‘ਪੰਜਾਬੀ ਪਰਵਾਜ਼’ ਨੇ ਭਰੀ ਇੱਕ ਹੋਰ ਪਰਵਾਜ਼

ਖਬਰਾਂ ਗੂੰਜਦਾ ਮੈਦਾਨ

*ਪੱਤਰਕਾਰੀ ਦੇ ਮਕਸਦ, ਅਖਬਾਰਾਂ ਦੇ ਇਤਿਹਾਸ ਅਤੇ ਇਸ ਦੀਆਂ ਕਦਰਾਂ-ਕੀਮਤਾਂ ਬਾਰੇ ਭਾਵਪੂਰਤ ਤਕਰੀਰ
*ਪੰਜਾਬੀਆਂ ਦੀ ਪਰਵਾਸ ਤੇ ਪਰਵਾਜ਼ ਦੇ ਸੰਦਰਭ ਵਿੱਚ ਸਾਂਝ ਅਤੇ ਬੋਲੀ ਨਾਲ ਜੁੜੀਆਂ ਤਰਜੀਹਾਂ ਉਤੇ ਚਰਚਾ
ਸ਼ਿਕਾਗੋ: ਅਖਬਾਰ ‘ਪੰਜਾਬੀ ਪਰਵਾਜ਼’ ਨੇ ਆਪਣੀ ਦੂਜੀ ਵਰ੍ਹੇਗੰਢ ਮਨਾਉਂਦਿਆਂ ਇੱਕ ਹੋਰ ਪਰਵਾਜ਼ ਭਰੀ ਹੈ। ਪੱਤਰਕਾਰੀ ਦੇ ਖੇਤਰ ਵਿੱਚ ਇਹ ਪਰਵਾਜ਼ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਭਰੀ ਗਈ ਹੈ, ਜਿਸ ਦੌਰਾਨ ਪੱਤਰਕਾਰੀ ਦੇ ਮਕਸਦ, ਅਖਬਾਰਾਂ ਦੇ ਇਤਿਹਾਸ ਅਤੇ ਇਸ ਦੀਆਂ ਕਦਰਾਂ-ਕੀਮਤਾਂ ਬਾਰੇ ਤਕਰੀਰਾਂ ਕੀਤੇ ਜਾਣ ਦੇ ਨਾਲ ਨਾਲ ਪੰਜਾਬੀਆਂ ਦੀ ਪਰਵਾਸ ਤੇ ਪਰਵਾਜ਼ ਦੇ ਸੰਦਰਭ ਵਿੱਚ ਭਾਵਪੂਰਤ ਸਾਂਝ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਵਿਚਰਨ ਸਮੇਂ ਆਉਂਦੀਆਂ ਔਕੜਾਂ ਤੇ ਵਿਦੇਸ਼ ਵਿੱਚ ਅਖਬਾਰਾਂ ਰਾਹੀਂ ਪੰਜਾਬੀ ਬੋਲੀ ਨਾਲ ਜੁੜੀਆਂ ਤਰਜੀਹਾਂ ਉਤੇ ਚਰਚਾ ਕੀਤੀ ਗਈ। ਇਸ ਮੌਕੇ ਭਾਈਚਾਰੇ ਦੀਆਂ ਸੰਜੀਦਾ ਸ਼ਖਸੀਅਤਾਂ ਵੱਲੋਂ ਅਖਬਾਰ ਦੀ ਬਿਹਤਰੀ ਲਈ ਕੁਝ ਸੁਝਾਅ ਵੀ ਦਿੱਤੇ ਗਏ। ਅਖਬਾਰ ਦੀ ਦੂਜੀ ਵਰ੍ਹੇਗੰਢ ਦੇ ਜਸ਼ਨ ਦੌਰਾਨ ਮਹਿਮਾਨਾਂ ਦੀਆਂ ਖੂਬ ਰੌਣਕਾਂ ਲੱਗੀਆਂ ਅਤੇ ਉਨ੍ਹਾਂ ਦੇ ਮਨੋਰੰਜਨ ਲਈ ਮਿਆਰੀ ਗਾਇਕੀ ਦਾ ਦੌਰ ਵੀ ਚੱਲਿਆ।

ਪ੍ਰੋਗਰਾਮ ਦੀ ਸ਼ੁਰੂਆਤ ਅਸੀਸ ਕੌਰ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਉਣ ਨਾਲ ਕੀਤੀ। ਫਿਰ ਉਸ ਨੇ ਇੱਕ ਸ਼ੇਅਰ ਪੜ੍ਹਿਆ,
ਕਹਿੰਦੇ ਨੇ ਹੁੰਦਾ ਓਹੀ, ਜੋ ਮੁਕੱਦਰ `ਚ ਹੁੰਦਾ
ਬੰਦਾ, ਬੰਦੇ ਤੋਂ ਕੁਝ ਖੋਹ ਨਹੀਂ ਸਕਦਾ।
ਹੋਵੇ ਵੱਡਿਆਂ ਦਾ ਹੱਥ ਜੇ ਸਿਰ ਉਤੇ
ਤਾਂ ਫਿਰ ਕੀ ਕੁਝ ਹੋ ਨਹੀਂ ਸਕਦਾ।
ਸੋ, ਵੱਡਿਆਂ ਦਾ ਹੱਥ ਸਾਡੇ ਸਿਰ ਉਤੇ ਹੋਣਾ ਬਹੁਤ ਜ਼ਰੂਰੀ ਹੈ।
ਅਸੀਸ ਕੌਰ ਨੇ ਅਖਬਾਰ ਦੇ ਬੋਰਡ ਮੈਂਬਰਾਂ ਤੇ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਧੰਨਵਾਦੀ ਸ਼ਬਦ ਉਚਾਰਦਿਆਂ ਆਪਣੀ ਛੋਟੀ ਭੈਣ ਅਜੂਨੀ ਕੌਰ ਨੂੰ ਮੰਚ `ਤੇ ਸੱਦਿਆ। ਅਜੂਨੀ ਕੌਰ ਨੇ ਪੰਜਾਬੀ ਪਰਵਾਜ਼ ਦੇ ਦੂਜੇ ਸਾਲ ਦੇ ਜਸ਼ਨ ਵਿੱਚ ਸ਼ਾਮਲ ਹੋਣ ਲਈ ਸਾਰਿਆਂ ਦਾ ਧੰਨਵਾਦ ਕੀਤਾ। ਉਪਰੰਤ ਅਸੀਸ ਕੌਰ ਨੇ ਦੋ ਹੋਰ ਸ਼ੇਅਰ ਸੁਣਾਏ,
ਡਰ ਮੈਨੂੰ ਵੀ ਲੱਗਿਆ ਫਾਸਲਾ ਵੇਖ ਕੇ
ਪਰ ਮੈਂ ਅੱਗੇ ਵਧਦੀ ਗਈ ਰਸਤਾ ਵੇਖ ਕੇ,
ਆਪਣੇ ਆਪ ਹੀ ਮੇਰੇ ਕੋਲ ਆਉਂਦੀ ਗਈ
ਮੇਰੀ ਮੰਜ਼ਿਲ, ਮੇਰਾ ਹੌਸਲਾ ਵੇਖ ਕੇ।

ਮੰਜ਼ਿਲ ਉਨ੍ਹਾਂ ਨੂੰ ਹੀ ਮਿਲਦੀ
ਜਿਨ੍ਹਾਂ ਦੇ ਸੁਪਨਿਆਂ `ਚ ਜਾਨ ਹੁੰਦੀ,
ਸਿਰਫ ਖੰਭਾਂ ਨਾਲ ਕੁਝ ਨਹੀਂ ਹੁੰਦਾ
ਹੌਸਲਿਆਂ ਨਾਲ ਪਰਵਾਜ਼ ਹੁੰਦੀ।
ਇਸ ਮੌਕੇ ਪੱਤਰਕਾਰ ਕੁਲਜੀਤ ਦਿਆਲਪੁਰੀ ਨੇ ਹਾਜ਼ਰੀਨ ਦੇ ਮਾਣ ਵਿੱਚ ਕਿਹਾ ਕਿ ਇਹ ਪ੍ਰੋਗਰਾਮ ਤੁਹਾਡੇ ਕਰਕੇ, ਤੁਹਾਡੇ ਲਈ ਅਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੀ ਹੋ ਸਕਿਆ ਹੈ। ਉਨ੍ਹਾਂ ਅਖਬਾਰ ਦੇ ਬੋਰਡ ਮੈਂਬਰਾਂ ਅਤੇ ਸ਼ਿਕਾਗੋਲੈਂਡ ਦੀਆਂ ਸ਼ਖਸੀਅਤਾਂ ਤੋਂ ਇਲਾਵਾ ਇੰਡੀਆਨਾ, ਮਿਸ਼ੀਗਨ, ਓਹਾਇਓ ਤੇ ਵਿਸਕਾਨਸਿਨ ਸਟੇਟ ਤੋਂ ਆਏ ਸਮੁੱਚੇ ਮਹਿਮਾਨਾਂ ਤੇ ਸਪਾਂਸਰਾਂ ਦਾ ‘ਪੰਜਾਬੀ ਪਰਵਾਜ਼’ ਨਾਲ ਖੜ੍ਹਨ ਲਈ ਧੰਨਵਾਦ ਕੀਤਾ।
ਇਸ ਮੌਕੇ ਅਖਬਾਰ ਦੀ ਪ੍ਰਬੰਧਕ ਅਨੁਰੀਤ ਕੌਰ ਨੇ ਆਪਣੀ ਤਕਰੀਰ ਵਿੱਚ ਕਿਹਾ ਕਿ ਜਿਵੇਂ ਸਾਡੀ ਪੀੜ੍ਹੀ ਅਖਬਾਰ ਨਾਲ ਜੁੜੀ ਹੋਈ ਹੈ, ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਤੇ ਬੱਚੇ ਸੋਸ਼ਲ ਮੀਡੀਆ ਨਾਲ ਜ਼ਿਆਦਾ ਜੁੜੇ ਹੋਣ ਕਰਕੇ ਅਸੀਂ ਸੋਚ ਰਹੇ ਹਾਂ ਕਿ ਉਨ੍ਹਾਂ ਨੂੰ ਵੀ ਆਪਣੀ ਭਾਸ਼ਾ ਨਾਲ ਜੋੜਨ ਲਈ ਇਸ ਦਾ ਸਹਾਰਾ ਲਿਆ ਜਾਵੇ ਅਤੇ ਇਸ ਲਈ ਪੱਤਰਕਾਰੀ ਖੇਤਰ ਵਿੱਚ ਲੰਮੇ ਸਮੇਂ ਤੋਂ ਜੁੜੇ ਹੋਏ ਹਰਦੀਪ ਸਿੰਘ ਹੈਪੀ ਪੰਡਵਾਲਾ ਨਾਲ ਰਲ ਕੇ ਸੋਸ਼ਲ ਮੀਡੀਆ ਪਲੈਟਫਾਰਮ ਵੈਬ ਚੈਨਲ ਸ਼ੁਰੂ ਕਰੀਏ। ਉਨ੍ਹਾਂ ਆਸ ਪ੍ਰਗਟਾਈ, ਜਿਵੇਂ ਤੁਸੀਂ ‘ਪੰਜਾਬੀ ਪਰਵਾਜ਼’ ਅਖਬਾਰ ਨੂੰ ਪਿਆਰ ਦਿੱਤਾ ਹੈ, ਉਵੇਂ ਹੀ ਇਸ ਨੂੰ ਵੀ ਸਹਿਯੋਗ ਦਿਓਗੇ। ਇਸ ਮੌਕੇ ਸਕਰੀਨ ਉਤੇ ਪੱਤਰਕਾਰ ਹੈਪੀ ਪੰਡਵਾਲਾ ਦਾ ਸੁਨੇਹਾ ਸਾਂਝਾ ਕਰਨਾ ਚਾਹਿਆ ਗਿਆ, ਪਰ ਵੀਡੀਓ ਦੀ ਆਵਾਜ਼ ਸਬੰਧੀ ਤਕਨੀਕੀ ਨੁਕਸ ਕਾਰਨ ਸੁਣਾਇਆ ਨਹੀਂ ਜਾ ਸਕਿਆ।
ਸ. ਮਨਜੀਤ ਸਿੰਘ ਗਿੱਲ ਨੇ ਸਟੇਜ ਦੀ ਕਾਰਵਾਈ ਸੰਭਾਲਦਿਆਂ ਸਾਰੇ ਮੁਅੱਜਜ਼ ਮਹਿਮਾਨਾਂ, ਮੁੱਖ ਮਹਿਮਾਨ ਲਖਬੀਰ ਸਿੰਘ ਢੀਂਡਸਾ ਅਤੇ ‘ਪੰਜਾਬੀ ਪਰਵਾਜ਼’ ਦੇ ਸਾਰੇ ਬੋਰਡ ਮੈਂਬਰਾਂ ਅਤੇ ਬੁਲਾਰਿਆਂ ਨੂੰ ਨਿੱਘੀ ਜੀ ਆਇਆਂ ਨੂੰ ਕਹਿੰਦਿਆਂ ਸ਼ਿਵ ਕੁਮਾਰ ਬਟਾਲਵੀ ਦੀਆਂ ਸਤਾਰਾਂ ਸੁਣਾਈਆਂ, ‘ਤੂੰ ਆਇਓਂ ਮੇਰੇ ਗਰਾਂ, ਹੋਰ ਵੀ ਗੂੜ੍ਹੀ ਹੋ ਗਈ ਮੇਰੇ ਬੋਹੜਾਂ ਦੀ ਛਾਂ।’ ਉਨ੍ਹਾਂ ਇੱਕ ਹੋਰ ਸ਼ੇਅਰ ਸੁਣਾਇਆ, ‘ਦਿਲ ਨੂੰ ਸਕੂਨ ਮਿਲਦਾ ਹੈ ਇੱਕ ਮੁਸਕਾਨ ਦੇ ਨਾਲ, ਮਹਿਫਿਲ `ਚ ਰੌਣਕ ਲੱਗਦੀ ਹੈ ਤੁਹਾਡੇ ਜਿਹੇ ਆਉਣ ਦੇ ਨਾਲ।’
ਇਸ ਉਪਰੰਤ ਉਨ੍ਹਾਂ ‘ਪੰਜਾਬੀ ਪਰਵਾਜ਼ ਨਾਈਟ’ ਦੇ ਸੰਦਰਭ ਵਿਚ ਪੱਤਰਕਾਰ ਕੁਲਜੀਤ ਦਿਆਲਪੁਰੀ ਦੇ ਇੱਕ ਲੇਖ ਦਾ ਉਚੇਚਾ ਜ਼ਿਕਰ ਕੀਤਾ ਅਤੇ ਦੱਸਿਆ ਕਿ ‘ਪੰਜਾਬੀ ਪਰਵਾਜ਼ ਨਾਈਟ’ ਮਨਾਉਣ ਦਾ ਮਕਸਦ ਬੇਸ਼ਕ ਅਮਰੀਕਾ ਵਿੱਚ ਪੰਜਾਬੀ ਮੀਡੀਆ ਦੇ ਖੇਤਰ ਵਿੱਚ ਦੋ ਸਾਲ ਦੇ ਸਫਰ ਦੀ ਖੁਸ਼ੀ ਮਨਾਉਣਾ ਹੈ, ਪਰ ਭਵਿੱਖ ਵਿੱਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਗੱਲ ਆਪਣੇ ਪਰਚੇ ਰਾਹੀਂ ਪੇਸ਼ ਕਰਦੇ ਰਹਿਣ ਅਤੇ ਆਪਣੇ ਸੱਭਿਆਚਾਰ ਤੇ ਧਰਮ ਨਾਲ ਜੁੜੇ ਮੁੱਦੇ ਪ੍ਰਕਾਸ਼ਿਤ ਕਰਨ ਲਈ ਤੁਹਾਡੇ ਸਭ ਦੇ ਵਿਚਾਰਾਂ, ਮਸ਼ਵਰਿਆਂ ਦੇ ਨਾਲ ਨਾਲ ਤੁਹਾਡੇ ਸਭ ਦੇ ਵਿੱਤੀ ਸਹਿਯੋਗ ਦੀ ਵੀ ਇਸ ਪਰਚੇ ਨੂੰ ਭਰਪੂਰ ਲੋੜ ਹੈ। ਉਨ੍ਹਾਂ ਕੁਲਜੀਤ ਦੇ ਪੱਤਰਕਾਰੀ ਸਫਰ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਅਨੁਰੀਤ ਕੌਰ ਅਤੇ ਸੀਨੀਅਰ ਪੱਤਰਕਾਰ ਜਲੰਧਰ ਤੋਂ ਜਸਵੀਰ ਸਿੰਘ ਸ਼ੀਰੀ ਅਖਬਾਰ ਦੇ ਕੰਮ ਵਿੱਚ ਹੱਥ ਵਟਾ ਰਹੇ ਹਨ; ਤੇ ਹਾਲ ਹੀ ਵਿੱਚ ਮੀਡੀਆ ਸ਼ਖਸੀਅਤ ਸੁਸ਼ੀਲ ਦੁਸਾਂਝ ਵੀ ਅਖਬਾਰ ਨਾਲ ਜੁੜੇ ਹਨ। ਉਨ੍ਹਾਂ ਸ਼ੇਅਰੋ-ਸ਼ਾਇਰੀ ਨਾਲ ਮਾਹੌਲ ਨੂੰ ਦਿਲਚਸਪ ਬਣਾਈ ਰੱਖਿਆ ਅਤੇ ਵੱਖ-ਵੱਖ ਬੁਲਾਰਿਆਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਅਖਬਾਰ ਦੇ ਬੋਰਡ ਮੈਂਬਰ ਅਤੇ ਭਾਈਚਾਰੇ ਦੀ ਜਾਣੀ-ਪਛਾਣੀ ਸ਼ਖਸੀਅਤ ਦਵਿੰਦਰ ਸਿੰਘ ਰੰਗੀ ਨੇ ‘ਪੰਜਾਬੀ ਪਰਵਾਜ਼’ ਦੇ ਬੋਰਡ ਵੱਲੋਂ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਵੱਡੀ ਗਿਣਤੀ ਵਿੱਚ ਮਹਿਮਾਨਾਂ ਦੇ ਪਹੁੰਚਣ `ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਅਖਬਾਰ ਦਾ ਵਾਅਦਾ ਹੈ ਕਿ ਨਿਰਪੱਖ ਰਹਿ ਕੇ ਪੱਤਰਕਾਰੀ ਕਰੇਗਾ; ਪਰ ਇਸ ਸਭ ਲਈ ਤੁਹਾਡੇ ਸਹਿਯੋਗ ਦੀ ਲੋੜ ਹੈ, ਕਿਉਂਕਿ ਅਖਬਾਰ ਚਲਾਉਣਾ ਕੋਈ ਸੌਖਾ ਕੰਮ ਨਹੀਂ। ਲਿਖਾਰੀਆਂ ਨਾਲ ਰਾਬਤਾ ਬਣਾ ਕੇ ਰੱਖਣਾ ਅਤੇ ਇਹ ਧਿਆਨ ਰੱਖਣਾ ਪੈਂਦਾ ਹੈ ਕਿ ਕਿਹੜਾ ਲੇਖ ਜਾਂ ਖਬਰ ਛਾਪਣੀ ਹੈ ਤੇ ਕਿਹੜਾ ਨਹੀਂ; ਤੇ ਚੰਗੇ ਵਿਚਾਰਾਂ ਦੀ ਚੋਣ ਕਰ ਕੇ ਛਾਪਣਾ ਵੱਡੀ ਜ਼ਿੰਮੇਵਾਰ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਆਪਣਾ ਮੀਡੀਆ ਆਪਣੇ ਭਾਈਚਾਰੇ ਦੀ ਪਹੁੰਚ ਸਰਕਾਰੇ-ਦਰਬਾਰੇ ਯਕੀਨੀ ਬਣਾਉਂਦਾ ਹੈ, ਇਸ ਲਈ ਆਪਣਾ ਮੀਡੀਆ ਮਜਬੂਤ ਕਰਨ ਦੀ ਲੋੜ ਹੈ।
ਇਸ ਦੇ ਨਾਲ ਹੀ ਸ. ਰੰਗੀ ਨੇ ਕਿਹਾ ਕਿ ਸਿਆਸਤ ਵਿੱਚ ਪੰਜਾਬੀ ਜਿੰਨਾ ਕੈਨੇਡਾ ਵਿੱਚ ਕਾਮਯਾਬ ਹੋਏ ਹਨ, ਉਨੇ ਅਮਰੀਕਾ ਵਿੱਚ ਨਹੀਂ। ਜਿੰਨਾ ਅਸੀਂ ਸਿਆਸੀ ਤੌਰ `ਤੇ ਅੱਗੇ ਹੋਈਏ, ਅਸੀਂ ਆਪਣੇ ਮੁੱਦਿਆਂ ਨੂੰ ਦੇਸ ਦੀ ਪਾਰਲੀਮੈਂਟ ਵਿੱਚ ਰੱਖ ਸਕਾਂਗੇ। ਉਨ੍ਹਾਂ ਕੁਝ ਨਾਮੀ ਅਮਰੀਕੀ ਪੰਜਾਬੀ/ਸਿੱਖ ਸਿਆਸਤਦਾਨਾਂ ਦੇ ਨਾਵਾਂ ਦਾ ਜ਼ਿਕਰ ਵੀ ਕੀਤਾ ਤੇ ਕਿਹਾ ਕਿ ਸਾਨੂੰ ਆਪਣੇ ਹੋਰ ਸਿਆਸਤਦਾਨ ਪੈਦਾ ਕਰਨ ਦੀ ਲੋੜ ਹੈ ਤਾਂ ਜੋ ਅਸੀਂ ਆਪਣੀ ਗੱਲ ਰੱਖ ਸਕੀਏ।
ਮਿਸ਼ੀਗਨ ਤੋਂ ਪਹੁੰਚੇ ਸਿਕੰਦਰ ਸਿੰਘ ਔਜਲਾ ਨੇ ਕਿਹਾ ਕਿ ਮਿਡਵੈਸਟ ਵਿੱਚ ਸ਼ਿਕਾਗੋ ਇੱਕ ਅਜਿਹਾ ਸ਼ਹਿਰ ਹੈ, ਜਿੱਥੇ ਹੁੰਦੇ ਪ੍ਰੋਗਰਾਮਾਂ ਜਾਂ ਮੇਲਿਆਂ ਵਿੱਚ ਅਸੀਂ ਇਕੱਠੇ ਹੁੰਦੇ ਰਹਿੰਦੇ ਹਾਂ। ਉਨ੍ਹਾਂ ਅਖਬਾਰ ਦਾ ਨਾਂ ‘ਪੰਜਾਬੀ ਪਰਵਾਜ਼’ ਰੱਖਣ ਦੀ ਤਾਰੀਫ ਕੀਤੀ, ਕਿਉਂਕਿ ਅਸੀਂ ਉਡਾਰੀ ਭਰਦੇ ਹਾਂ ਤੇ ਉਡਾਰੀ ਨੂੰ ਪਰਵਾਜ਼ ਕਹਿੰਦੇ ਹਨ ਅਤੇ ਜਦੋਂ ਸਾਨੂੰ ਆਲੇ-ਦੁਆਲਿਓਂ ਹੁੰਗਾਰਾ ਮਿਲੇ ਤਾਂ ਇਹੋ ਹੀ ਪਰਵਾਜ਼ ਹੈ। ਉਨ੍ਹਾਂ ਕਿਹਾ ਕਿ ਮੈਂ ਦੁਆ ਕਰਦਾਂ ਕਿ ਇਹ ਅਖਬਾਰ ਵੀ ਸਾਡੇ ਵਾਂਗੂੰ ਤਰੱਕੀਆਂ ਕਰੇ, ਜਿਵੇਂ ਅਸੀਂ ਪਰਦੇਸੀਆਂ ਨੇ ਇੱਥੇ ਆ ਕੇ ਕੀਤੀਆਂ ਹਨ, ਇਵੇਂ ਹੀ ਇਹ ਅਖਬਾਰ ਆਪਣੀ ਉਡਾਰੀ ਵਿੱਚ ਤਰੱਕੀਆਂ ਦੇ ਅੰਬਰਾਂ `ਤੇ ਉਡਦਾ ਦਿਸੇ। ਸਾਨੂੰ ਆਸ ਹੈ ਕਿ ਇਹ ਅਖਬਾਰ ਸਾਡੇ ਭਾਈਚਾਰੇ, ਸਾਡੇ ਸਮਾਜ ਨੂੰ ਚੰਗੇ ਸੰਪਾਦਕੀ ਲੇਖ ਲੱਭ ਕੇ, ਸਾਡੇ ਉਥੋਂ (ਪੰਜਾਬ) ਦੀਆਂ ਅਤੇ ਇੱਥੋਂ ਦੀਆਂ ਭਾਈਚਾਰੇ ਦੀਆਂ ਗੱਲਾਂ ਰਾਹੀਂ ਜਾਣੂੰ ਕਰਵਾਉਂਦਾ ਰਹੇ।
ਸ. ਔਜਲਾ ਨੇ ਪੰਜਾਬੀਆਂ ਦੀ ਪਰਵਾਸ ਤੇ ਪਰਵਾਜ਼ ਦੇ ਸੰਦਰਭ ਵਿੱਚ ਭਾਵਪੂਰਤ ਸਾਂਝ ਬਿਆਨਦਿਆਂ ਕਿਹਾ ਕਿ ਜਦੋਂ ਅਸੀਂ ਵਿਜ਼ਿਟਰ ਦੇ ਤੌਰ `ਤੇ ਆਉਂਦੇ ਹਾਂ ਤਾਂ ਟੂ ਵੇਅ ਟਿਕਟ ਲੈ ਕੇ ਆਉਂਦੇ ਹਾਂ, ਪਰ ਜਦੋਂ ਅਸੀਂ ਪਰਵਾਸ ਕਰਦੇ ਹਾਂ ਤਾਂ ਵੰਨ ਵੇਅ ਟਿਕਟ ਲੈ ਕੇ ਆਉਂਦੇ ਹਾਂ। ਬੇਸ਼ਕ ਹੁਣ ਅਸੀਂ ਸਾਲ `ਚ ਭਾਵੇਂ ਪੰਜਾਬ ਦੇ ਦੋ ਗੇੜੇ ਲਾ ਲਈਏ, ਪਰ ਉਹ ਵੰਨ ਵੇਅ ਟਿਕਟ, ਟੂ ਵੇਅ ਨਹੀਂ ਬਨਣੀ। ਇਸ ਸਬੰਧੀ ਉਨ੍ਹਾਂ ਆਪਣੀ ਇੱਕ ਕਵਿਤਾ ‘ਕੈਸਾ ਪਰਵਾਸ ਨੇ ਲਾ`ਤਾ ਪੰਜਾਬੀਆਂ ਦੇ ਘਰਾਂ ਨੂੰ ਸੰਨ੍ਹ ਏ’ ਸੁਣਾਈ, ਜਿਸ ਵਿੱਚ ਪਰਵਾਸ ਦੀਆਂ ਮੁਸ਼ਕਲਾਂ, ਪਿੱਛੇ ਰਹਿ ਜਾਂਦੇ ਪਰਿਵਾਰ ਦਾ ਝੋਰਾ, ਇੱਥੋਂ ਦੀਆਂ ਮਜਬੂਰੀਆਂ ਤੇ ਨਵੀਂ ਪੀੜ੍ਹੀ ਨਾਲ ਜੁੜੇ ਸਰੋਕਾਰਾਂ ਦਾ ਬਾਖੂਬੀ ਬਿਆਨ ਸੀ। ਉਨ੍ਹਾਂ ਤ੍ਰਾਸਦੀ ਜਾਹਰ ਕਰਦਿਆਂ ਕਿਹਾ ਕਿ ਜਦੋਂ ਅਸੀਂ ਇੱਥੇ ਆਏ ਤਾਂ ਮਿਹਨਤਾਂ ਕੀਤੀਆਂ ਅਤੇ ਬਹੁਤ ਘੱਟ ਸਮਾਂ ਪਰਿਵਾਰ ਲਈ ਕੱਢਿਆ, ਪਰ ਜਦੋਂ ਹੁਣ ਪਿੰਡ ਜਾਂਦੇ ਹਾਂ ਤਾਂ ਦੱਸਣਾ ਪੈਂਦਾ ਹੈ ਕਿ ਉਹ ਫਲਾਣੇ ਦਾ ਮੁੰਡਾ, ਫਲਾਣੇ ਦਾ ਪੋਤਾ ਹੈ। ਇਸ ਸਬੰਧੀ ਉਨ੍ਹਾਂ ਆਪਣੇ ਇੱਕ ਗੀਤ ਦੀਆਂ ਸਤਰਾਂ ਵੀ ਸੁਣਾਈਆਂ। ਜ਼ਿਕਰਯੋਗ ਹੈ ਕਿ ਸ. ਔਜਲਾ ਗੀਤਕਾਰ/ਕਵੀ ਹਨ।
ਇਸ ਦੇ ਨਾਲ ਹੀ ਮੰਚ ਸੰਚਾਲਕ ਸ. ਗਿੱਲ ਨੇ ਇੱਕ ਸ਼ੇਅਰ ਸੁਣਾਇਆ,
ਦਿਲ `ਚੋਂ ਨਿਕਲਦੀ ਹੈ ਤਾਂ ਅਸਰ-ਏ-ਆਵਾਜ਼ ਰੱਖਦੀ ਹੈ
ਖੰਭ ਨਹੀਂ ਪਰ ਫਿਰ ਵੀ ਤਾਕਤ-ਏ-ਪਰਵਾਜ਼ ਰੱਖਦੀ ਹੈ।
ਸਮਾਗਮ ਦੌਰਾਨ ਉਨ੍ਹਾਂ ਇਹ ਸ਼ੇਅਰ ਵੀ ਸੁਣਾਇਆ, ‘ਜੋ ਵੀ ਭੁੱਲਣਾ ਚਾਹੋ ਤਾਂ ਭੁੱਲ ਜਾਵੋ, ਪਰ ਮਾਂ ਬੋਲੀ ਯਾਦ ਰਵ੍ਹੇ। ਰਹਿੰਦੀ ਦੁਨੀਆ ਤੱਕ ਪੰਜਾਬੀ ਜ਼ਿੰਦਾਬਾਦ ਰਵ੍ਹੇ।’ ਤੇ ‘ਪੰਜਾਬੀ ਪਰਵਾਜ਼’ ਦੀ ਵੀ ਚੜ੍ਹਦੀ ਕਲਾ ਹੁੰਦੀ ਰਵ੍ਹੇ। ਉਪਰੰਤ ਉਨ੍ਹਾਂ ਨੇ ਸਮਾਗਮ ਦੇ ਮੁੱਖ ਬੁਲਾਰੇ ਇੰਡੀਆਨਾ ਤੋਂ ਨਾਮੀ ਲੇਖਕ ਤੇ ਸ਼ਾਇਰ ਰਵਿੰਦਰ ਸਿੰਘ ਸਹਿਰਾਅ ਦਾ ਤੁਆਰਫ ਕਰਵਾਇਆ ਅਤੇ ਆਪਣੇ ਵਿਚਾਰ ਪੇਸ਼ ਕਰਨ ਦਾ ਸੱਦਾ ਦਿੱਤਾ। ਸ. ਸਹਿਰਾਅ ਨੇ ਆਪਣੀ ਤਕਰੀਰ ਦਾ ਆਗਾਜ਼ ਕਰਦਿਆਂ ਕਿਹਾ ਕਿ ਪੱਤਰਕਾਰੀ ਦਾ ਵਿਸ਼ਾ ਬਹੁਤ ਸੰਜੀਦਗੀ ਮੰਗਦਾ ਹੈ। ਨਾਲ ਹੀ ਉਨ੍ਹਾਂ ਸ਼ੇਅਰ ਸੁਣਾਇਆ,
ਮੈਨੇ ਤੋ ਯੂੰ ਹੀ ਦਰਦ-ਏ-ਬਿਆਂ ਲਿਖਾ ਥਾ ਅਪਨਾ
ਉਨ੍ਹ ਤਕ ਪਹੁੰਚਤੇ ਪਹੁੰਚਤੇ ਕਟਾਰ ਬਨ ਗਯਾ।
ਉਨ੍ਹਾਂ ਕਿਹਾ ਕਿ ਪੱਤਰਕਾਰੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਗੱਲ ਇਸ ਤਰੀਕੇ ਨਾਲ ਲਿਖ ਦਿੰਦੇ ਹੋ ਤਾਂ ਇਹ ਲਿਖੀ ਗੱਲ ਹਾਕਮਾਂ ਦੇ ਸੀਨੇ ਕਟਾਰ ਬਣ ਕੇ ਚੁਭਦੀ ਹੈ। ਇਹੋ ਹੀ ਪੱਤਰਕਾਰੀ ਦੀ ਤਾਕਤ ਹੁੰਦੀ ਹੈ। ਐਵੇਂ ਨਹੀਂ ਕਿਹਾ ਗਿਆ ਕਿ ਪੱਤਰਕਾਰੀ ਲੋਕਤੰਤਰ ਦਾ ਚੌਥਾ ਥੰਮ੍ਹ ਹੈ। ਉਨ੍ਹਾਂ ਪੱਤਰਕਾਰੀ ਦੇ ਇਤਿਹਾਸ ਦਾ ਸੰਖੇਪ ਵਿੱਚ ਜ਼ਿਕਰ ਕੀਤਾ ਕਿ ਪਹਿਲਾਂ ਪਹਿਲ ਇਹ ਗੱਲ ਚੀਨ ਤੋਂ ਸ਼ੁਰੂ ਹੋਈ, ਜਦੋਂ 594 ਈ.ਪੂ. `ਚ ਉਨ੍ਹਾਂ ਲੱਕੜ ਦੇ ਗੁਟਕਿਆਂ ਦੀ ਕਾਢ ਕੱਢੀ ਤੇ ਆਪਣਾ ਛਾਪਾਖਾਨਾ ਬਣਾਇਆ। ਉਸ ਤੋਂ ਬਾਅਦ ਜਰਮਨ ਵਿੱਚ 1440 ਈਸਵੀ ਵਿੱਚ ਲੱਕੜ ਦੇ ਛਾਪਿਆਂ ਨਾਲ ਅਖਬਾਰਾਂ ਛਪਣੀਆਂ ਸ਼ੁਰੂ ਹੋਈਆਂ। ਇਹ ਸਫਰ 1500 ਈਸਵੀ ਤੱਕ ਇੰਨੀ ਤਰੱਕੀ ਕਰ ਗਿਆ ਕਿ ਇਸ ਦੀ ਗਿਣਤੀ ਵਧ ਗਈ। ਅਮਰੀਕਾ ਵਿੱਚ ਪਹਿਲਾਂ ਬੌਸਟਨ ਤੋਂ ਇੱਕ ਪੇਪਰ ਨਿਕਲਿਆ ਸੀ ਅਤੇ ਉਸ ਉਪਰੰਤ 1814 ਈਸਵੀ ਵਿੱਚ ‘ਨਿਊ ਯਾਰਕ ਟਾਈਮਜ਼’ ਸ਼ੁਰੂ ਹੋਇਆ ਤੇ ਇਸ ਨਾਲ ਪੱਤਰਕਾਰੀ ਦੇ ਖੇਤਰ ਵਿੱਚ ਭੁਚਾਲ ਆ ਗਿਆ। ਇਸ ਅਖਬਾਰ ਨੇ ਲੋਕਾਂ ਦੀਆਂ ਗੱਲਾਂ ਕੀਤੀਆਂ, ਲੋਕਾਂ ਦੀਆਂ ਸਮੱਸਿਆਵਾਂ ਉਭਾਰੀਆਂ, ਲੋਕਾਂ ਦੇ ਮੁੱਦਿਆਂ ਦੀਆਂ ਗੱਲਾਂ ਕੀਤੀਆਂ। ਬੇਸ਼ਕ ਦੇਸ਼ ਵਿੱਚ ਬੋਲਣ ਜਾਂ ਲਿਖਣ ਦੀ ਪਾਬੰਦੀ ਹੋਵੇ, ਪਰ ਅਖਬਾਰ ‘ਨਿਊ ਯਾਰਕ ਟਾਈਮਜ਼’ ਅਤੇ ‘ਵਾਸ਼ਿੰਗਟਨ ਪੋਸਟ’ ਨੇ ਆਪਣੀ ਗੱਲ ਲੋਕਾਂ ਦੇ ਹੱਕ ਵਿੱਚ ਰੱਖੀ ਹੈ।
ਭਾਰਤ ਵਿੱਚ ਪੱਤਰਕਾਰੀ ਦੇ ਸੰਦਰਭ ਵਿੱਚ ਉਨ੍ਹਾਂ ਦੱਸਿਆ ਕਿ 1780 ਵਿੱਚ ਬੰਗਾਲ ਵਿੱਚ ‘ਬੰਗਾਲ ਗਜਟ’ ਨਾਂ ਦਾ ਅਖਬਾਰ ਨਿਕਲਿਆ। ਜਦੋਂ ਈਸਟ ਇੰਡੀਆ ਕੰਪਨੀ ਇੰਡੀਆ `ਤੇ ਰਾਜ ਕਰਦੀ ਸੀ, ਤਾਂ ‘ਬੰਗਾਲ ਗਜਟ’ ਪਹਿਲਾ ਪੇਪਰ ਸੀ ਜਿਸ ਨੇ ਈਸਟ ਇੰਡੀਆ ਕੰਪਨੀਆਂ ਦੀਆਂ ਧੱਕੇਸ਼ਾਹੀਆਂ ਵਿਰੁੱਧ ਲਿਖਿਆ। ਨਤੀਜੇ ਵਜੋਂ ਬ੍ਰਿਟਿਸ਼ ਸਰਕਾਰ ਨੇ ਇਸ ਪਰਚੇ ਨੂੰ ਜ਼ਬਤ ਕਰ ਲਿਆ। ਸ. ਸਹਿਰਾਅ ਨੇ ਕਿਹਾ ਕਿ ਪੱਤਰਕਾਰੀ ਦਾ ਇਹੋ ਧਰਮ ਹੁੰਦਾ ਹੈ; ਜਦੋਂ ਤੁਸੀਂ ਲੋਕਾਂ ਦੇ ਹੱਕ ਦੀ, ਸੱਚ ਦੀ ਗੱਲ ਕਰਦੇ ਹੋ ਤਾਂ ਅਖਬਾਰ `ਤੇ ਛਾਪੇ ਵੀ ਵੱਜਣਗੇ, ਬੰਦ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਹੋਰ ਵੀ ਅਖਬਾਰ ਨਿਕਲਣੇ ਸ਼ੁਰੂ ਹੋਏ। ਪੰਜਾਬੀ ਦੇ ਅਖਬਾਰਾਂ ਦੀ ਗੱਲ ਕਰਦਿਆਂ ‘ਦ ਟ੍ਰਿਬਿਊਨ’, ‘ਅਜੀਤ’, ‘ਪੰਜਾਬੀ ਟ੍ਰਿਬਿਊਨ’ ਦੇ ਜ਼ਿਕਰ ਦੇ ਨਾਲ ਨਾਲ ਕ੍ਰਿਸਚਨ ਭਾਈਚਾਰੇ ਵੱਲੋਂ ਲੁਧਿਆਣਾ ਵਿੱਚ ਸ਼ੁਰੂ ਕੀਤੇ ਗਏ ਪਰਚੇ ਬਾਰੇ ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਈਸਾਈ ਧਰਮ ਦਾ ਪ੍ਰਚਾਰ ਕਰਨਾ ਸੀ, ਪਰ ਇੱਕ ਗੱਲ ਇਸ ਅਖਬਾਰ ਨੇ ਚੰਗੀ ਕੀਤੀ ਕਿ ਉਸ ਨੇ ਸਿਹਤ ਅਤੇ ਸਿੱਖਿਆ ਦੇ ਸਬੰਧ ਵਿੱਚ ਵੀ ਗੱਲਾਂ ਕੀਤੀਆਂ। ਉਨ੍ਹਾਂ ਲੁਧਿਆਣਾ ਵਿੱਚ ਸੀ.ਐਮ.ਸੀ. ਮੈਡੀਕਲ ਕਾਲਜ ਖੋਲਿ੍ਹਆ ਤੇ ਨਾਲ ਦੀ ਨਾਲ ਸਕੂਲ ਵੀ ਖੋਲ੍ਹੇ। ਕਿਸੇ ਦੇਸ `ਤੇ ਰਾਜ ਕਰਨ ਦਾ, ਕਿਸੇ ਕੌਮ ਨੂੰ ਖਤਮ ਕਰਨ ਦਾ ਇਹੋ ਤਰੀਕਾ ਹੁੰਦਾ ਹੈ ਕਿ ਉਸ ਦੀ ਬੋਲੀ ਮਾਰ ਦਿੱਤੀ ਜਾਵੇ, ਉਨ੍ਹਾਂ ਨੂੰ ਮੁਫਤ ਸਹੂਲਤਾਂ ਦੇ ਦਿੱਤੀਆਂ ਜਾਣ, ਪਰ ਇਸ ਪਿੱਛੇ ਡੂੰਘੀਆਂ ਸਾਜ਼ਿਸ਼ਾਂ ਹੁੰਦੀਆਂ ਹਨ।
ਸ. ਸਹਿਰਾਅ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਪੰਜਾਬੀ ਅਖਬਾਰਾਂ ਦੀ ਗੱਲ ਕਰੀਏ ਤਾਂ 1914 ਵਿੱਚ ਕੈਲੀਫੋਰਨੀਆ ਵਿੱਚ ‘ਗਦਰ ਦੀ ਗੂੰਜ’ ਅਖਬਾਰ ਨਿਕਲਿਆ ਸੀ। ਜਿਹੜੇ ਸਾਡੇ ਬਜ਼ੁਰਗ, ਜਿਨ੍ਹਾਂ ਕਰਕੇ ਅਸੀਂ ਇੱਥੇ ਬੈਠੇ ਹਾਂ, ਸਾਡੇ ਸਿਰਾਂ `ਤੇ ਪੱਗਾਂ ਨੇ, ਜਿਨ੍ਹਾਂ ਕਰਕੇ ਸਾਨੂੰ ਬੋਲਣ-ਲਿਖਣ ਦੀ ਆਜ਼ਾਦੀ ਹੈ, ਜਿਨ੍ਹਾਂ ਕਰਕੇ ਸਾਨੂੰ ਇੱਥੇ ਰਹਿਣ ਦਾ ਹੱਕ ਮਿਲਿਆ, ਉਹ ਸਾਡੇ ਗਦਰੀ ਬਾਬੇ ਸਨ। ਉਨ੍ਹਾਂ ਸਟਾਕਟਨ ਵਿੱਚ ਅੱਜ ਵੀ ਮੌਜੂਦ ਉਸ ਛਾਪਾ ਮਸ਼ੀਨ (ਪ੍ਰੈਸ) ਦਾ ਜ਼ਿਕਰ ਕੀਤਾ, ਜਿਸ ਨਾਲ ਉਹ ਪੇਪਰ ਕੱਢਦੇ ਹੁੰਦੇ ਸੀ। ਪੇਪਰ ਵਿੱਚ ਲੇਖਾਂ, ਕਵਿਤਾਵਾਂ ਜ਼ਰੀਏ ਗੋਰਿਆਂ ਤੋਂ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਚਿਣਗ ਲਾਈ ਜਾਂਦੀ ਸੀ। ਉਨ੍ਹਾਂ ਕੈਨੇਡਾ, ਲੰਡਨ ਸਮੇਤ ਹੋਰਨਾਂ ਮੁਲਕਾਂ ਵਿੱਚ ਛਪਦੇ ਪੰਜਾਬੀ ਅਖਬਾਰਾਂ ਦਾ ਜ਼ਿਕਰ ਕਰਦਿਆਂ ਅਜਿਹੇ ਅਖਬਾਰਾਂ `ਤੇ ਵਿਅੰਗ ਕੱਸਿਆ, ਜਿਨ੍ਹਾਂ ਦਾ ਮਕਸਦ ਸਿਰਫ ਪੈਸਾ ਕਮਾਉਣਾ ਹੈ। ਅਸੀਂ ਭਾਵੇਂ ਕਿਸੇ ਵੀ ਮੁਲਕ ਵਿੱਚ ਹੋਈਏ, ਪਰ ਲੋਕ ਮੁੱਦੇ ਇੱਕੋ ਜਿਹੇ ਹੀ ਹੁੰਦੇ ਹਨ। ਪੱਤਰਕਾਰੀ ਇਹ ਨਹੀਂ ਕਿ ਲੋਕਾਂ ਦੇ ਮੁੱਦੇ ਹੀ ਭੁੱਲ ਜਾਓ! ਜੇ ਸਾਡੇ ਅਖਬਾਰ ਸਾਡੇ ਮੁੱਦਿਆਂ ਦੀ ਗੱਲ ਕਰਨਗੇ, ਉਨ੍ਹਾਂ ਦੀ ਆਵਾਜ਼ ਬਨਣਗੇ ਤਾਂ ਉਹ ਅਖਬਾਰ ਹੀ ਜਿਉਂਦਾ ਰਹਿ ਸਕਦੇ ਨੇ। ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ‘ਪੰਜਾਬੀ ਪਰਵਾਜ਼’ ਇਹ ਸਾਰੇ ਮੁੱਦੇ ਨਾਲ ਲੈ ਕੇ ਚੱਲ ਰਿਹਾ ਹੈ; ਤੇ ਇਸੇ ਤਰ੍ਹਾਂ ਹੀ ਚੱਲਣਾ ਚਾਹੀਦਾ ਹੈ, ਇਹੋ ਪੱਤਰਕਾਰੀ ਦਾ ਧਰਮ ਹੈ।
ਸ. ਸਹਿਰਾਅ ਨੇ ਸਾਹਿਤਕ ਪੱਤਰਕਾਰੀ ਦੀ ਗੱਲ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ‘ਫੁਲਵਾੜੀ’ ਤੇ ‘ਪ੍ਰੀਤਮ’ ਪਰਚੇ ਨਿਕਲੇ ਸਨ, ਜੋ ਪ੍ਰੋ. ਮੋਹਨ ਸਿੰਘ ਤੇ ਹੀਰਾ ਸਿੰਘ ਦਰਦ ਕੱਢਦੇ ਹੁੰਦੇ ਸਨ। ਅੰਮ੍ਰਿਤਾ ਪ੍ਰੀਤਮ ਨੇ ‘ਨਾਗਮਣੀ’ ਅਤੇ ਭਾਪਾ ਪ੍ਰੀਤਮ ਸਿੰਘ ਨੇ ‘ਆਰਸੀ’ ਪਰਚਾ ਕੱਢਿਆ। ਉਸ ਤੋਂ ਬਾਅਦ ਤਾਂ ਸਾਹਿਤਕ ਪਰਚਿਆਂ ਦੀ ਝੜੀ ਲੱਗ ਗਈ ਹੈ, ਜਿਵੇਂ ‘ਹੁਣ’, ‘ਰਾਗ’, ‘ਲਕੀਰ’, ‘ਅੱਖਰ’ ਸਮੇਤ ਅਨੇਕਾਂ ਪਰਚੇ ਨਿਕਲਦੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਭਾਸ਼ਾ ਵਿਭਾਗ ਵੱਲੋਂ ਪੱਤਰਕਾਰੀ ਸਬੰਧੀ ਸਨਮਾਨ ਦਿੱਤੇ ਜਾਂਦੇ ਸਨ, ਪਰ ਹੁਣ ਸਾਹਿਤਕ ਪੱਤਰਕਾਰੀ ਬਾਰੇ ਵੀ ਇਨਾਮ ਰੱਖ ਦਿੱਤਾ ਗਿਆ ਹੈ, ਜਿਸ ਤਹਿਤ ‘ਹੁਣ’ ਦੇ ਸੰਪਾਦਕ ਅਤੇ ‘ਪੰਜਾਬੀ ਪਰਵਾਜ਼’ ਨਾਲ ਹਾਲੀਆ ਜੁੜੇ ਪੱਤਰਕਾਰ ਸੁਸ਼ੀਲ ਦੁਸਾਂਝ ਨੂੰ ਸਨਮਾਨ ਮਿਲ ਚੁਕਾ ਹੈ।
ਉਨ੍ਹਾਂ ਆਪਣੀ ਤਕਰੀਰ ਇਹ ਸੁਝਾਅ ਦਿੰਦਿਆਂ ਸਮੇਟੀ ਕਿ ਜੇ ‘ਪੰਜਾਬੀ ਪਰਵਾਜ਼’ ਨੇ ਹੋਰ ਉਚੀ ਉਡਾਣ ਭਰਨੀ ਹੈ ਤਾਂ ਬਿਨਾ ਕਿਸੇ ਤੋਂ ਧਮਕੇ ਲੋਕਾਂ ਦੀਆਂ ਮੁਸ਼ਕਿਲਾਂ ਤੇ ਲੋਕਾਂ ਦੇ ਮੁੱਦੇ ਨਾਲ ਲੈ ਕੇ ਚੱਲਣਾ ਪਵੇਗਾ ਅਤੇ ਨਾਲ ਦੀ ਨਾਲ ਉਸਾਰੂ ਸਾਹਿਤ ਵੀ; ਇਹ ਨਹੀਂ ਕਿ ਲੱਚਰ ਸਾਹਿਤ ਜਾਂ ਚੱਲਦੇ ਫਿਰਦੇ ਗੀਤਾਂ ਦੀ ਪਰਵਾਹ ਕੀਤੀ ਜਾਵੇ। ਇਹ ਐਨਾ ਸੌਖਾ ਨਹੀਂ, ਮੁਸ਼ਕਿਲਾਂ ਵੀ ਆਉਣਗੀ, ਕਿਉਂਕਿ ਆਪਣੇ ਘਰ ਨੂੰ ਲੱਗ ਲਾ ਕੇ ਪਰਚਾ ਕੱਢਣਾ ਵਾਲੀ ਗੱਲ ਹੈ। ਲੋਕਾਂ ਦੀ ਹਾਜ਼ਰੀ ਦੇਖਦਿਆਂ ਉਨ੍ਹਾਂ ਆਸ ਪ੍ਰਗਟਾਈ ਕਿ ਇਹ ਪਰਵਾਜ਼ ਹੋਰ ਵੀ ਪਰਵਾਜ਼ ਭਰੇਗਾ ਤੇ ਅੰਬਰਾਂ ਤੱਕ ਇਸ ਦੀ ਉਡਾਰੀ ਹੋਵੇਗੀ। ਇੱਥੇ ਜ਼ਿਕਰਯੋਗ ਹੈ ਕਿ ਦੂਜੇ ਮੁੱਖ ਬੁਲਾਰੇ ਸੀਨੀਅਰ ਪੱਤਰਕਾਰ ਤੇ ਲੇਖਕ ਐਸ. ਅਸ਼ੋਕ ਭੌਰਾ ਸਿਹਤ ਸਬੰਧੀ ਸਮੱਸਿਆ ਦਰਪੇਸ਼ ਹੋਣ ਕਾਰਨ ਪਹੁੰਚ ਨਹੀਂ ਸਕੇ, ਪਰ ਉਨ੍ਹਾਂ ਇੱਕ ਫੋਨ ਸੁਨੇਹੇ ਰਾਹੀਂ ਆਪਣੀਆਂ ਸ਼ੁਭ-ਇੱਛਾਵਾਂ ਭੇਜੀਆਂ ਹਨ। ਸ੍ਰੀ ਭੌਰਾ ਨੇ ਪੱਤਰਕਾਰੀ ਬਾਰੇ ਗੱਲਾਂ ਕਰਨੀਆਂ ਸਨ, ਪਰ ਉਨ੍ਹਾਂ ਦੇ ਗੈਰ-ਹਾਜ਼ਰ ਹੋ ਜਾਣ ਕਾਰਨ ਸ. ਸਹਿਰਾਅ ਨੇ ਪੱਤਰਕਾਰੀ ਨਾਲ ਜੁੜੇ ਸਰੋਕਾਰਾਂ ਦੀ ਸੁਚੱਜੇ ਢੰਗ ਨਾਲ ਗੱਲ ਕੀਤੀ।
ਇਸੇ ਦੌਰਾਨ ਮੰਚ ਸੰਭਾਲਦਿਆਂ ਡਾ. ਹਰਜਿੰਦਰ ਸਿੰਘ ਖਹਿਰਾ ਨੇ ਉਚੇਚੇ ਤੌਰ `ਤੇ ਪਹੁੰਚੇ ਸ਼ਿਕਾਗੋ ਵਿੱਚ ਭਾਰਤੀ ਕੌਂਸਲ ਜਨਰਲ ਸੋਮਨਾਥ ਘੋਸ਼ ਦਾ ਸਵਾਗਤ ਕੀਤਾ ਅਤੇ ਭਾਰਤੀ ਅੰਬੈਸੀ ਰਾਹੀਂ ਉਨ੍ਹਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਐਮਰਜੈਂਸੀ ਸਮੇਂ ਛੁੱਟੀ ਹੋਣ ਦੇ ਬਾਵਜੂਦ ਸ੍ਰੀ ਘੋਸ਼ ਪੰਜਾਬੀ ਭਾਈਚਾਰੇ ਨੂੰ ਵੀਜ਼ਾ ਸੇਵਾਵਾਂ ਆਦਿ ਮੁਹੱਈਆ ਕਰਨ ਸਬੰਧੀ ਮਦਦਗਾਰ ਹੁੰਦੇ ਹਨ। ਉਨ੍ਹਾਂ ਮੁੱਖ ਮਹਿਮਾਨ ਲਖਬੀਰ ਸਿੰਘ ਢੀਂਡਸਾ (ਪਿੰਡ ਮਨਵੀ, ਮਲੇਰਕੋਟਲਾ) ਅਤੇ ਵਿਸ਼ੇਸ਼ ਮਹਿਮਾਨ ਜੇ.ਪੀ. ਖਹਿਰਾ ਬਾਰੇ ਸੰਖੇਪ ਜਾਣ-ਪਛਾਣ ਕਰਵਾਈ ਕਿ ਦੋਵੇਂ ਨੌਜਵਾਨ ਉਦਮੀ ਸ਼ਖਸੀਅਤਾਂ ਹਰ ਸੰਸਥਾ, ਚਾਹੇ ਉਹ ਸੱਭਿਆਚਾਰਕ, ਖੇਡ, ਸਮਾਜਿਕ ਤੇ ਧਾਰਮਿਕ ਹੋਵੇ, ਵਿੱਚ ਵਧ ਚੜ੍ਹ ਕੇ ਯੋਗਦਾਨ ਪਾਉਂਦੇ ਹਨ। ਵਿਸ਼ੇਸ਼ ਮਹਿਮਾਨ ਜੇ.ਪੀ. ਖਹਿਰਾ ਕਾਰੋਬਾਰੀ ਰੁਝੇਵੇਂ ਕਾਰਨ ਦੁਰਾਡੇ ਗਏ ਹੋਣ ਕਰ ਕੇ ਪਹੁੰਚ ਨਹੀਂ ਸਕੇ, ਪਰ ਉਨ੍ਹਾਂ ਆਪਣਾ ਵਿੱਤੀ ਯੋਗਦਾਨ ਪਰਚੇ ਨੂੰ ਭੇਜਿਆ।
ਇਸ ਮੌਕੇ ਕੌਂਸਲ ਜਨਰਲ ਸੋਮਨਾਥ ਘੋਸ਼ ਨੇ ਅਖਬਾਰ ਦੇ ਪ੍ਰਬੰਧਕਾਂ- ਕੁਲਜੀਤ ਤੇ ਅਨੁਰੀਤ ਨੂੰ ਵਧਾਈ ਦਿੰਦਿਆਂ ਪ੍ਰਸ਼ੰਸਾ ਵਿੱਚ ਕਿਹਾ ਕਿ ਇੰਨੀ ਗਿਣਤੀ ਵਿੱਚ ਆ ਕੇ ਲੋਕ ਅਖਬਾਰ ਦੀ ਵਰ੍ਹੇਗੰਢ ਮਨਾ ਰਹੇ ਹਨ, ਇਹ ਸਿਰਫ ਪੰਜਾਬੀ ਅਤੇ ਬੰਗਾਲੀ ਸੱਭਿਆਚਾਰ ਵਿੱਚ ਹੀ ਸੰਭਵ ਹੈ (ਜ਼ਿਕਰਯੋਗ ਹੈ ਕਿ ਸ੍ਰੀ ਘੋਸ਼ ਮੂਲ ਰੂਪ ਵਿੱਚ ਬੰਗਾਲ ਤੋਂ ਹਨ)। ਉਨ੍ਹਾਂ ਕਿਹਾ ਕਿ ਮੈਂ ਤਿੰਨ ਨੁਕਤੇ ਕਹਾਂਗਾ- ਪਹਿਲਾ, ਮੇਰੇ ਵਿਚਾਰ ਵਿੱਚ ਪੰਜਾਬ ਦਾ ਮੇਰੇ ਲਈ ਕੀ ਅਰਥ ਹੈ, ਜਿਵੇਂ ਮੈਂ ਭਾਰਤ ਲਈ ਦੇਖਦਾ ਹਾਂ? ਦੂਜਾ, ਵਿਦੇਸ਼ਾਂ ਵਿੱਚ ਪੰਜਾਬੀ ਕਿਵੇਂ ਯੋਗਦਾਨ ਪਾਉਂਦੇ ਹਨ? ਤੀਜਾ, ਸਾਰੀਆਂ ਭਾਸ਼ਾਵਾਂ ਵਿੱਚ ਪੱਤਰਕਾਰੀ ਦੀ ਮਹੱਤਤਾ, ਖਾਸ ਕਰਕੇ ਖੇਤਰੀ ਭਾਸ਼ਾਵਾਂ ਵਿੱਚ। ਇਸ ਸਭ ਦੇ ਸੰਦਰਭ ਵਿੱਚ ਪੰਜਾਬ ਦੇ ਯੋਗਦਾਨ ਤੋਂ ਬਿਨਾ ਇਹ ਵਿਚਾਰ ਅਧੂਰਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਪੁਰਖਿਆਂ `ਤੇ ਮਾਣ ਹੋਣਾ ਚਾਹੀਦਾ ਹੈ। ਮੇਰਾ ਮੰਨਣਾ ਹੈ ਕਿ ਉਨ੍ਹਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਹਨ, ਕਿੰਨਾ ਕੁਝ ਝੱਲਿਆ ਹੈ, ਪਰ ਫਿਰ ਵੀ ਉਨ੍ਹਾਂ ਨੇ ਆਪਣਾ ਯੋਗਦਾਨ ਪਾਇਆ ਹੈ। ਸ਼ਾਇਦ ਇਸੇ ਲਈ ਸਾਨੂੰ ਆਪਣੇ ਸੱਭਿਆਚਾਰ, ਭਾਸ਼ਾ ਨਾਲ ਇੰਨਾ ਲਗਾਓ ਹੈ। ਉਨ੍ਹਾਂ ਕਿਹਾ ਕਿ ਮੈਂ ਇੱਥੇ ਨੋਟ ਕੀਤਾ ਹੈ ਕਿ ਕਿਸੇ ਵੀ ਦੂਜੇ ਭਾਈਚਾਰੇ ਨਾਲੋਂ ਪੰਜਾਬੀਆਂ ਨੇ ਭਾਸ਼ਾ ਨਾਲ ਸਬੰਧਤ ਹੋਰ ਸਮਾਗਮ ਸ਼ਾਮਲ ਕੀਤੇ ਹਨ। ਉਨ੍ਹਾਂ ਪੰਜਾਬੀਆਂ ਦੇ ਮਾਣ ਵਿੱਚ ਕਿਹਾ ਕਿ ਪੰਜਾਬੀ ਇੱਥੇ ਅਤੇ ਹੋਰਨਾਂ ਦੇਸਾਂ ਵਿੱਚ ਭਾਰਤੀ ਡਾਇਸਪੋਰਾ ਦੇ ਅਲੰਬਰਦਾਰ ਵਜੋਂ ਉਭਰੇ ਹਨ।
ਸ੍ਰੀ ਘੋਸ਼ ਨੇ ਦੱਸਿਆ ਕਿ ਉਹ ਇੱਥੇ ਆਉਣ ਤੋਂ ਪਹਿਲਾਂ ਡਿਫੈਂਸ ਮੰਤਰਾਲੇ ਵਿੱਚ ਸਨ। ਪੰਜਾਬ ਦੇ ਲੋਕ ਸਾਡੀਆਂ ਹਥਿਆਰਬੰਦ ਫੌਜਾਂ ਵਿੱਚ ਯੋਗਦਾਨ ਪਾਉਂਦੇ ਹਨ। ਤੁਸੀਂ ਜਿੱਥੇ ਵੀ ਦੂਰ-ਦੁਰਾਡੇ ਜਾਓਗੇ, ਤੁਹਾਨੂੰ ਆਪਣੇ ਰਾਜ ਦੇ ਲੋਕ ਮਾਣ ਨਾਲ ਸੇਵਾ ਕਰਦੇ ਹੋਏ ਮਿਲਣਗੇ। ਇਸ ਲਈ ਮੇਰੇ ਲਈ ਪੰਜਾਬ ਦੇ ਮਾਇਨੇ ਵਿਸ਼ਾਲ ਹਨ, ਇਹ ਭਾਰਤ ਦੀ ਪਛਾਣ ਹੈ। ਉਨ੍ਹਾਂ ਦੇਸ-ਵਿਦੇਸ਼ ਵਿੱਚ ਪੰਜਾਬੀਆਂ ਦੇ ਸਕਾਰਾਤਮਕ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪੱਤਰਕਾਰੀ ਦੀ ਭੂਮਿਕਾ ਮਹੱਤਵਪੂਰਨ ਹੈ। ਚੰਗੀਆਂ ਚੀਜ਼ਾਂ ਜੋ ਹੋ ਰਹੀਆਂ ਹਨ, ਜਾਂ ਜੋ ਤੁਸੀਂ ਕਰ ਰਹੇ ਹੋ; ਭਾਰਤੀ ਭਾਈਚਾਰਾ, ਪੰਜਾਬੀ ਭਾਈਚਾਰਾ ਜੋ ਵੀ ਕਰ ਰਿਹਾ ਹੈ, ਉਸ ਬਾਰੇ ਲਿਖਿਆ ਜਾਣਾ ਚਾਹੀਦਾ ਹੈ, ਗੱਲ ਕੀਤੀ ਜਾਣੀ ਚਾਹੀਦੀ ਹੈ। ਬਹੁਤ ਸਾਰੇ ਲੋਕ ਬਹੁਤ ਪਹਿਲਾਂ ਆਪਣਾ ਮੂਲ ਦੇਸ ਛੱਡ ਚੁੱਕੇ ਹਨ। ਕਈ ਵਾਰ ਤਸਵੀਰਾਂ ਅਤੇ ਯਾਦਾਂ ਅੱਜ ਦੇ ਸਮੇਂ ਨਾਲੋਂ ਵੱਖਰੀਆਂ ਹੁੰਦੀਆਂ ਹਨ। ਬਿਰਤਾਂਤ ਵਿੱਚ ਇੱਕ ਪਾੜਾ ਹੁੰਦਾ ਹੈ, ਪਰ ਭਾਰਤੀ ਡਾਇਸਪੋਰਾ ਦੀ ਅਮਰੀਕਾ ਵਿੱਚ ਜੋ ਥਾਂ ਹੈ, ਉਹ ਜ਼ਿਕਰਯੋਗ ਹੈ। ਮੈਂ ਬਹੁਤ ਸਾਰੇ ਪੰਜਾਬੀ ਪਰਿਵਾਰਾਂ ਦੇ ਬੱਚੇ ਦੇਖੇ ਹਨ, ਜੋ ਵੈਸਟ ਪੁਆਇੰਟ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਉਹ ਬਹੁਤ ਵਧੀਆ ਕਰ ਰਹੇ ਹਨ। ਉਨ੍ਹਾਂ ਨਵੀਂ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਪੜ੍ਹਨਾ, ਲਿਖਣਾ ਜਾਂ ਆਪਣੀ ਵਿਰਾਸਤ ਬਾਰੇ ਸਭ ਕੁਝ ਸਿਖਾਉਣ ਦਾ ਸੁਝਾਅ ਦਿੱਤਾ।
ਸ੍ਰੀ ਘੋਸ਼ ਨੇ ਕਿਹਾ ਕਿ ਇਸ ਸਾਲ ਦੇ ਖਤਮ ਹੋਣ ਤੋਂ ਪਹਿਲਾਂ ਇਹ ਇੱਕ ਖਾਸ ਸਾਲ ਹੈ। ਨਵੰਬਰ ਵਿੱਚ ਅਸੀਂ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹਾਦਤ ਦੀ 350ਵੀਂ ਵਰ੍ਹੇਗੰਢ ਮਨਾਉਣ ਜਾ ਰਹੇ ਹਾਂ। ਉਨ੍ਹਾਂ ਸੱਦਾ ਦਿੱਤਾ, ‘ਕਿਉਂਕਿ ਮਿਡਵੈਸਟ ਦੀਆਂ ਸਟੇਟਾਂ ਦੇ ਮੇਰੇ ਸਾਰੇ ਦੋਸਤ ਇੱਥੇ ਹਨ, ਅਸੀਂ ਇਹ ਸ਼ਹੀਦੀ ਸਮਾਗਮ ਇਕੱਠੇ ਹੋ ਕੇ ਵੱਡੇ ਪੱਧਰ `ਤੇ ਕਿਉਂ ਨਹੀਂ ਮਨਾਉਂਦੇ? ਅਜੇ ਵੀ ਸਮਾਂ ਹੈ। ਮੈਂ ਸ਼ਿਕਾਗੋ ਤੋਂ ਆਪਣੇ ਦੋਸਤਾਂ ਨੂੰ ਖਾਸ ਤੌਰ `ਤੇ ਬੁਲਾਵਾਂਗਾ ਅਤੇ ਆਓ ਹੋਰ ਭਾਈਚਾਰਿਆਂ ਨੂੰ ਵੀ ਇਕੱਠੇ ਕਰੀਏ, ਕਿਉਂਕਿ ਸ਼ਹਾਦਤ ਦੀ ਕਹਾਣੀ ਕਦੇ ਨਹੀਂ ਮਰਦੀ; ਇਸਨੇ ਸਾਡੇ ਰਾਸ਼ਟਰ ਨੂੰ ਉਸਾਰਿਆ ਹੈ। ਆਓ ਇਕੱਠੇ ਕੰਮ ਕਰੀਏ ਤਾਂ ਜੋ ਇੱਥੇ ਕਿਤੇ ਜਾਂ ਜਿੱਥੇ ਵੀ ਤੁਸੀਂ ਫੈਸਲਾ ਕਰੋ, ਇਹ ਵਰ੍ਹੇਗੰਢ ਵੱਡੇ ਪੱਧਰ `ਤੇ ਮਨਾਈਏ!’
ਸਮਾਗਮ ਵਿੱਚ ਪਹੁੰਚੇ ਮਹਿਮਾਨਾਂ ਨੇ ਸਾਰੇ ਬੁਲਾਰਿਆਂ ਦੀ ਤਕਰੀਰ ਦੀ ਭਰਪੂਰ ਸ਼ਲਾਘਾ ਕੀਤੀ। ਸ੍ਰੀ ਘੋਸ਼ ਦੀ ਤਕਰੀਰ ਉਪਰੰਤ ਅਖਬਾਰ ਦੇ ਕੁਝ ਬੋਰਡ ਮੈਂਬਰਾਂ ਅਤੇ ਮਹਿਮਾਨਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ 350ਵੀਂ ਵਰ੍ਹੇਗੰਢ ਮਨਾਉਣ ਸਬੰਧੀ ਆਪਣੀ ਤਰਫੋਂ ਸਹਿਯੋਗ ਦੇਣ ਦੀ ਗੱਲ ਵੀ ਆਖੀ।
ਤਕਰੀਰਾਂ ਉਪਰੰਤ ਅਖਬਾਰ ਦੇ ਸਾਰੇ ਬੋਰਡ ਮੈਂਬਰਾਂ ਨੂੰ ਸਟੇਜ ਉਤੇ ਆਉਣ ਦਾ ਸੱਦਾ ਦਿੱਤਾ ਗਿਆ, ਜਿਨ੍ਹਾਂ ਨੇ ਹੁਣ ਤੱਕ ਅਖਬਾਰ ਦੀ ਵਿੱਤੀ ਅਤੇ ਇਖਲਾਕੀ ਤੌਰ `ਤੇ ਮਦਦ ਕੀਤੀ ਹੈ। ਇਨ੍ਹਾਂ ਵਿੱਚ ਬਲਵਿੰਦਰ ਸਿੰਘ (ਬੌਬ) ਸੰਧੂ, ਦਵਿੰਦਰ ਸਿੰਘ ਰੰਗੀ, ਜਗਜੀਤ ਸਿੰਘ ਖੇੜਾ, ਬੇਅੰਤ ਸਿੰਘ ਬੋਪਾਰਾਏ, ਅਮਰੀਕ ਸਿੰਘ ਸ਼ਿਕਾਗੋ, ਕਿਰਪਾਲ ਸਿੰਘ ਰੰਧਾਵਾ, ਦੀਦਾਰ ਸਿੰਘ ਧਨੋਆ, ਯਾਦਵਿੰਦਰ ਸਿੰਘ (ਰਿੰਪੀ) ਖੱਟੜਾ, ਅਮਰਜੀਤ ਸਿੰਘ ਢੀਂਡਸਾ, ਗੁਰਵਿੰਦਰ ਸਿੰਘ (ਬੱਬੂ) ਐਪਲਟਨ, ਲਾਲੀ ਧਾਲੀਵਾਲ (ਮਿਸ਼ੀਗਨ), ਬਿਕਰਮ ਸਿੰਘ ਸਿੱਧੂ, ਅੰਮ੍ਰਿਤਪਾਲ ਸਿੰਘ ਗਿੱਲ, ਜੋਧ ਸਿੰਘ ਸਿੱਧੂ, ਬਲਵਿੰਦਰ ਸਿੰਘ ਚੱਠਾ, ਮਨਮਿੰਦਰ ਸਿੰਘ ਹੀਰ, ਗੁਰਪ੍ਰੀਤ ਕੇ. ਸਿੰਘ, ਜਿਗਰਦੀਪ ਸਿੰਘ ਢਿੱਲੋਂ ਤੇ ਅਮਨਦੀਪ ਸਿੰਘ ਕੁਲਾਰ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਕੁਝ ਬੋਰਡ ਮੈਂਬਰ ਜ਼ਰੂਰੀ ਰੁਝੇਵਿਆਂ ਕਾਰਨ ਜਾਂ ਪਰਿਵਾਰਕ ਸਮਾਗਮਾਂ ਕਾਰਨ ਪਹੁੰਚ ਨਹੀਂ ਸਕੇ, ਪਰ ਉਨ੍ਹਾਂ ਨੇ ਆਪਣੀਆਂ ਸ਼ੁਭ-ਇੱਛਾਵਾਂ ਭੇਜੀਆਂ ਹਨ, ਉਹ ਹਨ- ਗੁਰਿੰਦਰਜੀਤ ਸਿੰਘ ਗਰੇਵਾਲ (ਮੈਡੀਸਨ), ਮਨਜਿੰਦਰ ਸਿੰਘ (ਮੈਕ) ਭਮਰਾ, ਦਰਸ਼ਨ ਸਿੰਘ ਪੰਮਾ, ਬਲਜੀਤ ਸਿੰਘ ਸਿੱਧੂ (ਫਲੋਰਿਡਾ), ਮਿੰਨੀ ਮੁਲਤਾਨੀ, ਇੰਦਰ ਹੁੰਜਣ, ਪਰਮਿੰਦਰ ਸਿੰਘ ਕੈਲੀਫੋਰਨੀਆ, ਪਰਮਜੀਤ ਸਿੰਘ ਸਿੱਧੂ ਮਹਿਰਾਜ ਤੇ ਹਰਕੇਵਲ ਸਿੰਘ ਲਾਲੀ।
ਇਸ ਮੌਕੇ ਕੌਂਸਲ ਜਨਰਲ ਸ੍ਰੀ ਘੋਸ਼ ਅਤੇ ਮੁੱਖ ਮਹਿਮਾਨ ਬਿਜ਼ਨਸਮੈਨ ਲਖਬੀਰ ਸਿੰਘ ਢੀਂਡਸਾ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਸਮਾਗਮ ਦੇ ਪਲਾਟੀਨਮ ਸਪਾਂਸਰ ‘ਯੂ.ਐਸ. ਐਨਰਜੀ (ਆਇਲ)’ ਦੇ ਨੁਮਾਇੰਦਿਆਂ- ਰਿਕ ਰੋਮੇਰੋ ਤੇ ਕੇਲਨ ਗ੍ਰੈਡੀ ਦਾ ਵੀ ਉਚੇਚਾ ਸਨਮਾਨ ਕੀਤਾ ਗਿਆ, ਕਿਉਂਕਿ ਗੈਰ-ਪੰਜਾਬੀ ਹੋਣ ਦੇ ਬਾਵਜੂਦ ਉਨ੍ਹਾਂ ‘ਪੰਜਾਬੀ ਪਰਵਾਜ਼ ਨਾਈਟ’ ਨੂੰ ਸਹਿਯੋਗ ਦਿੱਤਾ। ਦੱਸ ਦਈਏ, ਇਹ ਬਿਜ਼ਨਸਮੈਨ ਅਖਬਾਰ ਦੇ ਬੋਰਡ ਮੈਂਬਰ ਬਲਵਿੰਦਰ ਸਿੰਘ ਸੰਧੂ, ਜਸਵਿੰਦਰ ਸਿੰਘ ਸੰਧੂ ਤੇ ਸੋਨੀ ਜੱਜ ਦੇ ਕਾਰੋਬਾਰੀ-ਮਿੱਤਰਚਾਰੇ ਵਿੱਚੋਂ ਹਨ। ਇਸ ਤੋਂ ਇਲਾਵਾ ਲੇਖਕ ਰਵਿੰਦਰ ਸਹਿਰਾਅ, ਗਾਇਕ ਪੂਜਾ ਧਾਲੀਵਾਲ ਤੇ ਨਿੰਮਾ ਡੱਲੇਵਾਲ ਦਾ ਵੀ ਬੋਰਡ ਵੱਲੋਂ ਸਨਮਾਨ ਕੀਤਾ ਗਿਆ।
ਸਨਮਾਨ ਦੀ ਰਸਮ ਉਪਰੰਤ ਲੰਮਾ ਸਮਾਂ ਰੇਡੀਓ ਰੌਣਕ ਮੇਲਾ ਚਲਾਉਂਦੇ ਰਹੇ ਪੰਮੀ ਗਿੱਲ ਨੇ ਇਸ ਸ਼ੇਅਰ ਨਾਲ ਆਗਾਜ਼ ਕੀਤਾ,
ਜਿਨ੍ਹਾਂ ਲਫਜ਼ਾਂ ਵਿੱਚ ਤੇਰਾ ਨਾਂ ਲਿਖਾਂ,
ਉਨ੍ਹਾਂ ਲਫਜ਼ਾਂ `ਚੋਂ ਖੁਸ਼ਬੋ ਆਵੇ।
ਲੱਖ ਦੁਆਵਾਂ ਉਸ ਹਵਾ ਨੂੰ,
ਜਿਹੜੀ ਤੇਰੀ ਗਲੀ ਵਿੱਚੋਂ ਹੋ ਆਵੇ।
ਪੰਮੀ ਗਿੱਲ ਨੇ ਸਮਾਗਮ ਨੂੰ ਦੋ ਰੰਗਾਂ- ਪੱਤਰਕਾਰੀ ਬਾਰੇ ਵਿਚਾਰਾਂ ਤੇ ਗੀਤ-ਸੰਗੀਤ ਦਾ ਸੁਮੇਲ ਦੱਸਦਿਆਂ ਸ਼ਲਾਘਾ ਕੀਤੀ ਅਤੇ ਅਖਬਾਰ ਵੱਲੋਂ ਰੋਸ਼ਨ ਪੈੜਾਂ ਪਾਉਣ ਦੀ ਆਸ ਪ੍ਰਗਟਾਈ। ਉਨ੍ਹਾਂ ਬਿਨਾ ਸੰਗੀਤ ਤੋਂ ਇੱਕ ਗੀਤ ‘ਜੁੱਤੀ ਕਸੂਰੀ ਪੈਰੀਂ ਨਾ ਪੂਰੀ’ ਗਾ ਕੇ ਹਾਜ਼ਰੀ ਲੁਆਈ।
ਮਿਲਵਾਕੀ ਤੋਂ ਆਏ ਪੂਜਾ ਧਾਲੀਵਾਲ ਨੇ ਆਪਣੇ ਬਹੁਤ ਹੀ ਖੂਬਸੂਰਤ ਗੀਤ ‘ਬਸ ਵਕਤ ਸਾਂਭ ਬੰਦਿਆ, ਇਹ ਜੋ ਪਲ ਹੈ ਓਹੀਓ ਤੇਰਾ’ ਜ਼ਰੀਏ ਵਕਤ ਨਾਲ ਜੁੜੀਆਂ ਮਹੱਤਤਾਵਾਂ ਨੂੰ ਪੇਸ਼ ਕੀਤਾ; ਤੇ ਗੀਤ ਦੇ ਬੋਲ ਨਸੀਹਤਾਂ ਭਰਪੂਰ ਸਨ। ਉਸ ਨੇ ਇੱਕ ਹੋਰ ਭਾਵਪੂਰਤ ਗੀਤ ਪੇਸ਼ ਕੀਤਾ, ਜਿਸ ਵਿੱਚ ‘ਬਾਬੇ ਨਾਨਕ ਦੇ ਪੰਜਾਬ’ ਦੀ ਗੱਲ ਸੀ। ਇਹ ਗੀਤ ਪੁਰਾਣੇ ਪੰਜਾਬ ਅਤੇ ਅੱਜ ਦੇ ਪੰਜਾਬ ਦੀ ਤਸਵੀਰਕਸ਼ੀ ਕਰਦਾ ਸੀ। ਅੱਜ ਦੇ ਰੌਲੇ-ਰੱਪੇ ਵਾਲੇ ਬਹੁਤੇ ਗੀਤਾਂ ਨਾਲੋਂ ਪੂਜਾ ਦੇ ਇਸ ਗੀਤ ਦੀ ਸੰਜੀਦਗੀ, ਬੋਲਾਂ ਦੇ ਅਰਥ ਬੜੇ ਵਿਸ਼ਾਲ ਸਨ। ਇਸ ਤੋਂ ਪਹਿਲਾਂ ਕੁਲਵਿੰਦਰ ਧਾਲੀਵਾਲ ਤੇ ਪੂਜਾ ਧਾਲੀਵਾਲ ਦੀ ਧੀ ਸਿਮਰਨ ਨੇ ਗੀਤ ‘ਠੋਕਰਾਂ ਹੀ ਤੈਨੂੰ ਚੱਲਣਾ ਸਿਖਾਉਣਗੀਆਂ’ ਪੇਸ਼ ਕੀਤਾ।
ਓਹਾਇਓ ਤੋਂ ਆਏ ਗਾਇਕ ਨਿੰਮਾ ਡੱਲੇਵਾਲ ਨੇ ਆਪਣਾ ਗੀਤ ‘ਸੁਪਨੇ `ਚ ਰਾਤੀਂ ਮੈਂ ਘੁੰਮ ਕੇ ਪੰਜਾਬ ਆਇਆ’ ਪੇਸ਼ ਕੀਤਾ। ਉਸ ਵਿੱਚ ਉਸ ਨੇ ਪਰਦੇਸੀਆਂ ਦੀ ਆਪਣੇ ਪਿੰਡ ਤੇ ਆਪਣੇ ਪੰਜਾਬ ਨਾਲ ਜੁੜੀਆਂ ਯਾਦਾਂ ਨੂੰ ਬਿਨਾ ਸੰਗੀਤ ਦੀਆਂ ਤਰਜਾਂ ਤੋਂ ਪੇਸ਼ ਕੀਤਾ। ਗੀਤ ਵਿੱਚ ਪੰਜਾਬ ਤੋਂ ਵਿਛੜਨ ਦਾ ਦਰਦ ਸੀ। ਉਸ ਨੇ ਆਪਣੇ ਕੁਝ ਸ਼ੇਅਰ ਵੀ ਸੁਣਾਏ, ਜਿਸ ਵਿੱਚੋਂ ਇੱਕ ਦੇ ਬੋਲ ਸਨ, ‘ਜਦ ਵੀ ਰੁਕਿਆ ਬੰਦਾ ਹੀ ਰੁਕਿਆ, ਵਕਤ ਕਦੇ ਨਾ ਰੁਕਦਾ ਯਾਰੋ।’ ਉਸ ਨੇ ਆਪਣਾ ਇੱਕ ਹੋਰ ਗੀਤ ‘ਮੇਰਾ ਸਾਈਕਲ’ ਵੀ ਸੁਣਾਇਆ। ਫਿਰ ਉਸ ਨੇ ਸਮਾਗਮ ਵਿੱਚ ਪਹੁੰਚੀਆਂ ਬੀਬੀਆਂ ਦੇ ਮਾਣ ਵਿੱਚ ‘ਬਿਨਾ ਲੜ ਸੋਹਣਿਆਂ, ਤੇਰੀ ਲਾੜੀ ਬਣ ਕੇ ਆਈ ਆਂ’ ਸੁਣਾਇਆ।
ਮੁੱਖ ਗਾਇਕ ਸੱਤੀ ਸਤਵਿੰਦਰ ਨੇ ਸਟੇਜ `ਤੇ ਆਉਂਦਿਆਂ ਹੀ ਸਟੇਜ ਤੋਂ ਫਤਹਿ ਬੁਲਾਈ ਅਤੇ ‘ਛੇਵੇਂ ਦਰਿਆ’ (ਬਾਰ) ਨੇੜੇ ਖੜੇ ਸੱਜਣਾਂ ਨੂੰ ਸਟੇਜ ਦੇ ਨੇੜੇ ਆਉਣ ਦੀ ਅਰਜੋਈ ਕੀਤੀ। ਉਸ ਨੇ ਮਹਿਮਾਨਾਂ ਨਾਲ ਰਾਬਤਾ ਬਣਾਉਂਦਿਆਂ ਪਹਿਲਾਂ ਕੁਝ ਪੰਜਾਬੀਅਤ ਬਾਰੇ ਗੱਲਾਂਬਾਤਾਂ ਕੀਤੀਆਂ ਅਤੇ ਕਿਹਾ ‘ਜਿਹੜਾ ਬੰਦਾ ਦੇਸ ਭੁੱਲ ਗਿਆ, ਉਹ ਜਿੱਥੇ ਮਰਜੀ ਵਗ ਜਾਵੇ, ਓਹਦਾ ਦੇਸ ਹੈ ਨਹੀਂ।’ ਉਸ ਨੇ ਆਪਣੀ ਗਾਇਕੀ ਦਾ ਆਗਾਜ਼ ਮਾਂ ਬਾਰੇ ਗੀਤ ਗਾ ਕੇ ਕੀਤਾ। ਫਿਰ ਪਿਓ ਨੂੰ ਸਮਰਪਿਤ ਗੀਤ ‘ਤੇਰੇ ਕਰਕੇ ਬਾਪੂ ਕੋਠੀਆਂ-ਕਾਰਾਂ ਵਾਲੇ ਆਂ’ ਪੇਸ਼ ਕੀਤਾ। ਇਸ ਦੌਰਾਨ ਕਈ ਮਹਿਮਾਨਾਂ ਨੇ ਪ੍ਰਭਾਵਿਤ ਹੋ ਕੇ ਗਾਇਕ ਦਾ ਡਾਲਰਾਂ ਨਾਲ ਮਾਣ-ਤਾਣ ਵੀ ਕੀਤਾ।
ਉਪਰੰਤ ਉਸ ਨੇ ਕਿਸਾਨੀ ਦੀ ਗੱਲ ਕਰਦਿਆਂ ਪਿੰਡ ਦੀ ਜ਼ਮੀਨ ਨਾ ਵੇਚਣ ਅਤੇ ਪੰਜਾਬੀ ਬੋਲਣ ਤੇ ਸਿੱਖਣ ਦੀ ਨਸੀਹਤ ਕੀਤੀ। ਉਸ ਨੇ ਕਿਹਾ ਕਿ ਅਜਿਹੀਆਂ ਗੱਲਾਂ `ਤੇ ਪਹਿਰਾ ਦਈਏ, ਝੰਡੇ ਚੁੱਕਣ ਨਾਲ ਕੁਝ ਨਹੀਂ ਹੋਣਾ, ਸਾਡਾ ਖਾਲਿਸਤਾਨ ਉਥੇ ਦਾ ਉਥੇ ਹੈ। ਉਸ ਨੇ ਗੀਤ ‘ਛਬੀਆਂ-ਗੰਡਾਸੀਆਂ ਨਾਲ ਰਹੀਏ ਖੇਡਦੇ, ਪਰ ਸਾਨੂੰ ਲੜਨੇ ਦਾ ਕੋਈ ਸ਼ੌਕ ਨਹੀਂ’, ‘ਛੱਲਾ’, ‘ਮੁੰਡਾ ਹਰ ਥਾਂ ਐਂਡ ਕਰਾਉਂਦਾ, ਐਵੇਂ ਨਾ ਤੂੰ ਜਾਣੀ ਬੱਲੀਏ’ ਤੇ ਕੁਝ ਹੋਰ ਗੀਤ ਸੁਣਾਏ। ਉਸ ਨੇ ਕੁਝ ਸ਼ੇਅਰ ਅਤੇ ਹਾਸ ਤੇ ਵਿੰਅਗ ਭਰਪੂਰ ਗੱਲਾਂ ਵੀ ਸੁਣਾਈਆਂ। ਸੱਤੀ ਨੇ ‘ਓ ਮੇਰੀ ਮਹਿਬੂਬਾ’ ਸਮੇਤ ਕੁਝ ਹਿੰਦੀ ਗੀਤਾਂ ਦੇ ਮੁਖੜੇ ਵੀ ਸੁਣਾਏ। ਜਦੋਂ ਉਸ ਨੇ ਬੋਲੀਆਂ ਪਾਉਣੀਆਂ ਸ਼ੁਰੂ ਕੀਤੀਆਂ ਤਾਂ ਮਹਿਮਾਨ ਬੀਬੀਆਂ ਗਿੱਧੇ ਦੇ ਪਿੜ ਵਿੱਚ ਆ ਕੇ ਨੱਚਣ ਲੱਗੀਆਂ ਤੇ ਅਖਬਾਰ ਦੇ ਪ੍ਰੋਗਰਾਮ ਨੂੰ ਪਰਿਵਾਰਕ ਪ੍ਰੋਗਰਾਮ ਦਾ ਰੰਗ ਚੜ੍ਹ ਗਿਆ। ਬੀਬੀਆਂ ਦੇ ਨੱਚਣ ਉਪਰੰਤ ਭੰਗੜੇ ਦੇ ਸ਼ੌਕੀਨਾਂ ਨੇ ਪਿੜ ਮੱਲ ਲਿਆ ਤੇ ਉਨ੍ਹਾਂ ਗਾਇਕ ਵੱਲੋਂ ਪੇਸ਼ ਕੀਤੇ ਮਸ਼ਹੂਰ ਗੀਤਾਂ/ਬੋਲੀਆਂ ਉਤੇ ਪੈਰ ਥਿਰਕਾਅ ਕੇ ਅਖਬਾਰ ਦੀ ਵਰ੍ਹੇਗੰਢ ਦੇ ਜਸ਼ਨ ਨੂੰ ਚਾਰ ਚੰਨ ਲਾਏ।
ਗਾਇਕ ਸੱਤੀ ਅਖਬਾਰ ਦੇ ਬੋਰਡ ਮੈਂਬਰ ਗੁਰਵਿੰਦਰ ਸਿੰਘ (ਬੱਬੂ) ਐਪਲਟਨ ਦੇ ਸੱਦੇ `ਤੇ ਆਏ ਹੋਏ ਸਨ। ਸੱਤੀ ਸਨਿਚਰਵਾਰ ਦੀ ਸਵੇਰੇ ਹੀ ਭਾਰਤ ਤੋਂ ਪਹੁੰਚੇ ਸਨ। ਥਕੇਵੇਂ ਦੇ ਬਾਵਜੂਦ ਸੱਤੀ ਨੇ ਗਾਇਕੀ ਦਾ ਖੂਬ ਅਖਾੜਾ ਲਾਇਆ। ਫਿਲਮਸਾਜ਼ ਮ੍ਰਿਦੂ ਚੰਦਰਾ ਨੇ ਮਰਹੂਮ ਪੰਜਾਬੀ/ਸਿੱਖ ਕਾਂਗਰਸਮੈਨ ਦਲੀਪ ਸਿੰਘ ਸੋਂਧ ਬਾਰੇ ਜਾਣਕਾਰੀ ਦੇਣ ਲਈ ਟੇਬਲ ਲਾਇਆ ਹੋਇਆ ਸੀ, ਜਿਸ ਦੌਰਾਨ ਉਹ ਸ੍ਰੀ ਸੋਂਧ ਬਾਰੇ ਬਣਾਈ ਜਾ ਰਹੀ ਫਿਲਮ ਸਬੰਧੀ ਦੱਸ ਰਹੇ ਸਨ। ਇਸ ਤੋਂ ਇਲਾਵਾ ‘ਈ3 ਟੂਰ’ ਦੇ ਸਾਜਿਦ ਘਨੀ ਅਤੇ ‘ਨੈਟਵਰਕਥ 360’ ਦੇ ਜੈਏਸ਼ ਭੱਟ ਆਪੋ-ਆਪਣੇ ਕਾਰੋਬਾਰ ਬਾਰੇ ਮਸ਼ਹੂਰੀ ਕਰਨ ਪਹੁੰਚੇ ਹੋਏ ਸਨ।
ਸਮਾਗਮ ਵਿੱਚ ਦੂਜੇ ਭਾਈਚਾਰਿਆਂ ਦੇ ਸੱਜਣ ਵੀ ਸ਼ਾਮਲ ਹੋਏ, ਪਰ ਪ੍ਰੋਗਰਾਮ ਮਿਥੇ ਸਮੇਂ ਤੋਂ ਥੋੜ੍ਹਾ ਦੇਰ ਨਾਲ ਸ਼ੁਰੂ ਹੋਣ ਕਾਰਨ ਅਤੇ ਕੁਝ ਮਹਿਮਾਨਾਂ ਦੇ ਬੈਠਣ ਲਈ ਪ੍ਰਬੰਧ ਦਰਵਾਜ਼ੇ ਦੇ ਨੇੜੇ ਹੋਣ ਕਾਰਨ ਉਨ੍ਹਾਂ ਨੂੰ ਅਸੁਵਿਧਾ ਹੋਈ। ਇਸ ਤੋਂ ਇਲਾਵਾ ਮੁੱਖ ਗਾਇਕ ਦੇ ਗਾਉਣ ਦੇ ਸਮੇਂ ਦੌਰਾਨ ਕੁਝ ਮਹਿਮਾਨ ਖਾਣਾ ਖਾ ਕੇ ਜਾਣ ਲੱਗ ਪਏ। ਮਿਥੇ ਪ੍ਰੋਗਰਾਮ ਨੂੰ ਧਿਆਨ ਵਿੱਚ ਰੱਖਦਿਆਂ ਦੋ ਬੁਲਾਰਿਆਂ ਨੂੰ ਸਮਾਂ ਨਾ ਦਿੱਤਾ ਜਾ ਸਕਿਆ, ਜਦਕਿ ਕੁਝ ਮਹਿਮਾਨ ਇੱਕ ਸ਼ਾਇਰ ਦੀ ਸ਼ਾਇਰੀ ਸੁਣਨ ਦੇ ਵੀ ਚਾਹਵਾਨ ਸਨ। ਇੱਕਾ-ਦੁੱਕਾ ਤਰੁਟੀਆਂ ਸਬੰਧੀ ਕੁਝ ਮਹਿਮਾਨਾਂ ਦੇ ਸੁਝਾਅ ਵੀ ਮਿਲੇ ਹਨ, ਜਿਨ੍ਹਾਂ ਸਬੰਧੀ ਅਗਲੇ ਸਾਲ ਉਚੇਚਾ ਧਿਆਨ ਰੱਖਣ ਦਾ ਤਹੱਈਆ ਕੀਤਾ ਗਿਆ। ਖ਼ੈਰ! ਮਹਿਮਾਨਾਂ ਨੇ ਮਨਜੀਤ ਸਿੰਘ ਪਾਲੀਆ ਦੀ ਅਗਵਾਈ ਹੇਠ ‘ਟੇਸਟ ਆਫ ਇੰਡੀਆ’ ਦੀ ਟੀਮ ਵੱਲੋਂ ਪਰੋਸੇ ਗਏ ਸਵਾਦੀ ਖਾਣੇ ਦੀ ਭਰਪੂਰ ਸ਼ਲਾਘਾ ਕੀਤੀ।

Leave a Reply

Your email address will not be published. Required fields are marked *