ਤਰਲੋਚਨ ਸਿੰਘ ਭੱਟੀ
ਫੋਨ: +91-9876502607
ਡਰੋਨ, ਜਿਨ੍ਹਾਂ ਨੂੰ ਮਾਨਵ ਰਹਿਤ ਹਵਾਈ ਵਾਹਨ ਵੀ ਕਿਹਾ ਜਾਂਦਾ ਹੈ, ਨੇ ਆਧੁਨਿਕ ਖੁਫ਼ੀਆ ਅਤੇ ਜੰਗੀ ਰਣਨੀਤੀਆਂ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਇਹ ਤਕਨੀਕ ਸੈਨਿਕ ਅਤੇ ਖੁਫ਼ੀਆ ਏਜੰਸੀਆਂ ਲਈ ਇੱਕ ਮਹੱਤਵਪੂਰਨ ਸਾਧਨ ਬਣ ਗਈ ਹੈ। ਡਰੋਨ ਦੀ ਸਭ ਤੋਂ ਵੱਡੀ ਵਰਤੋਂ ਖੁਫ਼ੀਆ ਜਾਣਕਾਰੀ ਇਕੱਠੀ ਕਰਨ ਵਿੱਚ ਹੁੰਦੀ ਹੈ। ਇਹ ਉੱਚ ਰੈਜੁਲੇਸ਼ਨ ਕੈਮਰਿਆਂ, ਸੈਂਸਰਾਂ ਅਤੇ ਰਾਡਾਰ ਨਾਲ ਲੈਸ ਹੁੰਦੇ ਹਨ, ਜੋ ਦੁਸ਼ਮਣ ਦੇ ਖੇਤਰਾਂ, ਸੈਨਿਕ ਅੱਡਿਆਂ ਅਤੇ ਹੋਰ ਸੰਵੇਦਨਸ਼ੀਲ ਸਥਾਨਾਂ ਦੀ ਨਿਗਰਾਨੀ ਕਰ ਸਕਦੇ ਹਨ। ਇਹ ਰੀਅਲ ਟਾਇਮ ਵੀਡੀਓ ਅਤੇ ਡੇਟਾ ਪ੍ਰਦਾਨ ਕਰਦੇ ਹਨ, ਜੋ ਸੈਨਿਕ ਰਣਨੀਤੀਆਂ ਬਣਾਉਣ ਵਿੱਚ ਮਦਦ ਕਰਦੇ ਹਨ।
ਮਿਸਾਲ ਵਜੋਂ ਅਮਰੀਕੀ ਡਰੋਨ ਐਮ.ਕਿਉ.-9 ਰੀਪਰ ਅਤੇ ਇਜ਼ਰਾਇਲ ਦਾ ਡਰੋਨ ਜਾਸੂਸੀ ਤੇ ਨਿਗਰਾਨੀ ਲਈ ਵਿਆਪਕ ਤੌਰ `ਤੇ ਵਰਤੇ ਜਾਂਦੇ ਹਨ। ਇਸਦੇ ਨਾਲ ਹੀ ਸੁਰੱਖਿਅਤ ਅਤੇ ਗੁਪਤ ਆਪਰੇਸ਼ਨਾਂ ਵਿੱਚ ਡਰੋਨ ਮਨੁੱਖੀ ਜਾਸੂਸੀ ਦੀ ਜਰੂਰਤ ਅਤੇ ਖਤਰੇ ਨੂੰ ਘਟਾਉਂਦੇ ਹਨ, ਜਿਸ ਨਾਲ ਖਤਰਨਾਕ ਇਲਾਕਿਆਂ ਵਿੱਚ ਜਾਨ ਦਾ ਜੋਖਮ ਘੱਟ ਹੁੰਦਾ ਹੈ। ਇਹ ਰਾਤ ਦੇ ਸਮੇਂ ਜਾਂ ਮਾੜੇ ਮੌਸਮ ਵਿੱਚ ਵੀ ਕੰਮ ਕਰ ਸਕਦੇ ਹਨ, ਜੋ ਗੁਪਤ ਮਿਸ਼ਨਾਂ ਲਈ ਆਦਰਸ਼ ਹੈ। ਡਰੋਨਾਂ ਦੇ ਵੱਖ-ਵੱਖ ਦੇਸ਼ਾਂ ਵਿੱਚ ਅਤਿਵਾਦੀ ਅਤੇ ਵੱਖਵਾਦੀ ਸੰਗਠਨਾਂ ਦੀ ਗਤੀਵਿਧੀਆਂ `ਤੇ ਨਜ਼ਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸੰਚਾਰ ਸਿਗਨਲਾਂ ਨੂੰ ਫੜਨ ਅਤੇ ਵਿਸ਼ਲੇਸ਼ਣ ਕਰਨ ਦੀ ਡਰੋਨ ਸਮਰਥਾ ਰੱਖਦੇ ਹਨ, ਜਿਸ ਨਾਲ ਦੁਸ਼ਮਣ ਦੀਆਂ ਯੋਜਨਾਵਾਂ ਅਤੇ ਸੰਚਾਰ ਪ੍ਰਣਾਲੀਆਂ ਬਾਰੇ ਸੰਚਾਰ ਤੇ ਇੰਟੈਲੀਜੈਂਸ ਬਾਰੇ ਜਾਣਕਾਰੀ ਮਿਲਦੀ ਹੈ। ਜੀ.ਪੀ.ਐੱਸ. ਅਤੇ ਏ.ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ) ਨਾਲ ਡਰੋਨ ਸਹੀ ਅਤੇ ਤੇਜ਼ ਜਾਣਕਾਰੀ ਪ੍ਰਦਾਨ ਕਰਦੇ ਹਨ।
ਜ਼ਿਕਰਯੋਗ ਹੈ ਕਿ ਡਰੋਨ ਨੂੰ ਸਵੈ-ਚਲਤ ਹਥਿਆਰਾਂ ਵਜੋਂ ਵੀ ਵਰਤਿਆ ਜਾਂਦਾ ਹੈ, ਜੋ ਲੰਮੇ ਸਮੇਂ ਤੱਕ ਹਵਾ ਵਿੱਚ ਚੱਕਰ ਲਗਾ ਸਕਦੇ ਹਨ। ਜਦੋਂ ਟੀਚਾ ਮਿਲੇ ਤਾਂ ਸਿੱਧਾ ਹਮਲਾ ਕਰਦੇ ਹਨ। ਮਿਸਾਲ ਵਜੋਂ ਇਜ਼ਰਾਇਲ ਦਾ ਹਾਰੋਪ ਡਰੋਨ ਦੁਸ਼ਮਣ ਦੇ ਰਾਡਾਰ ਸਿਸਟਮ, ਕਮਾਂਡ ਸੈਂਟਰ ਅਤੇ ਹੋਰ ਮਹੱਤਵਪੂਰਨ ਟੀਚਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ। ਯੂਕਰੇਨ-ਰੂਸ ਜੰਗ ਵਿੱਚ ਯੂਕਰੇਨ ਦੇ ਡਰੋਨਾਂ ਨੇ ਰੂਸ ਦੀਆਂ 12 ਤੋਂ ਵੱਧ ਰੀਫਾਇਰਨਰੀਆਂ ਅਤੇ ਰਾਡਾਰ ਸਿਸਟਮਾਂ ਨੂੰ ਨੁਕਸਾਨ ਪਹੁੰਚਾਇਆ। ਟੀਚੇ ਤੇ ਸਟੀਕ ਹਮਲੇ ਵੇਲੇ ਮਿਜ਼ਾਇਲਾਂ ਅਤੇ ਬੰਬਾਂ ਨਾਲ ਲੈਸ ਹੁੰਦੇ ਹਨ, ਜੋ ਖਾਸ ਟੀਚਿਆਂ ਨੂੰ ਘੱਟ ਨੁਕਸਾਨ ਨਾਲ ਨਿਸ਼ਾਨਾ ਬਣਾਉਂਦੇ ਹਨ। ਇਹ ਸੈਨਿਕ ਅੱਡਿਆਂ, ਵਾਹਨਾਂ ਅਤੇ ਹਥਿਆਰ ਡਿੱਪੂਆਂ `ਤੇ ਹਮਲਾ ਕਰਨ ਵਿੱਚ ਮੁਹਾਰਤ ਰੱਖਦੇ ਹਨ। ਮਸਲਨ, ਅਮਰੀਕੀ ਡਰੋਨ ਨੇ 2020 ਵਿੱਚ ਇਰਾਨ ਦੇ ਜਨਰਲ ਕਾਸਿਆ ਸੁਏਮਾਨੀ `ਤੇ ਸਟੀਕ ਹਮਲਾ ਕੀਤਾ ਸੀ। ਕੁਝ ਮਾਮਲਿਆਂ ਵਿੱਚ, ਡਰੋਨ ਨੂੰ ਰਸਾਇਣਿਕ ਹਥਿਆਰਾਂ ਨੂੰ ਛੱਡਣ ਲਈ ਵੀ ਵਰਤਿਆ ਜਾਂਦਾ ਹੈ, ਜੋ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਹੈ। ਡਰੋਨ ਦੀ ਵਰਤੋਂ ਸੁਰੱਖਿਆ, ਸਟੀਕਤਾ, ਗੁਪਤਤਾ ਅਤੇ ਬਹੁ-ਮੁਖੀਤਾ ਲਈ ਕੀਤੀ ਜਾਂਦੀ ਹੈ। ਡਰੋਨ ਦੀ ਵਰਤੋ ਸਬੰਧੀ ਕੁਝ ਚੁਣੌਤੀਆਂ ਅਤੇ ਖਤਰੇ ਵੀ ਹਨ, ਜਿਵੇਂ ਨੈਤਿਕ ਮੁੱਦੇ, ਸੁਰੱਖਿਆ ਖਤਰੇ ਅਤੇ ਰਸਾਇਣਿਕ ਹਥਿਆਰ ਦੀ ਵਰਤੋਂ।
ਜੇ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਦੀ ਗੱਲ ਕੀਤੀ ਜਾਵੇ ਤਾਂ ਦੋਹਾਂ ਦੇਸ਼ਾਂ ਨੇ ਡਰੋਨ ਤਕਨੀਕ ਦੀ ਵਿਕਸਿਤੀ ਵਿੱਚ ਕਾਫੀ ਨਿਵੇਸ਼ ਕੀਤਾ ਹੈ। ਸਰਹੱਦੀ ਨਿਗਰਾਨੀ ਅਤੇ ਸੈਨਿਕ ਮਿਸ਼ਨਾਂ ਲਈ ਭਾਰਤ ਦੀ ਡੀ.ਆਰ.ਡੀ.ਓ. ਨੇ ‘ਰੁਸਤਮ’ ਅਤੇ ‘ਘਾਤਕ’ ਡਰੋਨ ਵਿਕਸਿਤ ਕੀਤੇ ਹਨ। ਇਜ਼ਰਾਈਲ-ਇਰਾਨ, ਯੂਕਰੇਨ-ਰੂਸ ਅਤੇ ਭਾਰਤ-ਪਾਕਿਸਤਾਨ ਫੌਜੀ ਟਕਰਾਵਾਂ ਤੇ ਜੰਗਾਂ ਵਿੱਚ ਡਰੋਨਾਂ ਦੀ ਖੁੱਲ੍ਹ ਕੇ ਵਰਤੋਂ ਹੋਈ ਹੈ।
ਪਿਛਲੇ ਕਈ ਦਹਾਕਿਆਂ ਵਿੱਚ ਤਕਨੀਕੀ ਤਰੱਕੀ ਦਾ ਇੱਕ ਮਹੱਤਵਪੂਰਨ ਹਿੱਸਾ, ਜਿਸ ਵਿੱਚ ਸੰਚਾਰ ਅਤੇ ਏ.ਆਈ. ਦੀ ਵਰਤੋਂ ਹੁੰਦੀ ਹੈ, ਸ਼ੁਰੂਆਤੀ ਦੌਰ ਵੇਲੇ ਸਧਾਰਨ ਰਿਮੋਟ-ਕੰਟਰੋਲ ਸਿਸਟਮ ਤੋਂ ਲੈ ਕੇ ਅਜੋਕੇ ਏ.ਆਈ. ਸੰਚਾਲਿਤ, ਸਵੈ-ਚਾਲਤ ਅਤੇ ਸਵਾਰਮਿੰਗ ਡਰੋਨਾਂ ਤੱਕ, ਇਸ ਤਕਨੀਕ ਦਾ ਤੇਜੀ ਨਾਲ ਵਿਕਾਸ ਹੋਇਆ ਹੈ। ਡਰੋਨਾਂ ਦੇ ਤਕਨੀਕੀ ਵਿਕਾਸ ਵੱਲ ਜੇ ਨਜ਼ਰ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ 1916-19 ਵਿੱਚ ਪਹਿਲੇ ਵਿਸ਼ਵ ਯੁੱਧ ਦੌਰਾਨ ਸੰਯੁਕਤ ਰਾਜ ਅਮਰੀਕਾ ਨੇ ‘ਕੈਟਰਿੰਗ ਬੱਗ’ ਨਾਮ ਦਾ ਸਾਧਾਰਨ ਡਰੋਨ ਵਿਕਸਿਤ ਕੀਤਾ, ਜੋ ਇੱਕ ਸਵੈ-ਚਾਲਤ ਹਥਿਆਰ ਸੀ, ਜੋ ਸੀਮਤ ਸੀਮਾ ਤੇ ਸਟੀਕਤਾ ਵਾਲਾ ਸੀ, ਜਦ ਕਿ 1940-50 ਦੀ ਦੂਸਰੇ ਵਿਸ਼ਵ ਯੁੱਧ ਦੌਰਾਨ ਰੇਡੀਓ ਕੰਟਰੋਲਡ ਡਰੋਨ ਨੂੰ ਨਿਸ਼ਾਨਾ ਅਭਿਆਸ ਅਤੇ ਜਾਸੂਸੀ ਲਈ ਵਰਤਿਆ ਗਿਆ। 1960-70 ਦੌਰਾਨ ਸ਼ੀਤ ਯੁੱਧ ਵੇਲੇ ਅਮਰੀਕਾ ਅਤੇ ਸੋਵੀਅਤ ਸੰਘ ਨੇ ਨਿਗਰਾਨੀ ਲਈ ਡਰੋਨ ਵਿਕਸਿਤ ਕੀਤੇ। ਆਧੁਨਿਕ ਸਮੇਂ (1980-2025) ਵੇਲੇ ਸੈਂਸਰ ਅਤੇ ਜੀ.ਪੀ.ਐੱਸ. ਦੇ ਵਿਕਾਸ ਨਾਲ ਡਰੋਨ ਦੀ ਸਟੀਕਤਾ ਅਤੇ ਸੀਮਾ ਨੂੰ ਵਧਾਇਆ ਗਿਆ। ਲੈਬਨਾਨ ਅਤੇ ਅਫਗਾਨਿਸਤਾਨ ਜੰਗਾਂ ਵਿੱਚ ਇਸ ਦੀ ਵਰਤੋਂ ਕੀਤੀ ਗਈ। 2000-2010 ਵੇਲੇ ਏ.ਆਈ. ਅਤੇ ਆਟੋਮੇਸ਼ਨ ਤਕਨੀਕ ਦੀ ਵਰਤੋਂ ਡਰੋਨ ਦੇ ਵਿਕਾਸ ਵਿੱਚ ਤੇਜ਼ੀ ਲਿਆਈ, ਜਿਸ ਨਾਲ ਡਰੋਨ ਨੇ ਰੀਅਲ ਟਾਈਮ ਨਿਗਰਾਨੀ ਅਤੇ ਸਟੀਕ ਹਮਲਿਆਂ ਦੀ ਸਮਰੱਥਾ ਦਿਖਾਈ। ਛੋਟੇ ਡਰੋਨ, ਮਿੰਨੀ ਅਤੇ ਮਾਈਕਰੋ ਡਰੋਨ ਦਾ ਵਿਕਾਸ ਹੋਣ ਲੱਗਾ, ਜੋ ਖੁਫ਼ੀਆ ਮਿਸ਼ਨਾਂ ਅਤੇ ਸੰਵੇਦਨਸ਼ੀਲ ਸਥਾਨਾਂ ਸਬੰਧੀ ਵਰਤੇ ਜਾਣ ਲੱਗੇ। ਵਰਤਮਾਨ ਪੜਾਅ (2010-2025) ਸਮੇਂ ਡਰੋਨ ਸਵਰਮ ਤਕਨੀਕ ਦੇ ਵਿਕਾਸ ਨਾਲ ਸੈਂਕੜੇ ਡਰੋਨ ਇਕੱਠੇ ਵਰਤੇ ਜਾਣ ਲੱਗੇ। ਏ.ਆਈ. ਲੈਸ ਡਰੋਨ ਹੁਣ ਟੀਚਿਆ ਨੂੰ ਖੁਦ ਪਛਾਣ ਸਕਦੇ ਹਨ, ਖੁਦ ਫੈਸਲਾ ਲੈ ਸਕਦੇ ਹਨ ਅਤੇ ਬਿਨਾ ਮਨੁੱਖੀ ਦਖਲ ਦੇ ਮਿਸ਼ਨ ਪੂਰਾ ਕਰ ਸਕਦੇ ਹਨ। ਹੁਣ ਹਵਾ ਜਮੀਨ ਅਤੇ ਪਾਣੀ ਵਿੱਚ ਵੀ ਡਰੋਨ ਕੰਮ ਕਰ ਸਕਦੇ ਹਨ। ਡਰੋਨਾਂ ਵਿੱਚ ਹੁਣ ਉੱਚ ਰੈਜੁਲੂਸ਼ਨ ਕੈਮਰੇ (ਥਰਮਲ ਇੰਫਰਾਰੈਡ ਅਤੇ ਮਲਟੀ ਸਪੈਕਟਰਲ ਕੈਮਰੇ) ਲੱਗੇ ਹੋਏ ਹਨ, ਜੋ ਰਾਤ ਜਾਂ ਮਾੜੇ ਮੌਸਮ ਵਿੱਚ ਵੀ ਨਿਗਰਾਨੀ ਕਰ ਸਕਦੇ ਹਨ। ਲੀਡਰ ਅਤੇ ਰਾਡਾਰ ਤਕਨੀਕ ਰਾਹੀਂ 3ਡੀ ਮੈਪਿੰਗ ਅਤੇ ਰੁਕਾਵਟਾਂ ਦਾ ਪਤਾ ਲਗਾਉਣ, ਸਿਗਨਲ, ਇੰਟੈਲੀਜੈਂਸ, ਸੰਚਾਰ ਸਿਗਨਲ ਫੜਨ ਤੇ ਵਿਸ਼ਲੇਸ਼ਣ ਕਰਨ ਦੀ ਸਮਰੱਥਾ ਰੱਖਦੇ ਹਨ ਅਤੇ ਏ.ਆਈ. ਦੀ ਵਰਤੋਂ ਨਾਲ ਡਰੋਨ ਸਵੈ-ਚਾਲਤ ਨੇਵੀਗੇਸ਼ਨ, ਟੀਚਾ ਪਛਾਣ ਅਤੇ ਸਟੀਕ ਹਮਲੇ ਕਰ ਸਕਦੇ ਹਨ ਤੇ ਇੱਕ-ਦੂਜੇ ਨਾਲ ਸੰਚਾਰ ਕਰਕੇ ਸੰਯੁਕਤ ਮਿਸ਼ਨ ਪੂਰਾ ਕਰ ਸਕਦੇ ਹਨ।
ਲੰਮੀ ਉਡਾਨ ਸਮੇਂ ਸੋਲਰ-ਸੰਚਾਲਿਤ ਅਤੇ ਹਾਈ ਕਪੈਸਿਟੀ ਲਿਥੀਅਮ ਆਇਨ ਬੈਟਰੀਆਂ ਨਾਲ ਹੁਣ ਡਰੋਨ 24 ਤੋਂ 48 ਘੰਟਿਆਂ ਤੱਕ ਉੱਡ ਸਕਦੇ ਹਨ। ਡੀਜ਼ਲ ਅਤੇ ਇਲੈਕਟ੍ਰਿਕ ਸੰਯੋਗ ਨਾਲ ਲੰਮੀ ਦੂਰੀ ਤੇ ਭਾਰ ਚੁੱਕਣ ਅਤੇ ਉਡਾਣ ਭਰਨ ਦੇ ਸਮਰਥ ਵੀ ਹਨ। ਅਮਰੀਕਾ, ਚੀਨ ਅਤੇ ਰੂਸ ਵੱਲੋਂ ਹਾਈਪਰੋਸਨਿਕ ਡਰੋਨ ਵਿਕਸਿਤ ਕੀਤੇ ਜਾ ਰਹੇ ਹਨ, ਜੋ ਮੈਕ 5 (ਆਵਾਜ਼ ਦੀ ਗਤੀ ਤੋਂ ਪੰਜ ਗੁਣਾ ਤੇਜ਼) ਉਡਾਰੀ ਭਰ ਸਕਦੇ ਹਨ ਅਤੇ ਜਮੀਨ ਤੇ ਸਮੁੰਦਰ ਅੰਦਰ ਵੀ ਕੰਮ ਕਰ ਸਕਦੇ ਹਨ। ਇਸਦੇ ਨਾਲ ਹੀ ਸੋਲਰ ਅਤੇ ਸਪੇਸ ਡਰੋਨ ਵੀ ਵਿਕਸਿਤ ਹੋ ਰਹੇ ਹਨ, ਜੋ ਹਫਤਿਆਂ ਤੱਕ ਪੁਲਾੜ ਵਿੱਚ ਉੱਡ ਸਕਦੇ ਹਨ। ਹਾਈਪਰਸੋਨਿਕ ਤਕਨੀਕ ਵਿੱਚ ਪ੍ਰਵੇਸ਼ ਕਰਕੇ ਭਾਰਤ ਵੀ ਅਮਰੀਕਾ, ਰੂਸ ਅਤੇ ਚੀਨ ਵਰਗੇ ਦੇਸ਼ਾਂ ਦੀ ਕਤਾਰ ਵਿੱਚ ਖੜਾ ਹੋ ਗਿਆ ਹੈ, ਜਿਸ ਕਾਰਨ ਭਾਰਤ ਦੀ ਰਣਨੀਤਕ ਸੁਰੱਖਿਆ, ਤੇਜ਼ ਜਵਾਬੀ ਸਮਰੱਥਾ ਅਤੇ ਤਕਨੀਕੀ ਉੱਤਮਤਾ ਵੱਧ ਰਹੀ ਹੈ। ਖੁਫ਼ੀਆ ਯੋਜਨਾਵਾਂ ਅਤੇ ਜੰਗਾਂ ਵਿੱਚ ਡਰੋਨਾਂ ਦੀ ਵਰਤੋਂ ਨੂੰ ਵੇਖਦੇ ਹੋਏ ਮੰਨਣਾ ਪਵੇਗਾ ਕਿ ਡਰੋਨ ਅਤੇ ਹਾਈਪਰਸੋਨਿਕ ਹਥਿਆਰਾਂ ਨੇ ਅਜੋਕੇ ਯੁੱਧਾਂ ਵਿੱਚ ਤੇਜ਼ੀ, ਸਟੀਕਤਾ ਅਤੇ ਉਚੇਰੀ ਰਣਨੀਤਿਕ ਸਮਰਥਾ ਪ੍ਰਦਾਨ ਕੀਤੀ ਹੈ। ‘ਆਪਰੇਸ਼ਨ ਸੰਦੂਰ’ ਨੇ ਵੀ ਭਾਰਤ ਨੂੰ ਸਿਖਾਇਆ ਹੈ ਕਿ ਇੱਕੋ ਸਮੇਂ ਇੱਕ ਤੋਂ ਵੱਧ ਦੁਸ਼ਮਣ ਦੇਸ਼ਾਂ ਨਾਲ ਆਪਣੀ ਹਵਾਈ ਅਤੇ ਡਰੋਨ ਸ਼ਕਤੀ ਰਾਹੀਂ ਕਿਵੇਂ ਨਜਿਠਿਆ ਜਾਣਾ ਹੈ। ਇਸ ਦੇ ਨਾਲ ਹੀ ਇਸ ਕਥਨ ਦੀ ਵੀ ਪੁਸ਼ਟੀ ਹੁੰਦੀ ਹੈ ਕਿ ਅਮਨ-ਅਮਾਨ ਰੱਖਣ ਲਈ ਜੰਗ ਲਈ ਤਿਆਰ ਰਹਿਣਾ ਵੀ ਜਰੂਰੀ ਹੈ।