*1955 ਵਿੱਚ ਦਰਬਾਰ ਸਾਹਿਬ `ਤੇ ਪੁਲਿਸ ਹਮਲੇ ਦੀ ਯਾਦ ਮਨਾਉਣ ਦਾ ਮਾਮਲਾ*
*ਜਨਸੰਘ ਉਰਫ ਬੀ.ਜੇ.ਪੀ. ਦਾ ਰੋਲ ਇਸ ਇਤਿਹਾਸ `ਚੋਂ ਮਨਫੀ ਕਿਉਂ ਹੋਵੇ?
ਗੁਰਪ੍ਰੀਤ ਸਿੰਘ ਮੰਡਿਆਣੀ
ਦਰਬਾਰ ਸਾਹਿਬ `ਤੇ 4 ਜੁਲਾਈ 1955 ਨੂੰ ਕੀਤੇ ਗਏ ਪੁਲਿਸ ਹਮਲੇ ਨੂੰ ਚੇਤੇ ਕਰਨ ਲਈ 4 ਜੁਲਾਈ ਨੂੰ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਿਸ਼ੇਸ਼ ਸਮਾਗਮ ਕਰਾਇਆ, ਜਿਸ ਵਿੱਚ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਵੀ ਤਕਰੀਰਾਂ ਕੀਤੀਆਂ। ਤਕਰੀਰਾਂ ਵਿੱਚ ਪੰਜਾਬੀ ਸੂਬੇ ਦੀ ਹੱਕੀ ਮੰਗ ਨੂੰ ਨਾ ਮਨਜ਼ੂਰ ਕਰਨ ਲਈ ਉਸ ਵੇਲੇ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਇਸ ਖ਼ਾਤਰ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਐਜੀਟੇਸ਼ਨ ਕੁਚਲਣ ਖ਼ਾਤਰ ਦਰਬਾਰ ਸਾਹਿਬ `ਤੇ ਹਮਲਾ ਕਰਨ ਵਾਲੇ ਉਸ ਮੌਕੇ ਦੇ ਮੁੱਖ ਮੰਤਰੀ ਭੀਮ ਸੈਨ ਸੱਚਰ ਦੀ ਆਲੋਚਨਾ ਕੀਤੀ ਗਈ। ਬੀਬੀ ਜਗੀਰ ਕੌਰ ਅਨੁਸਾਰ, ਇਸ ਸਾਕੇ ਦਾ ਤਸਵੀਰਾਂ ਸਣੇ ਇਤਿਹਾਸ ਲਿਖਿਆ ਜਾਵੇਗਾ।
ਨਹਿਰੂ-ਸੱਚਰ ਦਾ ਜ਼ਿਕਰ ਕਰਨ ਵੇਲੇ ਨਹਿਰੂ-ਸੱਚਰ ਦੀ ਸਰਕਾਰ ਨੂੰ ‘ਕਾਂਗਰਸੀ ਸਰਕਾਰ’ ਕਿਹਾ ਗਿਆ, ਜੋ ਕਿ ਸਿੱਧੀ ਨਿਗਾਹ ਨਾਲ ਦੇਖਿਆਂ ਗਲਤ ਨਹੀਂ ਜਾਪਦਾ, ਪਰ ਟੇਡੇ ਤਰੀਕੇ ਨਾਲ ਅਧੂਰਾ ਸੱਚ ਬੋਲਦਿਆਂ ਇਹਦੀ ਖ਼ਾਤਰ ਸਿਰਫ ਰਾਜ ਕਰ ਰਹੀ ਪਾਰਟੀ `ਤੇ ਤੋੜਾ ਝਾੜ ਕੇ ਪੂਰੇ ਸੱਚ ਉਤੇ ਪੜਦਾ ਪਾਇਆ ਗਿਆ ਹੈ; ਜਦਕਿ ਪੰਜਾਬੀ ਸੂਬੇ ਦੀ ਮੁਖ਼ਾਲਫ਼ਤ ਕਰ ਰਹੀ ਦੂਜੀ ਧਿਰ ਜਨਸੰਘ ਉਰਫ ਬੀ.ਜੇ.ਪੀ. ਸੰਘ ਪਾੜਵੀਂ ਆਵਾਜ਼ `ਚ ਕਾਂਗਰਸ ਦੀ ਇਸ ਗੱਲੋਂ ਆਲੋਚਨਾ ਕਰਦੀ ਸੀ ਕਿ ਉਹ ਪੰਜਾਬੀ ਸੂਬੇ ਦੀ ਮੰਗ ਨੂੰ ਪੁਲਿਸ ਦੇ ਜ਼ੋਰ ਨਾਲ ਮਸਲਣ `ਚ ਢਿੱਲ ਦਿਖਾ ਰਹੀ ਹੈ। ਇਸੇ ਬੀ.ਜੀ.ਪੀ. ਨੇ ਇਹੀ ਰੋਲ ਹੀ ਮੁੜ 1984 `ਚ ਅਦਾ ਕੀਤਾ, ਉਸ ਮੌਕੇ ਬੀ.ਜੇ.ਪੀ. ਦੇ ਪ੍ਰਧਾਨ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਦੀ ਕਿਤਾਬ `ਚ ਬੜਾ ਹੁੱਬ ਕੇ ਕਿਹਾ ਹੈ ਕਿ ਸਾਡੀ ਪਾਰਟੀ ਨੇ ਹੀ ਇੰਦਰਾ ਗਾਂਧੀ ਨੂੰ ਦਰਬਾਰ `ਤੇ ਫ਼ੌਜੀ ਹਮਲੇ ਲਈ ਮਜਬੂਰ ਕੀਤਾ।
4 ਜੁਲਾਈ ਨੂੰ ਕੀਤੇ ਦਰਬਾਰ ਸਾਹਿਬ `ਤੇ ਹਮਲੇ ਲਈ ਮੁੱਖ ਮੰਤਰੀ ਭੀਮ ਸੈਨ ਸੱਚਰ ਨੇ ਜਦੋਂ 10 ਅਕਤੂਰ 1955 ਨੂੰ ਮੰਜੀ ਸਾਹਿਬ `ਤੇ ਪੇਸ਼ ਹੋ ਕੇ ਬਾਕਾਇਦਾ ਮਾਫ਼ੀ ਮੰਗ ਲਈ ਤਾਂ ਪੰਜਾਬੀ ਸੂਬਾ ਵਿਰੋਧੀਆਂ ਨੇ ਸੱਚਰ ਦੇ ਖ਼ਿਲਾਫ਼ ਇਹ ਕਹਿ ਕੇ ਖਰੂਦ ਪਾਇਆ ਕਿ ਹਾਂ-ਹਾਂ ਪੁਲਿਸ ਹਮਲੇ ਦੀ ਮਾਫ਼ੀ ਕਿਉਂ ਮੰਗੀ। ਇਹ ਖਰੂਦ ਏਨਾ ਜ਼ੋਰਦਾਰ ਸੀ ਕਿ ਮੁੱਖ ਮੰਤਰੀ ਸੱਚਰ ਨੂੰ ਅਸਤੀਫ਼ਾ ਦੇਣਾ ਪਿਆ। ਇਸ ਖਰੂਦ `ਚ ਜਨਸੰਘੀਆਂ ਨੇ ਵਧ-ਚੜ੍ਹ ਕੇ ਖੌਰੂ ਪਾਇਆ ਸੀ।
ਪੰਜਾਬੀ ਸੂਬੇ ਖ਼ਾਤਰ ਸ਼੍ਰੋਮਣੀ ਅਕਾਲੀ ਦਲ ਨੇ ਐਜੀਟੇਸ਼ਨ ਕੀਤਾ ਸੀ ਤੇ ਅਕਾਲੀ ਦਲ ਦਾ ਸ਼੍ਰੋਮਣੀ ਕਮੇਟੀ ਨਾਲ਼ੋਂ ਵੀ ਪਹਿਲਾਂ ਫਰਜ ਬਣਦਾ ਸੀ ਇਸ ਸਾਕੇ ਦੀ ਯਾਦ ਮਨਾਉਣੀ। ਚਲੋ ਖ਼ੈਰ! ਆਓ ਦੇਖੀਏ ਕਿ ਉਦੋਂ ਦੀ ਜਨਸੰਘ ਜਿਹਦਾ ਬਦਲਿਆ ਨਾਂ ਭਾਰਤੀ ਜਨਤਾ ਪਾਰਟੀ ਹੈ, ਦਾ ਪੰਜਾਬੀ ਸੂਬਾ ਐਜੀਟੇਸ਼ਨ `ਚ ਕੀ ਰੋਲ ਸੀ।
ਜਨਸੰਘ ਪੰਜਾਬੀ ਸੂਬੇ ਦੀ ਮੰਗ ਨੂੰ ਕੁਚਲਣ ਲਈ ਨਹਿਰੂ ਤੋਂ ਵੀ ਦੋ ਰੱਤੀਆਂ ਅਗਾਂਹ ਸੀ। ਪੰਜਾਬੀ ਸੂਬੇ ਦੀ ਮੰਗ ਮੌਕੇ ਭਾਰਤੀ ਜਨਤਾ ਪਾਰਟੀ ਦਾ ਨਾਓਂ ਜਨਸੰਘ ਸੀ। ਜਨਸੰਘੀਆਂ ਨੇ ਪੰਜਾਬੀ ਸੂਬੇ ਦੇ ਸਿਆਸੀ ਵਿਰੋਧ ਤੋਂ ਵੀ ਅਗਾਂਹ ਜਾ ਕੇ ਇਹਦਾ ਹਿੰਸਕ ਵਿਰੋਧ ਕਰਦੇ ਹੋਏ ਸਿੱਖਾਂ ਅਤੇ ਸਿੱਖੀ `ਤੇ ਵੀ ਹਮਲੇ ਕੀਤੇ। ਪੰਜਾਬੀ ਸੂਬੇ ਦੀ ਮੰਗ ਨੂੰ ਅੱਧ-ਪਚੱਧੀ ਸ਼ਕਲ `ਚ ਮੰਨਦਿਆਂ ਕੇਂਦਰ ਸਰਕਾਰ ਨੇ ਪੰਜਾਬ ਦੇ ਰਿਜਨ (ਖੇਤਰ) ਬਣਾ ਦਿੱਤੇ, ਇਨ੍ਹਾਂ ਨੂੰ ਹਿੰਦੀ ਰਿਜਨ ਅਤੇ ਪੰਜਾਬੀ ਰਿਜਨ ਕਿਹਾ ਗਿਆ। ਪੰਜਾਬੀ ਰਿਜਨ ਵਿੱਚ ਪੰਜਾਬੀ ਅਤੇ ਹਿੰਦੀ ਰਿਜਨ ਵਿੱਚ ਹਿੰਦੀ ਲਾਗੂ ਹੋਈ ਸੀ। ਹਾਲਾਂਕਿ ਮੁਕੰਮਲ ਪੰਜਾਬੀ ਸੂਬੇ ਦੀ ਥਾਂ ਪੰਜਾਬੀਆਂ ਨੂੰ ਇਹ ਇੱਕ ਛੋਟੀ ਜਿਹੀ ਹੀ ਰਿਆਇਤ ਦਿੱਤੀ ਗਈ ਸੀ, ਪਰ ਪੰਜਾਬੀਆਂ ਨੂੰ ਦਿੱਤੀ ਗਈ ਇਹ ਛੋਟੀ ਜਿਹੀ ਰਿਆਇਤ ਵੀ ਜਨਸੰਘੀਆਂ ਤੋਂ ਬਰਦਾਸ਼ਤ ਨਾ ਹੋਈ। ਪੰਜਾਬ ਜਨਸੰਘ ਦੇ ਪ੍ਰਧਾਨ ਲਾਲ ਚੰਦ ਸਭਰਵਾਲ ਨੇ ਆਖਿਆ ਕਿ ਜੇ ਪੰਜਾਬੀ ਲਾਗੂ ਕਰਨ ਦੀ ਕੋਸ਼ਿਸ਼ ਜਬਰਦਸਤੀ ਕੀਤੀ ਗਈ ਤਾਂ ਸ਼ਹਿਰਾਂ ਦੇ ਗਲੀਆਂ ਬਾਜਾਰਾਂ `ਚ ਲੜਾਈ ਹੋਵੇਗੀ। ਇੱਕ ਹੋਰ ਉਘੇ ਜਨਸੰਘੀ ਆਗੂ ਬਲਰਾਮਜੀਦਾਸ ਟੰਡਨ ਨੇ ਰਿਜਨਲ ਫਾਰਮੂਲੇ ਦੇ ਖਿਲਾਫ 27 ਮਾਰਚ 1956 ਤੋਂ 9 ਅਪ੍ਰੈਲ 56 ਤੱਕ ਵਰਤ ਰੱਖਿਆ। ਜਨਸੰਘ ਨੇ ਮਹਾਂ ਪੰਜਾਬ ਵਾਲਿਆਂ ਨਾਲ ਮਿਲ ਕੇ ਅਪ੍ਰੈਲ 1956 ਤੋਂ ਜੂਨ 1956 ਤੱਕ ਪੰਜਾਬ ਦੇ ਵੱਡੇ ਸ਼ਹਿਰਾਂ `ਚ ਰਿਜਨਲ ਫਾਰਮੂਲੇ ਦੇ ਖਿਲਾਫ ਜਲੂਸ ਕੱਢੇ, ਜਿਨ੍ਹਾਂ `ਚ ਸਿੱਖਾਂ `ਤੇ ਹਮਲੇ ਕਰਦਿਆਂ ਪੁਲਿਸ ਨਾਲ ਝਗੜੇ ਵੀ ਕੀਤੇ। ਇਨ੍ਹਾਂ ਜਲੂਸਾਂ `ਚ ਪੰਜਾਬੀ ਸੂਬੇ ਦੇ ਖਿਲਾਫ ਗੰਦੇ ਨਾਹਰੇ ਲਾਏ ਜਾਂਦੇ ਰਹੇ। ਇਹੀ ਬਲਰਾਮਜੀਦਾਸ ਟੰਡਨ, ਪ੍ਰਕਾਸ਼ ਸਿੰਘ ਬਾਦਲ ਦੀ ਵਜਾਰਤ ਵਿੱਚ ਤਿੰਨ ਵਾਰ ਪਹਿਲੇ ਨੰਬਰ ਵਾਲਾ ਵਜੀਰ ਰਿਹਾ।
ਅਕਾਲੀ ਦਲ ਦੀ ਲੰਮੀ ਜੱਦੋਜਹਿਦ ਤੋਂ ਬਾਅਦ ਜਦੋਂ ਕਾਂਗਰਸ ਵਰਕਿੰਗ ਕਮੇਟੀ ਨੇ 9 ਮਾਰਚ 1966 ਨੂੰ ਪੰਜਾਬੀ ਸੂਬੇ ਦੇ ਹੱਕ ਵਿੱਚ ਮਤਾ ਪਾਸ ਕਰ ਦਿੱਤਾ ਤਾਂ ਜਨਸੰਘੀ ਲੋਕ ਕਾਂਗਰਸ `ਤੇ ਇੰਨੇ ਲੋਹੇ-ਲਾਖੇ ਹੋਏ ਕਿ ਕਾਂਗਰਸੀਆਂ ਦੀ ਮਾਰ-ਕੁਟਾਈ ਦੇ ਨਾਲ ਨਾਲ ਸਿੱਖਾਂ ਅਤੇ ਗੁਰਦੁਆਰਿਆਂ `ਤੇ ਹਮਲੇ ਸੁæਰੂ ਕਰ ਦਿੱਤੇ। ਜਨਸੰਘ ਦੇ ਜਨਰਲ ਸਕੱਤਰ ਯੱਗ ਦੱਤ ਸ਼ਰਮਾ ਨੇ ਪੰਜਾਬੀ ਸੂਬੇ ਦੇ ਖਿਲਾਫ ਮਰਨ ਵਰਤ ਰੱਖ ਲਿਆ। ਇਹੀ ਯੱਗ ਦੱਤ ਸ਼ਰਮਾ 1977 `ਚ ਅਕਾਲੀਆਂ ਦੀ ਸਰਗਰਮ ਹਮਾਇਤ ਨਾਲ ਗੁਰਦਾਸਪੁਰ ਤੋਂ ਲੋਕ ਸਭਾ ਦੀ ਚੋਣ ਜਿੱਤਿਆ।
ਪੰਜਾਬੀ ਸੂਬੇ ਦੀ ਮੰਗ ਮੰਨਣ ਦਾ ਕਾਂਗਰਸ ਨੇ ਅਜੇ ਐਲਾਨ ਹੀ ਕੀਤਾ ਸੀ, ਪਰ ਜਨਸੰਘ ਵੱਲੋਂ ਇਹਦਾ ਏਨਾ ਹਿੰਸਕ ਪੱਧਰ `ਤੇ ਵਿਰੋਧ ਕੀਤਾ ਗਿਆ ਕਿ ਦਿੱਲੀ ਸਮੇਤ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ `ਚ ਕਰਫਿਊ ਲਾਉਣਾ ਪਿਆ। ਪੰਜਾਬੀ ਸੂਬੇ ਦੀ ਮੰਗ ਮੰਨਣ ਖਾਤਰ ਜਨਸੰਘੀਆਂ ਤੇ ਇਹਦੇ ਹੋਰ ਸਾਥੀਆਂ ਦਾ ਗੁੱਸਾ ਇਸ ਕਦਰ ਭੜਕਿਆ ਸੀ ਕਿ 15 ਮਾਰਚ 1966 ਨੂੰ ਪਾਣੀਪਤ ਵਿੱਚ ਕਾਂਗਰਸੀ ਪ੍ਰਧਾਨ ਦੀਵਾਨ ਚੰਦ ਟੱਕਰ, ਕਰਾਂਤੀ ਕੁਮਾਰ ਅਤੇ ਇੱਕ ਹੋਰ ਜਣੇ ਨੂੰ ਦੁਕਾਨ ਅੰਦਰ ਡੱਕ ਕੇ ਸਾੜ ਮਾਰਿਆ। ਜਨਸੰਘੀਆਂ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਨਾਲ ਮਚਾਏ ਗਏ ਇਸ ਊਧਮ ਦੇ 6 ਦਿਨਾਂ ਦੌਰਾਨ ਪੰਜਾਬ `ਚ 9 ਜਾਣੇ ਮਾਰੇ ਗਏ, 200 ਜਖ਼ਮੀ ਹੋਏ, ਸਿੱਖਾਂ ਦੇ ਘਰਾਂ ਅਤੇ ਗੁਰਦੁਆਰਿਆਂ `ਤੇ ਹਮਲੇ ਹੋਏ। ਇਸੇ ਰੌਲ਼ੇ ਕਰਕੇ ਜਨਸੰਘ ਦੇ 2528 ਬੰਦੇ ਗ੍ਰਿਫਤਾਰ ਹੋਏ। ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ, ਜਨਸੰਘੀਆਂ ਨੇ ਪੰਜਾਬੀ ਸੂਬੇ ਦੇ ਖ਼ਿਲਾਫ਼ ਕਿਸ ਕਦਰ ਸਿੰਗਾਂ `ਤੇ ਮਿੱਟੀ ਚੁੱਕੀ ਸੀ!
ਪਾਣੀਪਤ ਦੀ ਘਟਨਾ ਤੋਂ ਬਾਅਦ ਜਨਸੰਘ ਪੰਜਾਬੀ ਸੂਬੇ ਨੂੰ ਕੌੜੇ ਘੁੱਟ ਵਾਂਗੂ ਪੀ ਕੇ ਚੁੱਪ ਕਰ ਗਈ ਅਤੇ ਯੱਗ ਦੱਤ ਸ਼ਰਮਾ ਨੇ ਵੀ ਆਪਦਾ ਮਰਨ ਵਰਤ ਛੱਡ ਦਿੱਤਾ। ਜਨਸੰਘ ਦੇ ਇਸ ਰੋਲ ਤੋਂ ਨਾ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਨਾ ਹੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਮੁਨਕਰ ਹੋ ਸਕਦੇ ਹਨ, ਪਰ ਸਾਫ ਦਿਸਦੀ ਮਜਬੂਰੀ ਕਾਰਨ ਉਹ ਪੰਜਾਬੀ ਸੂਬਾ ਐਜੀਟੇਸ਼ਨ ਦਾ ਇਤਿਹਾਸ ਨਹਿਰੂ-ਸੱਚਰ ਤੱਕ ਸਮੇਟ ਕੇ ਅਧੂਰਾ ਸੱਚ ਬੋਲ ਰਹੇ ਹਨ। ਇੱਥੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਇਸ ਸਾਕੇ ਦੇ ਸ਼੍ਰੋਮਣੀ ਕਮੇਟੀ ਵੱਲੋਂ ਲਿਖਾਏ ਜਾਣ ਵਾਲੇ ਇਤਿਹਾਸ `ਚ ਪੂਰਾ ਸੱਚ ਦੇਖਣ ਨੂੰ ਨਹੀਂ ਮਿਲ ਸਕਦਾ।