‘ਏਕ ਗ੍ਰੰਥ-ਏਕ ਪੰਥ` ਸੇਵਾ ਜਾਂ ਸਾਜ਼ਿਸ਼?

ਵਿਚਾਰ-ਵਟਾਂਦਰਾ

ਸਿੱਖ ਪੰਥ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਦੇ ਰੁਤਬੇ ਨੂੰ ਦਰਜਾ ਦੇਣ ਜਾਂ ਦੋਹਾਂ ਗ੍ਰੰਥਾਂ ਦੀ ਬਾਣੀ ਨੂੰ ਰਲਗੱਡ ਕਰਨ ਬਾਬਤ ਦੁਬਿਧਾ ਹੈ, ਇਸ ਸਬੰਧੀ ਵੱਖ-ਵੱਖ ਵਿਦਵਾਨਾਂ ਦੇ ਵੱਖੋ-ਵੱਖਰੋ ਮੱਤ ਹਨ। ਇਹ ਲਿਖਤ ਲੇਖਕ ਦੇ ਨਿੱਜੀ ਵਿਚਾਰ ਤਾਂ ਹੋ ਸਕਦੇ ਹਨ ਅਤੇ ਇਸ ਨਾਲ ਪਾਠਕਾਂ/ਸੰਗਤ ਦਾ ਇੱਕ ਹਿੱਸਾ ਸਹਿਮਤ/ਅਸਹਿਮਤ ਹੋ ਸਕਦਾ ਹੈ। ਇਹ ਲਿਖਤ ਸਿਰਫ ਵਿਚਾਰ-ਵਟਾਂਦਰੇ ਦੇ ਮਕਸਦ ਨਾਲ ਛਾਪੀ ਜਾ ਰਹੀ ਹੈ ਅਤੇ ‘ਪੰਜਾਬੀ ਪਰਵਾਜ਼’ ਦਾ ਸਹਿਮਤ ਹੋਣਾ/ਨਾ ਹੋਣਾ ਜ਼ਰੂਰੀ ਨਹੀਂ ਹੈ।

–ਪ੍ਰਬੰਧਕੀ ਸੰਪਾਦਕ

ਗੁਰਚਰਨਜੀਤ ਸਿੰਘ ਲਾਂਬਾ

ਇਸ ਵਿੱਚ ਕੋਈ ਦੁਬਿਧਾ ਨਹੀਂ ਅਤੇ ਨਾ ਹੀ ਕਿਸੇ ਨੇ ਕਦੇ ਵੀ ਇਸ ਇਲਾਹੀ ਹੁਕਮ ਤੋਂ ਇਨਕਾਰ ਕੀਤਾ ਹੈ ਕਿ ਜੁਗੋ ਜੁਗ ਅਟਲ ਗੁਰੂ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਹਨ। ਸੰਮਤ 1755 (ਈ. ਸੰਨ 1698) ਖਾਲਸੇ ਦੀ ਸਿਰਜਣਾ ਤੋਂ ਇੱਕ ਸਾਲ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਦੀ ਇੱਕ ਇਤਿਹਾਸਕ ਘਟਨਾ ਦਾ ਹਵਾਲਾ ਭਾਈ ਕੇਸਰ ਸਿੰਘ ਛਿੱਬਰ ਦਿੰਦੇ ਹਨ ਕਿ ਉੱਥੇ ਦੋ ਗ੍ਰੰਥ ਸਨ ਅਤੇ ਸਿੱਖਾਂ ਨੇ ਸਤਿਗੁਰ ਜੀ ਨੂੰ ਬੇਨਤੀ ਕੀਤੀ ਕਿ ਇਨ੍ਹਾਂ ਦੋਹਾਂ ਨੂੰ ਰਲਾ ਦਿੱਤਾ ਜਾਏ। ਕਲਗੀਧਰ ਪਿਤਾ ਦਾ ਜਵਾਬ ਬਹੁਤ ਹੀ ਸਪਸ਼ਟ ਸੀ ਅਤੇ ਦੋਹਾਂ ਗ੍ਰੰਥਾਂ ਦੇ ਰੁਤਬੇ ਨੂੰ ਪੂਰੀ ਤਰ੍ਹਾਂ ਸਪਸ਼ਟ ਕਰ ਦਿੰਦਾ ਹੈ।
ਸੰਮਤ ਸਤਾਰਾਂ ਸੈ ਪਚਵੰਜੇ ਸਿਖਾਂ ਸਾਹਿਬ ਆਗੈ ਬਿਨਤੀ ਸੀ ਕੀਤੀ।
ਗ੍ਰੀਬ ਨਿਵਾਜ਼! ਜੇ ਬਚਨ ਹੋਵੇ ਤਾਂ ਦੁਹਾਂ ਗ੍ਰੰਥਾਂ ਦੀ ਜਿਲਦ ਚਾਹੀਐ ਇਕ ਕਰ ਲੀਤੀ।
ਸਾਹਿਬ ਬਚਨ ਕੀਤਾ, ‘ਆਦਿ ਗੁਰੂ ਹੈ ਗ੍ਰੰਥ।
ਇਹ ਅਸਾਡੀ ਹੈ ਖੇਡ, ਜੁਦਾ ਰਹੇ ਮਨ ਮੰਥ। (399) (ਦਸਵਾਂ ਚਰਣ)
ਇਸ ਤੋਂ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਸਾਹਿਬ ਦੇ ਰੁਤਬੇ ਬਾਰੇ ਕੋਈ ਦੁਬਿਧਾ ਨਹੀਂ ਰਹਿ ਜਾਂਦੀ, ਪਰ ਫਿਰ ਵੀ ਡੂੰਘੀ ਸਾਜ਼ਿਸ਼ ਤਹਿਤ ‘ਏਕ ਗ੍ਰੰਥ–ਏਕ ਪੰਥ’ ਦੀ ਸ਼ਰਾਰਤ ਭਰਪੂਰ ਟਿੱਪਣੀ ਵਾਰ ਵਾਰ ਉਭਾਰੀ ਜਾਂਦੀ ਹੈ। ਇਹ ਸਵਾਲ ਕਰਨ ਵਾਲਾ ਜਾਂ ਤਾਂ ਖੁਦ ਹੀ ਸਿੱਖ ਨਹੀਂ ਹੈ ਤੇ ਜਾਂ ਫਿਰ ਉਸ ਨੇ ਜ਼ਿੰਦਗੀ ਵਿੱਚ ਕਦੇ ਵੀ ਨਾ ਤਾਂ ਨਿਤਨੇਮ ਕੀਤਾ ਹੈ, ਨਾ ਹੀ ਅੰਮ੍ਰਿਤ ਛਕਿਆ ਹੈ ਅਤੇ ਨਾ ਹੀ ਕਦੇ ਅਰਦਾਸ ਵੀ ਕੀਤੀ ਹੈ ਜਾਂ ਸੁਣੀ ਹੈ। ਕੀ ਨਿਤਨੇਮ ਵਿੱਚ ਜਾਪ ਸਾਹਿਬ, ਬੇਨਤੀ ਚੌਪਈ, ਅਰਦਾਸ ਦੀ ਵਾਰ ਸ੍ਰੀ ਭਗਉਤੀ ਜੀ ਕੀ (ਚੰਡੀ ਦੀ ਵਾਰ) ਦੀ ਪਹਿਲੀ ਪੌੜੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੈ? ਇਹ ਦਸਮ ਗ੍ਰੰਥ ਸਾਹਿਬ ਦੀ ਬਾਣੀ ਹੈ। ਇਸ ਤਰ੍ਹਾਂ ‘ਏਕ ਗ੍ਰੰਥ–ਏਕ ਪੰਥ’ ਕਹਿਣਾ ਸਿੱਧੇ ਰੂਪ ਵਿੱਚ ਸਿੱਖੀ `ਤੇ ਹਮਲਾ ਹੈ। ਇਸ ਸ਼ਰਾਰਤ ਤੋਂ ਬਚਣ ਦੀ ਲੋੜ ਹੈ।
ਸਿੱਖ ਨੂੰ ਸਿੱਖ ਬਣਾਉਣ ਲਈ ਅਤੇ ਸਿੱਖੀ ਕਾਇਮ ਰੱਖਣ ਲਈ ਦੋ ਗ੍ਰੰਥਾਂ- ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਸਾਹਿਬ ਦੀ ਲੋੜ ਹੈ। ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਸਾਹਿਬ ਖਾਲਸੇ ਦੀ ਸਿਰਜਣਾ ਦੇ ਸ੍ਰੋਤ ਹਨ। ਇਨ੍ਹਾਂ ਪਾਵਨ ਗ੍ਰੰਥਾਂ ਵਿੱਚ ਦਰਜ ਰਚਨਾ ਗੁਰਬਾਣੀ ਹੈ। ਇਤਨਾ ਹੀ ਨਹੀਂ, ਇੱਕ ਹੋਰ ਗੱਲ ਵਿਚਾਰਨ ਵਾਲੀ ਹੈ ਕਿ ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਮੁਤਾਬਕ ਇਨ੍ਹਾਂ ਦੋਹਾਂ ਪਾਵਨ ਗ੍ਰੰਥਾਂ ਦੇ ਇਲਾਵਾ ਭਾਈ ਨੰਦ ਲਾਲ ਦੀਆਂ ਗਜ਼ਲਾਂ ਤੇ ਭਾਈ ਗੁਰਦਾਸ ਦੀਆਂ ਰਚਨਾਵਾਂ ਨੂੰ ਵੀ ਪ੍ਰਵਾਨਗੀ ਦਿੱਤੀ ਹੈ ਅਤੇ ਸਤਿਕਾਰ ਵਜੋਂ ਇਨ੍ਹਾਂ ਦਾ ਪਾਠ, ਕਥਾ, ਕੀਰਤਨ ਬਾਣੀ ਕਰਕੇ ਕੀਤਾ ਜਾ ਸਕਦਾ ਹੈ; ਪਰ ਇਨ੍ਹਾਂ ਨੂੰ ਗੁਰਬਾਣੀ ਨਹੀਂ ਕਿਹਾ ਗਿਆ।
ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਵਿੱਚ ਵੀ ਕੇਵਲ ਇੱਕ ਗ੍ਰੰਥ ਦੀ ਗੱਲ ਨਹੀਂ ਕੀਤੀ ਗਈ। ਇੱਥੇ ਸਪਸ਼ਟ ਤੌਰ `ਤੇ ਅੰਕਤ ਹੈ,
“ਗੁਰਬਾਣੀ ਦੀ ਕਥਾ: (ੲ) ਕਥਾ ਦਸ ਗੁਰੂ ਸਾਹਿਬਾਨ ਦੀ ਬਾਣੀ ਜਾਂ ਭਾਈ ਗੁਰਦਾਸ, ਭਾਈ ਨੰਦ ਲਾਲ ਜਾਂ ਕਿਸੇ ਹੋਰ ਪ੍ਰਮਾਣਿਕ ਪੰਥਕ ਪੁਸਤਕ ਜਾਂ ਇਤਿਹਾਸਕ ਦੀਆਂ ਪੁਸਤਕਾਂ (ਜੋ ਗੁਰਮਤਿ ਅਨੁਕੂਲ ਹੋਣ) ਦੀ ਹੋ ਸਕਦੀ ਹੈ, ਪਰ ਅਨਮਤ ਦੀ ਕਿਸੇ ਪੁਸਤਕ ਦੀ ਨਹੀਂ ਹੋ ਸਕਦੀ। ਹਾਂ, ਪ੍ਰਮਾਣ ਕਿਸੇ ਮਹਾਤਮਾ ਜਾਂ ਪੁਸਤਕ ਦੀ ਉੱਤਮ ਸਿਖਿਆ ਦਾ ਲਿਆ ਜਾ ਸਕਦਾ ਹੈ।”
ਸੋ ‘ਏਕ ਗ੍ਰੰਥ–ਏਕ ਪੰਥ’ ਕਹਿਣਾ ਸਿੱਖੀ `ਤੇ ਸਿੱਧਾ ਹਮਲਾ ਹੈ। ਇਹ ਹੁੱਜਤ ਸਭ ਤੋਂ ਪਹਿਲਾਂ ਬਾਬੂ ਤੇਜਾ ਸਿੰਘ ਭਸੌੜ ਨੇ ਸ਼ੁਰੂ ਕੀਤੀ ਅਤੇ ਪੰਥ ਵਿੱਚੋਂ ਦਰ-ਬਦਰ ਕੀਤਾ ਗਿਆ। ਉਪਰੰਤ (ਭਾਈ) ਦਰਸ਼ਨ ਸਿੰਘ ਰਾਗੀ ਨੇ ਤਾਂ ਇਸ ਲਈ ਇੱਕ ਮੁਹਿੰਮ ਹੀ ਵਿੱਢ ਦਿੱਤੀ। ਹੁਣ ਗਾਹੇ-ਬਗਾਹੇ ਉਸ ਦੇ ਪੈਰੋਕਾਰ ਸਿੱਧੇ-ਅਸਿੱਧੇ ਰੂਪ ਵਿੱਚ ਇਹ ਰਾਗ ਅਲਾਪਦੇ ਰਹਿੰਦੇ ਹਨ।
ਇਸਲਾਮ ਪੂਰੇ ਅਕੀਦੇ ਨਾਲ ਕੁਰਆਨ `ਤੇ ਇਤਕਾਦ ਰੱਖਦਾ ਹੈ। ਇਸ ਨੂੰ ਵਹੀ (ਨਾਜ਼ਲ) ਹੋਇਆ ਮੰਨਦੇ ਹਨ। ਇਸ ਦਾ ਕੋਈ ਬਦਲ ਨਹੀਂ ਹੈ, ਪਰ ਇਸਦੇ ਬਾਵਜੂਦ ਕੁਰਆਨ ਦੇ ਨਾਲ ਨਾਲ ਹਦੀਸ ਵੀ ਇਸਲਾਮ ਦੇ ਗ੍ਰੰਥ ਹਨ। ਇਨ੍ਹਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਇਹ ਸੁਣ ਕੇ ਹੈਰਾਨੀ ਹੋਏਗੀ ਕੇ ਨਮਾਜ਼ ਲਈ ਜੋ ਆਜ਼ਾਨ (ਬਾਂਗ) ਦਿੱਤੀ ਜਾਂਦੀ ਹੈ, ਉਸਦੇ ਲਫ਼ਜ਼ ਹਨ,
“ਅੱਲ੍ਹਾਹੁ ਅਕਬਰ, ਅੱਲ੍ਹਾਹੁ ਅਕਬਰ, ਅਸ਼ਹਾਦੁ ਅੱਨ ਲਾ ੲਲਾਹਾ ੲਲੱਅੱਲ੍ਹਾ, ਅਸ਼ਹਾਦੁ ਅੱਨ ਲਾ ੲਲਾਹਾ ੲਲੱਅੱਲ੍ਹਾ, ਅਸ਼ਹਦੁ ਅੱਨਾ ਮੁਹੰਮਦੁ ਰਸੂਲ ਅੱਲ੍ਹਾ, ਅਸ਼ਹਦੁ ਅੱਨਾ ਮੁਹੰਮਦੁ ਰਸੂਲ ਅੱਲ੍ਹਾ, ਹੀ ਅਲਸਾਲਾਹ, ਹੀ ਅਲਸਾਲਾਹ, ਹੀ ਅੱਲਲਫ਼ਲਾਹ, ਹੀ ਅੱਲਲਫ਼ਲਾਹ, ਅੱਲ੍ਹਾਹੁ ਅਕਬਰ, ਅੱਲ੍ਹਾਹੁ ਅਕਬਰ, ਲਾ ੲਲਾਹਾ ੲਲ ਅੱਲ੍ਹਾ।”
ਇਸਲਾਮ ਦੀਆਂ ਇਹ ਮਹੱਤਵਪੂਰਨ ਤੁਕਾਂ ਵੀ ਕੁਰਆਨ ਜਾਂ ਹਦੀਸ ਵਿੱਚ ਨਹੀਂ ਹਨ, ਬਲਕਿ ਸੁੰਨਤ ਅਤੇ ਪਰੰਪਰਾ ਵਿੱਚੋਂ ਹਨ; ਪਰ ਕਿਸੇ ਨੇ ਕਦੇ ਵੀ ਇਸ `ਤੇ ਇਤਰਾਜ਼ ਨਹੀਂ ਕੀਤਾ।
ਕੀ ਇਹ ‘ਏਕ ਗ੍ਰੰਥ–ਏਕ ਪੰਥ’ ਦੀ ਸ਼ਰਾਰਤ ਪੂਰਨ ਨਾਸਤਿਕਤਾ ਦੀ ਰਟ ਸਾਡੇ ਹਿੱਸੇ ਹੀ ਆਈ ਹੈ? ਸੁਚੇਤ ਹੋਣ ਦੀ ਲੋੜ ਹੈ। ਇਹ ਦ੍ਰਿੜ ਹੋਵੇ ਕਿ ਗੁਰੂ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਹੀ ਹਨ, ਪਰ ਇਸਦੇ ਨਾਲ ਗੁਰਬਾਣੀ ਦਾ ਦੂਸਰਾ ਸੋਮਾ ਦਸਮ ਗ੍ਰੰਥ ਸਾਹਿਬ ਹੈ ਅਤੇ ਬਾਕੀ ਹੋਰ ਪੰਥ ਦੀ ਅਹਿਮ ਧਰੋਹਰ ਪਾਵਨ ਗ੍ਰੰਥ ਹਨ।

Leave a Reply

Your email address will not be published. Required fields are marked *