ਖਿਡਾਰੀ ਪੰਜ-ਆਬ ਦੇ (42)
ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ‘ਖਿਡਾਰੀ ਪੰਜ-ਆਬ ਦੇ’ ਕਾਲਮ ਰਾਹੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੇ ਖੇਡ ਕਰੀਅਰ ਉਤੇ ਝਾਤ ਪਾਈ ਜਾ ਰਹੀ ਹੈ। ਪੰਜਾਬ ਦੀਆਂ ਖੇਡਾਂ ਵਿੱਚ ਹਾਕੀ ਦਾ ਜ਼ਿਕਰ ਕਰਕੇ ਗੱਲ ਅੱਗੇ ਤੋਰੀਏ ਤਾਂ ਇਸ ਖੇਡ ਨਾਲ ਜੁੜੇ ਕਈ ਐਸੇ ਨਾਮ ਹਨ, ਜਿਨ੍ਹਾਂ ਨੇ ਪੰਜਾਬ ਪੱਧਰ ਜਾਂ ਭਾਰਤ ਪੱਧਰ `ਤੇ ਹੀ ਮੱਲਾਂ ਨਹੀਂ ਮਾਰੀਆਂ, ਸਗੋਂ ਵਿਸ਼ਵ ਪੱਧਰ `ਤੇ ਵੀ ਨਾਮਣਾ ਖੱਟਿਆ ਹੈ। ਹਥਲੇ ਲੇਖ ਵਿੱਚ ਰਿਵਰਸ ਫਲਿੱਕ ਦੇ ਜਾਦੂਗਰ ਗਗਨ ਅਜੀਤ ਸਿੰਘ ਦੇ ਖੇਡ ਜੀਵਨ ਦੀ ਬਾਤ ਪਾਈ ਗਈ ਹੈ। 2001 ਵਿੱਚ ਆਪਣੇ ਪਹਿਲੇ ਹੀ ਜੂਨੀਅਰ ਵਿਸ਼ਵ ਕੱਪ ਵਿੱਚ ਕਪਤਾਨੀ ਕਰਦਿਆਂ ਉਸ ਨੇ ਭਾਰਤ ਨੂੰ ਆਪਣਾ ਪਲੇਠਾ ਵਿਸ਼ਵ ਕੱਪ ਜਿਤਾਇਆ। ਪਹਿਲੀਆਂ ਹਿੰਦ-ਪਾਕਿ ਪੰਜਾਬ ਖੇਡਾਂ ਵਿੱਚ ਸੋਨ ਤਮਗ਼ਾ ਜਿੱਤਣ ਦਾ ਵੀ ਉਸ ਨੂੰ ਮਾਣ ਹਾਸਲ ਹੈ।
ਨਵਦੀਪ ਸਿੰਘ ਗਿੱਲ
ਗਗਨ ਅਜੀਤ ਸਿੰਘ ਨੂੰ ਹਾਕੀ ਵਿਰਸੇ ਵਿੱਚ ਮਿਲੀ। ਉਸ ਨੇ ਪਰਿਵਾਰ ਦੀਆਂ ਖੇਡ ਪ੍ਰਾਪਤੀਆਂ ਨੂੰ ਆਪਣੀ ਮਿਹਨਤ ਅਤੇ ਕਲਾ ਨਾਲ ਹੋਰ ਵੀ ਚਾਰ ਚੰਨ ਲਾਏ। ਉਸ ਦੇ ਤਾਇਆ ਹਰਮੀਕ ਸਿੰਘ ਤੇ ਪਿਤਾ ਅਜੀਤ ਸਿੰਘ ਨੇ ਜਿੱਥੇ ਹਾਕੀ ਛੱਡੀ, ਗਗਨ ਅਜੀਤ ਸਿੰਘ ਨੇ ਉਥੋਂ ਅੱਗੇ ਨਵੇਂ ਮੀਲ ਪੱਥਰ ਸਥਾਪਤ ਕੀਤੇ। ਛੋਟੀ ਉਮਰੇ ਹੀ ਆਪਣੀ ਕਪਤਾਨੀ ਹੇਠ ਭਾਰਤ ਨੂੰ ਪਹਿਲਾ ਜੂਨੀਅਰ ਵਿਸ਼ਵ ਕੱਪ ਜਿਤਾਇਆ। ਚੈਂਪੀਅਨਜ਼ ਟਰਾਫੀ ਵਿੱਚ ਸੀਨੀਅਰ ਟੀਮ ਦੀ ਕਪਤਾਨੀ ਕੀਤੀ। ਦੋ ਵਾਰ ਦਾ ਓਲੰਪੀਅਨ ਗਗਨ ਅਜੀਤ ਸਿੰਘ ਨੇ ਏਸ਼ੀਆ ਕੱਪ, ਐਫਰੋ ਏਸ਼ੀਅਨ ਖੇਡਾਂ ਤੇ ਚੈਂਪੀਅਨ ਚੈਲੇਂਜ ਕੱਪ ਜਿੱਤਿਆ; ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ। 200 ਤੋਂ ਵੱਧ ਕੌਮਾਂਤਰੀ ਮੈਚਾਂ ਵਿੱਚ 100 ਤੋਂ ਵੱਧ ਗੋਲ ਕਰਨ ਵਾਲਾ ਗਗਨ ਅਜੀਤ ਸਿੰਘ ਏਥਨਜ਼ ਓਲੰਪਿਕਸ ਵਿੱਚ ਭਾਰਤ ਦਾ ਟਾਪ ਸਕੋਰਰ ਬਣਿਆ। ਖੇਡ ਪ੍ਰਾਪਤੀਆਂ ਬਦਲੇ ਅਰਜੁਨਾ ਐਵਾਰਡ ਤੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਮਿਲੇ। ਪੁਲਿਸ ਵਿੱਚ ਸਰਵਿਸ ਕਰਦਿਆਂ ਉਹ ਪੰਜਾਬ ਦਾ ਚੌਥਾ ਓਲੰਪੀਅਨ ਹੈ, ਜਿਸ ਨੂੰ ਐਸ.ਐਸ.ਪੀ. ਵਜੋਂ ਵੀ ਸੇਵਾ ਨਿਭਾਉਣ ਦਾ ਮੌਕਾ ਮਿਲਿਆ। ਉਹ ਸੜਕ ਸੁਰੱਖਿਆ ਫੋਰਸ (ਐਸ.ਐਸ.ਐਫ਼.) ਦਾ ਵੀ ਪਹਿਲਾ ਐਸ.ਐਸ.ਪੀ., ਜਿਸ ਨੇ ਪੰਜਾਬ ਵਿੱਚ ਹਜ਼ਾਰਾਂ ਜਾਨਾਂ ਬਚਾਈਆਂ। ਹਾਕੀ ਦਾ ਇਹ ਸ਼ਾਹ ਅਸਵਾਰ ਰਿਵਰਸ ਫਲਿੱਕ ਦਾ ਜਾਦੂਗਰ ਸੀ, ਜਿਸ ਨੂੰ ਦੇਖਦਿਆਂ ਅੱਜ ਵੱਡੀ ਗਿਣਤੀ ਵਿੱਚ ਖਿਡਾਰੀ ਇਹ ਕਲਾ ਸਿੱਖ ਰਹੇ ਹਨ। ਗਗਨ ਅਜੀਤ ਸਿੰਘ ਦੀ ਰਿਵਰਸ ਫਲਿੱਕ ਦੀ ਗੱਲ ਕਰੀਏ ਤਾਂ ਐਫਰੋ ਏਸ਼ੀਅਨ ਖੇਡਾਂ ਦੇ ਫਾਈਨਲ ਮੁਕਾਬਲੇ ਵਿੱਚ ਪਾਕਿਸਤਾਨ ਵਿਰੁੱਧ ਲਗਾਈ ਉਸ ਦੀ ਰਿਵਰਸ ਫਲਿੱਕ ਨੂੰ ਕੌਣ ਭੁੱਲ ਸਕਦਾ ਹੈ। ਕੁਆਲਾ ਲੰਪੁਰ ਵਿਖੇ ਖੇਡੇ ਏਸ਼ੀਆ ਕੱਪ ਅਤੇ ਐਮਸਟਲਵੀਨ ਵਿਖੇ ਚੈਂਪੀਅਨਜ਼ ਟਰਾਫੀ ਵਿੱਚ ਵੀ ਉਸ ਦੀ ਰਿਵਰਸ ਫਲਿੱਕ ਤੇ ਫੀਲਡ ਗੋਲ ਸ਼ਾਨਦਾਰ ਰਹੇ। ਪਾਕਿਸਤਾਨ ਖਿਲਾਫ ਅੱਧੀ ਟੀਮ ਨੂੰ ਡੌਜ ਦੇ ਕੇ ਡਿੱਗਦਿਆਂ ਰਿਵਰਸ ਫਲਿੱਕ ਨਾਲ ਕੀਤਾ ਗੋਲ ਹਾਕੀ ਦੇ ਸ਼ਾਨਦਾਰ ਗੋਲਾਂ ਵਿੱਚੋਂ ਇਕ ਹੈ।
ਗਗਨ ਅਜੀਤ ਸਿੰਘ ਦੇ ਦਾਦਾ ਸੋਹਣ ਸਿੰਘ ਹਾਕੀ ਦੇ ਤਕੜੇ ਖਿਡਾਰੀ ਰਹੇ। ਉਸ ਤੋਂ ਬਾਅਦ ਗਗਨ ਅਜੀਤ ਸਿੰਘ ਦੇ ਤਾਇਆ ਹਰਮੀਕ ਸਿੰਘ ਨੇ 1972 ਮਿਊਨਿਖ ਓਲੰਪਿਕਸ ਵਿੱਚ ਭਾਰਤੀ ਟੀਮ ਦੀ ਕਪਤਾਨੀ ਕੀਤੀ ਅਤੇ ਕਾਂਸੀ ਦਾ ਤਮਗ਼ਾ ਜਿੱਤਿਆ। ਉਸ ਦੇ ਪਿਤਾ ਅਜੀਤ ਸਿੰਘ 1976 ਦੀ ਮਾਂਟਰੀਅਲ ਓਲੰਪਿਕਸ ਖੇਡੇ ਅਤੇ ਅਰਜਨਟਾਈਨਾ ਖਿਲਾਫ 16ਵੇਂ ਸਕਿੰਟ ਵਿੱਚ ਗੋਲ ਕਰਕੇ ਵਿਸ਼ਵ ਦੇ ਸਭ ਤੋਂ ਤੇਜ਼ ਗੋਲ ਕਰਨ ਦਾ ਰਿਕਾਰਡ ਬਣਾਇਆ। ਹਰਮੀਕ ਸਿੰਘ ਨੂੰ ਅਰਜੁਨਾ ਐਵਾਰਡ ਅਤੇ ਅਜੀਤ ਸਿੰਘ ਨੂੰ ਮੇਜਰ ਧਿਆਨ ਚੰਦ ਲਾਈਫ ਟਾਈਮ ਅਚੀਵਮੈਂਟ ਐਵਾਰਡ ਮਿਲੇ। ਤੀਜੀ ਪੀੜ੍ਹੀ ਵਿੱਚ ਖੇਡਾਂ ਦੀ ਵਿਰਾਸਤ ਨੂੰ ਗਗਨ ਅਜੀਤ ਸਿੰਘ ਨੇ ਤੋਰਿਆ। ਹੁਣ ਚੌਥੀ ਪੀੜ੍ਹੀ ਵਿੱਚ ਗਗਨ ਅਜੀਤ ਸਿੰਘ ਦਾ ਬੇਟਾ ਜ਼ੋਰਾਵਰ ਸਿੰਘ ਗੌਲਫ ਖੇਡਦਾ ਹੈ।
ਫਿਰੋਜ਼ਪੁਰ ਵਿਖੇ 9 ਦਸੰਬਰ 1980 ਨੂੰ ਅਜੀਤ ਸਿੰਘ ਦੇ ਘਰ ਮਾਤਾ ਬਲਜਿੰਦਰ ਕੌਰ ਦੀ ਕੁੱਖੋਂ ਜਨਮੇ ਗਗਨ ਅਜੀਤ ਸਿੰਘ ਨੇ ਹਾਕੀ ਦੀ ਸ਼ੁਰੂਆਤ ਸਪਰੋਟਸ ਸਕੂਲ ਜਲੰਧਰ ਤੋਂ ਕੀਤੀ। 1997 ਵਿੱਚ ਗਿਆਰਵੀਂ ਕਲਾਸ ਵਿੱਚ ਪੜ੍ਹਦਿਆਂ ਏਅਰ ਇੰਡੀਆ ਵੱਲੋਂ ਨੈਸ਼ਨਲ ਖੇਡਦਿਆਂ ਉਸ ਨੇ 27 ਗੋਲ ਕਰ ਕੇ ਆਪਣੀਆਂ ਬਾਹਵਾਂ ਦਾ ਜ਼ੋਰ ਦਿਖਾਇਆ। ਇਸੇ ਸਾਲ ਉਹ ਆਪਣੇ ਪਹਿਲੇ ਅੰਤਰਰਾਸ਼ਟਰੀ ਮੈਚ ਵਿੱਚ ਰੂਸ ਵਿਰੁੱਧ ਖੇਡਿਆ। ਅਗਲੇ ਸਾਲ ਮਦਰਾਸ ਹੋਈ ਸੀਨੀਅਰ ਨੈਸ਼ਨਲ ਵਿੱਚ ‘ਪਲੇਅਰ ਆਫ਼ ਦਾ ਟੂਰਨਾਮੈਂਟ’ ਦਾ ਖਿਤਾਬ ਜਿੱਤ ਕੇ ਉਹ ਰਾਸ਼ਟਰੀ ਟੀਮ ਦਾ ਪੱਕਾ ਖਿਡਾਰੀ ਬਣ ਗਿਆ। ਉਸ ਨੇ 1998 ਦੀਆਂ ਰਾਸ਼ਟਰ ਮੰਡਲ ਖੇਡਾਂ ਵਿੱਚ ਖੇਡਦਿਆਂ ਦੱਖਣੀ ਅਫਰੀਕਾ ਵਿਰੁੱਧ ਆਪਣਾ ਪਹਿਲਾ ਅੰਤਰਰਾਸ਼ਟਰੀ ਗੋਲ ਕੀਤਾ। ਫਰਵਰੀ 1998 ਵਿੱਚ ਭਾਰਤ-ਪਾਕਿਸਤਾਨ ਵਿਚਕਾਰ ਹੋਈ ਟੈਸਟ ਲੜੀ ਵਿੱਚ ਗਗਨ ਅਜੀਤ ਸਿੰਘ ਵਿਸ਼ਵ ਹਾਕੀ ਦੇ ਨਕਸ਼ੇ ਉਪਰ ਬਿਹਤਰੀਨ ਫਾਰਵਰਡ ਬਣ ਕੇ ਉਭਰਿਆ। 19 ਸਾਲ ਦੀ ਉਮਰ ਵਿੱਚ ਕਿਸੇ ਖਿਡਾਰੀ ਨੂੰ ਹੋਰ ਕੀ ਵੱਡੀ ਦਾਦ ਹੋਵੇਗੀ ਕਿ ਉਸ ਨੂੰ ਚੈਕ ਕਰਨ ਲਈ ਦੋ ਜਾਂ ਤਿੰਨ ਡਿਫੈਂਡਰ ਖਿਡਾਰੀ ਪੱਕੇ ਉਸ ਕੋਲ ਰਹਿਣ। ਪਾਕਿਸਤਾਨ ਵਿਰੁੱਧ ਟੈਸਟ ਲੜੀ ਵਿੱਚ ਉਸ ਦੀ ਖੇਡ ਨੂੰ ਦੇਖ ਕੇ ਪਾਕਿਸਤਾਨ ਨੇ ਆਪਣੇ ਡਿਫੈਂਸ ਖਿਡਾਰੀਆਂ ਦਾ ਉਸ ਉਪਰ ਪੱਕਾ ਪਹਿਰਾ ਲਗਾ ਦਿੱਤਾ। ਗਗਨ ਅਜੀਤ ਸਿੰਘ ਨੇ ਫੇਰ ਵੀ ਛੇ ਗੋਲ ਕਰਕੇ ਆਪਣੀ ਪ੍ਰਸਿੱਧੀ ਖੱਟੀ। ਦਿੱਲੀ ਟੈਸਟ ਵਿੱਚ ਉਸ ਨੂੰ ‘ਮੈਨ ਆਫ ਦਾ ਮੈਚ’ ਐਵਾਰਡ ਵੀ ਮਿਲਿਆ।
ਗਗਨ ਅਜੀਤ ਸਿੰਘ ਨੇ 2000 ਵਿੱਚ ਸਿਡਨੀ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ। 2001 ਵਿੱਚ ਆਪਣੇ ਪਹਿਲੇ ਹੀ ਜੂਨੀਅਰ ਵਿਸ਼ਵ ਕੱਪ ਵਿੱਚ ਕਪਤਾਨੀ ਕਰਦਿਆਂ ਉਸ ਨੇ ਭਾਰਤ ਨੂੰ ਆਪਣਾ ਪਲੇਠਾ ਵਿਸ਼ਵ ਕੱਪ ਜਿਤਾਇਆ। ਜੂਨੀਅਰ ਵਿਸ਼ਵ ਕੱਪ ਵਿੱਚ ਇਹ ਭਾਰਤ ਦਾ ਪਹਿਲਾ ਖਿਤਾਬ ਸੀ। ਇਸ ਟੀਮ ਵਿੱਚ ਕਪਤਾਨ ਗਗਨ ਸਮੇਤ 9 ਖਿਡਾਰੀ ਪੰਜਾਬ ਦੇ ਸਨ। ਕੋਚਿੰਗ ਦੀ ਕਮਾਨ ਵੀ ਰਾਜਿੰਦਰ ਸਿੰਘ ਸੀਨੀਅਰ ਤੇ ਨਰਿੰਦਰ ਸਿੰਘ ਸੋਢੀ ਕੋਲ ਸੀ। 2002 ਵਿੱਚ ਬੁਸਾਨ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ। ਸੈਮੀ ਫ਼ਾਈਨਲ ਵਿੱਚ ਪਾਕਿਸਤਾਨ ਖਿਲਾਫ ਕੀਤਾ ਗੋਲ ਯਾਦਗਾਰੀ ਰਿਹਾ। ਹਵਾ ਵਿੱਚ ਜਾਂਦੀ ਬਾਲ ਨੂੰ ਟੱਚ ਕਰ ਕੇ ਕੀਤਾ ਇਹ ਗੋਲ ਆਮ ਤੌਰ ਉਤੇ ਫੁੱਟਬਾਲ ਖੇਡ ਵਿੱਚ ਜ਼ਿਆਦਾ ਦੇਖਦੇ ਹਾਂ। 2003 ਵਿੱਚ ਗਗਨ ਅਜੀਤ ਸਿੰਘ ਉਸ ਭਾਰਤੀ ਟੀਮ ਦਾ ਅਹਿਮ ਸਟਰਾਈਕਰ ਸੀ, ਜਿਸ ਨੇ ਵੱਡੀਆਂ ਜਿੱਤਾਂ ਦਰਜ ਕੀਤੀਆਂ। ਕੁਆਲਾ ਲੰਪੁਰ ਵਿਖੇ ਏਸ਼ੀਆ ਕੱਪ ਅਤੇ ਹੈਦਰਾਬਾਦ ਵਿਖੇ ਹੋਈਆਂ ਪਹਿਲੀਆਂ ਐਫਰੋ ਏਸ਼ੀਅਨ ਖੇਡਾਂ ਵਿੱਚ ਸੋਨ ਤਮਗ਼ਾ ਜਿੱਤਿਆ। ਆਸਟਰੇਲੀਆ ਤੇ ਜਰਮਨੀ ਵਿਖੇ ਹੋਏ ਚਾਰ ਦੇਸ਼ੀ ਟੂਰਨਾਮੈਂਟ ਜਿੱਤੇ। ਹੈਮਬਰਗ ਵਿੱਚ ਹੋਏ ਚਾਰ ਦੇਸ਼ੀ ਟੂਰਨਾਮੈਂਟ ਵਿੱਚ ਗਗਨ ਅਜੀਤ ਸਿੰਘ ਸਰਵੋਤਮ ਖਿਡਾਰੀ ਚੁਣਿਆ ਗਿਆ। ਚੈਂਪੀਅਨਜ਼ ਟਰਾਫੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਾਕਿਸਤਾਨ ਖਿਲਾਫ 7-4 ਦੀ ਵੱਡੀ ਜਿੱਤ ਦਰਜ ਕੀਤੀ। ਕੈਨੇਡਾ ਤੇ ਨਿਊਜੀਲੈਂਡ ਟੂਰਾਂ ਉਤੇ ਉਸ ਨੇ ਦੋਹਰੀਆਂ ਹੈਟ ਟਰਿੱਕਾਂ ਲਗਾਈਆਂ। 2004 ਦੀਆਂ ਏਥਨਜ਼ ਓਲੰਪਿਕ ਖੇਡਾਂ ਵਿੱਚ ਗਗਨ ਅਜੀਤ ਸਿੰਘ ਨੇ ਸੱਤ ਗੋਲ ਕੀਤੇ। ਫਾਰਵਰਡ ਲਾਈਨ ਵਿੱਚ ਗਗਨ ਅਜੀਤ ਸਿੰਘ, ਦੀਪਕ ਠਾਕੁਰ ਤੇ ਪ੍ਰਭਜੋਤ ਸਿੰਘ ਦੀ ਤਿੱਕੜੀ ਪੂਰੇ ਸ਼ਬਾਬ ਉਤੇ ਹੁੰਦੀ ਸੀ। ਉਨ੍ਹਾਂ ਦਾ ਸਾਥ ਦੋ ਸੀਨੀਅਰ ਖਿਡਾਰੀ- ਧਨਰਾਜ ਪਿੱਲੈ ਤੇ ਬਲਜੀਤ ਸਿੰਘ ਢਿੱਲੋਂ ਦਿੰਦੇ ਸਨ।
ਗਗਨ ਅਜੀਤ ਸਿੰਘ ਭਾਰਤੀ ਸਟਰਾਈਕ ਲਾਈਨ ਦੀ ਰੀੜ੍ਹ ਦੀ ਹੱਡੀ ਸੀ। ਪਾਕਿਸਤਾਨ ਵਿਰੁੱਧ ਟੈਸਟ ਲੜੀ ਅਤੇ ਚੈਂਪੀਅਨਜ਼ ਟਰਾਫੀ ਵਿੱਚ ਗਗਨ ਅਜੀਤ ਸਿੰਘ ਤੋਂ ਬਿਨਾ ਖੇਡੀ ਭਾਰਤੀ ਟੀਮ ਮੂੰਧੇ ਮੂੰਹ ਜਾ ਡਿੱਗੀ। ਗਗਨ ਅਜੀਤ ਸਿੰਘ ਨੇ ਘਰੇਲੂ ਹਾਕੀ ਵਿੱਚ ਗੁਰਮੀਤ ਮੈਮੋਰੀਅਲ ਟੂਰਨਾਮੈਂਟ ਅਤੇ ਨਹਿਰੂ ਹਾਕੀ ਕੱਪ ਵਿੱਚ ਆਪਣੀ ਘਰੇਲੂ ਟੀਮ ਪੰਜਾਬ ਪੁਲਿਸ ਨੂੰ ਚੈਂਪੀਅਨ ਬਣਾ ਕੇ ਦੱਸਿਆ ਕਿ ਟੀਮ ਵਿੱਚ ਉਸ ਦੀ ਹੋਰ ਕਿੰਨੀ ਲੋੜ ਹੈ। ਇਸ ਤੋਂ ਇਲਾਵਾ ਉਸ ਨੇ ਪਹਿਲੀਆਂ ਹਿੰਦ-ਪਾਕਿ ਪੰਜਾਬ ਖੇਡਾਂ ਵਿੱਚ ਸੋਨ ਤਮਗ਼ਾ ਜਿੱਤਿਆ। ਹਾਕੀ ਖੇਡ ਦੀ ਪਲੇਠੀ ਲੀਗ ਪ੍ਰੀਮੀਅਰ ਹਾਕੀ ਲੀਗ ਵਿੱਚ ਉਹ ਸ਼ੇਰ-ਏ-ਜਲੰਧਰ ਦਾ ਕਪਤਾਨ ਬਣਿਆ। ਗਗਨ ਅਜੀਤ ਸਿੰਘ ਨੇ 2006 ਵਿੱਚ ਚੇਨੱਈ ਵਿਖੇ ਹੋਈ ਚੈਂਪੀਅਨਜ਼ ਟਰਾਫੀ ਵਿੱਚ ਭਾਰਤੀ ਟੀਮ ਦੀ ਕਪਤਾਨੀ ਕੀਤੀ।
ਸਰਗਰਮ ਹਾਕੀ ਤੋਂ ਬਾਅਦ ਗਗਨ ਅਜੀਤ ਸਿੰਘ ਨੇ ਪੰਜਾਬ ਪੁਲਿਸ ਵਿੱਚ ਵੱਖ-ਵੱਖ ਅਹੁਦਿਆਂ ਉਤੇ ਸੇਵਾਵਾਂ ਨਿਭਾਈਆਂ। ਮੌਜੂਦਾ ਸਮੇਂ ਉਹ ਮਾਲੇਰਕੋਟਲਾ ਦਾ ਐਸ.ਐਸ.ਪੀ. ਹੈ।