ਰਵਿੰਦਰ ਸਹਿਰਾਅ: ਸੰਖੇਪ ਜਾਣ-ਪਛਾਣ

ਅਦਬੀ ਸ਼ਖਸੀਅਤਾਂ

ਜ਼ਿਲ੍ਹਾ ਜਲੰਧਰ ਦੇ ਪਿੰਡ ਹਰਦੋ ਫ਼ਰਾਲਾ ਵਿੱਚ ਜਨਮੇ ਰਵਿੰਦਰ ਸਹਿਰਾਅ ਨੇ ਸਾਹਿਤਕ ਖ਼ੇਤਰ ਵਿੱਚ ਨਿਵੇਕਲੀ ਪਛਾਣ ਬਣਾਈ ਹੋਈ ਹੈ। ਮੁਢਲੀ ਵਿਦਿਆ ਪਿੰਡੋਂ ਕਰਨ ਉਪਰੰਤ ਉਨ੍ਹਾਂ ਰਾਮਗੜ੍ਹੀਆ ਕਾਲਜ ਫਗਵਾੜਾ ਅਤੇ ਖਾਲਸਾ ਕਾਲਜ ਜਲੰਧਰ ਤੋਂ ਉਚੇਰੀ ਪੜ੍ਹਾਈ ਕੀਤੀ। ਉਹ ਰਾਮਗੜ੍ਹੀਆ ਕਾਲਜ ਫਗਵਾੜਾ ਅਤੇ ਖਾਲਸਾ ਕਾਲਜ ਦੇ ਮੈਗਜ਼ੀਨ ਸੰਪਾਦਕ ਵੀ ਰਹੇ।

ਕਾਲਜ ਵਿੱਚ ਪੜ੍ਹਦਿਆਂ ਉਹ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਹੇ। ਵਿਦਿਆਰਥੀ ਹੱਕਾਂ ਲਈ ਅਨੇਕਾਂ ਲੜਾਈਆਂ ਲੜੀਆਂ ਅਤੇ ਜੂਨ 1975 ਵਿੱਚ ਜਦੋਂ ਅਚਾਨਕ ਦੇਸ਼ ਵਿੱਚ ਐਮਰਜੈਂਸੀ ਠੋਸ ਦਿੱਤੀ ਗਈ ਤਾਂ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਸਿੱਟੇ ਵਜੋਂ ਰਵਿੰਦਰ ਸਹਿਰਾਅ ਨੂੰ ਵੀ ਹੋਰ ਵਿਦਿਆਰਥੀ ਆਗੂਆਂ ਸਮੇਤ ਮੀਸਾ (ੰੀSੳ) ਅਧੀਨ ਨਜ਼ਰਬੰਦ ਕਰ ਦਿੱਤਾ ਗਿਆ। 1977 ਵਿੱਚ ਜਨਤਾ ਸਰਕਾਰ ਬਣਨ ਉਪਰੰਤ ਹੀ ਰਿਹਾਅ ਕੀਤਾ ਗਿਆ।
ਕਾਲਜ ਪੜ੍ਹਦਿਆਂ ਹੀ ਉਨ੍ਹਾਂ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਵੀ ਚੁਣਿਆ ਗਿਆ, ਜੋ ਸ਼ਾਇਦ ਪੰਜਾਬ ਦਾ ਪਹਿਲਾ ਘੱਟ ਉਮਰ ਦਾ ਅਤੇ ਕਿਸੇ ਵਿਦਿਆਰਥੀ ਨੂੰ ਚੁਣਿਆ ਜਾਣਾ ਸੀ। ਪਿੰਡ ਅਤੇ ਇਲਾਕੇ ਵਿੱਚ ਉਨ੍ਹਾਂ ਨੇ ਜ਼ਿਕਰਯੋਗ ਤਬਦੀਲੀਆਂ ਲਿਆਂਦੀਆਂ, ਜਿਸ ਨੂੰ ਹੁਣ ਤੱਕ ਵੀ ਲੋਕ ਯਾਦ ਕਰਦੇ ਹਨ।
ਹੁਣ ਤੱਕ ਕਵਿਤਾ ਦੀਆਂ ਉਨ੍ਹਾਂ ਦੀਆਂ ਪੰਜ ਕਿਤਾਬਾਂ, ਦੋ ਵਾਰਤਕ ਦੀਆਂ ਅਤੇ ਛੇ ਸੰਪਾਦ ਕੀਤੀਆਂ ਕਿਤਾਬਾਂ ਛਪ ਚੁਕੀਆਂ ਹਨ। ਭਾਸ਼ਾ ਵਿਭਾਗ ਪੰਜਾਬ ਵੱਲੋਂ ਉਸ ਨੂੰ ‘ਸ਼੍ਰੋਮਣੀ ਪੰਜਾਬੀ ਕਵੀ (ਵਿਦੇਸ਼ੀ)’ ਵੀ ਐਲਾਨਿਆ ਗਿਆ। ਉਨ੍ਹਾਂ ਦੀ ਕਵਿਤਾ ਉਪਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਐਮ.ਫਿਲ. ਅਤੇ ਪੀਐਚ.ਡੀ. ਦੇ ਖੋਜ ਪੱਤਰ ਵੀ ਲਿਖੇ ਜਾ ਚੁਕੇ ਹਨ। 1984 ਵਿੱਚ ਅਮਰੀਕਾ ਆਉਣ `ਤੇ ਵੀ ਉਨ੍ਹਾਂ ਨੇ ਆਪਣੀਆਂ ਸਾਹਿਤਕ ਸਰਗਰਮੀਆਂ ਜਾਰੀ ਰੱਖੀਆਂ। ਮੈਰੀਲੈਂਡ ਸਟੇਟ ਦੇ ਸ਼ਹਿਰ ਬਾਲਟੀਮੋਰ ਵਿੱਚ ਉਨ੍ਹਾਂ ਨੇ ‘ਪੰਜਾਬੀ ਸੁਸਾਇਟੀ ਬਾਲਟੀਮੋਰ’ ਨਾਂ ਦੀ ਸੰਸਥਾ ਬਣਾਈ, ਜਿਸ ਵੱਲੋਂ ਨਾਮੀ ਸਾਹਿਤਕਾਰਾਂ ਨੂੰ ਬੁਲਾਇਆ ਅਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਹੱਥ ਲਿਖਤ ਮਾਸਿਕ ਪਰਚਾ ‘ਦਸਤਕ’ ਵੀ ਕਈ ਸਾਲ ਕੱਢਿਆ।
ਵਾਸ਼ਿੰਗਟਨ ਡੀ.ਸੀ. ਵਿੱਚ ਲਹਿੰਦੇ ਪੰਜਾਬ ਦੇ ਅਦੀਬਾਂ ਵੱਲੋਂ ਬਣਾਈ ਗਈ ਸੰਸਥਾ ਅਪਨਾ (ੳਫਂੳ) ਅਕੈਡਮੀ ਆਫ ਪੰਜਾਬ ਇਨ ਨੌਰਥ ਅਮੈਰਿਕਾ ਵਿੱਚ ਉਨ੍ਹਾਂ ਸਰਗਰਮੀ ਨਾਲ ਹਿੱਸਾ ਲਿਆ, ਜਿਸ ਵੱਲੋਂ ਕਈ ਆਲਮੀ ਕਾਨਫਰੰਸਾਂ ਵੀ ਕਰਵਾਈਆਂ ਗਈਆਂ। ਕਰਤਾਰ ਸਿੰਘ ਦੁੱਗਲ, ਰਘਬੀਰ ਸਿੰਘ ਸਿਰਜਣਾ, ਅਮਰਜੀਤ ਚੰਦਨ, ਮਜ਼ਹਰ ਤਿਰਮਜ਼ੀ, ਮੁਸ਼ਤਾਕ ਸੂਫ਼ੀ, ਸਾਧੂ ਬਿਨਿੰਗ, ਸੁਖਵੰਤ ਹੁੰਦਲ, ਓਂਕਾਰਪ੍ਰੀਤ, ਕੁਲਵਿੰਦਰ ਖ਼ਹਿਰਾ ਅਤੇ ਇਰਫ਼ਾਨ ਮਲਿਕ ਵਰਗੇ ਵੱਡੇ ਨਾਂਵਾਂ ਵਾਲੇ ਸਾਹਿਤਕਾਰਾਂ ਨੇ ਇਨ੍ਹਾਂ ਕਾਨਫਰੰਸਾਂ ਵਿੱਚ ਸ਼ਿਰਕਤ ਕੀਤੀ। ਦੇਸ਼ ਅਤੇ ਵਿਦੇਸ਼ ਵਿੱਚ ਵੀ ਉਨ੍ਹਾਂ ਦੀ ਸਿਰਜਣਾ ਨੂੰ ਮਾਨਤਾ ਮਿਲ ਚੁਕੀ ਹੈ। ਉਨ੍ਹਾਂ ਦੀਆਂ ਕਵਿਤਾ ਅਤੇ ਵਾਰਤਕ ਕਿਤਾਬਾਂ ਨੂੰ ਲਹਿੰਦੇ ਪੰਜਾਬ ਵਿੱਚ ਸ਼ਾਹਮੁਖੀ ਵਿੱਚ ਵੀ ਉਲਥਾਇਆ ਗਿਆ ਹੈ। ਉਨ੍ਹਾਂ ਨੂੰ ਓਧਰ ਵਸਦੇ ਪੰਜਾਬ ਵਿੱਚ ਵੀ ਭਰਵਾਂ ਹੁੰਗਾਰਾ ਮਿਲਿਆ।
ਗਲੋਬਲ ਪੰਜਾਬੀ ਮਿਲਾਪ ਸ਼ਿਕਾਗੋ, ਕੌਮਾਂਤਰੀ ਮਾਂ ਬੋਲੀ ਦਿਹਾੜਾ ਸ਼ਿਕਾਗੋ, ਵਿਸ਼ਵ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ, ਪੰਜਾਬ ਭਵਨ ਵੈਨਕੂਵਰ, ਗੁਲਸ਼ਨ ਰੇਡੀਓ ਯੂ.ਕੇ. ਤੇ ਹੋਰ ਪੰਜਾਬੀ ਅਖਬਾਰ; ਰਚਨਾ ਵਿਚਾਰ ਮੰਚ ਨਾਭਾ, ਜਲਿ੍ਹਆਂਵਾਲਾ ਬਾਗ ਮੈਮੋਰੀਅਲ ਕਮੇਟੀ ਮੈਰੀਲੈਂਡ, ਪੰਜਾਬੀ ਵਿਰਸਾ ਟਰੱਸਟ ਫਗਵਾੜਾ, ਸ਼ਹੀਦ ਕਰਤਾਰ ਸਿੰਘ ਸਰਾਭਾ ਕਮੇਟੀ (ਟੋਰਾਂਟੋ), ਰਾਮਗੜ੍ਹੀਆ ਸਿੰਘ ਫਾਊਂਡੇਸ਼ਨ (ਓਂਟਾਰੀਓ) ਆਦਿ ਸੰਸਥਾਵਾਂ ਵੱਲੋਂ ਰਵਿੰਦਰ ਸਹਿਰਾਅ ਨੂੰ ਸਮੇਂ ਸਮੇਂ ਸਨਮਾਨਿਤ ਕੀਤਾ ਗਿਆ ਹੈ।
ਅੱਜ ਕੱਲ੍ਹ ਉਹ ਚੈਸਟਰਸਨ (ਇੰਡੀਆਨਾ) ਵਿੱਚ ਕਿਆਮ ਕਰ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ ਦੀ ਅਗਵਾਈ ਵਿੱਚ ਕਰਾਊਨ ਪੁਆਇੰਟ ਵਿੱਚ ‘ਪੰਜਾਬੀ ਸਕੂਲ’ ਵੀ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਬੱਚਿਆਂ ਨੂੰ ਪੈਂਤੀ ਅੱਖਰ ਪੜ੍ਹਨ-ਲਿਖਣ ਦੇ ਨਾਲ ਨਾਲ ਸਿੱਖ ਇਤਿਹਾਸ, ਅਮਰੀਕਨ ਇਤਿਹਾਸ ਅਤੇ ਪੰਜਾਬੀ ਸਾਹਿਤ ਨਾਲ ਜੋੜਿਆ ਜਾ ਰਿਹਾ ਹੈ। ਆਉਂਦੀ 19 ਜੁਲਾਈ ਨੂੰ ਅਖਬਾਰ ‘ਪੰਜਾਬੀ ਪਰਵਾਜ਼’ ਦੇ ਦੂਜੇ ਸਾਲਾਨਾ ਸਮਾਗਮ ਵਿੱਚ ਸ. ਸਹਿਰਾਅ ਬਤੌਰ ਬੁਲਾਰਾ ਸ਼ਿਰਕਤ ਕਰ ਰਹੇ ਹਨ, ਜਿੱਥੇ ਉਹ ਆਪਣੇ ਸੁਚੱਜੇ ਵਿਚਾਰਾਂ ਦੀ ਸਾਂਝ ਆਏ ਮਹਿਮਾਨਾਂ ਨਾਲ ਪਾਉਣਗੇ।

Leave a Reply

Your email address will not be published. Required fields are marked *