ਪੰਜਾਬੀਆਂ ਨੇ ਦੇਸ਼-ਵਿਦੇਸ਼ ਵਿੱਚ ਮੱਲਾਂ ਮਾਰ ਕੇ ਪੰਜਾਬੀਅਤ ਦਾ ਲੋਹਾ ਸੰਸਾਰ ਭਰ ‘ਚ ਮੰਨਵਾਇਆ ਹੈ। ਜਿੱਥੇ ਵੀ ਗਏ, ਉੱਥੇ ਹੀ ਸਾਂਝ ਸਥਾਪਤ ਕੀਤੀ। ਭਾਰਤੀ ਪੰਜਾਬ ਤੋਂ ਸਵੀਡਨ ਵੱਲ ਨੂੰ ਜਾਣ ਵਾਲੇ ਪੰਜਾਬੀਆਂ ਦੀ ਗਿਣਤੀ ਕਿਸੇ ਵੇਲੇ ਕਾਫੀ ਰਹੀ ਹੈ; ਹਾਲਾਂਕਿ ਇਹ ਰੁਝਾਨ ਹੁਣ ਕਾਫੀ ਘਟ ਗਿਆ ਹੈ, ਪਰ ਸਵੀਡਿਸ਼ ਟੈਲੀਫ਼ੋਨ ਡਾਇਰੈਕਟਰੀ ਵਿੱਚ ਵੀ ਕਦੇ ਸਿੱਖਾਂ ਦੇ ਨਾਮ ਦਰਜ ਸਨ। ਮੰਨਿਆ ਜਾਂਦਾ ਹੈ ਕਿ ਸਵੀਡਨ ਦੇ ਬੁੱਧੀਜੀਵੀ ਸਿੱਖ ਧਰਮ ਦੀ ਚੰਗੀ ਸਮਝ ਰੱਖਦੇ ਹਨ।
ਸਵੀਡਨ ਨਾਲ ਭਾਰਤ ਦੇ ਸਬੰਧ ਕਾਫੀ ਪੁਰਾਣੇ ਹਨ ਅਤੇ ਇਹ ਉਹ ਦੇਸ਼ ਹੈ, ਜਿੱਥੋਂ ਦੁਨੀਆਂ ਦਾ ਸਭ ਤੋਂ ਵੱਡਾ ਇਨਾਮ ‘ਨੋਬਲ ਇਨਾਮ’ ਐਲਾਨਿਆ ਅਤੇ ਪ੍ਰਦਾਨ ਕੀਤਾ ਜਾਂਦਾ ਹੈ। ਪੇਸ਼ ਹੈ, ਸਵੀਡਨ ਨਾਲ ਪੰਜਾਬੀਆਂ ਦੀ ਸਾਂਝ ਦਾ ਸੰਖੇਪ ਵੇਰਵਾ…
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ: +91-9781646008
ਉੱਤਰੀ ਯੂਰਪ ਦਾ ਕੁਦਰਤੀ ਖ਼ੂਬਸੂਰਤੀ ਭਰਿਆ ਦੇਸ਼ ਸਵੀਡਨ ਯੂਰਪ ਦਾ ਪੰਜਵਾਂ ਸਭ ਤੋਂ ਵੱਡਾ ਦੇਸ਼ ਹੈ। ਇੱਥੋਂ ਦੀ ਕੁੱਲ ਆਬਾਦੀ 1.06 ਕਰੋੜ ਦੇ ਕਰੀਬ ਹੈ ਤੇ ਕੁੱਲ ਰਕਬਾ 4,50,925 ਵਰਗ ਕਿਲੋਮੀਟਰ ਹੈ। ਖੇਤਰਫ਼ਲ ਵੱਧ ਅਤੇ ਆਬਾਦੀ ਘੱਟ ਹੋਣ ਕਰਕੇ ਇੱਥੇ ਵੱਸੋਂ ਘਣਤਾ 25.5 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਬਣਦੀ ਹੈ। ਇਸਦੀ ਰਾਜਧਾਨੀ ਸਟਾਕਹੋਮ ਹੈ। ਸਵੀਡਨ ਉਹ ਦੇਸ਼ ਹੈ, ਜਿੱਥੋਂ ਦੁਨੀਆਂ ਦਾ ਸਭ ਤੋਂ ਵੱਡਾ ਇਨਾਮ ‘ਨੋਬਲ ਇਨਾਮ’ ਐਲਾਨਿਆ ਅਤੇ ਪ੍ਰਦਾਨ ਕੀਤਾ ਜਾਂਦਾ ਹੈ।
ਸਵੀਡਨ ਨਾਲ ਭਾਰਤ ਦੇ ਸਬੰਧ ਕਾਫੀ ਪੁਰਾਣੇ ਹਨ। ਇੱਥੇ ਹੈਲਗੋ ਨਾਮਕ ਸਥਾਨ ਤੋਂ ਸੰਨ 1954 ਵਿੱਚ ਕੀਤੀ ਖੁਦਾਈ ਦੌਰਾਨ ਅੱਠਵੀਂ ਸਦੀ ਦੇ ਵਾਈਕਿੰਗ ਸਮੁੰਦਰੀ ਜਹਾਜ਼ ਦੇ ਮਲਬੇ ਵਿੱਚੋਂ ਮਹਾਤਮਾ ਬੁੱਧ ਦੀ ਇੱਕ ਤਾਂਬੇ ਦੀ ਮੂਰਤੀ ਮਿਲੀ ਸੀ, ਜੋ ਕਿ ਪੰਜਵੀਂ ਸਦੀ ਦੌਰਾਨ ਭਾਰਤ ਦੇ ਸਵਰਗ ਆਖੇ ਜਾਂਦੇ ਸੂਬੇ ਕਸ਼ਮੀਰ ਵਿਖੇ ਬਣੀ ਹੋਣ ਦੇ ਪ੍ਰਮਾਣ ਮਿਲੇ ਹਨ। ਮਾਰਚ 2015 ਵਿੱਚ ਸਵੀਡਨ ਦੇ ਡਾਕ ਵਿਭਾਗ ਨੇ ਉਕਤ ਮੂਰਤੀ ਨੂੰ ਦਰਸਾਉਂਦਾ ਇੱਕ ਡਾਕ ਟਿਕਟ ਵੀ ਜਾਰੀ ਕੀਤਾ ਸੀ। ਸਵੀਡਨ ਦੇ ਭਾਰਤ ਨਾਲ ਕੇਵਲ ਸੱਭਿਆਚਾਰਕ ਹੀ ਨਹੀਂ, ਸਗੋਂ ਆਰਥਿਕ, ਰਾਜਨੀਤਿਕ, ਵਪਾਰਕ ਅਤੇ ਵਿਗਿਆਨਕ ਸਬੰਧ ਵੀ ਬੜੇ ਮਜਬੂਤ ਹਨ। ਸੰਨ 1913 ਵਿੱਚ ਸਵੀਡਨ ਨੇ ਭਾਰਤ ਦੇ ਮਹਾਨ ਕਵੀ ਰਬਿੰਦਰਨਾਥ ਟੈਗੋਰ ਦੀ ਪੁਸਤਕ ‘ਗੀਤਾਂਜਲੀ’ ਲਈ ਨੋਬਲ ਇਨਾਮ ਦਾ ਐਲਾਨ ਕੀਤਾ ਸੀ ਤੇ ਸੰਨ 1926 ਵਿੱਚ ਵੀ ਟੈਗੋਰ ਨੇ ਸਵੀਡਨ ਦੀ ਯਾਤਰਾ ਕੀਤੀ ਸੀ। ਸਵੀਡਨ ਨੇ ਸੰਨ 2009 ਅਤੇ 2019 ਵਿੱਚ ਭਾਰਤ ਨਾਲ ਰੱਖਿਆ ਖੇਤਰ ਵਿੱਚ ਕਈ ਸਮਝੌਤੇ ਕੀਤੇ ਹਨ ਤੇ ਭਾਰਤ ਦੇ ‘ਚੰਦਰਯਾਨ-1’ ਅਤੇ ‘ਵੀਨਸ ਮਿਸ਼ਨ’ ਲਈ ਆਪਣੀ ਸਹਾਇਤਾ ਵੀ ਪ੍ਰਦਾਨ ਕੀਤੀ ਹੈ। ਸਵੀਡਨ ਦੀ ਇੱਕ ਸੰਸਥਾ ‘ਸਾਬ’ ਨੇ ਭਾਰਤ ਦੇ ਹਰਿਆਣਾ ਵਿਖੇ ਇੱਕ ਹਥਿਆਰ ਬਣਾਉਣ ਦੇ ਕਾਰਖ਼ਾਨੇ ਦੀ ਵੀ ਸਥਾਪਨਾ ਕਰ ਦਿੱਤੀ ਹੈ।
ਸਾਲ 2001 ਤੋਂ 2010 ਤੱਕ 7870 ਭਾਰਤੀ ਵਿਦਿਆਰਥੀ ਉਚ-ਵਿੱਦਿਆ ਪ੍ਰਾਪਤੀ ਲਈ ਸਵੀਡਨ ਪੁੱਜੇ ਸਨ। ਸੰਨ 2016 ਵਿੱਚ ਇੱਥੇ ਭਾਰਤੀਆਂ ਦੀ ਗਿਣਤੀ 25,719 ਸੀ, ਜਿਨ੍ਹਾਂ ਵਿੱਚ ਜ਼ਿਆਦਾਤਰ ਲੋਕ ਪੰਜਾਬੀ, ਬੰਗਾਲੀ ਅਤੇ ਦੱਖਣ ਭਾਰਤੀ ਮੂਲ ਦੇ ਸਨ। ਸਵੀਡਨ ਦੇ ‘ਇੰਸਟੀਚਿਊਟ ਆਫ਼ ਲੇਬਰ ਇਕਨਾਮਿਕਸ’ ਵੱਲੋਂ ਸਾਲ 2014 ਵਿੱਚ ਜਾਰੀ ਅੰਕੜਿਆਂ ਅਨੁਸਾਰ ਉੱਥੇ ਵੱਸਦੇ ਭਾਰਤੀਆਂ ਵਿੱਚ ਬੇਰੁਜ਼ਗਾਰੀ ਦਰ ਕੇਵਲ 6 ਫ਼ੀਸਦੀ ਸੀ ਤੇ ਸਵੀਡਨ ਵਿਖੇ ਕੰਮ ਕਰਦੇ ਮਜ਼ਦੂਰਾਂ ਦੀ ਕੁੱਲ ਗਿਣਤੀ ਦਾ 54 ਫ਼ੀਸਦੀ ਹਿੱਸਾ ਭਾਰਤੀਆਂ ਦਾ ਹੀ ਸੀ। ਸਾਲ 2023 ਵਿੱਚ ਇੱਥੇ ਵੱਸਦੇ ਭਾਰਤੀਆਂ ਦੀ ਕੁੱਲ ਗਿਣਤੀ 58,094 ਸੀ। ਜਨਵਰੀ 2024 ਤੋਂ ਜੂਨ 2024 ਤੱਕ 2461 ਭਾਰਤੀ ਨਾਗਰਿਕ ਸਵੀਡਨ ਆਏ ਸਨ ਅਤੇ 2837 ਭਾਰਤੀਆਂ ਨੇ ਸਵੀਡਨ ਛੱਡ ਕੇ ਭਾਰਤ ਵੱਲ ਨੂੰ ਮੁਹਾਰਾਂ ਮੋੜ ਲਈਆਂ ਸਨ। ਇਸ ਤੋਂ ਇਹ ਜ਼ਾਹਿਰ ਹੋ ਗਿਆ ਸੀ ਕਿ ਵਰਤਮਾਨ ਸਮੇਂ ਅੰਦਰ ਭਾਰਤੀਆਂ ਦੇ ਸਵੀਡਨ ਵਿਖੇ ਜਾ ਕੇ ਵੱਸਣ ਦੇ ਰੁਝਾਨ ਵਿੱਚ ਭਾਰੀ ਕਮੀ ਆਈ ਹੈ।
ਭਾਰਤੀ ਪੰਜਾਬ ਤੋਂ ਸਵੀਡਨ ਵੱਲ ਨੂੰ ਜਾਣ ਵਾਲੇ ਪੰਜਾਬੀਆਂ ਦੀ ਗਿਣਤੀ ਵੀ ਕਿਸੇ ਵੇਲੇ ਕਾਫੀ ਰਹੀ ਹੈ। ਸਾਲ 2013 ਵਿੱਚ ਇੱਥੇ 24,000 ਦੇ ਕਰੀਬ ਪੰਜਾਬੀਆਂ ਦੇ ਵੱਸਦੇ ਹੋਣ ਦੀ ਜਾਣਕਾਰੀ ਦਰਜ ਹੈ। ਸਾਲ 2016 ਦੇ ਅੰਕੜਿਆਂ ਅਨੁਸਾਰ ਇੱਥੇ ਵੱਸਦੇ ਕੁੱਲ ਪੰਜਾਬੀਆਂ ਵਿੱਚੋਂ ਚਾਰ ਹਜ਼ਾਰ ਤੋਂ ਵੱਧ ਪੰਜਾਬੀ ਲੋਕ ਸਿੱਖ ਧਰਮ ਨਾਲ ਸਬੰਧਿਤ ਸਨ, ਜੋ ਕਿ ਸਟਾਕਹੋਮ ਅਤੇ ਗੁਟਨਬਰਗ ਨਾਮਕ ਸ਼ਹਿਰਾਂ ਵਿੱਚ ਵੱਸਦੇ ਸਨ। ਇਨ੍ਹਾਂ ਸ਼ਹਿਰਾਂ ਵਿੱਚ ਦੋ-ਦੋ ਗੁਰਦੁਆਰਾ ਸਾਹਿਬ ਵੀ ਮੌਜੂਦ ਹਨ। ਸਟਾਕਹੋਮ ਵਿਖੇ ਸਥਿਤ ਗੁਰਦੁਆਰਾ ਸਾਹਿਬਾਨ ਵਿੱਚ ‘ਗੁਰਦੁਆਰਾ ਬੀਬੀ ਨਾਨਕੀ ਜੀ’ ਅਤੇ ‘ਗੁਰਦੁਆਰਾ ਸੰਗਤ ਸਾਹਿਬ’ ਸ਼ਾਮਿਲ ਹਨ, ਜਦੋਂ ਕਿ ਗੁਟਨਬਰਗ ਵਿਖੇ ਸਥਿਤ ਗੁਰਦੁਆਰਿਆਂ ਦੇ ਨਾਂ ‘ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ’ ਅਤੇ ‘ਸਿੱਖ ਕਲਚਰਲ ਐਸੋਸੀਏਸ਼ਨ’ ਹਨ।
‘ਸਾਲ 2009 ਵਿੱਚ ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਆਖੇ ਜਾਂਦੇ ਡਾ. ਮਨਮੋਹਨ ਸਿੰਘ ਨੇ ਸਵੀਡਨ ਦੇ ਪ੍ਰਧਾਨ ਮੰਤਰੀ ਫ਼ਰੈਡਰਿਕ ਰੇਨਫ਼ੀਲਡ ਨਾਲ ਮੁਲਾਕਾਤ ਕੀਤੀ ਸੀ। ਸਵੀਡਨ ਦੀ ਲਿਨੀਅਸ ਯੂਨੀਵਰਸਿਟੀ ਦੀ ‘ਐਸੋਸੀਏਟ ਪ੍ਰੋਫ਼ੈਸਰ ਆੱਫ਼ ਰਿਲੀਜੀਅਸ ਸਟੱਡੀਜ਼’ ਡਾ. ਕ੍ਰਿਸਟੀਨਾ ਮਿਰਵੋਲਡ ਆਪਣੀ ਪੁਸਤਕ ‘ਸਿੱਖਜ਼ ਇਨ ਸਵੀਡਨ’ ਵਿੱਚ ਲਿਖ਼ਦੀ ਹੈ ਕਿ ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਵਿੱਚ ਪੰਜਾਬੀਆਂ ਨੇ ਆਰਥਿਕ ਕਾਰਨਾਂ ਕਰਕੇ ਅਤੇ ਬਤੌਰ ਸ਼ਰਨਾਰਥੀ ਸਵੀਡਨ ਵਿਖੇ ਆਉਣਾ ਸ਼ੁਰੂ ਕਰ ਦਿੱਤਾ ਸੀ। ਉਧਰ ਨੀਲ ਸ਼ਿਪਲੇ ਨਾਮਕ ਬਰਤਾਨਵੀ ਨਾਗਰਿਕ ਨੇ ਸੰਨ 2019 ਦੇ ਆਪਣੇ ਇੱਕ ਸਵੀਡਨ ਯਾਤਰਾ ਬਿਰਤਾਂਤ ਵਿੱਚ ਪੰਜਾਬੀਆਂ ਦੇ ਪਿਛੋਕੜ ਅਤੇ ਪੰਜਾਬੀਆਂ ਦੀ ਦਿੱਖ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਹੈ ਤੇ ਨਾਲ ਹੀ ਸਵੀਡਨ ਦੇ ‘ਮਾਲਮੋ’ ਵਿਖੇ ਵੀ ਇੱਕ ਗੁਰਦੁਆਰਾ ਸਾਹਿਬ ਸਥਿਤ ਹੋਣ ਦਾ ਜ਼ਿਕਰ ਕੀਤਾ ਹੈ।
ਉਸਨੇ ਲਿਖ਼ਿਆ ਹੈ, “ਸਵੀਡਨ ਵਿਖੇ ਸਿੱਖ ਚਾਰ ਕੁ ਹਜ਼ਾਰ ਦੀ ਗਿਣਤੀ ਨਾਲ ਘੱਟ ਗਿਣਤੀ ਹਨ, ਜਦੋਂ ਕਿ ਭਾਰਤੀ ਪੰਜਾਬ ਸਣੇ ਸੰਸਾਰ ਵਿੱਚ ਵੱਸਦੇ ਕੁੱਲ ਸਿੱਖਾਂ ਦੀ ਸੰਖਿਆ ਤਿੰਨ ਕਰੋੜ ਦੇ ਕਰੀਬ ਹੈ। ਸਿੱਖ ਧਰਮ ਦੀ ਨੀਂਹ ਸੋਲ੍ਹਵੀਂ ਸਦੀ ਵਿੱਚ ਗੁਰੂ ਨਾਨਕ ਨੇ ਰੱਖੀ ਸੀ ਤੇ ਇਹ ਧਰਮ ਗੁਰੂ ਨਾਨਕ ਅਤੇ ਉਨ੍ਹਾਂ ਤੋਂ ਬਾਅਦ ਆਏ ਨੌ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਮੰਨਦਾ ਹੈ। ਸਿੱਖ ਦੇ ਧਾਰਮਿਕ ਗ੍ਰੰਥ ਨੂੰ ‘ਗੁਰੂ ਗ੍ਰੰਥ ਸਾਹਿਬ’ ਆਖਿਆ ਜਾਂਦਾ ਹੈ ਤੇ ਦਿਲਚਸਪ ਗੱਲ ਇਹ ਹੈ ਕਿ ਉਹ ਆਪਣੇ ਗ੍ਰੰਥ ਨੂੰ ਜੀਵਿਤ ਗੁਰੂ ਹੀ ਮੰਨਦੇ ਹਨ ਤੇ ਕਿਸੇ ਜੀਵਿਤ ਸ਼ਖ਼ਸ ਦੀ ਤਰ੍ਹਾਂ ਹੀ ਉਸ ਗ੍ਰੰਥ ਦਾ ਸਤਿਕਾਰ ਕਰਦੇ ਹਨ। ਇਹ ਲੋਕ ਕੇਵਲ ਕਰਮਕਾਂਡ ਜਾਂ ਪੂਜਾ ਪਾਠ ਕਰਨ ਦੀ ਥਾਂ ਚੰਗੇ ਕਰਮ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ। ਈਮਾਨਦਾਰੀ, ਬਰਾਬਰੀ ਅਤੇ ਦਇਆ ਕਰਨਾ ਇਨ੍ਹਾਂ ਦੇ ਮੁੱਖ ਗੁਣ ਹਨ।”
ਨੀਲ ਸ਼ਿਪਲੇ ਨੇ ਪੰਜਾਬੀਆਂ ਬਾਰੇ ਹੋਰ ਜਾਣਕਾਰੀ ਪ੍ਰਦਾਨ ਕਰਦਿਆਂ ਲਿਖ਼ਿਆ ਹੈ, “ਇੱਥੇ ਆਉਣ ਵਾਲੇ ਕੁਝ ਸਿੱਖ ਰੁਜ਼ਗਾਰ ਹਾਸਿਲ ਕਰਨ ਆਏ ਸਨ ਤੇ ਕੁਝ ਬਤੌਰ ਸ਼ਰਨਾਰਥੀ। ਸਿੱਖ ਵੱਸੋਂ ਨੇ ਬੜੀ ਹੀ ਕਾਮਯਾਬੀ ਨਾਲ ਸਵੀਡਨ ਦੇ ਸਮਾਜ ਨਾਲ ਇਕਸੁਰਤਾ ਕਾਇਮ ਕਰ ਲਈ ਸੀ, ਜਿਵੇਂ ਕਿ ਜ਼ਿਆਦਾਤਰ ਸਿੱਖ ਤਾਂ ਚੰਗੀਆਂ ਨੌਕਰੀਆਂ ਹਾਸਿਲ ਕਰਨ ਵਿੱਚ ਸਫ਼ਲ ਰਹੇ ਸਨ ਤੇ ਉਨ੍ਹਾਂ ਨੇ ਆਪਣੇ ਬੱਚਿਆਂ ’ਤੇ ਚੋਖਾ ਪੈਸਾ ਖ਼ਰਚ ਕਰ ਕੇ ਉਨ੍ਹਾਂ ਨੂੰ ਉੱਚ-ਵਿੱਦਿਆ ਵੀ ਪ੍ਰਦਾਨ ਕਰਵਾਈ ਸੀ।”
ਕ੍ਰਿਸਟੀਨਾ ਮਿਰਵੋਲਡ ਲਿਖ਼ਦੀ ਹੈ, “ਇੱਥੇ ਸਿੱਖਾਂ ਦੀ ਸਹੀ ਗਿਣਤੀ ਉਪਲਬਧ ਨਹੀਂ ਹੈ। ਮੈਨੂੰ ਸਿੱਖ ਸੰਗਠਨਾਂ ਨੇ ਦੱਸਿਆ ਹੈ ਕਿ ਸਟਾਕਹੋਮ ਵਿਖੇ ਇੱਕ ਹਜ਼ਾਰ ਸਿੱਖ ਵੱਸਦੇ ਹਨ। ਗੁਟਨਬਰਗ ਅਤੇ ਨਜ਼ਦੀਕੀ ਨਗਰਾਂ ਵਿੱਚ 75 ਦੇ ਕਰੀਬ ਸਿੱਖ ਪਰਿਵਾਰਾਂ ਦੇ ਵੱਸਦੇ ਹਨ ਤੇ ਮੈਲਮੋ ਸ਼ਹਿਰ ਵਿਖੇ ਵੀ 35 ਤੋਂ 40 ਸਿੱਖ ਪਰਿਵਾਰਾਂ ਦੀ ਰਿਹਾਇਸ਼ ਹੈ। ਸਵੀਡਨ ਦੇ ਘੱਟ ਵੱਸੋਂ ਵਾਲੇ ਖੇਤਰਾਂ ਵਿੱਚ ਵੀ ਕੁਝ ਕੁ ਸਿੱਖ ਪਰਿਵਾਰ ਵੱਸਦੇ ਹਨ। ਕੁੱਲ ਮਿਲਾ ਕੇ ਜੇ ਆਖਿਆ ਜਾਵੇ ਤਾਂ ਸੰਕੇਤ ਮਿਲਦਾ ਹੈ ਕਿ ਸਵੀਡਨ ਵਿਖੇ ਦੋ ਹਜ਼ਾਰ ਦੇ ਕਰੀਬ ਸਿੱਖ ਵੱਸਦੇ ਸਨ। ਸਾਲ 2009 ਦੇ ਅੰਕੜਿਆਂ ਅਨੁਸਾਰ ਇੱਥੇ 1154 ਸ਼ਖਸ਼ ਅਜਿਹੇ ਸਨ, ਜਿਨ੍ਹਾਂ ਦਾ ਉਪਨਾਮ ‘ਸਿੰਘ’ ਸੀ ਅਤੇ 504 ਔਰਤਾਂ ਅਜਿਹੀਆਂ ਸਨ, ਜਿਨ੍ਹਾਂ ਦੇ ਨਾਂ ਪਿੱਛੇ ‘ਕੌਰ’ ਲੱਗਦਾ ਸੀ। ਸਵੀਡਿਸ਼ ਟੈਲੀਫ਼ੋਨ ਡਾਇਰੈਕਟਰੀ ਵਿੱਚ ਵੀ 705 ਸਿੱਖਾਂ ਦੇ ਨਾਮ ਦਰਜ ਸਨ।”
ਭਾਰਤੀ ਵਿਦੇਸ਼ ਮੰਤਰਾਲੇ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਸਵੀਡਨ ਵਿੱਚ 25,719 ਭਾਰਤੀ ਵੱਸਦੇ ਹਨ, ਜਿਨ੍ਹਾਂ ਵਿੱਚ ਅੰਦਾਜ਼ਨ ਚਾਰ ਹਜ਼ਾਰ ਸਿੱਖ ਸ਼ਾਮਿਲ ਹਨ। ਪ੍ਰਾਪਤ ਜਾਣਕਾਰੀ ਅਨੁਸਾਰ 26 ਅਗਸਤ 2022 ਨੂੰ ਇਸ ਸੰਸਾਰ ਤੋਂ ਹਮੇਸ਼ਾ ਲਈ ਚੱਲ ਵੱਸੇ ਵਰੁਣ ਕੁਮਾਰ ਉਰਫ਼ ਵਿੱਕੀ ਚੱਕਰਵਤੀ ਨੂੰ ਸਵੀਡਨ ਦੇ ਸਭ ਤੋਂ ਅਮੀਰ ਭਾਰਤੀ ਹੋਣ ਦਾ ਸਰਫ਼ ਹਾਸਿਲ ਸੀ। ਉਹ 35 ਦੇ ਕਰੀਬ ਚਾਰ ਸਿਤਾਰਾ ਹੋਟਲਾਂ ਅਤੇ 40 ਪੱਬਾਂ ਦੇ ਮਾਲਕ ਸਨ।