ਜਸਵੀਰ ਸਿੰਘ ਸ਼ੀਰੀ
ਪੰਜਾਬ ਦੀ ਸਿਆਸਤ ਬਾਰੇ ਖ਼ਬਰਾਂ ਪੜ੍ਹਨ ਜਾਂ ਇਹਦੇ ਬਾਰੇ ਕੁਮੈਂਟਰੀ ਵਗੈਰਾ ਸੁਣਨ ਨੂੰ ਪੰਜਾਬ ਦੇ ਮੁੰਡਿਆਂ ਦਾ ਦਿਲ ਨਹੀਂ ਕਰਦਾ। ਪੰਜਾਬ ਦੀ ਜਵਾਨੀਂ ਇਨ੍ਹਾਂ ਖ਼ਬਰਾਂ ਤੋਂ ਕੰਨੀ ਕਤਰਾਉਂਦੀ ਹੈ। ਕੁਝ ਦਿਨ ਪਹਿਲਾਂ ਏਥੇ ਬਰੈਂਪਟਨ (ਕੈਨੇਡਾ) ਵਿੱਚ ਪੜ੍ਹਾਈ ਕਰਨ ਆਏ ਮੁੰਡਿਆਂ ਨਾਲ ਮਿਲਣ ਦਾ ਮੌਕਾ ਮਿਲਿਆ। ਪੰਜਾਬ ਦੀ ਸਿਆਸਤ ਦੀ ਗੱਲ ਤੋਰਨ ਦਾ ਯਤਨ ਕੀਤਾ ਤਾਂ ਅੱਗੋਂ ਜੁਆਬ ਮਿਲਿਆ, ‘ਛੱਡੋ ਅੰਕਲ, ਕਈ ਹੋਰ ਗੱਲ ਕਰੋ।’ ਇਸ ਬੇਰੁਖੀ ਦੇ ਕਾਰਨ ਵੀ ਬਹੁਤੇ ਨਹੀਂ, ਸਿਰਫ ਇੱਕੋ ਹੈ; ਉਹ ਇਹ ਕਿ ਸਾਡੀ ਸਿਆਸਤ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਦ੍ਰਿਸ਼ਟੀ ਤੋਂ ਗੈਰ-ਪ੍ਰਸੰਗਿਕ ਹੋ ਚੁਕੀ ਹੈ। ਚੈਨਲਾਂ ਦੀ ਜੁਗਾਲੀ ਵਿੱਚੋਂ ਵੀ ਕੁਝ ਨਹੀਂ ਲੱਭਦਾ।
ਪੰਜਾਬ ਸਿਆਸਤ ਨਿਰੀ ਗੈਰ-ਪ੍ਰਸੰਗਿਕ ਹੀ ਨਹੀਂ ਹੋਈ, ਸਗੋਂ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੇ ਖਿਲਾਫ ਕੰਮ ਕਰ ਰਹੀ ਹੈ। ਉਂਝ ਤੇ 1947 ਤੋਂ ਬਾਅਦ ਹੀ ਇਹ ਵਰਤਾਰਾ ਵਾਪਰਨਾ ਸ਼ੁਰੂ ਹੋ ਗਿਆ ਸੀ, ਪਰ ਚੁਰਾਸੀਵਿਆਂ ਤੋਂ ਬਾਅਦ ਇਸ ਵਿਤਕਰੇਬਾਜ਼ੀ ‘ਤੇ ਓੜ੍ਹਿਆ ਗਿਆ ਜਮੂਹਰੀਅਤ ਦਾ ਓਹਲਾ ਵੀ ਪੂਰੀ ਤਰ੍ਹਾਂ ਡਿੱਗ ਪਿਆ ਸੀ; ਪਰ 1990 ਤੋਂ ਬਾਅਦ ਵਾਪਰੇ ਵਰਤਾਰਿਆਂ ਨੇ ਇਸ ਨੂੰ ਇੰਨਾ ਪ੍ਰਤੱਖ ਕਰ ਦਿੱਤਾ ਹੈ ਕਿ ਇਸ ਵਿਤਕਰੇਬਾਜ਼ੀ ਦਾ ਖ਼ਾਸਾ ਦੁਸ਼ਮਣਾਨਾ ਲੱਗਣ ਲੱਗ ਪਿਆ ਹੈ। ਇਹ ਸਵਾਲ ਵਿਚਾਰਨ ਵਾਲੇ ਹਨ ਕਿ ਕੀ ਪੰਜਾਬ ਹਿੰਦੁਸਤਾਨ ਦੀ ਬਸਤੀ ਹੈ ਜਾਂ ਸਾਰਾ ਹਿੰਦੁਸਤਾਨ ਹੀ ਵਿਕਸਿਤ ਮੁਲਕਾਂ ਦੀ ਨਵ-ਬਸਤੀ ਹੈ। ਵਿਸ਼ੇਸ਼ ਕਰਕੇ ਸਮੁੱਚੀ ਪੇਂਡੂ/ਮੱਧਵਰਗੀ ਤੇ ਜ਼ਮੀਨ ਵਿਹੂਣੀ ਦਿਹਾਤੀ ਆਬਾਦੀ ਅਤੇ ਆਰਥਕਤਾ ਬਸਤੀਆਨਾ ਵਿਹਾਰ ਦੀ ਸ਼ਿਕਾਰ ਹੈ।
1984 ਤੋਂ ਬਾਅਦ ਪੰਜਾਬ ਵਿੱਚ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਰਹੀ ਹੋਵੇ, ਉਹਨੇ ਨਾਹਰੇ ਪੰਥ ਬਚਾਓ, ਪੰਜਾਬ ਬਚਾਓ, ਰਾਜ ਨਹੀਂ ਸੇਵਾ, ਸਰਕਾਰੀ ਤਸ਼ੱਦਦ ਖਿਲਾਫ ਇਨਸਾਫ, ਜੁਲਮ ਕਰਨ ਵਾਲਿਆਂ ਨੂੰ ਸਜ਼ਾਵਾਂ, ਪੀੜਤਾਂ ਨੂੰ ਰਾਹਤ ਦੇਣ ਦੇ ਕੀਤੇ, ਪਰ ਸੱਤਾ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦਾ ਰਾਜਨੀਤਿਕ ਵਿਹਾਰ ਇਸ ਤੋਂ ਬਿਲਕੁਲ ਉਲਟ ਰਿਹਾ। ਸੁਰਜੀਤ ਸਿੰਘ ਬਰਨਾਲਾ, ਬੇਅੰਤ ਸਿੰਘ, ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਭਗਵੰਤ ਸਿੰਘ ਮਾਨ ਆਦਿ ਪੰਜਾਬ ਦੇ ਸੂਬੇਦਾਰ ਰਹੇ/ਹਨ। ਪੰਜਾਬ ਨੂੰ ਇਨ੍ਹਾਂ ਦੀਆਂ ਸਰਕਾਰਾਂ ਨੇ ਬੇਰੁਜ਼ਗਾਰੀ, ਤਸ਼ੱਦਦ, ਪੁਲਿਸ ਮੁਕਾਬਲੇ, ਆਪਣੇ ਲਈ ਰੁਜ਼ਗਾਰ ਜਾਂ ਹੋਰ ਹੱਕ ਤਲਾਸ਼ਦੇ ਲੋਕਾਂ ਦੀ ਮਾਰ-ਕੁੱਟ, ਸਾਂਝੀਆਂ ਜਨਤਕ ਜ਼ਮੀਨਾਂ ਦੀ ਵਿਕਰੀ, ਕਿਸਾਨੀ ਦੀਆਂ ਜ਼ਮੀਨਾਂ ਦੀ ਖੋਹ-ਖੁਹਾਈ, ਪੰਜਾਬ ਦੇ ਦਰਿਆਈ ਪਾਣੀਆਂ ਦੀ ਮੁਫਤੋ-ਮੁਫਤੀ ਲੁੱਟ। ਸਨਅਤਾਂ ਨੂੰ ਪੰਜਾਬ ਦੇ ਦਰਿਆਈ ਅਤੇ ਜ਼ਮੀਨ ਦੋਜ਼ ਪਾਣੀਆਂ ਨੂੰ ਪ੍ਰਦੂਸ਼ਤ ਕਰਨ ਦੀ ਨੰਗੀ ਚਿੱਟੀ ਖੁੱਲ੍ਹ ਦਿੱਤੀ। ਇਸ ਖ਼ਿਲਾਫ ਪ੍ਰਦਰਸ਼ਨ ਕਰਦੇ ਲੋਕਾਂ ਖਿਲਾਫ ਸਰਕਾਰ ਦੀ ਅਗਵਾਈ ਵਿੱਚ ਸਨਅਤੀ ਗੁੰਡਾਗਰਦੀ ਨੂੰ ਜਥੇਬੰਦ ਕੀਤਾ। ਪ੍ਰਦੂਸ਼ਨ ਫੈਲਾਉਣ ਵਾਲੀਆਂ ਸਨਅਤਾਂ ਦੀ ਪੁਸ਼ਤ ਪਨਾਹੀ, ਮੰਡੀਆਂ ਵਿੱਚ ਕਿਸਾਨਾਂ ਦੀ ਲੁੱਟ-ਮਾਰ, ਪ੍ਰਦਰਸ਼ਨਕਾਰੀ ਕਿਸਾਨਾਂ ‘ਤੇ ਤਸ਼ੱਦਦ/ਆਗੂਆਂ ਦੇ ਕਤਲ, ਨਰੇਗਾ ਦੇ ਪੈਸੇ ਦੀ ਦੁਰਵਰਤੋਂ, ਕਾਤਲ ਅਫਸਰਾਂ ਦੀ ਰਾਖ਼ੀ, ਉਨ੍ਹਾਂ ਨੂੰ ਤਰੱਕੀਆਂ, ਸਿਆਸੀ ਪਰਿਵਾਰਾਂ/ਵੱਡੀ ਅਫਸਰਸ਼ਾਹੀ ਦੀਆਂ ਨਿੱਜੀ ਜਾਇਦਾਦਾਂ ਵਿੱਚ ਵਾਧਾ; ਸਾਂਝੀਆਂ, ਜੰਗਲਾਤ, ਪੰਚਾਇਤਾਂ ਆਦਿ ਦੀਆਂ ਜ਼ਮੀਨਾਂ ਆਪਣੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਦੇ ਨਾਂ ਕਰਨੀਆਂ, ਪੰਜਾਬ ਨੂੰ ਕਰਜ਼ੇ ਹੇਠ ਡੋਬਣਾ, ਕਰਜ਼ਾ ਚੁੱਕ-ਚੁੱਕ ਕੇ ਸਰਕਾਰੀ ਖ਼ਰਚੇ ਤੋਰਨੇ, ਕੌਮੀ ਪਾਰਟੀਆਂ ਦਾ ਖ਼ਰਚਾ-ਪਾਣੀ ਪੰਜਾਬ ਦੇ ਲੋਕਾਂ ਦੇ ਸਮੂਹਿਕ ਤੌਰ ‘ਤੇ ਸਿਰ ਪਾਉਣਾ। ਹਰ ਕਿਸਮ ਦੀਆਂ ਚੋਣਾਂ ਵਿੱਚ ਸ਼ਰਾਬ ਤੋਂ ਇਲਾਵਾ ਮਾਰੂ ਨਸ਼ਿਆਂ ਦੀ ਵੰਡ, ਟੈਕਸ ਵਧਾਉਂਦੇ ਜਾਣਾ, ਬਿਜਲੀ ਫਰੀ, ਰਾਸ਼ਨ ਮੁਫਤ, ਆਟਾ-ਦਾਲ ਮੁਫਤ, ਆਟਾ-ਦਾਲ ਬੂਹੇ ‘ਤੇ। ਅੱਗੋਂ ਆਉਣ ਵਾਲੇ ਟਿਫਨ ਹੀ ਘਰ ਭੇਜ ਦਿਆ ਕਰਨਗੇ, ਲੋਕਾਂ ਨੂੰ ਹੱਥ ਹਿਲਾਉਣ ਦੀ ਲੋੜ ਨਹੀਂ। ਸੜੀ ਜਿਹੀ ਸ਼ਰਾਬ ਦੀ ਬੋਤਲ ਵੀ ਨਾਲ ਮਿਲ ਜਾਇਆ ਕਰੂ। ਪੀਓ ਤੇ ਮਰੋ। ਸਿੱਖ ਬੰਦੀ ਤਾਅ ਉਮਰ ਲਈ ਜੇਲ੍ਹਾਂ ਵਿੱਚ ਬੰਦ। ਬਲਾਤਕਾਰੀ ‘ਬਾਬੇ’ ਬਾਹਰ। ਪੰਜਾਬ ਦੇ ਬੁਨਿਆਦੀ ਅਤੇ ਉਚ ਵਿਦਿਅਕ ਖ਼ੇਤਰ ਦੀ ਤਬਾਹੀ। ਸਰਕਾਰੀ ਸਿਹਤ ਸੇਵਾਵਾਂ ਦੀ ਬੱਤੀ ਗੁੱਲ, ਜਨਤਕ ਟਰਾਂਸਪੋਰਟ ਦਾ ਬਿਸਤਰਾ ਗੋਲ, ਲੋਕਾਂ ਦਾ ਸਿਹਤ ਬੀਮਾ ਕਰਨ ਦੇ ਢਕਵੰਜ, ਬੀਮੇ ਦਾ ਪੈਸਾ ਸਿੱਧਾ ਪ੍ਰਾਈਵੇਟ ਹਸਪਤਾਲਾਂ ਦੀ ਜੇਬ ਵਿੱਚ ਪਾਉਣਾ। ਬਾਣੀ ਦੀਆਂ ਪੋਥੀਆਂ ਦੇ ਪੱਤਰੇ ਪੜਵਾਉਣੇ, ਦੋਸ਼ੀ ਕਮਲੇL ਸਾਬਤ ਕਰਨੇ। ਜਾਤੀ ਵੰਡ ਨੂੰ ਸਿਆਸੀ ਸਰਗਰਮੀ ਦਾ ਆਧਾਰ ਬਣਾਉਣਾ ਆਦਿ। ਇਹ ਸਾਡੇ ਸਿਆਸਤਦਾਨਾਂ ਦੀਆਂ ਮੋਟੀਆਂ ਮੋਟੀਆਂ ‘ਪ੍ਰਾਪਤੀਆਂ’ ਹਨ। ਇਹ ਲਿਸਟ ਹੋਰ ਵੀ ਬਹੁਤ ਲੰਬੀ ਹੋ ਸਕਦੀ ਹੈ। ਹੁਣ ਵਾਲੇ ਵੀ ਇਸੇ ਲਾਈਨ ਵਿੱਚ ਲੱਗੇ ਹੋਏ ਹਨ। ਇਹ ਸਾਰੇ ਪੰਜਾਬ ਦੀ ਪੱਗ ‘ਤੇ ਪੈਰ ਰੱਖ ਕੇ ਆਪਣੀਆਂ ਪਾਰਟੀਆਂ ਖੜ੍ਹੀਆਂ ਕਰਨ ਦਾ ਯਤਨ ਕਰ ਰਹੇ ਹਨ।
ਹਿੰਦੁਸਤਾਨ ਪੱਧਰ ‘ਤੇ ਹਾਲਤ ਵੇਖ ਲਓ, ਗੁਜਰਾਤ ਮਾਡਲ ਦਾ ਪੁਲ ਟੁੱਟਿਆ, ਜਹਾਜ਼ ਪਾੜ੍ਹਿਆਂ ਦੇ ਹੋਸਟਲ ਵਿੱਚ ਵੜਿਆ। ਬਿਨ ਤਨਖਾਹੋਂ ਰੁਜ਼ਗਾਰ ਦੇ ਲੱਖਾਂ ਮੌਕੇ ਪੈਦਾ ਕੀਤੇ। ਬਿਹਾਰ ਦੀ ਚੋਣ ਸੂਚੀ ਵਿੱਚੋਂ ਮੁਸਲਮਾਨਾਂ ਨੂੰ ਗਾਇਬ ਕਰਨ ਦੀ ਮੁਹਿੰਮ। ਈ.ਵੀ.ਐਮ. ਘੁਟਾਲੇ। ਵੋਟਾਂ ਦੀ ਥੋਕ ਹੇਰਾ-ਫੇਰੀ। ਸਭ ਤੋਂ ਵੱਡੀ ਜਮਹੂਰੀਅਤ ਦੀ ਸ਼ੇਖੀ। ਘੱਟਗਿਣਤੀਆਂ ‘ਤੇ ਡਾਂਗ ਫੇਰੀ, ਟਰੰਪ ਮੂਹਰੇ ਸਭ ਕੁਝ ਢੇਰੀ।
ਅਮਰੀਕਾ ਨੇ ਪਿਛੇ ਜਿਹੇ ਕਥਿਤ ਗੈਰ-ਕਾਨੂੰਨੀ ਪਰਵਾਸੀਆਂ ਨੂੰ ਹਥਕੜੀਆਂ-ਬੇੜੀਆਂ ਲਗਾ ਕੇ ਫੌਜੀ ਜਹਾਜ਼ਾਂ ਵਿੱਚ ਵਾਪਸ ਭਾਰਤ ਭੇਜਿਆ। ਹਿੰਦੁਸਤਾਨੀ ਹਾਕਮਾਂ ਨੇ ਚੂੰ ਤੱਕ ਨਹੀਂ ਕੀਤੀ। ਅਮਰੀਕਾ ਦੇ ਹੀ ਇੱਕ ਮਰਹੂਮ ਨੀਤੀਵੇਤਾ ਹੈਨਰੀ ਕਸਿੰਜਰ ਨੇ ਆਪਣੇ ਤਤਕਾਲੀ ਰਾਸ਼ਟਰਪਤੀ ਨਾਲ ਗੱਲ ਕਰਦਿਆਂ ‘ਹਿੰਦੁਸਤਾਨੀ ਚਾਪਲੂਸਾਂ’ ਤੋਂ ਬਚਣ ਦੀ ਸਲਾਹ ਦਿੱਤੀ ਸੀ। ਉਸ ਦਾ ਕਹਿਣਾ ਸੀ ਕਿ ਇਤਿਹਾਸ ਵਿੱਚ ਇਹ ਹਕੂਮਤਾਂ ਦੀ ਚਾਪਲੂਸੀ ਕਰ ਕੇ ਹੀ ਜ਼ਿੰਦਾ ਰਹੇ ਹਨ। ਜਿਸ ਤਰ੍ਹਾਂ ਸਾਡੇ ਮੌਜੂਦਾ ਹਾਕਮ ਆਪਣੇ ਤੋਂ ਥੋੜ੍ਹੇ ਤਕੜੇ ਮੁਲਕਾਂ ਅੱਗੇ ਵਿਹਾਰ ਕਰ ਰਹੇ ਹਨ, ਉਸ ਨੂੰ ਵੇਖ ਕੇ ਹੈਨਰੀ ਕਸਿੰਜਰ ਸੱਚਾ ਨਹੀਂ ਲਗਦਾ? ਇਰਾਨ ਦੇ ਹਾਕਮਾਂ ਦਾ ਵਿਹਾਰ ਵੇਖੋ ਜ਼ਰਾ ਅਮਰੀਕਾ ਨਾਲ। ਫਰਕ ਪਤਾ ਲਗਦਾ ਕਿ ਨਹੀਂ? ਪਤਾ ਲੱਗਿਆ ਤਾਂ ਹੰਕਾਰ ਅਤੇ ਸਵੈਮਾਣ ਵਿਚਾਲੇ ਫਰਕ ਦਾ ਵੀ ਆਪਣੇ ਆਪ ਪਤਾ ਲੱਗ ਜਾਵੇਗਾ। ਹਿੰਦੁਸਤਾਨੀ ਹਾਕਮ ਜਿਸ ਤਰ੍ਹਾਂ ਦਾ ਵਿਹਾਰ ਕਰ ਰਹੇ ਹਨ ਆਪਣੇ ਤੋਂ ਤਕੜੇ ਮੁਲਕਾਂ ਨਾਲ, ਉਸ ਤੋਂ ਇਹ ਦੇਸ਼ ਵਿਕਸਿਤ ਸੰਸਾਰ ਦੀ ਇੱਕ ਨਵ-ਬਸਤੀ ਹੀ ਲਗਦਾ ਹੈ। ਨਵਬਸਤੀਆਂ ‘ਤੇ ਸਿੱਧੇ ਕਬਜ਼ੇ ਦੀ ਲੋੜ ਨਹੀਂ ਪੈਂਦੀ, ਵਿੱਤੀ ਸਰਮਾਏ ਅਤੇ ਸੱਭਿਆਚਾਰਕ ਹਮਲੇ ਦਾ ਨਾਗਵਲ਼ ਇਨ੍ਹਾਂ ਦੀ ਸੱਤਿਆ ਚੂਸਦਾ ਰਹਿੰਦਾ ਹੈ।
ਇਸ ਲਿਖ਼ਤ ਦੇ ਸਿਰਲੇਖ਼ ਵਿੱਚ ਮੈਂ ‘ਰੋਹੀਆਂ’ ਸ਼ਬਦ ਦੀ ਵਰਤੋਂ ਕੀਤੀ ਹੈ। ਸਾਡੀ ਆਧੁਨਿਕ ਪੰਜਾਬੀ ਵਿੱਚੋਂ ਇਹ ਸੁਨੱਖਾ ਸ਼ਬਦ ਲਗਪਗ ਖ਼ਤਮ ਹੋ ਚੁੱਕਾ ਹੈ। ਉਜਾੜ, ਰੇਤਲੀਆਂ, ਬੰਜਰ ਬੀਆਬਾਨ ਜਿਹੀਆਂ ਜ਼ਮੀਨਾਂ ਨੂੰ ਬਜ਼ੁਰਗ ‘ਰੋਹੀ’ ਕਿਹਾ ਕਰਦੇ ਸਨ। ਪਰ ਉਦੋਂ ਕੁਲਹਿਣੇ ਪੌਲੀਥੀਨ ਦੇ ਲਿਫਾਫੇ ਨਹੀਂ ਸੀ ਹੁੰਦੇ। ਪੰਜਾਬ ਦੇ ਅੱਜ ਕੱਲ੍ਹ ਹੋ ਰਹੇ ‘ਵਿਕਾਸ’ ਦੀ ਆਤਮਾ ਵਿੱਚ ਵੀ ਇੱਕ ਰੋਹੀ ਬੀਆਬਾਨ ਪਲ਼ ਰਿਹਾ ਹੈ। ਵਿਕਾਸ ਦੀ ਚੜ੍ਹੀ ਗਹਿਰ ਵਿੱਚ ਹਾਲੇ ਇਹ ਵਿਖਾਈ ਨਹੀਂ ਦਿੰਦਾ। ਇਸ ਦੀ ਜਦੋਂ ਧੁੰਦ ਸਾਫ ਹੋਈ, ਵਿੱਚੋਂ ਇਸ ਬੰਜਰ ਬੀਆਬਾਨ ਤੋਂ ਸਿਵਾਏ ਹੋਰ ਕੁਝ ਨਹੀਂ ਨਿਕਲਣਾ। ਪੰਜਾਬ ਦੀ ਜ਼ਰਖੇਜ ਜ਼ਮੀਨ ‘ਤੇ ਕੰਕਰੀਟ ਦਾ ਜੰਗਲ ਹੋਵੇਗਾ ਤੇ ਪੀਣ ਲਈ ਮੁੱਲ ਦਾ ਪਾਣੀ। ਪਿੰਡ ਕਾਲੀਆਂ ਸ਼ਾਹ ਸੜਕਾਂ ਹੇਠ ਦੱਬੇ ਜਾਣਗੇ। ਧਰਤੀ ‘ਤੇ ਵਿਛੀ ਲੁੱਕ ‘ਤੇ ਵਪਾਰੀਆਂ ਦੀਆਂ ਕਾਰਾਂ/ਟਰਾਲੇ ਸ਼ੂਕਦੇ ਫਿਰਨਗੇ। ਇਹ ਵਕਤ ਪੰਜਾਬ ਵੱਲ ਵਰੋਲੇ ਵਾਂਗ ਚੜ੍ਹਿਆ ਆ ਰਿਹਾ ਰਿਹਾ ਹੈ ਤੇ ਸਿਕੰਦਰ-ਅਬਦਾਲੀ ਨਾਲ ਮੱਥਾ ਲਾਉਣ ਵਾਲੀਆਂ ਗਜ਼-ਗਜ਼ ਚੌੜੀਆਂ ਛਾਤੀਆਂ ਗਾਇਬ ਹਨ।