1947 ਦੇ ਦੁਖੜਿਆਂ ਦੀ ਵਾਰਤਾ ਬਹੁਤ ਲੰਮੀ ਹੈ। ਉਦੋਂ ਐਸੀ ਹਨੇਰੀ ਵਗੀ ਕਿ ਧਰਮ ਦੇ ਨਾਂ ਹੇਠ ਬੰਦਾ ਹੀ ਬੰਦੇ ਉਤੇ ਜ਼ੁਲਮ ਢਾਹੁਣ ਲੱਗ ਪਿਆ ਸੀ, ਬਹੁਤੇ ਨੌਜਵਾਨ ਤਾਂ ਵਹਿਸ਼ੀ ਹੋਏ ਪਏ ਸੀ ਉਦੋਂ। ਸੰਤਾਲ਼ੀ ’ਚ ਕਰੋੜਾਂ ਲੋਕਾਂ ਨੇ ਹਿਜਰਤ ਕੀਤੀ। ਅਜਿਹੇ ਵੀ ਸਨ, ਜਿਨ੍ਹਾਂ ਨੂੰ ਏਧਰਲਿਆਂ ਨੇ ਓਧਰਲੇ ਪਾਰ ਸੁਰੱਖਿਅਤ ਪਹੁੰਚਾਇਆ; ਜਿਨ੍ਹਾਂ ਭਾਈਚਾਰਕ ਸਾਂਝ ਨਿਭਾਈ, ਯਕੀਨਨ ਉਹ ਦਰਗਾਹ ਪਰਵਾਨ ਹੋਏ ਹੋਣਗੇ। ਇਹ ਗੱਲ ਬਹੁਤ ਮਾਅਨੇ ਰੱਖਦੀ ਹੈ ਕਿ ਜੇ ਜ਼ੁਲਮ ਹੁੰਦਾ ਰੋਕਿਆ ਨਾ ਜਾ ਸਕੇ ਤਾਂ ਜ਼ੁਲਮ ਦੇ ਮਗਰ ਨਾ ਖੜ੍ਹੋ। ਸੰਤਾਲੀ ਦੇ ਬਟਵਾਰੇ ਨਾਲ ਜੁੜੀਆਂ ਅਜਿਹੀਆਂ ਹੀ ਅਭੁੱਲ ਗੱਲਾਂ ਕੁਝ ਇਸ ਲਹਿਜ਼ੇ ਦੀਆਂ ਹਨ ਕਿ ਪੜ੍ਹ ਕੇ ਦਿਲ ਵਲੂੰਧਰਿਆ ਜਾਂਦਾ ਹੈ…।
ਸਾਂਵਲ ਧਾਮੀ
ਫੋਨ:+91-9781843444
“ਨੇੜੇ-ਤੇੜੇ ਦੇ ਸੱਤ-ਅੱਠ ਪਿੰਡ ਜਲਾਲ ਵਿੱਚੋਂ ਨਿਕਲ ਕੇ ਬੱਝੇ ਆ। ਕੋਇਰ ਸਿੰਘ ਹੁਰੀਂ ਵੀ ਜਨਮ ਜਲਾਲ ਪਿੰਡ ’ਚ ਲਿਆ ਸੀ। ਸਾਡੇ ਪਿੰਡ ਦੇ ਨਰਵਾਣ ਖੇੜੀਓਂ ਆਏ ਆ। ਚੱਠੇ ਖਿੜਕੀਆਂ ਵੱਲਿਓਂ, ਮਿਸਤਰੀ ਰੌਂਤੇ ਤੋਂ ਤੇ ਪੰਡਤ ਜਲਾਲ ਤੋਂ। ਸ਼ੀਹਾਂ ਤੇ ਪਲਾਣਾਂ- ਦੋ ਮੁਸਲਮਾਨ ਪੱਕੇ ਪਤਲਾਣੇ ਤੋਂ ਆਏ ਸੀ। ਪਿੰਡ ਬੰਨ੍ਹਣ ਵੇਲੇ ਇਨ੍ਹਾਂ ਸਾਰਿਆਂ ਨੂੰ ਬਾਬਾ ਕੁਇਰ ਸਿੰਘ ਨੇ ਜ਼ਮੀਨ ਵੀ ਦਿੱਤੀ ਸੀ। ਸੰਤਾਲ਼ੀ ਵੇਲੇ ਢਾਈ ਸੌ ਮੁਸਲਮਾਨ ਵੱਸਦੇ ਸੀ, ਇੱਥੇ।”
ਬਠਿੰਡੇ ਜ਼ਿਲ੍ਹੇ ਦਾ ਕੋਇਰ ਸਿੰਘ ਵਾਲ਼ਾ ਪਿੰਡ ਕਿਵੇਂ ਬੱਝਿਆ? ਕਿਹੜੇ-ਕਿਹੜੇ ਲੋਕ, ਕਿੱਥੋਂ-ਕਿੱਥੋਂ ਆਏ? ਇਨ੍ਹਾਂ ਸਵਾਲਾਂ ਦੇ ਸਹੀ-ਸਹੀ ਜਵਾਬ, ਸੌ ਸਾਲਾ ਬਾਬਾ ਦਲੀਪ ਸਿੰਘ ਨਰਵਾਣ ਹੀ ਦੇ ਸਕਦਾ ਸੀ।
ਮੈਂ ਸੰਤਾਲ਼ੀ ਬਾਰੇ ਪੁੱਛਿਆ ਤਾਂ ਉਹ ਮਾਣ ’ਚ ਬੋਲਿਆ, “ਸਾਡੀ ਜੂਹ ’ਚ ਮੁਸਲਮਾਨ ਨਹੀਂ ਮਾਰਿਆ ਗਿਆ ਕੋਈ। ਸਾਡਾ ਮੋਹਰੀ ਬੰਤ ਚੱਠਾ ਹੁੰਦਾ ਸੀ। ਉਹਨੇ ਧਰਮਸ਼ਾਲਾ ’ਤੇ ਚੜ੍ਹ ਕੇ ਹੋਕਾ ਦਿੱਤਾ ਸੀ ਕਿ ਮੈਨੂੰ ਮਾਰ ਕੇ ਕੋਈ ਇਨ੍ਹਾਂ ਦੇ ਨੇੜੇ ਆ ਸਕਦਾ। ਮੇਰੀ ਉਮਰ ਉਦੋਂ ਤੇਈ ਕੁ ਸਾਲ ਸੀ ਤੇ ਉਹ ਜੁਆਕ-ਜੱਲੇ ਵਾਲ਼ਾ ਸੀ। ਕਿਰਤੀਆਂ ਦੇ ਹੱਕਾਂ ਵਾਲ਼ੇ ਹਰ ਘੋਲ਼ ’ਚ ਉਹਨੇ ਮੂਹਰੇ ਹੋ ਕੇ ਲੜਾਈ ਲੜੀ ਸੀ। ਸੰਤਾਲ਼ੀ ਵੇਲ਼ੇ ਇਲਾਕੇ ਦੇ ਬਹੁਤੇ ਮੁਸਲਮਾਨ ਅਸੀਂ ਹਠੂਰ ਵਾਲ਼ੇ ਕਾਫ਼ਲੇ ਨਾਲ਼ ਰਲ਼ਾਏ ਸੀ। ਸਾਡੇ ਇਲਾਕੇ ’ਚ ਗੱਜਣ ਕਿਰਤੀ ਹੁੰਦਾ ਸੀ ਖੋਟਿਆਂ ਦਾ, ਪੱਤੋ ਦਾ ਭੂਰਵ ਜਿੰਦੀਆ ਸੀ ਤੇ ਬੁਰਜ ਦਾ ਕਰਨੈਲ। ਸਾਡੀ ਪਾਰਟੀ ਦਾ ਵੀ ਏਹੋ ਫ਼ੈਸਲਾ ਸੀ ਕਿ ਆਪਾਂ ਬਚਾਉਣ ਵਾਲੇ ਪਾਸੇ ਚੱਲਣਾ।”
“ਕਿਵੇਂ ਬਚਾਏ ਤੁਸੀਂ ਪਿੰਡ ਵਾਲ਼ੇ ਮੁਸਲਮਾਨ?” ਮੈਂ ਥੋੜ੍ਹਾ ਵਿਸਥਾਰ ਨਾਲ਼ ਜਾਣਨਾ ਚਾਹਿਆ।
“ਪਹਿਲਾਂ ਅਸੀਂ ਫੂਲ ਛੱਡ ਕੇ ਆਏ ਆਂ। ਇਹ ਆਂਹਦੇ ਸੀ ਅਸੀਂ ਰਾਤ ਨੂੰ ਰੇਲ-ਗੱਡੀ ਚੜ੍ਹਾਂਗੇ। ਮੁਸਲਮਾਨਾਂ ਗੱਡੇ-ਗੱਡੀਆਂ ਜੋੜ ਲਏ। ਇੱਕ ਬੁੜੀ ਅੰਨ੍ਹੀ ਸੀ, ਉਹ ਕੁਝ ਵਾਟ ਮੌਰਾਂ ’ਤੇ ਵੀ ਚੁੱਕੀ। ਬੀਬਾ ਨਾਂ ਸੀ ਉਹਦਾ। ਬੰਤ ਚੱਠਾ, ਸੁਦਾਗਰ, ਲਾਭ ਸਿਉਂ ਮਿਸਤਰੀ, ਜ਼ੋਰਾ ਤੇ ਮੈਂ; ਅਸੀਂ ਪੰਜ ਜਣੇ ਗਏ ਸੀ। ਭਾਈ ਰੂਪੇ ਵਿੱਚ ਦੀ ਲੰਘਣ ਲੱਗੇ ਆਂ, ਲੰਗਰ ਦੇ ’ਗਵਾੜ ਕੋਲ਼ੇ ਬੰਦਿਆਂ ਨੂੰ ਫਹਿਤ ਬੁਲਾਤੀ। ਉਹ ਆਂਹਦੇ ਆ ਫਤਿਹ ਨਾ ਬੁਲਾਓ, ਸਾਹਬ-ਸਲਾਮ ਬੁਲਾਓ ਜੇ ਇਨ੍ਹਾਂ ਮੁਸਲਿਆਂ ਦੇ ਨਾਲ਼ ਜਾਂਦੇ ਆਂ ਤਾਂ। ਬੰਤ ਚੱਠਾ ਸੀ ਜ਼ਿਆਦਾ ਦਲੇਰੀ ’ਚ। ਇਹ ਆਂਹਦਾ ਕਿ ਚੰਗਾ ਫਿਰ ਸਾਹਬ-ਸਲਾਮ ਈ ਸਹੀ। ਸਾਡੇ ਕੋਲ਼ ਵੀ ਬਰਛੇ-ਬੁਰਛੇ ਸੀਗੇ। ਅਸੀਂ ਗੱਡੇ ਖੜ੍ਹਾ ਲਏ। ਓਥੇ ਇੱਕ ਭਾਈ ਕਿਆਂ ’ਚੋਂ ਗੁਰਦਿੱਤ ਸਿੰਘ ਹੁੰਦਾ ਸੀ। ਉਹ ਸਾਡੇ ਪਿੰਡ ਵਿਆਹਿਆ ਬਿਆ ਸੀ। ਉਹ ਕਹਿਣ ਲੱਗਾ ਕਿ ਤੁਸੀਂ ਜਾਓ, ਕੋਈ ਨਹੀਂ ਔਣ ਲੱਗਾ, ਤੁਹਾਡੇ ਮਗਰ। ਅਸੀਂ ਤੁਰ ਪਏ। ’ਗਾਂਹ ਮੀਂਹ ਪੈਣ ਲੱਗ ਪਿਆ। ਮੀਂਹ ’ਚ ਸਾਡੇ ’ਤੇ ਭਾਈ ਬਿਜਲੀ ਨੇ ਵੀ ਵਾਰ ਕੀਤਾ। ਇੱਕ ਉਠ ਮਰ ਗਿਆ। ਉਹਦੇ ’ਤੇ ਜਵਾਨ ਜਨਾਨੀ ਸਵਾਰ ਸੀ। ਉਹ ਵੀ ਮਰ ਗਈ, ਪਰ ਜਵਾਕ ਦੋਵੇਂ ਬੁੱਕਲ ’ਚ ਉਵੇਂ ਜਿਉਂਦੇ ਰਹੇ। ਬੱਚੇ ਚੁੱਕ ਲਏ ਅਸੀਂ। ਪਿੱਛੇ ਆਉਂਦੇ ਗਰਜੇ ਹੁਰੀਂ ਉਥੇ ਈ ਦੱਬੀ ਆ ਉਹ। ਫੂਲ਼ ’ਚ ਮੁਸਲਮਾਨਾਂ ਨੂੰ ਛੱਡ ਕੇ ਅਸੀਂ ਰਾਤ ਨੂੰ ਵਾਪਸ ਮੁੜ ਆਏ। ਇਹ ਓਥੇ ਤਿੰਨ ਦਿਨ ਗੱਡੀ ਉਡੀਕਦੇ ਰਹੇ। ਫਿਰ ਰਾਜੇ ਦੇ ਅਹਿਲਕਾਰ ਮੁਸਲਮਾਨਾਂ ਨੂੰ ਕਹਿਣ ਲੱਗੇ ਕਿ ਹੁਣ ਸਮਝੌਤਾ ਹੋ ਗਿਆ ਹੈ ਤੇ ਗੱਡੀਆਂ ਹੋ ਗਈਆਂ ਨੇ ਬੰਦ। ਤੁਸੀਂ ਆਪੋ-ਆਪਣੇ ਪਿੰਡਾਂ ਨੂੰ ਚਲੇ ਜਾਓ। ਕਾਰਨ ਇਹ ਸੀ ਕਿ ਮੁਸਲਮਾਨ ’ਕੱਠੇ ਹੋਈ ਜਾਂਦੇ ਸੀ ਤੇ ਉਨ੍ਹਾਂ ਸੋਚਿਆ ਕਿ ਕੋਈ ਹੋਰ ਮਸਲਾ ਨਾ ਖੜੋ ਜਾਏ। ਇਨ੍ਹਾਂ ਨੂੰ ਬਹਾਨੇ ਨਾਲ਼ ਖਿੰਡਾ ਦੇਓ। ਇਹ ਵਿਚਾਰੇ ਮੁੜ ਪਏ। ਗਿੱਲਾਂ ਤੇ ਭਾਈ ਰੂਪੇ ਵਾਲ਼ੀ ਕੱਸੀ ਕੋਲ਼ੇ ਇਨ੍ਹਾਂ ਇਨ੍ਹਾਂ ’ਤੇ ਹਮਲਾ ਹੋ ਗਿਆ। ਬੱਸ ਅੱਧੇ ਕੁ ਮੁੜੇ ਆ ਓਥੋਂ। ਉਨ੍ਹਾਂ ’ਚੋਂ ਵੀ ਬਹੁਤੇ ਜ਼ਖ਼ਮੀ ਹੋਏ ਪਏ ਸੀ। ਫਿਰ ਅਸੀਂ ਸਾਰਿਆਂ ਦੀ ਸਾਂਭ-ਸੰਭਾਲ਼ ਕੀਤੀ। ਅਗਲੇ ਗੇੜੇ ਬੁੜੀਆਂ ਨੂੰ ਸਾਡੇ ਬਜ਼ੁਰਗ ਛੱਡ ਕੇ ਆਏ ਆ ਤੇ ਬੰਦਿਆਂ ਨਾਲ਼ ਅਸੀਂ ਜਵਾਨ ਗਏ ਆਂ।
ਤੀਜੇ ਗੇੜੇ ਫਿਰ ਅਸੀਂ ਸੇਖੇ ਵਾiਲ਼ਆਂ ਨੂੰ ਵੀ ਛੱਡਣ ਗਏ ਆਂ। ਉਹ ਸਾਡਾ ਫੁੱਫੜ ਲੱਗਦਾ ਸੀ, ਬੁੜਾ ਸੇਖ਼ੇ ਵਾਲ਼ਾ। ਉਹ ਇੱਥੇ ਸਾਡੇ ਪਿੰਡ ਵਿਆਹਿਆ ਹੋਇਆ ਸੀ। ਜ਼ਮੀਨ ਉਹਦੀ ਇੱਥੇ ਵੀ ਸੀ ਤੇ ਸੇਖ਼ੇ ਵੀ। ਰਹਿੰਦੇ ਤਾਂ ਸਾਡੇ ਪਿੰਡ ਸੀ, ਸੇਖ਼ੇ ਵਾਲ਼ਾ ਵੱਜਦਾ ਸੀ, ਲਾਣਾ ਉਹਦਾ। ਇੱਥੇ ਹਲਚਲਾ ਪੰਜ ਕੁ ਦਿਨ ਮਗਰੋਂ ਆਇਆ, ਰਿਆਸਤ ’ਚ। ਅੰਗਰੇਜ਼ੀ ’ਚ ਰੌਲ਼ਾ ਪਹਿਲਾਂ ਪੈ ਗਿਆ ਸੀ। ਇੱਕ ਗੁਲਜ਼ਾਰਾ ਹੁੰਦਾ ਸੀ ਸੇਖ਼ੇ ਦਾ। ਬੜਾ ਧੜੱਲੇਦਾਰ ਬੰਦਾ ਸੀ ਉਹ। ਅਸੀਂ ਉਹਦੇ ਕੋਲ਼ੇ ਲੁਕੋ ਕੇ ਆਏ ਸੀ, ਇਸ ਟੱਬਰ ਨੂੰ। ਜਦੋਂ ਹਨੇਰੀ ਲੰਘ ਗਈ ਤਾਂ ਉਹ ਸਾਰੇ ਅਸੀਂ ਇੱਥੇ ਲਿਆਂਦੇ। ਫਿਰ ਜਦੋਂ ਉਨ੍ਹਾਂ ਨੂੰ ਛੱਡਣ ਗਏ, ਸਾਡੇ ਕੋਲ਼ ਕਿਰਪਾਨਾਂ ਤੇ ਬਰਛੇ ਸੀ। ਮੈਨੂੰ ਇਉਂ ਨਹੀਂ ਪਤਾ ਕਿ ਮੇਰੇ ਲੱਕ ਨਾਲ਼ ਉਨ੍ਹਾਂ ਕੀ ਬੰਨਿ੍ਹਆ। ਪਤਲੀ ਜਿਹੀ ਚੁੰਨੀ ਸੀ ਇੱਕ। ਉਨ੍ਹਾਂ ਦਾ ਮਤਲਬ ਇਹ ਕਿ ਜੇ ਅਸੀਂ ਮਾਰੇ ਗਏ ਤਾਂ ਇਹ ਸਮਾਨ ਇਨ੍ਹਾਂ ਕੋਲ਼ ਹੀ ਰਹਿ ਜਾਊਗਾ।
ਪਹਿਲੇ ਦਿਨ ਤਾਂ ਅਸੀਂ ਵਾਟ ਬਾਹਲੀ ਕੀਤੀ। ਅਸੀਂ ਪਹਿਲਾਂ ਛੱਤੇਆਣੇ ਗਏ ਆਂ। ਅਗਲੇ ਦਿਨ ਵਾਟ ਥੋੜ੍ਹੀ ਹੋਈ। ਉਸਤੋਂ ਅਗਲੇ ਦਿਨ ਪੱਕਾ ਪਿੰਡ ਆ ਗਿਆ। ਰੋਟੀ ਨਹੀਂ ਮਿਲੀ ਸਾਨੂੰ, ਛੋਲਿਆਂ ਦੇ ਦਾਣੇ ਭੁੰਨਾਏ ਹੋਏ ਸੀ, ਸਾਡੇ ਕੋਲ਼ੇ। ਚਿੱਬੜ ਵੀ ਬਾਹਲੇ ਹੁੰਦੇ ਸੀ ਉਦੋਂ। ਨੌਂ ਬੰਦੇ ਸੀ, ਜਿਨ੍ਹਾਂ ਨੂੰ ਛੱਡਣ ਤੁਰਿਓ ਸੀ। ਜਦੋਂ ਕੋਈ ਖਤਰਾ ਲੱਗਦਾ, ਅਸੀਂ ਇਨ੍ਹਾਂ ਨੂੰ ਕਮਾਦ ’ਚ ਲੁਕੋ ਦਿੰਦੇ। ਰਾਤ ਨੂੰ ਤੁਰਦੇ ਤਾਂ ਆਹ ਬੱਸ ਧਰੂ ਤਾਰੇ ਨੂੰ ਵੇਖ ਕੇ ਕਹਿ ਦਿੰਦੇ ਸੀ ਕਿ ਆਪਾਂ ਉੱਕ ਗਏ ਆਂ। ਅਬੋਹਰ ਜਾ ਕੇ ਅਸੀਂ ਜਾਣਾ ਤਾਂ ਸੀ ਸੱਜੇ, ਪਰ ਖੱਬੇ ਹੱਥ ਪੈ ਗਏ। ਚਾਰ-ਪੰਜ ਮੀਲ ਓਥੇ ਈ ਘੁੰਮਦੇ ਰਹੇ। ਇੱਕ ਥਾਂ `ਗਾਂਹ ਗੱਡੀ ਖੜ੍ਹ ਗਈ। ਅਸੀਂ ਸਮਝਿਆ ਉਨ੍ਹਾਂ ਨੂੰ ਪਤਾ ਲੱਗ ਗਿਆ। ਇੱਕ ਪੁਲ਼ ਸੀ ਬਾਹਲਾ ਵੱਡਾ। ਓਥੇ ਹੱਡੀਆਂ ਈ ਹੱਡੀਆਂ ਪਈਆਂ ਸਨ ਤੇ ਅਸੀਂ ਉਸ ਪੁਲ਼ ਦੇ ਹੇਠਾਂ ਲੁਕ ਗਏ। ਫਿਰ `ਗਾਂਹ ਅਸੀਂ ਪਿੰਡ ਕੋਠੇ ਦੇ ਨੇੜੇ ਜਾ ਵੜੇ। ਓਥੇ ਸਾਨੂੰ ਡਰ ਸੀ ਕਿ ਪਹਿਰਾ ਲੱਗਦਾ ਹੋਊ। ਸੁਣਿਆ ਸੀ ਬਈ ਓਥੇ ਜਨੌਰ ਵੀ ਪਾਣੀ ਨਈਂ ਪੀ ਸਕਦਾ। ਸਾਨੂੰ ਬਿਠਾਲ, ਬੰਤ ਆਂਹਦਾ, ਮੈਂ ਲਿਔਂਦਾ ਪਤਾ। ਉਹ ਤਿੰਨ ਮੀਲ ਭੱਜ ਕੇ ਗਿਆ। ਇਹੋ ਜਿਹੇ ਕੰਮਾਂ ਲਈ ਬਾਹਲਾ ਤੇਜ਼ ਸੀ ਉਹ। ਆ ਕੇ ਕਹਿੰਦਾ ਕਿ ਰਾਤ ਦਾ ਤਾਂ ਪਤਾ ਨਹੀਂ, ਹੁਣ ਐਸ ਵੇਲੇ ਕੋਈ ਪਹਿਰਾ ਨਹੀਂ ਓਥੇ। ਅਸੀਂ ਫਿਰ ਤੁਰ ਪਏ। ਓਥੇ ਨਹਿਰ ਤੋਂ ਪਾਣੀ ਭਰਨ ਆਈਆਂ ਸੀ ਔਰਤਾਂ। ਕਹਿਣ ਲੱਗੀਆਂ ਭਾਅ ਡਰੋ ਤਾਂ ਨਾ, ਇੱਥੇ ਮਾਰਦਾ ਨਹੀਂ ਤੁਹਾਨੂੰ ਸਾਡੇ ਕੋਈ। ਬੰਦੇ ਦੂਰ ਖੜ੍ਹੇ ਵਿਹੰਦੇ ਸੀ, ਕੋਠੇ ਪਿੰਡ ਵਾਲ਼ੇ। ਮਿਸਤਰੀਆਂ ਦਾ ਈ ਆ, ਉਹ ਪਿੰਡ ਸਾਰਾ। ਅਸੀਂ ਬੰਦਿਆਂ ਕੋਲ਼ ਹੀ ਜਾ ਵੜੇ। ਉਹ ਕਹਿੰਦੇ ਏਧਰ ਆਉਂਦੇ ਆਂ, ਏਧਰ ਕੀ ਲੈਣਾ? ਓਥੇ ਝੂਠ ਮਾਰਿਆ ਅਸੀਂ ਕਿ ਸਾਨੂੰ ਪਤਾ ਲੱਗਿਆ ਕਿ ਪਾਕਿਸਤਾਨ ਵੰਨਿਓਂ ਸਾਡੇ ਬੰਦੇ ਆਉਂਦੇ ਆ, ਅਸੀਂ ਸਮਾਨ ਫੜਨ ਆਏ ਆਂ। ਉਦੋਂ ਲਾਲ ਸੂੰ ਚੌਧਰੀ ਸੀ ਓਥੇ। ਜਦੋਂ ਉਹ ਗਹੁ ਨਾਲ਼ ਵੇਖਣ ਲੱਗਾ ਤਾਂ ਮੁਸਲਮਾਨਾਂ ਅੱਖਾਂ ਨੀਵੀਆਂ ਕਰ ਲਈਆਂ।
ਉਹ ਕਹਿਣ ਲੱਗਾ- ਨਹੀਂ ਜੀ ਆਹ-ਆਹ ਤਾਂ ਮੁਸਲਮਾਨ ਨੇ ਤੇ ਤੁਸੀਂ ਸਿੱਖ ਹੋ। ਅਸੀਂ ਆਖਿਆ ਕਿ ਅਸੀਂ ਜੰਮੇ-ਪਲ਼ੇ `ਕੱਠੇ ਆਂ। ਸਾਥੋਂ ਇਹ ਕਤਲ ਹੁੰਦੇ ਨਹੀਂ ਸੀ ਵੇਖੇ ਜਾਣੇ। ਉਹ ਆਂਹਦਾ ਕਿ ਅਗਾਂਹ ਮਿਲਟਰੀ ਮੁਸਲਮਾਨਾਂ ਦੀ ਆ ਤੇ ਏਧਰ ਸਿੱਖਾਂ ਦੀ ਆ। ਥੋਨੂੰ ਆਹ ਮਾਰ ਦੇਣਗੇ ਜਾਂ ਉਹ ਮਾਰ ਦੇਣਗੇ। ਤੁਸੀਂ ਇਨ੍ਹਾਂ ਨੂੰ ਆਪੇ ਜਾਣ ਦੇਓ। ਅਸੀਂ ਸੋਚਿਆ ਕਿਤੇ ਉਹ ਪਿੰਡ ਆਲ਼ੇ ਇਨ੍ਹਾਂ ਦਾ ਸਮਾਨ ਨਾ ਖੋਹ ਲੈਣ। ਬੰਤ ਕਹਿੰਦਾ, ਕੋਠੇ ’ਤੇ ਚਾੜ੍ਹ ਕੇ ਮਿਲਟਰੀ ਤਾਂ ਦਿਖਾਓ ਸਾਨੂੰ। ਸਾਨੂੰ ਦੋ ਬੰਦਿਆਂ ਨੂੰ ਉਨ੍ਹਾਂ ਮਿਲਟਰੀ ਵਿਖਾ`ਤੀ। ਇੱਕ ਖਾਲ ਜਿਹਾ ਸੀ। ਉਹ ਆਂਹਦੇ ਕਿ ਜਿਹੜੀ ਉਹ ਵੱਟ ਆ, ਉਹ ਹੱਦ ਆ ਆਪਣੀ। ਮੋਘਾ ਆਪਣੇ ’ਚ ਆ ਤੇ ਪਰਲੇ ਪਾਸੇ ਪਾਕਿਸਤਾਨ ਸ਼ੁਰੂ ਹੋ ਜਾਂਦਾ। ਪਉੜੀ ਉਤਰਦਿਆਂ ਬੰਤ ਬੋਲਿਆ- ਦਲੀਪਿਆ, ਅਸੀਂ ਆਪਣੇ ਭਰਾਵਾਂ ਨੂੰ ਰਾਹ ’ਚ ਨਹੀਂ ਛੱਡਣਾ। ਹੱਦ ਲੰਘਾ ਕੇ ਮੁੜਾਂਗੇ। ਮਰ ਵੀ ਗਏ ਤਾਂ ਦੁਨੀਆ ਦਾ ਕੋਈ ਪਹੀਆ ਨਹੀਂ ਖੜ੍ਹਨ ਲੱਗਾ ਸਾਡੇ ਬਗੈਰ।
ਖ਼ਾਲ ਜਿਹੀ ’ਚ ਪੈ ਕੇ ਅਸੀਂ ਫ਼ਸਲਾਂ ਦੇ ਉਹਲੇ-ਉਹਲੇ ਅੱਗੇ ਚੱਲ ਗਏ। ਅੱਗੇ ਪਾਕਿਸਤਾਨ ਦਾ ਪਿੰਡ ਦਿੱਸਦਾ ਸੀ। ਓਥੇ ਆਪਣੇ ਲੱਕ ਨਾਲ਼ੋਂ ਲਾਹ ਕੇ ਮੈਂ ਉਨ੍ਹਾਂ ਦਾ ਸਮਾਨ ਉਨ੍ਹਾਂ ਨੂੰ ਫੜਾ ਦਿੱਤਾ। ਸਾਰੇ ਜੱਫ਼ੀਆਂ ਪਾ ਕੇ ਮਿਲ਼ੇ। ਇੱਕ ਮੁੰਡਾ ਰੋਣੋਂ ਨਾ ਹਟੇ। ਅਜ਼ੀਜ ਨਾਂ ਸੀ ਉਹਦਾ। ਉਮਰ ’ਚ ਸਾਰਿਆਂ ਨਾਲ਼ੋਂ ਛੋਟਾ ਸੀ ਉਹ। ਉਹਦੇ ਵੱਡੇ ਭਰਾਵਾਂ ਦੇ ਨਾਂ ਸੀ, ਵਜ਼ੀਰ ਤੇ ਵਕੀਲ। ਉਹ ਆਖਣ- ਤੂੰ ਮਰਾਏਗਾਂ, ਸਾਰਿਆਂ ਨੂੰ। ਜਦੋਂ ਅਸੀਂ ਨਿਖੜੇ, ਅਸੀਂ ਥੋੜ੍ਹੀ ਦੇਰ ਓਥੇ ਖੜ੍ਹੇ ਰਹੇ। ਕੁਝ ਦੇਰ ਸਾਨੂੰ ਉਨ੍ਹਾਂ ਦੀਆਂ ਸਿਸਕੀਆਂ ਸੁਣਦੀਆਂ ਰਹੀਆਂ। ਦੇਖਦੇ-ਦੇਖਦੇ ਉਹ ਦੂਰ ਤੇ ਹੋਰ ਦੂਰ ਹੁੰਦੇ, ਫਿਰ ਅੱਖਾਂ ਤੋਂ ਓਝਲ ਹੋ ਗਏ!” ਗੱਲ ਮੁਕਾਉਂਦਿਆਂ, ਬਾਬਾ ਦਲੀਪ ਸਿੰਘ ਦੀਆਂ ਅੱਖਾਂ ਭਰ ਆਈਆਂ ਸਨ।
“ਕੋਈ ਮੁੜ ਪਰਤਿਆ ਵੀ ਜਾਂ ਕਦੇ ਕੋਈ ਚਿੱਠੀ ਆਈ ਉਨ੍ਹਾਂ ਦੀ?” ਮੈਂ ਅਗਲਾ ਸਵਾਲ ਕੀਤਾ ਸੀ।
“ਚਿੱਠੀਆਂ ਤਾਂ ਆਉਂਦੀਆਂ ਹੀ ਰਹੀਆਂ, ਸਾਡੇ ਪਿੰਡ ਵਾਲਾ ਮੌਲਵੀ ਤਾਂ ਉਨ੍ਹਾਂ ਕੋਲ਼ ਈ ਜਾਂਦਾ ਹੁੰਦਾ ਸੀ। ਓਧਰੋਂ ਸਾਡੇ ਲਈ ਬੜੀਆਂ ਪੱਗਾਂ ਆਈਆਂ। ਆਹ ਪੱਗ ਮੱਕੇ ਦੀ ਏ। ਤੂੰ ਸੋਚ ਕਿਹੋ ਜਿਹਾ ਹੋਊ, ਸਾਡਾ ਭਾਈਚਾਰਾ। ਮੌਲਵੀ ਨੂੰ ਤਾਂ ਪਾਲਿਆ ਅਸੀਂ ਆਂ। ਸਾਡੇ ਘਰੇ ਰਿਹਾ, ਜਦੋਂ ਬਚ ਕੇ ਆਇਆ ਸੀ ਫੂਲ ਤੋਂ। ਅੱਠ ਕੁ ਵਰਿ੍ਹਆਂ ਦਾ ਸੀ ਉਦੋਂ ਇਹ। `ਕੱਠਿਆਂ ਵਾਹੀ ਕੀਤੀ ਆ ਅਸੀਂ। ਫਿਰ ਮਸੀਤ ਦਾ ਕਬਜ਼ਾ ਵੀ ਛੁਡਵਾਇਆ। ਪਰ…।” ਬਜ਼ੁਰਗ ਦੇ ਚਿਹਰੇ ਦੀਆਂ ਝੁਰੜੀਆਂ ਚਾਣਚੱਕ ਉਦਾਸੀ ਨਾਲ਼ ਭਰ ਗਈਆਂ ਸਨ।
“…ਫਿਰ ਬੰਤ ਚੱਠਾ ਮਾਰਿਆ ਗਿਆ ਤਾਂ ਉਦੋਂ ਮਕਾਣ ਆਈ ਸੀ ਓਥੋਂ।”
“ਕਿੱਥੋਂ?” ਮੈਂ ਹੈਰਾਨ ਹੁੰਦਿਆਂ ਪੁੱਛਿਆ ਸੀ।
“ਪਾਕਿਸਤਾਨੋਂ!”
“ਹੈਂਅ! ਕੌਣ-ਕੌਣ ਆਏ ਸੀ?” ਮੇਰੇ ਲਈ ਅਲੋਕਾਰੀ ਗੱਲ ਸੀ ਇਹ।
“ਸੇਖ਼ੇ ਵਾਲੇ ਆਏ ਸੀ। ਜਿਉਣੀ ਭੂਆ ਤੇ ਸੱਜਣ ਫੁੱਫੜ। ਇੱਕ ਹੋਰ ਵੱਡੀ ਬੁੜੀ ਵੀ ਆਈ ਸੀ। ਇਹ ਤਿੰਨ ਜਣੇ ਆਏ ਸੀ, ਮਕਾਣ ਲੈ ਕੇ। ਉਵੇਂ ਬਾਰਡਰ ਟੱਪ ਕੇ ਆਏ ਸੀ। ਉਸੀ ਰਾਸਤੇ, ਜਿਸ ਰਾਸਤੇ ਅਸੀਂ ਛੱਡ ਕੇ ਆਏ ਸਾਂ। ਉਨ੍ਹਾਂ ਦੀਆਂ ਲੇਰਾਂ ਨੇ ਤਾਂ `ਕੇਰਾਂ ਸਾਰਾ ਪਿੰਡ ਰੁਆ`ਤਾ ਸੀ।” ਇਹ ਗੱਲ ਕਰਦਿਆਂ ਬਜ਼ੁਰਗ ਦਾ ਗੱਚ ਭਰ ਆਇਆ ਸੀ।
ਕੁਝ ਦੇਰ ਸਾਡੇ ਦਰਮਿਆਨ ਚੁੱਪ ਪਸਰੀ ਰਹੀ ਸੀ।
“ਬਹੁਤੇ ਨੌਜਵਾਨ ਤਾਂ ਵਹਿਸ਼ੀ ਹੋਏ ਪਏ ਸੀ ਉਦੋਂ। ਇੰਨੀ ਵਧੀਆ ਸੋਚ ਤੇ ਇੰਨੀ ਹਿੰਮਤ ਕਿੱਥੋਂ ਮਿਲੀ ਸੀ, ਤੁਹਾਨੂੰ?” ਗੱਲਬਾਤ ਸਮੇਟਦਿਆਂ ਮੈਂ ਆਖ਼ਰੀ ਸਵਾਲ ਕੀਤਾ ਸੀ।
ਮੇਰਾ ਸਵਾਲ ਸੁਣਦਿਆਂ, ਬਾਬਾ ਦਲੀਪ ਸਿੰਘ ਦੀ ਬੁੱਢੀ ਦੇਹ ਮਾਣ ਜਿਹੇ ’ਚ ਤਣ ਗਈ ਸੀ।
“ਸਾਨੂੰ ਵੱਧ ਤਾਕਤ ਤਾਂ ਮਿਲੀ ਉਦੋਂ, ਜਦੋਂ ਅਸੀਂ ਅੰਮ੍ਰਿਤ ਛਕਿਆ, ਨੌਂ ਵੀਹਾਂ ਬੰਦਿਆਂ ਨੇ। ਜਿਨ੍ਹੇ ਅੰਮ੍ਰਿਤ ਛਕਾਇਆ, ਉਹ ਸੀਗਾ ਤਰਨਾ ਦਲ ਦਾ ਨੌਜਵਾਨ ਜਥੇਦਾਰ। ਉਹ ਆਂਹਦਾ ਕਿ ਜੇ ਜ਼ੁਲਮ ਨੂੰ ਰੋਕਿਆ ਨਾ ਜਾਵੇ ਤਾਂ ਜ਼ੁਲਮ ਦੇ ਮਗਰ ਨਾ ਖੜ੍ਹੋ। ਏਹੀ ਸਿੱਖਿਆ ਪੱਲੇ ਬੰਨੀਂ ਮੈਂ ਤੁਰਿਆ ਜਾਂਦਾ ਆਂ, ਹੁਣ ਤੱਕ!” ਗੱਲ ਮੁਕਾ ਬਜ਼ੁਰਗ ਨਿਰਛਲ ਹਾਸਾ ਹੱਸਿਆ ਸੀ।
ਇਸ ਇੱਕ ਜਵਾਬ ਨੇ ਮੇਰੇ ਸਾਰੇ ਸਵਾਲ ਬੌਣੇ ਕਰ ਦਿੱਤੇ ਸਨ।