ਡਾ. ਅਰਵਿੰਦਰ ਸਿੰਘ ਭੱਲਾ
ਫੋਨ: +91-9463062603
ਜਗਿਆਸੂ ਨੇ ਬੜੇ ਸ਼ਰਧਾਪੂਰਵਕ ਢੰਗ ਨਾਲ ਰਿਸ਼ੀਵਰ ਅੱਗੇ ਅਰਜ਼ੋਈ ਕੀਤੀ ਕਿ ਉਹ ਉਸ ਨੂੰ ਜੀਵਨ ਦੇ ਡੂੰਘੇ ਰਹੱਸਾਂ ਨੂੰ ਸਮਝਣ ਦੀ ਕੋਈ ਜੁਗਤ ਦੱਸਣ ਦੀ ਕਿਰਪਾਲਤਾ ਕਰਨ। ਰਿਸ਼ੀਵਰ ਮੁਸਕਰਾਏ ਅਤੇ ਬੋਲੇ ਕਿ ਤੁਸੀਂ ਬਹੁਤ ਖੁਸ਼ਕਿਸਮਤ ਹੋ। ਜਗਿਆਸੂ ਇਹ ਵਾਕ ਸੁਣ ਕੇ ਹੈਰਾਨ ਹੋਇਆ ਅਤੇ ਉਸ ਨੇ ਰਿਸ਼ੀਵਰ ਨੂੰ ਖੁੱਲ੍ਹ ਕੇ ਸਮਝਾਉਣ ਦੀ ਬੇਨਤੀ ਕੀਤੀ। ਰਿਸ਼ੀਵਰ ਨੇ ਫ਼ੁਰਮਾਇਆ ਕਿ ਜਦੋਂ ਸਾਡੇ ਅੰਦਰ ਗਿਆਨ ਹਾਸਲ ਕਰਨ ਦੀ ਇੱਛਾ ਅੰਗੜਾਈ ਲੈਂਦੀ ਹੈ ਤਾਂ ਸਾਡੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋਣਾ ਅਰੰਭ ਹੁੰਦਾ ਹੈ ਅਤੇ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦਾ ਮੌਕਾ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਆਪਣੇ ਇਰਦ-ਗਿਰਦ ਦੇ ਵਰਤਾਰਿਆਂ ਨੂੰ ਸਮਝਣ ਦੀ ਸਾਡੀ ਸਮਰੱਥਾ ਵਿੱਚ ਵਾਧਾ ਹੁੰਦਾ ਹੈ। ਠੀਕ-ਗ਼ਲਤ ਤੇ ਸੱਚ-ਝੂਠ ਵਿਚਲਾ ਫ਼ਰਕ ਵੀ ਬੜੀ ਆਸਾਨੀ ਨਾਲ ਸਮਝ ਆਉਂਦਾ ਹੈ ਅਤੇ ਸਾਡੇ ਮਨ ਉੱਪਰ ਪਸਰੀ ਹੋਈ ਵਿਕਾਰਾਂ ਦੀ ਧੁੰਦ ਵੀ ਹਟਦੀ ਹੈ। ਜ਼ਿੰਦਗੀ ਨੂੰ ਸਮਝਣ ਤੇ ਗਿਆਨ ਹਾਸਲ ਕਰਨ ਦੀ ਖਾਹਿਸ਼ ਅਤੇ ਨੇਕ ਅਮਲ ਕਰਨ ਦਾ ਦ੍ਰਿੜ ਇਰਾਦਾ ਹੀ ਅਸਲ ਵਿੱਚ ਉਜਵਲ ਭਵਿੱਖ ਦੀ ਨੀਂਹ ਰੱਖਦਾ ਹੈ। ਦਰਅਸਲ ਬੇਸਮਝ ਅਤੇ ਅਗਿਆਨਤਾ ਦਾ ਸ਼ਿਕਾਰ ਮਨੁੱਖ ਨਾ ਤਾਂ ਜ਼ਿੰਦਗੀ ਦੀਆਂ ਗੁੰਝਲਦਾਰ ਬੁਝਾਰਤਾਂ ਨੂੰ ਸਮਝਣ ਦੀ ਸਲਾਹੀਅਤ ਰੱਖਦਾ ਹੈ, ਨਾ ਹੀ ਉਹ ਜ਼ਿੰਦਗੀ ਦੀਆਂ ਕੌੜੀਆਂ ਹਕੀਕਤਾਂ ਦਾ ਸਾਹਮਣਾ ਕਰਨ ਦੀ ਜੁਰਅਤ ਰੱਖਦਾ ਹੈ ਅਤੇ ਨਾ ਹੀ ਉਹ ਖ਼ੁਦ ਨੂੰ ਦਰਪੇਸ਼ ਚਣੌਤੀਆਂ ਦਾ ਕੋਈ ਹੱਲ ਕੱਢਣ ਦਾ ਹੁਨਰ ਜਾਣਦਾ ਹੈ ਤੇ ਨਾ ਹੀ ਉਹ ਆਪਣੇ ਵਿਕਾਰਾਂ ਨੂੰ ਦੂਰ ਕਰਨ ਦੀ ਕੋਈ ਚੇਸ਼ਟਾ ਕਰਦਾ ਹੈ।
ਜੇਕਰ ਇਸ ਸਾਰੇ ਵਰਤਾਰੇ ਨੂੰ ਗਹੁ ਨਾਲ ਵਾਚਿਆ ਜਾਵੇ ਤਾਂ ਇਹ ਸਹਿਜੇ ਹੀ ਮਹਿਸੂਸ ਹੁੰਦਾ ਹੈ ਕਿ ਮਨੁੱਖ ਅਸਲ ਵਿੱਚ ਆਪਣੀਆਂ ਖ਼ਾਮੀਆਂ ਨੂੰ ਹੀ ਪਾਲ-ਪਲੋਸ ਰਿਹਾ ਹੁੰਦਾ ਹੈ। ਚਾਨਣ ਦੀ ਤਲਾਸ਼ ਦਰਅਸਲ ਉਨ੍ਹਾਂ ਲੋਕਾਂ ਨੂੰ ਹੁੰਦੀ ਹੈ, ਜਿਨ੍ਹਾਂ ਨੂੰ ਰੰਚਕ ਮਾਤਰ ਵੀ ਇਹ ਅਹਿਸਾਸ ਹੁੰਦਾ ਹੈ ਕਿ ਉਹ ਹਨੇਰੇ ਵਿੱਚ ਭਟਕ ਰਹੇ ਹਨ। ਜਦੋਂ ਕਿ ਜ਼ਿਆਦਾਤਰ ਲੋਕ ਇੰਨੇ ਕੋਮਲ ਚਿੱਤ ਹੁੰਦੇ ਹੀ ਨਹੀਂ ਕਿ ਉਨ੍ਹਾਂ ਨੂੰ ਆਪਣੇ ਔਗੁਣ ਦਿਖਾਈ ਦੇਣ। ਇਹ ਵੀ ਇਕ ਅਟੱਲ ਸੱਚਾਈ ਹੈ ਕਿ ਗਿਆਨ ਹਾਸਲ ਕਰਨ ਅਤੇ ਜ਼ਿੰਦਗੀ ਦੇ ਰਹੱਸਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ ਵਾਲਾ ਮਨੁੱਖ ਹੀ ਕੁਝ ਮਹਾਨ ਕਰਨ ਦਾ ਸੁਪਨਾ ਦੇਖਣ ਦਾ ਹੌਸਲਾ ਰੱਖਦਾ ਹੈ। ਜਦੋਂ ਕਿ ਸਤਹੀ ਪੱਧਰ ਉੱਤੇ ਵਿਚਰਨ ਵਾਲਾ ਅਤੇ ਆਪਣੇ ਵਿਕਾਰਾਂ ਨੂੰ ਨਜ਼ਰਅੰਦਾਜ਼ ਕਰਕੇ ਦੂਸਰਿਆਂ ਦੇ ਐਬ ਗਿਣਨ ਵਾਲਾ ਮਨੁੱਖ ਕਦੇ ਵੀ ਕੋਈ ਮਹਾਨ ਕਾਰਜ ਕਰਨ ਦੇ ਕਦੇ ਸਮਰੱਥ ਵੀ ਨਹੀਂ ਹੋ ਸਕਦਾ ਹੈ।
ਰਿਸ਼ੀਵਰ ਨੇ ਫ਼ੁਰਮਾਇਆ ਕਿ ਗਿਆਨ ਹਾਸਲ ਕਰਨ ਦਾ ਰਾਹ ਕਦੇ ਵੀ ਸੌਖਾਲਾ ਨਹੀਂ ਹੁੰਦਾ ਹੈ। ਗਿਆਨ ਹਾਸਲ ਕੀਤੇ ਬਿਨਾ ਆਪਣੇ ਆਪ ਨੂੰ ਅਧੂਰਾ ਸਵੀਕਾਰ ਕਰਨਾ, ਗਿਆਨ ਦੇ ਰਾਹ ਉੱਤੇ ਚੱਲਣ ਦਾ ਜਿਗਰਾ ਰੱਖਣਾ ਅਤੇ ਆਪਣੇ ਗਿਆਨ ਨੂੰ ਲੋਕ ਹਿੱਤਾਂ ਲਈ ਇਸਤੇਮਾਲ ਕਰਨਾ ਇੱਕ ਸੱਚੇ ਜਗਿਆਸੂ ਦੇ ਬੇਹੱਦ ਜ਼ਰੂਰੀ ਪਛਾਣ ਚਿੰਨ੍ਹ ਹੁੰਦੇ ਹਨ। ਜੋ ਲੋਕ ਆਪਣੇ ਅਧੂਰੇ ਗਿਆਨ ਉੱਤੇ ਅਕਸਰ ਘੁਮੰਡ ਕਰਦੇ ਹਨ, ਉਹ ਕਦੇ ਵੀ ਸੱਚੇ ਗਿਆਨ ਦੀ ਖੋਜ ਨਹੀਂ ਕਰ ਸਕਦੇ ਹਨ। ਇਨਸਾਨ ਜਿਵੇਂ-ਜਿਵੇਂ ਸੱਚਾ ਗਿਆਨ ਹਾਸਲ ਕਰਦਾ ਹੈ, ਆਸ-ਪਾਸ ਦੇ ਵਰਤਾਰੇ ਬੇਵਜ੍ਹਾ ਉਸ ਨੂੰ ਵਿਚਲਿਤ ਨਹੀਂ ਕਰਦੇ ਹਨ। ਮਨੁੱਖ ਸੱਚੇ ਗਿਆਨ ਨੂੰ ਹਾਸਲ ਕਰਨ ਮਗਰੋਂ ਬਾਮਕਸਦ ਖਾਮੋਸ਼ੀ ਧਾਰਨ ਕਰਦਾ ਹੈ। ਉਹ ਰਫ਼ਤਾ-ਰਫ਼ਤਾ ਆਪਣੇ ਵਿਕਾਰਾਂ ਉੱਪਰ ਫ਼ਤਿਹ ਹਾਸਲ ਕਰਨ ਵਿੱਚ ਸਫ਼ਲ ਹੁੰਦਾ ਹੈ। ਗਿਆਨ ਦੇ ਰਾਹ ਦਾ ਪਾਂਧੀ ਆਪਣੀ ਮਜਬੂਤ ਇੱਛਾ ਸ਼ਕਤੀ ਨਾਲ ਆਪਣੇ ਅੰਦਰ ਸਮੋਏ ਹੋਏ ਵਹਿਮਾਂ-ਭਰਮਾਂ ਨੂੰ ਆਪਣੇ ਧੁਰ ਅੰਦਰੋਂ ਕੱਢ ਕੇ ਆਪਣੇ ਨੁਕਤਾ-ਏ-ਨਿਗਾਹ ਨੂੰ ਹਮੇਸ਼ਾ ਸੱਚਾਈ, ਤਰਕ ਅਤੇ ਗਿਆਨ ਦੀ ਕਸਵੱਟੀ ਉੱਤੇ ਪਰਖ ਕੇ ਸੱਚ ਦੀ ਖੋਜ ਦਾ ਆਪਣਾ ਸਫ਼ਰ ਤੈਅ ਕਰਦਾ ਹੈ। ਉਸ ਅੰਦਰ ਸਦੀਵੀਂ ਗਿਆਨ ਦੀ ਖੋਜ ਦੀ ਆਰਜ਼ੂ, ਉਸ ਨੂੰ ਹਮੇਸ਼ਾ ਆਪਣੀ ਗਿਆਨਹੀਣਤਾ ਅਤੇ ਦਿਸ਼ਾਹੀਣਤਾ ਤੋਂ ਛੁਟਕਾਰਾ ਪਾਉਣ ਲਈ ਤਤਪਰ ਰੱਖਦੀ ਹੈ। ਜਦੋਂ ਕਿ ਅਗਿਆਨੀ ਮਨੁੱਖ ਨੂੰ ਕਦੇ ਵੀ ਆਪਣੀ ਮੂਰਖਤਾ ਦਾ ਭੋਰਾ ਵੀ ਅਹਿਸਾਸ ਜਾਂ ਪਛਤਾਵਾ ਤੱਕ ਨਹੀਂ ਹੁੰਦਾ ਹੈ।
ਰਿਸ਼ੀਵਰ ਨੇ ਇਹ ਵੀ ਫ਼ੁਰਮਾਇਆ ਕਿ ਇਸ ਸੰਸਾਰ ਦੇ ਸਾਰੇ ਝਮੇਲਿਆਂ ਦੀ ਜਨਨੀ ਅਗਿਆਨਤਾ ਹੈ। ਜੇਕਰ ਇਨਸਾਨ ਨੂੰ ਸੱਚਾ ਗਿਆਨ ਹਾਸਲ ਹੋ ਜਾਵੇ ਤਾਂ ਉਸ ਨੂੰ ਸੰਸਾਰ ਦੇ ਸਾਰੇ ਬਿਖੇੜੇ ਹੱਲ ਕਰਨ ਦਾ ਰਾਹ ਮਿਲ ਜਾਵੇ, ਪਰ ਅਫ਼ਸੋਸ ਤਾਂ ਕੇਵਲ ਇਸ ਗੱਲ ਦਾ ਹੁੰਦਾ ਹੈ ਕਿ ਮਨੁੱਖ ਸਭ ਕੁਝ ਜਾਣਦਿਆਂ-ਬੁਝਦਿਆਂ ਆਪਣੀ ਅਧੋਗਤੀ ਦਾ ਰਾਹ ਵੀ ਆਪ ਹੀ ਚੁਣਦਾ ਹੈ ਅਤੇ ਫਿਰ ਜਦੋਂ ਆਪਣੀ ਮੂਰਖਤਾ ਦੀ ਵਜ੍ਹਾ ਨਾਲ ਉਹ ਦਰ-ਬ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੁੰਦਾ ਹੈ ਤਾਂ ਵੀ ਉਸ ਨੂੰ ਅਕਲ ਨਹੀਂ ਆਉਂਦੀ ਹੈ, ਕਿਉਂਕਿ ਆਪਣੀ ਅਗਿਆਨਤਾ ਵੱਸ ਉਸ ਨੂੰ ਆਪਣੇ ਵਿਚਾਰ ਅਤੇ ਨਿਰਣੇ ਹਮੇਸ਼ਾ ਠੀਕ ਹੀ ਜਾਪਦੇ ਹਨ। ਅਗਿਆਨਤਾ ਦੇ ਘੁੱਪ ਹਨੇਰਿਆਂ ਵਾਲੇ ਰਾਹ ਵੀ ਉਸ ਨੂੰ ਠੀਕ ਹੀ ਜਾਪਦੇ ਹਨ। ਮੂਰਖ ਵਿਅਕਤੀ ਆਪਣੇ ਆਪ ਨੂੰ ਅਕਸਰ ਚਲਾਕ, ਜੁਗਾੜੀ, ਅਕਲਮੰਦ ਅਤੇ ਹੁਸ਼ਿਆਰ ਸਮਝਣ ਦੀ ਭੁੱਲ ਕਰਨ ਦੇ ਨਾਲ-ਨਾਲ ਹੌਲੀ-ਹੌਲੀ ਝਗੜਾਲੂ, ਈਰਖਾਲੂ, ਲਾਲਚੀ ਅਤੇ ਨਿੰਦਕ ਬਣ ਜਾਂਦਾ ਹੈ, ਬਸ ਇੱਥੋਂ ਹੀ ਉਸ ਦੇ ਨਿਘਾਰ ਦਾ ਸਫ਼ਰ ਅਰੰਭ ਹੁੰਦਾ ਹੈ।
ਜਗਿਆਸੂ ਨੇ ਰਿਸ਼ੀਵਰ ਨੂੰ ਸਵਾਲ ਕੀਤਾ ਕਿ ਆਖ਼ਰ ਮਨੁੱਖ ਅਗਿਆਨਤਾ ਦੀ ਕੰਧ ਨੂੰ ਕਿਵੇਂ ਢਾਹੇ? ਰਿਸ਼ੀਵਰ ਨੇ ਫ਼ੁਰਮਾਇਆ ਕਿ ਆਪਣੇ ਆਪ ਨਾਲ ਇੱਕ ਅਹਿਦ ਕਰੋ ਕਿ ਤੁਸੀਂ ਸਦੀਵੀਂ ਗਿਆਨ ਹਾਸਲ ਕਰਨ ਲਈ ਹਮੇਸ਼ਾ ਯਤਨਸ਼ੀਲ ਰਹੋਗੇ। ਤੁਸੀਂ ਹਮੇਸ਼ਾ ਇਹ ਕੋਸ਼ਿਸ਼ ਕਰੋਗੇ ਕਿ ਆਪਣੇ ਵਿਚਾਰਾਂ ਨੂੰ ਤਰਕ ਦੀ ਕਸੌਟੀ ਉੱਤੇ ਤੁਹਾਨੂੰ ਪਰਖਣ ਦਾ ਹੁਨਰ ਆ ਜਾਵੇ। ਇਹ ਇੱਕ ਸਦੀਵੀਂ ਸੱਚਾਈ ਹੈ ਕਿ ਆਤਮ ਬੋਧ ਦੀ ਉਡਾਣ ਭਰੇ ਬਿਨਾ ਤੁਸੀਂ ਕਦੇ ਵੀ ਹਨੇਰੇ ਤੋਂ ਚਾਨਣ ਤੱਕ ਦਾ ਸਫ਼ਰ ਕਦੇ ਵੀ ਤੈਅ ਨਹੀਂ ਕਰ ਪਾਉਗੇ। ਜੀਵਨ ਦੇ ਬੁਨਿਆਦੀ ਭੇਦਾਂ ਨੂੰ ਸਮਝਣ ਲਈ ਤੁਹਾਨੂੰ ਆਪਣੇ ਆਪ ਨੂੰ ਸਾਧਨਾ ਪਵੇਗਾ, ਕਿਉਂਕਿ ਗਿਆਨ ਦੀ ਖੋਜ ਮਨੁੱਖ ਨੂੰ ਇੱਕ ਨਵੀਂ, ਉਸਾਰੂ ਅਤੇ ਸਕਾਰਾਤਮਕ ਦਿਸ਼ਾ ਦਿੰਦੀ ਹੈ। ਗਿਆਨ ਦਾ ਪੰਧ ਭਾਵੇਂ ਸੁਖਾਲਾ ਨਾ ਵੀ ਕਿਉਂ ਨਾ ਹੋਵੇ, ਲੇਕਿਨ ਇਹ ਮੰਨ ਕੇ ਚੱਲੋ ਕਿ ਇਸ ਰਾਹ ਉੱਤੇ ਤੁਰਦਿਆਂ ਮਨੁੱਖ ਨੂੰ ਕਦੇ ਪਛਤਾਉਣਾ ਨਹੀਂ ਪਵੇਗਾ। ਇਸ ਸੱਚਾਈ ਨੂੰ ਆਪਣੇ ਧੁਰ ਅੰਦਰ ਤੱਕ ਵਸਾ ਲਵੋ ਕਿ ਅੰਧਕਾਰ ਤੋਂ ਪ੍ਰਕਾਸ਼ ਤੱਕ ਦਾ ਸਫ਼ਰ ਤੁਸੀਂ ਗਿਆਨ ਦੇ ਦੀਵੇ ਬਾਲ ਕੇ ਹੀ ਤੈਅ ਕਰ ਪਾਉਗੇ। ਗਿਆਨ ਦੀ ਗੰਗਾ ਵਿੱਚ ਇਸ਼ਨਾਨ ਕੀਤੇ ਬਿਨਾ ਤੁਹਾਡੇ ਜ਼ਿਹਨ ਦੀ ਮਲੀਨਤਾ ਕਦੇ ਵੀ ਦੂਰ ਨਹੀਂ ਹੋ ਸਕੇਗੀ।
ਲਿਹਾਜ਼ਾ ਆਪਣੇ ਅੰਦਰ ਝਾਤੀ ਮਾਰੋ, ਸੱਚ ਦੀ ਖੋਜ ਵਿੱਚ ਨਿਕਲੋ ਅਤੇ ਆਪਣੀ ਅਗਿਆਨਤਾ ਨੂੰ ਦੂਰ ਕਰੋ। ਵਿਵੇਕ ਦੀ ਜੋਤ ਜਗਾਏ ਬਿਨਾ ਆਤਮ ਬੋਧ ਹੋਣਾ ਮੁਮਕਿਨ ਨਹੀਂ ਹੈ। ਅਚੇਤ ਜਾਂ ਸੁਚੇਤ ਪੱਧਰ ਉੱਤੇ ਵਿਚਰਦੇ ਹੋਏ ਸਦਾ ਅਗਿਆਨਤਾ ਦੀ ਦਲਦਲ ਤੋਂ ਹਮੇਸ਼ਾ ਦੂਰ ਰਹਿਣ ਦੀ ਕੋਸ਼ਿਸ਼ ਕਰੋ। ਸੱਚ ਜਾਣਿਓ! ਆਤਮ ਬੋਧ, ਆਪਣੇ ਅਸਤਿਤਵ ਦਾ ਕਾਰਨ, ਆਪਣੇ ਵਜੂਦ ਦੀ ਵਜ੍ਹਾ ਨੂੰ ਜਾਣਨਾ ਅਤੇ ਆਪਣੇ ਜੀਵਨ ਨੂੰ ਬਾਕਮਸਦ ਗੁਜ਼ਾਰਨਾ ਹੀ ਜ਼ਿੰਦਗੀ ਦਾ ਸਿਰਮੌਰ ਮਕਸਦ ਹੈ। ਮਨੁੱਖਾ ਜੀਵਨ ਹੀ ਦਰਅਸਲ ਇੱਕ ਅਜਿਹਾ ਬੇਸ਼ਕੀਮਤੀ ਮੌਕਾ ਹੈ ਕਿ ਜਿਸ ਰਾਹੀਂ ਮਨੁੱਖ ਇਸ ਅਜ਼ੀਮ ਮਕਸਦ ਨੂੰ ਹਾਸਲ ਕਰ ਸਕਦਾ ਹੈ, ਪਰ ਇਸ ਮੌਕੇ ਦਾ ਮਨੁੱਖ ਲਾਭ ਤਾਂ ਹੀ ਉਠਾ ਸਕਦਾ ਹੈ, ਜਦੋਂ ਉਸ ਮਨੁੱਖ ਦਾ ਮਨ ਉਸ ਦੇ ਕਾਬੂ ਵਿੱਚ ਹੋਵੇ ਅਤੇ ਗਿਆਨ ਹਾਸਲ ਕਰਨ ਦੀ ਉਸ ਅੰਦਰ ਪ੍ਰਬਲ ਇੱਛਾ ਹੋਵੇ!