ਕੈਨੇਡਾ ਜੀ-7 ਸੰਮੇਲਨ: ਸਾਂਝੇ ਐਲਾਨਾਮੇ ਦੇ ਆਸਾਰ ਮੱਧਮ

ਸਿਆਸੀ ਹਲਚਲ ਖਬਰਾਂ

ਪੰਜਾਬੀ ਪਰਵਾਜ਼ ਬਿਊਰੋ
ਰੂਸ-ਯੂਕਰੇਨ ਅਤੇ ਗਾਜ਼ਾ ਵਿੱਚ ਲੱਗੀਆਂ ਜੰਗਾਂ ਕਾਰਨ ਸਾਰੀ ਦੁਨੀਆਂ ਦੇ ਸਿਆਸੀ ਹਲਕਿਆਂ ਅਤੇ ਆਰਥਿਕ ਖੇਤਰ ਵਿੱਚ ਇੱਕ ਖਾਸ ਕਿਸਮ ਦੀ ਅਨਿਸ਼ਚਿਤਤਾ ਹੈ ਤਾਂ ਪਹਿਲਾਂ ਹੀ ਮੌਜੂਦ ਸੀ, ਪਰ ਇਰਾਨ ਅਤੇ ਇਜ਼ਰਾਇਲ ਵਿਚਕਾਰ ਦੁਨੀਆਂ ਦੇ 7 ਸਭ ਤੋਂ ਵਿਕਸਿਤ ਮੁਲਕਾਂ- ਅਮਰੀਕਾ, ਬਰਤਾਨੀਆ, ਫਰਾਂਸ, ਜਪਾਨ, ਜਰਮਨੀ, ਇਟਲੀ ਅਤੇ ਯੂਰਪੀਅਨ ਯੂਨੀਅਨ ‘ਤੇ ਆਧਾਰਤ ਸੰਗਠਨ ਜੀ-7 ਦੀ ਮੁਲਕਾਤ ਕੈਨੇਡਾ ਵਿੱਚ ਕੈਲਗਰੀ (ਕਨਾਸਕਿਸ) ਵਿੱਚ ਹੋ ਰਹੀ ਹੈ। ਇਸ ਮੀਟਿੰਗ ‘ਤੇ ਇਰਾਨ-ਇਜ਼ਰਾਇਲ ਜੰਗ ਦਾ ਪ੍ਰਛਾਵਾਂ ਭਾਰੀ ਪੈਂਦਾ ਵਿਖਾਈ ਦਿੱਤਾ। ਅਮਰੀਕਾ ਦੇ ਰਾਸ਼ਟਰਪਤੀ ਰੂਸ ਅਤੇ ਚੀਨ ਨੂੰ ਪਲੋਸ ਕੇ ਇਰਾਨ ਵਿੱਚ ਰਜ਼ੀਮ ਬਦਲਣ ਦੇ ਇੱਛੁਕ ਹਨ। ਇਸੇ ਲਈ ਉਨ੍ਹਾਂ ਚੀਨ ਅਤੇ ਰੂਸ ਨੂੰ ਜੀ-7 ਵਿੱਚ ਸ਼ਾਮਲ ਹੋਣ ਦੀ ਵਕਾਲਤ ਕੀਤੀ। ਪਿੱਛੋਂ ਯੂਰਪੀਅਨ ਮੁਲਕਾਂ ਨੇ ਵੀ ਜੀ-7 ਦੀ ਮੀਟਿੰਗ ਵਿੱਚ ਇਹ ਕਹਿ ਦਿੱਤਾ ਕਿ ਇਜ਼ਰਾਇਲ ਨੂੰ ਆਪਣੀ ਸੁਰੱਖਿਆ ਦਾ ਹੱਕ ਹੈ ਅਤੇ ਇਰਾਨ ਕੋਲ ਪ੍ਰਮਾਣੂ ਹਥਿਆਰ ਨਹੀਂ ਹੋਣੇ ਚਾਹੀਦੇ।

ਇਸ ਮੀਟਿੰਗ ਵਿੱਚ ਇਨ੍ਹਾਂ ਮੁਲਕਾਂ ਦੇ ਪ੍ਰਮੁੱਖ ਆਗੂਆਂ ਤੋਂ ਬਿਨਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੈਕਸੀਕੋ ਦੀ ਪ੍ਰਧਾਨ ਮੰਤਰੀ ਅਤੇ ਯੂਕਰੇਨ ਦੇ ਰਾਸ਼ਟਰਪਤੀ ਯੇਲੰਸਕੀ ਵੀ ਪੁੱਜੇ ਹੋਏ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਇਸ ਸੰਮੇਲਨ ਵਿੱਚ ਪੁੱਜੇ। ਉਨ੍ਹਾਂ ਇੱਥੇ ਕਾਨਫਰੰਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਇਹ ਬਿਆਨ ਦੇ ਕੇ ਯੂਰਪੀਅਨ ਆਗੂਆਂ ਨੂੰ ਧਰਮ ਸੰਕਟ ਵਿੱਚ ਪਾ ਦਿੱਤਾ ਕਿ ਰੂਸ ਨੂੰ ਸੰਗਠਨ ਵਿੱਚੋਂ ਕੱਢ ਕੇ ਜੀ-7 ਮੁਲਕਾਂ ਨੇ ਠੀਕ ਨਹੀਂ ਕੀਤਾ। ਯਾਦ ਰਹੇ, ਉਸ ਸਮੇਂ ਇਹ ਸੰਗਠਨ ਜੀ-8 ਅਖਵਾਉਂਦਾ ਸੀ। ਉਨ੍ਹਾਂ ਕਿਹਾ ਕਿ ਚੀਨ ਨੂੰ ਵੀ ਇਸ ਸੰਗਠਨ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ।
ਅਮਰੀਕੀ ਰਾਸ਼ਟਰਪਤੀ ਦੀ ਗੈਰ-ਹਾਜ਼ਰੀ ਵਿੱਚ ਜੀ-7 ਮੁਲਕਾਂ ਵੱਲੋਂ ਕੋਈ ਸਾਂਝਾ ਐਲਾਨਨਾਮਾ ਜਾਰੀ ਕਰਨ ਦੀ ਆਸ ਨਹੀਂ ਹੈ। ਫਿਰ ਵੀ ਇਸ ਮੀਟਿੰਗ ਵਿੱਚ ਹਿੱਸਾ ਲੈ ਰਹੇ ਆਗੂਆਂ ਨੂੰ ਆਸ ਹੈ ਕਿ ਇਸ ਵਾਰ ਦਾ ਸੰਮੇਲਨ ਉਨ੍ਹਾਂ ਨੂੰ ਇੱਕ ਦੂਜੇ ਦੇ ਨੇੜੇ ਲਿਆਉਣ ਦਾ ਕੰਮ ਕਰੇਗਾ। ਇਸ ਸੰਮੇਲਨ ਦੇ ਪਹਿਲੇ ਦੋ ਦਿਨ ਮੁੱਖ ਤੌਰ ‘ਤੇ ਗੱਲਬਾਤ ਇਜ਼ਰਾਇਲ-ਇਰਾਨ ਜੰਗ ਅਤੇ ਦੁਨੀਆਂ ਵਿੱਚ ਚੱਲ ਰਹੀ ਆਰਥਿਕ ਅਨਿਸ਼ਚਿਤਤਾ ‘ਤੇ ਕੇਂਦਰਿਤ ਰਹੀ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਸ਼ੁਰੂਆਤੀ ਭਾਸ਼ਨ ਵਿੱਚ ਇਸ ਸੰਮੇਲਨ ਨੂੰ ਦੁਨੀਆਂ ਵਿੱਚ ਫੈਲੇ ਆਰਥਿਕ ਮੰਦਵਾੜੇ ‘ਤੇ ਕੇਂਦਰਿਤ ਕਰਨ ਦਾ ਯਤਨ ਕੀਤਾ।
ਇਸ ਮੌਕੇ ਕੁਝ ਮੀਡੀਆ ਕਰਮੀਆਂ ਵੱਲੋਂ ਕੀਤੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਰੂਸ ਨੂੰ ਜੀ-8 ਵਿੱਚੋਂ ਕੱਢ ਕੇ ਵੱਡੀ ਗਲਤੀ ਕੀਤੀ ਹੈ। ਯਾਦ ਰਹੇ, ਪੂਤਿਨ ਨੇ 2014 ਵਿੱਚ ਜਦੋਂ ਕਰੀਮੀਆਂ ਨੂੰ ਆਪਣੇ ਮੁਲਕ ਦਾ ਹਿੱਸਾ ਬਣਾ ਲਿਆ ਸੀ ਤਾਂ ਰੂਸ ਨੂੰ ਇਸ ਸੰਸਥਾ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ। ਇਸ ਮੀਟਿੰਗ ਵਿੱਚ ਪਹਿਲੇ ਦੋ ਦਿਨ ਮੱਧ ਪੂਰਬ ਅਤੇ ਰੂਸ-ਯੂਕਰੇਨ ਵਿਚਕਾਰ ਲੱਗੀ ਜੰਗ, ਟਰਾਂਸਨੈਸ਼ਨਲ ਰਿਪਰੈਸ਼ਨ, ਟਰੇਡ ਵਾਰ ਅਤੇ ਰਾਸ਼ਟਰਪਤੀ ਟਰੰਪ ਵੱਲੋਂ ਲਗਾਏ ਗਏ ਇਕਤਰਫਾ ਟੈਰਿਫ ਬਾਰੇ ਗੱਲਬਾਤ ਹੋ ਰਹੀ ਹੈ। ਇਰਾਨ ਅਤੇ ਇਜ਼ਰਾਇਲ ਵਿਚਕਾਰ ਲੱਗੀ ਜੰਗ ‘ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਇਰਾਨ ਨੂੰ ਪ੍ਰਮਾਣੂ ਸਮਝੌਤਾ ਕਰਨ ਲਈ 60 ਦਿਨ ਦਿੱਤੇ, ਪਰ ਇਰਾਨ ਨੇ ਅਜਿਹਾ ਨਹੀਂ ਕੀਤਾ। 61ਵੇਂ ਦਿਨ ਇਜ਼ਰਾਇਲ ਵੱਲੋਂ ‘ਆਪਰੇਸ਼ਨ ਰਾਈਜ਼ਿੰਗ ਲਾਇਨ’ ਸ਼ੁਰੂ ਕੀਤਾ ਗਿਆ, ਜਿਸ ਵਿੱਚ ਇੱਕ ਦਰਜਨ ਤੋਂ ਵੱਧ ਸੀਨੀਅਰ ਇਰਾਨੀ ਜਰਨੈਲ ਅਤੇ ਪ੍ਰਮਾਣੂ ਵਿਗਿਆਨੀ ਮਾਰੇ ਗਏ। ਟਰੰਪ ਨੇ ਕਿਹਾ ਕਿ ਇਰਾਨ ਇਸ ਜੰਗ ਵਿੱਚ ਜਿੱਤ ਨਹੀਂ ਸਕਦਾ। ਇਸ ਤੋਂ ਪਹਿਲਾਂ ਕਿ ਜ਼ਿਆਦਾ ਦੇਰ ਹੋ ਜਾਵੇ, ਉਸ ਨੂੰ ਅਮਰੀਕਾ ਨਾਲ ਪ੍ਰਮਾਣੂ ਸਮਝੌਤਾ ਕਰ ਲੈਣਾ ਚਾਹੀਦਾ ਹੈ।
ਜੀ-7 ਮੁਲਕਾਂ ਦੇ ਨੁਮਾਇੰਦਿਆਂ ਦੀ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਟਰੰਪ ਨੇ ਕਿਹਾ ਕਿ ਅਸੀਂ ਇਹ ਗੱਲਬਾਤ ਟਰੇਡ ਉਤੇ ਫੋਕਸ ਕਰ ਰਹੇ ਹਾਂ। ਤਕਰੀਬਨ ਇਸੇ ਕਿਸਮ ਦੇ ਵਿਚਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪ੍ਰਗਟ ਕੀਤੇ ਅਤੇ ਕਿਹਾ ਕਿ ਸਾਡਾ ਏਜੰਡਾ ‘ਇਕਨਾਮਿਕਸ ਫਸਟ’ ਹੈ। ਯਾਦ ਰਹੇ, ਜੀ-7 ਸੰਮੇਲਨ ਵਿੱਚ ਸ਼ਾਮਲ ਹੋਣ ਵਾਲੇ ਬਹੁਤੇ ਮੁਲਕ ਰਾਸ਼ਟਰਪਤੀ ਟਰੰਪ ਦੀ ਟਰੇਡ ਵਾਰ ਤੋਂ ਪੀੜਤ ਹਨ, ਜਿਸ ਕਾਰਨ ਸੰਸਾਰ ਭਰ ਦੀ ਆਰਥਿਕਤਾ ਇੱਕ ਥਿੜਕਵੇਂ ਅਤੇ ਅਨਿਸ਼ਚਿਤ ਮਾਹੌਲ ਦਾ ਸਾਹਮਣਾ ਕਰ ਰਹੀ ਹੈ। ਇਸ ਗਰੁੱਪ ਵਿੱਚ ਸ਼ਾਮਲ ਏਸ਼ੀਆ ਦਾ ਇੱਕੋ ਇੱਕ ਮੁਲਕ ਜਪਾਨ ਆਪਣੀ ਨਿਰਯਾਤ ‘ਤੇ 26 ਫੀਸਦੀ ਟੈਰਿਫ ਦਾ ਸਾਹਮਣਾ ਕਰ ਰਿਹਾ ਹੈ, ਜਦਕਿ ਯੂਰਪੀਅਨ ਮੁਲਕ ਫਿਲਹਾਲ 10 ਫੀਸਦੀ ਟੈਰਿਫ ਦੇ ਰਹੇ ਹਨ। ਟਰੇਡ ਵਾਰ ਅਤੇ ਵਾਧੂ ਟੈਰਿਫ ਤੋਂ ਮੁਕਤੀ ਵੀ ਇਸ ਸੰਮੇਲਨ ਵਿੱਚ ਇੱਕ ਮਹੱਤਵਪੂਰਨ ਮੁੱਦਾ ਹੈ; ਪਰ ਰਾਸ਼ਟਰਪਤੀ ਟਰੰਪ ਦੇ ਅੱਧ ਵਿਚਕਾਰ ਤੁਰ ਜਾਣ ਨਾਲ ਯੂਰਪੀਅਨ ਮੁਲਕਾਂ ਦੀਆਂ ਟਰੇਡ-ਟੈਰਿਫ ਬਾਰੇ ਅਮਰੀਕੀ ਰਾਸ਼ਟਰਪਤੀ ਨਾਲ ਗੱਲਬਾਤ ਤੋਰਨ ਦੀਆਂ ਆਸਾਂ ਧਰੀਆਂ ਧਰਾਈਆਂ ਰਹਿ ਗਈਆਂ। ਇਸ ਮੀਟਿੰਗ ਵਿੱਚ ਜੀ-7 ਮੁਲਕਾਂ ਨੂੰ ਉਹ ਜੋ ਇਸ਼ਾਰਾ ਕਰਨ ਆਏ ਸਨ, ਕਰ ਗਏ ਹਨ; ਇਹ ਇਸ਼ਾਰਾ ਇਰਾਨ ਇਜ਼ਰਾਇਲ ਯੁੱਧ ਵਿੱਚ ਅਮਰੀਕਾ ਦੇ ਇਜ਼ਰਾਇਲ ਨਾਲ ਖੜ੍ਹੇ ਹੋ ਜਾਣ ਦਾ ਹੈ। ਉਂਝ ਅਮਰੀਕੀ ਰਾਸ਼ਟਰਪਤੀ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਕੈਨੇਡਾ ਨਾਲ ਟਰੇਡ ਸਮਝੌਤਾ ਅਗਲੇ 30 ਦਿਨਾਂ ਵਿੱਚ ਹੋ ਜਾਵੇਗਾ।
ਯਾਦ ਰਹੇ, ਅਮਰੀਕਾ ਨੇ ਕੈਨੇਡਾ ਵੱਲੋਂ ਅਮਰੀਕਾ ਨੂੰ ਨਿਰਯਾਤ ਕੀਤੀਆਂ ਜਾ ਰਹੀਆਂ ਕਈ ਵਸਤਾਂ ‘ਤੇ ਟੈਰਿਫ ਲਗਾਇਆ ਹੈ। ਮੈਕਸੀਕੋ ਦੀ ਪ੍ਰਧਾਨ ਮੰਤਰੀ ਕਲਾਡੀਆ ਸ਼ੇਨਬਮ ਨੂੰ ਵੀ ਇਸ ਮੀਟਿੰਗ ਵਿੱਚ ਗੈਰ-ਮੈਂਬਰ ਭਾਈਵਾਲ ਵਜੋਂ ਸੱਦਿਆ ਗਿਆ ਹੈ। ਮੈਕਸੀਕੋ ਅਸਲ ਵਿੱਚ ਉੱਤਰੀ ਅਮਰੀਕਨ ਮੁਲਕਾਂ ਦਾ ਤਿਕੋਣਾ ਵਪਾਰ ਸਮਝੌਤਾ ਚਾਹੁੰਦਾ ਹੈ, ਜਿਸ ਵਿੱਚ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਸ਼ਾਮਲ ਹੋ ਸਕਦੇ ਹਨ। ਯਾਦ ਰਹੇ, ਅਮਰੀਕੀ ਰਾਸ਼ਟਰਪਤੀ ਨੇ ਟਰੇਡ ਐਗਰੀਮੈਂਟ `ਤੇ ਪੁੱਜਣ ਲਈ ਸਾਰੇ ਮੁਲਕਾਂ ਨੂੰ ਜੁਲਾਈ ਦੇ ਅੰਤ ਤੱਕ ਦਾ ਸਮਾਂ ਦਿੱਤਾ ਹੋਇਆ ਹੈ, ਇਸ ਤੋਂ ਬਾਅਦ ਜਿਸ ਮੁਲਕ ਵੱਲੋਂ ਅਮਰੀਕੀ ਵਸਤਾਂ ‘ਤੇ ਜਿੰਨਾ ਟੈਕਸ ਲਗਾਇਆ ਜਾਂਦਾ ਹੈ, ਅਮਰੀਕਾ ਵੱਲੋਂ ਉਨੇ ਫੀਸਦੀ ਹੀ ਆਯਤ ਟੈਕਸ ਲਗਾਇਆ ਜਾਵੇਗਾ। ਇਸ ਕਰਕੇ ਭਾਰਤ, ਮੈਕਸੀਕੋ, ਜਪਾਨ ਤੇ ਕੈਨੇਡਾ ਅਤੇ ਸਾਰੇ ਯੂਰਪੀਅਨ ਮੁਲਕ ਇਸ ਸੰਮੇਲਨ ਨੂੰ ਟਰੇਡ ਵਾਰ ਤੋਂ ਨਿਜ਼ਾਤ ਪਾਉਣ ਦਾ ਜ਼ਰੀਆ ਬਣਾਉਣਾ ਚਾਹੁੰਦੇ ਸਨ।
ਜਰਮਨੀ ਦੇ ਚਾਂਸਲਰ ਫਰੈਡਰਿਕ ਮਰਜ ਨੇ ਇੱਕ ਗੱਲਬਾਤ ਵਿੱਚ ਕਿਹਾ ਕਿ ਉਹ ਫਰਾਂਸ ਅਤੇ ਇਟਲੀ ਨਾਲ ਮਿਲ ਕੇ ਟਰੰਪ ਨਾਲ ਟਰੇਡ ਦੇ ਮਸਲੇ ਨਜਿੱਠਣ ਦਾ ਯਤਨ ਕਰ ਰਹੇ ਹਨ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਨ ਇਟਲੀ ਦੀ ਪ੍ਰਧਾਨ ਮੰਤਰੀ ਜਿਓਰਜੀਆ ਮਿਲੋਨੀ ਵੀ ਇਸ ਸੰਮੇਲਨ ਵਿੱਚ ਆਪੋ ਆਪਣੇ ਮੁਲਕਾਂ ਦੀ ਨੁਮਾਇੰਦਗੀ ਕਰ ਰਹੇ ਹਨ। ਯੂਰਪੀਅਨ ਲੀਡਰਾਂ ਦਾ ਵਿਸ਼ਵਾਸ ਹੈ ਕਿ ਉਹ ਭਾਵੇਂ ਇਸ ਸੰਮੇਲਨ ਵਿੱਚ ਕਿਸੇ ਸਾਰਥਕ ਸਮਝੌਤੇ ‘ਤੇ ਪਹੁੰਚਣ ਲਈ ਆਸਵੰਦ ਨਹੀਂ ਹਨ। ਯੂਰਪੀਅਨ ਯੂਨੀਅਨ ਦੀ ਪ੍ਰਧਾਨ ਉਰਸੁਲ ਡਰਲੇਨ ਆਪਣੇ ਟਰੇਡ ਮੁਖੀ ਸਮੇਤ ਇਸ ਮੀਟਿੰਗ ਵਿੱਚ ਹਿੱਸਾ ਲੈ ਰਹੇ ਹਨ। ਉਹ ਯੂਰਪੀਅਨ ਯੂਨੀਅਨ ਨਾਲ ਜੁੜੇ 26 ਮੁਲਕਾਂ ਦੀ ਨੁਮਾਇੰਦਗੀ ਕਰਦੇ ਹਨ। ਯੂਰਪੀਅਨ ਯੂਨੀਅਨ ਦੀ ਆਗੂ ਨੇ ਸੰਮੇਲਨ ਵਿੱਚ ਪੁਜਣ ਤੋਂ ਥੋੜ੍ਹੀ ਦੇਰ ਬਾਅਦ ਇੱਕ ਪ੍ਰੈਸ ਮਿਲਣੀ ਵਿੱਚ ਕਿਹਾ ਕਿ ਟਰੇਡ ਨੂੰ ਪੱਖਪਾਤ ਰਹਿਤ, ਖੁੱਲ੍ਹਾ ਅਤੇ ਸਥਿਰ (ਯਕੀਨਪੂਰਨ) ਬਣਾਇਆ ਜਾਣਾ ਚਾਹੀਦਾ ਹੈ। ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਅਮਰੀਕਾ ਨਾਲ ਇੱਕ ਸੰਤੁਲਿਤ ਟਰੇਡ ਸਮਝੌਤਾ ਸਿਰੇ ਚੜ੍ਹ ਜਾਣ ਲਈ ਆਸਵੰਦ ਹਨ।
ਇਸ ਮਾਮਲੇ ਤੋਂ ਇਲਾਵਾ ਇਰਾਨ-ਇਜ਼ਰਾਇਲ ਜੰਗ ਦਾ ਮੁੱਦਾ ਵੀ ਇਸ ਸੰਮੇਲਨ ਵਿੱਚ ਉਠਾਇਆ ਜਾ ਰਿਹਾ। ਯਾਦ ਰਹੇ, ਸਾਰੇ ਯੂਰਪੀਅਨ ਮੁਲਕ ਇਰਾਨ ਅਤੇ ਇਜ਼ਰਾਇਲ ਵਿਚਕਾਰ ਜੰਗਬੰਦੀ ਕਰਵਾਉਣ ਦੇ ਹੱਕ ਵਿੱਚ ਹਨ, ਜਦਕਿ ਜਪਾਨ ਵੱਲੋਂ ਇਜ਼ਰਾਇਲ ਦੀ ਇਰਾਨ ‘ਤੇ ਹਮਲੇ ਲਈ ਜ਼ੋਰਦਾਰ ਮੁਖ਼ਾਲਫਤ ਕੀਤੀ ਜਾ ਰਹੀ ਹੈ। ਅਮਰੀਕਾ ਇਜ਼ਰਾਇਲ ਦੀ ਪਿੱਠ ‘ਤੇ ਖੜ੍ਹਾ ਹੈ, ਜਦਕਿ ਭਾਰਤ ਇਜ਼ਰਾਇਲ ਨੂੰ ਖਾਮੋਸ਼ ਹਮਾਇਤ ਦੇ ਕੇ ਹਿੰਦੁਸਤਾਨ ਦੀ ਰਵਾਇਤੀ ਵਿਦੇਸ਼ ਨੀਤੀ ਨੂੰ ਉਲਟਾ ਗੇੜਾ ਦੇ ਰਿਹਾ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਯੇਲੰਸਕੀ ਦੀ ਹਾਜ਼ਰੀ ਇਸ ਸੰਮੇਲਨ ਨੂੰ ਰੂਸ-ਯੂਕਰੇਨ ਜੰਗ ਬਾਰੇ ਗੱਲਬਾਤ ਕਰਨ ਲਈ ਮਜਬੂਰ ਕਰ ਰਹੀ ਹੈ। ਇਸ ਹਾਲਤ ਵਿੱਚ ਇਸ ਸੰਮੇਲਨ ਤੋਂ ਪਿੱਛੋਂ ਕਿਸੇ ਸਾਂਝੇ ਐਲਾਨਨਾਮੇ ਦੇ ਜਾਰੀ ਹੋਣ ਦੇ ਆਸਾਰ ਘੱਟ ਹੀ ਹਨ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਦੁਵੱਲੀ ਗੱਲਬਾਤ ਹੋਣ ਦੀ ਸੰਭਾਵਨਾ ਹੈ, ਜਿਸ ਵਿੱਚ ਇਨ੍ਹਾਂ ਮੁਲਕਾਂ ਵਿੱਚ ਉਭਰੇ ਜਾਂ ਉਭਰਨ ਵਾਲੇ ਮਸਲਿਆਂ ‘ਤੇ ਚਰਚਾ ਹੋ ਸਕਦੀ ਹੈ। ਇਨ੍ਹਾਂ ਵਿੱਚ ਕੈਨੇਡਾ ਵਿੱਚ ਕੁਝ ਰੈਡੀਕਲ ਸਿੱਖ ਆਗੂਆਂ ਦੇ ਕਤਲਾਂ ਦੇ ਮਾਮਲੇ ਵੀ ਸ਼ਾਮਲ ਹਨ, ਜਿਨ੍ਹਾਂ ਬਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਇਨ੍ਹਾਂ ਜ਼ੁਰਮਾਂ ਵਿੱਚ ਕੁਝ ਭਾਰਤੀ ਸਫਾਰਤੀ ਅਤੇ ਉਚ ਸਰਕਾਰੀ ਅਧਿਕਾਰੀ ਸ਼ਾਮਲ ਹਨ। ਟਰੂਡੋ ਨੇ ਕੁਝ ਭਾਰਤੀ ਸਰਕਾਰੀ ਅਧਿਕਾਰੀਆਂ ਨੂੰ ‘ਪਰਸਨ ਆਫ ਇੰਟਰਸਟ’ ਦੱਸ ਕੇ ਜਾਂਚ ਲਈ ਭਾਰਤ ਤੋਂ ਉਨ੍ਹਾਂ ਦੀ ਡਿਪਲੋਮੈਟਿਕ ਸੁਰੱਖਿਆ ਵਾਪਸ ਲੈਣ ਦੀ ਮੰਗ ਕੀਤੀ ਸੀ, ਪਰ ਭਾਰਤ ਨੇ ਅਜਿਹਾ ਕਰਨ ਦੀ ਥਾਂ ਆਪਣੇ ਇਨ੍ਹਾਂ ਸਫਾਰਤੀ ਅਧਿਕਾਰੀਆਂ ਨੂੰ ਵਾਪਸ ਬੁਲਾ ਲਿਆ ਸੀ। ਯਾਦ ਰਹੇ, ਅਜਿਹੇ ਮਾਮਲਿਆਂ ਕਰਕੇ ਸਿੱਖ ਰੈਡੀਕਲ ਧਿਰਾਂ ਵੱਲੋਂ ਭਾਰਤੀ ਪ੍ਰਧਾਨ ਮੰਤਰੀ ਵਿਰੁਧ ਕੈਲਗਿਰੀ ਵਿੱਚ ਪ੍ਰਦਰਸ਼ਨ ਵੀ ਕੀਤਾ ਗਿਆ, ਉਹ ਇਨ੍ਹਾਂ ਮਾਮਲਿਆਂ ਵਿੱਚ ਭਾਰਤੀ ਪ੍ਰਧਾਨ ਮੰਤਰੀ ਮੋਦੀ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਸਨ। ਦੂਜੇ ਪਾਸੇ ਗੈਰ-ਸਿੱਖ ਭਾਰਤੀ ਪਰਵਾਸੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਨੇਡਾ ਫੇਰੀ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਮਨੁੱਖੀ ਅਧਿਕਾਰ ਅਤੇ ਵਾਤਾਵਰਣਿਕ ਮੁੱਦਿਆਂ ਨਾਲ ਸੰਬੰਧਤ ਕਈ ਹੋਰ ਸੰਗਠਨਾਂ ਵੱਲੋਂ ਵੀ ਇੱਥੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇੱਥੇ ਜ਼ਿਕਰਯੋਗ ਹੈ ਕਿ ਜੀ-8 ਮੁਲਕਾਂ ਦਾ ਇਹ ਸੰਗਠਨ ਮਾਰਚ 1973 ਵਿੱਚ ਬਣਿਆ ਸੀ ਅਤੇ ਕੈਨੇਡਾ ਵਿੱਚ ਇਸ ਦਾ 51ਵਾਂ ਸੰਮੇਲਨ ਹੋ ਰਿਹਾ।

Leave a Reply

Your email address will not be published. Required fields are marked *