ਸ਼ਿਕਾਗੋ ਵਿੱਚ ਪਈ ਪੀ.ਏ.ਓ. ਦੇ ਤੀਆਂ ਦੇ ਮੇਲੇ ਦੀ ਧਮਕ

ਖਬਰਾਂ

*ਰੁਪਿੰਦਰ ਹਾਂਡਾ ਨੇ ਸਟੇਜ ਸੰਭਾਲਦਿਆਂ ਹੀ ਮੇਲਣਾਂ ਨੂੰ ਨੱਚਣ ਲਾਇਆ
*ਪਹਿਨ-ਪੱਚਰ ਕੇ ਆਈਆਂ ਬੀਬੀਆਂ ਨੇ ਮੇਲੇ ਨੂੰ ਦਿੱਤਾ ਤ੍ਰਿੰਜਣ ਦਾ ਰੂਪ
ਅਨੁਰੀਤ ਕੌਰ ਢਿੱਲੋਂ
ਸ਼ਿਕਾਗੋ: ਤੀਆਂ ਦਾ ਮੇਲਾ ਬੀਬੀਆਂ `ਚ ਤ੍ਰਿੰਜਣਾਂ ਦਾ ਚਾਅ-ਉਤਸ਼ਾਹ ਲੈ ਆਉਂਦਾ ਹੈ, ਤੇ ਉਨ੍ਹਾਂ ਨੂੰ ਸਜਣ-ਸੰਵਰਨ ਦਾ ਮੌਕਾ ਮਿਲ ਜਾਂਦਾ ਹੈ। ਕੁੜੀਆਂ ਦੇ ਚਾਵਾਂ-ਮੁਲਾਰਾਂ, ਰੀਝਾਂ, ਸੱਧਰਾਂ ਅਤੇ ਸਾਂਝਾਂ ਦੀ ਤਰਜ਼ਮਾਨੀ ਕਰਨ ਵਾਲਾ ਇਕਲੌਤਾ ਤਿਉਹਾਰ ਤੀਆਂ ਹਨ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬੀ ਅਮੈਰਿਕਨ ਆਰਗੇਨਾਈਜੇਸ਼ਨ (ਪੀ.ਏ.ਓ.) ਸ਼ਿਕਾਗੋ ਦੇ ਤੀਆਂ ਦੇ ਮੇਲੇ `ਚ ਸੋਨੇ `ਤੇ ਸੁਹਾਗਾ ਉਦੋਂ ਹੋ ਗਿਆ, ਜਦੋਂ ਮੇਲੇ ਵਿੱਚ ਮਸ਼ਹੂਰ ਗਾਇਕਾ ਰੁਪਿੰਦਰ ਹਾਂਡਾ ਨੇ ਸਟੇਜ `ਤੇ ਆਉਂਦਿਆਂ ਹੀ ਮੇਲਣਾਂ ਨੂੰ ਨੱਚਣ ਲਾ ਲਿਆ। ਰੁਪਿੰਦਰ ਹਾਂਡਾ ਇਸ ਤੀਆਂ ਦੇ ਮੇਲੇ ਦਾ ਮੁੱਖ ਆਕਰਸ਼ਣ ਸੀ। ਆਪਣੇ ਗੀਤ ‘ਕਾਲੀ ਐਕਟਿਵਾ’, ‘ਉਡਣ ਕਬੂਤਰ ਚੀਨੇ’, ‘ਕਜਰਾ ਮੁਹੱਬਤ ਵਾਲਾ’, ‘ਗੁੜ ਨਾਲੋਂ ਇਸ਼ਕ ਮਿੱਠਾ’, ‘ਪਰਦੇ ਮੇ ਰਹਿਨੇ ਦੋ’, ‘ਸੜਕੇ ਸੜਕੇ ਜਾਂਦੀਏ ਮੁਟਿਆਰੇ’, ‘ਪੰਜਾਬਣੇ ਸ਼ੌਕੀਨ ਕੁੜੀਏ’ ਗਾਉਂਦੇ ਗਾਉਂਦੇ ਹਾਂਡਾ ਨੇ ਦੋ ਟੀਮਾਂ ਬਣਾ ਲਈਆਂ। ਫਿਰ ਇੱਕ-ਇੱਕ ਕੁੜੀ/ਬੀਬੀ ਚੁਣਦਿਆਂ ਪੂਰੀ ਸਟੇਜ ਭਰ ਲਈ। ਗਾਣਿਆਂ ਦੇ ਨਾਲ ਨਾਲ ਉਸ ਨੇ ਸਰੋਤਿਆਂ ਸੰਗ ਗੱਲਾਂ ਕਰਦਿਆਂ ਉਨ੍ਹਾਂ ਨੂੰ ਆਪਣੇ ਨਾਲ ਜੋੜ ਲਿਆ।

ਪੀ.ਏ.ਓ. ਦਾ ਇਹ ਇੱਕੀਵਾਂ ਮੇਲਾ ਸੀ ਤੇ ਸੰਸਥਾ ਦੀਆਂ ਮੈਂਬਰਾਨ ਨੇ ਢੋਲਕੀ ਨਾਲ ਲੋਕ ਗੀਤਾਂ ਤੇ ਬੋਲੀਆਂ ਨਾਲ ਮੇਲੇ ਦੀ ਸ਼ੁਰੂਆਤ ਕੀਤੀ। ਰੰਗਦਾਰ ਸੂਟਾਂ, ਘੱਗਰਿਆਂ, ਗਹਿਣੇ-ਗੱਟਿਆਂ, ਰੰਗ-ਬਰੰਗੇ ਪਰਾਂਦਿਆਂ ਨਾਲ ਸਜੀਆਂ ਮੁਟਿਆਰਾਂ ਮੇਲੇ ਦੀ ਸ਼ਾਨ ਬਣੀਆਂ ਹੋਈਆਂ ਸਨ। ਇੱਕ ਤੋਂ ਵਧ ਇੱਕ ਸਜ ਕੇ ਆਈਆਂ ਮੁਟਿਆਰਾਂ ਇੱਕ ਦੂਜੀ ਦੀ ਤਾਰੀਫ ਕਰਦੀਆਂ ਨਹੀਂ ਥੱਕ ਰਹੀਆਂ ਸਨ। ਉਸੇ ਤਰ੍ਹਾਂ ਮੇਲੇ ਦੀ ਹੋਰ ਸ਼ਾਨ ਬਾਹਰ ਲੱਗੇ ਸਟਾਲਾਂ ਨੇ ਵਧਾ ਦਿੱਤੀ ਹੋਈ ਸੀ। ਆਸ਼ੀਆਨਾ ਬੈਂਕੁਇਟ ਹਾਲ ਕਿਸੇ ਸ਼ਾਪਿੰਗ ਮਾਲ ਵਾਂਗ ਲੱਗ ਰਿਹਾ ਸੀ ਤੇ ਮੁਟਿਆਰਾਂ ਜਿੰਨਾ ਹਾਲ ਦੇ ਅੰਦਰ ਗੀਤ-ਸੰਗੀਤ ਤੇ ਗਿੱਧੇ/ਡਾਂਸ ਪੇਸ਼ਕਾਰੀ ਦਾ ਅਨੰਦ ਮਾਣ ਰਹੀਆਂ ਸਨ, ਓਨਾ ਹੀ ਬਾਹਰ ਸਟਾਲਾਂ `ਤੇ ਵੀ ਪੰਜਾਬੀ ਜੁੱਤੀਆਂ, ਸੂਟ, ਗਹਿਣੇ ਆਦਿ ਖਰੀਦ ਖਰੀਦ ਆਪਣੇ ਚਾਅ ਪੂਰੇ ਕਰ ਰਹੀਆਂ ਸਨ। ਫੋਟੋ ਖਿੱਚਣ ਲਈ ਰਾਖਵੀਂ ਥਾਂ ਉਤੇ ਬੀਬੀਆਂ ਤਰ੍ਹਾਂ ਤਰ੍ਹਾਂ ਦੇ ਸਲੋਗਨ ਵਾਲੀਆਂ ਤਖਤੀਆਂ ਫੜ੍ਹ ਕੇ ਤਸਵੀਰਾਂ ਖਿਚਵਾਉਂਦੀਆਂ ਫੁੱਲੀ ਨਹੀਂ ਸਨ ਸਮਾ ਰਹੀਆਂ।
ਖ਼ੈਰ! ਤੀਆਂ ਦੇ ਮੇਲੇ ਨੂੰ ਅੱਗੇ ਵਧਾਉਂਦਿਆਂ ਨੈਨਾ ਸਿੰਘ ਨੇ ਸਟੇਜ `ਤੇ ਆ ਕੇ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਵੀ ਇੰਜ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ। ਉਸ ਨੇ ਪ੍ਰੋਗਰਾਮ ਦੀਆਂ ਮੰਚ ਸੰਚਾਲਕਾਂ ਦੀ ਜਾਣ-ਪਛਾਣ ਵੀ ਕਰਵਾਈ। ਇਸ ਉਪਰੰਤ ਕਿਰਨਦੀਪ ਕੌਰ ਨੇ ਸਟੇਜ ਦੀ ਕਾਰਵਾਈ ਸੰਭਾਲਦਿਆਂ ਤੀਆਂ ਦਾ ਪਿਛੋਕੜ ਦੱਸਿਆ। ਸਭ ਤੋਂ ਪਹਿਲਾਂ ਸਵਾਤੀ ਗਰੁੱਪ ਦੀਆਂ ਮੁਟਿਆਰਾਂ ਨੇ ਗੁਲਾਬੀ ਸੂਟਾਂ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ, ਜਦ ਉਨ੍ਹਾਂ ‘ਕਾਲੀ ਐਨਕ ਨਾ ਲਾਇਆ ਕਰ’ ਉਤੇ ਪੇਸ਼ਕਾਰੀ ਕੀਤੀ। ਇਸ ਗਰੁੱਪ ਨੇ ਕੁਲ ਪੰਜ ਗੀਤਾਂ ਉਤੇ ਪੇਸ਼ਕਾਰੀ ਕਰ ਕੇ ਵਾਹ-ਵਾਹ ਖੱਟੀ। ‘ਸਵੇਰਾ ਟੀਮ’ ਦੀਆਂ ਮੁਟਿਆਰਾਂ ਨੇ ਸੁਹਾਗ ਗਾਏ, ਜਿਨ੍ਹਾਂ ਵਿੱਚ ਬਲਜੀਤ ਕੌਰ ਅਠਵਾਲ, ਰਾਜਵਿੰਦਰ ਕੌਰ ਤੇ ਡਿੰਪਲ ਡੋਗਰਾ ਤੋਂ ਇਲਾਵਾ ਅੰਮ੍ਰਿਤਪਾਲ ਕੌਰ ਤੇ ਅਨੁ ਕੌਰ ਸ਼ਾਮਲ ਸਨ। ਨੇਹਾ ਸੋਬਤੀ ਦੀ ਅਗਵਾਈ ਹੇਠ ‘ਨੇਹਾ ਗਰੁੱਪ’ ਨੇ ਪੰਜ ਗੀਤਾਂ ਉਤੇ ਕੋਰਿਓਗ੍ਰਾਫੀ ਕੀਤੀ।
ਅਗਲੀ ਪੇਸ਼ਕਾਰੀ ‘ਅਕਸ਼ੇ ਭੰਗੜਾ ਗਰੁੱਪ’ ਵੱਲੋਂ ਪੇਸ਼ ਕੀਤੀ ਗਈ, ਜਿਸ ਦੇ ਕੋਆਰਡੀਨੇਟਰ ਨਵਜੋਧ ਸਿੰਘ ਬਾਜਵਾ ਸਨ। ‘ਅਕਸ਼ੇ ਭੰਗੜਾ ਗਰੁੱਪ’ ਦੀ ਟੀਮ ਨੇ ਲੁੱਡੀ ਪੇਸ਼ ਕੀਤੀ, ‘ਕੁੜੀਏ ਨੀ ਲਾਚੇ ਵਾਲੀਏ।’ ਜਦਕਿ ਬਲਜੀਤ ਅਠਵਾਲ ਤੇ ਰਿੰਪਲ ਡੋਗਰਾ ਨੇ ‘ਮਾਹੀ ਵੇ ਮਾਹੀ ਮੈਨੂੰ ਵੈਦ ਕਰਾ ਦੇ’ ਗੀਤ ਜ਼ਰੀਏ ਵਿਆਹੇ ਜੋੜੇ ਦੀ ਨੋਕ-ਝੋਕ ਪੇਸ਼ ਕੀਤੀ। ਉਪਰੰਤ ਗਿੱਧਾ ਪੇਸ਼ ਕੀਤਾ ਗਿਆ, ਜਿਸ ਨੂੰ ਹਰਮਨ ਕੌਰ ਨੇ ਤਿਆਰ ਕਰਵਾਇਆ ਸੀ। ਗਿੱਧੇ ਦੀ ਟੀਮ ਨੇ ਆਪਣੀ ਪ੍ਰਭਾਵਸ਼ਾਲੀ ਪੇਸ਼ਕਾਰੀ ਜ਼ਰੀਏ ਸਭ ਨੂੰ ਜੋਸ਼ ਵਿੱਚ ਲੈ ਆਂਦਾ। ਪੇਸ਼ਕਾਰੀ ਦੌਰਾਨ ਬੀਬੀਆਂ ਨੇ ਤ੍ਰਿੰਜਣਾਂ ਦਾ ਦ੍ਰਿਸ਼ ਪੇਸ਼ ਕੀਤਾ- ਕੋਈ ਫੁਲਕਾਰੀ ਕੱਢ ਰਹੀ ਸੀ ਤੇ ਕੋਈ ਚਾਦਰ ਉਤੇ ਬੂਟੀਆਂ ਪਾ ਰਹੀ ਸੀ; ਕੋਈ ਚਰਖਾ ਕੱਤਦੀ ਸੀ ਤੇ ਕੋਈ ਸਲਾਈ ਨਾਲ ਬੁਣਤੀਆਂ ਪਾ ਰਹੀ ਸੀ; ਅਤੇ ਕੋਈ ਪੱਖੀਆਂ ਦੀ ਝੱਲ ਮਾਰਦੀ ਤੇ ਕੋਈ ਤਾੜ ਤਾੜ ਤਾੜੀਆਂ ਦਾ ਤਾਲ ਬਿਠਾਉਂਦੀ ਪੂਰੇ ਤਰਾਰੇ ਵਿੱਚ ਆਈ ਹੋਈ ਸੀ। ਇਸ ਮੌਕੇ ਕਿਰਪਾਲ ਕੌਰ ਲਾਲ ਤੇ ਰਾਜ ਧਾਲੀਵਾਲ ਨੇ ‘ਕੋਠੇ `ਤੇ ਆ ਮਾਹੀਆ’ ਪੇਸ਼ ਕੀਤਾ।
ਇਸ ਵਾਰ ਮੇਲੇ `ਚ ‘ਬੇਬੇ ਪੰਜਾਬਣ’ ਕਰਵਾਇਆ ਗਿਆ, ਜਿਸ ਵਿੱਚ ਵਡੇਰੀ ਉਮਰ ਦੀਆਂ ਬਜ਼ੁਰਗ ਬੀਬੀਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ਵਿੱਚ ਮਿਲਵਾਕੀ ਤੋਂ ਆਈ ਬੀਬੀ ਵਿਸ਼ਵਜੀਤ ਕੌਰ ਨੇ ਇਹ ਖਿਤਾਬ ਆਪਣੇ ਨਾਂ ਕਰਵਾਇਆ ਤੇ ਲਾਡੀ ਕੇ. ਸਿੰਘ ਨੇ ਉਨ੍ਹਾਂ ਦਾ ਫੁਲਕਾਰੀ ਦੇ ਕੇ ਮਾਣ-ਤਾਣ ਕੀਤਾ।
ਮੰਚ ਸੰਭਾਲਦਿਆਂ ਗੁਰਲੀਨ ਕੌਰ ਨੇ ਕੁਝ ਸ਼ੇਅਰ ਸੁਣਾਏ ਅਤੇ ‘ਤੀਆਂ ਦੀ ਟੀਮ’ ਦਾ ਧੰਨਵਾਦ ਕਰਦਿਆਂ ਮਹਿਮਾਨਾਂ ਤੇ ਸਪਾਂਸਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕੁਝ ਸਪਾਂਸਰਾਂ ਦਾ ਸਨਮਾਨ ਸ਼ਿਕਾਗੋ ਵਿੱਚ ਭਾਰਤੀ ਕੌਂਸਲ ਜਨਰਲ ਸੋਮਨਾਥ ਘੋਸ਼ ਦੀ ਪਤਨੀ ਡਾ. ਅਨਿੰਨਦਿਤਾ ਘੋਸ਼ ਅਤੇ ਗੈਸਟ ਆਫ ਆਨਰ ਦੇ ਪਰਿਵਾਰ ਦੀਆਂ ਬੀਬੀਆਂ ਤੋਂ ਕਰਵਾਇਆ ਗਿਆ। ਕੁਝ ਸਪਾਂਸਰਾਂ ਦਾ ਪਲੈਕ ਨਾਲ ਅਤੇ ਕੁਝ ਦਾ ਫੁਲਕਾਰੀ ਦੇ ਕੇ ਸਨਮਾਨ ਕੀਤਾ ਗਿਆ। ਇਹ ਫੁਲਕਾਰੀਆਂ ‘ਸਖੀ ਅਟਾਇਰ’ ਵੱਲੋਂ ਰੂਪੀ ਸਿੱਧੂ ਤੇ ਬਿਕਰਮ ਸਿੱਧੂ ਵੱਲੋਂ ਸਪਾਂਸਰ ਕੀਤੀਆਂ ਗਈਆਂ ਸਨ। ਜ਼ਿਕਰਯੋਗ ਹੈ ਕਿ ‘ਸਖੀ ਅਟਾਇਰ’ ਵੱਲੋਂ ਵਿਆਹ-ਪਾਰਟੀਆਂ ਸਬੰਧੀ ਲਾੜੇ-ਲਾੜੀ ਦੇ ਕੱਪੜੇ ਅਤੇ ਹੋਰ ਪੰਜਾਬੀ ਪਹਿਰਾਵੇ ਆਦਿ ਖਰੀਦੋ-ਫਰੋਖਤ ਸਬੰਧੀ ਸਾਮਾਨ ਵੇਚਿਆ ਜਾਂਦਾ ਹੈ।
ਸੰਸਥਾ ਦੀ ਪ੍ਰਧਾਨ ਜਸਮੀਤ ਕੌਰ ਸੂਗਾ ਤੇ ਮੁੱਖ ਪ੍ਰਬੰਧਕ ਮਿਨੀ ਮੁਲਤਾਨੀ ਨੇ ਸਭ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਹੋਰ ਵਧੀਆ ਮੇਲਾ ਕਰਵਾਉਣ ਦਾ ਵਾਅਦਾ ਕੀਤਾ। ਮੇਲੇ ਨੂੰ ਕਾਮਯਾਬ ਕਰਨ ਲਈ ਇਨ੍ਹਾਂ ਸਮੇਤ ਸੰਸਥਾ ਦੀਆਂ ਹੋਰ ਮੈਂਬਰਾਨ- ਸੁੱਖੀ ਸਿੰਘ, ਰਾਜਿੰਦਰ ਕੌਰ ਮਾਗੋ, ਗੁਰਪ੍ਰੀਤ ਕੇ. ਸਿੰਘ, ਜੋਤੀ ਖਹਿਰਾ, ਨੈਣਾ ਸਿੰਘ, ਨੇਹਾ ਵਾਲੀਆ, ਸ਼ੀਤਲ ਕਾਲੜਾ, ਅੰਮ੍ਰਿਤਾ ਡੰਡੋਨਾ, ਰੋਜ਼ੀ ਰੇਹਲ, ਸ਼ਾਲੂ ਛਾਬੜਾ, ਪੰਮੀ ਸੰਘਾ, ਜੀਵਨ ਧਾਮੀ, ਪਿੰਕੀ ਵਾਲੀਆ ਅਤੇ ਕਮਲ ਹੁੰਜਣ ਤੇ ਪ੍ਰਭ ਖਹਿਰਾ ਨੇ ਅਹਿਮ ਭੂਮਿਕਾ ਨਿਭਾਈ।
ਮੇਲੇ ਵਿੱਚ ਸਭ ਨੇ ਆਸ਼ੀਆਨਾ ਦੇ ਖਾਣੇ ਦੀ ਬਹੁਤ ਤਾਰੀਫ ਕੀਤੀ। ਕੁਲ ਮਿਲਾ ਕੇ ਪੀ.ਏ.ਓ. ਦਾ ਮੇਲਾ ਮਨੋਰੰਜਨ ਭਰਪੂਰ ਤੇ ਯਾਦਗਾਰੀ ਰਿਹਾ, ਪਰ ਉਥੇ ਹੀ ਹਾਲ ਵਿੱਚ ਸਟਾਲ ਵਾਲਾ ਏਰੀਆ ਕਾਫੀ ਖਿੱਚ ਦਾ ਕੇਂਦਰ ਬਣਿਆ ਰਿਹਾ। ਇਸ ਵਾਰ ਸਮਾਂ ਜੇ ਹੋਰ ਹੁੰਦਾ ਤਾਂ ਮੇਲਣਾਂ ਹੋਰ ਦੋ ਘੰਟੇ ਮੇਲੇ ਦਾ ਅਨੰਦ ਮਾਣ ਸਕਦੀਆਂ ਸਨ। ਇਸੇ ਦੌਰਾਨ ਮੌਜੂਦ ਕੁਝ ਬੀਬੀਆਂ ਦੇ ਸੁਝਾਅ ਵੀ ਮਿਲੇ ਹਨ, ਜਿਸ ਵਿੱਚ ਕੁਝ ਔਰਤਾਂ ਨੇ ਕਿਹਾ ਕਿ ਅਗਲੀ ਵਾਰ ਲਾਈਵ ਬੋਲੀਆਂ ਦਾ ਸਮਾਂ ਰੱਖਿਆ ਜਾਵੇ, ਜਿਸ ਨਾਲ ਮੇਲੇ ਵਿੱਚ ਆਈ ਹਰ ਮੇਲਣ ਨੂੰ ਲੱਗੇ ਕਿ ਉਹ ਵੀ ਹਿੱਸਾ ਲੈ ਕੇ ਗਈ ਹੈ। ਕਿਊ.ਆਰ. ਕੋਡ ਨਾਲ ਰਜਿਸਟਰੇਸ਼ਨ ਕਰਨ ਤੇ ਟਿਕਟਾਂ ਖਰੀਦਣ ਸਮੇਂ ਕਈਆਂ ਨੂੰ ਭੁਲੇਖਾ ਲੱਗਿਆ। ਕੁਝ ਕਲਾਕਾਰਾਂ ਦਾ ਸੁਝਾਅ ਸੀ ਕਿ ਜੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਕਲਾਕਾਰਾਂ ਦੀ ਹਾਲ ਵਿੱਚ ਐਂਟਰੀ ਸਬੰਧੀ, ਬੈਠਣ ਲਈ ਵੱਖਰੀ ਥਾਂ ਅਤੇ ਖਾਣੇ ਦਾ ਵਿਸ਼ੇਸ਼ ਪ੍ਰਬੰਧ ਹੋਵੇ ਤਾਂ ਜੋ ਉਨ੍ਹਾਂ ਨੂੰ ਕੋਈ ਤੰਗੀ ਨਾ ਆਵੇ; ਜਿਵੇਂ ਕਿ ਹਰ ਮੇਲੇ ਲਈ ਸਪਾਂਸਰ ਹੋਣੇ ਜ਼ਰੂਰੀ ਹਨ, ਓਵੇਂ ਹੀ ਪੇਸ਼ਕਾਰੀਆਂ ਕਰਨ ਵਾਲੇ ਕਲਾਕਾਰਾਂ ਦਾ ਧਿਆਨ ਰੱਖਿਆ ਜਾਣਾ ਵੀ ਜ਼ਰੂਰੀ ਹੈ।
ਮੇਲੇ ਦੇ ਦੂਜੇ ਹਿੱਸੇ ਵਿੱਚ ਸੰਸਥਾ ਦੇ ਮੈਨੇਜਿੰਗ ਡਾਇਰੈਕਟਰਾਂ- ਗੁਲਜ਼ਾਰ ਸਿੰਘ ਮੁਲਤਾਨੀ, ਡਾ. ਹਰਜਿੰਦਰ ਸਿੰਘ ਖਹਿਰਾ, ਜੈਸੀ ਸਿੰਘ, ਜਸਬੀਰ ਸੂਗਾ, ਪਾਲ ਡੰਡੋਨਾ, ਸਵੀ ਅਟੱਲ ਤੇ ਦਵਿੰਦਰ ਸਿੰਘ ਵੱਲੋਂ ਰੈਸਟੋਰੈਂਟ ਵਿੱਚ ਬੰਦਿਆਂ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਦੌਰਾਨ ਆਏ ਮਹਿਮਾਨਾਂ ਦੀ ਆਓ-ਭਗਤ ਕੀਤੀ ਗਈ। ਸੰਸਥਾ ਦੇ ਸੁਖਵਿੰਦਰ ਸਿੰਘ ਹੁੰਜਣ ਤੇ ਕਮਲ ਹੁੰਜਣ ਨਿੱਜੀ ਪ੍ਰੋਗਰਾਮ ਹੋਣ ਕਾਰਨ ਬੇਸ਼ੱਕ ਮੇਲੇ `ਤੇ ਹਾਜ਼ਰ ਨਹੀਂ ਸਨ, ਪਰ ਉਹ ਆਪਣੀਆਂ ਜ਼ਿੰਮੇਵਾਰੀਆਂ ਪਹਿਲਾਂ ਹੀ ਓਟ ਕੇ ਗਏ ਸਨ।
ਮੇਲੇ ਦੇ ਮੁੱਖ ਮਹਿਮਾਨ ਮਿਲਵਾਕੀ ਤੋਂ ਬਿਜ਼ਨਸਮੈਨ ਦਰਸ਼ਨ ਸਿੰਘ ਧਾਲੀਵਾਲ ਅਤੇ ਗ੍ਰੈਂਡ ਸਪਾਂਸਰ ਮੈਕ ਭਮਰਾ ਤੇ ਜੋਡੀ ਭਮਰਾ ਸਨ, ਜਦਕਿ ਗੈਸਟ ਆਫ ਆਨਰ ਜੇ.ਪੀ. ਖਹਿਰਾ ਤੇ ਗੋਲਡ ਸਪਾਂਸਰ ਭੁਪਿੰਦਰ ਸਿੰਘ ਤੇ ਰਾਜ ਧਾਲੀਵਾਲ ਸਨ। ਇਸ ਤੋਂ ਇਲਾਵਾ ਹੋਰ ਸਪਾਂਸਰਾਂ ਵਿੱਚ ਵਿਭਾ ਰਾਜਪੂਤ, ਜਸਬੀਰ ਸੂਗਾ (ਸੂਗਾ ਬਿਲਡਰਜ਼), 5ਰਿਵਰਜ਼ ਐਂਟਰਟੇਨਮੈਂਟ-ਸ਼ਿਕਾਗੋ, ਸੁਨਿਲ ਸ਼ਾਹ, ਸਖੀ ਅਟਾਇਰ, ਪ੍ਰੋਫੈਸ਼ਨਲ ਹੈਲਥ ਕੇਅਰ ਲੈਬ, ਐਫ.ਆਈ.ਏ., ਦਵਿੰਦਰ ਸਿੰਘ ਤੇ ਨੈਨਾ ਸਿੰਘ, ਪਾਲ ਡੰਡੋਨਾ, ਮਿੰਨੀ ਤੇ ਗੁਲਜ਼ਾਰ ਸਿੰਘ ਮੁਲਤਾਨੀ, ਸਤਵੰਤ ਤੇ ਅਵਤਾਰ ਸਿੰਘ ਮੁਲਤਾਨੀ, ਡਾ. ਹਰਜਿੰਦਰ ਖਹਿਰਾ ਤੇ ਜੋਤੀ ਖਹਿਰਾ (ਲੇਕ ਸਟਰੀਟ ਡੈਂਟਲ), ਜੈਸੀ ਸਿੰਘ (ਰੀਮੈਕਸ), ਪੀ.ਸੀ.ਐਸ. ਸ਼ਿਕਾਗੋ, ਗੁਰਿੰਦਰਜੀਤ ਸਿੰਘ ਗਰੇਵਾਲ, ਕਮਲ ਤੇ ਲੱਕੀ ਸਹੋਤਾ (ਸੇਫਵੇਅ), ‘ਸਵੇਰਾ’ ਤੇ ਅਜੀਤ ਸਿੰਘ (ਮਿਡਵੇਅ ਬਿਜ਼ਨਸ ਗਰੁਪ) ਸ਼ਾਮਲ ਸਨ।

Leave a Reply

Your email address will not be published. Required fields are marked *