ਭਾਰਤ-ਪਾਕਿਸਤਾਨ ਵਿਚਾਲੇ ਚੱਲਦੇ ਤਣਾਅ ਦਰਮਿਆਨ ਦਿਲਜੀਤ ਦੋਸਾਂਝ ਦੀ ਪੰਜਾਬੀ ਫਿਲਮ ‘ਸਰਦਾਰ ਜੀ-3’ ਨੂੰ ਲੈ ਕੇ ਵਿਵਾਦ ਬਣ ਗਏ ਹਨ। ਇਹ ਫਿਲਮ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਦੀ ਕਾਸਟਿੰਗ ਨੂੰ ਲੈ ਕੇ ਹੋਏ ਵਿਵਾਦ ਕਾਰਨ ਭਾਰਤ ਵਿੱਚ ਰਿਲੀਜ਼ ਨਹੀਂ ਹੋ ਰਹੀ ਹੈ, ਪਰ ਵੱਖ-ਵੱਖ ਪਾਕਿਸਤਾਨੀ ਸੈਂਸਰ ਬੋਰਡਾਂ- ਸਿੰਧ, ਪੰਜਾਬ ਅਤੇ ਸੰਘੀ ਰਾਜਧਾਨੀ ਨੇ ਰਿਲੀਜ਼ ਲਈ ਹਰੀ ਝੰਡੀ ਦੇ ਦਿੱਤੀ ਹੈ। ਫਿਲਮ ਨੂੰ ਸਕ੍ਰੀਨਿੰਗ ਲਈ ਇਹ ਆਖਦਿਆਂ ਮਨਜ਼ੂਰੀ ਦੇ ਦਿੱਤੀ ਗਈ ਹੈ ਕਿ ਇਹ ਇੱਕ ਪੰਜਾਬੀ ਅੰਤਰਰਾਸ਼ਟਰੀ ਫਿਲਮ ਹੈ। ਫਿਲਮ ਸਬੰਧੀ ਪੈਦਾ ਹੋਏ ਵਿਵਾਦ ਜਾਂ ਦਿਲਜੀਤ ਦੋਸਾਂਝ ਦਾ ਵਿਰੋਧ ਕੀਤੇ ਜਾਣ ਸਬੰਧੀ ਨਾਮੀ ਖੇਡ ਲੇਖਕ ਨੇ ਆਪਣੇ ਵਿਚਾਰ ਇਉਂ ਪੇਸ਼ ਕੀਤੇ ਹਨ…
ਨਵਦੀਪ ਸਿੰਘ ਗਿੱਲ
ਕਿਸ ਨੇ ਸੋਚਿਆ ਸੀ ਕਿ ਦੋ ਦਹਾਕੇ ਪਹਿਲਾਂ ‘ਆ ਗਏ ਪੱਗਾਂ ਪੋਚਵੀਆਂ ਵਾਲੇ’ ਗੀਤ ਗਾਉਣ ਵਾਲਾ ਆਉਣ ਵਾਲੇ ਸਮੇਂ ਵਿੱਚ ਗਾਇਕੀ ਦੇ ਖੇਤਰ ਵਿੱਚ ਇੰਨਾ ਛਾ ਜਾਵੇਗਾ ਕਿ ਉਹ ਪੱਗ ਦਾ ਬਰਾਂਡ ਬਣ ਜਾਵੇਗਾ। ਦਿਲਜੀਤ ਦੋਸਾਂਝ ਅੱਜ ਗਲੋਬਲੀ ਸਟਾਰ ਹੈ, ਜਿਸ ਦੇ ਪਿਛਲੇ ਸਾਲ ਲੂਮੀਨਾਟੀ ਟੂਰਾਂ ਦੀ ਮਕਬੂਲੀਅਤ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। 18 ਸਤੰਬਰ 1993 ਨੂੰ ਕੁਲਦੀਪ ਮਾਣਕ ਦੇ ਜਲਾਲ ਪਿੰਡ ਦੇ ਸ਼ੋਅ ਅਤੇ ਨੱਬੇ ਦੇ ਦਹਾਕੇ ਵਿੱਚ ਜੋ ਪ੍ਰੋ. ਮੋਹਨ ਸਿੰਘ ਮੇਲੇ ਵਿੱਚ ਦਰਸ਼ਕਾਂ ਦਾ ਉਤਸ਼ਾਹ ਵੇਖਣ ਨੂੰ ਮਿਲਦਾ ਸੀ, ਦਿਲਜੀਤ ਦੋਸਾਂਝ ਦੇ ਲੂਮੀਨਾਟੀ ਟੂਰਾਂ ਦੌਰਾਨ ਉਹੀ ਵੇਖਣ ਨੂੰ ਮਿਲਿਆ, ਚਾਹੇ ਉਹ ਦੇਸ਼ ਦਾ ਪੂਰਬੀ ਹਿੱਸਾ, ਚਾਹੇ ਪੱਛਮੀ ਜਾਂ ਫੇਰ ਮੱਧ ਭਾਰਤ, ਪੰਜਾਬ ਵਿੱਚ ਤਾਂ ਉਸ ਨੂੰ ਖੜ੍ਹੇ ਪੈਰ ਦੂਜਾ ਸ਼ੋਅ ਸਾਲ ਦੇ ਅਖਰੀਲੇ ਦਿਨ ਲੁਧਿਆਣੇ ਰੱਖਣਾ ਪਿਆ, ਜੋ ਉਸ ਦੀ ਕਰਮ ਭੂਮੀ ਵੀ ਹੈ।
ਦਿਲਜੀਤ ਨੇ ਜਿੱਥੇ ਪੱਗ ਨੂੰ ਮਨੋਰੰਜਨ ਜਗਤ ਵਿੱਚ ਹੋਰ ਵੱਡਾ ਦਰਜਾ ਦਿਵਾਇਆ, ਉੱਥੇ ਉਸ ਨੇ ਪੰਜਾਬੀਅਤ ਦਾ ਝੰਡਾ ਅਜਿਹਾ ਬੁਲੰਦ ਕੀਤਾ ਕਿ ਹੁਣ ਉਸ ਦੇ ਕਹੇ ਬੋਲ ‘ਪੰਜਾਬੀ ਆ ਗਏ’ ਜਨਤਕ ਨਾਅਰਾ ਬਣ ਚੁਕਾ ਹੈ। ਪੂਰੀ ਆਈ.ਪੀ.ਐਲ. ਵਿੱਚ ਕਿੰਗਜ਼ ਪੰਜਾਬ ਟੀਮ ਦੀ ਜਿੱਤ ਮੌਕੇ ਇਹੋ ਨਾਅਰਾ ਗੂੰਜਦਾ ਰਿਹਾ।
ਦਿਲਜੀਤ ਵੀ ਬਹੁਤੇ ਸਮਰੱਥ ਗਾਇਕਾਂ ਵਾਂਗ ਧਾਰਮਿਕ ਗਾਇਕ ਦੇ ਪਿਛੋਕੜ ਤੋਂ ਆਇਆ। ਉਸ ਦੇ ਸ਼ੁਰੂਆਤੀ ਸੰਘਰਸ਼ ਅਤੇ ਮਿਹਨਤ ਬਾਰੇ ਸ਼ਮਸ਼ੇਰ ਸੰਧੂ, ਮਾਸਟਰ ਜੋਗਾ ਸਿੰਘ ਤੇ ਰਵਿੰਦਰ ਰੰਗੂਵਾਲ ਦੇ ਮੂੰਹੋਂ ਬਹੁਤ ਕਿੱਸੇ ਸੁਣੇ ਹਨ। ਜਿਸ ਦੌਰ ਵਿੱਚ ਉਸ ਨੇ ਗਾਉਣਾ ਸ਼ੁਰੂ ਕੀਤਾ ਤਾਂ ਉਦੋਂ ਮਲਕੀਤ, ਸੁਰਜੀਤ ਬਿੰਦਰਖੀਆ ਤੇ ਪੰਮੀ ਬਾਈ ਨੂੰ ਛੱਡ ਕੇ ਸਾਰੇ ਮਕਬੂਲ ਗਾਇਕ ਬਿਨਾ ਪੱਗ ਵਾਲੇ ਸਨ, ਜਿਨ੍ਹਾਂ ਵਿੱਚ ਗੁਰਦਾਸ ਮਾਨ, ਹੰਸ ਰਾਜ ਹੰਸ, ਹਰਭਜਨ ਮਾਨ, ਜੈਜ਼ੀ ਬੀ, ਸਰਦੂਲ ਸਿਕੰਦਰ, ਮਨਮੋਹਨ ਵਾਰਿਸ, ਬੱਬੂ ਮਾਨ ਆਦਿ ਸ਼ਾਮਲ ਹਨ। ਉਦੋਂ ਦਿਲਜੀਤ ਸਮੇਤ ਰਵਿੰਦਰ ਗਰੇਵਾਲ, ਸੁਖਵਿੰਦਰ ਸੁੱਖੀ, ਗੁਰਕ੍ਰਿਪਾਲ ਸੂਰਾਪੁਰੀ, ਜੱਸੀ ਸੋਹਲ ਆਦਿ ਗਾਇਕ ਪੱਗ ਦੇ ਨਾਲ ਆਏ ਸਨ ਤੇ ਸਥਾਪਤੀ ਲਈ ਸੰਘਰਸ਼ ਕਰ ਰਹੇ ਸਨ।
ਇੱਕ ਵਾਕਿਆ ਦਾ ਮੈਂ ਨਾ ਸਿਰਫ ਅੱਖੀ ਡਿੱਠਾ ਗਵਾਹ ਹਾਂ, ਬਲਕਿ ਮੇਰੇ ਨਾਲ ਸਬੰਧਤ ਹੈ ਕਿ ਦਿਲਜੀਤ ਕਿਸ ਸੰਘਰਸ਼ ਦੇ ਦੌਰ ਵਿੱਚੋਂ ਗੁਜ਼ਰਿਆ। ਘੱਲ ਸਾਲ 2007 ਦੇ ਅਖੀਰ ਜਾਂ 2008 ਦੇ ਸ਼ੁਰੂ ਦੀ ਹੈ, ਪ੍ਰਸਿੱਧ ਗੀਤਕਾਰ ਅਤੇ ਸਾਡੇ ਪੰਜਾਬੀ ਟ੍ਰਿਬਿਊਨ ਅਖ਼ਬਾਰ ਦੇ ਸੀਨੀਅਰ ਸਾਥੀ ਪੱਤਰਕਾਰ ਸ਼ਮਸ਼ੇਰ ਸੰਧੂ ਦੇ ਬੇਟੇ ਡਾ. ਗਗਨ ਦਾ ਵਿਆਹ ਸੀ ਤੇ ਵਿਆਹ ਦੀ ਪਾਰਟੀ ਏ.ਕੇ.ਐਮ. ਜ਼ੀਰਕਪੁਰ ਵਿਖੇ ਰੱਖੀ ਸੀ। ਉਦੋਂ ਸਟੇਜ ਉੱਪਰ ਸਾਊਂਡ ਤੇ ਸਾਜ਼ਿੰਦੇ ਬੱਬੂ ਮਾਨ ਦੇ ਸਨ ਅਤੇ ਸਟੇਜ ਉੱਪਰ ਗੁਰਦਾਸ ਮਾਨ, ਬੱਬੂ ਮਾਨ, ਪੰਮੀ ਬਾਈ, ਹਰਦੀਪ ਹੁਰਾਂ ਨੇ ਅਖਾੜਾ ਸਜਾਇਆ ਹੋਇਆ ਸੀ। ਬਿੰਦਰਖੀਏ ਦਾ ਬੇਟਾ ਗੀਤਾਜ ਵੀ ਸਟੇਜ ਉੱਪਰ ਸੀ, ਜਿਸ ਨੂੰ ਉਸੇ ਦਿਨ ਲਾਂਚ ਕਰਕੇ ਸ਼ਮਸ਼ੇਰ ਸੰਧੂ ਦੇ ਆਖੇ ਬੋਲ ਪੁਗਾਏ ਸਨ (ਭਤੀਜੇ ਵਿੱਚੋਂ ਯਾਰ ਨੂੰ ਬੁਲਾਵਾਂਗੇ)। ਗੁਰਦਾਸ ਮਾਨ ਨੇ ਆਪਣੀ ਰਵਾਇਤ ਅਨੁਸਾਰ ਗਾਉਂਦਿਆਂ ਵਿਆਹ ਵਾਲੀ ਜੋੜੀ ਨੂੰ ‘ਤੇਰੀ ਜੋੜੀ ਜੀਵੇ, ਤੇਰੀ ਘੋੜੀ ਜੀਵੇ’ ਗਾ ਕੇ ਸਟੇਜ ਉੱਪਰ ਬੁਲਾ ਲਿਆ, ਜਿਸ ਨਾਲ ਸਟੇਜ ਉੱਪਰ ਇਕਦਮ ਭੀੜ ਵਧ ਗਈ। ਉੱਪਰੋਂ ਅਸੀਂ ਸੰਧੂ ਸਾਹਿਬ ਦੀ ਮਿੱਤਰ ਮੰਡਲੀ ਵਾਲੇ ਵੀ ਸਟੇਜ ਉੱਪਰ ਵੱਡੀ ਗਿਣਤੀ ਵਿੱਚ ਸੀ, ਜਿਨ੍ਹਾਂ ਵਿੱਚ ਕਾਕਾ ਭਾਜੀ, ਜੀਤੀ ਹੁਰੀਂ ਆਦਿ ਸ਼ਾਮਲ ਸਨ। ਉਸ ਵੇਲੇ ਸੰਧੂ ਸਾਹਿਬ ਨੇ ਸਾਨੂੰ ਆਖਿਆ ਕਿ ਹੁਣ ਧਿਆਨ ਰੱਖਿਓ ਕਿ ਸਟੇਜ ਉੱਪਰ ਹੋਰ ਭੀੜ ਨਾ ਹੋ ਜਾਵੇ, ਕਿਤੇ ਸਟੇਜ ਧੜੱਮ ਡਿੱਗ ਪਏ, ਇਸ ਲਈ ਥੱਲਿਓਂ ਹੋਰ ਐਂਟਰੀ ਬੰਦ ਕਰ ਦੇਵੋ। ਮੈਂ ਤੇ ਰਣਦੀਪ (ਪੰਨੂੰ) ਪੌੜੀਆਂ ਕੋਲ ਖੜ੍ਹ ਗਏ। ਮੇਰਾ ਦੋਸਤ ਅਜੀਤਪਾਲ ਚਹਿਲ ਵੀ ਮੇਰੇ ਨਾਲ ਸੀ। ਉਸ ਵੇਲੇ ਪੌੜੀਆਂ ਕੋਲ ਜਿਨ੍ਹਾਂ ਨੂੰ ਅਸੀਂ ਉੱਪਰ ਆਉਣ ਤੋਂ ਰੋਕਿਆ, ਉਨ੍ਹਾਂ ਵਿੱਚ ਇੱਕ ਦਿਲਜੀਤ ਦੋਸਾਂਝ ਵੀ ਸੀ।
ਆਰਟਿਸਟਾਂ ਦੇ ਘਰੇਲੂ ਅਤੇ ਵਿਆਹ ਸਮਾਗਮਾਂ ਵਿੱਚ ਇਹ ਆਮ ਵਰਤਾਰਾ ਹੈ, ਜਦੋਂ ਵੱਡੇ ਕਲਾਕਾਰ ਸਟੇਜ ਉੱਪਰ ਹੋਣ ਤਾਂ ਨਵੇਂ ਕਲਾਕਾਰਾਂ ਨੂੰ ਮੌਕਾ ਘੱਟ ਮਿਲਦਾ। ਜਿਵੇਂ 1995 ਵਿੱਚ ਧਵਨ ਪੈਲੇਸ ਮੋਗਾ ਵਿਖੇ ਹਰਭਜਨ ਮਾਨ ਦੇ ਭਰਾ ਗੁਰਸੇਵਕ ਮਾਨ ਦੇ ਵਿਆਹ ਮੌਕੇ ਹੰਸ ਰਾਜ ਹੰਸ, ਸਰਦੂਲ ਸਿਕੰਦਰ, ਪੰਮੀ ਬਾਈ ਦੀ ਹਾਜ਼ਰੀ ਕਰਕੇ ਜਸਵੀਰ ਜੱਸੀ ਨੂੰ ਗਾਉਣ ਲਈ ਸਮਾਂ ਹੀ ਨਹੀਂ ਮਿਲਿਆ, ਜਦੋਂਕਿ ਉਸ ਤੋਂ ਕੁਝ ਦਿਨਾਂ ਬਾਅਦ ‘ਦਿਲ ਲੈ ਗਈ ਕੁੜੀ ਗੁਜਰਾਤ ਦੀ’ ਨਾਲ ਜੱਸੀ ਦੀ ਮੰਗ ਪੂਰੇ ਭਾਰਤ ਵਿੱਚ ਸੀ।
ਗੱਲ ਮੁੜ ਕਰਦੇ ਹਾਂ ਦਿਲਜੀਤ ਦੀ, ਰੰਗੂਵਾਲ ਵੱਲੋਂ ਕਹਿਣ ਉਤੇ ਹੀ ਦਿਲਜੀਤ ਨੂੰ ਪਹਿਲੀ ਵਾਰ ਫ਼ਾਈਨਟੋਨ ਵਾਲੇ ਰਾਜਿੰਦਰ ਸਿੰਘ ਨੇ ਮੌਕਾ ਦਿੱਤਾ ਸੀ। ਉਸ ਤੋਂ ਬਾਅਦ ਗੁੱਡੂ ਧਨੋਆ ਨੇ ਪਹਿਲੀ ਫਿਲਮ ਦਿੱਤੀ। ‘ਇਸ਼ਕ ਦਾ ਊੜਾ ਐੜਾ’, ‘ਦਿਲ ਨੂੰ ਤੇਰੇ ਨਾਲ ਕਿੰਨਾ ਕੁ ਪਿਆਰ’, ‘ਆ ਗਏ ਪੱਗਾਂ ਪੋਚਵੀਆਂ ਵਾਲੇ’ ਆਦਿ ਗੀਤਾਂ ਤੋਂ ਲੈ ਕੇ ‘ਜੱਟ ਪੈਦਾ ਹੋਇਆ ਛਾਉਣ ਵਾਸਤੇ’, ‘ਜੱਟ ਦਾ ਪਿਆਰ ਗੋਰੀਏ’ ਤੱਕ ਪੁੱਜਦਿਆਂ ਦਿਲਜੀਤ ਨੇ ਹਿੱਟ ਗਾਣਿਆਂ ਅਤੇ ਉਸ ਦੀ ਮਕਬੂਲੀਅਤ ਨੇ ਸਭ ਸਿਖਰਾਂ ਛੂਹ ਲਈਆਂ। ਉਸ ਦੇ ਹਿੱਟ ਗੀਤਾਂ ਵਿੱਚ ‘ਵੀਰਵਾਰ ਦਿਨ’, ‘ਪੌਪਲਿਨ’, ‘ਪਟਿਆਲਾ ਪੈੱਗ’, ‘ਰਾਤ ਦੀ ਗੇੜੀ’, ‘ਪੰਜ ਤਾਰਾ’, ‘ਤੈਨੂੰ ਕਿੰਨਾ ਪਿਆਰ ਕਰਦਾ’, ‘ਲੈਂਬਰਗਿਨੀ’ ਆਦਿ ਸੂਚੀ ਬਹੁਤ ਲੰਬੀ ਹੈ।
ਸਫਲਤਾ ਦੇ ਇਸ ਰਾਹ ਵਿੱਚ ਉਸ ਨੇ ‘ਆਰ ਨਾਨਕ ਪਾਰ ਨਾਨਕ’, ‘ਗੋਬਿੰਦ ਦੇ ਲਾਲ ਸੂਬਿਆ ਸਮਝੀਂ ਨਾ ਡਰ ਜਾਣਗੇ’, ‘ਧੰਨ ਧੰਨ ਬਾਬਾ’, ‘ਨੂਰ ਨਾਨਕ’, ‘ਬਾਬਾ ਮੱਝੀਆਂ ਚਰਾਉਂਦਾ ਦਿਸਦਾ ਐ’, ‘ਨਾਨਕੀ ਦਾ ਵੀਰ’ ਆਦਿ ਮਕਬੂਲ ਧਾਰਮਿਕ ਗੀਤਾਂ ਵੀ ਗਾਏ।
ਦਿਲਜੀਤ ਨੇ ਜਦੋਂ ‘ਲੱਕ 28’ ਗਾਇਆ ਸੀ ਤਾਂ ਮੇਰੇ ਯਾਦ ਹੈ ਕਿ ਉਹ ਲੁਧਿਆਣੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪ੍ਰੋ. ਗੁਰਭਜਨ ਗਿੱਲ ਕੋਲ ਇਸ ਗਾਣੇ ਨੂੰ ਗਾਉਣ ਲਈ ਉਨ੍ਹਾਂ ਕੋਲੋਂ ਮੁਆਫੀ ਵੀ ਮੰਗ ਕੇ ਆਇਆ ਸੀ ਅਤੇ ਉਸ ਤੋਂ ਬਾਅਦ ਮੇਰੇ ਖ਼ਿਆਲ ਵਿੱਚ ਉਸ ਨੇ ਇਹ ਗੀਤ ਕਦੇ ਗਾਇਆ ਵੀ ਨਹੀਂ।
ਫ਼ਿਲਮੀ ਸਫ਼ਰ ਦੀ ਗੱਲ ਕਰੀਏ ਤਾਂ ‘ਮੇਲ ਕਰਾਦੇ ਰੱਬਾ’ ਤੋਂ ਲੈ ਕੇ ਕਈ ਹਿੱਟ ਫ਼ਿਲਮਾਂ ਦਿੱਤੀਆਂ। ਪੰਜਾਬੀ ਵਿੱਚ ‘ਜੱਟ ਜੂਲੀਅਟ’ ਜਿਹੀ ਕਾਮੇਡੀ, ‘ਪੰਜਾਬ 1984’ ਜਿਹੀ ਸੰਵੇਦਨਸ਼ੀਲ ਫਿਲਮ, ਵੱਖਰੇ ਵਿਸ਼ੇ ਵਾਲੀ ‘ਸੱਜਣ ਸਿੰਘ ਰੰਗਰੂਟ’ ਅਤੇ ਅਮਰ ਸਿੰਘ ਚਮਕੀਲਾ ਦੇ ਜੀਵਨ ਬਾਰੇ ਪੰਜਾਬੀ ਵਿੱਚ ‘ਜੋੜੀ’ ਤੇ ਹਿੰਦੀ ਵਿੱਚ ‘ਅਮਰ ਸਿੰਘ ਚਮਕੀਲਾ’ ਹਿੱਟ ਫ਼ਿਲਮਾਂ ਦਿੱਤੀਆਂ। ਹਿੰਦੀ ਫਿਲਮਾਂ ਵਿੱਚ ਹਾਕੀ ਓਲੰਪੀਅਨ ਸੰਦੀਪ ਸਿੰਘ ਉੱਪਰ ਬਣੀ ‘ਸੂਰਮਾ’ ਰਾਹੀਂ ਵੀ ਦਿਲਜੀਤ ਨੇ ਆਪਣਾ ਲੋਹਾ ਮੰਨਵਾਇਆ। ਮਨੁੱਖੀ ਅਧਿਕਾਰਾਂ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਉੱਪਰ ਬਣੀ ਹਿੰਦੀ ਫਿਲਮ ‘ਪੰਜਾਬ 95’ ਦੀ ਹਾਲੇ ਉਡੀਕ ਹੈ। ਇਸ ਦੌਰਾਨ ਉਹ ਆਪਣੀ ਨਵੀਂ ਫਿਲਮ ‘ਸਰਦਾਰ ਜੀ-3’ ਲਈ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਕਾਰਨ ਆਲੋਚਨਾਵਾਂ ਵਿੱਚ ਘਿਰ ਗਿਆ।
ਹੁਣ ਅਸਲ ਮੁੱਦੇ ਦੀ ਗੱਲ ਕਰਦੇ ਹਾਂ। ਸਾਡੇ ਮੁਲਕ ਵਿੱਚ ਅਸਹਿਣਸ਼ੀਲਤਾ ਕਹਿ ਲਵੋ ਜਾਂ ਸੌੜੀ ਸੋਚ ਜਾਂ ਫੇਰ ਦੋਗਲੇ ਕਿਰਦਾਰ- ਕੁਝ ਮਹੀਨੇ ਪਹਿਲਾਂ ਜਿਸ ਦਿਲਜੀਤ ਦੇ ਸ਼ੋਅ ਨੂੰ ਦੇਖਣ ਲਈ ਮਾਰਾ-ਮਾਰੀ ਹੋ ਰਹੀ ਸੀ, ਟਿਕਟਾਂ ਬਲੈਕ ਹੋ ਰਹੀਆਂ ਸਨ, ਪਾਸਾਂ ਲਈ ਵੱਡੀਆਂ ਸਿਫਾਰਸ਼ਾਂ ਹੋ ਰਹੀਆਂ ਸਨ, ਅੱਜ ਨਾ ਸਿਰਫ ਉਸ ਦੀ ਫ਼ਿਲਮ ਦੇ ਬਾਈਕਾਟ ਦੀ ਗੱਲ ਚੱਲੀ, ਸਗੋਂ ਉਸ ਦੀ ਭਾਰਤੀ ਨਾਗਰਿਕਤਾ ਰੱਦ ਕਰਨ ਦੀ ਵੀ ਮੰਗ ਉੱਠ ਗਈ। ਪਾਕਿਸਤਾਨੀ ਅਦਾਕਾਰਾ ਕਰਕੇ ਹੁਣ ਦਿਲਜੀਤ ਨਿਸ਼ਾਨੇ ਉੱਤੇ ਹੈ। ਕੁਝ ਦਿਨ ਪਹਿਲਾਂ ਸਾਡਾ ਓਲੰਪਿਕਸ ਤੇ ਵਿਸ਼ਵ ਚੈਂਪੀਅਨ ਜੈਵਲਿਨ ਥਰੋਅਰ ਨੀਰਜ ਚੋਪੜਾ ਵੀ ਇਸ ਗੱਲ ਕਰਕੇ ਨਿਸ਼ਾਨੇ ਉੱਤੇ ਆ ਗਿਆ ਸੀ ਕਿ ਉਸ ਨੇ ਪਾਕਿਸਤਾਨੀ ਅਥਲੀਟ ਅਰਸ਼ਦ ਨਦੀਮ ਨੂੰ ਖੇਡਣ ਲਈ ਸੱਦਾ ਪੱਤਰ ਦਿੱਤਾ। ਹਾਲਾਂਕਿ ਇਹ ਦੋਵੇਂ ਮਾਮਲਿਆਂ ਵਿੱਚ ਪਹਿਲਗਾਮ ਵਿਖੇ ਵਾਪਰੇ ਮੰਦਭਾਗੇ ਤੇ ਦੁਖਦਾਈ ਅਤਿਵਾਦੀ ਹਮਲੇ ਤੋਂ ਪਹਿਲਾਂ ਫਿਲਮ ਦੀ ਸ਼ੂਟਿੰਗ ਹੋਈ ਸੀ ਅਤੇ ਨਦੀਮ ਨੂੰ ਸੱਦਾ ਪੱਤਰ ਵੀ ਪਹਿਲਾਂ ਦਿੱਤਾ ਗਿਆ ਸੀ।
ਵੈਸੇ ਵੀ ਸਾਨੂੰ ਖੇਡਾਂ, ਕਲਾ, ਸਾਹਿਤ ਨੂੰ ਹਮੇਸ਼ਾ ਰਾਜਨੀਤੀ ਤੋਂ ਵੱਖ ਕਰਕੇ ਦੇਖਣਾ ਚਾਹੀਦਾ ਹੈ। ਦੁੱਖ ਤਾਂ ਇਸ ਗੱਲ ਦਾ ਹੈ, ਜਦੋਂ ਇਸ ਫ਼ੀਲਡ ਦੇ ਲੋਕ ਵੀ ਆਪਣਿਆਂ ਖ਼ਿਲਾਫ਼ ਬੋਲਣ ਲੱਗ ਜਾਂਦੇ ਹਨ- ਜਿਵੇਂ ਹੁਣ ਦਿਲਜੀਤ ਨਾਲ ਹੋ ਰਿਹਾ ਹੈ ਤੇ ਪਹਿਲਾਂ ਨੀਰਜ ਨਾਲ ਹੋਇਆ ਸੀ। ਇੱਕੋ ਝਟਕੇ ਨਾਲ ਉਨ੍ਹਾਂ ਦੀ ਦੇਣ ਭੁਲਾ ਦਿੱਤੀ ਜਾਂਦੀ ਹੈ। ਨੀਰਜ ਸਾਡੇ ਤਿਰੰਗੇ ਦੀ ਸ਼ਾਨ ਹੈ, ਜਿਸ ਬਦੌਲਤ ਓਲੰਪਿਕਸ ਦੀ ਫਿਜ਼ਾ ਵਿੱਚ ਜਨ ਗਣ ਮਨ ਗੂੰਜਿਆ। ਦਿਲਜੀਤ ਨੇ ਪੰਜਾਬ ਪੰਜਾਬੀਅਤ ਦਾ ਝੰਡਾ ਬੁਲੰਦ ਕੀਤਾ ਹੈ।
ਪਿਛਲੇ ਸਾਲ ਮੈਨੂੰ ਕਈ ਦੋਸਤਾਂ ਨੇ ਪੁੱਛਿਆ ਕਿ ਤੂੰ ਦਿਲਜੀਤ ਦਾ ਚੰਡੀਗੜ੍ਹ ਸ਼ੋਅ ਨਹੀਂ ਦੇਖਣ ਜਾ ਰਿਹਾ? ਦਿਲਜੀਤ ਮੈਨੂੰ ਸੁਣਨਾ ਵਧੀਆ ਲੱਗਦਾ ਹੈ, ਪਰ ਅਖਾੜਾ ਗਾਇਕੀ ਵਿੱਚ ਗੁਰਦਾਸ ਮਾਨ, ਹਰਭਜਨ ਮਾਨ, ਪੰਮੀ ਬਾਈ, ਮਨਮੋਹਨ ਵਾਰਿਸ, ਰਣਜੀਤ ਬਾਵਾ ਤੇ ਕੁਲਵਿੰਦਰ ਬਿੱਲਾ ਹਮੇਸ਼ਾ ਪਸੰਦੀਦਾ ਗਾਇਕ ਰਹੇ ਹਨ। ਸ਼ਾਇਦ ਇਸੇ ਕਰਕੇ ਦਿਲਜੀਤ ਦਾ ਸ਼ੋਅ ਨਹੀਂ ਵੇਖਣ ਗਿਆ, ਉੱਪਰੋਂ ਮੇਰੇ ਕੋਲ ਟਿਕਟ/ਪਾਸ ਵੀ ਨਹੀਂ ਸਨ। ਜਾਂ ਕਹਿ ਲਵੋ ਹਾਸਲ ਕਰਨ ਲਈ ਜ਼ਿਆਦਾ ਕੋਸ਼ਿਸ਼ ਨਹੀਂ ਕੀਤੀ।
ਦਿਲਜੀਤ ਦੇ ਗਾਣੇ ਸੁਣਨੇ ਹਮੇਸ਼ਾ ਵਧੀਆ ਲੱਗਦੇ ਹਨ। ਹੁਣ ਜਦੋਂ ਉਸ ਦਾ ਵਿਰੋਧ ਹੋਇਆ ਹੈ ਤਾਂ ਸਾਨੂੰ ਉਸ ਨਾਲ ਖੜ੍ਹਨਾ ਚਾਹੀਦਾ ਹੈ। ਦਿਲਜੀਤ ਨੇ ਹਮੇਸ਼ਾ ਪੱਗ ਅਤੇ ਪੰਜਾਬੀਅਤ ਦਾ ਝੰਡਾ ਬੁਲੰਦ ਕੀਤਾ ਹੈ। ਪਿਛਲੇ ਸਾਲ ਦਿਲਜੀਤ ਦੀ ਫਿਲਮ ‘ਜੱਟ ਐਂਡ ਜੂਲੀਅਟ-3’ ਦੇਖ ਕੇ ਮਹਿਸੂਸ ਹੋਇਆ ਸੀ ਕਿ ਦਿਲਜੀਤ ਫ਼ਿਲਮਾਂ ਨਾਲੋਂ ਗਾਇਕੀ ਵੱਲ ਹੀ ਧਿਆਨ ਦੇਵੇ ਜਾਂ ਫੇਰ ਉਹ ਫ਼ਿਲਮ ਦਿਲਜੀਤ ਨੇ ਹਲਕੇ ਵਿੱਚ ਲਈ, ਜੋ ਉਸ ਦੇ ਮਿਆਰ ਤੋਂ ਹੇਠਾਂ ਸੀ। ਹੁਣ ਤਾਜੇ ਵਿਵਾਦ ਤੋਂ ਬਾਅਦ ਮਨ ਬਣਿਆ ਹੈ ਕਿ ਦਿਲਜੀਤ ਦੀ ਨਵੀਂ ਫ਼ਿਲਮ ਜ਼ਰੂਰ ਦੇਖਣੀ ਬਣਦੀ ਹੈ, ਕਿਉਂਕਿ ਹੁਣ ਸਾਨੂੰ ਸਾਰਿਆਂ ਨੂੰ ਉਸ ਦੇ ਹੱਕ ਵਿੱਚ ਖੜ੍ਹਨਾ ਚਾਹੀਦਾ ਹੈ।
ਦਿਲਜੀਤ ਦੇ ਵਿਰੋਧੀਆਂ ਨੇ ਸਾਡਾ ਆਪਸੀ ਪਾੜਾ ਵੀ ਵਧਾ ਦਿੱਤਾ ਹੈ, ਕਿਉਂਕਿ ਬਹੁਤਿਆਂ ਨੂੰ ਇਹੋ ਮਹਿਸੂਸ ਹੋ ਰਿਹਾ ਹੈ ਕਿ ਦਿਲਜੀਤ ਦੀ ਪੱਗ ਅਤੇ ਦਿਲਜੀਤ ਦੇ ਪੰਜਾਬੀ ਹੋਣ ਕਰਕੇ ਇਸ ਦਾ ਵਿਰੋਧ ਹੋ ਰਿਹਾ ਹੈ। ਦਿਲਜੀਤ ਦੇ ਲੂਮੀਨਾਟੀ ਸ਼ੋਆਂ ਦੌਰਾਨ ਉਸ ਨੂੰ ਸੁਣਨ ਲਈ ਉਮੜੇ ਦੇਸ਼ ਭਰ ਦੇ ਲੋਕ ਹੀ ਹੁਣ ਉਸ ਦੀ ਹਮਾਇਤ ਵਿੱਚ ਉੱਤਰ ਕੇ ਇਸ ਪਾੜੇ ਨੂੰ ਖਤਮ ਕਰ ਸਕਦੇ ਹਨ। ਖੇਡਾਂ ਤੇ ਕਲਾ ਹਮੇਸ਼ਾ ਜੋੜਦੇ ਹਨ, ਇਸ ਕਰਕੇ ਇਸ ਖੇਤਰ ਨੂੰ ਬਚਾ ਕੇ ਰੱਖੋ।