ਸਰਵ ਉੱਚ ਸੰਸਥਾ, ਪੰਚ-ਪ੍ਰਧਾਨੀ ਸਿਧਾਂਤ ਅਤੇ ਜਥੇਦਾਰ

ਅਧਿਆਤਮਕ ਰੰਗ ਵਿਚਾਰ-ਵਟਾਂਦਰਾ

ਅਕਾਲ ਤਖ਼ਤ ਸਾਹਿਬ ਦਾ ਧਿਆਨ ਧਰਦਿਆਂ…
ਕਿੰਜ ਕਾਇਮ ਰਹੇ ਸਿੱਖੀ ਸੋਚ, ਸਿਧਾਂਤ ਦੀ ਸਰਦਾਰੀ?
ਅਕਾਲ ਤਖਤ ਸਾਹਿਬ ਦੇ ਸਿਧਾਂਤਕੀ ਮਾਡਲ ਦੇ ਸੰਦਰਭ ਵਿੱਚ ਇਹ ਬਹੁਤ ਮਾਇਨੇ ਰੱਖਦਾ ਹੈ ਕਿ ਸੂਖਮ ਸਿੱਖ ਸਿਧਾਂਤਾਂ ਨੂੰ ਪ੍ਰਚਾਰਨ-ਪ੍ਰਸਾਰਨ ਤੇ ਅਮਲ `ਚ ਪ੍ਰਗਟ ਕਰਨ ਲਈ ਗੁਰੂ ਸਾਹਿਬਾਨ ਨੇ ਸਮੇਂ ਸਮੇਂ ‘ਸੰਸਥਾਵਾਂ’ ਦੀ ਸਿਰਜਣਾ ਕੀਤੀ; ਪਰ ਜਿਸ ਤਰ੍ਹਾਂ ਨਿੱਜੀ ਸਿਆਸਤ ਜਾਂ ਸੱਤਾ ਦੀ ਸਰਦਾਰੀ ਕਾਇਮ ਰੱਖਣ ਲਈ ਸਿੱਖ ਪੰਥ ਦੀ ਸਰਵ ਉੱਚ ਸੰਸਥਾ ਅਕਾਲ ਤਖਤ ਸਾਹਿਬ ਦੀ ਸਿਧਾਂਤਕੀ ਸਰਦਾਰੀ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ,

ਪ੍ਰਤੱਖ-ਅਪ੍ਰਤੱਖ ਰੂਪ ਵਿੱਚ ਸਭ ਦੇ ਸਾਹਮਣੇ ਹੈ। ਇਸ ਵਰਤਾਰੇ ਨੂੰ ਠੱਲ੍ਹਣਾ ਬੇਹਦ ਜ਼ਰੂਰੀ ਹੈ। ਸਿਧਾਂਤ ਆਧਾਰਿਤ, ਸਿਧਾਂਤਕ ਸਿੱਖ ਸੰਸਥਾਵਾਂ ਦੀ ਸਿਰਜਣਾ ‘ਸ਼ਖ਼ਸੀ’ ਗੁਲਾਮੀ ਤੋਂ ਨਿਜ਼ਾਤ ਦਿਵਾਉਣ ਵੱਲ ਇੱਕ ਪੜਾਅ ਸੀ, ਪਰ ਪਿਛਲੇ ਲੰਮੇ ਸਮੇਂ ਤੋਂ ਹੋ ਇਹ ਰਿਹਾ ਹੈ ਕਿ ਸਿੱਖ ਧਰਮ ਵਿੱਚ ‘ਵਿਚਾਰ’ ਦੀ ਪ੍ਰਮੁੱਖਤਾ ਨਾਲੋਂ ‘ਵਿਅਕਤੀ ਵਿਸ਼ੇਸ਼’ ਦੀ ਅਹਿਮੀਅਤ ਦਾ ਪੜੁੱਲ ਬੱਝ ਗਿਆ ਹੋਇਆ ਹੈ। ਸਿੱਖੀ ਸੋਚ, ਸਿਧਾਂਤ ਦੀ ਸਰਦਾਰੀ ਕਿੰਜ ਕਾਇਮ ਰਹੇ? ਇਹ ਸਵਾਲ ਸਿੱਖ ਪੰਥਕ ਸਫਾਂ ਲਈ ਅਹਿਮ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਡਾ. ਰੂਪ ਸਿੰਘ ਵੱਲੋਂ ਭੇਜਿਆ ਗਿਆ ਹਥਲਾ ਲੰਮਾ ਤੇ ਅਹਿਮ ਲੇਖ ਪੜ੍ਹਨ ਤੇ ਵਿਚਾਰਨ ਯੋਗ ਹੈ। ਪੇਸ਼ ਹੈ, ਇਸ ਲੇਖ ਦੀ ਪਹਿਲੀ ਕਿਸ਼ਤ… –ਪ੍ਰਬੰਧਕੀ ਸੰਪਾਦਕ

ਡਾ. ਰੂਪ ਸਿੰਘ*
ਫੋਨ: +91-9814637979
ਰੋੋਪਸਡ@ੇਅਹੋੋ।ਚੋਮ
*ਸਾਬਕਾ ਮੁੱਖ ਸਕੱਤਰ, ਸ਼੍ਰੋਮਣੀ ਕਮੇਟੀ ਸ੍ਰੀ ਅੰਮ੍ਰਿਤਸਰ

ਕਿਰਤ ਕਰਨੀ, ਨਾਮ ਜਪਣਾ, ਵੰਡ ਛੱਕਣਾ ਸਿੱਖ ਜੀਵਨ ਜਾਚ ਹੈ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਦੇ ਧਾਰਣੀ ਹੋ, ਨਿਰੰਕਾਰੁ `ਚ ਅਭੇਦ ਹੋਣਾ ਸਿੱਖ ਦੀ ਮੰਜ਼ਲ। ਸਿੱਖ ਧਰਮ ਸਥੂਲ ਤੋਂ ਸੂਖਮਤਾ ਦੀ ਸਿਖ਼ਰ ਵੱਲ ਯਾਤਰਾ ਹੈ। ਸਿੱਖ ਸਿਧਾਂਤਕ ਤੇ ਸੰਗਤੀ ਧਰਮ ਹੋਣ ਕਾਰਨ ਸਮੇਂ-ਸਥਾਨ, ਸਥੂਲਤਾ ਤੇ ਸ਼ਖ਼ਸ-ਪ੍ਰਸਤੀ ਦੀਆਂ ਸੀਮਾਵਾਂ ਤੋਂ ਸੁਤੰਤਰ ਹੈ। ਸ਼ਬਦ-ਗੁਰੂ ਦਾ ਸਿਧਾਂਤ ਸਿੱਖ ਦੀ ਅਗਵਾਈ ਕਰਦਾ ਹੈ। ਸਿੱਖ ਸ਼ਬਦ-ਪ੍ਰਸਤ ਹੈ, ਕਿਸੇ ਵੀ ਰੂਪ `ਚ ਸ਼ਖ਼ਸ-ਪ੍ਰਸਤ ਨਹੀਂ। ਮੂਲ ਰੂਪ `ਚ ਸਿੱਖ ਧਰਮ ਤੌਹੀਦ-ਪ੍ਰਸਤ ਹੋਣ ਕਾਰਨ ਸਿੱਖ ‘ਸ਼ਖ਼ਸ’-ਪ੍ਰਸਤ ਹੋ ਹੀ ਨਹੀਂ ਸਕਦਾ। ਬ੍ਰਹਿਮੰਡ ਦੇ ਹਰ ਕੋਨੇ `ਚ ਸਿੱਖ, ਸਿੱਖ ਧਰਮ ਨੂੰ ਅਪਨਾ-ਸਵੀਕਾਰ ਕਰ, ਬ੍ਰਹਿਮੰਡੀ ਸ਼ਹਿਰੀ ਵਜੋਂ ‘ਮੌਜ’ ਨੂੰ ਮਾਣ ਸਕਦਾ ਹੈ। ਸਿੱਖ ਗੁਰੂ ਸਾਹਿਬਾਨ, ਅਕਾਲ ਪੁਰਖ ਦਾ ‘ਨਿਰਗੁਣ-ਸਰਗੁਣ’ ਸਮਰੱਥ ਸਾਕਾਰ ਰੂਪ ਹਨ। ਫ਼ਿਰ ਵੀ ਅਸੀਂ ਦੇਖਦੇ ਹਾਂ ਕਿ ਸ਼ਖ਼ਸ-ਪ੍ਰਸਤੀ ਤੋਂ ਬਚਣ ਲਈ ਗੁਰਬਾਣੀ ਕੇਵਲ ‘ਨਾਨਕ ਜੋਤਿ’ ਦੀ ਮੋਹਰ ਅਧੀਨ ਅੰਕਿਤ ਕੀਤੀ ਗਈ। ਸੰਸਾਰਿਕ ਭਰਮਣ ਸਮੇਂ ਵੀ ਗੁਰੂ ਸਾਹਿਬਾਨ ਵਿਅਕਤੀਗਤ ਰੂਪ `ਚ ਨਹੀਂ ਵਿਚਰਦੇ ਦਿਖਾਈ ਦਿੰਦੇ, ਸਗੋਂ ਸੰਗੀ-ਸਾਥੀ ਸਾਥ ਰਹੇ। ਜਗਤ ਸੁਧਾਰ ਯਾਤਰਾਵਾਂ ਤੇ ਸ਼ਹਾਦਤ ਦੇਣ ਸਮੇਂ ਵੀ ਸਿੱਖਾਂ ਨੂੰ ਸਾਥ ਰੱਖਿਆ। ‘ਇਕੁ ਸਿਖੁ ਦੁਇ ਸਾਧਸੰਗ ਪੰਜੀਂ ਪਰਮੇਸਰੁ’ ਦੀ ਭਾਵਨਾ ਸਦ ਬਰਕਰਾਰ ਰਹੀ ਤੇ ‘ਗੁਰੂ-ਸਿੱਖ’ ਦੀ ਪ੍ਰੀਤ-ਰੀਤ ਵੀ ਪ੍ਰਗਟ ਹੈ।
ਸੂਖਮ ਸਿੱਖ ਸਿਧਾਂਤਾਂ ਨੂੰ ਪ੍ਰਚਾਰਨ-ਪ੍ਰਸਾਰਨ ਤੇ ਅਮਲ `ਚ ਪ੍ਰਗਟ ਕਰਨ ਲਈ ਗੁਰੂੂ-ਸਾਹਿਬਾਨ ਨੇ ਸਮੇਂ ਸਮੇਂ ‘ਸੰਸਥਾਵਾਂ’ ਦੀ ਸਿਰਜਣਾ ਕੀਤੀ। ਸੰਗਤ-ਪੰਗਤ, ਗੁਰਦੁਆਰੇ, ਅਕਾਲ ਤਖ਼ਤ ਸਾਹਿਬ, ਪੰਜ ਪਿਆਰੇ, ‘ਗੁਰੂ-ਪੰਥ’ ਦੀਆਂ ਪ੍ਰਮੁੱਖ ਸਿਧਾਂਤਕ-ਸੰਗਤੀ ਸੰਸਥਾਵਾਂ ਹਨ। ਸਿਧਾਂਤ ਆਧਾਰਿਤ, ਸਿਧਾਂਤਕ ਸਿੱਖ ਸੰਸਥਾਵਾਂ ਦੀ ਸਿਰਜਣਾ ਵੀ ‘ਸ਼ਖ਼ਸੀ’ ਗੁਲਾਮੀ ਤੋਂ ਨਿਜ਼ਾਤ ਦਿਵਾਉਣ ਵੱਲ ਇੱਕ ਪੜਾਅ ਸੀ। ਸਿੱਖ ਧਰਮ ਵਿੱਚ ‘ਵਿਚਾਰ’ ਦੀ ਪ੍ਰਮੁੱਖਤਾ ਹੈ, ਵਿਅਕਤੀ ਵਿਸ਼ੇਸ਼ ਦੀ ਨਹੀਂ। ਸੰਗਤ ਪ੍ਰਮੁੱਖ ਹੈ, ਸ਼ਖ਼ਸੀਅਤ ਨਹੀਂ। ਸਿੱਖ ਪਰੰਪਰਾ ਤਾਂ ‘ਗੁਰੂ ਵੀਹ ਵਿਸਵੇ, ਸੰਗਤ ਇੱਕੀ ਵਿਸਵੇ’ ਨੂੰ ਪ੍ਰਵਾਨ ਕਰਦੀ ਹੈ। ਗੁਰਮਤਿ ਵਿਚਾਰਧਾਰਾ ਵਿੱਚ ‘ਪੰਚ-ਪ੍ਰਧਾਨੀ’ ਦੀ ਪ੍ਰਧਾਨਤਾ ਪਹਿਲੇ ਦਿਨ ਤੋਂ ਹੈ। ਪ੍ਰਮੁੱਖ ਸਿਧਾਂਤਕ ਸਿੱਖ ਸੰਸਥਾ ‘ਸ੍ਰੀ ਅਕਾਲ ਤਖ਼ਤ ਸਾਹਿਬ’ ਦੀ ਸਿਰਜਣਾ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਖੁਦ ‘ਸੰਗਤੀ’ ਰੂਪ `ਚ ਧਰਮੀ ਪੁਰਸ਼ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਤੋਂ ਕਰਵਾਈ। ਸਿੱਖਾਂ ਨੂੰ ਆਦੇਸ਼ ਕੀਤਾ ਕਿ ਜੁਆਨੀਆਂ, ਚੰਗੇ ਘੋੜੇ ਤੇ ਸ਼ਸ਼ਤਰ ਭੇਟ ਕੀਤੇ ਜਾਣ। ਤਖ਼ਤ ਅਸਥਾਨ `ਤੇ ਸ਼ਸ਼ਤਰ ਬਿਰਾਜਮਾਨ ਹਨ, ਜੋ ਰੂਹਾਨੀ ਸ਼ਕਤੀ ਨੂੰ ਦੈਵੀ ਤਰੰਗਾਂ ਜ਼ਰੀਏ ਨਿਰੰਤਰ ਬਿਖੇਰਦੇ ਹਨ। ਸ਼ਾਇਦ ਏਹੀ ‘ਸ਼ਸ਼ਤਰਨ ਕੇ ਅਧੀਨ ਹੈ ਰਾਜ’ ਦਾ ਰਾਜ਼ ਹੈ।
ਸਿਰਦਾਰ ਕਪੂਰ ਸਿੰਘ ਦੇ ਲਿਖਣ ਅਨੁਸਾਰ, ‘ਇਉਂ ਗੁਰੂ ਹਰਿਗੋਬਿੰਦ ਜੀ ਨੇ ਭਾਰਤ ਦੇ ਮੁਗਲ ਰਾਜ ਨੂੰ ਅਸਵੀਕਾਰ ਕਰਕੇ ਸਿੱਖਾਂ ਦੇ ਪ੍ਰਭੂਤਾ-ਸੰਪੰਨ ਹੋਣ ਦਾ ਐਲਾਨ ਕਰ ਦਿੱਤਾ। ਅਠਾਰਵੀਂ, ਉਨੀਵੀਂ ਤੇ ਵੀਹਵੀਂ ਸਦੀ ਵਿੱਚ “ਸਿੱਖ ਸੰਗਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਿਸ਼ੇਸ਼ ਮੋਕਿਆਂ ਉੱਪਰ ਇਕੱਠੀ ਹੋ ਕੇ ਸਰਬ ਸੰਮਤੀ ਨਾਲ ਕੌਮੀ ਫ਼ੈਸਲੇ ਲੈਂਦੀ ਰਹੀ”, ਜਿਨ੍ਹਾਂ ਦੀ ਪਾਲਣਾ ਕਰਨੀ ਸਿੱਖ ਲਈ ਜਰੂਰੀ ਮੰਨੀ ਜਾਂਦੀ ਹੈ।…ਤਖ਼ਤਾਂ ਦੇ ਮੁੱਖ ਪ੍ਰਬੰਧਕ ਨੂੰ ‘ਜਥੇਦਾਰ’ ਕਿਹਾ ਜਾਂਦਾ ਹੈ। ਸ਼ਾਬਦਿਕ ਤੌਰ `ਤੇ ‘ਜਥੇਦਾਰ’ ਤੋਂ ਭਾਵ ਹੈ- ਆਗੂ। ਸਿੱਖ ਬੋਲਚਾਲ ਵਿੱਚ ਸਿੱਖ ਸਵੈ-ਸੇਵਕਾਂ ਦੇ ਦਸਤੇ ਦੇ ਆਗੂੂ ਨੂੰ ‘ਜਥੇਦਾਰ’ ਕਿਹਾ ਜਾਂਦਾ ਹੈ, ਜਿਹੜਾ ਉਨ੍ਹਾਂ ਨੂੰ ਜੀਵਨ ਭਰ ਪੰਥ ਲਈ ਜਾਂ ਸਿੱਖ-ਉਦੇਸ਼ਾਂ ਦੀ ਪੂਰਤੀ ਲਈ ਲਾਮਬੰਦ ਕਰਦਾ ਸੀ (ਗੁਰਮਤਿ ਪ੍ਰਕਾਸ਼ ਅਗਸਤ, 1998 ਪੰਨਾ 33)। ਅਸੀਂ ਕਹਿ ਸਕਦੇ ਹਾਂ ਕਿ ‘ਸ੍ਰੀ ਅਕਾਲ ਤਖ਼ਤ ਸਾਹਿਬ’, ‘ਗੁਰੂ-ਪੰਥ’ ਦੀ ਸਰਵ ਉੱਚ ਸੰਸਥਾ ਹੈ, ਜੋ ਹਰ ਸਮੇਂ ਸਿੱਖ ਧਰਮ ਦੇ ਵਿਕਾਸ-ਵਿਗਾਸ ਦੇ ਸਮਰੱਥ ਹੈ। ਇਹ ਕੌਮੀ ਸਿਧਾਂਤਕ ਸਿੰਘਾਸਨ ਹੈ, ਜੋ ਪੰਜ ਪਿਆਰਿਆਂ ਦੇ ਰੂਪ ਵਿੱਚ ‘ਪੰਚ-ਪ੍ਰਧਾਨੀ’ ਪ੍ਰਥਾ ਦਾ ਪ੍ਰਗਟਾਅ ਹੈ। ਪ੍ਰਮੁੱਖਤਾ ਪੰਜ ਪਿਆਰਿਆਂ ਦੀ ਹੈ, ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ। ਸਿਧਾਂਤਕ ਸੰਸਥਾ `ਚ ‘ਸ਼ਖ਼ਸੀਅਤ’ ਪ੍ਰਮੁੱਖ ਹੋ ਨਹੀਂ ਸਕਦੀ। ਗੁਰਮਤਿ ਵਿਚਾਰਧਾਰਾ ਅਨੁਸਾਰ ‘ਗੁਰੂ’ ਤੇ ‘ਸਿੱਖ’ ਦਾ ਸਿੱਧਾ ਸਬੰਧ ਹੈ, ਕਿਸੇ ਵੀ ਰੂਪ `ਚ ‘ਵਿਚੋਲੇ’ ਨੂੰ ਪ੍ਰਵਾਨਗੀ ਨਹੀਂ।
ਸਿਧਾਂਤਕ ਤੌਰ `ਤੇ ‘ਪੰਜ ਪਿਆਰੇ’ ਗੁਰੂ-ਜੋਤਿ ਦਾ ਪ੍ਰਗਟਾਅ ਹਨ। ‘ਪੰਜ ਪਿਆਰੇ’ ਰਹੱਸਮਈ ਸਿਧਾਂਤਕ ਸੰਸਥਾ ਹੈ, ਪੰਜ ਸਰੀਰ ਨਹੀਂ, ‘ਗੁਰੂ-ਜੋਤਿ’ ਰੂਪ `ਚ ਇੱਕ ਹਨ। ਜੇ ਸਰੀਰ ਹੁੰਦੇ ਤਾਂ ਗੁਰੂ ਗੋਬਿੰਦ ਰਾਇ ਤੋਂ ਗੁਰੂ ਗੋਬਿੰਦ ਸਿੰਘ ਸਜਾਉਣ ਲੱਗਿਆ, ਚਮਕੌਰ ਦੀ ਗੜ੍ਹੀ ਛੱਡਣ ਦਾ ਹੁਕਮ ਦੇਣ ਤੇ ਦਾਦੂ ਦੀ ਸਮਾਧ ਨੂੰ ਤੀਰ ਦੇ ਗੋਛੇ ਨਾਲ ਨਮਸ਼ਕਾਰ ਕਰਨ `ਤੇ ਤਨਖਾਹ ਲਾਉਣ ਵਾਲੇ ‘ਪੰਜ ਪਿਆਰੇ’ ਭਿੰਨ ਨਾ ਹੁੰਦੇ! ਸ਼ਖ਼ਸੀਅਤ ਦੀ ਪ੍ਰਮੁੱਖਤਾ ਪ੍ਰਵਾਨ ਹੋਣ ਨਾਲ ‘ਸਿਧਾਂਤਕ ਸਿੰਘਾਸਨ’ ਦੀ ਸ਼ਕਤੀ ਗੌਣ ਹੋ, ‘ਨਿੱਜ’ ਲਈ ਵਰਤੀ ਜਾਵੇਗੀ। ਇਤਿਹਾਸ `ਚ ਇਸ ਤਰ੍ਹਾਂ ਵਾਪਰਿਆ, ਪੁਜਾਰੀਆਂ ਨਿੱਜੀ ਹਿੱਤਾਂ ਦੀ ਪੂਰਤੀ ਤੇ ਆਪਣੀਆਂ ਘਾਟਾਂ-ਕਮਜ਼ੋਰੀਆਂ ਨੂੰ ਛੁਪਾਉਣ ਲਈ 18 ਮਾਰਚ 1887 ਨੂੰ ਪ੍ਰੋਫ਼ੈਸਰ ਗੁਰਮੁੱਖ ਸਿੰਘ ਨੂੰ ਪੰਥ `ਚੋਂ ਖਾਰਜ ਕਰਨ ਦਾ ਹੁਕਨਾਮਾ ਜਾਰੀ ਕੀਤਾ ਗਿਆ। ਸ਼ਬਦ ਸਨ: ਹਮ ਤਮਾਮ ਪੁਜਾਰੀਆਨ ਵ ਗ੍ਰੰਥੀਆਨ ਵ ਨੰਬਰਦਾਰਾਨ ਸ੍ਰੀ ਗੁਰਦਵਾਰੇ ਹਾਇ ਮਮਦੂਰ ਤਹਿਰੀਰ ਕਰਤੇ ਹੈਂ ਕਿ, ‘ਗੁਰਮੁਖ ਸਿੰਘ ਮਜਕੂਰ ਪੰਥ ਖਾਲਸਾ ਸੇ ਅਲਹਿਦਾ ਕੀਆ ਗਿਆ ਹੈ,…ਦਸਤਖ਼ਤ ਹਾਜ਼ਰੀਨ ਸਿੰਘਾਨ ਉਹਦੇਦਾਰਾਨ ਵ ਗ੍ਰੰਥੀਆਨ ਵ ਪੁਜਾਰੀਆਨ: ਸਰਦਾਰ ਮਾਨ ਸਿੰਘ ਸਰਬਰਾਹ ਗੁਰਦਵਾਰੇ ਸਾਹਿਬਾਨ, ਸ: ਕਾਨ੍ਹ ਸਿੰਘ ਮਜੀਠੀਆ ਰਈਸ, ਭਾਈ ਹਰਨਾਮ ਸਿੰਘ ਗ੍ਰੰਥੀ ਦਰਬਾਰ ਸਾਹਿਬ, ਭਾਈ ਗੁਲਾਬ ਸਿੰਘ ਮਹੰਤ ਸ੍ਰੀ ਅਕਾਲ ਬੁੰਗਾ ਸਾਹਿਬ ਆਦਿ… (ਕੁਲ 31 ਨਾਮ ਅੰਕਿਤ ਹਨ)। ‘ਪੁਜਾਰੀਆਂ’ ਦੇ ਉਕਤ ‘ਪੰਥਕ-ਜੁਗਤਿ’ ਵਿਹੂਣੇ ਹੁਕਮਨਾਮੇ ਨੂੰ ਗੁਰੂ-ਪੰਥ ਵੱਲੋਂ ਰੱਦ ਕਰਦਿਆਂ ਪ੍ਰੋਫ਼ੈਸਰ ਗੁਰਮੁੱਖ ਸਿੰਘ ਨੂੰ ਅਕਾਲ ਚਲਾਣੇ ਉਪਰੰਤ 25 ਸਤੰਬਰ 1995 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਨਮਾਨਿਤ ਕੀਤਾ ਗਿਆ।
ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਮੂਲ ਮਨੋਰਥ, ਗੁਰਦੁਆਰਿਆਂ ਦਾ ਪ੍ਰਬੰਧ ‘ਸ਼ਖ਼ਸੀ-ਮਹੰਤਾਂ’ ਤੋਂ ‘ਸੰਗਤੀ’ ਪ੍ਰਬੰਧ ਅਧੀਨ ਲਿਆਉਣਾ ਸੀ ਤਾਂ ਜੋ ‘ਸੰਗਤੀ-ਸਿਧਾਂਤ’ `ਤੇ ਅਮਲ ਹੋ ਸਕੇ। ਸਿਧਾਂਤਕ ਰੂਪ `ਚ ਸ਼ਖ਼ਸੀਅਤ ਪ੍ਰਸਤੀ ਨੂੰ ਕੋਈ ਥਾਂ ਨਹੀਂ। ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਅਨੁਸਾਰ ‘ਗੁਰੂ ਪੰਥ’ : ਤਿਆਰ-ਬਰ-ਤਿਆਰ ਸਿੰਘਾਂ ਦੇ ਸਮੁੱਚੇ ਸਮੂਹ ਨੂੰ ‘ਗੁਰੂ ਪੰਥ’ ਆਖਦੇ ਹਨ। ਇਸ ਦੀ ਤਿਆਰੀ ਦਸਾਂ ਗੁਰੂ ਸਹਿਬਾਨ ਨੇ ਕੀਤੀ ਅਤੇ ਦਸਮ ਗੁਰੂ ਜੀ ਨੇ ਇਸ ਦਾ ਅੰਤਿਮ ਸਰੂਪ ਬੰਨ੍ਹ ਕੇ ਗੁਰਿਆਈ ਸੌਂਪੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ’ਚ ‘ਪੰਜ ਪਿਆਰੇ’ ਹੀ ਅੰਮ੍ਰਿਤ ਅਭਿਲਾਖੀ ਨੂੰ ਅੰਮ੍ਰਿਤ ਸੰਚਾਰ ਰਾਹੀਂ, ਸਿੱਖ ਤੋਂ ‘ਸਿੰਘ ਪਦਵੀ’ ਬਖ਼ਸ਼ਿਸ਼ ਕਰਨ ਤੇ ਭੁੱਲ ਸਮੇਂ ਤਨਖ਼ਾਹ ਲਾਉਣ ਦੇ ਅਧਿਕਾਰੀ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਵੀ ਗੁਰੂ ਪੰਥ ਦੇ ਪ੍ਰਤੀਨਿਧ ‘ਪੰਜ ਪਿਆਰੇ’ ਸਾਹਿਬਾਨ ਰਾਹੀਂ ਹੀ ਹੋ ਸਕਦੀ ਹੈ। ‘ਪੰਜ ਪਿਆਰੇ’ ਸਾਹਿਬਾਨ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਮੁੱਖ ਗ੍ਰੰਥੀ/ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਤਖ਼ਤਾਂ ਦੇ ਜਥੇਦਾਰ ਸਾਹਿਬਾਨ, ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਿੰਘ ਸ਼ਾਮਲ ਹੋ ਸਕਦੇ ਹਨ। ਰੁਤਬਾ ‘ਪੰਜ ਪਿਆਰੇ’ ਸਾਹਿਬਾਨ ਦਾ ਹੀ ਸਰਵ ਉੱਚ ਹੈ। ਅਰਦਾਸ ਵਿੱਚ ਵੀ ਗੁਰੂ ਸਾਹਿਬਾਨ ਤੋਂ ਉਪਰੰਤ ‘ਪੰਜ ਪਿਆਰੇ’ ਸਾਹਿਬਾਨ ਨੂੰ ਹੀ ਸਿਮਰਦੇ ਹਾਂ, ਕਿਸੇ ਵਿਅਕਤੀ-ਵਿਸ਼ੇਸ਼ ਨੂੰ ਨਹੀਂ। ਸਾਡੇ ਪੁਰਖੇ ਕਿੰਨੇ ਸੁਚੇਤ ਸਨ ਕਿ ਅਰਦਾਸ `ਚ ‘ਪੰਜਾਂ ਪਿਆਰਿਆਂ’ ਤੇ ਮਹਾਨ ਸ਼ਹੀਦਾਂ ਦੇ ਪਵਿੱਤਰ ਨਾਮ ਵੀ ਸ਼ਾਮਲ ਨਹੀਂ ਕੀਤੇ। ਕੜਾਹ ਪ੍ਰਸਾਦਿ ਦੀ ਦੇਗ ਵਰਤਾਉਣ ਤੋਂ ਪਹਿਲਾਂ ‘ਪੰਜ ਪਿਆਰਿਆਂ’ ਦਾ ਗੱਫ਼ਾ ਕੱਢਣ ਦਾ ਵਿਧਾਨ ਤੇ ਬਲਵਾਨ ਪਰੰਪਰਾ ਹੈ, ਪਰ ਕਿਸੇ ਵਿਅਕਤੀ-ਵਿਸ਼ੇਸ਼ ਲਈ ਅਜਿਹਾ ਨਹੀਂ ਕੀਤਾ ਜਾ ਸਕਦਾ। ‘ਪੰਜ ਪਿਆਰੇ’ ਇਕਾਈ ਰੂਪ `ਚ ਸਿਧਾਂਤ ਅਨੁਸਾਰ ਕਾਰਜਸਿੱਧਿ ਤੱਕ ‘ਗੁਰੂ-ਜੋਤਿ’ ਹਨ। ਸ਼ਪੱਸਟ ਹੈ ਕਿ ਵਿਅਕਤੀ ਵਿਸ਼ੇਸ਼ ਨੂੰ ਕੋਈ ਵਿਸ਼ੇਸ਼ ਅਧਿਕਾਰ ਨਹੀਂ।
ਕੌਮੀ ਪੱਧਰ `ਤੇ ਫ਼ੈਸਲੇ ਲੈਣ ਦਾ ਅਧਿਕਾਰ ‘ਗੁਰੂ-ਪੰਥ’ ਪਾਸ ਹੈ। ‘ਗੁਰੂ-ਪੰਥ’ ਦੀ ਸਰਵ-ਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਹਿਬ ਹੈ। ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਅਨੁਸਾਰ, ‘ਗੁਰਮਤਾ ਗੁਰੂ-ਪੰਥ ਦਾ ਚੁਣਿਆ ਹੋਇਆ ਕੇਵਲ ਸ਼੍ਰੋਮਣੀ ਜਥਾ ਜਾਂ ਗੁਰੂ-ਪੰਥ ਦਾ ਪ੍ਰਤੀਨਿਧ ਇਕੱਠ ਹੀ ਕਰ ਸਕਦਾ ਹੈ।’ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਜਨਰਲ ਅਜਲਾਸ ਨੂੰ ਚੁਣੇ ਹੋਏ ਸਿੱਖਾਂ ਦੇ ਪ੍ਰਤੀਨਿੱਧ ਇਕੱਠ (ਸਰਬੱਤ ਖਾਲਸਾ) ਹੋਣ ਦਾ ਮਾਣ-ਸਤਿਕਾਰ ਹਾਸਲ ਹੈ। ਵੀਹਵੀਂ ਸਦੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ, ਜਨਰਲ ਅਜਲਾਸ ਸਮੇਂ ਤਖ਼ਤ ਸਾਹਿਬਾਨ ਦੇ ਜਥੇਦਾਰ ਵੀ ਬਤੌਰ ਮੈਂਬਰ ਹਾਜ਼ਰ ਹੁੰਦੇ ਹਨ ਅਤੇ ਬਾਕਾਇਦਾ ਹਾਜ਼ਰੀ ਰਜਿਸਟਰ `ਤੇ ਹਾਜ਼ਰੀ ਲਾਉਂਦੇ ਹਨ। ਕੌਮੀ ਫ਼ੈਸਲੇ ਜਨਰਲ ਅਜਲਾਸ ਸਮੇਂ ਹੀ ਲਏ ਜਾਂਦੇ ਸਨ। ਪ੍ਰਮਾਣ ਵਜੋਂ, ਨਾਭੇ ਦੇ ਅਹਿਲਕਾਰ ਗੁਰਦਿਆਲ ਸਿੰਘ ਪ੍ਰਤੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਤੰਬਰ 1923 `ਚ ਜਾਰੀ ਹੁਕਮਨਾਮੇ ਦੀ ਸਿਧਾਂਤਕ ਇਬਾਰਤ ਬਹੁਤ ਕੁਝ ਸਪੱਸ਼ਟ ਕਰਦੀ ਹੈ: …ਇਸ ਲਈ ਗੁਰੂ-ਪੰਥ ਵੱਲੋਂ ਪ੍ਰਾਪਤ ਧਾਰਮਿਕ ਵਸੀਕਾਰਾਂ ਅਤੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ‘ਸ੍ਰੀ ਅਕਾਲ ਤਖ਼ਤ ਦੇ ਹਜ਼ੂਰੋਂ ਹੁਕਮਨਾਮਾ ਜਾਰੀ ਕਰਕੇ’ ਸਰਬੱਤ ਪੰਥ ਖਾਲਸਾ ਪ੍ਰਤੀ ਪ੍ਰਗਟ ਕੀਤਾ ਜਾਂਦਾ ਹੈ ਕਿ ਉਕਤ ਗੁਰਦਿਆਲ ਸਿੰਘ ਨੂੰ ਉਸਦੇ ਕੁਕਰਮਾਂ ਕਰਕੇ ਸਿੱਖ ਪੰਥ ਵਿੱਚ ਰਹਿਣ ਦੇ ਮਾਣ ਤੋਂ ਵਾਂਝਿਆ ਗਿਆ ਹੈ ਅਤੇ ਉਹ ਸਿੱਖ ਨਹੀਂ ਹੈ। ਸਿੱਖਾਂ ਵਾਲੇ ਹੱਕ-ਹਕੂਕ ਉਸਦੇ ਨਸੀਬ ਨਹੀਂ ਹੋਣਗੇ… ਸਹੀ/ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ (ਹੁਕਮਨਾਮੇ ਆਦੇਸ਼ ਸੰਦੇਸ਼ ਪੰਨਾ 74)।
ਅੰਤਿੰ੍ਰਗ ਕਮੇਟੀ ਮਤਾ ਨੰਬਰ 27, ਮਿਤੀ 26 ਜੂਨ 1948 ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਲਈ ਬਣਾਏ ਨਿਯਮਾਂ ਅਨੁਸਾਰ, ‘ਤਖ਼ਤ ਸਾਹਿਬਾਨ ਸੰਬੰਧੀ ਧਾਰਮਿਕ ਮਰਯਾਦਾ ਦੀ ਜ਼ਿੰਮੇਵਾਰੀ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹੋਵੇਗੀ ਪ੍ਰੰਤੂ ਹੁਕਮਨਾਮਾ ਜਨਰਲ ਕਮੇਟੀ (ਹਾਊਸ) ਦੀ ਪ੍ਰਵਾਨਗੀ ਨਾਲ ਹੀ ਜਾਰੀ ਕੀਤਾ ਜਾ ਸਕੇਗਾ। ਜਥੇਦਾਰ ਸਾਹਿਬ ਨੂੰ ਮੁਅੱਤਲ ਕਰਨ ਦਾ ਅਧਿਕਾਰ ਅੰਤਿੰ੍ਰਗ ਕਮੇਟੀ ਨੂੰ ਹੋਵੇਗਾ।’ (ਗੁਰਦੁਆਰਾ ਗਜ਼ਟ, ਦਸੰਬਰ 1948, ਪੰਨਾ 53) ਜਥੇਦਾਰ ਮੋਹਨ ਸਿੰਘ ਜੀ ਨਾਗੋਕੇ 19 ਨਵੰਬਰ 1944 ਤੋਂ 28 ਮਈ 1948 ਤੀਕ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ-ਨਾਲ ਪ੍ਰਧਾਨ, ਸ਼੍ਰੋਮਣੀ ਕਮੇਟੀ ਦੇ ਅਹੁਦੇ `ਤੇ ਵੀ ਬਿਰਾਜਮਾਨ ਰਹੇ। ਜਥੇਦਾਰ ਸਾਹਿਬ ਦੇ ਸਮੇਂ ਹੀ ਮਤਾ ਨੰਬਰ 97 ਰਾਹੀਂ ਮਿਤੀ 3 ਫਰਵਰੀ 1945 ਨੂੰ ਸਿੱਖ ਰਹਿਤ ਮਰਯਾਦਾ ਦੀ ਪੰਥਕ ਪ੍ਰਵਾਨਗੀ ਜਨਰਲ ਅਜਲਾਸ ਸਮੇਂ ਹੋਈ। ਜਥੇਦਾਰ ਸਾਹਿਬਾਨ ਦੀ ਚੋਣ ਵੀ ਜਨਰਲ ਅਜਲਾਸ ਸਮੇਂ ਹੀ ਕੀਤੀ ਜਾਂਦੀ ਸੀ। ਇੱਕ ਉਦਾਹਰਣ: ਜੂਨ 1952 ਨੂੰ ਹੋਏ ਜਨਰਲ ਅਜਲਾਸ ਸਮੇਂ ਗਿਆਨੀ ਪ੍ਰਤਾਪ ਸਿੰਘ ਜੀ ਤਿੰਨ ਵੋਟਾਂ ਦੇ ਫ਼ਰਕ ਨਾਲ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ ਚੁਣੇ ਗਏ (ਗੁਰਦੁਅਰਾ ਗਜ਼ਟ, ਜੁਲਾਈ 1952, ਪੰਨਾ-48)।
ਅੱਜ ਤੱਕ ਦਾ ਸਭ ਤੋਂ ਵੱਧ ਸਵੀਕਾਰਿਆਂ ਗਿਆ ‘ਹੁਕਮਨਾਮਾ’ ਵੀ ਜਨਰਲ ਅਜਲਾਸ ਸਮੇਂ ਹੀ ਪ੍ਰਵਾਨ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕਰਾਉਣ ਦਾ ਫ਼ੈਸਲਾ ਕੀਤਾ ਗਿਆ ਸੀ। 28 ਅਕਤੂਬਰ 1951 ਨੂੰ ਸ਼੍ਰੋਮਣੀ ਕਮੇਟੀ ਦੇ ਜਨਰਲ ਸਮਾਗਮ ਸਮੇਂ ਪੇਸ਼ ਹੋਣ `ਤੇ ਪ੍ਰਵਾਨ ਹੋਇਆ ਕਿ ਪਾਕਿਸਤਾਨ ਵਿੱਚ ਰਹਿ ਗਏ ਗੁਰਦੁਆਰਿਆਂ ਦੇ ਸਬੰਧ ਵਿੱਚ ਹੇਠ ਲਿਖੇ ਅਨੁਸਾਰ ਅੱਖਰ ਅਰਦਾਸ ਵਿੱਚ ਸ਼ਾਮਲ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤੇ ਜਾਣ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ, ‘ਹੇ ਅਕਾਲ ਪੁਰਖ! ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ।’ (ਗੁਰਦੁਆਰਾ ਗਜ਼ਟ, ਪੰਨਾ 38, ਨਵੰਬਰ 1951) ਇਹ ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 25 ਜਨਵਰੀ 1952 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੋਹਰ ਹੇਠ ਜਾਰੀ ਹੋਇਆ (ਗੁਰਦੁਆਰਾ ਗਜ਼ਟ, ਫ਼ਰਵਰੀ 1952)।
ਗੁਰਦੁਆਰਾ ਜਨਮ ਅਸਥਾਨ, ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਲੈ ਕੇ ਵਿਸ਼ਵ ਭਰ ਵਿੱਚ ਅੱਜ ਵੀ ਇਹ ਸ਼ਬਦ ਹਰ ਸਿੱਖ ਅਰਦਾਸ `ਚ ਬੋਲੇ-ਸੁਣੇ ਜਾਂਦੇ ਹਨ, ਜੋ ਜਥੇਬੰਧਕ ਚੇਤੰਨਤਾ ਦਾ ਪ੍ਰਤੱਖ ਪ੍ਰਗਟਾਅ ਹੈ। ਨਾਨਕ ਨਿਰਮਲ ਪੰਥ ਦੀ ਵਿਚਾਰਧਾਰਾ ਦਾ ਧਾਰਣੀ ਸਿੱਖ ਸਦਵਾਉਣ ਵਾਲਾ ‘ਸ੍ਰੀ ਅਕਾਲ ਤਖ਼ਤ ਸਾਹਿਬ’, ‘ਗੁਰੂ-ਪੰਥ’ ਦੀ ਸਰਵ ਉੱਚ ਸੰਸਥਾ ਤੋਂ ‘ਜਥੇਦਾਰ’ ਵੱਲੋਂ ਸੁਣਾਏ ਹਰ ਫ਼ੈਸਲੇ ਨੂੰ ‘ਸਤਿ ਬਚਨ’ ਕਹਿ ਸਵੀਕਾਰਦਾ-ਸਤਿਕਾਰਦਾ ਹੈ। ਫ਼ੈਸਲੇ ਪੰਜ ਪਿਆਰਿਆਂ ਵੱਲੋਂ ਲਏ ਜਾਂਦੇ ਹਨ, ਸੁਣਾਏ ਜਥੇਦਾਰ ਦੀ ਤਰਫ਼ੋ ਜਾਂਦੇ ਹਨ। ਇਸ ਵਿੱਚ ‘ਗੁਰੂ-ਪੰਥ’ ਦੇ ਸਿਧਾਂਤ ਦੀ ਹੀ ਪ੍ਰਮੁੱਖਤਾ ਹੈ, ਤੇ ਰਹਿਣੀ ਚਾਹੀਦੀ ਹੈ।
(ਬਾਕੀ ਅਗਲੇ ਅੰਕ ਵਿੱਚ)

Leave a Reply

Your email address will not be published. Required fields are marked *