ਲੰਘੀ 11 ਜੁਲਾਈ ਨੂੰ ਦੁਨੀਆ ਭਰ ਵਿੱਚ ‘ਵਿਸ਼ਵ ਜਨਸੰਖਿਆ ਦਿਵਸ’ ਮਨਾਇਆ ਗਿਆ। ਭਾਰਤ ਸਾਲ 2025 ਦੇ ਅੰਤ ਤੱਕ ਅੰਦਾਜ਼ਨ 1.46 ਅਰਬ ਲੋਕਾਂ ਦੀ ਆਬਾਦੀ ਨਾਲ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣਿਆ ਰਹੇਗਾ। ਹਾਲਾਂਕਿ, ਦੇਸ਼ ਦੀ ਕੁੱਲ ਪ੍ਰਜਨਨ ਦਰ 2.1 ਤੋਂ ਘਟ ਕੇ 1.9 ਰਹਿ ਗਈ ਹੈ। ਜੇਕਰ ਸਾਰੀ ਦੁਨੀਆ ਦੀ ਜਨਸੰਖਿਆ ਦੀ ਗੱਲ ਕਰੀਏ ਤਾਂ ਇਹ ਦਿਨ-ਬ-ਦਿਨ ਲਗਾਤਾਰ ਵਧ ਰਹੀ ਹੈ। ਇਸ ਦਾ ਕਾਰਨ ਹੈ ਕਿ ਮੈਡੀਕਲ ਖੇਤਰ ਤੋਂ ਲੈ ਕੇ ਰੋਜ਼ਾਨਾ ਜੀਵਨ ਵਿੱਚ ਵਰਤੀ ਜਾਣ ਵਾਲੀ ਤਕਨੀਕ ਉਤੇ ਵਿਕਾਸ ਹੋ ਰਿਹਾ ਹੈ, ਜਿਸ ਨਾਲ ਮਨੁੱਖਾਂ ਦੀ ਜੀਵਨ ਪ੍ਰਤੀਸ਼ਤਤਾ ਵਧ ਰਹੀ ਹੈ, ਜਦਕਿ ਕੁਝ ਦੇਸ਼ਾਂ ਵਿੱਚ ਪ੍ਰਜਨਨ ਦਰ ਵਿੱਚ ਵੀ ਵਾਧਾ ਹੋ ਰਿਹਾ ਹੈ। ਇੱਕ ਪਾਸੇ ਜਨਸੰਖਿਆ ਵਾਧੇ ਕਾਰਨ ਆਰਥਿਕ ਵਿਕਾਸ ਅਤੇ ਤਰੱਕੀ ਦੀਆਂ ਕਾਫੀ ਸੰਭਾਵਨਾਵਾਂ ਹਨ, ਪਰ ਦੂਜੇ ਪਾਸੇ ਰਿਹਾਇਸ਼, ਸਿਹਤ ਸੰਭਾਲ ਅਤੇ ਸਿੱਖਿਆ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਕੁਦਰਤੀ ਸਰੋਤਾਂ `ਤੇ ਦਬਾਅ ਵਰਗੀਆਂ ਮਹੱਤਵਪੂਰਨ ਰੁਕਾਵਟਾਂ ਵੀ ਹਨ- ਯਾਨੀ ਇਹ ਦੋ-ਧਾਰੀ ਤਲਵਾਰ ਵਰਗਾ ਹੈ।
ਚਲੋ, ਤੁਹਾਨੂੰ ਇੱਥੇ ਜਨਸੰਖਿਆ ਦੇ ਹਿਸਾਬ ਨਾਲ ਦੁਨੀਆ ਦੇ ਸਿਖਰ ਦੇ 10 ਦੇਸ਼ਾਂ ਬਾਰੇ ਦੱਸਦੇ ਹਾਂ:
ਨੰਬਰ 1. ਭਾਰਤ – 146 ਕਰੋੜ
ਸੰਯੁਕਤ ਰਾਸ਼ਟਰ ਦੀ ਰਿਪੋਰਟ ਦਾ ਅੰਦਾਜ਼ਾ ਹੈ ਕਿ ਭਾਰਤ ਦੀ ਮੌਜੂਦਾ ਆਬਾਦੀ 1,463.9 ਮਿਲੀਅਨ ਹੈ। ਇਹ ਚੀਨ ਨੂੰ ਪਛਾੜ ਕੇ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਪਹਿਲਾਂ ਹੀ ਬਣ ਚੁੱਕਾ ਹੈ। ਇਸ ਰਿਪੋਰਟ ਅਨੁਸਾਰ, ਭਾਰਤ ਦੀ ਆਬਾਦੀ ਘਟਣ ਤੋਂ ਪਹਿਲਾਂ ਲਗਭਗ 1.7 ਬਿਲੀਅਨ ਤੱਕ ਵਧਣ ਦੀ ਉਮੀਦ ਹੈ।
ਨੰਬਰ 2. ਚੀਨ – 141 ਕਰੋੜ
ਚੀਨ ਦੀ ਆਬਾਦੀ 1.41 ਬਿਲੀਅਨ ਨਾਲ ਵਿਸ਼ਵ ਪੱਧਰ `ਤੇ ਦੂਜੇ ਥਾਂ ਹੈ, ਪਰ ਇਸ ਦੀ ਵਾਧੇ ਦੀ ਦਰ ਵਿੱਚ -0.23% ਦੀ ਮਾਮੂਲੀ ਗਿਰਾਵਟ ਦੇਖੀ ਜਾ ਰਹੀ ਹੈ। ਯਾਨੀ ਇਹ ਘਟ ਰਹੀ ਹੈ।
ਨੰਬਰ 3. ਸੰਯੁਕਤ ਰਾਜ ਅਮਰੀਕਾ – 34.7 ਕਰੋੜ
34.7 ਕਰੋੜ ਲੋਕਾਂ ਦੀ ਆਬਾਦੀ ਨਾਲ ਸੰਯੁਕਤ ਰਾਜ ਅਮਰੀਕਾ ਵਿਸ਼ਵ ਪੱਧਰ `ਤੇ ਤੀਜੇ ਸਥਾਨ `ਤੇ ਹੈ। ਇਸ ਦੀ ਜਨਸੰਖਿਆ ਵਾਧੇ ਦੀ ਦਰ 0.54% ਹੈ, ਯਾਨੀ ਆਬਾਦੀ ਅੱਗੇ ਵਧ ਰਹੀ ਹੈ। ਇਸ ਦੇ ਪਿੱਛੇ ਵੱਡੇ ਪੱਧਰ `ਤੇ ਪਰਵਾਸ ਨੂੰ ਕਾਰਨ ਮੰਨਿਆ ਜਾਂਦਾ ਹੈ। ਅਮਰੀਕਾ ਵਿੱਚ ਲਗਾਤਾਰ ਵੱਡੀ ਗਿਣਤੀ ਵਿੱਚ ਪਰਵਾਸੀ ਆ ਰਹੇ ਹਨ, ਜੋ ਦੇਸ਼ ਵਿੱਚ ਰੁਜ਼ਗਾਰ ਦੇ ਬਿਹਤਰ ਮੌਕੇ ਲੱਭ ਰਹੇ ਹਨ।
ਨੰਬਰ 4. ਇੰਡੋਨੇਸ਼ੀਆ – 28.5 ਕਰੋੜ
ਇੰਡੋਨੇਸ਼ੀਆ ਦੁਨੀਆ ਦਾ ਚੌਥਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ। ਇੱਥੇ 28.5 ਕਰੋੜ ਲੋਕ ਰਹਿੰਦੇ ਹਨ। ਇੱਥੇ ਬਿਹਤਰ ਹੁੰਦੀ ਸਿਹਤ ਸੇਵਾ ਨੇ ਨਵਜੰਮੇ ਬੱਚਿਆਂ ਦੀ ਮੌਤ ਦਰ ਨੂੰ ਘਟਾਇਆ ਹੈ। ਇਸ ਦੱਖਣ-ਪੂਰਬੀ ਏਸ਼ੀਆਈ ਦੇਸ਼ ਵਿੱਚ ਆਬਾਦੀ 0.79% ਦੀ ਵਿਕਾਸ ਦਰ ਨਾਲ ਵਧ ਰਹੀ ਹੈ।
ਨੰਬਰ 5. ਪਾਕਿਸਤਾਨ – 25.5 ਕਰੋੜ
ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਦੀ ਆਬਾਦੀ 25.5 ਕਰੋੜ ਹੈ। ਇੱਥੇ ਜਨਸੰਖਿਆ ਵਿਕਾਸ ਦਰ 1.57% ਹੈ, ਜੋ ਦੁਨੀਆ ਵਿੱਚ ਸਭ ਤੋਂ ਵੱਧ ਵਿੱਚੋਂ ਇੱਕ ਹੈ।
ਨੰਬਰ 6. ਨਾਈਜੀਰੀਆ – 23.7 ਕਰੋੜ
ਨਾਈਜੀਰੀਆ ਦੀ 23.7 ਕਰੋੜ ਦੀ ਆਬਾਦੀ ਪ੍ਰਤੀ ਸਾਲ 2.08% ਦੀ ਦਰ ਨਾਲ ਵਧ ਰਹੀ ਹੈ। ਇਹ ਅਫਰੀਕਾ ਵਿੱਚ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ।
ਨੰਬਰ 7. ਬ੍ਰਾਜ਼ੀਲ – 21.2 ਕਰੋੜ
ਬ੍ਰਾਜ਼ੀਲ ਦੀ ਜਨਸੰਖਿਆ 21.2 ਕਰੋੜ ਹੈ। ਇੱਥੇ ਜਨਸੰਖਿਆ ਵਿੱਚ 0.38% ਦੀ ਹੌਲੀ ਵਾਧੇ ਦੀ ਦਰ ਦੇਖੀ ਗਈ ਹੈ। ਵੈਸੇ ਤਾਂ ਇਤਿਹਾਸਕ ਤੌਰ `ਤੇ ਬ੍ਰਾਜ਼ੀਲ ਵਿੱਚ ਉਚ ਜਨਮ ਦਰ ਆਮ ਸੀ, ਪਰ 1990 ਦੇ ਦਹਾਕੇ ਤੋਂ ਬਾਅਦ ਪ੍ਰਜਨਨ ਦਰ ਵਿੱਚ ਗਿਰਾਵਟ ਆਈ ਹੈ।
ਨੰਬਰ 8. ਬੰਗਲਾਦੇਸ਼ – 17.5 ਕਰੋੜ
ਭਾਰਤ ਦੇ ਇੱਕ ਹੋਰ ਗੁਆਂਢੀ ਦੇਸ਼ ਬੰਗਲਾਦੇਸ਼ ਵਿੱਚ 1.22% ਦੀ ਵਾਧੇ ਦਰ ਨਾਲ 17.5 ਕਰੋੜ ਲੋਕ ਰਹਿੰਦੇ ਹਨ। ਭੂਗੋਲਿਕ ਤੌਰ `ਤੇ ਇੱਕ ਛੋਟਾ ਦੇਸ਼ ਹੋਣ ਦੇ ਬਾਵਜੂਦ, ਬੰਗਲਾਦੇਸ਼ ਦਾ ਜਨਸੰਖਿਆ ਘਣਤਵ ਵਿਸ਼ਵ ਪੱਧਰ `ਤੇ ਸਭ ਤੋਂ ਵੱਧ ਵਿੱਚੋਂ ਇੱਕ ਹੈ।
ਨੰਬਰ 9. ਰੂਸ – 14.4 ਕਰੋੜ
ਰੂਸ ਦੀ ਮੌਜੂਦਾ ਆਬਾਦੀ 14.4 ਕਰੋੜ ਹੈ, ਪਰ ਇੱਥੇ ਦੀ ਜਨਸੰਖਿਆ ਸਾਲਾਂ ਤੋਂ ਗਿਰਾਵਟ ਵਿੱਚ ਹੈ, ਜਿਸ ਦੀ ਵਾਧੇ ਦੀ ਦਰ -0.57% ਹੈ। ਦੇਸ਼ ਨੂੰ ਜਨਸੰਖਿਆ ਦੇ ਆਧਾਰ `ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਦੇਸ਼ ਦਾ ਜ਼ਿਆਦਾਤਰ ਹਿੱਸਾ ਬਰਫ ਨਾਲ ਢਕਿਆ ਰਹਿੰਦਾ ਹੈ।
ਨੰਬਰ 10. ਇਥੋਪੀਆ – 13.5 ਕਰੋੜ
ਇਥੋਪੀਆ ਦੀ ਜਨਸੰਖਿਆ 13.5 ਕਰੋੜ ਹੈ, ਜੋ ਸਾਲਾਨਾ 2.58% ਦੀ ਦਰ ਨਾਲ ਵਧ ਰਹੀ ਹੈ, ਜੋ ਅਫਰੀਕਾ ਵਿੱਚ ਸਭ ਤੋਂ ਵੱਧ ਵਾਧੇ ਦੀ ਦਰ ਵਿੱਚੋਂ ਇੱਕ ਹੈ।