ਚੁਰਾਸੀ ਦੇ ਘੱਲੂਘਾਰੇ ਨੂੰ ਕਿਵੇਂ ਯਾਦ ਕਰੀਏ?

ਅਧਿਆਤਮਕ ਰੰਗ ਵਿਚਾਰ-ਵਟਾਂਦਰਾ

*ਇਸ ਯਾਦ ਨੂੰ ਤਹਿਰੀਕ ਬਣਾਈਏ ਅਤੇ ਆਪਣੀ ਪੀੜ ਨੂੰ ਪ੍ਰੇਰਣਾ ਵਿੱਚ ਬਦਲ ਕੇ ਕੁਝ ਸਾਰਥਕ ਕੰਮ ਕਰੀਏ
ਸਿੱਖ ਪੰਥ ਵਿੱਚ ਇਖ਼ਲਾਕ ਤੇ ਇਤਫ਼ਾਕ ਨੂੰ ਲੱਗ ਰਿਹਾ ਖੋਰਾ ਅਤੇ ਸ਼ਹੀਦਾਂ ਪ੍ਰਤੀ ਦਿਖਾਵੇ ਮਾਤਰ ਪ੍ਰਗਟਾਈ ਜਾ ਰਹੀ ਹਮਦਰਦੀ ਨੂੰ ਛੱਟੀਏ ਤਾਂ ਇਹੋ ਕੁਝ ਸਾਫ ਹੋਵੇਗਾ ਕਿ ਹੁਣ ਅਸੀਂ ਵਿਰਾਸਤ ਵਿਸਾਰ ਕੇ, ਬੈਨਰ ਝਾਕੀਆਂ ਅਤੇ ਤਖ਼ਤੀਆਂ ਉਸਾਰਨ ਵਿੱਚ ਰੁਝ ਗਏ ਹਾਂ। ਹਥਲੇ ਲੇਖ ਵਿਚਲੀ ਇਹ ਟਿੱਪਣੀ “ਸਾਡੀਆਂ ਯਾਦਗਾਰਾਂ ਹੁਣ ਕੁਝ ਜ਼ਿਆਦਾ ਹੀ ਸ਼ੋਰੀਲੀਆਂ ਅਤੇ ਭੜਕਾਊ ਹੋ ਗਈਆਂ ਹਨ” ਬੜੀ ਗਹਿਰ-ਗੰਭੀਰ ਤਾਂ ਹੀ ਹੈ, ਪਰ ਸਾਨੂੰ ਸੋਚਣ ਲਈ ਮਜਬੂਰ ਵੀ ਕਰਦੀ ਹੈ ਕਿ ਕਿਉਂ ਨਾ ਇਨ੍ਹਾਂ ਦਾ ਧਿਆਨ ਸਾਡੇ ਸੰਤਾਪ ਨੂੰ ਸੰਜੋ ਕੇ ਤੇ ਸਾਡੀ ਕੌਮ ਨੂੰ ਅਗਾਂਹ ਖੜ੍ਹਨ ਵੱਲ ਹੋਵੇ?

ਬੀਬੀ ਗੁਰਮੀਤ ਕੌਰ ਪੰਜਾਬੀ ਬੋਲੀ, ਵਿਰਾਸਤ ਤੇ ਵਾਤਾਵਰਨ ਨੂੰ ਸੰਭਾਲਣ ਲਈ ਸਮਰਪਿਤ ਲੇਖਿਕਾ ਹੈ। ਉਨ੍ਹਾਂ ਨੇ ‘ਮਰਜੀਵੜਾ ਜਸਵੰਤ ਸਿੰਘ ਖਾਲੜਾ’ ਅਤੇ ‘ਸੋਹਣੇ ਪੰਜਾਬ ਦੀਆਂ ਮੋਹਣੀਆਂ ਬਾਤਾਂ’ ਪੁਸਤਕ ਲੜੀ ਲਿਖੀ ਹੈ। `84 ਦੇ ਘੱਲੂਘਾਰੇ ਦੀ ਯਾਦਗਾਰ ਬਾਬਤ ਉਨ੍ਹਾਂ ਸਕਾਰਾਤਮਕ ਸੋਚ ਦਾ ਪ੍ਰਗਟਾਵਾ ਕੀਤਾ ਹੈ ਕਿ ਇਸ ਯਾਦ ਨੂੰ ਤਹਿਰੀਕ ਬਣਾਈਏ ਅਤੇ ਆਪਣੀ ਪੀੜ ਨੂੰ ਪ੍ਰੇਰਣਾ ਵਿੱਚ ਬਦਲ ਕੇ ਕੁਝ ਸਾਰਥਕ ਕੰਮ ਕਰੀਏ। –ਪ੍ਰਬੰਧਕੀ ਸੰਪਾਦਕ

ਅਸੀਂ ਸ਼ਹੀਦਾਂ ਲਈ ਰੋਸ-ਵਿਖਾਵੇ ਤਾਂ ਕਰਦੇ ਹਾਂ, ਪਰ ਉਨ੍ਹਾਂ ਦੇ ਟੀਚੇ ਨੂੰ ਭੁੱਲ ਚੁੱਕੇ ਹਾਂ। ਅਸੀਂ ਮਰਿਆਂ ਨੂੰ ਰੋਂਦੇ ਹਾਂ, ਪਰ ਜਿਉਂਦਿਆਂ ਦੀ ਸਾਰ ਨਹੀਂ ਲੈਂਦੇ। ਅਸੀਂ ਬੈਠ ਕੇ ਵਿਚਾਰ ਕਰਨਾ ਛੱਡ ਦਿੱਤਾ ਹੈ। ਅਸੀਂ ਹੁੱਭ ਕੇ ਸਾਰਥਕ ਕੰਮ ਨਾਲੋਂ ਦਿਖਾਵਾ ਕਰਨ ਨੂੰ ਤਰਜੀਹ ਦਿੰਦੇ ਹਾਂ। ਸਾਡੀ ਗੱਲਬਾਤ ਵਿੱਚ ਭੜਕਾਹਟ ਵੱਧ ਤੇ ਸਹਿਜ ਘੱਟ ਹੈ। ਹੁਣ ਅਸੀਂ ਵਿਰਾਸਤ ਵਿਸਾਰ ਕੇ, ਬੈਨਰ ਝਾਕੀਆਂ ਅਤੇ ਤਖ਼ਤੀਆਂ ਉਸਾਰਦੇ ਹਾਂ।

ਗੁਰਮੀਤ ਕੌਰ

ਇਨ੍ਹੀਂ ਦਿਨੀਂ ਆਪਾਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਵੀ ਯਾਦ ਕਰਦੇ ਹਾਂ। ਅਸੀਂ ਜਹਾਂਗੀਰ ਦਾ ਪੁਤਲਾ ਨਹੀਂ ਫੂਕਦੇ, ਬਲਕਿ ਸਿੱਖ ਰਵਾਇਤ ਮੁਤਾਬਿਕ ਠੰਡਾ ਤੇ ਮਿੱਠਾ ਜਲ ਛਕਾ ਕੇ ਸ਼ਾਂਤੀ ਦਾ ਸੁਨੇਹਾ ਦਿੰਦੇ ਹਾਂ। ਯਾਦ ਕਰਨ ਦਾ ਇਹ ਤਰੀਕਾ ਸਾਡੀ ਵਿਰਾਸਤ ਹੈ, ਸਾਡਾ ਸੱਭਿਆਚਾਰ ਹੈ; ਪਰ ਜੂਨ 84 ਨੂੰ ਯਾਦ ਕਰਨ ਦਾ ਅਸੀਂ ਜੋ ਰਾਹ ਅਪਣਾਇਆ ਹੈ, ਕੀ ਉਹ ਸਾਡੀਆਂ ਕਦਰਾਂ-ਕੀਮਤਾਂ ਦੇ ਹਾਣ ਦਾ ਹੈ?
“ਮੈਂ ਸੋਚਦਾ ਹਾਂ ਕਿ ਲੋਕ ਇੰਨੀ ਸ਼ਿੱਦਤ ਨਾਲ਼ ਨਫ਼ਰਤ ਨੂੰ ਇਸ ਕਰ ਕੇ ਜਕੜੀ ਰੱਖਦੇ ਹਨ, ਕਿਉਂਕਿ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੈ, ਜਿਵੇਂ ਹੀ ਨਫ਼ਰਤ ਕਰਨੀ ਛੱਡੀ ,ਅਪਣੇ ਦਰਦ ਦਾ ਸਾਹਮਣਾ ਕਰਨਾ ਪਵੇਗਾ।” -ਜੇਮਸ ਬਾਲਡਵਿਨ

ਪਿਛਲੇ 41 ਸਾਲਾਂ ਤੋਂ ਅਸੀਂ ਗ਼ੁੱਸੇ ਵਿੱਚ ਚੀਕ-ਚੀਕ ਕੇ ਦੁਨੀਆ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਨਾਲ ਸੰਨ ਚੁਰਾਸੀ ਵਿੱਚ ਹੋਇਆ ਕੀ ਸੀ। ਹੱਥਾਂ ਵਿੱਚ ਤਖ਼ਤੀਆਂ ਫੜੀ ਅਸੀਂ ਦੁਨੀਆਂ ਦੇ ਹਰ ਖੂੰਜੇ ਵਿੱਚ ਰੋਸ ਮੁਜ਼ਾਹਰਾ ਕੀਤਾ ਹੈ। ਪਰ ਮੇਰਾ ਹੱਥ ਜੋੜ ਕੇ ਤੁਹਾਨੂੰ ਇਹ ਸਵਾਲ ਹੈ ਕਿ ਅਸੀਂ ਆਪਣੇ ਸ਼ਹੀਦਾਂ ਨੂੰ ਉਨ੍ਹਾਂ ਦਾ ਬਣਦਾ ਮਾਣ ਦਿੱਤਾ ਹੈ ਜਾਂ ਅਸੀਂ ਇਸ ਸੇਵਾ ਤੋਂ ਭਗੌੜੇ ਹੋਏ ਹਾਂ?
ਜੂਨ ’84 ਦੀ ਯਾਦ ਵਿੱਚ ਕੋਈ ਨਗਰ ਕੀਰਤਨ ਤੁਸੀਂ ਵੇਖਿਆ ਹੈ?
ਸਾਡੇ ਹੱਥੀ ਫੜੀਆਂ ਤਖ਼ਤੀਆਂ, ਖ਼ਾਲਿਸਤਾਨ ਦੇ ਝੰਡੇ, ਝਾਕੀਆਂ ਉੱਤੇ ਕੁਝ ਸ਼ਹੀਦਾਂ ਦੀਆਂ, ਭਾਰਤੀ ਫ਼ੌਜ ਦੇ ਹਮਲੇ ਅਤੇ ਇੰਦਰਾ ਗਾਂਧੀ ਦੇ ਸੋਧੇ ਦੀਆਂ ਤਸਵੀਰਾਂ, ਨਾਅਰੇ ਲਾਉਂਦੇ ਜਾਂ ਸੈਲਫੀਆਂ ਵਿੱਚ ਗਵਾਚੇ ਜਵਾਕ, ਬਹੁਤਿਆਂ ਦਾ ਲੰਗਰ ਦੇ ਸਟਾਲਾਂ ਵਿੱਚ ਧਿਆਨ, ਓਹੀ ਤਕਰੀਰਾਂ, ਓਹੀ ਨਫ਼ਰਤ ਦਾ ਇਜ਼ਹਾਰ। ਲੱਖਾਂ ਡਾਲਰ ਤੇ ਕਈ ਦਿਨਾਂ ਦੀ ਇੰਤਜ਼ਾਮੀ ਮਿਹਨਤ ਦੇ ਨਗਰ ਕੀਰਤਨ ਦੀ ਸਮਾਪਤੀ ਤੋਂ ਬਾਅਦ ਸਭ ਆਪੋ-ਆਪਣੇ ਘਰੀਂ ਤੁਰ ਜਾਂਦੇ ਹਨ- ਅਗਲੇ ਨਗਰ ਕੀਰਤਨ ਦੀ ਉਡੀਕ ਵਿੱਚ।
ਤੇ 6 ਜੂਨ ਨੂੰ ਦਰਬਾਰ ਸਾਹਿਬ ਕੰਪਲੈਕਸ ਵਿੱਚ ਕੀ ਹੁੰਦਾ ਹੈ?
*ਅੱਡ-ਅੱਡ ਧੜਿਆਂ ਦਾ ਆਪਣੇ-ਆਪ ਨੂੰ ਪੰਥਕ ਅਤੇ ਦੂਜੇ ਨੂੰ ਏਜੰਸੀਆਂ ਨਾਲ਼ ਮਿਲ਼ੇ ਹੋਣ ਦਾ ਦਾਅਵਾ।
*ਪ੍ਰੈਸ ਸੁਰਖੀਆਂ ਲਈ ਨਿਮਾਣੇ ਹੋਣ ਦੀ ਬਜਾਏ ਮੰਚਾਂ `ਤੇ ਛਾ ਜਾਣ ਦੀ ਹੋੜ।
*ਤਲਵਾਰਾਂ ਲਹਿਰਾਉਣੀਆਂ- ਸ਼ਬਦ ਦੀ ਗੂੰਜ ਦੀ ਥਾਂ ਹਥਿਆਰਾਂ ਦਾ ਖਨਕਣਾ।
*ਸਟੇਜਾਂ ’ਤੇ ਕਬਜ਼ਾ ਕਰਨ ਦੀ ਮਨੋਬਿਰਤੀ- ਸ਼ਹੀਦ ਪਰਿਵਾਰਾਂ ਦੀ ਸੇਵਾ ਦੀ ਥਾਂ ਸਿਆਸਤ।
*ਇਕ-ਦੂਜੇ ਦੀਆਂ ਪੱਗਾਂ ਲਾਹੁਣ ਲਈ ਡਾਂਗਾਂ ਨਾਲ ਲੈਸ- ਤਿਆਰ-ਬਰ-ਤਿਆਰ ਗੁਰੂ ਦੇ ਸਿੱਖ!
ਇਹ ਉਹੀ ਥਾਂ ਹੈ, ਜਿਸ ਬਾਰੇ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ ਕਿ “ਦਰਬਾਰ ਸਾਹਿਬ ਦੀ ਹਦੂਦ ਅੰਦਰ ਪੈਰ ਸੰਭਲ਼-ਸੰਭਲ਼ ਕੇ ਰੱਖੋ, ਕਿਉਂਕਿ ਇੱਕ-ਇੱਕ ਸਿੱਲ ਥੱਲੇ ਕਈ-ਕਈ ਸੀਸ ਲੱਗੇ ਹਨ।”
…ਜਿਸ ਦੇ ਸੰਗਮਰਮਰ ’ਤੇ ਹਾਲੇ ਵੀ ਖ਼ੂਨ ਦੇ ਛਿੱਟੇ ਹਨ, ਜਿਸ ਦੀਆਂ ਹਵਾਵਾਂ ਵਿੱਚ ਸ਼ਹੀਦੀਆਂ ਗੂੰਜਦੀਆਂ ਹਨ। ਅਸੀਂ ਇਸ ਪਵਿੱਤਰ ਅਸਥਾਨ ਤੇ ਪਵਿੱਤਰ ਯਾਦ ਦਾ ਕੀ ਹਾਲ ਕੀਤਾ, ਕਦੇ ਸੋਚਿਆ ਹੈ?
ਸਵਾਲ ਆਪਣੀ ਥਾਂ ਫਿਰ ਖੜ੍ਹਾ ਹੈ- ਅਸੀਂ ਕਰ ਕੀ ਰਹੇ ਹਾਂ? ਇੱਕ ਦੂਜੇ ਨਾਲ ਮੁਕਾਬਲਾ ਜਾਂ ਸ਼ਹੀਦਾਂ ਦੀ ਯਾਦ ਤੇ ਉਨ੍ਹਾਂ ਦੇ ਵਿਰਸੇ ਦੀ ਸੰਭਾਲ਼?
ਕੀ ਅਸੀਂ ਦੁਨੀਆਂ ਨੂੰ ਦੱਸ ਪਾ ਰਹੇ ਹਾਂ ਕਿ 41 ਸਾਲ ਪਹਿਲਾਂ ਇੱਥੇ ਜਾਂ ਹੋਰ 40 ਗੁਰਦੁਆਰਿਆਂ ਵਿੱਚ ਕੀ ਹੋਇਆ ਸੀ ਜਾਂ ਅਸੀਂ ਆਪਣੇ ਦਰਦ ਨੂੰ ਹਰ ਸਾਲ ‘ਰਿਪੀਟ ਬਟਨ’ ਨੱਪ ਕੇ ਸਿਰਫ਼ ਨਫ਼ਰਤ ਦੇ ਰੂਪ ਵਿੱਚ ਉਗਲ਼ ਰਹੇ ਹਾਂ?
ਅਸੀਂ ਕਿਸ ਦਰਦ ਤੋਂ ਪਰ੍ਹੇ ਭੱਜ ਰਹੇ ਹਾਂ?
ਬਾਲਡਵਿਨ ਠੀਕ ਕਹਿੰਦਾ ਹੈ- ਹੱਲ ਨਾਲੋਂ, ਇਲਾਜ ਨਾਲੋਂ, ਨਫ਼ਰਤ ਸੌਖੀ ਹੈ। ਜੂਨ ਦੇ ਰੋਸ ਪ੍ਰਗਟਾਵੇ ਤੋਂ ਬਾਅਦ ਜਦੋਂ ਅਸੀਂ ਆਪੋ-ਆਪਣੇ ਕੰਮਾਂ-ਕਾਰਾਂ ਵਿੱਚ ਰੁੱਝ ਜਾਂਦੇ ਹਾਂ ਤੇ ਪਿੱਛੇ ਰਹਿ ਜਾਂਦੇ ਹਨ:
ਉਹ ਪਿਓ, ਜਿਸ ਨੂੰ ਹਾਲੇ ਵੀ ਨਹੀਂ ਪਤਾ ਲੱਗਾ ਕਿ ਉਸ ਦੀ ਧੀ ਜਾਂ ਪੁੱਤ ਕਿੱਥੇ ਖਪਾ ਦਿੱਤੇ ਗਏ?
ਉਹ ਭੈਣ, ਜਿਸਦੀ ਪਤ ਰੋਲਣ ਵਾਲੇ ਨੂੰ ਸਰਕਾਰੀ ਮਾਣ-ਤਾਣ ਮਿiਲ਼ਆ।
ਗੁਰੂ ਘਰ ਦਾ ਉਹ ਗ੍ਰੰਥੀ, ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਯਾਦ ਕਰਕੇ ਅੱਜ ਵੀ ਰਾਤ-ਬਰਾਤੇ ਨੀਂਦ ਵਿੱਚ ਉੱਠ ਖੜ੍ਹਦਾ ਹੈ।
ਸ਼ਹੀਦ ਸਿੰਘ ਦੀ ਉਹ ਬੇਘਰ ਸਿੰਘਣੀ, ਜੋ ਆਪਣੀ ਅੱਸੀ ਸਾਲਾਂ ਦੀ ਮਾਂ ਨਾਲ ਇਕਤਾਲ਼ੀ ਸਾਲਾਂ ਬਾਅਦ ਵੀ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ।
ਉਹ ਅਖ਼ਬਾਰ, ਰਸਾਲੇ, ਅਦਾਰੇ ਅਤੇ ਕੌਮੀ ਤੇ ਕੌਮਾਂਤਰੀ ਅਦਾਲਤਾਂ, ਜੋ 1984 ਦੇ ਕਤਲੇਆਮ ਨੂੰ ਨਸਲਕੁਸ਼ੀ ਮੰਨਣ ਤੋਂ ਇਨਕਾਰੀ ਹਨ।
ਇਹ ਦਰਦ ਸਹਿਣਾ ਔਖਾ ਹੈ। ਹੋਣਾ ਤਾਂ ਇਹ ਚਾਹੀਦਾ ਸੀ ਕਿ ਅਸੀਂ ਸਿਰ ਜੋੜ ਕੇ ਬੈਠਦੇ, ਪਰ ਅਸੀਂ ਸੌਖਾ ਰਾਹ ਅਪਣਾਇਆ ਨਾਅਰਿਆਂ ਦਾ, ਤਖ਼ਤੀਆਂ ਦਾ।
ਅੱਜ ਖਾਲੜਾ ਸਾਹਿਬ ਇਹ ਚਾਹੁੰਦੇ ਕਿ ਉਨ੍ਹਾਂ ਦੇ ਪੋਸਟਰ ਲੈ ਕੇ ਅਸੀਂ ਸੜਕਾਂ ’ਤੇ ਵਿਰੋਧ ਕਰੀਏ ਜਾਂ ਉਹ ਸਾਨੂੰ ਕਹਿੰਦੇ ਕਿ ਆਹ ਮੇਰੀਆਂ ਫ਼ਾਈਲਾਂ ਚੱਕੋ, ਆਹ ਪਈ ਏ ਕਲਮ, ਅਤੇ ਮੇਰੇ ਸ਼ੁਰੂ ਕੀਤੇ ਕਾਰਜ ਨੂੰ ਅੱਗੇ ਤੋਰੋ। ਉਨ੍ਹਾਂ ਦੇ ਬਚਨ ਕਿ ਮੇਰੇ ਨਾਲ਼ ਮੇਰੇ ਕੰਮ ਨੇ ਖ਼ਤਮ ਨਹੀਂ ਹੋ ਜਾਣਾ, ਇਹ ਤਾਂ ਉਦੋਂ ਪੂਰਾ ਹੋਵੇਗਾ ਜਦ ਅਖ਼ੀਰਲੀ ਲਾਸ਼ ਲੱਭ ਗਈ, ਉਹਦਾ ਨਾਮ ਦਸਤਾਵੇਜ਼ਾਂ ’ਤੇ ਆ ਗਿਆ ਅਤੇ ਉਹਦੇ ਪਰਿਵਾਰ ਨੂੰ ਦੱਸ ਦਿੱਤਾ ਗਿਆ।
ਸਾਡੇ ਇਸ ਸ਼ਹੀਦ ਨੇ ਸਾਨੂੰ ਵਾਰ-ਵਾਰ ਕਿਹਾ ਸੀ ਕਿ ਡਾਕੂਮੈਂਟੇਸ਼ਨ ਕਰੇ ਬਿਨਾ ਇਸ ਨੂੰ ਨਸਲਕੁਸ਼ੀ ਕਿਸੇ ਨੇ ਨਹੀਂ ਮੰਨਣਾ। ਦੁਨੀਆ ਨੇ ਇਸ ਤੋਂ ਇਨਕਾਰੀ ਹੀ ਹੋਣਾ ਹੈ।
ਡਾਕਟਰ ਗਰੈਗਰੀ ਸਟੈਂਟਨ (ਘੲਨੋਚਦਿੲ ੱਅਟਚਹ) ਦੇ ਫ਼ਰੇਮ-ਵਰਕ ਨਾਲ਼ ਜਾਣੂ ਹੋਈਏ ਤੇ ਨਾ ਭੁੱਲੀਏ ਕਿ ਹਰ ਨਸਲਕੁਸ਼ੀ ਦਾ ਅਖ਼ੀਰਲਾ ਅਤੇ ਉਸ ਨੂੰ ਦੁਹਰਾਉਣ ਲਈ ਰਾਹ ਪੱਧਰਾ ਕਰਨ ਵਿੱਚ ਅਹਿਮ ਪੜਾਅ ਹੁੰਦਾ ਹੈ- ਉਸ ਤੋਂ ਇਨਕਾਰੀ ਹੋਣਾ।
ਅਸੀਂ ਕਹਿੰਦੇ ਹਾਂ “ਨੈਵਰ ਫ਼ੋਰਗੈੱਟ 1984” ਪਰ ਸਾਡੇ ਵਿੱਚੋਂ ਕਿੰਨਿਆਂ ਨੂੰ 25 ਹਜ਼ਾਰ ਅਣਪਛਾਤੀਆਂ ਲਾਸ਼ਾਂ ਵਿੱਚੋਂ 10 ਦੇ ਨਾਮ ਵੀ ਯਾਦ ਨੇ? ਤੇ ਅਸੀਂ ਉਨ੍ਹਾਂ ’ਚ ਕਿੰਨੇ ਸ਼ਹਿਰਾਂ ਜਾਂ ਕਸਬਿਆਂ ਦੇ ਨਾਮ ਦੱਸ ਸਕਦੇ ਹਾਂ, ਜਿੱਥੇ ਨਵੰਬਰ ਵਿੱਚ ਸਿੱਖਾਂ ਨੂੰ ਘਰਾਂ ਵਿੱਚੋਂ ਘੜੀਸ ਕੇ ਜਿਉਂਦਿਆਂ ਨੂੰ ਸਾੜਿਆ ਗਿਆ ਸੀ?
ਸਾਡੇ ਵਿੱਚੋਂ ਕਿੰਨਿਆਂ ਨੇ ਖਾਲੜਾ ਸਾਹਿਬ ਦੇ ਮਿਸ਼ਨ ਨੂੰ ਅੱਗੇ ਵਧਾਉਣ ਦੀ ਗੱਲ ਕੀਤੀ ਹੈ?
ਰੋਸ ਦੀ ਓਟ ‘ਚ ਅਸੀਂ ਕੀ ਕੁਝ ਗੁਆ ਲਿਆ ਹੈ?
ਨਾਅਰਿਆਂ, ਰੋਸ ਮੁਜ਼ਾਹਰਿਆਂ ਤੇ ਭਾਸ਼ਣਾਂ ਦੇ ਇਕਤਾਲ਼ੀ ਸਾਲਾਂ ਦੇ ਰੁਝਾਉਣ ਵਿੱਚ, ਇਹ ਕਹਿੰਦਿਆਂ ਕਿ ‘84 ਨਾ ਭੁੱਲਣ ਨਾ ਬਖ਼ਸ਼ਣ ਯੋਗ ਹੈ’, ਸਾਡੇ ਨਾਲ਼ ਇਹ ਕੁਝ ਹੋ ਨਿਬੜਿਆ:
ਅਸੀਂ ਆਪਣੇ ਪਾਣੀ ਗਵਾ ਲਏ ਅਤੇ ਧਰਤੀ ਤੇ ਪੌਣ ਜ਼ਹਿਰੀਲੀ ਕਰ ਚੁੱਕੇ ਹਾਂ।
ਸਾਡੇ ਨੌਜਵਾਨ ਨਸ਼ਿਆਂ ਨਾਲ ਬੇਗਾਨਗੀ ਦੀ ਜ਼ਿੰਦਗੀ ਜੀਉ ਰਹੇ ਹਨ।
ਚੌਧਰ ਦੀ ਭੁੱਖ ਵਿੱਚ ਡੁੱਬੇ, ਸਿੱਖੀ ਤੋਂ ਸੱਖਣੇ ਮਸੰਦ ਸਾਡੇ ਗੁਰਦੁਆਰਿਆਂ ’ਤੇ ਕਾਬਜ਼ ਹੋਈ ਬੈਠੇ ਹਨ।
ਸਾਡੀ ਪੰਜਾਬੀ ਬੋਲੀ ਦਾ ਹਾਲ ਬਹੁਤ ਮੰਦਾ ਹੈ।
ਸਾਡਾ ਇਤਿਹਾਸ ਤਬਦੀਲ ਕੀਤਾ ਜਾ ਰਿਹਾ ਹੈ।
ਪੰਜਾਬ ਸਿੱਖਾਂ ਤੋਂ ਖ਼ਾਲੀ ਹੋ ਰਿਹਾ ਹੈ।
ਅਸੀਂ ਸ਼ਹੀਦਾਂ ਲਈ ਰੋਸ-ਵਿਖਾਵੇ ਤਾਂ ਕਰਦੇ ਹਾਂ, ਪਰ ਉਨ੍ਹਾਂ ਦੇ ਟੀਚੇ ਨੂੰ ਭੁੱਲ ਚੁੱਕੇ ਹਾਂ। ਅਸੀਂ ਮਰਿਆਂ ਨੂੰ ਰੋਂਦੇ ਹਾਂ, ਪਰ ਜਿਉਂਦਿਆਂ ਦੀ ਸਾਰ ਨਹੀਂ ਲੈਂਦੇ। ਅਸੀਂ ਬੈਠ ਕੇ ਵਿਚਾਰ ਕਰਨਾ ਛੱਡ ਦਿੱਤਾ। ਅਸੀਂ ਹੁੱਭ ਕੇ ਸਾਰਥਕ ਕੰਮ ਨਾਲੋਂ ਦਿਖਾਵਾ ਕਰਨ ਨੂੰ ਤਰਜੀਹ ਦਿੰਦੇ ਹਾਂ। ਸਾਡੀ ਗੱਲਬਾਤ ਵਿੱਚ ਭੜਕਾਹਟ ਵੱਧ ਤੇ ਸਹਿਜ ਘੱਟ ਹੈ। ਹੁਣ ਅਸੀਂ ਵਿਰਾਸਤ ਵਿਸਾਰ ਕੇ ਬੈਨਰ ਝਾਕੀਆਂ ਅਤੇ ਤਖ਼ਤੀਆਂ ਉਸਾਰਦੇ ਹਾਂ।
ਸਵਾਲ ਹੈ, ਫਿਰ ਅਸੀਂ 84 ਨੂੰ ਕਿਵੇਂ ਯਾਦ ਕਰੀਏ?
ਕਿੰਨਾ ਸੁਹਣਾ ਹੋਵੇ ਜੇਕਰ ਅਸੀਂ ਜੂਨ ਦਾ ਮਹੀਨਾ ਸੇਵਾ, ਸੰਵਾਦ ਅਤੇ ਜ਼ਾਬਤੇ ਨੂੰ ਸਮਰਪਿਤ ਕਰੀਏ। ਅਸੀਂ ਨਿਜੀ ਤੌਰ `ਤੇ, ਪਰਿਵਾਰਕ ਤੌਰ ਤੇ ਅਤੇ ਸੰਗਤੀ ਰੂਪ ਵਿੱਚ ਕੀ ਕਰ ਸਕਦੇ ਹਾਂ?
1. ਜੇ ਤੁਸੀਂ ਕਿਸੇ ਸ਼ਹੀਦ ਬਾਰੇ ਜਾਣਦੇ ਹੋ, ਜਿਨ੍ਹਾਂ ਦਾ ਕਿਸੇ ਵੱਡੀ ਲਿਖਤ ਜਾਂ ਦਸਤਾਵੇਜ਼ ਵਿੱਚ ਜ਼ਿਕਰ ਨਹੀਂ ਹੋਇਆ ਹੋਵੇ, ਤਾਂ ਉਹਨੂੰ ਕਲਮਬੰਦ ਕਰਨ ਵਿੱਚ ਮਦਦ ਕਰੋ। ਉਨ੍ਹਾਂ ਦੀ ਜ਼ਿੰਦਗੀ ਤੇ ਸ਼ਹਾਦਤ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਿਲ ਕਰੋ ਤੇ ਆਪਣੇ ਤਜਰਬੇ ਲਿਖੋ। ਇਨ੍ਹਾਂ ਨੂੰ ਇਨਸਾਫ਼ ਜਥੇਬੰਦੀ ਨਾਲ਼ ਰਾਬਤਾ ਕਰ ਕੇ ਉਨ੍ਹਾਂ ਨਾਲ਼ ਸਾਂਝਿਆਂ ਕਰੋ। ਆਪਣੇ ਪਰਿਵਾਰ ਨੂੰ ਉਨ੍ਹਾਂ ਬਾਰੇ ਦੱਸੋ, ਤਾਂ ਜੋ ਇਹ ਸਿੱਖਿਆ ਤੇ ਸੇਵਾ ਪੀੜ੍ਹੀ-ਦਰ-ਪੀੜ੍ਹੀ ਅੱਗੇ ਚੱਲੇ।
ਘੱਲੂਘਾਰੇ ਤੇ ਉਸ ਤੋਂ ਬਾਅਦ ਹੋਈ ਨਸਲਕੁਸ਼ੀ ਨੂੰ ਕੌਮਾਂਤਰੀ ਤੌਰ ’ਤੇ ਦਰਜ ਕਰਵਾਉਣ ਲਈ ਅਤੇ ਇਸ ਬਾਬਤ ਆਪਣਾ ਪੱਖ ਮਜਬੂਤੀ ਨਾਲ਼ ਪੇਸ਼ ਕਰਨ ਲਈ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਮਿਸ਼ਨ ਨੂੰ ਅੱਗੇ ਲੈ ਕੇ ਜਾਣ ਦੀ ਲੋੜ ਹੈ। ਸ਼ਹੀਦ ਪਰਿਵਾਰਾਂ ਦੀ ਹੱਡਬੀਤੀ ਦਰਜ ਕਰੀਏ ਤੇ ਮੌਖਿਕ ਇਤਿਹਾਸ ਨੂੰ ਸਾਂਭਣ ਦੇ ਉਪਰਾਲੇ ਕਰੀਏ। ਦਿੱਲੀ ਤੋਂ ਬਾਹਰ ਨਵੰਬਰ ਦੇ ਕਤਲੇਆਮ ਦੇ ਪੂਰੇ ਭਾਰਤ ਦੇ ਪਸਾਰੇ, ਅੰਕੜਿਆਂ ਤੇ ਦਰਦ ਨੂੰ ਅੱਜ ਤੱਕ ਕਿਸੇ ਜਥੇਬੰਦੀ ਨੇ ਪੂਰੀ ਤਰ੍ਹਾਂ ਕਾਨੀਬੰਦ ਨਹੀਂ ਕੀਤਾ।
2. ਰੋਸ ਨੂੰ ਸੁਚੱਜੇ ਤਰੀਕੇ ਨਾਲ਼ ਜਾਣਕਾਰੀ ਦੇਣ ਵਿੱਚ ਵਰਤੀਏ, ਨਾ ਕਿ ਸਿਰਫ਼ ਦੂਸਰਿਆਂ ਨੂੰ ਨੀਵਾਂ ਵਿਖਾਉਣ ਤੇ ਕਿਸੇ ਸਮੂਹ ਨੂੰ ਭੜਕਾਉਣ ਲਈ। ਲਘੂ ਦਸਤਾਵੇਜ਼ੀ ਫ਼ਿਲਮਾਂ, ਪੌਡਕਾਸਟ, ਕਵਿਤਾ, ਕਲਾ, ਕਹਾਣੀਆਂ ਦਾ ਡੂੰਘਾ ਤੇ ਲੰਮਾ ਅਸਰ ਪੈਂਦਾ ਹੈ। ਸਕੂਲਾਂ-ਕਾਲਜਾਂ, ਗੁਰਦੁਆਰਿਆਂ ਵਿੱਚ ਯਾਦਗਾਰੀ ਸਮਾਗਮ ਅਤੇ ਕਿਤਾਬਾਂ ਪੜ੍ਹ ਕੇ ਚਰਚਾਵਾਂ ਕਰਨੀਆਂ ਤੇ ਕਰਾਉਣੀਆਂ ਕੁਝ ਸਾਰਥਕ ਤਰੀਕੇ ਹਨ।
3. ਆਪਣੇ ਵਿਦਿਅਕ, ਸਿਹਤ ਸਬੰਧੀ ਤੇ ਭਲਾਈ ਦੇ ਅਦਾਰਿਆਂ ਦੇ ਨਾਮ ਸ਼ਹੀਦਾਂ ਦੇ ਨਾਮ ’ਤੇ ਰੱਖੀਏ। ਉਨ੍ਹਾਂ ਦੇ ਨਾਮ ’ਤੇ ਵਜ਼ੀਫ਼ੇ, ਕਾਨੂੰਨੀ ਸਲਾਹਾਂ ਆਦਿ ਦੇਈਏ, ਅਨਾਥ ਆਸ਼ਰਮ ਖੋਲ੍ਹੀਏ ਏ ਉਨ੍ਹਾਂ ਪਰਿਵਾਰਾਂ ਦੀ ਸਾਰ ਲਈਏ, ਜਿਨ੍ਹਾਂ ਇਹ ਸਭ ਕੁਝ ਆਪਣੇ ਪਿੰਡੇ ’ਤੇ ਹੰਢਾਇਆ ਏ।
4. ਨੌਜਵਾਨ ਪੀੜ੍ਹੀ ਨੂੰ ਆਪਣੇ ਨਾਇਕਾਂ ਤੇ ਅਦਰਸ਼ਾਂ ਤੋਂ ਜਾਣੂ ਕਰਵਾਈਏ; ਨਾ ਸਿਰਫ਼ ਉਨ੍ਹਾਂ ਯੋਧਿਆਂ ਨਾਲ਼, ਜਿਨ੍ਹਾਂ ਨੇ ਇਸ ਜਬਰ ਦਾ ਬਦਲਾ ਲਿਆ, ਸਗੋਂ ਉਨ੍ਹਾਂ ਨਾਲ ਵੀ ਜਿਨ੍ਹਾਂ ਹਕੂਮਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਸੱਚ ਬੋਲਿਆ। ਉਨ੍ਹਾਂ ਦੀਆਂ ਜੀਵਨੀਆਂ ’ਤੇ ਵਿਚਾਰ-ਸੰਵਾਦ ਹੋਣ, ਉਹ ਸਾਡੀ ਜ਼ਿੰਦਗੀ ਦਾ ਹਿੱਸਾ ਬਣਨ।
5. ਪੰਜਾਬ ਦੀ ਮਰ ਰਹੀ ਮਿੱਟੀ ਨੂੰ ਜਿਉਂਦਾ ਕਰੀਏ, ਨਵੀਆਂ ਜੁਗਤਾਂ ਨਾਲ਼ ਪਾਣੀ ਨੂੰ ਬਚਾਈਏ, ਸਿਆਸੀ ਲੋਟੂ ਜਮਾਤ ਤੋਂ ਆਪ ਬਚੀਏ ਤੇ ਲੋਕਾਈ ਨੂੰ ਬਚਾਈਏ, ਅਤੇ ਪੰਜਾਬ ਵਿੱਚ ਨਸ਼ੇ ਤੇ ਅਨਪੜ੍ਹਤਾ ਦੀ ਲਾਹਨਤ ਖ਼ਤਮ ਕਰ ਕੇ, ਰੌਸ਼ਨ-ਖ਼ਿਆਲ ਲੋਕ ਸਿਰਜੀਏ ਤੇ ਪਰਦੇਸਾਂ ਦਾ ਪਰਵਾਸ ਰੋਕਣ ਵਿੱਚ ਆਪਣੀ ਪੂਰਾ ਵਾਹ ਲਾਈਏ।
ਅਸਲ ਵਿੱਚ ਗੱਲ ਇਹ ਹੈ…
ਅਸੀਂ ’84 ਨਾ ਹੀ ਭੁੱਲ ਸਕਦੇ ਹਾਂ; ਨਾ ਹੀ ਭੁੱਲਣਾ ਏ। ਇਨ੍ਹਾਂ 41 ਸਾਲਾਂ ਵਿੱਚ ਜੋ ਹੋ ਗਿਆ, ਉਹਨੂੰ ਅਸੀਂ ਮੋੜ ਵੀ ਨਹੀਂ ਸਕਦੇ; ਪਰ ਆਉਣ ਵਾਲੇ 40 ਸਾਲਾਂ ਦੀ ਸਾਰ ਤਾਂ ਲੈ ਹੀ ਸਕਦੇ ਹਾਂ।
ਸੋ ਆਪਣੇ-ਆਪ ਨੂੰ ਚਿਤਾਓ ਕਿ ਜਦੋਂ ਸਾਡੇ ਬੱਚੇ 1984 ਦੀ ਗੱਲ ਕਰਨ ਤੇ ਇਹ ਪੁੱਛਣ ਕਿ ਅਸੀਂ 84 ਦੀ ਯਾਦ ਕਾਇਮ ਰੱਖਣ ਲਈ ਕੀ ਕੀਤਾ? ਤਾਂ ਸਾਨੂੰ ਦੱਸਦਿਆਂ ਅਤੇ ਉਨ੍ਹਾਂ ਨੂੰ ਸੁਣਦਿਆਂ ਇਹ ਮਹਿਸੂਸ ਹੋਵੇ ਕਿ ਅਸੀਂ ਮਰੇ ਨਹੀਂ, ਜਿਉਂਦੀ-ਜਾਗਦੀ ਕੌਮ ਹਾਂ।
ਸਮੇਂ ਦੇ ਨਾਲ਼ ਬਦਲੇ ਦੀ ਭਾਵਨਾ, ਨਫ਼ਰਤ ਤੇ ਵਿਖਾਵਾ ਸਭ ਕੁਝ ਫਿੱਕਾ ਪੈ ਜਾਵੇਗਾ; ਸਿਵਾਏ ਉਸ ਨਿਰਮਲ ਪੰਥ ਦੇ ਜੋ ਪ੍ਰੇਮ, ਸੱਚ, ਨਿਆਂ, ਸਾਂਝੀਵਾਲਤਾ ਤੇ ਸ਼ਬਦ ਗੁਰੂ ਦੀ ਟੇਕ ’ਤੇ ਆਪਣੇ ਆਪ ਨੂੰ ਫੇਰ ਤੋਂ ਸਿਰਜਣ ਦਾ ਹੀਲਾ ਕਰੇਗਾ।
ਸੋ ਆਓ ਇਸ ਯਾਦ ਨੂੰ ਤਹਿਰੀਕ ਬਣਾਈਏ,
`84 ਦੇ ਜ਼ਖਮਾਂ ਨੂੰ ਰਿਸਦਾ ਨਾਸੂਰ ਨਹੀਂ, ਸੂਰਜ ਬਣਨ ਦਿਓ। -ਗੁਰਭਗਤ ਸਿੰਘ
ਆਪਣੀ ਪੀੜ ਨੂੰ ਪ੍ਰੇਰਣਾ ਵਿੱਚ ਬਦਲ ਕੇ ਕੁਝ ਸਾਰਥਕ ਕੰਮ ਕਰੀਏ, ਕੋਈ ਬੀਜ ਬੀਜੀਏ, ਤੇ ਫਿਰ ਉਹਨੂੰ ਵੱਡਾ ਬੋਹੜ ਬਣਨ ਤੱਕ ਸਿੰਜੀਏ। ਰੁੱਸੀਆਂ ਬਹਾਰਾਂ ਮੁੜ ਆਉਣਗੀਆਂ ਤੇ ਇਸ ਰੁੱਖ ਦੀ ਛਾਂ ਵਿੱਚ ਫਿਰ ਕੁਲ ਕਾਇਨਾਤ ਸੁਖੀ ਵਸੇਗੀ।
’84 ਦੇ ਸੂਰਜ ਕੋਲੋਂ ਰੌਸ਼ਨੀ ਮੰਗੀਏ ਅਤੇ ਸ਼ਹੀਦਾਂ ਦੀ ਯਾਦ ਵਿੱਚ ਆਪਣੀ ਅਤੇ ਕੁੱਲ ਲੁਕਾਈ ਦੀ ਹੋਂਦ ਨੂੰ ਇਨਸਾਫ਼ ਨਾਲ ਰੁਸ਼ਨਾ ਦਈਏ।
ਸ਼ਹੀਦਾਂ ਦਾ ਲਹੂ ਕੋਈ ਵਿਖਾਵੇ ਦੀ ਸ਼ੈਅ ਨਹੀਂ।
ਇਹ ਤਾਂ ਉਹ ਬੀਜ ਹੈ, ਜਿਸ ਨਾਲ਼ ਦੂਣ-ਸਵਾਈ ਫ਼ਸਲ ਹੁੰਦੀ ਹੈ; ਇਹ ਉਹ ਪਾਣੀ ਹੈ, ਜੋ ਪੰਥ ਦੀ ਖੇਤੀ ਨੂੰ ਸਿੰਜਦਾ ਹੈ।

Leave a Reply

Your email address will not be published. Required fields are marked *