*ਪੌਲ ਬੀਆ ਵੱਲੋਂ 8ਵੀਂ ਵਾਰ ਕੁਰਸੀ `ਤੇ ਬੈਠਣ ਦੀ ਤਿਆਰੀ
ਕੈਮਰੂਨ ਦੇ 92 ਸਾਲਾ ਰਾਸ਼ਟਰਪਤੀ ਪੌਲ ਬੀਆ ਦੀ ਉਮਰ ਨੂੰ ਵੇਖਦੇ ਹੋਏ, ਰਾਸ਼ਟਰਪਤੀ ਦੀ ਸਿਹਤ ਅਤੇ ਸ਼ਾਸਨ ਕਰਨ ਦੀ ਸਮਰੱਥਾ ਦੇਸ਼ ਵਿੱਚ ਬਹਿਸ ਦਾ ਵਿਸ਼ਾ ਬਣ ਗਈ ਹੈ। ਰਾਸ਼ਟਰਪਤੀ ਪੌਲ ਬੀਆ ਇੱਕ ਵਾਰ ਫਿਰ ਚੋਣਾਂ ਵਿੱਚ ਖੜ੍ਹਨ ਜਾ ਰਹੇ ਹਨ। ਸੋਮਵਾਰ, 14 ਜੁਲਾਈ ਨੂੰ ਪੌਲ ਬੀਆ ਨੇ ਅਧਿਕਾਰਤ ਤੌਰ `ਤੇ ਇਸ ਮੱਧ ਅਫਰੀਕੀ ਦੇਸ਼ ਵਿੱਚ 12 ਅਕਤੂਬਰ ਨੂੰ ਹੋਣ ਵਾਲੀਆਂ ਅਗਾਮੀ ਰਾਸ਼ਟਰਪਤੀ ਚੋਣਾਂ ਵਿੱਚ ਲੜਨ ਦਾ ਐਲਾਨ ਕੀਤਾ ਹੈ। ਸੋਸ਼ਲ ਮੀਡੀਆ ਪਲੈਟਫਾਰਮ ਐਕਸ `ਤੇ ਇੱਕ ਪੋਸਟ ਵਿੱਚ ਫਰਾਂਸੀਸੀ ਅਤੇ ਅੰਗਰੇਜ਼ੀ- ਦੋਹਾਂ ਭਾਸ਼ਾਵਾਂ ਵਿੱਚ ਦੁਨੀਆ ਦੇ ਸਭ ਤੋਂ ਬਜ਼ੁਰਗ ਰਾਸ਼ਟਰ ਮੁਖੀ ਪੌਲ ਬੀਆ ਨੇ ਇਹ ਐਲਾਨ ਕੀਤਾ।
ਉਨ੍ਹਾਂ ਨੇ ਲਿਖਿਆ, “ਮੈਂ 12 ਅਕਤੂਬਰ 2025 ਦੀਆਂ ਰਾਸ਼ਟਰਪਤੀ ਚੋਣਾਂ ਲਈ ਉਮੀਦਵਾਰ ਹਾਂ। ਨਿਸ਼ਚਿੰਤ ਰਹੋ ਕਿ ਤੁਹਾਡੀ ਸੇਵਾ ਕਰਨ ਦਾ ਮੇਰਾ ਪੱਕਾ ਇਰਾਦਾ ਸਾਡੇ ਸਾਹਮਣੇ ਆਉਣ ਵਾਲੀਆਂ ਗੰਭੀਰ ਚੁਣੌਤੀਆਂ ਦੇ ਅਨੁਕੂਲ ਹੈ…। ਇਕੱਠੇ ਮਿਲ ਕੇ, ਅਜਿਹੀ ਕੋਈ ਚੁਣੌਤੀ ਨਹੀਂ ਜਿਸ ਦਾ ਅਸੀਂ ਸਾਹਮਣਾ ਨਾ ਕਰ ਸਕੀਏ। ਮੇਰਾ ਸਭ ਤੋਂ ਵਧੀਆ ਅਜੇ ਆਉਣਾ ਬਾਕੀ ਹੈ।”
ਪੌਲ ਬੀਆ ਕੈਮਰੂਨ ਪੀਪਲਜ਼ ਡੈਮੋਕਰੈਟਿਕ ਮੂਵਮੈਂਟ (ਸੀ.ਪੀ.ਡੀ.ਐਮ.) ਦੇ ਮੁਖੀ ਹਨ, ਪਰ ਉਨ੍ਹਾਂ ਦੀ ਉਮਰ ਨੂੰ ਵੇਖਦੇ ਹੋਏ ਰਾਸ਼ਟਰਪਤੀ ਦੀ ਸਿਹਤ ਅਤੇ ਸ਼ਾਸਨ ਕਰਨ ਦੀ ਸਮਰੱਥਾ ਬਹਿਸ ਦਾ ਵਿਸ਼ਾ ਬਣ ਗਈ ਹੈ। ਸਵਾਲ ਹੈ, ਕੀ ਪੌਲ ਬੀਆ ਦਾ ਰਾਹ ਸੌਖਾ ਹੋਵੇਗਾ? ਕਈ ਪੁਰਾਣੇ ਸਮਰਥਕ ਕੁੱਝ ਮਹੀਨਿਆਂ ਤੋਂ ਰਾਸ਼ਟਰਪਤੀ ਬੀਆ ਤੋਂ ਦੂਰੀ ਬਣਾਉਂਦੇ ਵੀ ਦਿਖਾਈ ਦਿੱਤੇ ਹਨ। ਹਾਲ ਹੀ ਦੇ ਹਫਤਿਆਂ ਵਿੱਚ ਬੀਆ ਦੇ ਖੇਮੇ ਵਿੱਚੋਂ ਦੋ ਹਾਈ-ਪ੍ਰੋਫਾਈਲ ਦਲਬਦਲ ਹੋਏ ਹਨ। ਰੁਜ਼ਗਾਰ ਮੰਤਰੀ ਇਸਾ ਤਚੀਰੋਮਾ ਬੇਕਰੀ ਨੇ ਜੂਨ ਵਿੱਚ ਸਰਕਾਰ ਤੋਂ ਅਸਤੀਫਾ ਦੇ ਦਿੱਤਾ ਅਤੇ ਆਪਣੀ ਫਰੰਟ ਫਾਰ ਦ ਨੈਸ਼ਨਲ ਸੈਲਵੇਸ਼ਨ ਆਫ ਕੈਮਰੂਨ (ਐਫ.ਐਸ.ਐਨ.ਸੀ.) ਨਾਲ ਖੁਦ ਚੋਣਾਂ ਵਿੱਚ ਖੜ੍ਹਨ ਦਾ ਐਲਾਨ ਕਰ ਦਿੱਤਾ। ਨਾਲ ਹੀ, ਲਗਭਗ 30 ਸਾਲਾਂ ਤੱਕ ਬੀਆ ਦੇ ਸਹਿਯੋਗੀ ਰਹੇ ਸਾਬਕਾ ਪ੍ਰਧਾਨ ਮੰਤਰੀ ਬੇਲੋ ਬਾਊਬਾ ਮੈਗਾਰੀ ਨੇ ਕਿਹਾ ਕਿ ਉਹ ਨੈਸ਼ਨਲ ਯੂਨੀਅਨ ਫਾਰ ਡੈਮੋਕਰੇਸੀ ਐਂਡ ਪ੍ਰੋਗਰੈਸ (ਐਨ.ਯੂ.ਡੀ.ਪੀ.) ਦੀ ਤਰਫੋਂ ਚੋਣਾਂ ਵਿੱਚ ਖੜ੍ਹਨਗੇ।
ਤਚੀਰੋਮਾ ਅਤੇ ਮੈਗਾਰੀ ਦੀਆਂ ਦੋਵੇਂ ਪਾਰਟੀਆਂ ਬੀਆ ਦੀ ਸੀ.ਪੀ.ਡੀ.ਐਮ. ਦੀਆਂ ਲੰਬੇ ਸਮੇਂ ਤੋਂ ਸਹਿਯੋਗੀ ਸਨ, ਜੋ 1960 ਵਿੱਚ ਆਜ਼ਾਦੀ ਤੋਂ ਬਾਅਦ ਤੋਂ ਸੱਤਾ `ਤੇ ਕਾਬਜ਼ ਹੈ। ਇਸ ਤੋਂ ਇਲਾਵਾ ਮੌਰਿਸ ਕਾਮਤੋ ਵੀ ਚੋਣ ਦੌੜ ਵਿੱਚ ਹਨ, ਜੋ 2018 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਦੂਜੇ ਸਥਾਨ `ਤੇ ਰਹੇ ਸਨ ਅਤੇ ਬੀਆ ਦੇ ਸਭ ਤੋਂ ਵੱਡੇ ਆਲੋਚਕ ਹਨ। ਨਾਲ ਹੀ, ਕੈਮਰੂਨੀਅਨ ਪਾਰਟੀ ਫਾਰ ਨੈਸ਼ਨਲ ਰੀਕਨਸੀਲੀਏਸ਼ਨ (ਸੀ.ਪੀ.ਐਨ.ਆਰ.) ਦੇ ਪ੍ਰਮੁੱਖ ਵਿਰੋਧੀ ਨੇਤਾ ਕੈਬਰਾਲ ਲਿਬੀ ਵੀ ਦੌੜ ਵਿੱਚ ਹਨ। ਪੌਲ ਬੀਆ ਦੇ ਹੱਕ ਵਿੱਚ ਇਹ ਗੱਲ ਹੈ ਕਿ ਵਿਰੋਧੀ ਧਿਰ ਬੁਰੀ ਤਰ੍ਹਾਂ ਵੰਡੀ ਹੋਈ ਹੈ। ਕੈਮਰੂਨ ਦੀ ਜਨਤਾ, ਖਾਸ ਤੌਰ `ਤੇ ਨੌਜਵਾਨ, ਬੇਰੁਜ਼ਗਾਰੀ, ਵਧਦੀ ਮਹਿੰਗਾਈ ਅਤੇ ਮਾੜੀਆਂ ਜਨਤਕ ਸੇਵਾਵਾਂ ਨਾਲ ਜੂਝ ਰਹੀ ਹੈ।
ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇੱਕ ਨਵੀਂ ਨੀਤੀ ਅਪਨਾਈ ਜਾ ਰਹੀ ਹੈ, ਜਿਸ ਨਾਲ ਪਰਵਾਸੀਆਂ ਲਈ ਇੱਕ ਹੋਰ ਨਵੀਂ ਮੁਸੀਬਤ ਖੜ੍ਹੀ ਹੋ ਜਾਵੇਗੀ। ਉਨ੍ਹਾਂ ਨੂੰ 6 ਘੰਟਿਆਂ ਦੇ ਨੋਟਿਸ `ਤੇ ਡਿਪੋਰਟ ਕਰਨ ਦੀ ਤਿਆਰੀ ਹੈ। ਟਰੰਪ ਪ੍ਰਸ਼ਾਸਨ ਨੇ ਪਰਵਾਸੀਆਂ `ਤੇ ਹੋਰ ਵੀ ਸਖ਼ਤੀ ਕਰਨ ਦੇ ਸੰਕੇਤ ਦਿੱਤੇ ਹਨ। ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ਆਈ.ਸੀ.ਈ.) ਹੁਣ ਪਰਵਾਸੀਆਂ ਨੂੰ ਸਿਰਫ਼ ਛੇ ਘੰਟਿਆਂ ਦੇ ਨੋਟਿਸ `ਤੇ ਕਿਸੇ ਤੀਜੇ ਦੇਸ਼ ਵਿੱਚ ਡਿਪੋਰਟ ਕਰ ਸਕਦੀ ਹੈ। ਹੁਣ ਤੱਕ ਆਈ.ਸੀ.ਈ. ਪਰਵਾਸੀਆਂ ਨੂੰ ਤੀਜੇ ਦੇਸ਼ ਵਿੱਚ ਰਿਪੋਰਟ ਕਰਨ ਦੀ ਸੂਚਨਾ ਦੇਣ ਤੋਂ ਬਾਅਦ ਘੱਟੋ-ਘੱਟ 24 ਘੰਟੇ ਉਡੀਕ ਕਰਦੀ ਸੀ, ਪਰ ਨਵੇਂ ਹੁਕਮ ਵਿੱਚ ਏਜੰਸੀ ਤੇਜ਼ੀ ਨਾਲ ਡਿਪੋਰਟ ਕਰ ਸਕਦੀ ਹੈ। ਆਈ.ਸੀ.ਈ. ਦੇ ਕਾਰਜਕਾਰੀ ਡਾਇਰੈਕਟਰ ਟੌਡ ਲਿਓਨਸ ਨੇ ਇਹ ਮੈਮੋਰੰਡਮ ਜਾਰੀ ਕੀਤਾ ਹੈ।
ਦੱਸਿਆ ਗਿਆ ਹੈ ਕਿ ਹੁਣ ਤੀਜੇ ਦੇਸ਼ਾਂ ਵਿੱਚ ਪਰਵਾਸੀਆਂ ਨੂੰ ਡਿਪੋਰਟ ਉਦੋਂ ਵੀ ਕੀਤਾ ਜਾ ਸਕਦਾ ਹੈ, ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇਸ਼ਾਂ ਤੋਂ ਸੁਰੱਖਿਆ ਦੀ ਕੋਈ ਗਾਰੰਟੀ ਨਾ ਮਿਲੀ ਹੋਵੇ। ਟਰੰਪ ਪ੍ਰਸ਼ਾਸਨ ਦਾ ਤਰਕ ਹੈ ਕਿ ਇਹ ਨੀਤੀ ਉਨ੍ਹਾਂ ਲੋਕਾਂ ਨੂੰ ਤੁਰੰਤ ਬਾਹਰ ਕੱਢਣ ਵਿੱਚ ਮਦਦ ਕਰਦੀ ਹੈ, ਜੋ ਲੋਕ ਕਾਨੂੰਨ ਮੁਤਾਬਕ ਅਮਰੀਕਾ ਵਿੱਚ ਨਹੀਂ ਰਹਿ ਸਕਦੇ। ਖਾਸ ਤੌਰ `ਤੇ ਅਪਰਾਧਿਕ ਰਿਕਾਰਡ ਵਾਲੇ ਲੋਕਾਂ ਨੂੰ ਤੁਰੰਤ ਡਿਪੋਰਟ ਕੀਤਾ ਜਾ ਸਕਦਾ ਹੈ। ਹਾਲਾਂਕਿ ਕਈ ਮਾਹਿਰ ਇਸ ਨੂੰ ਇੱਕ ਬੇਰਹਿਮ ਨੀਤੀ ਕਹਿ ਰਹੇ ਹਨ, ਕਿਉਂਕਿ ਲੋਕਾਂ ਨੂੰ ਅਜਿਹੇ ਦੇਸ਼ਾਂ ਵਿੱਚ ਭੇਜਿਆ ਜਾ ਸਕਦਾ ਹੈ, ਜਿੱਥੇ ਉਨ੍ਹਾਂ ਨੂੰ ਹਿੰਸਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਟਰੰਪ ਪ੍ਰਸ਼ਾਸਨ ਦੀ ਤੀਜੇ ਦੇਸ਼ਾਂ ਵਿੱਚ ਡਿਪੋਰਟ ਦੀ ਇਸ ਨੀਤੀ ਨੂੰ ਅਦਾਲਤ ਵਿੱਚ ਚੁਣੌਤੀ ਦੇਣ ਵਾਲੇ ਇੱਕ ਪਰਵਾਸੀ ਸਮੂਹ ਦੀ ਵਕੀਲ ਟ੍ਰੀਨਾ ਰੀਅਲਮੁਟੋ ਨੇ ਕਿਹਾ ਹੈ ਕਿ ਨਵੀਂ ਨੀਤੀ ਕਾਨੂੰਨ ਦੁਆਰਾ ਲੋੜੀਂਦੀ ਵਿਧਾਨਕ ਅਤੇ ਉਚਿਤ ਪ੍ਰਕਿਰਿਆ ਸੁਰੱਖਿਆ ਪ੍ਰਦਾਨ ਕਰਨ ਵਿੱਚ ਬਹੁਤ ਪਿੱਛੇ ਹੈ। ਲੋਕਾਂ ਨੂੰ ਅਜਿਹੇ ਦੇਸ਼ਾਂ ਵਿੱਚ ਨਹੀਂ ਭੇਜਿਆ ਜਾਣਾ ਚਾਹੀਦਾ, ਜਿੱਥੇ ਦੀ ਭਾਸ਼ਾ ਉਹ ਨਾ ਜਾਣਦੇ ਹੋਣ ਅਤੇ ਉਨ੍ਹਾਂ ਨੂੰ ਉਥੇ ਜਬਰ ਦਾ ਸਾਹਮਣਾ ਕਰਨਾ ਪਵੇ।
ਦੂਜੇ ਪਾਸੇ ਅਮਰੀਕਾ ਦੇ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਅਤੇ ਬੋਇੰਗ ਕੰਪਨੀ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਹੈ ਕਿ ਬੋਇੰਗ ਜਹਾਜ਼ਾਂ ਦੇ ਫਿਊਲ ਸਵਿੱਚ ਲੌਕ ਪੂਰੀ ਤਰ੍ਹਾਂ ਸੁਰੱਖਿਅਤ ਹਨ। ਦਰਅਸਲ, ਏਅਰ ਇੰਡੀਆ ਦੀ ਸ਼ੁਰੂਆਤੀ ਰਿਪੋਰਟ `ਚ ਅਹਿਮਦਾਬਾਦ `ਚ ਹੋਏ ਜਹਾਜ਼ ਹਾਦਸੇ `ਚ ਬੋਇੰਗ ਦੇ ਜਹਾਜ਼ `ਚ ਫਿਊਲ ਸਵਿੱਚ ਨੂੰ ਲੈ ਕੇ ਸਵਾਲ ਉਠਾਏ ਗਏ ਸਨ। ਰਿਪੋਰਟ `ਚ ਸ਼ੱਕ ਜਤਾਇਆ ਗਿਆ ਸੀ ਕਿ ਹਾਦਸੇ ਦਾ ਕਾਰਨ ਫਿਊਲ ਸਵਿੱਚ ਦਾ ਬੰਦ ਹੋਣਾ ਹੋ ਸਕਦਾ ਹੈ। ਹੁਣ ਅਮਰੀਕੀ ਸਰਕਾਰ ਵੱਲੋਂ ਇਸ ਦਾਅਵੇ ਨੂੰ ਰੱਦ ਕਰਨ ਤੋਂ ਬਾਅਦ ਸਵਾਲ ਉਠ ਰਹੇ ਹਨ ਕਿ ਕੀ ਟਰੰਪ ਸਰਕਾਰ ਪਾਇਲਟਾਂ `ਤੇ ਪੂਰਾ ਦੋਸ਼ ਮੜ੍ਹ ਕੇ ਬੋਇੰਗ ਕੰਪਨੀ ਨੂੰ ਬਚਾਉਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੀ?