ਸ਼ਿਕਾਗੋ ਕਬੱਡੀ ਮੇਲੇ ਦਾ ਪ੍ਰਸੰਗ: ਅੱਖੀਂ ਡਿੱਠਾ, ਕੰਨੀਂ ਸੁਣਿਆ

ਖਬਰਾਂ ਗੂੰਜਦਾ ਮੈਦਾਨ

ਕੁਲਜੀਤ ਦਿਆਲਪੁਰੀ
ਸ਼ਿਕਾਗੋ ਵਿੱਚ ਹੋਇਆ ਕਬੱਡੀ ਮੇਲਾ ਕਿਸੇ ਲਈ ਕਾਮਯਾਬ ਸੀ, ਕਿਸੇ ਲਈ ਠੀਕ-ਠੀਕ; ਕਿਸੇ ਨੂੰ ਇਸ ਮੇਲੇ ਵਿੱਚ ਨਾਮ ਤੇ ਨਾਮਾ ਮਿਲਿਆ, ਕਿਸੇ ਨੂੰ ਨਹੀਂ ਵੀ; ਕਿਸੇ ਲਈ ਇਹ ਮੇਲਾ ਮਹਿਜ ਮਨੋਰੰਜਨ ਦੇ ਸਾਧਨ ਮਾਤਰ ਸੀ, ਜਦਕਿ ਕਿਸੇ ਲਈ ਇਸ ਦੇ ਅਰਥ ਕੁਝ ਹੋਰ ਸਨ। ਭਾਂਤ-ਭਾਂਤ ਦੇ ਰੰਗ ਅਤੇ ਭਾਂਤ-ਭਾਂਤ ਦਾ ਮਾਹੌਲ ਇਸ ਮੇਲੇ ਦਾ ਜ਼ਿਕਰਯੋਗ ਪੱਖ ਸੀ। ਹੈ ਤਾਂ ਸੱਪ ਲੰਘੇ ਤੋਂ ਲੀਕ ਕੁੱਟਣ ਜਿਹੀ ਗੱਲ, ਪਰ ਆਪਾਂ ਕਬੱਡੀ ਪਾਈਏ; ਉਸੇ ਮੈਦਾਨ ਵਿੱਚ, ਜਿੱਥੇ ਖੇਡ ਕਬੱਡੀ ਦੇ ਨਾਲ ਨਾਲ ਹੋਰ ਤਰ੍ਹਾਂ ਦੀ ਕਬੱਡੀ ਵੀ ਪੈਂਦੀ ਅੱਖੀਂ ਵੇਖੀ ਤੇ ਕੰਨੀਂ ਸੁਣੀ ਗਈ!

ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਸ਼ਿਕਾਗੋ ਵੱਲੋਂ ਕਰਵਾਏ ਗਏ ਟੂਰਨਾਮੈਂਟ ਦੇ ਰਸਮੀ ਆਗਾਜ਼ ਦੌਰਾਨ ਸਫਲਤਾ ਲਈ ਅਰਦਾਸ ਬਾਬਾ ਦਲਜੀਤ ਸਿੰਘ ਸ਼ਿਕਾਗੋ ਨੇ ਕੀਤੀ। ਸਾਰੇ ਪ੍ਰਬੰਧਨ ਵਿੱਚ ਕਲੱਬ ਦੇ ਚੇਅਰਮੈਨ ਬੱਬੂ ਐਪਲਟਨ, ਮੁੱਖ ਮਹਿਮਾਨ ਲਖਬੀਰ ਸਿੰਘ ਢੀਂਡਸਾ ਤੇ ਅਮਰਜੀਤ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਕਰੀਬੀਆਂ ਦੀ ਪੂਰੀ ਠੁੱਕ ਬਣੀ ਹੋਈ ਸੀ। ਚੇਅਰਮੈਨ ਬਾਰੇ ਉਸ ਦਾ ਇੱਕ ਕਰੀਬੀ ਬੋਲਿਆ, ਇਹ ਪੰਜਾਬ ਗਿਆ ਵੀ ਮੇਲਿਆਂ ਵਿੱਚ ਚੇਅਰਮੈਨ ਹੁੰਦਾ ਹੈ। ਉਹ ਮੇਲੇ ਦੇ ਵੱਡੇ ਸਪਾਂਸਰਾਂ ਵਿੱਚੋਂ ਵੀ ਇੱਕ ਸੀ। ਉਹ ਮੇਲੀਆਂ ਤੇ ਸਪਾਂਸਰਾਂ ਨੂੰ ਮਿਲ-ਗਿਲ ਵੀ ਰਿਹਾ ਸੀ ਤੇ ਜੀ ਆਇਆਂ ਨੂੰ ਵੀ ਕਹਿ ਰਿਹਾ ਸੀ। ਸਨਮਾਨ ਦੇਣ ਦੀ ਰਸਮ ਮੇਲੇ ਦੇ ਮੁੱਖ ਮਹਿਮਾਨਾਂ, ਚੇਅਰਮੈਨ ਤੇ ਕਲੱਬ ਦੇ ਕੁਝ ‘ਮੋਹਰੀ ਮੈਂਬਰ’ ਨਿਭਾਅ ਰਹੇ ਸਨ। ਮੇਲਾ ਕਲੱਬ ਦੇ ਪ੍ਰਧਾਨ ਕਮਲਜੀਤ ਸਿੰਘ ਘੁਮਾਣ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਤੇ ਉਸ ਨੇ ਭਾਈਚਾਰੇ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ ਹੈ। ਪਿੰਦੀ ਛੀਨਾ ਨੂੰ ਅਗਲੇ ਸਾਲ ਲਈ ਕਲੱਬ ਦਾ ਪ੍ਰਧਾਨ ਐਲਾਨਿਆ ਗਿਆ। ਮੇਲਾ ਸਾਬਕਾ ਕਬੱਡੀ ਖਿਡਾਰੀ ਲਖਵਿੰਦਰ ਬਿਹਾਰੀਪੁਰ, ਗੁਰਪ੍ਰੀਤ ਤੂਰ ਤੇ ਹਰਦੀਪ ਸਿੰਘ ਨੂੰ ਸਮਰਪਿਤ ਸੀ।
ਟੂਰਨਾਮੈਂਟ ਦੌਰਾਨ ਚਾਰ ਕਬੱਡੀ ਟੀਮਾਂ ਦੇ ਆਪਸ ਵਿੱਚ ਭੇੜ ਹੋਏ, ਜਿਨ੍ਹਾਂ ਵਿੱਚ ਨਾਰਥ ਅਮੈਰਿਕਾ ਕਬੱਡੀ ਕਲੱਬ, ਕਿੰਗਜ਼ ਕਲੱਬ ਨਿਊ ਯਾਰਕ, ਪੰਜਾਬ ਸਪੋਰਟਸ ਕਲੱਬ ਤੇ ਬਾਬਾ ਸੰਗ ਢੇਸੀਆਂ ਮਿਡਵੈਸਟ ਸ਼ਾਮਲ ਸਨ। ਫਾਈਨਲ ਮੈਚ ਕਿੰਗਜ਼ ਕਲੱਬ ਨਿਊ ਯਾਰਕ ਤੇ ਬਾਬਾ ਸੰਗ ਢੇਸੀਆਂ ਮਿਡਵੈਸਟ ਦੀਆਂ ਟੀਮਾਂ ਵਿਚਾਲੇ ਹੋਇਆ, ਪਰ ਕਿੰਗਜ਼ ਕਲੱਬ ਨਿਊ ਯਾਰਕ ਟੀਮ ਕਬੱਡੀ ਦੀ ਜੇਤੂ ਟਰਾਫੀ `ਤੇ ਕਾਬਜ ਹੋਣ ਵਿੱਚ ਕਾਮਯਾਬ ਰਹੀ। ਵਧੀਆ ਜਾਫੀ ਯਾਦ ਕੋਟਲੀ ਅਤੇ ਵਧੀਆ ਧਾਵੀ ਰਾਜੂ ਕੋਟਲਾ ਐਲਾਨੇ ਗਏ।
ਕਬੱਡੀ ਦਾ ਪਹਿਲਾ ਇਨਾਮ ਸਵਰਗੀ ਸਰਪੰਚ ਇੰਦਰ ਸਿੰਘ ਦੀ ਯਾਦ ਵਿੱਚ ਖਾਸਰੀਆ ਪਰਿਵਾਰ- ਹਰਜਿੰਦਰ ਸਿੰਘ ਜਿੰਦੀ, ਅਰਵਿੰਦਰ ਸਿੰਘ ਬੂਟਾ ਤੇ ਭੁਪਿੰਦਰ ਸਿੰਘ ਟਿੰਕਾ ਵੱਲੋਂ ਦਿੱਤਾ ਗਿਆ; ਜਦਕਿ ਕਬੱਡੀ ਦੇ ਦੂਜੇ ਇਨਾਮ ਦੇ ਸਪਾਂਸਰ ਵਿਸਕਾਨਸਿਨ ਤੋਂ ਹੀ ਤੂਰ ਭਰਾ- ਗੁਰਸਾਹਿਬ ਸਿੰਘ ਤੂਰ, ਗੁਰਦੀਪ ਤੂਰ, ਗੈਰੀ ਤੂਰ, ਹਰਜਿੰਦਰ ਤੂਰ, ਗੁਰਬਾਜ ਤੂਰ, ਸਤੀਸ਼ ਭਾਰਦਵਾਜ ਤੇ ਹੋਰਨਾਂ ਵੱਲੋਂ ਸਪਾਂਸਰ ਕੀਤਾ ਗਿਆ ਸੀ। ਵਧੀਆ ਜਾਫੀ ਤੇ ਵਧੀਆ ਧਾਵੀ ਦੇ ਇਨਾਮ ਸਵਰਗੀ ਫੁੰਮਣ ਸਿੰਘ ਤੇ ਸਵਰਗੀ ਹਰਭਜਨ ਸਿੰਘ ਦੀ ਯਾਦ ਵਿੱਚ ਦਿੱਤੇ ਗਏ। ਇਸ ਤੋਂ ਇਲਾਵਾ ਵਾਲੀਬਾਲ ਦੇ ਮੈਚ ਵੀ ਹੋਵੇ। ਵਾਲੀਬਾਲ ਦਾ ਪਹਿਲਾ ਇਨਾਮ ਸਵਰਗੀ ਮਿਹਰ ਸਿੰਘ ਢੀਂਡਸਾ ਦੀ ਯਾਦ ਵਿੱਚ ਢੀਂਡਸਾ ਪਰਿਵਾਰ (ਵਿਸਕਾਨਸਿਨ) ਵੱਲੋਂ ਦਿੱਤਾ ਗਿਆ, ਜਦਕਿ ਦੂਜੇ ਇਨਾਮ ਦੇ ਸਪਾਂਸਰ ਸਮਰਾ ਪਰਿਵਾਰ (ਸ਼ਿਕਾਗੋ) ਸਨ। ਰੱਸਾਕਸ਼ੀ ਦਾ ਮੁਕਾਬਲਾ ਵੀ ਕਰਵਾਇਆ ਗਿਆ।
ਮੇਲੇ ਦੌਰਾਨ ਕੁਝ ਲੋਕ ਕਬੱਡੀ ਮੈਦਾਨ ਦੇ ਹੰਧਿਆਂ ਦੁਆਲੇ ਬੈਠੇ ਸਨ, ਕੁਝ ਵਾਲੀਬਾਲ ਦੇ; ਜਦਕਿ ਸਟੇਜ ਦੇ ਇਰਦ-ਗਿਰਦ ਅਤੇ ਕਾਰਾਂ ਦੀਆਂ ਡਿੱਗੀਆਂ ਦੁਆਲੇ ਤੇ ਖਾਣੇ ਦੇ ਟੈਂਟਾਂ ਲਾਗੇ ਇਕੱਤਰ ਹੋਏ ਲੋਕਾਂ ਕਾਰਨ ਮੇਲਾ ਚਹੁੰ-ਦਿਸ਼ਾਵੀਂ ਖਿੱਲਰਿਆ ਹੋਇਆ ਸੀ। ਮੌਸਮ ਸੁਹਾਵਣਾ ਤੇ ਕੁਝ ਕੁਝ ਠੰਡਾ ਹੋਣ ਕਾਰਨ ਲੋਕੀਂ ਟੈਂਟਾਂ ਹੇਠ ਬੈਠਣ ਨਾਲੋਂ ਧੁੱਪੇ ਬੈਠਣ ਨੂੰ ਤਰਜੀਹ ਦੇ ਰਹੇ ਸਨ। ਜਦੋਂ ਸ਼ਾਮ ਨੂੰ ਗੌਣ-ਪਾਣੀ ਚੱਲਿਆ ਤਾਂ ਮੇਲੀ ਸਟੇਜ ਦੇ ਮੂਹਰੇ ਆ ਜੁੜੇ। ਗਾਇਕੀ ਦੇ ਦੌਰ ਦੀ ਸ਼ੁਰੂਆਤ ਸਿਨਸਿਨੈਟੀ ਤੋਂ ਆਏ ਗਾਇਕ ਰੈਵ ਇੰਦਰ ਨੇ ਕੀਤੀ। ਉਸ ਪਿਛੋਂ ਪ੍ਰੀਤ ਥਿੰਦ, ਅਮਰ ਸਹਿੰਬੀ ਤੇ ਦੀਪਕ ਢਿੱਲੋਂ ਨੇ ਗੌਣ ਜਾਰੀ ਰੱਖਿਆ। ਅਖੀਰ ਵਿੱਚ ਗਾਇਕ ਆਰ. ਨੇਤ ਨੂੰ 20 ਕੁ ਮਿੰਟ ਦਾ ਸਮਾਂ ਮਿਲਿਆ, ਪਰ ਉਸ ਨੇ ਓਨੇ ਸਮੇਂ ਵਿੱਚ ਹੀ ਰੰਗ ਬੰਨ੍ਹ ਦਿੱਤਾ। ਗਾਇਕੀ ਦੇ ਅਖਾੜੇ ਦੌਰਾਨ ਮੰਚ ਸੰਚਾਲਨ ਗੁਰਲੀਨ ਕੌਰ ਨੇ ਕੀਤਾ।
ਮੇਲੇ ਵਿੱਚ ਸਥਾਨਕ ਮਹਿਮਾਨਾਂ- ਮੇਜਰ ਗੁਰਚਰਨ ਸਿੰਘ ਝੱਜ, ਕਰਨਲ ਨਿਰਮਲ ਸਿੰਘ ਸਿੰਘਾ, ਜੈਦੇਵ ਸਿੰਘ ਭੱਠਲ, ਬਲਦੇਵ ਸਿੰਘ ਗਿੱਲ, ਭੁਪਿੰਦਰ ਸਿੰਘ ਧਾਲੀਵਾਲ ਤੇ ਹੋਰਨਾਂ ਤੋਂ ਇਲਾਵਾ ਵਿਸਕਾਨਸਿਨ ਤੋਂ ਗੁਰਿੰਦਰਜੀਤ ਸਿੰਘ ਗਰੇਵਾਲ, ਦੀਦਾਰ ਸਿੰਘ ਧਨੋਆ ਤੇ ਸਾਥੀ; ਇੰਡੀਆਨਾ ਤੋਂ ਯਾਦਵਿੰਦਰ ਸਿੰਘ ਖੱਟੜਾ, ਧਰਮਿੰਦਰ ਸਿੰਘ ਖੱਟੜਾ, ਸਰਵਣ ਸਿੰਘ ਟਿਵਾਣਾ, ਸਤਵਿੰਦਰ ਸਿੰਘ ਸੱਤਾ, ਜੱਸੀ ਧਾਲੀਵਾਲ ਤੇ ਸਾਥੀ ਅਤੇ ਮਿਸ਼ੀਗਨ ਤੋਂ ਲਾਲੀ ਧਾਲੀਵਾਲ, ਸਿਕੰਦਰ ਸਿੰਘ ਔਜਲਾ, ਕੁਲਵਿੰਦਰ ਸਿੰਘ ਗਿੱਲ ਤੇ ਸਾਥੀ ਉਚੇਚੇ ਤੌਰ `ਤੇ ਪਹੁੰਚੇ ਹੋਏ ਸਨ। ਪੰਜਾਬ ਸਪੋਰਟਸ ਕਲੱਬ ਸ਼ਿਕਾਗੋ ਅਤੇ ਸ਼ੇਰੇ ਪੰਜਾਬ ਸਪੋਰਟਸ ਕਲੱਬ ਮਿਡਵੈਸਟ (ਸ਼ਿਕਾਗੋ), ਪੀ.ਸੀ.ਐਸ. ਸ਼ਿਕਾਗੋ ਤੋਂ ਇਲਾਵਾ ਹੋਰਨਾਂ ਸੰਸਥਾਵਾਂ ਦੇ ਨੁਮਾਇੰਦੇ ਵੀ ਪਹੁੰਚੇ ਹੋਏ ਸਨ। ਉਂਜ ਸ਼ਿਕਾਗੋ ਦੇ ਕਬੱਡੀ ਮੇਲਿਆਂ ਦੀ ਇਹ ਖਾਸੀਅਤ ਹੈ ਕਿ ਉਹ ਸਥਾਨਕ ਜਾਂ ਦੂਜੀਆਂ ਸਟੇਟਾਂ ਤੋਂ ਆਏ ਮੇਲੀਆਂ ਨਾਲ ਭਰ ਜਾਂਦੇ ਹਨ।
ਕਬੱਡੀ ਦੇ ਫਾਈਨਲ ਮੈਚ ਤੋਂ ਪਹਿਲਾਂ ਤਾਂ ‘ਸਨਮਾਨ ਤਖ਼ਤੀਆਂ’ ਦੇਣ ਦੀ ਝੜੀ ਜਿਹੀ ਲੱਗ ਗਈ ਸੀ। ਸਪੀਕਰ ਤੋਂ ‘ਸਨਮਾਨ ਲੈ ਜਾਣ ਦੇ ਆਵਾਜ਼ੇ’ ਆਉਣ ਲੱਗੇ ਕਿ ਫਲਾਣਾ-ਫਲਾਣਾ ‘ਆਪਣਾ ਬਣਦਾ ਸਨਮਾਨ ਲੈ ਜਾਵੇ।’ ਇਹ ਸੁਣ ਕੇ ਕੁਝ ਲੋਕਾਂ ਨੂੰ ਬਾਦਲ ਸਰਕਾਰ ਸਮੇਂ ਆਟਾ-ਦਾਲ ਸਕੀਮ ਤਹਿਤ ਵੰਡੇ ਜਾਂਦੇ ਰਾਸ਼ਨ ਦੀ ਯਾਦ ਆ ਗਈ ਸੀ। ਜਿੱਥੇ ਵੀ.ਆਈ.ਪੀ. ਦੇ ਬੈਠਣ ਲਈ ਅੱਡਾ-ਪੀੜ੍ਹਾ ਫਿੱਟ ਸੀ, ਉਸ ਥਾਂ ਬੈਠਣ ਲਈ ਕਈ ਆਪੂੰ ਬਣੇ ‘ਵੀ.ਆਈ.ਪੀ.’ ਹੌਲੀ ਹੌਲੀ ਉਧਰ ਨੂੰ ਉਲਰ ਪਏ; ਤੇ ਕਲੱਬ ਦੇ ਕੁਝ ਮੈਂਬਰ ਆਮ ਲੋਕਾਂ ਦੇ ਬੈਠਣ ਲਈ ਰੱਖੀਆਂ ਕੁਰਸੀਆਂ ਚੁੱਕ ਚੁੱਕ ਖਾਸ ਥਾਂ `ਤੇ ਟਿਕਾਉਣ ਲੱਗ ਗਏ। ਇਹ ਦ੍ਰਿਸ਼ ਕਲੱਬ ਵੱਲੋਂ ਦਿੱਤਾ ਜਾ ਰਿਹਾ ਸਤਿਕਾਰ ਵੀ ਸੀ ਅਤੇ ‘ਦਰ ਆ ਗਏ ਨੂੰ ਬੈਠਣ ਲਈ ਮੂੜ੍ਹਾ ਦੇਣ’ ਜਿਹੀ ਮਜਬੂਰੀ ਵੀ ਸੀ।
ਕੁਮੈਂਟੇਟਰ ਸੁਰਜੀਤ ਕਕਰਾਲੀ ਤੇ ਕਾਲਾ ਰਸ਼ੀਨ ਕਬੱਡੀ ਦੀ ਕੁਮੈਂਟਰੀ ਭਾਵੇਂ ਚੰਗੀ ਕਰ ਲੈਂਦੇ ਹਨ, ਪਰ ਜਿਸ ਤਰ੍ਹਾਂ ਉਹ ‘ਸੌ ਡਾਲਰ ਦਾ ਸਨਮਾਨ’ ਦਾ ਰਕਾਟ ਵਜਾ ਦਿੰਦੇ ਹਨ, ਸਥਿਤੀ ਅਜੀਬ ਹੋ ਜਾਂਦੀ ਹੈ। ਜਿਹੜੇ ਕੁਝ ਕੁ ਪ੍ਰਤੀਸ਼ਤ ਲੋਕ ਕਬੱਡੀ ਵੇਖਣ ਦੇ ਚਾਹਵਾਨ ਰਹਿ ਗਏ ਨੇ, ਉਹ ਇਹ ਜ਼ਰੂਰ ਸੋਚਦੇ ਹੋਣਗੇ ਕਿ ਮੈਚ ਦੌਰਾਨ ਜੇ ਸਿਰਫ ਕਬੱਡੀ ਦੀ ਹੀ ਕੁਮੈਂਟਰੀ ਹੋਵੇ ਤਾਂ ਖੇਡ ਦਾ ਸਵਾਦ ਦੂਣ-ਸਵਾਇਆ ਹੋ ਜਾਵੇ। ਖ਼ੈਰ! ਦਾਨੀ ਸੱਜਣਾਂ ਦੇ ਸਿਰ `ਤੇ ਹੀ ਖਿਡਾਰੀਆਂ ਦਾ ਮਾਣ-ਸਨਮਾਨ ਐ। ਸਪਾਂਸਰ ਹੀ ਕਿਸੇ ਵੀ ਖੇਡ ਮੇਲੇ ਜਾਂ ਭਾਈਚਾਰਕ ਸਮਾਗਮ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਉਨ੍ਹਾਂ ਵੱਲੋਂ ਐਲਾਨੇ ਇਨਾਮ ‘ਖਿਡਾਰੀਆਂ ਦੇ ਲੱਗਦੇ ਜ਼ੋਰ ਨਾਲ ਉਤੋਂ ਡਾਲਰਾਂ ਦੀ ਖੁਰਾਕ’ ਸੋਨੇ `ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ!
ਮੇਲੇ ਦਾ ਇੱਕ ਪੱਖ ਇਹ ਵੀ ਉਭਰਿਆ ਕਿ ਇੱਥੋਂ ਦੇ ਜੰਮੇ-ਪਲੇ ਬੱਚਿਆਂ ਵਿੱਚੋਂ ਕੁਝ ਕੁ ਨੂੰ ਛੱਡ ਕੇ, ਬਾਕੀ ਦੇ ਕਬੱਡੀ ਵੱਲ ਨੂੰ ਮੂੰਹ ਨਹੀਂ ਕਰਦੇ। ਮੇਲੇ ਵਿੱਚ ਹਾਜ਼ਰ ਬਹੁਤੀ ਨੌਜਵਾਨ ਢਾਣੀ ਸਿਰਫ ਅਜੋਕੇ ਗਾਇਕਾਂ ਨੂੰ ਸੁਣਨ ਜਾਂ ਫਿਰ ਬਹੁ-ਗਿਣਤੀ ਖੁੱਲ੍ਹੇ ਮਾਹੌਲ ਵਿੱਚ ਖੁੱਲ੍ਹੀ ਦਾਰੂ ਪੀਣ ਨੂੰ ਹੀ ‘ਖੇਡ ਤੇ ਸੱਭਿਆਚਾਰਕ ਮੇਲਾ’ ਸਮਝੀ ਬੈਠੀ ਸੀ। ਇੱਥੇ ਹੀ ਬੱਸ ਨਹੀਂ, ਸਟੇਜ ਦੇ ਖੱਬੇ ਗੁੱਠ ਤਾਂ ਕੁਝ ਨੌਜਵਾਨ ਇਸ ਕਦਰ ਹੋਸ਼ ਭੁਲਾ ਬੈਠ ਸਨ ਕਿ ਉਹ ਆਪੋ ਵਿੱਚ ਹੀ ‘ਮਾਵਾਂ-ਭੈਣਾਂ ਦੀਆਂ ਗਾਲ੍ਹਾਂ’ ਕੱਢਣ ਉਤੇ ਉਤਾਰੂ ਹੋ ਗਏ ਸਨ। ਸ਼ੁਕਰ ਇਹ ਰਿਹਾ ਕਿ ਦੋ ਕੁ ਵਾਰ ਉਨ੍ਹਾਂ ਦੇ ਸਿੰਗ ਫਸਦੇ-ਫਸਦੇ ਬਚੇ। ਹੜਦੁੰਗਪੁਣੇ ਵਿੱਚ ਉਹ ਖੇਡ ਮੈਦਾਨ `ਚ ਸਟੇਜ ਦੇ ਲਾਗੇ ਗੱਡੀਆਂ ਲੈ ਆਏ। ਕਲੱਬ ਦੇ ਇੱਕ-ਦੋ ਮੈਂਬਰਾਂ ਨੇ ਉਨ੍ਹਾਂ ਨੂੰ ਵਰਜਿਆ ਵੀ, ਪਰ ਤਿੱਤਰ ਉਹ ਪੁਲਿਸ ਦੇ ਆਉਣ ਤੋਂ ਹੀ ਹੋਏ। ਦਾਰੂ ਦੇ ਖੁੱਲ੍ਹੇ ਮਾਹੌਲ ਦਾ ਕੁਝ ਬੀਬੀਆਂ ਨੇ ਵੀ ਬੁਰਾ ਮਨਾਇਆ। ਇਸ ਸਥਿਤੀ ਬਾਰੇ ਭਾਈਚਾਰੇ ਵਿੱਚੋਂ ਹੀ ਦਲੀਲਾਂ ਸਨ ਕਿ ਇਸ ਉਮਰੇ ਮੁੰਡੇ-ਖੁੰਡੇ ਇਹ ਸਭ ਕਰਦੇ ਹੀ ਨੇ।
ਇੱਧਰ-ਓਧਰ ਤੋੜਾ ਝਾੜਨ ਨਾਲੋਂ, ਸਤਿਕਾਰਯੋਗ ਪੰਜਾਬੀਓ! ਆਓ ਸਾਡੇ ਆਪਣੇ ਭਾਈਚਾਰੇ ਦੇ ਬੱਚਿਆਂ ਲਈ ਵਿਰਾਸਤੀ ਖੇਡਾਂ ਦਾ ਬੰਨ੍ਹ-ਸੁੱਬ ਕਰੀਏ ਅਤੇ ਖੇਡ-ਫਸਲ ਦਾ ਨੁਕਸਾਨ ਕਰਨ ਵਾਲਿਆਂ ਨੂੰ ਇੱਕ ਪਾਸੇ ਕਰ ਦਈਏ। ਨਹੀਂ ਤਾਂ ਮੇਲਿਆਂ `ਤੇ ਭਾਈਚਾਰੇ ਦਾ ਲੱਖਾਂ ਡਾਲਰ ਖਰਚ ਹੋਣ ਦੇ ਬਾਵਜੂਦ ਜੇ ਖਰੂਦ ਹੀ ਪੈਂਦਾ ਰਹਿਣਾ ਹੈ ਤਾਂ ਪੰਜਾਬੀ ਮੇਲੇ ‘ਭੱਠ ਪਿਆ ਸੋਨਾ ਹੀ ਹਨ, ਜੋ ਕੰਨਾਂ ਨੂੰ ਖਾ ਰਹੇ ਹਨ।’
ਖੈਰ! ਮੇਲੇ ਵਿੱਚ ਚੱਕੀ ਰਾਹੇ ਨੂੰ ਕੌਣ ਪੁੱਛਦਾ!!

Leave a Reply

Your email address will not be published. Required fields are marked *