ਰਸੋਈ ਦਾ ਟੂਣਾ ਤੋੜਦਿਆਂ

ਸਾਹਿਤਕ ਤੰਦਾਂ

ਨੀਤੂ, ਫੋਨ:+91-9463046219
ਇਕ ਦਿਨ ਇਕ ਦੋਸਤ ਕਹਿਣ ਲੱਗਾ, “ਨੀਤੂ, ਮੈਂ ਤੇਰੀ ਰਸੋਈ ਦੇਖਣੀ ਹੈ, ਜੋ ਤੇਰੀ ਕਵਿਤਾ ਵਿਚ ਵਾਰ-ਵਾਰ ਆਉਂਦੀ ਹੈ।” ਮੈਂ ਸੋਚਦੀ ਹਾਂ ਉਹ ਮੇਰੀ ਰਸੋਈ ਕਿਵੇਂ ਦੇਖੂ? ਕੀ ਰਸੋਈ ਇਸ ‘ਘਰ’ ਨਾਂ ਦੀ ਇਮਾਰਤ ਦਾ ਇਕ ਹਿੱਸਾ ਮਾਤਰ ਹੈ? ਫਿਰ ਤਾਂ ਹਰ ਘਰ ਵਿਚ ਰਸੋਈ ਦੇ ਅਰਥ ਵੱਖਰੇ ਹੁੰਦੇ ਹੋਣਗੇ। ਜੇਕਰ ਰਸੋਈ ਇਸ ਵਿਚ ਪਏ ਸਮਾਨ ਕਾਰਨ ਰਸੋਈ ਹੈ ਤਾਂ ਇਹਦੇ ਅਰਥ ਲਗਾਤਾਰ ਬਦਲਦੇ ਹੋਣਗੇ। ਇਸ ਅੰਦਰ ਪਿਆ ਸਮਾਨ ਵੀ ਤਾਂ ਲਗਾਤਾਰ ਬਦਲਦਾ ਰਹਿੰਦਾ ਹੈ।

ਪੁਰਾਣੇ ਕੱਪ ਟੁੱਟੇ ਨਹੀਂ। ਨਵੇਂ ਆ ਜਾਂਦੇ ਹਨ। ਸਟੀਲ ਦਾ ਡਿਨਰ ਸੈਟ ਹੁੰਦਾ, ਫਿਰ ਮਾਈਕਰੋਵੇਵ ਵਾਲਾ ਲਿਆਂਦਾ ਜਾਂਦਾ। ਸਮਾਨ ਇਕ ਦੂਜੇ ਨੂੰ ਓਵਰਲੈਪ ਕਰਨ ਲੱਗਦਾ ਹੈ। ਇਹ ਲਗਾਤਾਰ ਭੀੜੀ ਹੁੰਦੀ ਜਾਂਦੀ ਹੈ।
ਸੋਚਦੀ ਹਾਂ ਮੇਰੀ ਰਸੋਈ ਨੂੰ ਇਕ ਨਜ਼ਰ ਦੇਖ ਕੇ ਕੋਈ ਮੇਰੀ ਕਵਿਤਾ ਦੇ ਸੋਮਿਆਂ ਵਿਚ ਲੱਥ ਸਕਦਾ? ਕੋਈ ਮਰਦ ਰਸੋਈ ਨੂੰ ਔਰਤ ਦੀਆਂ ਅੱਖਾਂ ਨਾਲ ਜਾਣ ਸਕਦਾ? ਫਿਰ ਸੋਚਦੀ ਹਾਂ ਉਹ ਤਾਂ ‘ਕਾਮਰੇਡ’ ਹੈ, ਸ਼ਾਇਦ ਸਮਝ ਲਵੇ। ਪਰ ‘ਕਾਮਰੇਡ’ ਤਾਂ ਮੇਰਾ ਪਤੀ ਵੀ ਹੈ।
ਅਨੇਕਾਂ ਸਵਾਲ ਮੇਰੇ ਮਨ ਦੀ ਸਕਰੀਨ `ਤੇ ਫੈਲਣ ਲੱਗਦੇ ਨੇ। ਮੈਂ ਇਨ੍ਹਾਂ ਸੁਆਲਾਂ ਦੇ ਜੁਆਬ ਤਲਾਸ਼ਦਿਆਂ ਰਸੋਈ ਵਿਚ ਜਾਂਦੀ ਹਾਂ…।
ਮੈਥੋਂ ਪਹਿਲਾਂ ਇਸ ਵਿਚ ਮਾਂ ਖੜੀ ਹੈ। ਮਾਂ ਦੀ ਇਕ ਅੱਖ ਵਿਚ ਹੰਝੂ ਤੇ ਦੂਜੀ ਵਿਚ ਮੁਸਕਾਨ ਹੈ। ਇਹ ਹੰਝੂ ਵਹਿੰਦਾ ਨਹੀਂ, ਪੱਥਰ ਦਾ ਹੈ। ਮੁਸਕਾਨ ਫੈਲਦੀ ਨਹੀਂ, ਪੱਥਰ ਦੇ ਹੰਝੂ ਵਿਚ ਭਿੱਜੀ ਹੈ। ਮਾਂ ਦੱਸਦੀ ਹੈ, ਇਸ ਵਿਚ ਨਾਨੀ ਵੀ ਹੈ। ਨਾਨੀ ਦੀਆਂ ਧੂੰਏਂ ਨਾਲ ਖ਼ਰਾਬ ਅੱਖਾਂ ਹਮੇਸ਼ਾਂ ਰੁਮਾਲ ਨਾਲ ਢਕੀਆਂ ਹੁੰਦੀਆਂ। ਨਾ ਹੰਝੂ, ਨਾ ਮੁਸਕਾਨ…।
ਮੈਨੂੰ ਅਕਸਰ ਲਗਦਾ ਹੈ ਕਿ ਔਰਤ ਦੀ ਬਹੁਤੀ ਉਮਰ ਘਰ ਦੀ ਰਸੋਈ ਵਿਚ ਲੰਘ ਜਾਂਦੀ ਹੈ। ਜਦੋਂ ਡਰਾਇੰਗ ਰੂਮ ਵਿਚ ਠਹਾਕੇ ਲਗ ਰਹੇ ਹੁੰਦੇ, ਬੈਡਰੂਮ ਵਿਚ ਘੁਰਾੜੇ ਵੱਜ ਰਹੇ ਹੁੰਦੇ ਹਨ, ਬਾਲਕਨੀ ਵਿਚ ਅਖ਼ਬਾਰ ਪੜ੍ਹਿਆ ਜਾ ਰਿਹਾ ਹੁੰਦਾ, ਉਹ ਰਸੋਈ ਵਿਚ ਹੁੰਦੀ ਹੈ।
ਮੈਂ ਆਪਣੀ ਮਾਂ ਨੂੰ ਅਕਸਰ ਰਸੋਈ ਵਿਚ ਦੇਖਿਆ। ਬਚਪਨ ਵਿਚ ਲੱਗਦਾ ਸੀ ਇਕ ਰਸੋਈ ਹੀ ਐਸੀ ਥਾਂ ਹੈ, ਜਿੱਥੇ ਉਸਦੀ ਜ਼ਿੰਦਗੀ ਵਿਚ ਕੋਈ ਖ਼ਲਲ ਨਹੀਂ ਸੀ ਹੁੰਦਾ। ਬਹੁਤਾ ਸਮਾਂ ਉਹ ਉਥੇ ਹੁੰਦੀ ਸੀ; ਜਦੋਂ ਨਹੀਂ ਹੁੰਦੀ ਸੀ, ਉਦੋਂ ਵੀ ਸੁਤਾ ਉਥੇ ਹੀ ਹੁੰਦੀ ਸੀ। ਸਵੇਰ ਦੀ ਰੋਟੀ ਖ਼ਤਮ ਹੁੰਦਿਆਂ ਹੀ ਉਹ ਸ਼ਾਮ ਦੀ ਸਬਜ਼ੀ ਬਾਰੇ ਸੋਚਣ ਲੱਗਦੀ। ਸਬਜ਼ੀ ਕੱਟਣ ਲੱਗਦੀ। ਰਾਤ ਨੂੰ ਹੀ ਉਸਨੂੰ ਅਗਲੀ ਸਵੇਰ ਦਾ ਫ਼ਿਕਰ ਹੁੰਦਾ। ਸਵੇਰ ਤੋਂ ਹੀ ਦੁਪਿਹਰ ਦਾ ਅਤੇ ਦੁਪਿਹਰ ਤੋਂ ਹੀ ਸ਼ਾਮ ਦਾ। ਮੈਂ ਉਸਨੂੰ ਦਾਲ, ਸਬਜ਼ੀ, ਦੁੱਧ, ਦਹੀਂ ਆਦਿ ਤੋਂ ਬਿਨਾਂ ਕਦੇ ਹੋਰ ਕੁਝ ਸੋਚਦਿਆਂ ਦੇਖਿਆ ਹੋਵੇ, ਮੈਨੂੰ ਯਾਦ ਨਹੀਂ। ਜਾਂ ਫਿਰ ਉਹ ਭਾਂਡਿਆਂ ਦਾ ਹਿਸਾਬ ਕਰਦੀ। ਕਿਹੜਾ ਭਾਂਡਾ ਕਿਸਦੇ ਘਰੇ ਗਿਆ ਤੇ ਕਿਹੜਾ ਕਿਹੜੇ ਘਰੋਂ ਆਇਆ। ਕਿਹੜਾ ਮੋੜਨਾ ਤੇ ਕਿਹੜਾ ਮੁੜਵਾਉਣਾ। ਮੈਂ ਸੋਚਦੀ ਮਾਂ ਇਸ ਹਿਸਾਬ ਕਿਤਾਬ ਵਿਚ ਕੁਝ ਨਹੀਂ ਭੁਲਦੀ, ਹੋਰ ਕਿੰਨਾ ਕੁਝ ਹੈ ਜੋ ਉਸਨੂੰ ਕਦੇ ਯਾਦ ਨਹੀਂ ਰਹਿੰਦਾ…।
ਕਦੇ ਲੱਗਦਾ, ਉਹ ਰਸੋਈ ਦੀ ਮਾਲਕਣ ਹੈ। ਮਿਰਚ ਮਸਾਲਿਆਂ ਦੀ ਇਕ ਪੂਰੀ ਦੁਨੀਆ ਉਤੇ ਉਸਦੀ ਸੱਤਾ ਹੈ। ਕਿਸ ਸ਼ੈਅ ਵਿਚ ਲੂਣ ਖੰਡ ਦੀ ਕੀ ਮਿਕਦਾਰ ਪਾਉਣੀ, ਸਭ ਉਸੇ ਦਾ ਫ਼ੈਸਲਾ। ਉਦੋਂ ਮੈਨੂੰ ਫੈਸਲਿਆਂ ਦੀ ਕਿਸੇ ਹੋਰ ਕਿਸਮ ਬਾਰੇ ਪਤਾ ਵੀ ਨਹੀਂ ਸੀ।
ਰਸੋਈ ਦੀ ਮਾਲਕਣ ਬਣ ਕੇ ਮੈਂ ਜਾਣਿਆ ਕਿ ਮਾਂ ਦੀ ਪਸੰਦ ਦਾ ਰਸੋਈ ਵਿਚ ਸਮਾਨ ਤਾਂ ਹੁੰਦਾ, ਪਰ ਉਸਦੀ ਪਸੰਦ ਦਾ ਪਕਦਾ ਕੁਝ ਨਹੀਂ। ਰਸੋਈ ਵਿਚਲੇ ਫ਼ੈਸਲੇ ਉਸਦੇ ਆਪਣੇ ਹੋ ਕੇ ਆਪਣੇ ਨਹੀਂ ਹੁੰਦੇ।
ਰਸੋਈ ਕੋਲ ਆਪਣਾ ਤਲਿਸਮ ਹੈ, ਔਰਤ ਇਸ ਵਿਚ ਫ਼ਸ ਜਾਂਦੀ ਹੈ। ਬੱਚਿਆਂ ਅਤੇ ਪਤੀ ਦੇ ਚਿਹਰਿਆਂ ਦੀ ਮੁਸਕਰਾਹਟ ਦਾ ਤਲਿਸਮ ਰਸੋਈ ਨਾਲ ਜੁੜਿਆ ਹੁੰਦਾ। ਇਸ ਤੋਂ ਕੋਈ ਜਾਦੂਗਰਨੀ ਹੀ ਬਚ ਸਕਦੀ ਹੈ, ਜਿਸਨੇ ਇਸਨੂੰ ਤੋੜਨ ਲਈ ਕਾਲਾ ਜਾਦੂ ਸਿੱਖਿਆ ਹੋਵੇ- ਜਿਸ ਕੋਲ ਮੰਤਰੀ ਹੋਈ ਰਾਖ ਹੋਵੇ ਤੇ ਗਲ ਵਿਚ ਤਵੀਤ।
ਮੈਂ ਅਠਾਰਾਂ-ਉਨੀ ਸਾਲਾਂ ਦੀ ਉਮਰ ਵਿਚ ਸ਼ਾਇਦ ਪਹਿਲੀ ਵਾਰ ਸਬਜ਼ੀ ਬਣਾਈ ਸੀ। ਭਿੰਡੀਆਂ ਦੀ। ਉਸ ਵਿਚ ਹਲਦੀ ਨਹੀਂ ਸੀ ਪਾਈ। ਮੈਨੂੰ ਨਹੀਂ ਸੀ ਪਤਾ ਕਿ ਹਰ ਸਬਜ਼ੀ ਵਿਚ ਹਲਦੀ ਪਾਈਦੀ ਹੈ। ਮਾਂ ਤੰਦੂਰ ਉਤੇ ਰੋਟੀਆਂ ਬਣਾ ਜਦੋਂ ਵਾਪਸ ਆਈ ਤਾਂ ਸਬਜ਼ੀ ਦਾ ਰੰਗ ਦੇਖ ਹਲਦੀ ਬਾਰੇ ਪੁੱਛਣ ਲੱਗੀ। ਸਾਰਾ ਪਰਿਵਾਰ ਮੇਰੇ ਉਤੇ ਹੱਸ ਰਿਹਾ ਸੀ ਕਿ ਮੈਂ ਬਿਨਾ ਹਲਦੀ ਤੋਂ ਹੀ ਸਬਜ਼ੀ ਬਣਾ ਧਰੀ। ਮੈਂ ਸ਼ਰਮ ਦੀ ਮਾਰੀ ਨੇ ਕਿਹਾ ਕਿ ਮੈਂ ਤਾਂ ਜਾਣ ਕੇ ਹਲਦੀ ਨਹੀਂ ਪਾਈ। ਹਰੀਆਂ ਹਰੀਆਂ ਭਿੰਡੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ, ਨਾਲੇ ਇਹ ਜ਼ਰੂਰੀ ਤਾਂ ਨਹੀਂ ਕਿ ਹਰ ਸਬਜ਼ੀ ਵਿਚ ਹਲਦੀ ਪਾਈ ਜਾਵੇ। ਮੈਂ ਕਿਸੇ ਦੀ ਇਕ ਨਾ ਚੱਲਣ ਦਿੱਤੀ। ਮਾਂ ਹੁਣ ਵੀ ਮੈਨੂੰ ਇਹ ਗੱਲ ਯਾਦ ਕਰਵਾ ਕੇ ਬਹੁਤ ਹੱਸਦੀ ਹੈ। ਆਖਦੀ ਹੈ, “ਤੂੰ ਤਾਂ ਪੈਰਾਂ `ਤੇ ਪਾਣੀ ਨਾ ਪੈਣ ਦੇਵੇਂ…।” ਮੈਂ ਸੋਚਦੀ ਹਾਂ, ਮੈਂ ਜਾਦੂਗਰਨੀ ਜੋ ਹੋਈ।
ਮੈਂ ਰਸੋਈ ਵਿਚ ਵੜਦੀ ਹਾਂ ਤਾਂ ਮੇਰੇ ਹੱਥ ਵਿਚ ਮੋਬਾਈਲ ਹੁੰਦਾ। ਮੈਂ ਉਸਨੂੰ ਰਸੋਈ ਦੀ ਉਪਰਲੀ ਸ਼ੈਲਫ਼ `ਤੇ ਰੱਖ ਦਿੰਦੀ ਹਾਂ। ਪਾਣੀ ਦੀ ਟੂਟੀ ਛੱਡਦੀ ਹਾਂ। ਕੋਈ ਗੀਤ ਯਾਦ ਆਉਂਦਾ। ਨਜ਼ਮਾਂ ਵਿਚ ਨਦੀਆਂ, ਸਮੁੰਦਰਾਂ, ਦਰਿਆਵਾਂ ਦਾ ਜ਼ਿਕਰ ਯਾਦ ਆਉਂਦਾ। ਇਕ ਵਾਰ ਮੈਂ ਸਮੁੰਦਰ ਦੇ ਕੰਢੇ ਜਾਣਾ ਸੀ। ਇਕ ਦੋਸਤ ਕਹਿਣ ਲੱਗਾ, “ਮੇਰੇ ਲਈ ਕੀ ਲੈ ਕੇ ਆਵੇਂਗੀ?” ਮੈਂ ਹੱਸਦਿਆਂ ਜੁਆਬ ਦਿੱਤਾ, “ਚੂਲੀ ਵਿਚ ਸਮੁੰਦਰ ਭਰ ਲਿਆਵਾਂਗੀ।” ਤੇ ਮੈਂ ਟੂਟੀ ਤੋਂ ਪਾਣੀ ਦੀ ਚੂਲੀ ਭਰ ਕੇ ਬੁੱਲਾਂ ਨੂੰ ਲਾ ਲੈਂਦੀ ਹਾਂ। ਸੋਚਦੀ ਹਾਂ, ਮੈਂ ਤਾਂ ਸਮੁੰਦਰ ਅੰਦਰੇ ਲਈ ਫਿਰਦੀ ਹਾਂ। ਤੂੰ ਪਤਾ ਨਹੀਂ ਸਮੁੰਦਰ ਦੇਖਣ ਕਿੱਥੇ ਤੁਰਿਆ ਫਿਰਦੈਂ? ਨਾਲੇ ਸਮੁੰਦਰ ਦੇ ਕੰਢੇ ਉਤੇ ਕੀ ਹੁੰਦਾ?
ਰਸੋਈ ਵਿਚਲਾ ਪਾਣੀ ਗਤੀ ਬਣ ਮੇਰੇ ਖ਼ਿਆਲਾਂ ਵਿਚ ਵਹਿਣ ਲੱਗਦਾ। ਮੈਂ ਪਾਣੀ ਨੂੰ ਬੁੱਲਾਂ ਨਾਲ ਆਪਣੇ ਪਿੰਡੇ ਉਤੇ ਪਹਿਨ ਲੈਂਦੀ ਹਾਂ।
ਬਰਤਨਾਂ ਦੀ ਗੋਲਾਈ ਅਤੇ ਡੂੰਘਾਈ ਦੇਖਦੀ ਹਾਂ ਤਾਂ ਖਿਝ ਜਾਂਦੀ ਹਾਂ ਰਸੋਈ ਵਿਚਲਾ ਬਹੁਤਾ ਸਾਮਾਨ ਗੋਲ ਕਿਉਂ ਹੁੰਦਾ? ਔਰਤ ਦੀ ਜ਼ਿੰਦਗੀ ਵਾਂਗੂੰ ਜੋ ਘੁੰਮ ਫਿਰ ਕੇ ਇਸ ਰਸੋਈ ਵਿਚ ਹੀ ਆ ਪਹੁੰਚਦੀ ਹੈ। ਇਸ ਦਾ ਕੋਈ ਸਿਰਾ ਕਿੱਥੇ ਹੈ? ਇਹ ਲਾਟੂ ਵਾਂਗੂੰ ਘੁੰਮਣਾ, ਸ਼ੁਰੂ ਅੰਤ ਕੁਝ ਪਤਾ ਨਹੀਂ ਲੱਗਦਾ। ਦਾਇਰੇ ਹੀ ਦਾਇਰੇ, ਡੂੰਘਾਈਆਂ ਅਤੇ ਗੋਲਾਈਆਂ… ਔਰਤ ਦੇ ਜਿਸਮ ਵਾਂਗੂੰ… ਹੋਰ ਕੁਝ ਮਾਇਨੇ ਨਹੀਂ ਰੱਖਦਾ।
ਬਰਤਨਾਂ ਤੋਂ ਨਿਗਾਹ ਹਟਾਉਂਦੀ ਹਾਂ, ਅੱਗ ਵੱਲ ਹੁੰਦੀ ਹਾਂ। ਬਰਤਨ ਰੱਖਣ ਤੋਂ ਪਹਿਲਾਂ ਲਾਟ ਨੂੰ ਦੇਖਦੀ ਹਾਂ। ਅੱਖਾਂ ਦੇ ਕਟੋਰਿਆਂ ਵਿਚ ਅੱਗ ਭਰਦੀ ਹਾਂ। ਅੱਗ `ਤੇ ਰੱਖੇ ਮਸਾਲੇ ਭੁੱਜਦੇ ਨੇ। ਇਹ ਮਹਿਕਣ ਲੱਗਦੇ ਨੇ।
ਮਸਾਲਿਆਂ ਦੀ ਮਹਿਕ ਦਾ ਤਲਿਸਮ ਜਿਉਂ ਹੀ ਮੇਰੇ ਸਿਰ ਚੜ੍ਹਨ ਲੱਗਦਾ, ਉਪਰਲੀ ਸ਼ੈਲਫ ਉਤੇ ਪਿਆ ਫੋਨ ਵੱਜਣਾ ਸ਼ੁਰੂ ਕਰਦਾ। ਕੋਈ ਦੋਸਤ ਕਵਿਤਾ ਦੀ ਗੱਲ ਕਰ ਰਿਹਾ ਹੁੰਦਾ, ਕੋਈ ਨਵੀਂ ਪੜ੍ਹੀ ਕਿਤਾਬ ਬਾਰੇ ਦੱਸ ਰਿਹਾ ਹੁੰਦਾ, ਕੋਈ ਕ੍ਰਾਂਤੀ ਦਾ ਫ਼ਿਕਰ ਕਰ ਰਿਹਾ ਹੁੰਦਾ। ਮਸਾਲਿਆਂ ਦੀ ਮਹਿਕ ਕਿਤੇ ਨਹੀਂ ਹੁੰਦੀ। ਮੈਂ ਰਸੋਈ ਵਿਚ ਹੁੰਦੀ ਹਾਂ, ਪਰ ਨਹੀਂ ਹੁੰਦੀ। ਨਾਨੀ ਨੂੰ ਕੁਝ ਪਤਾ ਨਹੀਂ ਲੱਗਦਾ। ਮਾਂ ਹੱਥ ਫੜ ਕੇ ਰੋਕਦੀ ਹੈ। ਮੇਰੇ ਹੱਥ ਵਿਚ ਮੇਰਾ ਹੱਥ ਹੁੰਦਾ ਹੀ ਨਹੀਂ…।

Leave a Reply

Your email address will not be published. Required fields are marked *