰੂਸੀ ਮਾਰਕਸਵਾਦੀ ਸ਼ਾਸ਼ਕਾਂ ਨੂੰ ਵੀ ਆਪਣੇ ਰਾਜ ਨੂੰ ਬਚਾਉਣ ਲਈ ਨੇਸ਼ਨਲਿਜ਼ਮ ਦੀਆਂ ਭਾਵਨਾਵਾਂ ਦਾ ਸਹਾਰਾ ਲੈਣਾ ਪਿਆ| ਯੂਰਪ ਵਿੱਚ ਜੰਗਾਂ ਦੇ ਕਾਰਨ ਆਈਆਂ ਤਬਦੀਲੀਆਂ ਦੀ ਸੰਖੇਪ ਜਾਣਕਾਰੀ ਜੰਗਾਂ ਕਾਰਨ ਸਿੱਖ ਭਾਈਚਾਰੇ ਦੇ ਵਿਗਾਸ ਅਤੇ ਮੌਜੂਦਾ ਸਿੱਖ ਸੰਘਰਸ਼ ਸਬੰਧੀ ਮਹੱਤਵਪੂਰਨ ਸੇਧਾਂ ਦਿੰਦੀ ਹੈ|
ਭਾਵੇਂ ਇਸ ਤੁਲਨਾਤਮਿਕ ਅਧਿਐਨ ਲਈ ਇੱਕ ਤੋਂ ਵੱਧ ਅਕਾਦਮਿਕ ਖੋਜ ਕਾਰਜਾਂ ਦੀ ਜ਼ਰੂਰਤ ਹੈ, ਪਰ ਇਸ ਲੇਖ ਵਿੱਚ ਇਸ ਸੰਦਰਭ ਵਿੱਚ ਕੁਝ ਮਹੱਤਵਪੂਰਨ ਨੁਕਤਿਆਂ ਦੀ ਚਰਚਾ ਕੀਤੀ ਜਾ ਸਕੇਗੀ ਤਾਂ ਕਿ ਭਵਿੱਖ ਵਿੱਚ ਇਸ ਮਸਲੇ ਬਾਰੇ ਵੱਡੇ ਅਧਿਐਨ ਕੀਤੇ ਜਾ ਸਕਣ|
(ਬਾਕੀ ਅਗਲੇ ਅੰਕ ਵਿੱਚ)

Leave a Reply

Your email address will not be published. Required fields are marked *