*ਅਨਟੋਨੀਓ ਗੁਟਰੇਜ ਵੱਲੋਂ ਵੱਖਰੇ ਫਲਿਸਤੀਨੀ ਰਾਜ ਦੀ ਵਕਾਲਤ
*ਹਰ ਤੀਜਾ ਫਲਿਸਤੀਨੀ ਗੰਭੀਰ ਭੁੱਖਮਰੀ ਦਾ ਸ਼ਿਕਾਰ
ਪੰਜਾਬੀ ਪਰਵਾਜ਼ ਬਿਊਰੋ
ਸੰਯੁਕਤ ਰਾਸ਼ਟਰ ਦੀ ਖੁਰਾਕ ਸੁਰੱਖਿਆ ਬਾਰੇ ਮੁਨੀਟਰਿੰਗ ਕਰਨ ਵਾਲੀ ਸੰਸਥਾ ‘ਇੰਟੈਗਰੇਟਿਡ ਫੂਡ ਸਿਕਿਉਰਿਟੀ ਫੇਜ਼ ਕਲਾਸੀਫਿਕੇਸ਼ਨ (ਆਈ.ਪੀ.ਸੀ.) ਨੇ ਸਾਫ ਕਰ ਦਿੱਤਾ ਹੈ ਕਿ ਗਾਜ਼ਾ ਵਿੱਚ ਕਾਲ ਪੈਣ (ਫੈਮਾਈਨ) ਵਰਗੇ ਹਾਲਤ ਬਣਦੇ ਜਾ ਰਹੇ ਹਨ; ਜਦਕਿ ਇਜ਼ਰਾਇਲ ਵੱਲੋਂ ਫਲਿਸਤੀਨ ਦੀ ਘੇਰਾਬੰਦੀ ਜਾਰੀ ਹੈ। ਭਾਵੇਂ ਕਿ ਅੰਤਰਰਾਸ਼ਟਰੀ ਦਬਾਅ ਅਧੀਨ ਕੁਝ ਖੁਰਾਕ ਦੇ ਟਰੱਕ ਗਾਜ਼ਾ ਵਿੱਚ ਪ੍ਰਵੇਸ਼ ਕਰਨ ਦਿੱਤੇ ਜਾ ਰਹੇ ਹਨ, ਪਰ ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ ਇਹ ਮਦਦ ਬਹੁਤ ਥੋੜ੍ਹੀ ਹੈ। ਇਸ ਸੰਸਥਾ ਨੇ ਅੱਗੇ ਕਿਹਾ ਕਿ ਗਾਜ਼ਾ ਵਿੱਚ ਮਨੁੱਖੀ ਜਾਨਾਂ ਬਚਾਉਣ ਲਈ ਕੌਮਾਂਤਰੀ ਭਾਈਚਾਰੇ ਨੂੰ ਤੁਰੰਤ ਦਖਲ ਦੇਣ ਦੀ ਲੋੜ ਹੈ।
ਆਈ.ਪੀ.ਸੀ. ਨੇ ਆਪਣੇ ਇੱਕ ਵਿਸ਼ਲੇਸ਼ਣ ਵਿੱਚ ਸਾਹਮਣੇ ਲਿਆਂਦਾ ਹੈ ਕਿ ਗਾਜ਼ਾ ਪੱਟੀ ਵਿੱਚ ਵੱਡੀ ਪੱਧਰ ‘ਤੇ ਫੈਲੀ ਭੁੱਖਮਰੀ, ਖੁਰਾਕ ਦੀ ਕਮੀ ਅਤੇ ਇਸ ਕਾਰਨ ਪੈਦਾ ਹੋ ਰਹੀਆਂ ਬਿਮਾਰੀਆਂ ਮੁਨੱਖੀ ਦੁਰਦਸ਼ਾ ਦੀ ਅੰਤਿਮ ਸੀਮਾ (ਵਰਸਟ ਕੇਸ ਸੀਨੈਰੀਓ) ਛੋਹ ਲਈ ਹੈ। ਇਹ ਪਹਿਲੀ ਵਾਰ ਹੈ, ਜਦੋਂ ਆਈ.ਪੀ.ਸੀ. ਨੇ ਇਹ ਸਪਸ਼ਟ ਕਿਹਾ ਹੈ ਕਿ ਗਾਜ਼ਾ ਪੱਟੀ ਵਿੱਚ ਕਾਲ ਵਰਗੀ ਸਥਿਤੀ ਪੈਦਾ ਹੋ ਗਈ ਹੈ। ਹਾਲਾਂਕਿ ਸੰਯੁਕਤ ਰਾਸ਼ਟਰ ਆਧਾਰਤ ਇਸ ਕੌਮਾਂਤਰੀ ਸੰਸਥਾ ਨੇ ਪਹਿਲਾਂ ਇਹ ਚਿਤਾਵਨੀ ਜ਼ਰੂਰ ਦਿੱਤੀ ਸੀ ਕਿ ਗਾਜ਼ਾ ਦਾ ਖਿੱਤਾ ਗੰਭੀਰ ਭੁੱਖਮਰੀ ਦੇ ਕੰਢੇ ‘ਤੇ ਖੜ੍ਹਾ ਹੈ। ਯਾਦ ਰਹੇ, ਪਿਛਲੇ ਦੋ ਸਾਲ ਚੱਲੀ ਜੰਗ ਦੇ ਦੌਰਾਨ ਇਜ਼ਰਾਇਲੀ ਸੁਰੱਖਿਆ ਦਸਤੇ ਖਾਧ ਖੁਰਾਕ ਦੇ ਭਰੇ ਵਾਹਨ ਗਾਜ਼ਾ ਅੰਦਰ ਜਾਣ ਤੋਂ ਕਦੀ ਅੰਸ਼ਕ ਤੌਰ ‘ਤੇ ਅਤੇ ਕਦੀ ਪੂਰੀ ਤਰ੍ਹਾਂ ਰੋਕਦੇ ਰਹੇ ਹਨ। ਇੱਥੇ ਜ਼ਿਕਰਯੋਗ ਹੈ ਕਿ 7 ਅਕਤੂਬਰ 2023 ਨੂੰ ਇਜ਼ਰਾਇਲ ਦੇ ਇੱਕ ਮੇਲੇ (ਫੈਸਟੀਵਲ) ‘ਤੇ ਹੋਏ ਹਮਲੇ ਵਿੱਚ ਹਮਾਸ ਨਾਲ ਸੰਬੰਧਤ ਹਥਿਆਰਬੰਦ ਖਾੜਕੂਆਂ ਨੇ 250 ਦੇ ਕਰੀਬ ਲੋਕਾਂ ਨੂੰ ਬੰਦੀ ਬਣਾ ਲਿਆ ਸੀ। ਇਸ ਹਮਲੇ ਤੋਂ ਬਾਅਦ ਇਜ਼ਰਾਇਲ ਵੱਲੋਂ ਹਮਾਸ ਦੇ ਕਬਜ਼ੇ ਹੇਠਲੀ ਗਾਜ਼ਾ ਪੱਟੀ ‘ਤੇ ਟੈਂਕਾਂ, ਪੈਦਲ ਫੌਜ ਅਤੇ ਹਵਾਈ ਹਮਲਾ ਕਰ ਦਿੱਤਾ ਗਿਆ ਸੀ। ਇਸ ਹਮਲੇ ਤੋਂ ਪਹਿਲਾਂ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਆਪਣੀ ਘਰੇਲੂ ਸਿਆਸਤ ਵਿੱਚ ਭ੍ਰਿਸ਼ਟਾਚਾਰ ਦੇ ਕਈ ਕੇਸਾਂ ਕਾਰਨ ਹਾਲਤ ਪਤਲੀ ਬਣੀ ਹੋਈ ਸੀ। ਹਮਾਸ ਵੱਲੋਂ ਪ੍ਰਦਾਨ ਕੀਤਾ ਇਸ ਹਮਲੇ ਵਾਲਾ ਮੌਕਾ ਨੇਤਨਯਾਹੂ ਦੀ ਘਰੇਲੂ ਸਿਆਸਤ ਨੂੰ ਘਿਉ ਵਾਂਗ ਲੱਗਿਆ ਹੈ। ਹਮਾਸ ਅਤੇ ਇਜ਼ਰਾਇਲ ਦੇ ਇਸ ਖੂਨੀ ਭੈੜ ਵਿੱਚ ਸੱਭ ਤੋਂ ਵੱਡਾ ਨੁਕਸਾਨ ਆਮ ਫਲਿਸਤੀਨੀ ਲੋਕਾਂ ਦਾ ਹੋਇਆ ਹੈ। ਇਸ ਖਿੱਤੇ ਵਿੱਚ ਵੱਸਦੇ ਤਕਰੀਬਨ 22 ਲੱਖ ਲੋਕਾਂ ਵਿੱਚੋਂ 60 ਹਜ਼ਾਰ ਸਿੱਧੇ ਤੌਰ ‘ਤੇ ਗੋਲੀਬਾਰੀ ਵਿੱਚ ਮਾਰੇ ਗਏ ਹਨ, ਜਦਕਿ ਡੇੜ ਲੱਖ ਦੇ ਕਰੀਬ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚ ਬਹੁਤੇ ਬੱਚੇ ਅਤੇ ਔਰਤਾਂ ਸ਼ਾਮਲ ਹਨ। ਇਸ ਤੋਂ ਇਲਾਵਾ 10-12 ਹਜ਼ਾਰ ਲੋਕ ਲਾਪਤਾ ਹਨ। ਉਨ੍ਹਾਂ ਦੇ ਮਲਬੇ ਹੇਠਾਂ ਦਬ ਕੇ ਮਾਰੇ ਜਾਣ ਦਾ ਖਦਸ਼ਾ ਹੈ। ਇਜ਼ਰਾਇਲ ਵੱਲੋਂ ਕੀਤੀ ਗਈ ਬੰਬਾਰੀ ਨੇ ਗਾਜ਼ਾ ਪੱਟੀ ਦੇ ਵਸੇਬੇ ਨੂੰ ਲਗਪਗ ਥੇਹ ਬਣਾ ਦਿੱਤਾ ਹੈ।
ਆਈ.ਪੀ.ਸੀ. ਵੱਲੋਂ ਜਦੋਂ ਕੌਮਾਂਤਰੀ ਭਾਈਚਾਰੇ ਨੂੰ ਸਤਰਕ ਕੀਤਾ ਗਿਆ ਸੀ, ਉਹ ਉਸ ਮੌਕੇ ਪ੍ਰਾਪਤ ਹੋਏ ਸਬੂਤਾਂ ‘ਤੇ ਆਧਾਰਤ ਸੀ। ਉਸ ਮੌਕੇ ਸੰਸਥਾ ਨੇ ਗਾਜ਼ਾ ਨੂੰ ਸੱਚਮੁੱਚ ਦੇ ‘ਕਾਲ’ (ਫੈਮਾਇਨ) ਪੈਣ ਵਾਲੀ ਸਥਿਤੀ ਵਿੱਚ ਹੋਣ ਬਾਰੇ ਐਲਾਨ ਨਹੀਂ ਸੀ ਕੀਤਾ। ਅਜਿਹਾ ਕਰਨ ਲਈ ਵਿਆਪਕ ਵਿਸ਼ਲੇਸ਼ਣ ਦੀ ਲੋੜ ਪੈਂਦੀ ਹੈ। ਇਹ ਵਿਸ਼ਲੇਸ਼ਣ ਸੰਸਥਾ ਵੱਲੋਂ ਜਲਦੀ ਪੂਰਾ ਕਰ ਲਿਆ ਜਾਵੇਗਾ; ਪਰ ਗਾਜ਼ਾ ਵਿੱਚ ਸਾਹਮਣੇ ਆ ਰਹੇ ਤਾਜ਼ਾ ਅੰਕੜਿਆਂ ਤੋਂ ਇਹ ਪੁਸ਼ਟੀ ਹੁੰਦੀ ਹੈ ਕਿ ਹਰ 3000 ਲੋਕਾਂ ਪਿੱਛੇ ਦੋ ਵਿਅਕਤੀ ਭੁੱਖਮਰੀ ਦਾ ਸ਼ਿਕਾਰ ਹਨ। ਇਹ ਸਥਿਤੀ ਕਾਲ ਵਰਗੇ ਹਾਲਤ ਨੂੰ ਦਰਸਾਉਂਦੀ ਹੈ। ਆਈ.ਪੀ.ਸੀ. ਅਨੁਸਾਰ ਰਸਮੀ ਤੌਰ ‘ਤੇ ਅਸੀਂ ਉਸ ਵੱਸੋਂ ਨੂੰ ਕਾਲ (ਫੈਮਾਈਨ) ਦਾ ਸ਼ਿਕਾਰ ਮੰਨ ਲੈਂਦੇ ਹਾਂ, ਜਿਸ ਦੀ 20 ਫੀਸਦੀ ਵੱਸੋਂ ਲਈ ਖੁਰਾਕ ਦੀ ਬਹੁਤ ਜ਼ਿਆਦਾ ਥੁੜ੍ਹ ਹੋਵੇ ਅਤੇ ਤਿੰਨ ਬੱਚਿਆਂ ਵਿੱਚੋਂ ਇੱਕ ਖੁਰਾਕ ਦੀ ਗੰਭੀਰ ਥੁੜ੍ਹ (ਮਾਲ ਨਿਊਟਰੀਸ਼ਨ) ਦਾ ਸ਼ਿਕਾਰ ਹੋਵੇ। ਇਹ ਵੀ ਕਿ 10 ਹਜ਼ਾਰ ਆਬਾਦੀ ਵਿੱਚੋਂ 2 ਦੀ ਭੁੱਖਮਰੀ ਨਾਲ ਰੋਜ਼ਾਨਾ ਮੌਤ ਹੋ ਰਹੀ ਹੋਵੇ। ਆਈ.ਪੀ.ਸੀ. ਨੇ ਕਿਹਾ ਹੈ ਕਿ ਗਾਜ਼ਾ ਵਿੱਚ ਇਹ ਸਥਿਤੀ ਪੈਦਾ ਹੋ ਗਈ ਹੈ। ਹਰ ਤਿੰਨ ਵਿਅਕਤੀਆਂ ਵਿੱਚੋਂ ਇੱਕ ਕਈ ਕਈ ਦਿਨਾਂ ਤੱਕ ਫਾਕੇ ਕੱਟਦਾ ਹੈ।
ਸੰਯੁਕਤ ਰਾਸ਼ਟਰ ਆਧਾਰਤ ਇਸ ਸੰਸਥਾ ਨੇ ਕਿਹਾ ਕਿ ਗਾਜ਼ਾ ਵਿੱਚ ਖੁਰਾਕ ਦੀ ਥੁੜ੍ਹ ਜੁਲਾਈ ਮਹੀਨੇ ਵਿੱਚ ਬਹੁਤ ਤੇਜ਼ੀ ਨਾਲ ਵਧੀ ਅਤੇ ਇਹ ਗਾਜ਼ਾ ਸ਼ਹਿਰ ਨੂੰ ਕਾਲ ਦੇ ਬੂਹੇ ‘ਤੇ ਲੈ ਆਈ। ਗਾਜ਼ਾ ਦੇ ਹਸਪਤਾਲਾਂ ਵਿੱਚ ਭੁੱਖ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਇਸ ਦੌਰ ਵਿੱਚ ਤੇਜ਼ੀ ਨਾਲ ਵਧੀ। 17 ਜੁਲਾਈ ਤੱਕ ਪੰਜ ਸਾਲ ਤੋਂ ਘੱਟ ਉਮਰ ਦੇ 16 ਬੱਚਿਆਂ ਦੀ ਮੌਤ ਹੋ ਚੁੱਕੀ ਸੀ। ਇਸ ਸਾਲ ਅਪ੍ਰੈਲ ਮਹੀਨੇ ਤੋਂ ਅੱਧ ਜੁਲਾਈ ਤੱਕ 20 ਹਜ਼ਾਰ ਤੋਂ ਵੱਧ ਬੱਚੇ ਖੁਰਾਕੀ ਥੁੜ੍ਹ ਕਾਰਨ ਹਸਪਤਾਲਾਂ ਵਿੱਚ ਦਾਖਲ ਹੋਏ। ਜਿਨ੍ਹਾਂ ਵਿੱਚੋਂ ਤਿੰਨ ਹਜ਼ਾਰ ਦੀ ਹਾਲਤ ਬੇਹੱਦ ਗੰਭੀਰ ਸੀ। ਕਾਲ ਵਾਲੀ ਹਾਲਤ ਲਈ ਤੀਜੀ ਮੁੱਖ ਨਿਸ਼ਾਨੀ ਇਸ ਨਾਲ ਹੋਣ ਵਾਲੀਆਂ ਮੌਤਾਂ ਹਨ। ਦੋ ਸਾਲ ਦੀ ਜੰਗ ਤੋਂ ਬਾਅਦ ਜਦੋਂ ਗਾਜ਼ਾ ਵਿੱਚ ਸਿਹਤ ਸੰਭਾਲ ਦਾ ਢਾਂਚਾ ਲੱਗਪਗ ਢੇਰੀ ਹੋ ਚੁੱਕਾ ਹੈ ਤਾਂ ਇਸ ਸੰਬੰਧੀ ਸਹੀ-ਸਹੀ ਡੈਟਾ ਇਕੱਠਾ ਕਰਨਾ ਬਹੁਤ ਮੁਸ਼ਕਿਲ ਹੈ, ਪਰ ਵਰਡ ਫੂਡ ਪ੍ਰੋਗਰਾਮ ਅਤੇ ਯੂਨੀਸੈਫ ਨੇ ਆਪਣੇ ਇੱਕ ਸਾਂਝੇ ਬਿਆਨ ਵਿੱਚ ਸਾਫ ਕੀਤਾ ਹੈ ਕਿ ਇਹ ਮੌਤਾਂ ਗਾਜ਼ਾ ਵਿੱਚ ਆਮ ਹਨ।
ਇਸ ਦੌਰਾਨ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਨਟੋਨੀਓ ਗੁਟਰੇਜ ਨੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਬੋਲਦਿਆਂ ਕਿਹਾ ਕਿ ਗਾਜ਼ਾ ਦੀ ਹਾਲਤ ਬੇਹੱਦ ਮੰਦੀ ਹੋ ਚੁੱਕੀ ਹੈ। ਇਸ ਵਿੱਚ ਅੰਤਰਰਾਸ਼ਟਰੀ ਭਾਈਚਾਰੇ ਨੂੰ ਫੌਰੀ ਦਖਲ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਿਰਸੰਦੇਹ ਹਮਾਸ ਵੱਲੋਂ 7 ਅਕਤੂਬਰ 2023 ਨੂੰ ਇਜ਼ਰਾਇਲ ਦੇ ਸ਼ਹਿਰੀਆਂ ‘ਤੇ ਕੀਤਾ ਗਿਆ ਹਮਲਾ ਸਹੀ ਨਹੀਂ ਸੀ, ਪਰ ਇਸ ਤੋਂ ਬਾਅਦ ਇਜ਼ਰਾਇਲ ਦੀ ਫੌਜ ਵੱਲੋਂ ਗਾਜ਼ਾ ਵਿੱਚ ਜੋ ਕਹਿਰ ਵਰਤਾਇਆ ਗਿਆ ਹੈ, ਉਹ ਵੀ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਜ਼ਰਾਇਲੀ ਫੌਜ ਵੱਲੋਂ ਫਲਿਸਤੀਨੀ ਲੋਕਾਂ ਨੂੰ ਆਪਣੀ ਧਰਤੀ ਤੋਂ ਲਗਪਗ ਉਜਾੜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੌਤ ਅਮਨ ਨਹੀਂ ਹੈ, ਮੌਤ ਇਨਸਾਫ ਨਹੀਂ ਹੈ ਅਤੇ ਮੌਤ ਅੰਤਰਰਾਸ਼ਟਰੀ ਕਾਨੂੰਨਾਂ ਦੇ ਅਨੁਸਾਰ ਨਹੀਂ ਹੈ ਅਤੇ ਇਸ ਹਾਲਤ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਸਾਫ ਤੌਰ ‘ਤੇ ਕਿਹਾ ਕਿ ਫਲਿਸਤੀਨੀ ਲੋਕਾਂ ਲਈ ਪ੍ਰਭੂਸੱਤਾ ਸੰਪਨ ਰਾਜ ਕੋਈ ਇਨਾਮ ਨਹੀਂ ਹੈ, ਇਹ ਉਨ੍ਹਾਂ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਇਜ਼ਰਾਇਲ ਮਸਲੇ ਦਾ ਇੱਕੋ ਇੱਕ ਹੱਲ ਫਲਿਸਤੀਨ ਅਤੇ ਇਜ਼ਰਾਇਲੀਆਂ ਲਈ ਦੋ ਵੱਖਰੇ-ਵੱਖਰੇ ਰਾਜਾਂ ਵਿੱਚ ਆਪਸ ਵਿੱਚ ਸਹਿਹੋਂਦ ਦੇ ਰੂਪ ਵਿੱਚ ਵੱਸਣਾ ਹੀ ਹੈ।