*ਗੁਰਦੁਆਰਾ ਪੈਲਾਟਾਈਨ ਦੇ ਕਾਰ ਸੇਵਕਾਂ ਨੂੰ ਵਧ-ਚੜ੍ਹ ਕੇ ਸੇਵਾ ਕਰਨ ਲਈ ਪ੍ਰੇਰਿਆ
ਸ਼ਿਕਾਗੋ: ਖਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਪਿਛਲੇ ਦਿਨੀਂ ਗੁਰਦੁਆਰਾ ਪੈਲਾਟਾਈਨ ਵਿੱਚ ਆਏ। ਇੱਥੇ ਪਹੁੰਚਣ `ਤੇ ਸ. ਸਤਨਾਮ ਸਿੰਘ ਔਲਖ, ਸ. ਤਰਲੋਚਨ ਸਿੰਘ ਮੁਲਤਾਨੀ, ਗੁਰੂਘਰ ਦੇ ਮੁੱਖ ਗ੍ਰੰਥੀ ਭਾਈ ਲਖਵਿੰਦਰ ਸਿੰਘ ਅਤੇ ਹੋਰ ਸੰਗਤਾਂ ਵੱਲੋਂ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆਂ ਕਿਹਾ ਗਿਆ। ਬਾਬਾ ਸੇਵਾ ਸਿੰਘ ਵੱਲੋਂ ਦਰਬਾਰ ਹਾਲ ਵਿੱਚ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਗਏ, ਜਿਸ ਵਿੱਚ ਉਨ੍ਹਾਂ ਨੇ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਗੁਰਦੁਆਰਿਆਂ ਦੀ ਸਾਰ ਸੰਭਾਲ ਅਤੇ ਨਾਲ ਨਾਲ ਵਾਤਾਵਰਣ ਤੇ ਵਿਦਿਆ ਸਬੰਧੀ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਸਾਂਝੀ ਕੀਤੀ।
ਉਨ੍ਹਾਂ ਦੱਸਿਆ ਕਿ ਗੁਰੂ ਅੰਗਦ ਸਾਹਿਬ ਦੇ 500 ਸਾਲ ਸ਼ਤਾਬਦੀ ਸਬੰਧੀ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਉਚੇਚੇ ਕਾਰਜ ਕੀਤੇ ਗਏ। ਇਸ ਤਹਿਤ ਖਡੂਰ ਸਾਹਿਬ ਦੇ ਆਸ-ਪਾਸ 1999 ਤੋਂ 2021 ਦੇ ਸਮੇਂ ਦੌਰਾਨ 500 ਕਿਲੋਮੀਟਰ ਸੜਕਾਂ `ਤੇ ਦਰਖ਼ਤ ਲਗਵਾਏ ਗਏ, ਜਿਸ ਵਿੱਚ ਹੋਰਨਾਂ ਦਰਖ਼ਤਾਂ ਦੇ ਨਾਲ ਨਾਲ 5000 ਪਿੱਪਲ, 5000 ਬੋਹੜ ਅਤੇ 5000 ਪੀਲਕਾਂ ਦੇ ਦਰਖ਼ਤ ਲਗਵਾਏ ਗਏ। ਇਸ ਦੇ ਨਾਲ ਹੀ 500 ਏਕੜ ਵਿੱਚ ਬਾਗ ਲਗਵਾਉਣ ਦਾ ਟੀਚਾ ਮਿਥਿਆ ਗਿਆ ਸੀ, ਜਿਸ ਤਹਿਤ 350 ਏਕੜ `ਚ ਬਾਗ ਹੁਣ ਤਕ ਲੱਗ ਚੁੱਕਿਆ ਹੈ।
ਬਾਬਾ ਸੇਵਾ ਸਿੰਘ ਨੇ ਦੱਸਿਆ ਕਿ ਇਸ ਦੇ ਨਾਲ ਹੀ 2019 ਵਿੱਚ 550 ਜੰਗਲ ਲਗਾਉਣ ਦਾ ਕਾਰਜ ਆਰੰਭਿਆ ਗਿਆ ਸੀ, ਜਿਸ ਵਿੱਚੋਂ 345 ਜੰਗਲ ਲੱਗ ਚੁੱਕਾ ਹੈ, ਜੋ ਕਿ ਤਕਰੀਬਨ 200 ਏਕੜ ਰਕਬਾ ਬਣਦਾ ਹੈ। ਇਸ ਵਿੱਚ 10 ਲੱਖ ਤੋਂ ਉਪਰ ਬੂਟਾ ਲੱਗ ਚੁੱਕਾ ਹੈ। ਇਨ੍ਹਾਂ ਵਿੱਚ 25 ਪ੍ਰਤੀਸ਼ਤ ਫਲ, 25 ਪ੍ਰਤੀਸ਼ਤ ਦਵਾਈਆਂ ਵਾਲ਼ੇ ਬੂਟੇ, 25 ਪ੍ਰਤੀਸ਼ਤ ਪੁਰਾਣੇ ਦਰਖ਼ਤ (ਨਿੰਮ, ਕਿੱਕਰ, ਟਾਹਲੀ,) ਹਨ ਅਤੇ 25 ਪ੍ਰਤੀਸ਼ਤ ਫੁੱਲ ਹਨ।
ਇਸ ਤੋਂ ਇਲਾਵਾ ਬੱਚਿਆਂ ਦੀ ਸਿਖਿਆ ਨੂੰ ਮੁੱਖ ਰੱਖਦੇ ਹੋਏ ਖਡੂਰ ਸਾਹਿਬ ਵਿੱਚ ਲਗਭਗ 80,000 ਵਰਗ ਫੁੱਟ ਵਿੱਚ 8 ਮੰਜਿਲਾ ਕਾਲਜ ‘ਨਿਸ਼ਾਨ-ਏ-ਸਿੱਖੀ’ ਖੋਲਿ੍ਹਆ ਗਿਆ, ਜਿਸ ਵਿੱਚ ਬੀਐਡ ਤੱਕ ਦੀ ਸਿਖਿਆ ਦਿੱਤੀ ਜਾਂਦੀ ਹੈ ਅਤੇ ਬੱਚਿਆਂ ਨੂੰ ਸਿੱਖ ਪ੍ਰਚਾਰਕ ਬਣਨ ਲਈ ਵੀ ਸਿਖਲਾਈ ਦਿੱਤੀ ਜਾਂਦੀ ਹੈ। ਪੰਜ ਸਾਲਾਂ ਦੇ ਇਸ ਕੋਰਸ ਵਿੱਚ ਪਹਿਲੇ ਤਿੰਨ ਸਾਲਾਂ ਦੌਰਾਨ ਗੁਰਬਾਣੀ ਸੰਥਿਆ, ਕਥਾ ਕੀਰਤਨ ਦੇ ਨਾਲ ਨਾਲ ਬੱਚਾ ਬੀ.ਏ. ਦੀ ਡਿਗਰੀ ਵੀ ਲੈ ਲੈਂਦਾ ਹੈ ਅਤੇ ਅਗਲੇ ਦੋ ਸਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਐਮ.ਏ. ਗੁਰਮਤਿ ਦੀ ਪੜ੍ਹਾਈ ਕਾਰਵਾਈ ਜਾਂਦੀ ਹੈ। ਇਹ ਪੂਰੇ 5 ਸਾਲ ਦੀ ਸਾਰੀ ਪੜ੍ਹਾਈ, ਕਿਤਾਬਾਂ ਤੇ ਰਹਿਣ-ਸਹਿਣ ਦਾ ਖਰਚਾ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਕੀਤਾ ਜਾਂਦਾ ਹੈ। ਹੁਣ ਤੱਕ ਲਗਭਗ 90 ਬੱਚੇ ਇਹ ਡਿਗਰੀ ਹਾਸਿਲ ਕਰ ਚੁੱਕੇ ਹਨ ਅਤੇ ਇਨ੍ਹਾਂ `ਚੋਂ ਕੁਝ ਬੱਚੇ ਅੱਗੇ ਹੋਰ ਐਮ.ਫਿਲ ਅਤੇ ਪੀਐਚ.ਡੀ. ਦੀ ਪੜ੍ਹਾਈ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਪੇਂਡੂ ਲੜਕੀਆਂ ਨੂੰ ਖਾਸ ਟਰੇਨਿੰਗ ਦਿੱਤੀ ਜਾਂਦੀ ਹੈ, ਜਿਸ ਤਹਿਤ ਹੁਣ ਤੱਕ 640 ਲੜਕੀਆਂ ਟਰੇਨਿੰਗ ਹਾਸਲ ਕਰਕੇ ਪੰਜਾਬ ਅਤੇ ਹੋਰ ਵੱਖੋ ਵੱਖ ਰਾਜਾਂ ਦੀ ਪੁਲਿਸ ਵਿੱਚ ਭਾਰਤੀ ਹੋ ਚੁਕੀਆਂ ਹਨ। ‘ਨਿਸ਼ਾਨ-ਏ-ਸਿੱਖੀ’ ਸੰਸਥਾ ਦੇ 5 ਬੱਚੇ ਭਾਰਤ ਦੀ ਨੈਸ਼ਨਲ ਹਾਕੀ ਟੀਮ ਲਈ ਚੁਣੇ ਜਾ ਚੁਕੇ ਹਨ ਅਤੇ ਉਨ੍ਹਾਂ ਵਿੱਚੋਂ 3 ਬੱਚੇ ਓਲੰਪਿਕ ਵੀ ਖੇਡ ਚੁਕੇ ਹਨ। 27 ਬੱਚੇ ਫੌਜ ਵਿੱਚ ਭਰਤੀ ਹੋ ਚੁਕੇ ਹਨ, ਜਿਨ੍ਹਾਂ ਵਿੱਚੋਂ ਕੁਝ ਤਾਂ ਲੈਫਟੀਨੈਂਟ ਵੀ ਬਣ ਚੁਕੇ ਹਨ ਤੇ ਕੁਝ ਬੱਚੇ ਮਰਚੈਂਟ ਨੇਵੀ ਵਿੱਚ ਵੀ ਗਏ ਹਨ।
ਇਸ ਤੋਂ ਬਾਅਦ ਸ. ਸਤਨਾਮ ਸਿੰਘ ਔਲਖ ਅਤੇ ਹੋਰ ਕਾਰ ਸੇਵਾ ਵਾਲੇ ਸਿੰਘਾਂ ਵੱਲੋਂ ਗੁਰੂਘਰ ਵਿੱਚ ਚੱਲ ਰਹੀ ਕਾਰ ਸੇਵਾ ਬਾਰੇ ਬਾਬਾ ਸੇਵਾ ਸਿੰਘ ਨੂੰ ਜਾਣੂ ਕਰਵਾਇਆ ਗਿਆ। ਬਾਬਾ ਸੇਵਾ ਸਿੰਘ ਨੇ ਗੁਰੂਘਰ ਦੇ ਚਾਰ-ਚੁਫੇਰੇ ਘੁੰਮ ਕੇ ਕਾਰ ਸੇਵਕਾਂ ਵੱਲੋਂ ਕੀਤੇ ਗਏ ਕੰਮਾਂ ਨੂੰ ਦੇਖਿਆ ਤੇ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਅੱਗੇ ਤੋਂ ਹੋਰ ਵੀ ਵਧ-ਚੜ੍ਹ ਕੇ ਕਾਰ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਜ਼ਿਕਰਯੋਗ ਹੈ ਕਿ ਬਾਬਾ ਸੇਵਾ ਸਿੰਘ ਸਥਾਨਕ ਪਤਵੰਤੇ ਸ. ਕੁਲਵਿੰਦਰ ਸਿੰਘ ਦੇ ਗ੍ਰਹਿ ਵਿਖੇ ਠਹਿਰੇ ਸਨ।