ਗੁਰਦੁਆਰਾ ਪੈਲਾਟਾਈਨ `ਚ ਸੇਵਾਦਾਰਾਂ ਨੇ ਉਤਸ਼ਾਹ ਨਾਲ ਸੇਵਾ ਕੀਤੀ

ਖਬਰਾਂ

ਸੇਵਾ ਕਰਤ ਹੋਇ ਨਿਹਕਾਮੀ…
ਕੁਲਜੀਤ ਦਿਆਲਪੁਰੀ
ਸ਼ਿਕਾਗੋ: ਸਿੱਖ ਧਰਮ ਵਿੱਚ ਸੇਵਾ ਦੇ ਸੰਕਲਪ ਦਾ ਆਪਣਾ ਸਿਧਾਂਤ ਹੈ ਅਤੇ ਹੱਥੀਂ ਕੀਤੀ ਸੇਵਾ ਦੀ ਖਾਸ ਥਾਂ ਹੈ। ਇਹ ਸਚਮੁੱਚ ਇੱਕ ਨਿਸ਼ਕਾਮ ਸਾਧਨਾ ਹੈ, ਜਿਸਦਾ ਮਨੁੱਖਤਾ ਦੇ ਕਲਿਆਣ ਵਿੱਚ ਵਿਸ਼ੇਸ਼ ਮਹੱਤਵ ਹੈ। ਕਿਹਾ ਜਾਂਦਾ ਹੈ ਕਿ ਸੰਸਾਰ ਦੇ ਲਗਭਗ ਸਾਰੇ ਧਾਰਮਿਕ ਗ੍ਰੰਥਾਂ ਵਿੱਚ ਸੇਵਾ ਦੀ ਗੱਲ ਹੋਈ ਮਿਲ ਜਾਂਦੀ ਹੈ। ‘ਸੇਵਾ’ ਦੇ ਸ਼ਾਬਦਿਕ ਅਰਥ ਵੱਖ-ਵੱਖ ਹਨ, ਜਿਵੇਂ- ਖਿਦਮਤ, ਟਹਿਲ, ਸਿਮਰਨ, ਬੰਦਗੀ, ਪੂਜਾ, ਉਪਾਸਨਾ। ਫਾਰਸੀ ਵਿੱਚ ਸ਼ੇਵਹ, ਤਰੀਕਾ ਅਤੇ ਕਾਇਦਾ। ਸਿੰਧੀ ਵਿੱਚ ਸੇਵਾ ਦਾ ਅਰਥ ਪੂਜਾ ਭੇਟਾ ਵੀ ਹੈ।

ਇਤਿਹਾਸਕ ਪਰਿਪੇਖ ਤੋਂ ਮੰਨਿਆ ਜਾਂਦਾ ਹੈ ਕਿ ਸੇਵਾ ਦਾ ਮਹਾਤਮ ਸਿੱਖ ਧਰਮ ਦੇ ਆਰੰਭ ਤੋਂ ਹੀ ਪ੍ਰਤੱਖ ਹੈ। ਪ੍ਰਥਮ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਆਪਣਾ ਮਿਸ਼ਨ ਮਾਨੋ ‘ਲੰਗਰ ਦੀ ਸੇਵਾ’ ਨਾਲ ਆਰੰਭ ਕੀਤਾ, ਜੋ ਸਿੱਖੀ `ਚ ਸੇਵਾ ਦੀ ਆਧਾਰਸ਼ਿਲਾ ਹੈ। ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਨੂੰ ਸੇਵਾ ਦਾ ਕੇਂਦਰ ਬਣਾ ਕੇ ਲੰਗਰ, ਪੰਗਤ, ਸੰਗਤ ਨੂੰ ਸੁਰਜੀਤ ਰੱਖਿਆ। ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਨੇ ਨਗਰਾਂ ਦੀ ਸਥਾਪਨਾ ਕਰਕੇ ਸੇਵਾ ਦੇ ਮਹਾਨ ਕੇਂਦਰ ਸਥਾਪਿਤ ਕੀਤੇ। ਸੋ ਇਸੇ ਤਰ੍ਹਾਂ ਗੁਰੂ ਕਾਲ ਤੋਂ ਬਾਅਦ ਬੇਅੰਤ ਸਿੱਖਾਂ ਦੀਆਂ ਮਿਸਾਲਾਂ ਹਨ, ਜਿਨ੍ਹਾਂ ਨੇ ਮਨੁੱਖਤਾ ਦੀ ਸੇਵਾ ਲਈ ਆਪਾ ਸਮਰਪਿਤ ਕੀਤਾ ਜਾਂ ਆਪਣਾ ਆਪ ਕੁਰਬਾਨ ਕੀਤਾ ਹੈ।
ਸਿੱਖ ਧਰਮ ਦੀ ਇਸੇ ਭਾਵਨਾ ਦੇ ਮੱਦੇਨਜ਼ਰ ਗੁਰਦੁਆਰਾ ਪੈਲਾਟਾਈਨ ਵਿਖੇ ਲੰਘੇ ਸਨਿਚਰਵਾਰ ਨੂੰ ਗਰਮੀਆਂ ਦੀ ਰੁੱਤ ਦੀ ਕੀਤੀ ਗਈ ਸੇਵਾ ਦੌਰਾਨ ਸੇਵਾਦਾਰਾਂ ਨੇ ਭਾਰੀ ਉਤਸ਼ਾਹ ਨਾਲ ਸੇਵਾ ਕੀਤੀ। ਵਡੇਰੀ ਉਮਰ ਦੇ ਸੇਵਾਦਾਰ ਆਪਣੇ ਤਜਰਬੇ ਅਨੁਸਾਰ ਨੌਜਵਾਨਾਂ ਤੋਂ ਸੇਵਾ ਕਰਵਾ ਰਹੇ ਸਨ ਅਤੇ ਉਹ ਆਪ ਵੀ ਪੂਰੀ ਤਨਦੇਹੀ ਨਾਲ ਸੇਵਾ ਵਿੱਚ ਜੁਟੇ ਹੋਏ ਸਨ। ਦੂਜੇ ਪਾਸੇ ਨੌਜਵਾਨ ਵੀ ਪੂਰੇ ਜੋਸ਼ ਤੇ ਸ਼ਰਧਾ ਨਾਲ ਸੇਵਾ ਵਿੱਚ ਮਸ਼ਰੂਫ ਸਨ।
ਦਿਲਚਸਪ ਤਾਂ ਇਹ ਸੀ ਕਿ ਸੇਵਾਦਾਰ ਆਪੋ ਆਪਣੀ ਸਮਰੱਥਾ ਮੁਤਾਬਕ ਅਤੇ ਵੰਡੀਆਂ ਗਈਆਂ ਡਿਊਟੀਆਂ ਨੂੰ ਧਿਆਨ ਵਿੱਚ ਰੱਖਦਿਆਂ ਰਲ-ਮਿਲ ਕੇ ਕਾਰ ਸੇਵਾ ਵਿੱਚ ਹੱਥ ਵਟਾ ਰਹੇ ਸਨ। ਬੱਚਿਆਂ ਨੇ ਤਾਂ ਖੇਡ ਖੇਡ ਵਿੱਚ ਹੀ ਕਾਰ ਸੇਵਾ ਵਿੱਚ ਯੋਗਦਾਨ ਪਾਇਆ। ਗਤਕੇ ਦੇ ਖਿਡਾਰੀ ਬੱਚਿਆਂ ਨੇ ਗਤਕੇ ਦੌਰਾਨ ਪ੍ਰਦਰਸ਼ਿਤ ਕੀਤੇ ਜਾਂਦੇ ਸਸ਼ਤਰਾਂ ਦੀ ਸਾਫ-ਸਫਾਈ ਤੇ ਸੰਭਾਲ ਕੀਤੀ। ਕੁਝ ਬਜ਼ੁਰਗ ਕਹਿ ਰਹੇ ਸਨ ਕਿ ਮਾਪਿਆਂ ਨੂੰ ਵੱਧ ਤੋਂ ਵੱਧ ਆਪਣੇ ਬੱਚਿਆਂ ਨਾਲ ਕਾਰ ਸੇਵਾ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਸੇਵਾ ਦੀ ਜਾਗ ਲੱਗੇ ਤੇ ਉਹ ਗੁਰੂ ਘਰ ਨਾਲ ਜੁੜਨ।
ਸਵੇਰੇ ਕਰੀਬ 7 ਵਜੇ ਭਾਈ ਅਨਮੋਲ ਸਿੰਘ ਰਤਨ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੇ ਜਾਣ ਉਪਰੰਤ ਨਿਸ਼ਕਾਮ ਸੇਵਾ ਸ਼ੁਰੂ ਹੋਈ। ਮਿੱਥੀ ਯੋਜਨਾ ਅਨੁਸਾਰ ਸਭ ਤੋਂ ਪਹਿਲਾਂ ਦੂਸਰੀ ਮੰਜਲ ਦਰਬਾਰ ਹਾਲ, ਸੁਖਆਸਣ, ਅਖੰਡ ਪਾਠ ਕਮਰੇ, ਗੁਰੂ ਗ੍ਰੰਥ ਸਾਹਿਬ ਦਾ ਸਿੰਘਾਸਣ ਅਤੇ ਬਸਤਰਾਂ ਦੀ ਸੇਵਾ ਸ. ਤਰਲੋਚਨ ਸਿੰਘ ਮੁਲਤਾਨੀ ਦੀ ਅਗਵਾਈ ਵਿੱਚ ਹੋਈ। ਦਰਬਾਰ ਹਾਲ ਦੀ ਸਫ਼ਾਈ ਵਾਸਤੇ ਲੋੜੀਂਦਾ ਸਮਾਨ ਸ. ਬਲਦੇਵ ਸਿੰਘ ਗਿੱਲ ਨੇ ਸਟੋਰਾਂ ਤੋਂ ਲਿਆ ਕੇ ਦਰਬਾਰ ਹਾਲ ਵਿੱਚ ਮੁਹੱਈਆ ਕੀਤਾ; ਜਦਕਿ ਸ. ਕੇਹਰ ਸਿੰਘ ਦੀ ਟੀਮ ਨੇ ਹਮੇਸ਼ਾ ਦੀ ਤਰ੍ਹਾਂ ਕੂੜੇ ਦੇ ਡੱਬਿਆਂ ਵਿੱਚੋਂ ਕੂੜਾ ਬਾਹਰ ਕੱਢ ਪਾਵਰ ਵਾਸ਼ ਕਰ ਸੈਨੇਟਾਈਜ ਕੀਤੇ।
ਆਰ.ਕੇ. ਕਾਰਪੈਟ ਸ਼ਿਕਾਗੋ ਦੇ ਰਵਿੰਦਰ ਸਿੰਘ ਰਵੀ ਤੇ ਉਨ੍ਹਾਂ ਦੀ ਟੀਮ ਨੇ ਸ. ਭਜਨ ਸਿੰਘ ਮਾਂਗਟ ਤੇ ਹੋਰ ਸੇਵਾਦਾਰਾਂ ਦੇ ਸਹਿਯੋਗ ਨਾਲ ਮੈਟਾਂ, ਰਗਾਂ, ਗਲੀਚਿਆਂ, ਰਨਰਜ਼ ਆਦਿ ਨੂੰ ਚੰਗੀ ਤਰ੍ਹਾਂ ਸ਼ੈਮਪੋ ਕੀਤਾ ਅਤੇ ਬਾਹਰ ਧੁੱਪ ਵਿੱਚ ਸੁੱਕਾ ਕੇ ਵਾਪਿਸ ਜਗ੍ਹਾ ਜਗ੍ਹਾ ਵਿਛਾਏ। ਬਾਹਰ ਦੀ ਸੇਵਾ ਸ. ਕੁਲਜੀਤ ਸਿੰਘ ਭੰਗੂ, ਸ. ਇਕਬਾਲ ਸਿੰਘ ਜੱਜ ਅਤੇ ਸ. ਕਰਮਬੀਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਫਲਦਾਰ ਰੁੱਖਾਂ, ਪੌਦਿਆਂ, ਫੁੱਲਾਂ ਅਤੇ ਜੈਵਿਕ ਖੇਤੀ ਵਿੱਚੋਂ ਘਾਹ ਫੂਸ ਕੱਢ ਕੇ ਚੁਫੇਰੇ ਅਤੇ ਵਾੜ ਥੱਲਿਓਂ ਟ੍ਰਿਮਿੰਗ ਕੀਤੀ ਗਈ। ਮੈਡੀਕਲ ਰੂਮ ਦੀ ਝਾੜ-ਪੂੰਝ ਵੀ ਕੀਤੀ ਗਈ।
ਇਸੇ ਤਰ੍ਹਾਂ ਸ. ਅਮਰਜੀਤ ਸਿੰਘ, ਸ. ਕਿਰਪਾਲ ਸਿੰਘ ਰੰਧਾਵਾ ਤੇ ਹੋਰ ਸੇਵਾਦਾਰਾਂ ਨੇ ਅੰਦਰੋਂ-ਬਾਹਰੋਂ ਸ਼ੀਸ਼ੇ ਚਮਕਾਏ। ਸ. ਸੰਤੋਖ ਸਿੰਘ ਭਟਨੂਰਾ ਤੇ ਹੋਰ ਸੇਵਕਾਂ ਨੇ ਬਾਹਰ ਦੀਵਾਰਾਂ, ਬਿਲਡਿੰਗ ਦੇ ਬਨੇਰਿਆਂ ਆਦਿ ਨਾਲ ਲੱਗੇ ਜਾਲੇ ਪੂੰਝੇ। ਕੁਝ ਥਾਵਾਂ `ਤੇ ਪੰਛੀਆਂ ਨੇ ਆਲ੍ਹਣੇ ਪਾਏ ਹੋਏ ਹੋਣ ਕਾਰਨ ਧਿਆਨ ਰੱਖਿਆ ਗਿਆ ਕਿ ਕਿਤੇ ਬੋਟਾਂ ਨੂੰ ਕੋਈ ਨੁਕਸਾਨ ਨਾ ਪੁੱਜੇ। ਵਸਦੇ-ਰਸਦੇ ਆਲ੍ਹਣਿਆਂ ਨੂੰ ਛੱਡ ਕੇ ਜਿਹੜੇ ਕੁਝ ਉਜਾੜ ਆਲ੍ਹਣੇ ਸਨ, ਉਹ ਲਾਹੇ ਗਏ। ਕਾਰ ਸੇਵਕਾਂ ਲਈ ਚਾਹ-ਪਾਣੀ ਤੇ ਲੰਗਰ ਤਿਆਰ ਕਰਨ ਦੀ ਸੇਵਾ ਹਰਜੀਤ ਸਿੰਘ ਨੇ ਨਿਭਾਈ। ਗੁਰਮਿਤ ਸਕੂਲ ਵਿੱਚ ਸ. ਜਸਵਿੰਦਰ ਸਿੰਘ ਜੌਹਲ ਦੇ ਪਰਿਵਾਰ ਅਤੇ ਸ. ਮੱਖਣ ਸਿੰਘ ਜੌਹਲ ਤੇ ਸੇਵਕਾਂ ਨੇ ਕਮਰਿਆਂ ਅਤੇ ਹਾਲਵੇਅ ਦੀ ਸਫ਼ਾਈ ਕੀਤੀ। ਗੁਰਦੁਆਰਾ ਸਾਹਿਬ ਦੇ ਸੀਨੀਅਰ ਫਾਊਂਡਰ ਮੈਂਬਰ ਡਾ. ਬਲਵੰਤ ਸਿੰਘ ਉਚੇਚੇ ਤੌਰ `ਤੇ ਨਿਸ਼ਕਾਮ ਸੇਵਾ ਵਿੱਚ ਸ਼ਾਮਲ ਹੋਏ ਅਤੇ ਮਾਇਆ ਭੇਟਾ ਕਰਨ ਦੇ ਨਾਲ ਨਾਲ ਨਿਸ਼ਕਾਮ ਸੇਵਕਾਂ ਦੀ ਭਰਵੀਂ ਹੌਸਲਾ ਅਫ਼ਜਾਈ ਵੀ ਕੀਤੀ।
ਸਨਿਚਰਵਾਰ ਨੂੰ ਗੁਰਦੁਆਰਾ ਸਾਹਿਬ ਵਿਖ਼ੇ ਕਿਸੇ ਦੀ ਮਰਗਤ ਦੇ ਭੋਗ ਅਤੇ ਅੰਤਿਮ ਅਰਦਾਸ ਸਮਾਗਮ ਨੂੰ ਮੱਦੇਨਜ਼ਰ ਰੱਖਦਿਆਂ ਸੇਵਕਾਂ ਨੇ ਸੇਵਾ ਤੋਂ ਇੱਕ ਦਿਨ ਪਹਿਲਾਂ ਸ਼ੁੱਕਰਵਾਰ ਸ਼ਾਮ ਨੂੰ ਸਫ਼ਾਈ ਦਾ ਸਮਾਨ ਅਤੇ ਰੁੱਖਾਂ ਪੌਦਿਆਂ ਦੀ ਸੰਭਾਲ ਦੇ ਔਜ਼ਾਰ ਤਿਆਰ ਕਰ ਸੇਵਾ ਹੋਣ ਵਾਲੀ ਜਗ੍ਹਾ ਲਾਗੇ ਰੱਖ ਜੰਗੀ ਪੱਧਰ `ਤੇ ਤਿਆਰੀ ਸ਼ੁਰੂ ਕਰ ਦਿੱਤੀ ਸੀ। ਖਾਸ ਕਰ ਦਰਬਾਰ ਹਾਲ, ਰਸੋਈ ਤੇ ਲੰਗਰ ਹਾਲ ਨਾਲ ਜੁੜੀਆਂ ਸੇਵਾਵਾਂ ਨੂੰ ਪਹਿਲ ਦੇ ਆਧਾਰ ਉਤੇ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਕਾਰਸੇਵਾ ਜਥੇ ਦੇ ਕਰੀਬ ਕਰੀਬ ਸਾਰੇ ਮੈਂਬਰ ਸੇਵਾ ਵਿੱਚ ਲੱਗੇ ਹੋਏ ਸਨ।
ਕਾਰ ਸੇਵਾ ਜਥੇ ਦੇ ਮੋਢੀ ਸ. ਸਤਨਾਮ ਸਿੰਘ ਔਲਖ ਨੇ ਗੁਰਦੁਆਰਾ ਸਾਹਿਬ ਵਿਖ਼ੇ ਨਿਸ਼ਕਾਮ ਸੇਵਾ ਵਿੱਚ ਤਨ, ਮਨ ਅਤੇ ਧਨ ਨਾਲ ਯੋਗਦਾਨ ਪਾਉਣ ਲਈ ਸੇਵਕਾਂ ਦਾ ਉਚੇਚਾ ਧੰਨਵਾਦ ਕੀਤਾ ਹੈ। ਇੱਕ ਪਰਿਵਾਰ ਵੱਲੋਂ ਸਵੇਰ ਤੋਂ ਦੁਪਹਿਰ ਤੱਕ ਗੁਰਦੁਆਰਾ ਸਾਹਿਬ ਵਿਖੇ ਬੜੀ ਰੀਝ ਨਾਲ ਸੇਵਾ ਕੀਤੀ ਗਈ। ਬਾਅਦ ਵਿੱਚ ਇਸ ਪਰਿਵਾਰ ਦੇ ਬੱਚਿਆਂ ਨੂੰ ਕਾਰ ਸੇਵਾ ਕਮਰੇ ਵਿੱਚ ਸ. ਔਲਖ ਨੇ ਆਪਣੀ ਪੁਸਤਕ ‘ਸਿੱਖ ਵਾਰੀਅਰਜ਼ ਇਨ ਵਰਲਡ ਵਾਰਜ਼’ ਭੇਟ ਕੀਤੀ।
ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਗੁਰਦੁਆਰਾ ਸਾਹਿਬ ਵਿਖੇ ਨਿਰੰਤਰ ਕਾਰ ਸੇਵਾ ਚੱਲਦੀ ਆ ਰਹੀ ਹੈ, ਜਿਸ ਦੌਰਾਨ ਗੁਰੂ ਘਰ ਦੇ ਵਧੇਰੇ ਗਿਣਤੀ ਕਾਰਜ ਹੱਥੀਂ ਸੇਵਾ ਕਰ ਕੇ ਸੰਵਾਰ ਲਏ ਜਾਂਦੇ ਹਨ। ਇਸ ਤੋਂ ਇਲਾਵਾ ਰੋਜ਼ਮੱਰਾ ਵੀ ਨਿੱਕੀ-ਮੋਟੀ ਚੱਲਦੀ ਸੇਵਾ ਵਿੱਚ ਗੁਰੂਘਰ ਨਾਲ ਜੁੜੇ ਬਜ਼ੁਰਗ ਰੁੱਝੇ ਰਹਿੰਦੇ ਹਨ।

Leave a Reply

Your email address will not be published. Required fields are marked *