ਪੰਜਾਬੀ ਖਿਡਾਰੀ ਪੰਜ ਦਰਿਆਵਾਂ ਦੇ ਖਿੱਤੇ ਤੱਕ ਸੀਮਤ ਨਹੀਂ, ਪੰਜਾਬੀਅਤ ਸੱਤ ਸਮੁੰਦਰ ਪਾਰ ਤੱਕ ਫੈਲੀ ਹੋਈ ਹੈ। ਭਾਰਤ-ਪਾਕਿਸਤਾਨ ਵਿਚਾਲੇ ਪੰਜਾਬਾਂ ਤੋਂ ਬਾਹਰ ਵੀ ਪੰਜਾਬੀ ਵਸੇ ਹੋਏ ਹਨ। ਭਾਰਤ ਵਿੱਚ ਦਿੱਲੀ, ਮੁੰਬਈ, ਕੋਲਕਾਤਾ ਸਮੇਤ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਪੰਜਾਬੀ ਰਹਿੰਦੇ ਹਨ, ਜਿਨ੍ਹਾਂ ਦੇ ਪਰਿਵਾਰਾਂ ਦਾ ਪਿਛੋਕੜ ਪੰਜ ਦਰਿਆਵਾਂ ਦੀ ਧਰਤੀ ਦਾ ਹੈ। ਇਸ ਕਾਲਮ ਵਿੱਚ ਅਗਾਂਹ ਤੋਂ ਪੰਜਾਬ ਤੋਂ ਬਾਹਰ ਵਸਦੇ ਪੰਜਾਬੀ ਮੂਲ ਦੇ ਖਿਡਾਰੀਆਂ ਬਾਰੇ ਵੀ ਪਾਠਕਾਂ ਨੂੰ ਜਾਣਕਾਰੀ ਮਿਲੇਗੀ- ਚਾਹੇ ਉਹ ਹਰਿਆਣਾ, ਹਿਮਾਚਲ ਪ੍ਰਦੇਸ਼ ਵਿੱਚ ਰਹਿੰਦੇ ਹੋਣ, ਜਾਂ ਫੇਰ ਦੇਸ਼ ਦੇ ਕਿਸੇ ਕੋਨੇ, ਚਾਹੇ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵੱਸੇ ਹੋਏ ਹੋਣ। ਹਥਲੇ ਲੇਖ ਵਿੱਚ ਪੰਜਾਬੀ ਮੂਲ ਦੇ ਦਿੱਲੀ ਵਿੱਚ ਜੰਮੇ-ਪਲੇL ਖਿਡਾਰੀ ਵਿਰਾਟ ਕੋਹਲੀ ਦਾ ਜ਼ਿਕਰ ਹੈ।
-ਨਵਦੀਪ ਸਿੰਘ ਗਿੱਲ
ਫੋਨ: +91-9780036216
ਕ੍ਰਿਕਟ ਦੇ ਇਤਿਹਾਸ ਵਿੱਚ ਵਿਰਾਟ ਕੋਹਲੀ ਸਭ ਤੋਂ ਮਹਾਨ ਬੱਲੇਬਾਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਵਿਰਾਟ ਦਾ ਹੁਨਰ, ਉਸ ਦੀ ਖੇਡ ਪ੍ਰਤੀ ਸਮਰਪਣ ਭਾਵਨਾ, ਜਨੂੰਨ ਅਤੇ ਵੱਡੇ ਮੰਚ ਉਤੇ ਵੱਡਾ ਖਿਡਾਰੀ ਬਣ ਕੇ ਉਭਰਨ ਦੀ ਖੂਬੀ ਵਿਰਾਟ ਨੂੰ ਮਹਾਨਤਮ ਕ੍ਰਿਕਟਰ ਬਣਾਉਂਦੀ ਹੈ। ਉਸ ਨੂੰ ਕ੍ਰਿਕਟ ਦੀ ਦੁਨੀਆਂ ਵਿੱਚ ਕਿੰਗ ਕੋਹਲੀ, ਚੇਜ਼ ਮਾਸਟਰ ਅਤੇ ਰਨ ਮਸ਼ੀਨ ਆਖਿਆ ਜਾਂਦਾ ਹੈ। ਵਿਰਾਟ ਨੇ ਵਿਸ਼ਵ ਕ੍ਰਿਕਟ ਵਿੱਚ ਉਹ ਹਾਸਲ ਕਰ ਲਿਆ, ਜੋ ਕੋਈ ਵੀ ਕ੍ਰਿਕਟਰ ਆਪਣੀ ਸ਼ੁਰੂਆਤ ਤੋਂ ਹਾਸਲ ਕਰਨ ਲਈ ਸੁਫਨਾ ਪਾਲ਼ਦਾ ਹੈ। ਸਚਿਨ ਦੇ ਖੇਡ ਛੱਡਣ ਤੋਂ ਬਾਅਦ ਵਿਰਾਟ ਕੋਹਲੀ ਨੇ ਭਾਰਤੀ ਕ੍ਰਿਕਟ ਨੂੰ ਨਾ ਸਿਰਫ ਸਾਂਭਿਆ, ਸਗੋਂ ਸਚਿਨ ਦੇ ਸਟਾਰਡੱਮ ਦੇ ਬਾਵਜੂਦ ਪ੍ਰਸਿੱਧੀ ਖੱਟੀ। ਜਦੋਂ ਸਚਿਨ 11 ਸਾਲ ਪਹਿਲਾਂ ਰਿਟਾਇਰ ਹੋਇਆ ਸੀ ਤਾਂ ਉਦੋਂ ਸਚਿਨ ਨੂੰ ਪ੍ਰਸਿੱਧ ਕੁਮੈਂਟੇਟਰ ਹਰਸ਼ਾ ਭੋਗਲੇ ਨੇ ਪੁੱਛਿਆ ਕਿ ਭਵਿੱਖ ਵਿੱਚ ਕਿਹੜੇ ਖਿਡਾਰੀ ਉਸ ਦਾ ਰਿਕਾਰਡ ਤੋੜਨਗੇ ਤਾਂ ਸਚਿਨ ਦਾ ਜਵਾਬ ਰੋਹਿਤ ਤੇ ਵਿਰਾਟ ਹੀ ਸੀ। ਵਿਰਾਟ ਨੇ ਇੱਕ ਰੋਜ਼ਾ ਕ੍ਰਿਕਟ ਵਿੱਚ ਤਾਂ ਸੈਂਕੜਿਆਂ ਦਾ ਰਿਕਾਰਡ ਤੋੜ ਹੀ ਦਿੱਤਾ।
ਵਿਰਾਟ ਨੇ 2008 ਵਿੱਚ ਅੰਡਰ-19 ਵਿਸ਼ਵ ਕੱਪ ਵਿੱਚ ਭਾਰਤ ਦੀ ਕਪਤਾਨੀ ਕਰਦਿਆਂ ਭਾਰਤ ਨੂੰ ਜੂਨੀਅਰ ਵਿਸ਼ਵ ਚੈਂਪੀਅਨ ਬਣਾਇਆ। ਇੱਥੋਂ ਹੀ ਕੋਹਲੀ ਦੇ ਵਿਰਾਟ ਕਰੀਅਰ ਦਾ ਆਰੰਭ ਹੋਇਆ। 18 ਅਗਸਤ 2008 ਨੂੰ ਸ੍ਰੀਲੰਕਾ ਖ਼ਿਲਾਫ਼ ਕੌਮਾਂਤਰੀ ਕ੍ਰਿਕਟ ਦੀ ਪਹਿਲੀ ਪੌੜੀ ਚੜ੍ਹਨ ਵਾਲੇ ਵਿਰਾਟ ਨੇ ਤਿੰਨ ਸਾਲ ਦੇ ਅੰਦਰ ਹੀ 2011 ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਦਾ ਕੱਪ ਜਿੱਤ ਲਿਆ, ਜਿਸ ਨੂੰ ਜਿੱਤਣ ਲਈ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਨੂੰ ਛੇ ਵਿਸ਼ਵ ਕੱਪ ਤੱਕ ਉਡੀਕ ਕਰਨੀ ਪਈ। 2013 ਤੇ 2025 ਵਿੱਚ ਦੋ ਵਾਰ ਚੈਂਪੀਅਨਜ਼ ਟਰਾਫੀ ਜਿੱਤੀ। 2024 ਵਿੱਚ ਟਵੰਟੀ-20 ਵਿਸ਼ਵ ਕੱਪ ਜਿੱਤਿਆ ਅਤੇ ਹੁਣ 2025 ਵਿੱਚ ਆਈ.ਪੀ.ਐਲ. ਟਰਾਫੀ ਜਿੱਤੀ। ਭਾਰਤ ਵਿੱਚ ਇਹ ਸਾਰੇ ਖਿਤਾਬ ਜਿੱਤਣ ਵਾਲੇ ਯੁਵਰਾਜ ਸਿੰਘ ਤੇ ਵਿਰਾਟ ਕੋਹਲੀ- ਦੋ ਹੀ ਕ੍ਰਿਕਟਰ ਹਨ। ਇਸ ਤੋਂ ਇਲਾਵਾ ਉਸ ਨੇ ਦੋ ਵਾਰ ਟੈਸਟ ਰੈਂਕਿੰਗ ਵਿੱਚ ਭਾਰਤ ਨੂੰ ਨੰਬਰ ਇੱਕ ਬਣਾਉਂਦਿਆਂ ਗੁਰਜ ਵੀ ਜਿੱਤੀ। ਉਸ ਨੇ ਤਿੰਨ ਵਾਰ ਏਸ਼ੀਆ ਕੱਪ ਜਿੱਤਿਆ। ਉਪ ਜੇਤੂ ਬਣਨ ਦੀ ਗੱਲ ਕਰੀਏ ਤਾਂ ਵਿਰਾਟ 2023 ਦੇ ਇੱਕ ਰੋਜ਼ਾ ਵਿਸ਼ਵ ਕੱਪ, 2014 ਦੇ ਟਵੰਟੀ-20 ਵਿਸ਼ਵ ਕੱਪ, 2017 ਦੀ ਚੈਂਪੀਅਨਜ਼ ਟਰਾਫੀ ਅਤੇ 2021 ਤੇ 2023 ਦੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਉਪ ਜੇਤੂ ਰਿਹਾ ਹੈ।
ਵਿਰਾਟ ਕੋਹਲੀ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਰੋਜ਼ਾ ਕ੍ਰਿਕਟ, ਟਵੰਟੀ-20 ਕੌਮਾਂਤਰੀ ਕ੍ਰਿਕਟ ਅਤੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਵਿੱਚ ਕੁੱਲ ਦੌੜਾਂ ਬਣਾਉਣ ਵਿੱਚ ਉਹ ਤੀਜੇ ਨੰਬਰ ਉਤੇ ਆਉਂਦਾ ਹੈ। ਇੱਕ ਰੋਜ਼ਾ ਕ੍ਰਿਕਟ ਵਿੱਚ ਸਭ ਤੋਂ ਵੱਧ ਸੈਂਕੜੇ ਬਣਾਉਣ ਦਾ ਰਿਕਾਰਡ ਉਸ ਦੇ ਨਾਮ ਹੈ, ਸਚਿਨ ਤੇਂਦੁਲਕਰ ਵੱਲੋਂ ਬੱਲੇਬਾਜ਼ੀ ਵਿੱਚ ਬਣਾਏ ਰਿਕਾਰਡਾਂ ਵਿੱਚੋਂ ਇਹ ਇੱਕੋ-ਇੱਕ ਰਿਕਾਰਡ ਹੈ, ਜੋ ਵਿਰਾਟ ਕੋਹਲੀ ਨੇ ਤੋੜਿਆ ਹੈ। ਸਾਰੇ ਫਾਰਮੈਟ ਮਿਲਾ ਕੇ ਸੈਂਕੜਿਆਂ ਦੇ ਰਿਕਾਰਡ ਵਿੱਚ ਵਿਰਾਟ ਦੂਜੇ ਨੰਬਰ ਉਤੇ ਹੈ। ਵਿਰਾਟ ਕੋਹਲੀ ਭਾਰਤ ਦਾ ਸਭ ਤੋਂ ਸਫਲ ਟੈਸਟ ਕਪਤਾਨ ਵੀ ਹੈ, ਜਿਸ ਨੇ ਆਪਣੀ ਕਪਤਾਨੀ ਹੇਠ ਦੋ ਵਾਰ ਟੈਸਟ ਰੈਂਕਿੰਗ ਵਿੱਚ ਭਾਰਤ ਨੂੰ ਵਿਸ਼ਵ ਦੀ ਨੰਬਰ ਇੱਕ ਟੀਮ ਬਣਾਉਂਦਿਆਂ ਦੋ ਵਾਰ ਟੈਸਟ ਗੁਰਜ ਜਿਤਾਈ ਅਤੇ ਭਾਰਤ ਨੂੰ ਸਭ ਤੋਂ ਵੱਧ ਜਿੱਤਾਂ ਦਿਵਾਈਆਂ। ਵਿਰਾਟ ਕ੍ਰਿਕਟ ਦੇ ਤਿੰਨੇ ਫਾਰਮੈਟ ਟੈਸਟ, ਇੱਕ ਰੋਜ਼ਾ ਤੇ ਟਵੰਟੀ-20 ਵਿੱਚ ਚੋਟੀ ਦਾ ਬੱਲੇਬਾਜ਼ ਰਿਹਾ ਅਤੇ ਤਿੰਨੋਂ ਫਾਰਮੈਟਾਂ ਵਿੱਚ 900 ਰੇਟਿੰਗ ਅੰਕ ਹਾਸਲ ਕਰਨ ਵਾਲਾ ਵਿਸ਼ਵ ਦਾ ਇਕਲੌਤਾ ਬੱਲੇਬਾਜ਼ ਹੈ। ਉਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਹੈ।
ਨਿੱਜੀ ਰਿਕਾਰਡਾਂ ਦੀ ਗੱਲ ਕਰੀਏ ਤਾਂ ਵਿਰਾਟ 2023 ਦੇ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਪਲੇਅਰ ਆਫ਼ ਦਾ ਟੂਰਨਾਮੈਂਟ, 2014 ਤੇ 2016 ਵਿੱਚ ਦੋ ਵਾਰ ਟਵੰਟੀ-20 ਵਿਸ਼ਵ ਕੱਪ ਵਿੱਚ ਪਲੇਅਰ ਆਫ਼ ਦਾ ਟੂਰਨਾਮੈਂਟ ਬਣਿਆ ਹੈ। ਵਿਸ਼ਵ ਰੈਂਕਿੰਗ ਦੇ ਮਾਮਲੇ ਵਿੱਚ ਇੱਕ ਰੋਜ਼ਾ ਕ੍ਰਿਕਟ ਵਿੱਚ ਕੋਹਲੀ 2013 ਵਿੱਚ ਹੀ ਨੰਬਰ ਇੱਕ ਬੱਲੇਬਾਜ਼ ਬਣਿਆ, 2015 ਵਿੱਚ ਉਹ ਟਵੰਟੀ-20 ਅਤੇ 2018 ਵਿੱਚ ਟੈਸਟ ਕ੍ਰਿਕਟ ਵਿੱਚ ਵਿਸ਼ਵ ਦਾ ਨੰਬਰ ਇੱਕ ਬੱਲੇਬਾਜ਼ ਬਣਿਆ। ਤਿੰਨੇ ਫਾਰਮੈਟਾਂ ਵਿੱਚ ਇਹ ਸਿਖਰ ਹਾਸਲ ਕਰਨਾ ਉਸ ਦੇ ਹਿੱਸੇ ਹੀ ਆਇਆ। 2011 ਤੋਂ 2020 ਤੱਕ ਇੱਕ ਦਹਾਕੇ ਵਿੱਚ ਉਸ ਨੇ 20 ਹਜ਼ਾਰ ਦੌੜਾਂ ਬਣਾਈਆ ਅਤੇ ਇੱਕ ਦਹਾਕੇ ਵਿੱਚ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਵੀ ਉਹ ਪਹਿਲਾ ਕ੍ਰਿਕਟਰ ਹੈ।
ਵਿਰਾਟ ਕੋਹਲੀ ਨੇ 10 ਆਈ.ਸੀ.ਸੀ. ਐਵਾਰਡ ਹਾਸਲ ਕੀਤੇ ਅਤੇ ਕੌਮਾਂਤਰੀ ਕ੍ਰਿਕਟ ਵਿੱਚ ਇੰਨੇ ਐਵਾਰਡ ਹਾਸਲ ਕਰਨ ਵਾਲਾ ਉਹ ਪਹਿਲਾ ਕ੍ਰਿਕਟਰ ਹੈ। 2012, 2017, 2018 ਅਤੇ 2023 ਵਿੱਚ ਚਾਰ ਵਾਰ ਇੱਕ ਰੋਜ਼ਾ ਕ੍ਰਿਕਟ ਵਿੱਚ ਐਵਾਰਡ ਮਿਲਿਆ। 2017 ਅਤੇ 2018 ਵਿੱਚ ਦੋ ਵਾਰ ਕ੍ਰਿਕਟਰ ਆਫ਼ ਦ ਯੀਅਰ ਦਾ ਪੁਰਸਕਾਰ ਜਿੱਤਿਆ। 2018 ਵਿੱਚ ਉਸ ਨੇ ਤਿੰਨ ਐਵਾਰਡ ਹਾਸਲ ਕੀਤੇ। ਇੱਕ ਰੋਜ਼ਾ ਤੇ ਟੈਸਟ ਕ੍ਰਿਕਟ ਦੇ ਨਾਲ ਕ੍ਰਿਕਟਰ ਆਫ਼ ਦ ਯੀਅਰ ਪੁਰਸਕਾਰ ਵੀ ਹਾਸਲ ਕੀਤਾ। 2019 ਵਿੱਚ ਸਪਿਰਿਟ ਆਫ਼ ਕ੍ਰਿਕਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਅਤੇ 2020 ਵਿੱਚ ਦਹਾਕੇ ਦਾ ਕ੍ਰਿਕਟਰ ਆਫ਼ ਦ ਯੀਅਰ ਅਤੇ ਦਹਾਕੇ ਦਾ ਇੱਕ ਰੋਜ਼ਾ ਕ੍ਰਿਕਟਰ ਆਫ਼ ਦ ਯੀਅਰ ਦਿੱਤਾ ਗਿਆ। ਵਿਰਾਟ ਕੋਹਲੀ ਨੂੰ ਲਗਾਤਾਰ ਤਿੰਨ ਸਾਲਾਂ ਲਈ ਵਿਜ਼ਡਨ ਲੀਡਿੰਗ ਕ੍ਰਿਕਟਰ ਦਾ ਨਾਮ ਵੀ ਦਿੱਤਾ ਗਿਆ।
ਵਿਰਾਟ ਕੋਹਲੀ ਤਿੰਨੇ ਫਾਰਮੈਟਾਂ ਵਿੱਚ ਸਭ ਤੋਂ ਵੱਧ ਪਲੇਅਰ ਆਫ਼ ਦਾ ਸੀਰੀਜ਼ ਅਤੇ ਦੂਜੇ ਨੰਬਰ ਉਤੇ ਸਭ ਤੋਂ ਵੱਧ ਪਲੇਅਰ ਆਫ਼ ਦਾ ਮੈਚ ਪੁਰਸਕਾਰ ਹਾਸਲ ਕਰਨ ਵਾਲਾ ਖਿਡਾਰੀ ਹੈ। ਹੋਰ ਮਾਣ-ਸਨਮਾਨਾਂ ਦੀ ਗੱਲ ਕਰੀਏ ਤਾਂ ਵਿਰਾਟ ਨੇ 2013 ਵਿੱਚ ਅਰਜੁਨਾ ਐਵਾਰਡ, 2017 ਵਿੱਚ ਪਦਮਸ਼੍ਰੀ ਅਤੇ 2018 ਵਿੱਚ ਭਾਰਤ ਦਾ ਸਭ ਤੋਂ ਵੱਡਾ ਖੇਡ ਸਨਮਾਨ ਖੇਲ ਰਤਨ ਪੁਰਸਕਾਰ ਹਾਸਲ ਕੀਤਾ। ‘ਟਾਈਮ’ ਰਸਾਲੇ ਨੇ ਉਸ ਨੂੰ 2018 ਵਿੱਚ ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ।
ਵਿਰਾਟ ਕੋਹਲੀ ਨੇ 2024 ਵਿੱਚ ਟਵੰਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਕ੍ਰਿਕਟ ਦੇ ਇਸ ਛੋਟੇ ਫਾਰਮੈਟ ਤੋਂ ਸੰਨਿਆਸ ਲਿਆ ਅਤੇ ਇਸ ਸਾਲ ਉਸ ਨੇ ਟੈਸਟ ਤੋਂ ਸੰਨਿਆਸ ਲਿਆ। ਹੁਣ ਉਹ ਕੌਮਾਂਤਰੀ ਕ੍ਰਿਕਟ ਵਿੱਚ ਇਕੱਲਾ ਇੱਕ ਰੋਜ਼ਾ ਖੇਡੇਗਾ ਅਤੇ ਉਮੀਦ ਕਰਦੇ ਹਾਂ ਕਿ 2027 ਤੱਕ ਉਹ ਟੀਮ ਦਾ ਹਿੱਸਾ ਰਹੇਗਾ। ਉਸ ਦੀ ਫਿਟਨੈਸ ਅਤੇ ਫਾਰਮ ਨੂੰ ਦੇਖਦਿਆਂ ਆਈ.ਪੀ.ਐਲ. ਵਿੱਚ ਹਾਲੇ ਕੁਝ ਸਾਲ ਹੋਰ ਖੇਡਦਾ ਨਜ਼ਰ ਆਵੇਗਾ। ਇੱਕ ਰੋਜ਼ਾ ਕ੍ਰਿਕਟ ਹਾਲੇ ਵਿਰਾਟ ਨੇ ਖੇਡਣੀ ਹੈ। ਹੁਣ ਤੱਕ ਉਹ 302 ਇੱਕ ਰੋਜ਼ਾ ਮੈਚਾਂ ਵਿੱਚ 57.88 ਦੀ ਔਸਤ ਨਾਲ 14,181 ਦੌੜਾਂ ਬਣਾ ਚੁੱਕਾ ਹੈ, ਜਿਸ ਵਿੱਚ 51 ਸੈਂਕੜੇ ਤੇ 74 ਅਰਧ ਸੈਂਕੜੇ ਹਨ। ਸਭ ਤੋਂ ਵੱਧ 51 ਸੈਂਕੜੇ ਅਤੇ ਸਕੋਰ ਦਾ ਪਿੱਛਾ ਕਰਦਿਆਂ ਸਭ ਤੋਂ ਵੱਧ 26 ਸੈਂਕੜਿਆਂ ਦਾ ਰਿਕਾਰਡ ਬਣਾਉਣ ਵਾਲਾ ਵਿਰਾਟ 2023 ਦੇ ਵਿਸ਼ਵ ਕੱਪ ਵਿੱਚ, ਵਿਸ਼ਵ ਕੱਪ ਦੇ ਇਤਿਹਾਸ ਵਿੱਚ ਇੱਕ ਮੁਕਾਬਲੇ ਦੌਰਾਨ ਸਭ ਤੋਂ ਵੱਧ ਦੌੜਾਂ 765 ਬਣਾਉਣ ਵਾਲਾ ਬੱਲੇਬਾਜ਼ ਵੀ ਬਣਿਆ। 8000 ਤੋਂ 14,000 ਤੱਕ ਉਹ ਸਭ ਤੋਂ ਤੇਜ਼ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਹੈ। ਟਵੰਟੀ-20 ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਵਿਰਾਟ ਨੇ ਖੇਡ ਦੇ ਇਸ ਸਭ ਤੋਂ ਛੋਟੇ ਫਾਰਮੈਟ ਵਿੱਚ 125 ਮੈਚਾਂ ਵਿੱਚ 48.69 ਦੀ ਔਸਤ ਨਾਲ 4188 ਦੌੜਾਂ ਬਣਾਈਆਂ ਹਨ, ਜਿਸ ਵਿੱਚ ਇੱਕ ਸੈਂਕੜਾ ਤੇ 38 ਅਰਧ ਸੈਂਕੜੇ ਸ਼ਾਮਲ ਹਨ। ਟਵੰਟੀ-20 ਵਿੱਚ ਉਹ ਸਰਵੋਤਮ ਔਸਤ ਵਾਲਾ ਖਿਡਾਰੀ ਹੈ।
ਖਿਡਾਰੀਆਂ ਦੀ ਖੇਡ ਤੋਂ ਰਿਟਾਇਰਮੈਂਟ ਲੈਣ ਬਾਰੇ ਇੱਕ ਕਥਨ ਸਭ ਤੋਂ ਅਹਿਮ ਹੈ ਕਿ ਜਦੋਂ ਕਿਸੇ ਖਿਡਾਰੀ ਦੇ ਸੰਨਿਆਸ ਦੇ ਐਲਾਨ ਮੌਕੇ ਸਾਰੇ ਹੈਰਾਨ ਹੋ ਕੇ ਕਹਿਣ ‘ਕਿਉਂ?’ ਤਾਂ ਉਹ ਉਸ ਖਿਡਾਰੀ ਖਿਡਾਰੀ ਦੀ ਮਹਾਨਤਾ ਆਪਣੇ ਆਪ ਦੱਸ ਦਿੰਦਾ ਹੈ। ਵਿਰਾਟ ਨੇ ਜਿਉਂ ਹੀ ਟੈਸਟ ਕ੍ਰਿਕਟ ਨੂੰ ਅਲਵਿਦਾ ਆਖੀ ਤਾਂ ਹਰ ਖੇਡ ਪ੍ਰੇਮੀ ਹੈਰਾਨ ਸੀ। ਵਿਰਾਟ ਨੇ ਟਵੰਟੀ-20 ਦੇ ਦੌਰ ਵਿੱਚ ਵੀ ਟੈਸਟ ਦੀ ਅਹਿਮੀਅਤ ਬਣਾ ਕੇ ਰੱਖੀ ਹੋਈ ਸੀ। ਵਿਰਾਟ ਨੇ ਨੀਰਸ ਤੇ ਹੌਲੀ ਸਮਝੇ ਜਾਂਦੇ ਕ੍ਰਿਕਟ ਦੇ ਇਸ ਫਾਰਮੈਟ ਵਿੱਚ ਆਪਣੇ ਜੋਸ਼, ਜਲੌਅ ਤੇ ਹਮਲਾਵਰ ਰੁਖ ਨਾਲ ਜਾਨ ਪਾਈ ਰੱਖੀ। ਉਹ ਕਪਤਾਨੀ ਤੇ ਫੀਲਡਿੰਗ ਕਰਦਾ ਹੋਇਆ ਵੀ ਜੋਸ਼ ਵਿੱਚ ਸਾਰੇ ਖਿਡਾਰੀਆਂ ਨੂੰ ਉਤਸੁਕ ਰੱਖਦਾ। ਵਿਰਾਟ ਦੀ ਕਪਤਾਨੀ ਵਿੱਚ ਭਾਰਤ ਦੇ ਤੇਜ਼ ਗੇਂਦਬਾਜ਼ਾਂ ਦਾ ਜਾਦੂ ਸਿਰ ਚੜ੍ਹ ਬੋਲਿਆ, ਚਾਹੇ ਉਹ ਬੁੰਮਰਾਹ ਹੋਵੇ, ਸ਼ੰਮੀ ਜਾਂ ਸਿਰਾਜ, ਚਾਹੇ ਫੇਰ ਇਸ਼ਾਂਤ ਸ਼ਰਮਾ ਹੋਵੇ। ਵਿਰਾਟ ਨੇ ਭਾਰਤੀ ਪੇਸ ਅਟੈਕ ਦੀ ਖੁੰਢੀ ਧਾਰ ਨੂੰ ਆਪਣੇ ਹਮਲਾਵਰ ਰੁਖ ਨਾਲ ਇੰਨਾ ਤੇਜ਼ ਕੀਤਾ ਕਿ ਭਾਰਤ ਨੇ ਇੰਗਲੈਂਡ, ਦੱਖਣੀ ਅਫਰੀਕਾ ਤੇ ਆਸਟਰੇਲੀਆ ਵਿੱਚ ਜਾ ਕੇ ਟੈਸਟ ਜਿੱਤਣੇ ਸ਼ੁਰੂ ਕੀਤੇ। ਭਾਰਤੀ ਕ੍ਰਿਕਟ ਵਿੱਚ ਸੌਰਵ ਗਾਂਗੁਲੀ ਤੋਂ ਬਾਅਦ ਵਿਰਾਟ ਨੇ ਭਾਰਤੀ ਕ੍ਰਿਕਟ ਟੀਮ ਵਿੱਚ ਜੋਸ਼ ਭਰਿਆ।
ਅੰਕੜਿਆਂ ਦੀ ਗੱਲ ਕਰੀਏ ਤਾਂ ਵਿਰਾਟ ਕੋਹਲੀ ਨੇ ਆਪਣੇ ਟੈਸਟ ਕਰੀਅਰ ਵਿੱਚ 123 ਮੈਚ ਖੇਡਦਿਆਂ 46.85 ਦੀ ਔਸਤ ਨਾਲ ਕੁੱਲ 9230 ਦੌੜਾਂ ਬਣਾਈਆਂ। ਭਾਰਤੀ ਬੱਲੇਬਾਜ਼ਾਂ ਵਿੱਚ ਟੈਸਟ ਵਿੱਚ ਦੌੜਾਂ ਬਣਾਉਣ ਵਿੱਚ ਉਹ ਸਚਿਨ ਤੇਂਦੁਲਕਰ, ਰਾਹੁਲ ਦਰਾਵਿੜ ਤੇ ਸੁਨੀਲ ਗਾਵਸਕਰ ਤੋਂ ਬਾਅਦ ਚੌਥੇ ਨੰਬਰ ਉਤੇ ਹੈ। ਟੈਸਟ ਤੋਂ ਰਿਟਾਇਰਮੈਂਟ ਮੌਕੇ ਉਹ 10,000 ਟੈਸਟ ਦੌੜਾਂ ਦੇ ਮੀਲ ਪੱਥਰ ਤੋਂ ਸਿਰਫ 770 ਦੌੜਾਂ ਪਿਛੇ ਸੀ ਅਤੇ ਕੋਹਲੀ ਦੀ ਫਿਟਨੈਸ ਤੇ ਫਾਰਮ ਨੂੰ ਦੇਖਦਿਆਂ ਇਹ ਮੀਲ ਪੱਥਰ ਵੀ ਇੱਕ ਸਾਲ ਦੇ ਅੰਦਰ ਪੂਰਾ ਹੋਣ ਦੀ ਉਮੀਦ ਸੀ, ਜੇਕਰ ਉਹ ਸੰਨਿਆਸ ਨਾ ਲੈਂਦਾ। ਵਿਰਾਟ ਨੇ ਟੈਸਟ ਕਰੀਅਰ ਵਿੱਚ 30 ਸੈਂਕੜੇ ਤੇ 31 ਅਰਧ ਸੈਂਕੜੇ ਲਾਏ। ਸੱਤ ਦੋਹਰੇ ਸੈਂਕੜੇ ਵੀ ਲਾਏ। ਸੈਂਕੜੇ ਲਾਉਣ ਵਿੱਚ ਵੀ ਉਹ ਚੌਥੇ ਨੰਬਰ ਉਤੇ ਹੈ। ਦੱਖਣੀ ਅਫਰੀਕਾ ਖਿਲਾਫ ਨਾਬਾਦ 254 ਦੌੜਾਂ ਦੀ ਪਾਰੀ ਉਸ ਦਾ ਨਿੱਜੀ ਸਰਵੋਤਮ ਸਕੋਰ ਹੈ। ਵਿਰਾਟ ਨੇ 30 ਟੈਸਟ ਸੈਂਕੜਿਆਂ ਵਿੱਚੋਂ ਸਭ ਤੋਂ ਵੱਧ ਆਸਟਰੇਲੀਆ ਖਿਲਾਫ 9 ਸੈਂਕੜੇ ਲਗਾਏ ਹਨ। ਉਹ ਸਭ ਤੋਂ ਵੱਧ ਸੱਤ ਦੋਹਰੇ ਸੈਂਕੜੇ ਲਾਉਣ ਵਾਲਾ ਭਾਰਤੀ ਹੈ ਤੇ ਕਪਤਾਨ ਵਜੋਂ ਵੀ ਸਭ ਤੋਂ ਵੱਧ ਛੇ ਦੋਹਰੇ ਸੈਂਕੜੇ ਲਾਉਣ ਦਾ ਰਿਕਾਰਡ ਵੀ ਉਸ ਦੇ ਨਾਮ ਹੈ। 2016 ਤੇ 2017 ਵਿੱਚ ਤਿੰਨ-ਤਿੰਨ ਦੋਹਰੇ ਸੈਂਕੜਿਆਂ ਨਾਲ ਲਗਾਤਾਰ ਦੋ ਸਾਲ ਸਭ ਤੋਂ ਵੱਧ ਦੋਹਰੇ ਸੈਂਕੜੇ ਲਾਉਣ ਦਾ ਰਿਕਾਰਡ ਵੀ ਉਸ ਦੇ ਨਾਮ ਦਰਜ ਹੈ। 2018 ਵਿੱਚ ਉਸ ਦੇ ਟੈਸਟ ਰੈਂਕਿੰਗ ਵਿੱਚ 937 ਅੰਕ ਸਨ, ਜੋ ਕਿ ਕਿਸੇ ਵੀ ਭਾਰਤੀ ਵੱਲੋਂ ਹਾਸਲ ਕੀਤੇ ਸਭ ਤੋਂ ਵੱਧ ਰੇਟਿੰਗ ਅੰਕ ਹਨ।
ਵਿਰਾਟ ਕੋਹਲੀ ਨੇ ਕਪਤਾਨ ਵਜੋਂ ਖੇਡੇ 68 ਟੈਸਟ ਮੈਚਾਂ ਵਿੱਚੋਂ 40 ਜਿੱਤੇ ਹਨ, ਜੋ ਕਿ ਸਭ ਤੋਂ ਵੱਧ ਟੈਸਟ ਜਿੱਤਣ ਵਾਲਾ ਭਾਰਤੀ ਕਪਤਾਨ ਹੈ। ਵਿਰਾਟ ਕੋਹਲੀ ਦੇ ਬਿਹਤਰੀਨ ਟੂਰਾਂ ਵਿੱਚੋਂ ਸਭ ਤੋਂ ਉਪਰ 2014-15 ਦਾ ਆਸਟਰੇਲੀਅਨ ਟੂਰ ਹੈ, ਜਦੋਂ ਉਸ ਨੇ 86.50 ਦੀ ਔਸਤ ਨਾਲ ਕੁੱਲ 692 ਦੌੜਾਂ ਬਣਾਈਆਂ, ਜਿਸ ਵਿੱਚ ਚਾਰ ਸੈਂਕੜੇ ਵੀ ਸ਼ਾਮਲ ਸਨ। ਵਿਰਾਟ ਦੀਆਂ ਕਈ ਬਿਹਤਰੀਨ ਪਾਰੀਆਂ ਹਨ, ਜੋ ਖੇਡ ਪ੍ਰੇਮੀਆਂ ਨੂੰ ਸਦੀਵੀ ਯਾਦ ਰਹਿਣਗੀਆਂ। 2013 ਵਿੱਚ ਜੌਹਨਸਬਰਗ ਵਿਖੇ ਦੱਖਣੀ ਅਫ਼ਰੀਕਾ ਖਿਲਾਫ ਦੋਵੇਂ ਪਾਰੀਆਂ ਵਿੱਚ ਕ੍ਰਮਵਾਰ 119 ਤੇ 96 ਦੌੜਾਂ, 2014 ਵਿੱਚ ਐਡੀਲੇਡ ਵਿਖੇ ਆਸਟਰੇਲੀਆ ਖਿਲਾਫ਼ ਦੋਵੇਂ ਪਾਰੀਆਂ ਵਿੱਚ ਸੈਂਕੜਾ, 2016 ਵਿੱਚ ਮੁੰਬਈ ਵਿਖੇ ਇੰਗਲੈਂਡ ਖਿਲਾਫ 235 ਦੌੜਾਂ, 2018 ਵਿੱਚ ਬਰਮਿੰਘਮ ਵਿਖੇ ਇੰਗਲੈਂਡ ਖਿਲਾਫ 149 ਦੌੜਾਂ, 2016 ਵਿੱਚ ਸੈਂਚੁਰੀਅਨ ਵਿਖੇ ਦੱਖਣੀ ਅਫ਼ਰੀਕਾ ਖਿਲਾਫ 153 ਦੌੜਾਂ, 2019 ਵਿੱਚ ਪੁਣੇ ਵਿਖੇ ਦੱਖਣੀ ਅਫ਼ਰੀਕਾ ਖਿਲਾਫ ਆਪਣਾ ਸਰਵੋਤਮ ਸਕੋਰ ਨਾਬਾਦ 254 ਦੌੜਾਂ ਅਹਿਮ ਪਾਰੀਆਂ ਵਿੱਚੋਂ ਇੱਕ ਹਨ। ਕੋਹਲੀ ਨੇ ਆਪਣਾ ਆਖ਼ਰੀ ਸੈਂਕੜਾ ਪਿਛਲੇ ਸਾਲ ਆਸਟਰੇਲੀਆ ਦੌਰੇ ਉਤੇ ਪਰਥ ਵਿਖੇ ਬਣਾਇਆ, ਜਿੱਥੇ ਉਸ ਦੀ ਨਾਬਾਦ 100 ਦੌੜਾਂ ਦੀ ਪਾਰੀ ਨੇ ਭਾਰਤ ਨੂੰ ਜਿੱਤ ਦਿਵਾਈ। ਪਰਥ ਵਿਖੇ ਉਸ ਦਾ ਇਹ ਦੂਜਾ ਸੈਂਕੜਾ ਸੀ। ਟੈਸਟ ਵਿੱਚ ਉਹ ਕਪਤਾਨ ਵਜੋਂ ਭਾਰਤ ਲਈ ਸਭ ਤੋਂ ਵੱਧ 5864 ਦੌੜਾਂ ਬਣਾਉਣ ਵਾਲਾ ਖਿਡਾਰੀ ਹੈ।
ਟੈਸਟ ਕ੍ਰਿਕਟ ਨੂੰ ਸਭ ਤੋਂ ਵੱਧ ਅਹਿਮੀਅਤ ਦੇਣ ਵਾਲੇ ਵਿਰਾਟ ਕੋਹਲੀ ਨੇ ਆਖਿਆ, “ਆਈ.ਪੀ.ਐਲ. ਜਿੱਤਣਾ ਮੇਰੇ ਕਰੀਅਰ ਦੇ ਸਭ ਤੋਂ ਵਧੀਆ ਪਲਾਂ ਵਿੱਚੋਂ ਹੈ, ਪਰ ਇਹ ਅਜੇ ਵੀ ਟੈਸਟ ਕ੍ਰਿਕਟ ਤੋਂ ਪੰਜ ਦਰਜੇ ਹੇਠਾਂ ਹੈ। ਮੈਂ ਟੈਸਟ ਕ੍ਰਿਕਟ ਦੀ ਬਹੁਤ ਕਦਰ ਕਰਦਾ ਹਾਂ ਅਤੇ ਟੈਸਟ ਕ੍ਰਿਕਟ ਨੂੰ ਬਹੁਤ ਪਿਆਰ ਕਰਦਾ ਹਾਂ। ਇਸ ਲਈ ਮੈਂ ਆਉਣ ਵਾਲੇ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਉਸ ਫਾਰਮੈਟ ਨੂੰ ਸਤਿਕਾਰ ਨਾਲ ਵਰਤਣ; ਕਿਉਂਕਿ ਜੇਕਰ ਤੁਸੀਂ ਟੈਸਟ ਕ੍ਰਿਕਟ ਵਿੱਚ ਪ੍ਰਦਰਸ਼ਨ ਕਰਦੇ ਹੋ, ਤਾਂ ਤੁਸੀਂ ਆਪਣੇ ਆਪ ਨੂੰ ਸਾਬਤ ਕਰੋਗੇ। ਜੇਕਰ ਤੁਸੀਂ ਪੂਰੀ ਦੁਨੀਆ ਵਿੱਚ ਵਿਸ਼ਵ ਕ੍ਰਿਕਟ ਵਿੱਚ ਸਤਿਕਾਰ ਕਮਾਉਣਾ ਚਾਹੁੰਦੇ ਹੋ, ਤਾਂ ਟੈਸਟ ਕ੍ਰਿਕਟ ਨੂੰ ਅਪਣਾਓ।”
ਆਈ.ਪੀ.ਐਲ. ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਵੱਲੋਂ ਖੇਡਦਿਆਂ 18 ਅਪਰੈਲ 2008 ਤੋਂ 3 ਜੂਨ 2025 ਤੱਕ ਵਿਰਾਟ ਕੋਹਲੀ ਦਾ ਆਈ.ਪੀ.ਐਲ. ਦਾ ਸਫ਼ਰ ਜੋ ਉਸ ਦੀ ਕਰੜੀ ਤਪੱਸਿਆ, ਮਿਹਨਤ, ਜਜ਼ਬੇ ਅਤੇ ਕਦੇ ਵੀ ਹਾਰ ਕੇ ਨਾ ਬੈਠਣ ਦੇ ਦ੍ਰਿੜ ਇਰਾਦੇ ਨੂੰ ਦਰਸਾਉਂਦਾ ਹੈ। ਇਸ ਸਫਰ ਵਿੱਚ ਵਿਰਾਟ ਨੇ 3 ਜੂਨ ਤੋਂ ਪਹਿਲਾਂ ਹਰ ਕੁਝ ਹਾਸਲ ਕਰ ਲਿਆ ਸੀ, ਸਿਰਫ ਟਰਾਫ਼ੀ ਦੀ ਕਮੀ ਸੀ ਜੋ ਉਸ ਰਾਤ ਪੂਰੀ ਹੋ ਗਈ। ਵਿਰਾਟ ਸਾਰੇ ਦੇ ਸਾਰੇ 18 ਸੀਜ਼ਨ ਰਾਇਲ ਚੈਲੇਂਜਰਜ਼ ਬੰਗਲੌਰ ਵੱਲੋਂ ਖੇਡਣ ਵਾਲਾ ਇਕਲੌਤਾ ਖਿਡਾਰੀ ਹੈ, ਜਿਸ ਦੇ ਹੁੰਦਿਆਂ ਉਸ ਦੀ ਟੀਮ 10 ਵਾਰ ਪਲੇਅ ਆਫ਼ ਵਿੱਚ ਪੁੱਜੀ। ਚਾਰ ਫਾਈਨਲ ਖੇਡੇ ਜਿਨ੍ਹਾਂ ਵਿੱਚੋਂ ਇੱਕ ਜਿੱਤਿਆ ਤੇ ਤਿੰਨ ਵਾਰ ਉਪ ਜੇਤੂ ਰਹੀ। ਆਈ.ਪੀ.ਐਲ. ਦੇ ਨਿੱਜੀ ਰਿਕਾਰਡਾਂ ਵੀ ਉਸ ਦੇ ਵਿਰਾਟ ਹੀ ਹਨ। ਇਸ ਲੀਗ ਵਿੱਚ ਸਭ ਤੋਂ ਵੱਧ ਦੌੜਾਂ (8618), ਕਪਤਾਨ ਵਜੋਂ ਸਭ ਤੋਂ ਵੱਧ ਦੌੜਾਂ (4994), ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਦੌੜਾਂ (2016 ਵਿੱਚ 973), ਸਭ ਤੋਂ ਵੱਧ ਸੈਂਕੜੇ (8), ਸਭ ਤੋਂ ਵੱਧ ਅਰਧ ਸੈਂਕੜੇ (63), ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਸੈਂਕੜੇ (2016 ਵਿੱਚ 4), ਸਭ ਤੋਂ ਵੱਧ ਚੌਕੇ (768), ਸਭ ਤੋਂ ਵੱਧ ਕੈਚ (114), ਚੇਜ ਵਿੱਚ ਸਭ ਤੋਂ ਵੱਧ ਦੌੜਾਂ (2205), ਇੱਕ ਸੀਜ਼ਨ ਵਿੱਚ ਸਭ ਤੋਂ ਵੱਧ 500 ਤੋਂ ਵੱਧ ਦੌੜਾਂ (8 ਵਾਰ), ਇੱਕ ਸੀਜ਼ਨ ਵਿੱਚ ਸਭ ਤੋਂ ਵੱਧ 600 ਤੋਂ ਵੱਧ ਦੌੜਾਂ (5 ਵਾਰ) ਚਾਰ ਟੀਮਾਂ ਖਿਲਾਫ 1000 ਦੌੜਾਂ, ਆਦਿ ਸਭ ਰਿਕਾਰਡ ਉਸ ਦੇ ਨਾਮ ਹਨ।
ਵਿਰਾਟ ਨੇ ਆਪਣੇ ਕਰੀਅਰ ਦੇ ਪਹਿਲੇ ਹੀ ਸਾਲ ਜੂਨੀਅਰ ਵਿਸ਼ਵ ਕੱਪ ਅਤੇ ਤੀਜੇ ਹੀ ਸਾਲ ਇੱਕ ਰੋਜ਼ਾ ਵਿਸ਼ਵ ਕੱਪ ਜਿੱਤ ਲਿਆ। ਆਈ.ਪੀ.ਐਲ. ਜਿੱਤਣ ਲਈ ਉਸ ਨੂੰ 18 ਸਾਲ ਲੱਗੇ, ਜਿਸ ਨੂੰ ਜਿੱਤਣ ਤੋਂ ਬਾਅਦ ਉਸ ਵੱਲੋਂ ਸਭ ਤੋਂ ਪਹਿਲੀ ਕੀਤੀ ਇੰਟਰਵਿਊ ਦੌਰਾਨ ਆਖਿਆ ਗਿਆ, “ਮੈਂ ਆਰ.ਬੀ.ਬੀ. ਨੂੰ ਆਪਣੀ ਜਵਾਨੀ, ਆਪਣਾ ਸਿਖਰ ਤੇ ਆਪਣਾ ਤਜਰਬਾ ਦਿੱਤਾ ਹੈ ਅਤੇ ਮੈਂ ਹਰ ਸੀਜ਼ਨ ਵਿੱਚ ਇਸ ਨੂੰ ਜਿਤਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਉਹ ਸਭ ਕੁਝ ਦਿੱਤਾ, ਜੋ ਮੇਰੇ ਕੋਲ ਹੈ। ਅੰਤ ਵਿੱਚ ਇਸ ਪਲ ਦਾ ਆਉਣਾ, ਇਹ ਇੱਕ ਅਵਿਸ਼ਵਾਸ਼ਯੋਗ ਅਹਿਸਾਸ ਹੈ। ਮੈਂ ਕਦੇ ਨਹੀਂ ਸੋਚਿਆ ਸੀ ਕਿ ਇਹ ਦਿਨ ਆਵੇਗਾ। ਆਖਰੀ ਗੇਂਦ ਸੁੱਟਦੇ ਹੀ ਮੈਂ ਭਾਵਨਾਵਾਂ ਨਾਲ ਭਰ ਗਿਆ ਅਤੇ ਇਹ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ। ਮੈਂ ਇਸ ਟੀਮ ਪ੍ਰਤੀ ਵਫ਼ਾਦਾਰ ਰਿਹਾ ਹਾਂ, ਭਾਵੇਂ ਕੁਝ ਵੀ ਹੋਵੇ, ਅਤੇ ਮੈਂ ਹਮੇਸ਼ਾ ਉਨ੍ਹਾਂ ਨਾਲ ਜਿੱਤਣ ਦਾ ਸੁਪਨਾ ਦੇਖਿਆ ਹੈ। ਮੇਰਾ ਦਿਲ ਬੰਗਲੁਰੂ ਨਾਲ ਹੈ, ਮੇਰੀ ਆਤਮਾ ਬੰਗਲੁਰੂ ਨਾਲ ਹੈ; ਅਤੇ ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ, ਇਹ ਉਹ ਟੀਮ ਹੈ ਜਿਸ ਲਈ ਮੈਂ ਆਖਰੀ ਦਿਨ ਤੱਕ ਖੇਡਾਂਗਾ, ਜਦੋਂ ਮੈਂ ਆਈ.ਪੀ.ਐਲ. ਖੇਡਦਾ ਹਾਂ। ਇਹ ਇੱਕੋ ਖਿਤਾਬ ਮਿਸ ਕਰ ਰਿਹਾ ਸੀ ਅਤੇ ਅੱਜ ਰਾਤ, ਮੈਂ ਇੱਕ ਬੱਚੇ ਵਾਂਗ ਸੌਣ ਜਾ ਰਿਹਾ ਹਾਂ। ਮੇਰੇ ਕਰੀਅਰ ਦੀ ਇੱਕ ਦਿਨ ਸਮਾਪਤੀ ਹੋਣੀ ਹੈ ਅਤੇ ਜਦੋਂ ਮੈਂ ਆਪਣੇ ਬੂਟ ਲਟਕਾਵਾਂਗਾ, ਮੈਂ ਘਰ ਬੈਠ ਕੇ ਕਹਿਣਾ ਚਾਹੁੰਦਾ ਹਾਂ ਕਿ ਮੈਂ ਇਸਨੂੰ ਉਹ ਸਭ ਕੁਝ ਦੇ ਦਿੱਤਾ, ਜੋ ਮੇਰੇ ਕੋਲ ਸੀ। ਪਰਮਾਤਮਾ ਦਾ ਧੰਨਵਾਦੀ ਹਾਂ ਕਿ ਮੈਨੂੰ ਇਹ ਟਰਾਫੀ ਦਿੱਤੀ ਅਤੇ ਮੈਂ ਆਪਣਾ ਸਿਰ ਨੀਵਾਂ ਕੀਤਾ, ਨਿਮਰ ਰਿਹਾ, ਅਤੇ ਜਿੰਨਾ ਹੋ ਸਕੇ ਮਿਹਨਤ ਕਰਾਂ।”
ਨਿੱਕੀ ਉਮਰੇ ਰਣਜੀ ਟਰਾਫੀ ਖੇਡਦਿਆਂ ਆਪਣੇ ਪਿਤਾ ਦੀ ਮੌਤ ਦੇ ਬਾਵਜੂਦ ਟੀਮ ਨੂੰ ਪਹਿਲਾਂ ਤਰਜੀਹ ਦੇਣ ਵਾਲੇ ਵਿਰਾਟ ਨੂੰ ਗੁੜ੍ਹਤੀ ਹੀ ਅਜਿਹੀ ਮਿਲੀ ਸੀ ਕਿ ਖੇਡ ਦੇ ਸਭ ਤੋਂ ਲੰਬੇ ਫਾਰਮੈਟ ਨੂੰ ਉਸ ਨੇ ਸਭ ਤੋਂ ਵੱਧ ਤਰਜੀਹ ਦਿੱਤੀ। ਉਹ ਮਾੜੀ ਫਾਰਮ ਵਿੱਚੋਂ ਨਿਕਲਣ ਲਈ ਵਰਿ੍ਹਆਂ ਬਾਅਦ ਰਣਜੀ ਟਰਾਫੀ ਖੇਡਣ ਆਇਆ ਤਾਂ ਗਰਾਊਂਡ ਨੱਕੋ ਨੱਕ ਭਰ ਗਿਆ। ਉਸ ਦਾ ਖੇਡ ਪ੍ਰਤੀ ਜਨੂੰਨ ਕਾਬਿਲ-ਏ-ਤਾਰੀਫ਼ ਹੈ, ਜਿਸ ਦੀ ਗਵਾਹੀ ਦੁਨੀਆ ਦੇ ਮਹਾਨ ਖਿਡਾਰੀਆਂ ਦੀਆਂ ਉਸ ਦੀ ਰਿਟਾਇਰਮੈਂਟ ਬਾਰੇ ਟਿੱਪਣੀਆਂ ਵੀ ਭਰ ਰਹੇ ਸਨ। ਕ੍ਰਿਕਟ ਜਦੋਂ 2028 ਲਾਸ ਏਂਜਲਸ ਓਲੰਪਿਕ ਖੇਡਾਂ ਲਈ ਸ਼ਾਮਲ ਕੀਤੀ ਗਈ ਸੀ ਤਾਂ ਕੌਮਾਂਤਰੀ ਓਲੰਪਿਕ ਕਮੇਟੀ (ਆਈ.ਓ.ਸੀ.) ਨੇ ਵੀ ਵਿਰਾਟ ਦਾ ਜ਼ਿਕਰ ਕੀਤਾ।
ਵਿਰਾਟ ਕੋਹਲੀ ਨੇ ਵਿਸ਼ਵ ਕ੍ਰਿਕਟ ਵਿੱਚ ਆਪਣਾ ਪਰਚਮ ਸ਼ੁਰੂਆਤੀ ਸਾਲਾਂ ਵਿੱਚ ਹੀ ਬੁਲੰਦ ਕਰ ਲਿਆ ਸੀ। 2012 ਵਿੱਚ ਆਸਟਰੇਲੀਆ ਵਿਖੇ ਤਿਕੋਣੀ ਲੜੀ ਦੇ ਆਖਰੀ ਲੀਗ ਮੈਚ ਭਾਰਤ ਅੱਗੇ ਸ੍ਰੀਲੰਕਾ ਨੇ ਜਿੱਤ ਲਈ 320 ਦਾ ਟੀਚਾ ਰੱਖਿਆ ਸੀ ਅਤੇ ਫ਼ਾਈਨਲ ਵਿੱਚ ਪਹੁੰਚਣ ਲਈ ਭਾਰਤ ਨੂੰ ਇਹ ਟੀਚਾ 40 ਓਵਰਾਂ ਤੱਕ ਪੂਰਾ ਕਰਨਾ ਸੀ। ਵਿਰਾਟ ਕੋਹਲੀ ਨੇ 86 ਗੇਦਾਂ ਉਤੇ 133 ਦੌੜਾਂ ਦੀ ਸ਼ਾਨਦਾਰ ਪਾਰੀ ਨਾਲ ਭਾਰਤ ਨੂੰ ਇਹ ਟੀਚਾ 36.4 ਓਵਰਾਂ ਵਿੱਚ ਹੀ ਪੂਰਾ ਕਰਵਾ ਦਿੱਤਾ। ਸ੍ਰੀਲੰਕਾ ਦੇ ਤੇਜ਼ ਗੇਂਦਬਾਜ਼ ਲਾਸਿਥ ਮਲਿੰਗਾ ਖਿਲਾਫ ਕੋਹਲੀ ਦੇ ਹਮਲਾਵਰ ਰੁਖ ਨੇ ਜਿੱਤ ਵਿੱਚ ਵੱਡੀ ਭੂਮਿਕਾ ਨਿਭਾਈ। ਸਕੋਰ ਦਾ ਪਿੱਛਾ ਕਰਦਿਆਂ ਵਿਰਾਟ ਵੱਲੋਂ ਖੇਡੀ ਇਸ ਪਾਰੀ ਨੇ ਉਸ ਨੂੰ ਚੇਜ ਮਾਸਟਰ ਦਾ ਖਿਤਾਬ ਦਿਵਾ ਦਿੱਤਾ, ਜੋ ਹੁਣ ਤੱਕ ਉਹ ਸਹੀ ਸਾਬਤ ਕਰਦਾ ਆ ਰਿਹਾ ਹੈ।
ਵਿਰਾਟ ਨੇ ਭਾਰਤ ਨੂੰ ਵੱਡੀ ਜਿੱਤਾਂ ਦਿਵਾਉਣ ਦੀ ਆਦਤ ਪਾਈ। ਵਿਦੇਸ਼ੀ ਪਿੱਚਾਂ ਅਤੇ ਵੱਡੇ ਸਕੋਰ ਦਾ ਪਿੱਛਾ ਕਰਦਿਆਂ ਉਸ ਦੀ ਖੇਡ ਹੋਰ ਵੀ ਨਿੱਖਰ ਕੇ ਸਾਹਮਣੇ ਆਉਂਦੀ। ਖੇਡ ਮੈਦਾਨ ਵਿੱਚ ਪੂਰਾ ਸਮਾਂ ਉਹ ਪੂਰੇ ਉਤਸ਼ਾਹ ਨਾਲ ਖੇਡ ਨਾਲ ਜੁੜਿਆ ਰਹਿੰਦਾ ਹੈ। ਗੇਂਦਬਾਜ਼ਾਂ ਦੀ ਵਿਕਟ ਉਤੇ ਉਨ੍ਹਾਂ ਤੋਂ ਵੱਧ ਉਤਸ਼ਾਹਤ ਹੋ ਕੇ ਟੀਮ ਦਾ ਹੌਸਲਾ ਵਧਾਉਂਦਾ ਹੈ। ਉਸ ਨੇ ਫਿਟਨੈਸ ਦੀ ਨਵੀਂ ਪਰਿਭਾਸ਼ਾ ਲਿਖੀ ਹੈ। ਫੀਲਡਿੰਗ ਦੌਰਾਨ ਚੁਸਤ ਦਰੁੱਸਤ ਰਹਿਣ ਵਾਲਾ ਵਿਰਾਟ ਬੱਲੇਬਾਜ਼ੀ ਕਰਦਿਆਂ ਇਕੱਲੇ ਚੌਕਿਆਂ-ਛੱਕਿਆਂ ਨਾਲ ਵੱਡੀਆਂ ਪਾਰੀਆਂ ਨਹੀਂ ਖੇਡਦਾ, ਸਗੋਂ ਉਹ ਦੌੜ ਕੇ ਰਨ ਬਣਾਉਣ ਵਿੱਚ ਸਭ ਤੋਂ ਵੱਧ ਮੁਹਾਰਤ ਹਾਸਲ ਕਰਦਾ ਹੈ। ਉਹ ਇੰਨਾ ਫੁਰਤੀਲਾ ਹੈ ਕਿ ਇੱਕ ਨੂੰ ਦੋ, ਦੋ ਨੂੰ ਤਿੰਨ ਦੌੜਾਂ ਵਿੱਚ ਬਦਲ ਦਿੰਦਾ ਹੈ। ਆਈ.ਪੀ.ਐਲ. ਦੇ ਇੱਕ ਮੈਚ ਵਿੱਚ ਤਾਂ ਉਸ ਨੇ ਨਿਊ ਚੰਡੀਗੜ੍ਹ ਦੇ ਛੋਟੀ ਬਾਊਂਡਰੀ ਵਾਲੇ ਗਰਾਊਂਡ ਵਿੱਚ ਭੱਜ ਕੇ ਚਾਰ ਦੌੜਾਂ ਵੀ ਲੈ ਲਈਆਂ। ਉਸ ਨੂੰ ਸਕੋਰ ਦਾ ਪਿੱਛਾ ਕਰਨਾ ਪਸੰਦ ਹੈ, ਉਹ ਦਬਾਅ ਵਿੱਚ ਨਹੀਂ ਆਉਂਦਾ। ਪਾਕਿਸਤਾਨ ਖਿਲਾਫ ਆਸਟਰੇਲੀਆ ਵਿੱਚ ਟਵੰਟੀ-20 ਵਿਸ਼ਵ ਕੱਪ ਦੇ ਸੈਮੀ ਫ਼ਾਈਨਲ ਵਿੱਚ ਉਸ ਦੀ ਪਾਰੀ ਨੇ ਪਾਸਾ ਹੀ ਬਦਲ ਦਿੱਤਾ। ਉਸ ਨੂੰ ਸਮੇਂ, ਸਥਿਤੀ ਅਨੁਸਾਰ ਖੇਡਣਾ ਆਉਂਦਾ ਹੈ। ਉਹ ਲੋੜ ਅਨੁਸਾਰ ਦੌੜਾਂ ਬਣਾਉਣ ਦੀ ਗਤੀ ਤੇਜ਼ ਜਾਂ ਹੌਲੀ ਕਰਨੀ ਜਾਣਦਾ ਅਤੇ ਉਹ ਜ਼ੋਖਮ ਭਰਪੂਰ ਸ਼ਾਟ ਖੇਡੇ ਬਿਨਾ ਤੇਜ਼ ਦੌੜਾਂ ਬਣਾ ਲੈਂਦਾ ਹੈ। ਵਿਰਾਟ ਕੋਹਲੀ ਨੇ ਆਪਣੇ ਪਿਤਾ ਵੱਲੋਂ ਉਸ ਲਈ ਬਚਪਨ ਵਿੱਚ ਸੰਜੋਏ ਸੁਫਨੇ ਨੂੰ ਨਾ ਕੇਵਲ ਪੂਰਾ ਕੀਤਾ, ਸਗੋਂ ਭਾਰਤੀ ਕ੍ਰਿਕਟ ਦੀ ਚੋਟੀ ਉਤੇ ਪੁੱਜਾ।
2006 ਵਿੱਚ ਰਣਜੀ ਟਰਾਫੀ ਦੇ ਮੈਚ ਦੌਰਾਨ ਆਪਣੇ ਪਿਤਾ ਦੇ ਦੇਹਾਂਤ ਦੇ ਬਾਵਜੂਦ ਉਸ ਨੇ ਤਾਮਿਲਨਾਡੂ ਖਿਲਾਫ ਦਿੱਲੀ ਦੀ ਟੀਮ ਵੱਲੋਂ ਖੇਡਣ ਨੂੰ ਤਰਜੀਹ ਦਿੱਤੀ ਸੀ। ਉਹ ਤਿੰਨ-ਚਾਰ ਵਰਿ੍ਹਆਂ ਦਾ ਸੀ, ਜਦੋਂ ਉਸ ਦਾ ਪਿਤਾ ਪ੍ਰੇਮ ਕੋਹਲੀ ਆਪਣੇ ਬੇਟੇ ਨੂੰ ਘਰ ਦੇ ਵਿਹੜੇ ਵਿੱਚ ਬਾਲਾਂ ਸੁੱਟਦਾ ਹੁੰਦਾ ਸੀ। ਇਹ ਉਸ ਦੀ ਖੇਡ ਪ੍ਰਤੀ ਸਮਰਪਣ ਭਾਵਨਾ ਅਤੇ ਪਿਤਾ ਦੇ ਸੁਫਨੇ ਪੂਰਾ ਕਰਨ ਦੀ ਚਾਹਤ ਦਾ ਹੀ ਸਿੱਟਾ ਸੀ ਕਿ ਉਹ ਵਿਸ਼ਵ ਵਿੱਚ ਖੇਡਾਂ ਦੀ ਦੁਨੀਆਂ ਦਾ ਸਭ ਤੋਂ ਵੱਡਾ ਬਰਾਂਡ ਬਣਿਆ। ਅੱਜ ਵਿਰਾਟ ਦੀ ਪਤਨੀ ਅਨੁਸ਼ਕਾ ਸ਼ਰਮਾ ਤੇ ਉਸ ਦੇ ਬੱਚੇ ਹਰ ਮੈਚ ਵਿੱਚ ਉਸ ਦਾ ਹੌਸਲਾ ਵਧਾਉਣ ਲਈ ਗਰਾਊਂਡ ਵਿੱਚ ਆਉਂਦੇ ਹਨ।