ਓਪਰੇਸ਼ਨ ਸਿੰਧੂਰ ਦੇ ਮੁੱਦੇ ‘ਤੇ ਪਾਰਲੀਮੈਂਟ ਵਿੱਚ ਬਹਿਸ ਮੁਕੰਮਲ

ਖਬਰਾਂ ਵਿਚਾਰ-ਵਟਾਂਦਰਾ

*ਹਵਾਈ ਸੈਨਾ ਨੂੰ ਹੋਏ ਨੁਕਸਾਨ ਦੀ ਜਾਣਕਾਰੀ ਫਿਰ ਨਹੀਂ ਦਿੱਤੀ ਸਰਕਾਰ ਨੇ
*ਭਾਰਤ ਨੇ ਜੰਗ ਨਹੀਂ ਛੇੜੀ, ਸਿਰਫ ਸੰਕੇਤਕ ਹਮਲਾ ਕੀਤਾ-ਰਾਜਨਾਥ
ਪੰਜਾਬੀ ਪਰਵਾਜ਼ ਬਿਊਰੋ
ਮਈ ਮਹੀਨੇ ਦੇ ਪਹਿਲੇ ਪੰਦਰਵਾੜੇ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਵਿਚਕਾਰ ਤਿੰਨ ਦਿਨ ਤੱਕ ਚੱਲੀਆਂ ਝੜਪਾਂ ਨੂੰ ਭਾਰਤ ਵੱਲੋਂ ਓਪਰੇਸ਼ਨ ਸਿੰਧੂਰ ਦਾ ਨਾਂ ਦਿੱਤਾ ਗਿਆ ਹੈ; ਜਦਕਿ ਪਾਕਿਸਤਾਨ ਇਸ ਨੂੰ ਭਾਰਤ ਵੱਲੋਂ ਆਪਣੀ ਪ੍ਰਭੂਸੱਤਾ ‘ਤੇ ਕੀਤਾ ਗਿਆ ਸਿੱਧਾ ਹਮਲਾ ਹੀ ਸਮਝਦਾ ਹੈ। ਇਸ ਹਮਲੇ ਨਾਲ ਸੰਬੰਧਤ ਹਮਲਾਵਰ ਹਾਲੇ ਤੱਕ ਭਾਰਤੀ ਸੁਰੱਖਿਆ ਦਸਤਿਆਂ ਦੇ ਕਾਬੂ ਵਿੱਚ ਨਹੀਂ ਆਏ ਸਨ, ਪਰ ਬੀਤੇ ਦਿਨੀਂ ਤਿੰਨ ਕਥਿਤ ਹਮਲਾਵਰਾਂ ਨੂੰ ਸੁਰੱਖਿਆ ਦਸਤਿਆਂ ਵੱਲੋਂ ਮਾਰ ਦਿੱਤਾ ਗਿਆ ਹੈ।

ਇਨ੍ਹਾਂ ਬਾਰੇ ਕਿਹਾ ਗਿਆ ਹੈ ਕਿ ਇਹ ਪਹਿਲਗਾਮ ਸਾਕੇ ਦੇ ਮੁਲਜ਼ਮ ਸਨ। ਉਂਝ ਇਹ ਵੀ ਧਿਆਨ ਨਾਲ ਸੋਚਣ ਵਾਲਾ ਨੁਕਤਾ ਹੈ ਕਿ ਇਹ ਕਥਿਤ ਅਤਿਵਾਦੀ ਉਸ ਵਕਤ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਹਨ, ਜਿਸ ਦਿਨ ਓਪਰੇਸ਼ਨ ਸਿੰਧੂਰ ਵਾਲੇ ਮਸਲੇ ‘ਤੇ ਪਾਰਲੀਮੈਂਟ ਵਿੱਚ ਬਹਿਸ ਸ਼ੁਰੂ ਹੁੰਦੀ ਹੈ। ਉਂਝ ਜਦੋਂ ਐਨ ਉਸ ਦਿਨ ਕੁੱਝ ਅਤਿਵਾਦੀ ਪੁਲਿਸ ਮੁਕਾਬਲੇ ਵਿੱਚ ਮਾਰੇ ਜਾਂਦੇ ਹਨ ਤਾਂ ਸੁਆਲ ਉਠਣੇ ਤਾਂ ਸੁਭਾਵਕ ਹੀ ਹਨ ਕਿ ਇਹ ਕੀ ਸਬੂਤ ਹੈ, ਸੰਬੰਧਤ ਅਤਿਵਾਦੀ ਪਾਕਿਸਤਾਨ ਦੇ ਨਾਗਰਿਕ ਹੀ ਸਨ? ਇੰਨਾ ਕਹਿਣ ਦੀ ਦੇਰ ਸੀ ਕਿ ਭਗਵਾ ਸੈਨਾ ਨੇ ਸਾਬਕਾ ਵਿੱਤ ਮੰਤਰੀ ਚਿਦੰਬਰਮ ਨੂੰ ਪਾਕਿਸਤਾਨ ਦਾ ਬੰਦਾ ਕਹਿਣ ਤੱਕ ਦੀ ਗੁਸਤਾਖੀ ਕਰ ਵਿਖਾਈ। ਇਹ ਸਾਰਾ ਕੁਝ ਸਾਡੀ ਪਾਰਲੀਮੈਂਟ ਵਿੱਚ ਵਾਪਰਿਆ।
ਪਾਰਲੀਮੈਂਟ ਦੇ ਮੌਨਸੂਨ ਸੈਸ਼ਨ ਦੇ ਸੱਤਵੇਂ ਦਿਨ ਬੀਤੇ ਮੰਗਲਵਾਰ ਲੋਕ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਪਰੇਸ਼ਨ ਸਿੰਧੂਰ ਬਾਰੇ ਕਿਹਾ ਕਿ ਦੁਨੀਆ ਦੇ ਕਿਸੇ ਲੀਡਰ ਨੇ ਉਨ੍ਹਾਂ ਨੂੰ ਓਪਰੇਸ਼ਨ ਸਿੰਧੂਰ ਸਮਾਪਤ ਕਰਨ ਲਈ ਨਹੀਂ ਕਿਹਾ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਉਨ੍ਹਾਂ ਨੂੰ 9 ਮਈ ਨੂੰ ਇੱਕ ਫੋਨ ਕਾਲ ਕੀਤੀ ਸੀ। ਉਹ ਇੱਕ ਘੰਟੇ ਲਈ ਮੇਰੇ ਨਾਲ ਗੱਲ ਕਰਨੀ ਚਾਹੁੰਦਾ ਸੀ, ਜਦਕਿ ਮੈਂ ਸੀਨੀਅਰ ਫੌਜੀ ਅਫਸਰਾਂ ਨਾਲ ਮੀਟਿੰਗ ਵਿੱਚ ਸਾਂ। ਉਨ੍ਹਾਂ ਦੱਸਿਆ, “ਮੈਂ ਮੀਟਿੰਗ ਤੋਂ ਬਾਅਦ ਉਨ੍ਹਾਂ ਨੂੰ ਮੋੜਵਾਂ ਫੋਨ ਕੀਤਾ। ਉਸ ਨੇ ਮੈਨੂੰ ਦੱਸਿਆ ਕਿ ਪਾਕਿਸਤਾਨ ਬਹੁਤ ਵੱਡੇ ਹਮਲੇ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਦੀ ਇਸ ਸੂਚਨਾ ‘ਤੇ ਮੇਰਾ ਪ੍ਰਤੀਕਰਮ ਇਹ ਸੀ ਕਿ ਜੇ ਉਹ ਇਸ ਕਿਸਮ ਦੇ ਹਮਲੇ ਦੀ ਤਿਆਰੀ ਕਰ ਰਹੇ ਹਨ ਤਾਂ ਯਾਦ ਰੱਖਣ ਉਨ੍ਹਾਂ ਨੂੰ ਮੂੰਹ ਤੋੜਵਾਂ ਜਵਾਬ ਮਿਲੇਗਾ।” ਪ੍ਰਧਾਨ ਮੰਤਰੀ ਨੇ ਹੋਰ ਕਿਹਾ ਕਿ ਭਾਰਤ ਦੇ ਮਰਹੂਮ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵੱਲੋਂ ਕੀਤੀ ਗਈ ਇੰਡਸ ਵਾਟਰ ਟਰੀਟੀ ਵਾਲੀ ਗਲਤੀ ਅਸੀਂ ਸੁਧਾਰ ਲਈ ਹੈ। ਉਨ੍ਹਾਂ ਆਪਣਾ ਜੁਮਲਾ ਦੁਹਰਾਇਆ, ‘ਖੁਨ ਅਤੇ ਪਾਣੀ ਇਕੱਠੇ ਨਹੀਂ ਵਹਿ ਸਕਦੇ।’ ਨਰਿੰਦਰ ਮੋਦੀ ਨੇ ਅੱਗੇ ਕਿਹਾ ਕਿ ਓਪਰੇਸ਼ਨ ਸਿੰਧੂਰ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਭਾਰਤ ‘ਤੇ ਵਿਦੇਸ਼ੀ ਧਰਤੀ ਤੋਂ ਹਮਲੇ ਬੰਦ ਨਹੀਂ ਹੋ ਜਾਂਦੇ।
ਭਾਰਤੀ ਸੰਸਦ ਦੇ ਦੋਹਾਂ ਸਦਨਾਂ ਵਿੱਚ ਬੀਤੇ ਸੋਮਵਾਰ ਅਤੇ ਮੰਗਲਵਾਰ- ਦੋ ਦਿਨਾ ਬਹਿਸ ਨੂੰ ਸਮੇਟਦਿਆਂ ਦੋਨੋ ਸਦਨ ਅਗਲੇ ਦਿਨ ਤੱਕ ਲਈ ਉਠਾ ਦਿੱਤੇ ਗਏ। ਇਸ ਤੋਂ ਪਹਿਲਾਂ ਭਰਤ ਦੇ ਗ੍ਰਹਿ ਮੰਤਰੀ ਅਮਿੱਤ ਸ਼ਾਹ ਨੇ ਓਪਰੇਸ਼ਨ ਸਿੰਧੂਰ ਅਤੇ ਤਿੰਨ ਅਤਿਵਾਦੀਆਂ ਨੂੰ ਮਾਰਨ ਵਾਲੇ ਓਪਰੇਸ਼ਨ ਮਹਾਂਦੇਵ ਬਾਰੇ ਵਿਸਥਾਰ ਨਾਲ ਬਿਓਰਾ ਦਿੱਤਾ। ਉਨ੍ਹਾਂ ਕਿਹਾ ਕਿ 22 ਮਈ ਨੂੰ ਆਈ.ਬੀ. ਨੂੰ ਕਸ਼ਮੀਰ ਵਿੱਚ ਭਾਰਤ-ਪਾਕਿ ਸਰਹੱਦ ਨੇੜੇ ਕੁਝ ਸੈਂਸਰਾਂ ਰਾਹੀਂ ਸੰਕੇਤ ਮਿਲੇ ਸਨ ਕਿ ਅਤਿਵਾਦੀ ਇਸ ਇਲਾਕੇ ਵਿੱਚ ਘੁੰਮ ਰਹੇ ਹਨ। ਸੁਰੱਖਿਆ ਦਸਤਿਆਂ ਨੇ ਬਾਅਦ ਵਿੱਚ ਉਨ੍ਹਾਂ ਦੀ ਘੇਰਾਬੰਦੀ ਕੀਤੀ ਤੇ ਉਹ ਪਕੜ ਵਿੱਚ ਆ ਗਏ। ਉਨ੍ਹਾਂ ਦੱਸਿਆ ਕਿ ਪਹਿਲਗਾਮ ਵਿੱਚ ਹਮਲਾ ਕਰਨ ਤੋਂ ਬਾਅਦ ਜਿਸ ਘਰ ਵਿੱਚ ਇਨ੍ਹਾਂ ਪਨਾਹ ਲਈ ਸੀ, ਉਸ ਘਰ ਵਾਲਿਆਂ ਨੇ ਮਾਰੇ ਗਏ ਤਿੰਨਾਂ ਅਤਿਵਾਦੀਆਂ ਦੀ ਪਛਾਣ ਕਰ ਲਈ ਸੀ। ਗ੍ਰਹਿ ਮੰਤਰੀ ਨੇ ਦੋਹਾਂ ਓਪਰੇਸ਼ਨਾਂ ਦੀ ਪੂਰੀ ਕਹਾਣੀ ਸੁਣਾਉਣ ਦਾ ਯਤਨ ਕੀਤਾ, ਪਰ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰ ਉਨ੍ਹਾਂ ਦੇ ਭਾਸ਼ਨ ਦੌਰਾਨ ਖੱਪ ਪਾਉਂਦੇ ਰਹੇ।
ਪ੍ਰਧਾਨ ਮੰਤਰੀ ਤੋਂ ਬਾਅਦ ਸਦਨ ਦੇ ਹੋਰ ਮੈਂਬਰ ਵੀ ਇਸ ਮਸਲੇ ਉਤੇ ਆਪਣੇ ਵਿਚਾਰ ਪ੍ਰਗਟਾਉਂਦੇ ਰਹੇ। ਕਾਂਗਰਸੀ ਆਗੂ ਅਤੇ ਮੈਂਬਰ ਪਾਰਲੀਮੈਂਟ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਪਾਰਟੀ ਪ੍ਰਧਾਨ ਮਲਿਕਾਰੁਜਨ ਖੜਗੇ ਅਤੇ ਡਾ. ਨਿਸ਼ੀਕਾਂਤ ਦੂਬੇ ਆਦਿ ਆਗੂਆਂ ਨੇ ਵੀ ਇਸ ਮਸਲੇ ਨੂੰ ਛੋਹੰਦਿਆਂ ਸਦਨ ਨੂੰ ਸੰਬੋਧਨ ਕੀਤਾ। ਬੀਤੇ ਦਿਨ ਇਸੇ ਮਸਲੇ ‘ਤੇ ਲੋਕ ਸਭਾ ਨੂੰ ਸੰਬੋਧਨ ਕਰਦਿਆਂ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਕ ਸੰਸਦ ਮੈਂਬਰ ਵੱਲੋਂ ਇਹ ਪੁੱਛੇ ਜਾਣ ‘ਤੇ ਕਿ ਇਹ ਦੱਸਿਆ ਜਾਵੇ, ਭਾਰਤ ਦੇ ਕਿੰਨੇ ਹਵਾਈ ਜਹਾਜ਼ ਗਿਰਾਏ ਗਏ, ਕਿਹਾ ਗਿਆ ਸੀ ਕਿ ਸਾਨੂੰ ਸਾਧਨਾ ਦੇ ਨੁਕਸਾਨ ਵੱਲ ਨਹੀਂ ਸਗੋਂ ਨਤੀਜਿਆਂ ਵੱਲ ਵੇਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਵਿਦਿਆਰਥੀ ਇਮਤਿਹਾਨ ਵਿੱਚ ਚੰਗੇ ਨੰਬਰ ਲੈ ਜਾਵੇ ਤਾਂ ਇਹ ਗਿਣਨ ਬਹਿ ਜਾਣਾ ਕਿ ਉਸ ਨੇ ਕਿੰਨੀਆਂ ਪੈਨਸਿਲਾਂ ਜਾਂ ਪੈਨ ਗੁਆਏ, ਠੀਕ ਨਹੀਂ; ਨਤੀਜਾ ਕੀ ਨਿਕਲਿਆ, ਇਹ ਮਹੱਤਵਪੂਰਨ ਹੈ। ਲੋਕ ਸਭਾ ਵਿੱਚ ਓਪਰੇਸ਼ਨ ਸਿੰਧੂਰ ‘ਤੇ ਬਹਿਸ ਨੂੰ ਅਰੰਭ ਕਰਦਿਆਂ ਉਨ੍ਹਾਂ ਕਿਹਾ ਕਿ ਨਵਾਂ ਭਾਰਤ ਅਤਿਵਾਦ ਦੀਆਂ ਜੜ੍ਹਾਂ ਉਖਾੜਨ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਨੇ ਹਮਲਾ ਕਰਕੇ ਕੋਈ ਜੰਗ ਨਹੀਂ ਸੀ ਛੇੜੀ, ਸਗੋਂ ਇੱਕ ਪ੍ਰਤੀਕਾਤਮਕ ਹਮਲੇ ਰਾਹੀਂ ਆਪਣੀ ਤਾਕਤ ਦਾ ਮੁਜਾਹਰਾ ਕੀਤਾ ਸੀ।
ਰੱਖਿਆ ਮੰਤਰੀ ਨੇ ਵੀ ਪ੍ਰਧਾਨ ਮੰਤਰੀ ਦੀ ਤਰਜ਼ ‘ਤੇ ਕਿਹਾ ਕਿ ਆਪਣੇ ਨਿਸ਼ਾਨੇ ਪੂਰੇ ਕਰ ਲਏ ਜਾਣ ਤੋਂ ਬਾਅਦ ਓਪਰੇਸ਼ਨ ਸਿੰਧੂਰ ਨੂੰ ਸਿਰਫ ਰੋਕਿਆ ਗਿਆ ਹੈ, ਖਤਮ ਨਹੀਂ ਕੀਤਾ ਗਿਆ। ਪਾਕਿਸਤਾਨ ਵੱਲੋਂ ਫਿਰ ਕੋਈ ਹਰਕਤ ਕੀਤੀ ਜਾਂਦੀ ਹੈ ਤਾਂ ਇਹ ਓਪਰੇਸ਼ਨ ਮੁੜ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਤਿਵਾਦ ਜਿਹੇ ਮਾਮਲਿਆਂ ‘ਤੇ ਸਾਡੀ ਸਰਕਾਰ ਫੈਸਲਾਕੁੰਨ ਹੈ ਅਤੇ ਇਹੋ ਨਵੇਂ ਭਾਰਤ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫੌਜ ਦੇ ਡਾਇਰੈਕਟਰ ਜਨਰਲ ਵੱਲੋਂ ਜੰਗ ਰੋਕੇ ਜਾਣ ਦੀ ਅਪੀਲ ਕਰਨ ‘ਤੇ ਇਹ ਓਪਰੇਸ਼ਨ ਰੋਕਿਆ ਗਿਆ ਸੀ। ਕਿਸੇ ਵਿਦੇਸ਼ੀ ਆਗੂ ਜਾਂ ਤੀਜੀ ਧਿਰ ਦਾ ਇਸ ਜੰਗ ਨੂੰ ਰੁਕਵਾਉਣ ਵਿੱਚ ਕੋਈ ਹੱਥ ਨਹੀਂ ਹੈ। ਵਿਰੋਧੀ ਧਿਰ ਵੱਲੋਂ ਇਹ ਪੁੱਛੇ ਜਾਣ ‘ਤੇ ਕਿ ਸਾਡੇ ਕਿੰਨੇ ਜਹਾਜ਼ ਦੁਸ਼ਮਣ ਵੱਲੋਂ ਗਿਰਾਏ ਗਏ? ਦਾ ਜਵਾਬ ਦਿੰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਪੁਛਣ ਦੀ ਬਜਾਏ ਕਿ ਦੁਸ਼ਮਣ ਦੇ ਕਿੰਨੇ ਜਹਾਜ਼ ਭਾਰਤੀ ਫੌਜ ਵੱਲੋਂ ਗਿਰਾਏ ਗਏ, ਤੁਸੀਂ ਇਹ ਕਿਉਂ ਪੁੱਛ ਰਹੇ ਹੋ ਕਿ ਭਾਰਤ ਦੇ ਦੁਸ਼ਮਣ ਨੇ ਕਿੰਨੇ ਜਹਾਜ਼ ਗਿਰਾਏ? ਇਸ ਦੌਰਾਨ ਰਾਹੁਲ ਗਾਂਧੀ ਨੇ ਸਵਾਲ ਕੀਤਾ ਕਿ ਜਦੋਂ ਆਪਣੇ ਸੁਰੱਖਿਆ ਦਸਤੇ ਪਾਕਿਸਤਾਨ ਨੂੰ ਚੋਖਾ ਨੁਕਸਾਨ ਪਹੁੰਚਾ ਰਹੇ ਸਨ ਤਾਂ ਇਹ ਹਮਲੇ ਰੋਕੇ ਕਿਉਂ ਗਏ? ਇਸ ਸਵਾਲ ਦਾ ਜਵਾਬ ਦਿੰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਮੈਂ ਪਹਿਲਾਂ ਹੀ ਕਹਿ ਚੁੱਕਾਂ ਹਾਂ ਕਿ, “ਓਪਰੇਸ਼ਨ ਸਾਡੀ ਤਾਕਤ (ਸਟਰੈਂਥ) ਦਾ ਪ੍ਰਤੀਕ ਹੈ। ਅਸੀਂ ਦੁਸ਼ਮਣ ਨੂੰ ਇਹ ਸੰਕੇਤ ਦੇਣ ਦਾ ਯਤਨ ਕੀਤਾ ਕਿ ਜੇ ਸਾਡੇ ਸ਼ਹਿਰੀਆਂ ‘ਤੇ ਹਮਲਾ ਕੀਤਾ ਜਾਂਦਾ ਹੈ ਤਾਂ ਭਾਰਤ ਚੁੱਪ ਨਹੀਂ ਰਹੇਗਾ।
ਪਰ ਅਫਸੋਸ ਇਹ ਕਿ ਕਿਸੇ ਪੰਜਾਬੀ ਪਾਰਲੀਮੈਂਟ ਮੈਂਬਰ ਨੇ ਇਹ ਨਹੀਂ ਪੁੱਛਿਆ ਕਿ ਵਾਘਾ ਬਾਰਡਰ ਕਦੋਂ ਖੁਲ੍ਹੇਗਾ! ਪੰਜਾਬ ਇਸ ਬਾਰਡਰ ਬੰਦੀ ਤੋਂ ਵੱਡਾ ਨੁਕਸਾਨ ਉਠਾ ਰਿਹਾ ਹੈ। ਜਿਨ੍ਹਾਂ ਲੋਕਾਂ ਦੀ ਸਰਹੱਦੀ ਖੇਤਰਾਂ ਵਿੱਚ ਕੱਚੀਆਂ/ਪੱਕੀਆਂ ਕਣਕ ਦੀਆਂ ਫਸਲਾਂ ਵਢਾਈਆਂ ਗਈਆਂ, ਉਨ੍ਹਾਂ ਨੂੰ ਮੁਆਵਜ਼ਾ ਕਦੋਂ ਦਿੱਤਾ ਜਾਵੇਗਾ? ਦੋਹਾਂ ਦੇਸ਼ਾਂ ਵਿਚਕਾਰ ਵਧ ਰਹੀ ਕੁੜੱਤਣ ਦੀ ਕੀਮਤ ਸਭ ਤੋਂ ਜ਼ਿਆਦਾ ਪੰਜਾਬ ਅਤੇ ਜੰਮੂ-ਕਸ਼ਮੀਰ ਹੀ ਚੁਕਾਉਂਦੇ ਹਨ। ਕੁੜੱਤਣ ਜਦੋਂ ਟਕਰਾਅ ਵਿੱਚ ਬਦਲਦੀ ਹੈ, ਉਦੋਂ ਵੀ ਪੰਜਾਬ ਅਤੇ ਕਸ਼ਮੀਰ ਦੇ ਬਾਰਡਰ ‘ਤੇ ਮਾਰ-ਮਰਾਈ ਸ਼ੁਰੂ ਹੁੰਦੀ ਹੈ। 1947 ਦੀ ਵੰਡ ਤੋਂ ਬਾਅਦ ਸਰਹੱਦੀ ਸੂਬਾ ਬਣ ਜਾਣ ਕਾਰਨ ਪੰਜਾਬ ਨੂੰ ਅਣਮਿਣਿਆ ਆਰਥਕ ਨੁਕਸਾਨ ਹੋਇਆ ਹੈ, ਜਿਸ ਦੀ ਕੋਈ ਸਰਕਾਰ ਭਰਪਾਈ ਨਹੀਂ ਕਰ ਸਕੀ ਅਤੇ ਨਾ ਹੀ ਅੱਗੇ ਆਉਣ ਵਾਲੇ ਕਰ ਸਕਦੇ ਹਨ।

Leave a Reply

Your email address will not be published. Required fields are marked *