ਇੰਡੋਨੇਸ਼ੀਆ ਵਿਖੇ ਵੱਖ-ਵੱਖ ਕਿੱਤਿਆਂ ’ਚ ਰੁੱਝੇ ਹਨ ਪੰਜਾਬੀ
ਪੰਜਾਬੀਆਂ ਨੇ ਦੇਸ਼-ਵਿਦੇਸ਼ ਵਿੱਚ ਮੱਲਾਂ ਮਾਰ ਕੇ ਪੰਜਾਬੀਅਤ ਦਾ ਲੋਹਾ ਸੰਸਾਰ ਭਰ ‘ਚ ਮੰਨਵਾਇਆ ਹੈ। ਜਿੱਥੇ ਵੀ ਗਏ, ਉੱਥੇ ਹੀ ਸਾਂਝ ਸਥਾਪਤ ਕੀਤੀ। ਇੰਜ ਹੀ ਇੰਡੋਨੇਸ਼ੀਆ ਵਿਖੇ ਪੰਜਾਬੀ ਵੱਖ-ਵੱਖ ਕਿੱਤਿਆਂ ਰਾਹੀਂ ਕਿਰਤ ਕਰਨ ’ਚ ਰੁੱਝੇ ਹੋਏ ਹਨ। ਇਸ ਤੋਂ ਇਲਾਵਾ ਧਾਰਮਿਕ ਖੇਤਰ ਸਣੇ ਖੇਡਾਂ ਅਤੇ ਸਿਆਸਤ ਵਿੱਚ ਵੀ ਸਿੱਖਾਂ ਨੇ ਨਾਮਣਾ ਖੱਟਿਆ ਹੈ। ਪੇਸ਼ ਹੈ, ਪੰਜਾਬੀਆਂ ਦੀ ਇੰਡੋਨੇਸ਼ੀਆ ਨਾਲ ਸਾਂਝ ਦਾ ਸੰਖੇਪ ਵੇਰਵਾ…
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ: +91-9781646008
ਸੰਸਾਰ ਦੇ ਨਕਸ਼ੇ ’ਤੇ ਹਿੰਦ ਮਹਾਂਸਾਗਰ ਅਤੇ ਪ੍ਰਸ਼ਾਂਤ ਮਹਾਂਸਾਗਰ ਦੇ ਦਰਮਿਆਨ ਸਥਿਤ ਇੰਡੋਨੇਸ਼ੀਆ, ਅਸਲ ਵਿੱਚ ਦੱਖਣ-ਪੂਰਬ ਏਸ਼ੀਆ ਦਾ ਇੱਕ ਦੇਸ਼ ਹੈ। ਇਹ ਦੇਸ਼ ਜਾਵਾ ਅਤੇ ਸੁਮਾਤਰਾ ਸਣੇ ਲਗਪਗ 17,000 ਟਾਪੂਆਂ ਦਾ ਸਮੂਹ ਹੈ। ਆਪਣੇ 19,04,569 ਵਰਗ ਕਿਲੋਮੀਟਰ ਦੇ ਰਕਬੇ ਨਾਲ ਇਹ ਖੇਤਰਫ਼ਲ ਪੱਖੋਂ ਦੁਨੀਆਂ ਦਾ 14ਵਾਂ ਵੱਡਾ ਮੁਲਕ ਹੈ। ਇਸਦੀ ਆਬਾਦੀ 28.50 ਕਰੋੜ ਦੇ ਕਰੀਬ ਹੈ ਤੇ ਇਹ ਸੰਸਾਰ ਦਾ ਚੌਥਾ ਸਭ ਤੋਂ ਵੱਧ ਵੱਸੋਂ ਵਾਲਾ ਦੇਸ਼ ਹੈ। ਇਸਨੂੰ ਦੁਨੀਆਂ ਦਾ ਸਭ ਤੋਂ ਵੱਧ ਮੁਸਲਿਮ ਆਬਾਦੀ ਵਾਲਾ ਮੁਲਕ ਹੋਣ ਦਾ ਸ਼ਰਫ਼ ਵੀ ਹਾਸਿਲ ਹੈ। ਇਥੋਂ ਦੀ ਵੱਸੋਂ ਘਣਤਾ 143 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ। ਦਿਲਚਸਪ ਤੱਥ ਇਹ ਵੀ ਹੈ ਕਿ ਇਸ ਮੁਲਕ ਦਾ ਅਹਿਮ ਹਿੱਸਾ ਕਹੇ ਜਾਂਦੇ ਜਾਵਾ ਨਾਮਕ ਟਾਪੂ ਉੱਤੇ ਇਸਦੀ ਅੱਧੀ ਆਬਾਦੀ ਵੱਸਦੀ ਹੈ ਤੇ ਇਸ ਟਾਪੂ ਨੂੰ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਟਾਪੂ ਵੀ ਕਿਹਾ ਜਾਂਦਾ ਹੈ। ਇਸਦੀ ਰਾਜਧਾਨੀ ਜਕਾਰਤਾ ਹੈ ਤੇ ਇਸ ਮੁਲਕ ਨੂੰ ਨੀਦਰਲੈਂਡ ਕੋਲੋਂ 17 ਅਗਸਤ 1945 ਨੂੰ ਆਜ਼ਾਦੀ ਮਿਲੀ ਸੀ।
ਇਹ ਮੰਨਿਆ ਜਾਂਦਾ ਹੈ ਕਿ ਇੰਡੋਨੇਸ਼ੀਆ ਵਿੱਚ ਵੱਸਣ ਵਾਲੇ ਭਾਰਤੀ ਮੂਲ ਦੇ ਲੋਕਾਂ ਦੀ ਸੰਖਿਆ 1.20 ਲੱਖ ਦੇ ਕਰੀਬ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਉਹ ਤਾਮਿਲ ਵਿਅਕਤੀ ਹਨ, ਜੋ ਡੱਚ ਬਸਤੀਵਾਦੀ ਕਾਲ ਦੌਰਾਨ ਸੰਨ 1930 ਦੇ ਆਸ-ਪਾਸ ਇੱਥੋਂ ਦੇ ਪੌਦਾ ਉਦਯੋਗ ਵਿੱਚ ਕੰਮ ਕਰਨ ਲਈ ਇੱਥੇ ਲਿਆਂਦੇ ਗਏ ਸਨ। ਉਂਜ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਅਜੋਕੇ ਭਾਰਤ ’ਚੋਂ ਇੱਥੇ ਆ ਕੇ ਰਹਿਣ ਅਤੇ ਕੰਮ ਕਰਨ ਵਾਲੇ ਵਿਅਕਤੀਆਂ ਦੀ ਸੰਖਿਆ ਅੰਦਾਜ਼ਨ ਨੌ ਹਜ਼ਾਰ ਹੈ। ਇੱਥੇ ਸਥਿਤ ‘ਇੰਡੀਆ ਕਲੱਬ’ ਅਤੇ ‘ਇੰਡੀਅਨ ਐਸੋਸੀਏਸ਼ਨ ਆਫ਼ ਸੌਰਭਿਆ’ ਨਾਂ ਦੇ ਸੰਗਠਨ ਭਾਰਤੀਆਂ ਦੀਆਂ ਵੱਖ-ਵੱਖ ਜ਼ਰੂਰਤਾਂ ਪੂਰੀਆਂ ਕਰਨ ਲਈ ਕੰਮ ਕਰਦੇ ਹਨ।
ਜੇਕਰ ਇੰਡੋਨੇਸ਼ੀਆ ਵਿਖੇ ਵੱਸਦੇ ਪੰਜਾਬੀਆਂ ਦੀ ਗੱਲ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਇੱਥੇ ਵੱਸਦੇ ਪੰਜਾਬੀਆਂ ਦੀ ਗਿਣਤੀ 40 ਹਜ਼ਾਰ ਤੋਂ 60 ਹਜ਼ਾਰ ਦੇ ਨੇੜੇ-ਤੇੜੇ ਹੈ, ਤੇ ਇੱਥੇ ਵੱਸਦੇ ਭਾਰਤੀਆਂ ਵਿੱਚੋਂ ਤਾਮਿਲਾਂ ਤੋਂ ਬਾਅਦ ਪੰਜਾਬੀਆਂ ਦੀ ਹੀ ਬਹੁਗਿਣਤੀ ਹੈ। ਇੱਥੇ ਵੱਸਦੇ ਸਿੱਖਾਂ ਵੱਲੋਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀਆਂ ਉਦਾਸੀਆਂ ਦੌਰਾਨ ਸੁਮਾਤਰਾ ਵਿਖੇ ਪਧਾਰੇ ਸਨ। ਇਨ੍ਹਾਂ ਸਿੱਖਾਂ ਦਾ ਇਹ ਮੰਨਣਾ ਹੈ ਕਿ ਗੁਰੂ ਜੀ ਇੱਥੇ ਅੰਡੇਮਾਨ ਟਾਪੂਆਂ ਅਤੇ ਸ੍ਰੀਲੰਕਾ ਰਸਤੇ ਪੁੱਜੇ ਸਨ। ਇੱਥੇ ਇਹ ਜ਼ਿਕਰਯੋਗ ਹੈ ਕਿ ਸਥਾਨਕ ਇਤਿਹਾਸਕਾਰ ਇਨ੍ਹਾਂ ਗੱਲਾਂ ਨੂੰ ਸਵੀਕਾਰ ਨਹੀਂ ਕਰਦੇ ਹਨ ਤੇ ਕੇਵਲ ਇੱਕ ਮਿੱਥ ਤੋਂ ਵੱਧ ਹੋਰ ਕੁਝ ਨਹੀਂ ਮੰਨਦੇ ਹਨ।
ਇਤਿਹਾਸਕ ਹਵਾਲਿਆਂ ਤੋਂ ਜਾਣਕਾਰੀ ਮਿਲਦੀ ਹੈ ਕਿ ਸੰਨ 1828 ਵਿੱਚ ਪੱਛਮੀ ਬੌਰਨਿਊ ਖਿੱਤੇ ਵਿੱਚੋਂ ਇੱਕ ਲਿਖ਼ਤੀ ਬਿਰਤਾਂਤ ਮਿਲਿਆ ਸੀ, ਜੋ ਦੱਸਦਾ ਸੀ ਕਿ ਮੀਕਾ ਸਿੰਘ ਅਤੇ ਨੱਛਾ ਸਿੰਘ ਨਾਂ ਦੇ ਦੋ ਦਸਤਾਰਧਾਰੀ ਅਤੇ ਕਾਲੇ ਦਾਹੜੇ ਵਾਲੇ ਸ਼ਖ਼ਸ ਸਬੰਧਿਤ ਰਾਜ ਦੀ ਫ਼ੌਜ ਦੇ ਮੁਖੀ ਦੇ ਸਲਾਹਕਾਰ ਸਨ, ਜੋ ਜੰਗ ਦੀਆਂ ਲੋੜਾਂ ਪੂਰੀਆਂ ਕਰਨ ਲਈ ਭਾਰਤ ਤੋਂ ਨੌਜਵਾਨਾਂ ਨੂੰ ਭਰਤੀ ਕਰਕੇ ਇੱਥੇ ਲਿਆਉਂਦੇ ਸਨ। ਇਸੇ ਤਰ੍ਹਾਂ ਸੰਨ 1836 ਨਾਲ ਸਬੰਧਿਤ ਇੱਕ ਰਿਕਾਰਡ ਪੁਸਤਕ ਅਨੁਸਾਰ ‘ਮੈਕੋਏ’ ਉਪਨਾਮ ਵਾਲੇ ਇੱਕ ਸ਼ਖ਼ਸ ਨੇ ਆਸਟਰੇਲੀਆ ਵਿਖੇ ਸਥਿਤ ਆਪਣੇ ਗੰਨੇ ਦੇ ਖੇਤਾਂ ਵਿੱਚ ਕੰਮ ਕਰਨ ਲਈ 50 ਸਿੱਖ ਮਜ਼ਦੂਰਾਂ ਦੀ ਭਰਤੀ ਕੀਤੀ ਸੀ। ਕੁਝ ਹੋਰ ਇਤਿਹਾਸਕ ਦਸਤਾਵੇਜ਼ਾਂ ਅਨੁਸਾਰ ਸੰਨ 1880 ਦੇ ਆਸ-ਪਾਸ ਪੰਜਾਬੀ ਸਿੱਖਾਂ ਨੂੰ ਪੁਲਿਸ ਜਾਂ ਫ਼ੌਜ ਵਿੱਚ ਕੰਮ ਕਰਨ ਲਈ ਬਰਤਾਨਵੀ ਫ਼ੌਜ ਵੱਲੋਂ ਇੱਥੇ ਲਿਆਂਦਾ ਗਿਆ ਸੀ। ਇਸ ਤੋਂ ਬਾਅਦ ਉੱਨੀਵੀਂ ਸਦੀ ਦੇ ਅਖ਼ੀਰ ਵਿੱਚ ਵੱਡੀ ਸੰਖਿਆ ਵਿੱਚ ਪੰਜਾਬੀ ਸਿੱਖ ਉੱਤਰੀ ਸੁਮਾਤਰਾ ਵਿਖੇ ਆ ਕੇ ਵੱਸਣੇ ਸ਼ੁਰੂ ਹੋ ਗਏ ਸਨ। ਪੰਜਾਬੀਆਂ ਨੇ ਇੰਡੋਨੇਸ਼ੀਆ ਵਿਖੇ ਆ ਕੇ ਡੇਅਰੀ ਫਾਰਮਿੰਗ, ਵਪਾਰ, ਖੇਡਾਂ ਦਾ ਸਮਾਨ ਬਣਾਉਣ ਦੇ ਉਦਯੋਗਾਂ ਅਤੇ ਸੁਰੱਖਿਆ ਏਜੰਸੀਆਂ ਵਿੱਚ ਕੰਮ ਕਰਨ ਸਣੇ ਕਈ ਹੋਰ ਕਿੱਤਿਆਂ ਨੂੰ ਅਪਣਾ ਲਿਆ ਸੀ। ਦੱਸਣਯੋਗ ਹੈ ਕਿ ਪੰਜਾਬ ਤੋਂ ਇੰਡੋਨੇਸ਼ੀਆ ਆਏ ਇਹ ਪੰਜਾਬੀ ਸਿੱਖ ਪੰਜਾਬ ਦੇ ਮਾਝਾ ਅਤੇ ਦੁਆਬਾ ਖਿੱਤਿਆਂ ਨਾਲ ਸਬੰਧਤ ਸਨ। ਇੱਕ ਹੋਰ ਇਤਿਹਾਸਕ ਸੱਚ ਇਹ ਵੀ ਹੈ ਕਿ ਦੂਜੀ ਸੰਸਾਰ ਜੰਗ ਸਮੇਂ ਇੱਥੇ ਵੱਸਦੇ ਕੁਝ ਪੰਜਾਬੀ ਸਿੱਖਾਂ ਨੂੰ ਭਾਰਤੀ ਦੇਸ਼ ਭਗਤ ਸੁਭਾਸ਼ ਚੰਦਰ ਬੋਸ ਨੇ ਆਪਣੀ ‘ਇੰਡੀਅਨ ਨੈਸ਼ਨਲ ਆਰਮੀ’ ਵਿੱਚ ਭਰਤੀ ਕਰ ਲਿਆ ਸੀ। ਇਹ ਪੰਜਾਬੀ ਸੈਨਿਕ ਜਾਪਾਨੀਆਂ ਦੇ ਨਾਲ ਰਲ਼ ਕੇ ਜੰਗ ਲੜੇ ਸਨ, ਪਰ ਜਾਪਾਨ ਵੱਲੋਂ ਆਤਮ-ਸਮਰਪਣ ਕਰ ਦੇਣ ਪਿੱਛੋਂ ਕੁਝ ਪੰਜਾਬੀ ਸੈਨਿਕ ਜਾਪਾਨ ਵਿਰੋਧੀ ਇੰਡੋਨੇਸ਼ੀਅਨ ਲੜਾਕੂਆਂ ਨਾਲ ਸ਼ਾਮਿਲ ਹੋ ਗਏ ਸਨ।
ਬੜੀ ਹੀ ਮਜ਼ੇਦਾਰ ਗੱਲ ਹੈ ਕਿ ਪੰਜਾਬੀਆਂ ਦੇ ਇੰਡੋਨੇਸ਼ੀਆ ਵਿੱਚ ਚਿਰੋਕਣੇ ਵੱਸੇ ਹੋਣ ਕਰਕੇ ਇੱਥੇ ਵੱਸਦੇ ਵੱਖ-ਵੱਖ ਸਮਾਜਾਂ ਦੇ ਲੋਕ ਬੜੀ ਚੰਗੀ ਤਰ੍ਹਾਂ ਪੰਜਾਬੀ ਭਾਸ਼ਾ ਬੋਲਣੀ ਅਤੇ ਸਮਝਣੀ ਸਿੱਖ ਚੁੱਕੇ ਹਨ, ਪਰ ਨਾਲ ਹੀ ਦੁੱਖ ਦੀ ਗੱਲ ਇਹ ਵੀ ਹੈ ਕਿ ਇੰਡੋਨੇਸ਼ੀਆ ਵਿਖੇ ਸਿੱਖ ਧਰਮ ਨੂੰ ਵੱਖਰੇ ਧਰਮ ਵਜੋਂ ਮਾਨਤਾ ਹਾਸਿਲ ਨਹੀਂ ਹੈ। ਇਨ੍ਹਾਂ ਨੂੰ ਮੁੱਖ ਤੌਰ ’ਤੇ ਹਿੰਦੂ ਸਮਾਜ ਦਾ ਹੀ ਅੰਗ ਮੰਨਿਆ ਜਾਂਦਾ ਹੈ ਤੇ ਸਮਾਜਿਕ ਪੱਖੋਂ ਵੀ ਇੰਡੋਨੇਸ਼ੀਆਈ ਲੋਕ ਸਿੱਖਾਂ ਨੂੰ ਵਿਦੇਸ਼ੀ ਜਾਂ ਬਾਹਰੀ ਵਿਅਕਤੀ ਹੀ ਸਮਝਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਸਿੱਖ ਧਰਮ ਅਸਥਾਨਾਂ ਦੀ ਦੇਖ-ਭਾਲ ਅਤੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਤੇ ਕੀਰਤਨ ਕਰਨ ਵਿੱਚ ਇੱਥੇ ਵੱਸਦੀਆਂ ਸਿੰਧੀ ਮਹਿਲਾਵਾਂ ਦਾ ਵੱਡਾ ਯੋਗਦਾਨ ਹੈ।
ਆਪਣੇ ਧਰਮ ਅਸਥਾਨਾਂ ਨੂੰ ਬੇਹੱਦ ਸਤਿਕਾਰ ਦੇਣ ਵਾਲੇ ਸਿੱਖਾਂ ਨੇ ਸੰਨ 1925 ਵਿੱਚ ਇੰਡੋਨੇਸ਼ੀਆ ਅੰਦਰ ‘ਤੇਨਜੰਗ ਪ੍ਰਾਇਓਕ ਗੁਰਦੁਆਰਾ ਸਾਹਿਬ’ ਦੀ ਸਥਾਪਨਾ ਕੀਤੀ ਸੀ। ਇਸ ਗੁਰਦੁਆਰਾ ਸਾਹਿਬ ਦੇ ਨਿਰਮਾਣ ਵਿੱਚ ਸ. ਪ੍ਰਤਾਪ ਸਿੰਘ, ਸ. ਪ੍ਰਸ਼ਾਂਤ ਸਿੰਘ, ਸ. ਦਸੌਂਧਾ ਸਿੰਘ ਅਤੇ ਸ. ਹਜ਼ੂਰਾ ਸਿੰਘ ਦਾ ਵੱਡਾ ਯੋਗਦਾਨ ਸੀ ਤੇ ਇੱਥੇ ਗੁਰ-ਮਰਿਆਦਾ ਅਨੁਸਾਰ ਧਾਰਮਿਕ ਪ੍ਰਵਾਹ ਚਲਾਉਣ ਲਈ ਇੱਕ ‘ਗਿਆਨੀ ਜੀ’ ਨੂੰ ਵਿਸ਼ੇਸ਼ ਤੌਰ ’ਤੇ ਭਾਰਤ ਤੋਂ ਲਿਆਂਦਾ ਗਿਆ ਸੀ। ਇਸ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਪਾਠ ਅਤੇ ਕੀਰਤਨ ਕਰਨ ਵਿੱਚ ਸਿੰਧੀ ਔਰਤਾਂ ਨੇ ਵੱਡੀ ਭੂਮਿਕਾ ਨਿਭਾਈ ਸੀ। ਸੰਨ 1930 ਵਿੱਚ ਮੇਦਾਨ ਨਾਂ ਦੇ ਨਗਰ ਵਿਖੇ ‘ਯਾਸਨ ਮਿੱਸੀ ਗੁਰਦੁਆਰਾ ਸਾਹਿਬ’ ਦੀ ਸਥਾਪਨਾ ਕੀਤੀ ਗਈ ਸੀ, ਜਿਸਨੂੰ ਬਾਅਦ ਵਿੱਚ ਸੂਬਾ ਸਰਕਾਰ ਤੋਂ ਵੀ ਮਦਦ ਹਾਸਿਲ ਹੋਈ ਸੀ। ਇਸ ਗੁਰਦੁਆਰਾ ਸਾਹਿਬ ਦੀ ਇਹ ਵਿਸ਼ੇਸ਼ਤਾ ਹੈ ਕਿ ਇੱਥੇ ਸਿਹਤ, ਦਾਨ ਅਤੇ ਹੋਰ ਸਮਾਜਿਕ ਕਾਰਜਾਂ ਨਾਲ ਸਬੰਧਿਤ ਗਤੀਵਿਧੀਆਂ ਵੱਡੇ ਪੱਧਰ ’ਤੇ ਕਰਵਾਈਆਂ ਜਾਂਦੀਆਂ ਹਨ। ਮੇਦਾਨ ਨਗਰ ਵਿਖੇ ਹੀ ‘ਗੁਰਦੁਆਰਾ ਸ੍ਰੀ ਗੁਰੂ ਅਰਜੁਨ ਦੇਵ ਜੀ’ ਵੀ ਸੁਸ਼ੋਭਿਤ ਹੈ, ਜਿਸਦਾ ਨਿਰਮਾਣ ਸੰਨ 1953 ਵਿੱਚ ਕੀਤਾ ਗਿਆ ਸੀ। ਸ਼ੁਰੂਆਤੀ ਸਾਲਾਂ ਵਿੱਚ ਇਸਦੀ ਇਮਾਰਤ ਕਾਫੀ ਛੋਟੀ ਸੀ, ਪਰ ਬਾਅਦ ਵਿੱਚ ਸਮੇਂ ਅਤੇ ਸਮਾਜ ਦੀਆਂ ਲੋੜਾਂ ਅਨੁਸਾਰ ਇਸਦਾ ਵਿਸਥਾਰ ਕਰ ਦਿੱਤਾ ਗਿਆ ਸੀ। ਉਕਤ ਤੋਂ ਇਲਾਵਾ ਇੰਡੋਨੇਸ਼ੀਆ ਵਿਖੇ ਸੰਨ 1954 ਵਿੱਚ ‘ਪਾਸਾਰ ਬਾਰੂ ਗੁਰਦੁਆਰਾ’ ਦੀ ਵੀ ਸਥਾਪਨਾ ਕੀਤੀ ਗਈ ਸੀ, ਜਿਸ ਵਿੱਚ ਪੰਜਾਬੀ ਸਮਾਜ ਦੇ ਪ੍ਰੀਤਮ ਸਿੰਘ, ਅਵਤਾਰ ਸਿੰਘ, ਸ਼ਿਵ ਸਿੰਘ, ਅਜੀਤ ਸਿੰਘ, ਤਰਲੋਕ ਸਿੰਘ, ਪ੍ਰਤਾਪ ਸਿੰਘ, ਕੁਲਵੰਤ ਸਿੰਘ ਅਤੇ ਹਰਚੰਦ ਸਿੰਘ ਆਦਿ ਤੋਂ ਇਲਾਵਾ ਮਸ਼ਹੂਰ ਸਿੰਧੀ ਵਪਾਰੀਆਂ- ਪਾਸਾਰ ਬਾਰੂ, ਆਰ.ਐਲ਼. ਸੇਠ ਅਤੇ ਜੀ.ਐਲ. ਵੋਹਰਾ ਨੇ ਵਿਸ਼ੇਸ਼ ਯੋਗਦਾਨ ਪਾਇਆ ਸੀ। ਇਹ ਗੁਰਦੁਆਰਾ ਬਾਅਦ ਵਿੱਚ ਜਕਾਰਤਾ ਦਾ ਸਭ ਤੋਂ ਵੱਡਾ ਗੁਰਦੁਆਰਾ ਬਣ ਗਿਆ ਸੀ। ਇਸੇ ਤਰ੍ਹਾਂ ਦੱਖਣੀ ਜਕਾਰਤਾ ਵਿਖੇ ਸਥਿਤ ਜਾਲਾਨ ਜੌਹਰੀ ਨਾਂ ਦੇ ਇਲਾਕੇ ਵਿੱਚ ‘ਗੁਰਦੁਆਰਾ ਗੁਰੂ ਨਾਨਕ’ ਦੀ ਸਥਾਪਨਾ ਐਚ.ਐਸ. ਭੁੱਲਰ, ਚਰਨਜੀਤ ਸਿੰਘ ਮਹਿਸਮਪੁਰ ਅਤੇ ਬਲਵੰਤ ਸਿੰਘ ਆਦਿ ਸਿੱਖਾਂ ਵੱਲੋਂ ਕੀਤੀ ਗਈ ਸੀ, ਪਰ ਸੰਨ 2001 ਵਿੱਚ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਇੱਥੋਂ ਤਬਦੀਲ ਕਰਕੇ ਜਾਲਾਨ ਮੇਰਪਤੀ ਨਾਂ ਦੇ ਸਥਾਨ ’ਤੇ ਸਥਾਪਤ ਕਰ ਦਿੱਤਾ ਗਿਆ ਸੀ। ਇਸ ਨਵੀਂ ਥਾਂ ’ਤੇ ਬਣੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਖ਼ਾਲੀ ਪਈ ਜ਼ਮੀਨ ਉੱਤੇ ਕਿੰਡਰਗਾਰਟਨ ਤੋਂ ਲੈ ਕੇ ਹਾਈ ਸਕੂਲ ਦੀਆਂ ਜਮਾਤਾਂ ਵਾਲੇ ਸ਼ਾਨਦਾਰ ਸਕੂਲ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ। ਕੁੱਲ ਮਿਲਾ ਕੇ 12 ਹਜ਼ਾਰ ਵਰਗ ਮੀਟਰ ਤੋਂ ਵੀ ਵਿਸ਼ਾਲ ਰਕਬੇ ਵਿੱਚ ਉਸਾਰੇ ਗਏ ਇਸ ਸਕੂਲ ਅੰਦਰ ਖੇਡਾਂ ਦੇ ਵਿਸ਼ੇਸ਼ ਪ੍ਰਬੰਧ ਵੀ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਸੁਮਾਤਰਾ ਵਿਖੇ ਨੌਂ ਦੇ ਕਰੀਬ ਗੁਰਦੁਆਰਾ ਸਾਹਿਬ ਮੌਜੂਦ ਹਨ।
ਸੰਨ 2015 ਵਿੱਚ ਇੰਡੋਨੇਸ਼ੀਆ ਵਿਖੇ ‘ਸੁਪਰੀਮ ਕੌਂਸਲ ਫ਼ਾਰ ਸਿੱਖ ਰਿਲੀਜਨ’ ਦੀ ਸਥਾਪਨਾ ਕੀਤੀ ਗਈ ਸੀ। ਇਸੇ ਤਰ੍ਹਾਂ 25 ਅਤੇ 27 ਜਨਵਰੀ 2010 ਨੂੰ ਇੰਡੋਨੇਸ਼ੀਆ ਅਤੇ ਅਮਰੀਕਾ ਦੀਆਂ ਸਰਕਾਰਾਂ ਦੇ ਸਾਂਝੇ ਉੱਦਮ ਸਦਕਾ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਖੇ ਇੱਕ ਕੌਮਾਂਤਰੀ ਕਾਨਫ਼ਰੰਸ ਕਰਵਾਈ ਗਈ ਸੀ, ਜਿਸ ਵਿੱਚ ‘ਵਰਲਡ ਸਿੱਖ ਕੌਂਸਲ ਅਮਰੀਕਾ’ ਦੇ ਨੁਮਾਇੰਦਿਆਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਸੀ। ਇਸ ਕਾਨਫਰੰਸ ਵਿੱਚ ‘ਵਰਲਡ ਸਿੱਖ ਕੌਂਸਲ’ ਦੇ ਮੁਖੀ ਤਰੁਣਜੀਤ ਸਿੰਘ ਬੁਤਾਲੀਆ ਨੇ ਵੀ ਵਧ-ਚੜ੍ਹ ਕੇ ਭਾਗ ਲਿਆ ਸੀ।
ਪੰਜਾਬੀ ਸ਼ਖ਼ਸੀਅਤ ਐਚ.ਐਸ. ਢਿੱਲੋਂ ਨੇ ਇੰਡੋਨੇਸ਼ੀਆ ਦੀ ਸਿਆਸਤ ਅਤੇ ਆਰਥਿਕ ਖੇਤਰ ਵਿੱਚ ਚੰਗਾ ਨਾਮਣਾ ਖੱਟਿਆ ਹੈ, ਜਦੋਂ ਕਿ ਇੰਡੋਨੇਸ਼ੀਆ ਵੱਲੋਂ ਖੇਡਦਿਆਂ ਸੰਨ 1962 ਦੀਆਂ ਏਸ਼ੀਆਈ ਖੇਡਾਂ ਵਿੱਚ ਦੌੜਾਕ ਗੁਰਨਾਮ ਸਿੰਘ ਨੇ ਤਿੰਨ ਸੋਨ ਤਗ਼ਮੇ ਹਾਸਿਲ ਕੀਤੇ ਸਨ। ਬਿੰਦਰ ਸਿੰਘ ਨੂੰ ਇੰਡੋਨੇਸ਼ੀਆ ਦਾ ਇੱਕ ਨਾਮਵਰ ਫੁੱਟਬਾਲ ਕੁਮੈਂਟੇਟਰ ਹੋਣ ਦਾ ਸ਼ਰਫ਼ ਹਾਸਿਲ ਹੈ।