*ਕਦੇ ਜਹਾਜ਼ਾਂ ਵਿੱਚੋਂ ‘ਸਭ ਤੋਂ ਸੁਰੱਖਿਅਤ’ ਮੰਨਿਆ ਜਾਂਦਾ ਸੀ…
ਥੀਓ ਲੈਗੇਟ
ਅੰਤਰਰਾਸ਼ਟਰੀ ਬਿਜ਼ਨਸ ਪੱਤਰਕਾਰ
ਏਅਰ ਇੰਡੀਆ ਦਾ ਜੋ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ, ਉਹ ਬੋਇੰਗ ਦੇ ਸਭ ਤੋਂ ਹਾਲੀਆ ਅਤੇ ਚਰਚਿਤ ਜਹਾਜ਼ਾਂ ਵਿੱਚੋਂ ਇੱਕ ਸੀ। ਹੁਣ ਤੱਕ ਇਸਨੂੰ ਬੋਇੰਗ ਦੇ ਸਭ ਤੋਂ ਸੁਰੱਖਿਅਤ ਜਹਾਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਜਾਂਚਕਰਤਾਵਾਂ ਨੇ ਫਲਾਈਟ ਰਿਕਾਰਡਰ ਡੇਟਾ ਤਾਂ ਪ੍ਰਾਪਤ ਕਰ ਲਿਆ ਹੈ, ਪਰ ਫਲਾਈਟ 171 ਟੇਕ-ਆਫ ਤੋਂ ਤੁਰੰਤ ਬਾਅਦ ਹੀ ਕਿਉਂ ਕ੍ਰੈਸ਼ ਹੋ ਗਈ, ਇਹ ਭੇਤ ਹਾਲੇ ਤੱਕ ਬਰਕਰਾਰ ਹੈ।
ਬੋਇੰਗ-787 ਡ੍ਰੀਮਲਾਈਨਰ, ਜੋ ਕਿ ਆਧੁਨਿਕ ਪੀੜ੍ਹੀ ਦੇ ਕੁਸ਼ਲ ਜਹਾਜ਼ਾਂ ਵਿੱਚੋਂ ਪਹਿਲਾ ਹੈ, ਦੁਰਘਟਨਾ ਤੋਂ ਪਹਿਲਾਂ ਲਗਭਗ ਡੇਢ ਦਹਾਕੇ ਤੱਕ ਬਿਨਾਂ ਕਿਸੇ ਵੱਡੇ ਹਾਦਸੇ ਦੇ ਉਡਦਾ ਰਿਹਾ ਹੈ। ਬੋਇੰਗ ਅਨੁਸਾਰ, ਇਸ ਸਮੇਂ ਦੌਰਾਨ ਇਸਨੇ ਇੱਕ ਅਰਬ ਤੋਂ ਵੀ ਵੱਧ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ `ਤੇ ਪਹੁੰਚਾਇਆ ਹੈ। ਹਾਲਾਂਕਿ, ਇਸ ਨੂੰ ਗੁਣਵੱਤਾ ਨਿਯੰਤਰਣ ਸਬੰਧੀ ਕਈ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪਿਆ ਹੈ। ਇਸ ਸਮੇਂ ਦੁਨੀਆ ਭਰ ਵਿੱਚ 1,100 ਤੋਂ ਵੱਧ ਅਜਿਹੇ ਜਹਾਜ਼ ਸੇਵਾ ਵਿੱਚ ਹਨ।
ਜਹਾਜ਼ `ਤੇ ਕੰਮ ਕਰਨ ਵਾਲੇ ਵਿ੍ਹਸਲਬਲੋਅਰਾਂ ਨੇ ਉਤਪਾਦਨ ਦੇ ਮਿਆਰਾਂ ਬਾਰੇ ਕਈ ਚਿੰਤਾਵਾਂ ਜ਼ਾਹਰ ਕੀਤੀਆਂ ਹਨ। ਕੁਝ ਨੇ ਦਾਅਵਾ ਕੀਤਾ ਹੈ ਕਿ ਸੰਭਾਵੀ ਤੌਰ `ਤੇ ਅਜਿਹੇ ਜਹਾਜ਼ਾਂ ਨੂੰ ਸੇਵਾ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਗਈ, ਜਿਨ੍ਹਾਂ ਵਿੱਚ ਕਈ ਕਮੀਆਂ ਹਨ ਅਤੇ ਜੋ ਖ਼ਤਰਨਾਕ ਹੈ। ਇਹ ਅਜਿਹੇ ਇਲਜ਼ਾਮ ਹਨ, ਜਿਨ੍ਹਾਂ ਤੋਂ ਕੰਪਨੀ ਲਗਾਤਾਰ ਇਨਕਾਰ ਕਰਦੀ ਰਹੀ ਹੈ। ਸਾਲ 2009 ਵਿੱਚ ਦਸੰਬਰ ਮਹੀਨੇ ਜਦੋਂ ਸਿਆਟਲ ਦੇ ਨੇੜੇ ਪੇਨ ਫੀਲਡ ਹਵਾਈ ਅੱਡੇ `ਤੇ ਇੱਕ ਬਿਲਕੁਲ ਨਵਾਂ ਜਹਾਜ਼ ਰਨਵੇਅ `ਤੇ ਆਇਆ ਅਤੇ ਵਾਹ-ਵਾਹੀ ਕਰਦੀ ਭੀੜ ਦੇ ਦੇਖਦਿਆਂ-ਦੇਖਦਿਆਂ ਹੀ ਬੱਦਲਾਂ ਨਾਲ ਘਿਰੇ ਅਸਮਾਨ ਵਿੱਚ ਉਡਾਣ ਭਰ ਗਿਆ। ਇਹ ਉਡਾਣ ਕਈ ਸਾਲਾਂ ਦੇ ਵਿਕਾਸ ਅਤੇ ਅਰਬਾਂ ਡਾਲਰ ਦੇ ਨਿਵੇਸ਼ ਦਾ ਨਤੀਜਾ ਸੀ।
ਬੋਇੰਗ-787 ਦੀ ਕਲਪਨਾ 2000 ਦੇ ਦਹਾਕੇ ਦੇ ਸ਼ੁਰੂ ਵਿੱਚ ਕੀਤੀ ਗਈ ਸੀ, ਜਦੋਂ ਤੇਲ ਦੀਆਂ ਕੀਮਤਾਂ ਵਧ ਰਹੀਆਂ ਸਨ। ਬੋਇੰਗ ਨੇ ਉਨ੍ਹਾਂ ਲਈ ਇੱਕ ਲੰਬੀ ਦੂਰੀ ਦਾ ਜਹਾਜ਼ ਬਣਾਉਣ ਦਾ ਫੈਸਲਾ ਕੀਤਾ, ਜੋ ਕੁਸ਼ਲਤਾ ਵਿੱਚ ਨਵੇਂ ਮਾਪਦੰਡ ਸਥਾਪਤ ਕਰੇ। ਹਵਾਬਾਜ਼ੀ ਇਤਿਹਾਸਕਾਰ ਸ਼ੀਆ ਓਕਲੇ ਅਨੁਸਾਰ, “1990 ਦੇ ਦਹਾਕੇ ਦੇ ਅਖੀਰ ਵਿੱਚ ਬੋਇੰਗ ਸੋਨਿਕ ਕਰੂਜ਼ਰ ਨਾਮਕ ਡਿਜ਼ਾਈਨ `ਤੇ ਕੰਮ ਕਰ ਰਹੀ ਸੀ।… ਪਹਿਲਾਂ ਤਾਂ ਜਹਾਜ਼ ਦੀ ਕਲਪਨਾ ਇੱਕ ਅਜਿਹੇ ਜਹਾਜ਼ ਵਜੋਂ ਕੀਤੀ ਗਈ ਸੀ, ਜੋ ਆਵਾਜ਼ ਦੀ ਗਤੀ ਨਾਲ 250 ਯਾਤਰੀਆਂ ਨੂੰ ਲਿਜਾਣ ਲਈ ਉੱਨਤ ਸਮੱਗਰੀ ਅਤੇ ਨਵੀਨਤਮ ਤਕਨਾਲੋਜੀ ਦੀ ਵਰਤੋਂ ਕਰੇਗਾ। ਸ਼ੁਰੂਆਤੀ ਜ਼ੋਰ ਗਤੀ ਅਤੇ ਤੇਲ ਬਚਾਉਣ ਦੀ ਬਜਾਏ ਯਾਤਰਾ ਦੇ ਸਮੇਂ ਨੂੰ ਘਟਾਉਣ `ਤੇ ਸੀ। ਫਿਰ 9/11 ਦੇ ਪ੍ਰਭਾਵਾਂ ਨੇ ਵਿਸ਼ਵ ਏਅਰਲਾਈਨ ਉਦਯੋਗ ਨੂੰ ਕਾਫ਼ੀ ਪ੍ਰਭਾਵਿਤ ਕੀਤਾ। ਏਅਰਲਾਈਨਜ਼ ਨੇ ਬੋਇੰਗ ਨੂੰ ਦੱਸਿਆ ਕਿ ਉਨ੍ਹਾਂ ਨੂੰ ਅਸਲ ਵਿੱਚ ਸਭ ਤੋਂ ਵੱਧ ਈਂਧਨ-ਕੁਸ਼ਲ, ਕਫ਼ਾਇਤੀ ਲੰਬੀ-ਦੂਰੀ ਵਾਲਾ ਜੈੱਟਲਾਈਨਰ ਚਾਹੀਦਾ ਹੈ। ਹੁਣ ਉਹ ਸੋਨਿਕ ਕਰੂਜ਼ਰ ਵਰਗੀਆਂ ਸਮਰੱਥਾਵਾਂ ਵਾਲਾ ਇੱਕ ਹਵਾਈ ਜਹਾਜ਼ ਚਾਹੁੰਦੇ ਸਨ, ਬਿਨਾ ਤੇਜ਼ ਰਫ਼ਤਾਰ ਦੇ।”
ਬੋਇੰਗ ਨੇ ਆਪਣੇ ਸ਼ੁਰੂਆਤੀ ਵਿਚਾਰ ਨੂੰ ਤਿਆਗ ਦਿੱਤਾ ਅਤੇ 787 `ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਅਜਿਹਾ ਕਰਕੇ ਇਸਨੇ ਏਅਰਲਾਈਨਾਂ ਲਈ ਇੱਕ ਨਵਾਂ ਕਾਰੋਬਾਰੀ ਮਾਡਲ ਬਣਾਉਣ ਵਿੱਚ ਮਦਦ ਕੀਤੀ। ‘ਹੱਬ’ ਹਵਾਈ ਅੱਡਿਆਂ ਵਿਚਕਾਰ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਲਿਜਾਣ ਲਈ ਵੱਡੇ ਜਹਾਜ਼ਾਂ ਦੀ ਵਰਤੋਂ ਕਰਨ ਦੀ ਬਜਾਏ, ਉਨ੍ਹਾਂ ਨੂੰ ਹੋਰ ਮੰਜ਼ਿਲਾਂ ਲਈ ਕਨੈਕਟਿੰਗ ਉਡਾਣਾਂ `ਤੇ ਭੇਜਣ ਤੋਂ ਪਹਿਲਾਂ, ਉਹ ਹੁਣ ਛੋਟੇ ਸ਼ਹਿਰਾਂ ਦੇ ਵਿਚਕਾਰ ਘੱਟ ਭੀੜ-ਭੜੱਕੇ ਵਾਲੇ ਸਿੱਧੇ ਰੂਟਾਂ `ਤੇ ਛੋਟੇ ਜਹਾਜ਼ ਉਡਾ ਸਕਦੇ ਹਨ, ਜੋ ਕਿ ਪਹਿਲਾਂ ਅਵਿਹਾਰਕ ਸੀ। ਉਸ ਸਮੇਂ ਬੋਇੰਗ ਦਾ ਵੱਡਾ ਵਿਰੋਧੀ, ਯੂਰਪੀਅਨ ਦਿੱਗਜ ਏਅਰਬੱਸ ਬਿਲਕੁਲ ਉਲਟ ਨਜ਼ਰੀਆ ਅਪਨਾ ਰਿਹਾ ਸੀ। ਇਹ ਵਿਸ਼ਾਲ ਏ-380 ਸੁਪਰਜੰਬੋ ਵਿਕਸਤ ਕਰ ਰਹੀ ਸੀ- ਜਿਸ ਜ਼ਰੀਏ ਦੁਨੀਆਂ ਦੇ ਸਭ ਤੋਂ ਵੱਡੇ ਅਤੇ ਵਿਅਸਥ ਹਵਾਈ ਅੱਡਿਆਂ ਦੇ ਵਿਚਕਾਰ ਵਿਅਸਥ ਰੂਟਾਂ `ਤੇ ਵੱਧ ਤੋਂ ਵੱਧ ਯਾਤਰੀਆਂ ਨੂੰ ਲਿਜਾਇਆ ਜਾ ਸਕੇ।
ਬੋਇੰਗ ਦਾ ਨਜ਼ਰੀਆ ਜ਼ਿਆਦਾ ਸਮਝਦਾਰੀ ਭਰਿਆ ਸੀ। ਖੁੱਲ੍ਹ ਕੇ ਤੇਲ ਪੀਣ ਵਾਲੀ ਏ-380 ਦਾ ਉਤਪਾਦਨ 2021 ਵਿੱਚ ਬੰਦ ਹੋ ਗਿਆ, ਜਦੋਂ ਸਿਰਫ 251 ਬਣਾਏ ਗਏ ਸਨ। ਬੋਇੰਗ-787 ਸੱਚਮੁੱਚ ਇੱਕ ਨਵੀਂ ਕ੍ਰਾਂਤੀ ਲੈ ਕੇ ਆਉਣ ਵਾਲਾ ਜਹਾਜ਼ ਸੀ। ਇਹ ਪਹਿਲਾ ਵਪਾਰਕ ਜਹਾਜ਼ ਸੀ, ਜਿਸਨੂੰ ਹਲਕਾ ਬਣਾਉਣ ਦੇ ਨਜ਼ਰੀਏ ਨਾਲ ਮੁੱਖ ਤੌਰ `ਤੇ ਐਲੂਮੀਨੀਅਮ ਦੀ ਬਜਾਏ ਕਾਰਬਨ ਫਾਈਬਰ ਵਰਗੇ ਕੰਪੋਜ਼ਿਟ ਤੋਂ ਬਣਾਇਆ ਗਿਆ। ਇਸ ਵਿੱਚ ਉੱਨਤ ਏਰੋਡਾਇਨੈਮਿਕਸ ਸੀ। ਇਸਨੇ ਜਨਰਲ ਇਲੈਕਟ੍ਰਿਕ ਅਤੇ ਰੋਲਸ-ਰਾਇਸ ਦੇ ਬਹੁਤ ਕੁਸ਼ਲ ਆਧੁਨਿਕ ਇੰਜਣਾਂ ਦੀ ਵੀ ਵਰਤੋਂ ਕੀਤੀ ਗਈ ਸੀ, ਅਤੇ ਇਸਨੇ ਬਹੁਤ ਸਾਰੇ ਮਕੈਨੀਕਲ ਅਤੇ ਨਿਊਮੈਟਿਕ ਸਿਸਟਮਾਂ ਨੂੰ ਹਲਕੇ ਇਲੈਕਟ੍ਰੀਕਲ ਸਿਸਟਮਾਂ ਨਾਲ ਬਦਲ ਦਿੱਤਾ ਸੀ। ਬੋਇੰਗ ਨੇ ਕਿਹਾ ਕਿ ਇਹ ਸਭ ਇਸਨੂੰ ਆਪਣੇ ਪੂਰਵਗਾਮੀ ਬੋਇੰਗ-767 ਨਾਲੋਂ 20 ਫੀਸਦੀ ਵਧੇਰੇ ਕੁਸ਼ਲ ਬਣਾਉਂਦਾ ਹੈ। ਇਹ ਕਾਫ਼ੀ ਸ਼ਾਂਤ ਵੀ ਸੀ, ਅਤੇ ਬੋਇੰਗ ਮੁਤਾਬਕ ਇਸਦਾ ਨੁਆਇਸ ਫੁੱਟਪ੍ਰਿੰਟ (ਜਹਾਜ਼ ਦੇ ਸ਼ੋਰ ਨਾਲ ਪ੍ਰਭਾਵਿਤ ਹੋਣ ਵਾਲਾ ਜ਼ਮੀਨੀ ਖੇਤਰ) 60 ਫੀਸਦੀ ਤੱਕ ਛੋਟਾ ਸੀ; ਪਰ ਸੇਵਾ ਵਿੱਚ ਆਉਣ ਤੋਂ ਥੋੜ੍ਹੀ ਦੇਰ ਬਾਅਦ ਹੀ ਜਹਾਜ਼ ਵਿੱਚ ਗੰਭੀਰ ਸਮੱਸਿਆਵਾਂ ਹੋਣੀਆਂ ਸ਼ੁਰੂ ਹੋ ਗਈਆਂ। ਜਨਵਰੀ 2013 ਵਿੱਚ ਬੋਸਟਨ ਦੇ ਲੋਗਨ ਅੰਤਰਰਾਸ਼ਟਰੀ ਹਵਾਈ ਅੱਡੇ `ਤੇ ਇੱਕ ਗੇਟ `ਤੇ ਉਡੀਕ ਕਰਦੇ ਸਮੇਂ 787 ਦੀਆਂ ਲਿਥੀਅਮ-ਆਇਨ ਬੈਟਰੀਆਂ ਨੂੰ ਅੱਗ ਲੱਗ ਗਈ। ਇੱਕ ਹਫ਼ਤੇ ਬਾਅਦ ਬੈਟਰੀਆਂ ਦੇ ਜ਼ਿਆਦਾ ਗਰਮ ਹੋਣ ਕਾਰਨ ਜਾਪਾਨ ਵਿੱਚ ਇੱਕ ਘਰੇਲੂ ਉਡਾਣ ਦੌਰਾਨ ਇੱਕ ਹੋਰ 787 ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ।
ਕਈ ਮਹੀਨਿਆਂ ਲਈ ਇਸ ਡਿਜ਼ਾਈਨ ਨੂੰ ਦੁਨੀਆਂ ਭਰ ਵਿੱਚ ਰੋਕ ਦਿੱਤਾ ਗਿਆ ਅਤੇ ਬੋਇੰਗ ਨੇ ਸਮੱਸਿਆ ਦਾ ਹੱਲ ਲੱਭਿਆ। ਉਦੋਂ ਤੋਂ, ਰੋਜ਼ਾਨਾ ਦੇ ਕੰਮ ਸੁਚਾਰੂ ਢੰਗ ਨਾਲ ਚੱਲਦੇ ਰਹੇ, ਪਰ ਉਤਪਾਦਨ ਵਿੱਚ ਗੰਭੀਰ ਸਮੱਸਿਆਵਾਂ ਆਈਆਂ ਹਨ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅੰਸ਼ਕ ਤੌਰ `ਤੇ ਇਹ ਬੋਇੰਗ ਦੇ ਉੱਤਰੀ ਚਾਰਲਸਟਨ, ਦੱਖਣੀ ਕੈਰੋਲੀਨਾ ਵਿੱਚ 787 ਲਈ ਇੱਕ ਨਵੀਂ ਅਸੈਂਬਲੀ ਲਾਈਨ ਸਥਾਪਤ ਕਰਨ ਦੇ ਫੈਸਲੇ ਦੇ ਕਾਰਨ ਹੋ ਸਕਦਾ ਹੈ, ਜੋ ਸਿਆਟਲ ਦੇ ਮੁੱਖ ਖੇਤਰ ਤੋਂ 2000 ਮੀਲ ਤੋਂ ਵੱਧ ਦੂਰ ਹੈ। ਇਹ ਖੇਤਰ ਦੀ ਯੂਨੀਅਨ ਮੈਂਬਰਸ਼ਿਪ ਦੀਆਂ ਘੱਟ ਦਰਾਂ ਅਤੇ ਨਾਲ ਹੀ ਰਾਜ ਤੋਂ ਉਦਾਰ ਸਮਰਥਨ ਦਾ ਫਾਇਦਾ ਉਠਾਉਣ ਲਈ ਕੀਤਾ ਗਿਆ ਸੀ।
ਸਾਲ 2019 ਵਿੱਚ ਬੋਇੰਗ ਨੇ ਨਿਰਮਾਣ ਸਬੰਧੀ ਕਮੀਆਂ ਦੀ ਇੱਕ ਲੜੀ ਦੀ ਪਹਿਲੀ ਖੋਜ ਕੀਤੀ, ਜਿਸਨੇ ਜਹਾਜ਼ ਦੇ ਵੱਖ-ਵੱਖ ਹਿੱਸਿਆਂ ਨੂੰ ਇਕੱਠੇ ਫਿੱਟ ਕਰਨ ਦੇ ਤਰੀਕੇ ਨੂੰ ਪ੍ਰਭਾਵਿਤ ਕੀਤਾ। ਜਿਵੇਂ-ਜਿਵੇਂ ਹੋਰ ਸਮੱਸਿਆਵਾਂ ਸਾਹਮਣੇ ਆਈਆਂ, ਕੰਪਨੀ ਨੇ ਆਪਣੀ ਜਾਂਚ ਦੇ ਦਾਇਰੇ ਦਾ ਵਿਸਥਾਰ ਕੀਤਾ ਅਤੇ ਹੋਰ ਸਮੱਸਿਆਵਾਂ ਦਾ ਪਤਾ ਲਗਾਇਆ ਗਿਆ। ਇਸ ਦੌਰਾਨ ਡਿਲੀਵਰੀ ਵਿੱਚ ਕਾਫ਼ੀ ਰੁਕਾਵਟ ਆਈ ਅਤੇ ਮਈ 2021 ਅਤੇ ਜੁਲਾਈ 2022 ਦੇ ਵਿਚਕਾਰ ਡਿਲੀਵਰੀ ਪੂਰੀ ਤਰ੍ਹਾਂ ਰੋਕ ਦਿੱਤੀ ਗਈ; ਫਿਰ ਅਗਲੇ ਸਾਲ ਦੁਬਾਰਾ ਰੋਕ ਦਿੱਤੀ ਗਈ।
ਹਾਲਾਂਕਿ 787 ਪ੍ਰੋਗਰਾਮ ਬਾਰੇ ਸੰਭਾਵੀ ਤੌਰ `ਤੇ ਸਭ ਤੋਂ ਵੱਧ ਨੁਕਸਾਨਦੇਹ ਇਲਜ਼ਾਮ ਕੰਪਨੀ ਦੇ ਆਪਣੇ ਮੌਜੂਦਾ ਅਤੇ ਸਾਬਕਾ ਕਰਮਚਾਰੀਆਂ ਵੱਲੋਂ ਆਏ ਹਨ। ਸਭ ਤੋਂ ਪ੍ਰਮੁੱਖ ਇਲਜ਼ਾਮ ਮਰਹੂਮ ਜੌਨ ਬਾਰਨੇਟ ਵੱਲੋਂ ਆਇਆ ਸੀ, ਜੋ ਸਾਊਥ ਕੈਰੋਲੀਨਾ ਵਿੱਚ 787 ਫੈਕਟਰੀ ਦੇ ਸਾਬਕਾ ਕੁਆਲਿਟੀ ਕੰਟਰੋਲ ਮੈਨੇਜਰ ਸੀ। ਉਸ ਨੇ ਦਾਅਵਾ ਕੀਤਾ ਸੀ ਕਿ ਜਲਦੀ ਤੋਂ ਜਲਦੀ ਜਹਾਜ਼ ਬਣਾਉਣ ਦੇ ਦਬਾਅ ਨੇ ਸੁਰੱਖਿਆ ਨੂੰ ਬਹੁਤ ਕਮਜ਼ੋਰ ਕਰ ਦਿੱਤਾ ਸੀ। ਇਹ ਵੀ ਕਿਹਾ ਸੀ ਕਿ ਜਹਾਜ਼ ਦੇ ਡੈੱਕਾਂ ਨੂੰ ਸੁਰੱਖਿਅਤ ਕਰਨ ਲਈ ਜਿਸ ਫਿਕਸਿੰਗਸ (ਪੇਚਾਂ ਆਦਿ) ਦੀ ਵਰਤੋਂ ਕੀਤੀ ਗਈ ਸੀ, ਉਨ੍ਹਾਂ ਵਿੱਚ ਵੀ ਨੁਕਸ ਸਨ।
ਜੌਨ ਬਾਰਨੇਟ ਦੇ ਇਨ੍ਹਾਂ ਦਾਅਵਿਆਂ ਨੂੰ ਪਹਿਲਾਂ ਅਮਰੀਕੀ ਰੈਗੂਲੇਟਰ, ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐਫ.ਏ.ਏ.) ਕੋਲ ਭੇਜਿਆ ਗਿਆ ਸੀ, ਜਿਸਨੇ ਉਨ੍ਹਾਂ ਨੂੰ ਅੰਸ਼ਕ ਤੌਰ `ਤੇ ਸਹੀ ਠਹਿਰਾਇਆ ਸੀ। ਫਿਰ ਜਾਂਚ ਤੋਂ ਬਾਅਦ ਇਹ ਸਿੱਟਾ ਕੱਢਿਆ ਕਿ ਫੈਕਟਰੀ ਵਿੱਚੋਂ ਘੱਟੋ-ਘੱਟ 53 ‘ਗੈਰ-ਅਨੁਕੂਲ’ ਹਿੱਸੇ ਗਾਇਬ ਹੋ ਗਏ ਸਨ, ਅਜਿਹੇ ਹਿੱਸੇ ਜਿਨ੍ਹਾਂ ਨੂੰ ਜਹਾਜ਼ ਨਿਰਮਾਣ ਲਈ ਸਹੀ ਨਹੀਂ ਮੰਨਿਆ ਗਿਆ ਸੀ। ਐਫ.ਏ.ਏ. ਦੁਆਰਾ ਕੀਤੇ ਗਏ ਆਡਿਟ `ਚ ਵੀ ਇਹ ਪੁਸ਼ਟੀ ਹੋਈ ਕਿ ਕਈ ਜਹਾਜ਼ਾਂ ਦੇ ਫਰਸ਼ਾਂ ਦੇ ਹੇਠਾਂ ਧਾਤ ਦੇ ਟੁਕੜੇ ਮੌਜੂਦ ਸਨ। ਬੋਇੰਗ ਅਨੁਸਾਰ ਇਸਦੇ ਬੋਰਡ ਨੇ ਸਮੱਸਿਆ ਦਾ ਵਿਸ਼ਲੇਸ਼ਣ ਕੀਤਾ ਅਤੇ ਫੈਸਲਾ ਕੀਤਾ ਕਿ ਇਹ ‘ਉਡਾਣ ਸਬੰਧੀ ਸੁਰੱਖਿਆ ਦਾ ਮੁੱਦਾ ਨਹੀਂ ਹੈ’, ਹਾਲਾਂਕਿ ਫਿਕਸਿੰਗ ਨੂੰ ਬਾਅਦ ਵਿੱਚ ਦੁਬਾਰਾ ਡਿਜ਼ਾਈਨ ਕੀਤਾ ਗਿਆ ਸੀ। ਕੰਪਨੀ ਨੇ ਬਾਅਦ ਵਿੱਚ ਕਿਹਾ ਕਿ ਉਸਨੇ ‘(ਜਹਾਜ਼ ਦੇ) ਭਾਗਾਂ ਸੰਬੰਧੀ ਐਫ.ਏ.ਏ. ਦੇ ਨਤੀਜਿਆਂ ਨੂੰ ਪੂਰੀ ਤਰ੍ਹਾਂ ਹੱਲ ਕਰ ਲਿਆ ਹੈ ਅਤੇ ਦੁਬਾਰਾ ਹੋਣ ਤੋਂ ਰੋਕਣ ਲਈ ਕਾਰਵਾਈਆਂ ਕੀਤੀਆਂ ਹਨ।’
ਜੌਨ ਬਾਰਨੇਟ ਨੂੰ ਚਿੰਤਾ ਸੀ ਕਿ ਜੋ ਜਹਾਜ਼ ਪਹਿਲਾਂ ਹੀ ਸੇਵਾ ਵਿੱਚ ਦਾਖਲ ਹੋ ਚੁੱਕੇ ਸਨ, ਉਨ੍ਹਾਂ ਵਿੱਚ ਅਜਿਹੇ ਨੁਕਸ ਹੋ ਸਕਦੇ ਹਨ, ਜੋ ਸਾਹਮਣੇ ਨਹੀਂ ਆਏ ਅਤੇ ਉਨ੍ਹਾਂ ਕਾਰਨ ਕੋਈ ਵੱਡਾ ਹਾਦਸਾ ਹੋ ਸਕਦਾ ਹੈ। 2024 ਦੇ ਸ਼ੁਰੂ ਵਿੱਚ ਬਾਰਨੇਟ ਨੇ ਆਤਮ-ਹੱਤਿਆ ਕਰ ਲਈ। ਉਸ ਸਮੇਂ ਉਹ ਕੰਪਨੀ ਦੇ ਖਿਲਾਫ ਲੰਬੇ ਸਮੇਂ ਤੋਂ ਚੱਲ ਰਹੇ ਵਿ੍ਹਸਲਬਲੋਅਰ ਮੁਕੱਦਮੇ ਵਿੱਚ ਗਵਾਹੀ ਦੇ ਰਿਹਾ ਸੀ- ਜਿਸ ਬਾਰੇ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੇ ਇਲਜ਼ਾਮਾਂ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਪੀੜਤ ਕੀਤਾ ਗਿਆ ਸੀ। ਹਾਲਾਂਕਿ ਬੋਇੰਗ ਨੇ ਇਸ ਤੋਂ ਇਨਕਾਰ ਕੀਤਾ ਸੀ।
ਸਾਲ 2011 ਵਿੱਚ ਇੱਕ ਹੋਰ ਸਾਬਕਾ ਕੁਆਲਿਟੀ ਮੈਨੇਜਰ ਸਿੰਥੀਆ ਨੇ ਰੈਗੂਲੇਟਰਾਂ ਨੂੰ ਸ਼ਿਕਾਇਤ ਕੀਤੀ ਸੀ ਕਿ ਉਤਪਾਦਨ ਨੂੰ ਚੱਲਦਾ ਰੱਖਣ ਦੀ ਕੋਸ਼ਿਸ਼ ਵਿੱਚ ਘਟੀਆ ਪੁਰਜ਼ਿਆਂ ਨੂੰ ਜਾਣ-ਬੁੱਝ ਕੇ ਕੁਆਰੰਟੀਨ ਕੰਪਾਰਟਮੈਂਟਾਂ ਤੋਂ ਹਟਾ ਕੇ ਜਹਾਜ਼ਾਂ ਵਿੱਚ ਫਿੱਟ ਕੀਤਾ ਜਾ ਰਿਹਾ ਹੈ। ਸਿੰਥੀਆ ਨੇ ਸਾਲ 2016 ਵਿੱਚ ਬੋਇੰਗ ਛੱਡ ਦਿੱਤੀ ਸੀ। ਸਿੰਥੀਆ ਨੇ ਕਿਹਾ ਸੀ ਕਿ ਘਟੀਆ ਵਾਇਰਿੰਗ ਬੰਡਲ, ਜਿਨ੍ਹਾਂ ਦੀ ਕੋਟਿੰਗ ਦੇ ਅੰਦਰ ਧਾਤ ਦੇ ਫਾਲਤੂ ਅਤੇ ਤਿੱਖੇ ਟੁਕੜੇ ਸਨ, ਜਾਣ-ਬੁੱਝ ਕੇ ਜਹਾਜ਼ਾਂ ਵਿੱਚ ਲਗਾਏ ਗਏ ਸਨ, ਜਿਸ ਨਾਲ ਖਤਰਨਾਕ ਸ਼ਾਰਟ-ਸਰਕਟ ਦਾ ਖ਼ਤਰਾ ਪੈਦਾ ਹੁੰਦਾ ਹੈ।
ਪਿਛਲੇ ਸਾਲ ਇੱਕ ਸੀਨੇਟ ਕਮੇਟੀ ਦੇ ਸਾਹਮਣੇ ਗਵਾਹੀ ਦੇਣ ਸਮੇਂ ਇੱਕ ਤੀਜੇ ਵਿ੍ਹਸਲਬਲੋਅਰ ਨੇ ਸੁਰਖੀਆਂ ਬਟੋਰੀਆਂ। ਬੋਇੰਗ ਦੇ ਇੱਕ ਮੌਜੂਦਾ ਕਰਮਚਾਰੀ ਸੈਮ ਸਾਲੇਹਪੋਰ ਨੇ ਅਮਰੀਕਾ ਦੇ ਕਾਨੂੰਨ ਨਿਰਮਾਤਾਵਾਂ ਨੂੰ ਦੱਸਿਆ ਕਿ ਉਹ ਇਸ ਲਈ ਅੱਗੇ ਆਏ ਹਨ, ਕਿਉਂਕਿ “ਮੈਂ ਬੋਇੰਗ ਵਿੱਚ ਜੋ ਸੁਰੱਖਿਆ ਸਬੰਧੀ ਸਮੱਸਿਆਵਾਂ ਦੇਖੀਆਂ ਹਨ, ਜੇ ਉਨ੍ਹਾਂ ਨੂੰ ਹੱਲ ਨਹੀਂ ਕੀਤਾ ਗਿਆ ਤਾਂ ਉਹ ਇੱਕ ਕਮਰਸ਼ੀਅਲ ਹਵਾਈ ਜਹਾਜ਼ ਦੀ ਵਿਨਾਸ਼ਕਾਰੀ ਅਸਫਲਤਾ ਦਾ ਕਾਰਨ ਬਣ ਸਕਦੀਆਂ ਹਨ, ਜਿਸ ਨਾਲ ਸੈਂਕੜੇ ਜਾਨਾਂ ਜਾ ਸਕਦੀਆਂ ਹਨ।” ਜਦਕਿ ਬੋਇੰਗ ਮੁਤਾਬਕ 787 ਦੇ ਢਾਂਚੇ `ਚ ਸਮੱਸਿਆਵਾਂ ਬਾਰੇ ਦਾਅਵੇ ਗਲਤ ਹਨ, ਕਿਉਂਕਿ ਅਮਰੀਕੀ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਚੁੱਕੇ ਗਏ ਮੁੱਦਿਆਂ ਦੀ ਸਖ਼ਤੀ ਨਾਲ ਜਾਂਚ ਕੀਤੀ ਗਈ ਹੈ। ਇਸ ਵਿਸ਼ਲੇਸ਼ਣ ਨੇ ਪੁਸ਼ਟੀ ਕੀਤੀ ਹੈ ਕਿ ਜਹਾਜ਼ ਕਈ ਦਹਾਕਿਆਂ ਤੱਕ ਟਿਕਾਊ ਰਹਿਣਗੇ ਤੇ ਸੇਵਾ ਦੇਣ ਦੇ ਯੋਗ ਹੋਣਗੇ ਅਤੇ ਇਹ ਮੁੱਦੇ ਕੋਈ ਸੁਰੱਖਿਆ ਚਿੰਤਾਵਾਂ ਪੇਸ਼ ਨਹੀਂ ਕਰਦੇ ਹਨ।
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬੋਇੰਗ ਹਾਲ ਹੀ ਦੇ ਸਾਲਾਂ ਵਿੱਚ ਆਪਣੇ ਕਾਰਪੋਰੇਟ ਸੱਭਿਆਚਾਰ ਅਤੇ ਉਤਪਾਦਨ ਮਿਆਰਾਂ ਨੂੰ ਲੈ ਕੇ ਭਾਰੀ ਦਬਾਅ ਹੇਠ ਆ ਗਈ ਹੈ। ਆਪਣੇ ਸਭ ਤੋਂ ਵੱਧ ਵਿਕਣ ਵਾਲੇ 737 ਮੈਕਸ ਨਾਲ ਜੁੜੇ ਦੋ ਜਾਨਲੇਵਾ ਹਾਦਸਿਆਂ ਤੋਂ ਬਾਅਦ ਅਤੇ ਪਿਛਲੇ ਸਾਲ ਇੱਕ ਹੋਰ ਗੰਭੀਰ ਘਟਨਾ ਤੋਂ ਬਾਅਦ ਬੋਇੰਗ `ਤੇ ਵਾਰ-ਵਾਰ ਇਲਜ਼ਾਮ ਲੱਗੇ ਹਨ ਕਿ ਕੰਪਨੀ ਯਾਤਰੀ ਸੁਰੱਖਿਆ ਦੀ ਬਜਾਏ ਮੁਨਾਫ਼ੇ ਨੂੰ ਤਰਜੀਹ ਦੇ ਰਹੀ ਹੈ। ਸਵਾਲ ਹੈ ਕਿ ਕੀ ਬੋਇੰਗ-787 ਪਹਿਲਾਂ ਹੀ ਅਤੀਤ ਦੀਆਂ ਅਸਫਲਤਾਵਾਂ ਕਾਰਨ ਖਤਰੇ `ਚ ਪੈ ਚੁਕਾ ਹੈ, ਜਿਸ ਨਾਲ ਸੁਰੱਖਿਆ ਸਬੰਧੀ ਜੋਖਮ ਪੈਦਾ ਹੋ ਰਹੇ ਹਨ? ਕੁਝ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਹੈ, 16 ਸਾਲ ਹੋ ਗਏ ਹਨ- 1,200 ਜੈਟ ਅਤੇ ਇੱਕ ਅਰਬ ਤੋਂ ਵੱਧ ਯਾਤਰੀਆਂ ਨੇ ਉਡਾਣ ਭਰੀ ਹੈ, ਪਰ ਅਜੇ ਤੱਕ ਕੋਈ ਹਾਦਸਾ ਨਹੀਂ ਹੋਇਆ ਹੈ। ਇਹ ਇੱਕ ਸ਼ਾਨਦਾਰ ਸੁਰੱਖਿਆ ਰਿਕਾਰਡ ਹੈ। ਪਿਛਲੇ ਕੁਝ ਸਾਲਾਂ ਤੋਂ 787 ਦੇ ਉਤਪਾਦਨ `ਤੇ ਭਾਰੀ ਨਿਗਰਾਨੀ ਰੱਖੀ ਜਾ ਰਹੀ ਹੈ।
ਅਹਿਮਦਾਬਾਦ ਵਿੱਚ ਹਾਦਸਾਗ੍ਰਸਤ ਹੋਇਆ ਏਅਰ ਇੰਡੀਆ ਦਾ ਜਹਾਜ਼ 11 ਸਾਲ ਤੋਂ ਵੱਧ ਪੁਰਾਣਾ ਸੀ, ਜਿਸਨੇ ਪਹਿਲੀ ਵਾਰ ਸਾਲ 2013 ਵਿੱਚ ਉਡਾਣ ਭਰੀ ਸੀ; ਪਰ ਫਾਊਂਡੇਸ਼ਨ ਫਾਰ ਏਵੀਏਸ਼ਨ ਸੇਫਟੀ ਕਹਿੰਦਾ ਹੈ ਕਿ ਹਾਲ ਹੀ ਵਿੱਚ ਹੋਏ ਹਾਦਸੇ ਤੋਂ ਪਹਿਲਾਂ ਉਸਨੂੰ 787 ਬਾਰੇ ਚਿੰਤਾਵਾਂ ਸਨ। ਇਹ ਇੱਕ ਅਮਰੀਕੀ ਸੰਗਠਨ ਹੈ, ਜੋ ਬੋਇੰਗ ਦੇ ਸਾਬਕਾ ਵਿ੍ਹਸਲਬਲੋਅਰ ਐਂਡ ਪੀਅਰਸਨ ਦੁਆਰਾ ਸਥਾਪਿਤ ਕੀਤਾ ਗਿਆ ਸੀ ਅਤੇ ਇਹ ਪਹਿਲਾਂ ਕੰਪਨੀ ਦੀ ਬਹੁਤ ਆਲੋਚਨਾ ਕਰਦਾ ਰਿਹਾ ਹੈ।
ਪਿਛਲੇ ਸਾਲ ਜਦੋਂ ਕੁਝ 787 ਮਾਡਲਾਂ ਵਿੱਚ ਪਾਣੀ ਲੀਕ ਹੋਣ ਦੀਆਂ ਰਿਪੋਰਟਾਂ ਆਈਆਂ ਸਨ ਤਾਂ ਐਫ.ਏ.ਏ. ਨੇ ਏਅਰਲਾਈਨਾਂ ਨੂੰ ਨਿਯਮਤ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ, ਕਿਉਂਕਿ ਅਜਿਹਾ ਹੀ ਇੱਕ ਮੁੱਦਾ ਟਾਇਲਟ ਦੀਆਂ ਟੂਟੀਆਂ ਤੋਂ ਪਾਣੀ ਦਾ ਲੀਕ ਹੋਣਾ ਹੋ ਸਕਦਾ ਹੈ, ਜੋ ਬਿਜਲੀ ਦੇ ਉਪਕਰਣਾਂ ਵਾਲੇ ਡੱਬੇ ਵਿੱਚ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਮੁੱਖ ਕਾਰਜਕਾਰੀ ਕੈਲੀ ਔਰਟਬਰਗ, ਜੋ ਪਿਛਲੇ ਸਾਲ ਕੰਪਨੀ ਵਿੱਚ ਸ਼ਾਮਲ ਹੋਏ ਸਨ, ਆਪਣੀਆਂ ਅੰਦਰੂਨੀ ਪ੍ਰਕਿਰਿਆਵਾਂ ਨੂੰ ਬਿਹਤਰ ਬਣਾ ਰਹੇ ਹਨ ਅਤੇ ਇੱਕ ਵਿਆਪਕ ਸੁਰੱਖਿਆ ਤੇ ਗੁਣਵੱਤਾ ਨਿਯੰਤਰਣ ਯੋਜਨਾ `ਤੇ ਰੈਗੂਲੇਟਰਾਂ ਨਾਲ ਕੰਮ ਕਰ ਰਹੇ ਹਨ।