ਕੁਲਜੀਤ ਦਿਆਲਪੁਰੀ
ਸ਼ਿਕਾਗੋ: ਲੰਘੇ ਐਤਵਾਰ ਨੂੰ ਨੇਪਰਵਿਲ ਦੇ ਯੈਲੋ ਬਾਕਸ ਹਾਲ ਵਿੱਚ ਕਨਵਰ ਗਰੇਵਾਲ ਨੇ ਗਾਇਕੀ ਦਾ ਸੂਫੀਆਨਾ ਰੰਗ ਬਖੇਰਦਿਆਂ ਸਰੋਤਿਆਂ/ਦਰਸ਼ਕਾਂ ਦੇ ਦਿਲ ਜਿੱਤ ਲਏ। ਕਨਵਰ ਨੇ ਅਜਿਹਾ ਰੰਗ ਬੰਨਿ੍ਹਆ ਕਿ ਹਰ ਕੋਈ ਅਸ਼ ਅਸ਼ ਕਰ ਉਠਿਆ। ਸ਼ੋਅ ਇੰਨਾ ਕਾਮਯਾਬ ਰਿਹਾ ਕਿ ਸ਼ਾਇਦ ਸ਼ੋਅ ਕਰਵਾਉਣ ਵਾਲਿਆਂ ਨੂੰ ਵੀ ਐਨੀ ਉਮੀਦ ਨਹੀਂ ਸੀ। ਅਹਿਮ ਗੱਲ ਇਹ ਸੀ ਕਿ ਕਨਵਰ ਗਰੇਵਾਲ ਨੇ ਸਟੇਜ `ਤੇ ਆਉਣ ਤੋਂ ਲੈ ਕੇ ਸਟੇਜ ਤੋਂ ਜਾਣ ਸਮੇਂ ਤੱਕ ਗਾਇਕੀ ਦੀ ਐਸੀ ਛਹਿਬਰ ਲਾਈ ਕਿ ਸਰੋਤੇ ਅਨੰਦ ਭਰਪੂਰ ਹੋ ਗਏ ਸਨ ਤੇ ਕਨਵਰ ਆਪ ਵੀ ਵਜਦ ਵਿੱਚ ਆਇਆ ਮਸਤ ਮੌਲਾ ਬਣ ਸਟੇਜ `ਤੇ ਛਾਇਆ ਰਿਹਾ।
ਉਸ ਦੀ ਸੂਫੀਆਨਾ ਰੰਗ ਦੀ ਗਾਇਕੀ ਦਾ ਜਾਦੂ ਤਾਂ ਲੋਕਾਂ ਦੇ ਸਿਰ ਚੜ੍ਹ ਬੋਲਿਆ ਹੀ, ਸਗੋਂ ਉਸ ਦੇ ਨਸੀਹਤ ਭਰੇ ਬੋਲਾਂ ਦਾ ਸਰੋਦੀ ਅਸਰ ਵੀ ਲੋਕਾਂ ਨੇ ਕਬੂਲਿਆ। ਪਿਛਲੇ ਸਾਲ ਸ਼ਿਕਾਗੋਲੈਂਡ ਵਿੱਚ ਹੋਏ ਦਿਲਜੀਤ ਦੋਸਾਂਝ ਦੇ ਸ਼ੋਅ ਪਿੱਛੋਂ ਹੁਣ ਕਨਵਰ ਗਰੇਵਾਲ ਨੇ ਪੰਜਾਬੀ ਗਾਇਕੀ ਦਾ ਇੱਕ ਨਵਾਂ ਅਧਿਆਏ ਲਿਖ ਦਿੱਤਾ ਹੈ, ਜੋ ਸਰੋਤਿਆਂ ਦੇ ਦਿਲਾਂ `ਤੇ ਆਪਣੀ ਵਿਲੱਖਣ ਛਾਪ ਛੱਡ ਗਿਆ ਹੈ। ਦੂਜੇ ਸ਼ਬਦਾਂ ਵਿੱਚ ਇਹ ਸ਼ਾਮ ਬਹੁਤ ਹੀ ਖਾਸ ਹੋ ਨਿਬੜੀ।
ਪਹਿਲਾਂ ਪਹਿਲ ਤਾਂ ਇਹ ਲੱਗ ਰਿਹਾ ਸੀ ਕਿ ਸ਼ੋਅ ਬਹੁਤਾ ਕਾਮਯਾਬ ਨਹੀਂ ਹੋਵੇਗਾ, ਕਿਉਂਕਿ ਐਤਵਾਰ ਦੀ ਸ਼ਾਮ ਜੋ ਸੀ। ਸੋਮਵਾਰ ਨੂੰ ਸਭ ਨੇ ਆਪੋ ਆਪਣੇ ਕੰਮਾਂ-ਕਾਰਾਂ `ਤੇ ਜਾਣਾ ਹੁੰਦਾ ਹੈ, ਇਸ ਲਈ ਸਰੋਤੇ ਵੱਡੀ ਗਿਣਤੀ ਵਿੱਚ ਤਾਂ ਨਾ ਜੁੜ ਸਕੇ, ਪਰ ਜਿਸ ਲਹਿਜ਼ੇ `ਚ ਸ਼ੋਅ ਜੁੜਿਆ ਜਾਂ ਕਨਵਰ ਨੇ ਸਰੋਤਿਆਂ ਨੂੰ ਆਪਣੇ ਨਾਲ ਜੋੜੀ ਰੱਖਿਆ, ਉਸ ਬਾਰੇ ਸੋਸ਼ਲ ਮੀਡੀਆ `ਤੇ ਵਾਇਰਲ ਹੋਈਆਂ ਰੀਲਾਂ ਵੇਖ ਕੇ ਤੇ ਸ਼ੋਅ ਦੀ ਚਰਚਾ ਕਰ-ਸੁਣ ਕੇ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ। ਭਾਵੇਂ ਕੋਈ ਸੋਫੀ ਸੀ, ਭਾਵੇਂ ਕੋਈ ਹਵਾ-ਪਿਆਜ਼ੀ ਹੋਇਆ ਸੀ; ਭਾਵੇਂ ਕਿਸੇ ਨੂੰ ਨੱਚਣਾ ਆਉਂਦਾ ਸੀ ਜਾਂ ਨਹੀਂ; ਤੇ ਜਾਂ ਫਿਰ ਕੋਈ ਵੱਡਾ ਸੀ ਜਾਂ ਛੋਟਾ, ਬੰਦਾ ਸੀ ਜਾਂ ਬੀਬੀ- ਸਭ ਨੇ ਸ਼ੋਅ ਦਾ ਅਨੰਦ ਨਿੱਠ ਕੇ ਮਾਣਿਆ। ਕਨਵਰ ਦੀ ਇਹ ਖਾਸੀਅਤ ਰਹੀ ਕਿ ਉਸ ਨੇ ਸਰੋਤਿਆਂ ਨਾਲ ਗੱਲਾਂ ਵੀ ਕੀਤੀਆਂ ਤੇ ਗਾਇਕੀ ਦਾ ਅਖਾੜਾ ਵੀ ਮਘਾਈ ਰੱਖਿਆ। ਨੱਚਣ ਵਾਲਿਆਂ ਦੀ ਅੱਡੀ ਥਿਰਕਦੀ ਰਹੀ ਤੇ ਬਹਿ ਕੇ ਸੁਨਣ ਵਾਲੇ ਵੀ ਕਿਸੇ ਵੱਖਰੀ ਲੋਰ ਵਿੱਚ ਸਨ। ਉਸ ਨੇ ਗਾਉਣ ਦਾ ਤੇ ਨੱਚਣ ਵਾਲਿਆਂ ਨੇ ਨੱਚਣ ਦਾ ਪੂਰਾ ਭੜਥੂ ਪਾਇਆ। ਅਖੀਰ `ਚ ਤਾਂ ਦੋ ਬੀਬੀਆਂ ਸਟੇਜ `ਤੇ ਹੀ ਚੜ੍ਹ ਕੇ ਨੱਚਣ ਲੱਗ ਪਈਆਂ। ਖਾਸ ਗੱਲ ਇਹ ਵੀ ਸੀ ਕਿ ਕਨਵਰ ਨੇ ਇੱਕ ਵੀ ਸ਼ਬਦ ਲੱਚਰਪੁਣੇ ਵਾਲਾ, ਹਥਿਆਰਾਂ, ਨਸ਼ਿਆਂ ਤੇ ਫਿਰਕਾਪ੍ਰਸਤੀ ਨੂੰ ਉਤਸ਼ਾਹਿਤ ਕਰਨ ਵਾਲਾ ਨਹੀਂ ਗਾਇਆ।
ਕਨਵਰ ਨੇ ਸਟੇਜ `ਤੇ ਆਉਂਦਿਆਂ ਹੀ ਹਾਰਮੋਨੀਅਮ ਦੀਆਂ ਸੁਰਾਂ ਨਾਲ ਹਾਲ ਦੀ ਫਿਜ਼ਾ ਨੂੰ ਸੰਗੀਤਮਈ ਬਣਾ ਲਿਆ ਤੇ ‘ਇਸ਼ਕ ਬੁੱਲੇ ਨੂੰ ਨਚਾਵੇ ਯਾਰ ਤਾਂ ਨੱਚਣਾ ਪੈਂਦਾ ਏ’ ਗਾਉਂਦਿਆਂ ਸਰੋਤੇ ਕੀਲ ਲਏ; ਜਿਵੇਂ ਕੋਈ ਸਪੇਰਾ ਬੀਨ ਵਜਾ ਕੇ ਨਾਗ ਨੂੰ ਕੀਲ ਲੈਂਦਾ ਹੈ। ਨਿਰਸੰਦੇਹ ਕਨਵਰ ਨੇ ਦਰਸ਼ਕਾਂ ਨੂੰ ਆਪਣੇ ਵੱਸ ਵਿੱਚ ਕਰਨ ਦਾ ਮੰਤਰ ਫੂਕ ਦਿੱਤਾ ਹੋਇਆ ਸੀ, ਕਿਉਂਕਿ ਉਹ ਲੋਕਾਂ ਲਈ ਅਤੇ ਲੋਕਾਂ ਦਾ ਹੋ ਕੇ ਗਾ ਰਿਹਾ ਸੀ। ਉਸ ਦੇ ਬੋਲ ਗੂੰਜੇ ‘ਜਿੱਥੇ ਤੇਰਾ ਪੈਰ ਹੋਵੇ, ਖੈਰ ਸੱਜਣਾ; ਮੰਗਾਂ ਇਹ ਦੁਆਵਾਂ ਅੱਠੇ ਪਹਿਰ ਸੱਜਣਾ’ ਤੇ ਨਾਲ ਨਾਲ ਉਹਦਾ ਸ਼ਹਿਤੂਤ ਦੀ ਛਟੀ ਜਿਹਾ ਸਰੀਰ ਵੀ ਲੋਰ ਵਿੱਚ ਆਇਆ ਲਰਜ ਰਿਹਾ ਸੀ। ਫਿਰ ਉਸ ਨੇ ਸੰਤ ਅਤਰ ਸਿੰਘ ਮਸਤੂਆਣਾ ਵਾਲਿਆਂ ਦੇ ਜ਼ਿਕਰ ਨਾਲ ਕਿਹਾ ਕਿ ਉਹ ਹਾਰਮੋਨੀਅਮ, ਚਿਮਟਾ, ਢੋਲ ਦਾ ਕਲਚਰ ਲੈ ਕੇ ਆਏ ਅਤੇ ਨਾਲ ਸੰਗਤ ਨੂੰ ਗਾਉਣ ਲਈ ਜੋੜਿਆ; ਤੇ ਕਨਵਰ ਨੇ ਆਪਣੇ ਨਾਲ ਸਰੋਤਿਆਂ ਨੂੰ ਵੀ ਗਾਉਣ ਲਾ ਲਿਆ ਸੀ, ‘ਵਾਹ ਵਾਹ ਮੌਜ ਫਕੀਰਾਂ ਦੀ’, ‘ਇਹ ਦੁਨੀਆਂ ਕੀ ਜਾਣੇ ਸਾਧੂ ਸੁੱਤੇ ਆ ਕਿ ਜਾਗਦੇ।’
‘ਅੱਖੀਆਂ ਹੋ ਜਾਣ ਚਾਰ ਤਾਂ ਨੱਚਣਾ ਪੈਂਦਾ ਏ’ ਗਾਉਂਦਿਆਂ ਗਾਉਂਦਿਆਂ ਉਸ ਨੇ ਇਸ਼ਕ ਹਕੀਕੀ ਤੇ ਇਸ਼ਕ ਮਜਾਜੀ ਦਾ ਕਿੱਸਾ ਛੇੜ ਲਿਆ ਕਿ ਅੱਖੀਆਂ ਦੋ ਤੇ ਦੋ ਚਾਰ ਹੀ ਚੰਗੀਆਂ, ਜੇ ਚਾਰ ਦੀ ਥਾਂ ਅੱਖੀਆਂ ਛੇ ਜਾਂ ਅੱਠ ਯਾਨੀ ਗਿਣਤੀ ਵਧ ਜਾਵੇ ਤਾਂ ਉਹ ਇਸ਼ਕ ਹਕੀਕੀ ਨਹੀਂ। ਜਿਨ੍ਹਾਂ ਦੀਆਂ ਦੋ ਤੇ ਦੋ ਚਾਰ ਹੋਈਆਂ ਤੇ ਇੱਕ-ਦੂਜੇ `ਚ ਐਨ ਰਚ ਗਏ, ਉਨ੍ਹਾਂ ਦੇ ਫਿਰ ਗੀਤ ਬਣੇ- ‘ਵੇ ਮੈਂ ਜਿਹੜੇ ਪਾਸੇ ਵੇਖਾਂ, ਮੈਨੂੰ ਤੂੰ ਦਿਸਦਾ।’ ਫਿਰ ਉਹ ਧਰਮ ਦੀਆਂ ਵਲਗਣਾਂ ਤੋਂ ਪਾਰ ਦੀ ਗੱਲ ਕਰਦੇ ਸ਼ਬਦਾਂ ਦੇ ਛੱਟੇ ਕੇਰਨ ਲੱਗਾ, ‘ਇੱਕ ਤੂੰ ਹੀ ਤੂੰ…।’ ਕਨਵਰ ਨੇ ਇਸ ਸ਼ੋਅ ਨੂੰ ਵਿਆਹ ਦੇ ਮਾਹੌਲ ਵਰਗਾ ਸਿਰਜਣ ਦੀ ਕੋਸ਼ਿਸ਼ ਕੀਤੀ, ਤੇ ਉਹ ਇਸ ਵਿੱਚ ਕਾਮਯਾਬ ਵੀ ਰਿਹਾ; ਕਿਉਂਕਿ ਉਸ ਨੇ ਬੀਬੀਆਂ ਨੂੰ ਨੱਚਣ ਲਾ ਲਿਆ ਤੇ ਉਨ੍ਹਾਂ ਨੂੰ ਸਤਿਕਾਰ ਦਿੰਦਿਆਂ ਵਡਿਆਇਆ ਵੀ। ਦੂਜੀ ਝੱਟੇ ਉਸ ਨੇ ‘ਵਹਿਮਾਂ ਭਰਮਾਂ ਵਿੱਚ ਪਾਉਣ ਲਈ’ ਬੀਬੀਆਂ ਦੇ ਅਹਿਮ ਰੋਲ ਦਾ ਚਿੱਠਾ ਵੀ ਪੜ੍ਹ ਮਾਰਿਆ, ਤੇ ਹਾਲ ਵਿੱਚ ਹਾਸਾ ਤਾਰੀ ਹੋ ਗਿਆ।
ਜਿਹੜੇ ਕੁਝ ਸੱਜਣ ਥੋੜ੍ਹੇ ਥੋੜ੍ਹੇ ਸਮੇਂ ਲਈ ਹਾਲ `ਚੋਂ ਬਾਹਰ ਹੋਰ ਤਰਾਰੇ ਵਿੱਚ ਹੋਣ ਲਈ ਜਾ ਰਹੇ ਸਨ, ਉਨ੍ਹਾਂ `ਤੇ ਮਜ਼ਾਹੀਆ ਟਿੱਪਣੀ ਕਰਦਿਆਂ ਕਨਵਰ ਨੇ ਕਿਹਾ ਕਿ ਇਹ ਤਾਂ ਤੜਕੇ ਲੱਸੀ ਮੰਗੂਗੀ। ਉਸ ਕਿਹਾ, ਜਿਸ ਨੂੰ ਇਹਦਾ ਚਸਕਾ ਲੱਗਿਆ, ਜਦੋਂ ਤੱਕ ਤਾਰ ਨਹੀਂ ਜੁੜਦੀ, ਓਹਨੂੰ ਸਵਾਦ ਨਹੀਂ ਆਉਂਦਾ। ਕਈ ਵਾਰ ਖਾਧੀ-ਪੀਤੀ ਵਾਲੇ ਦਾ ਗੌਣ ਸੁਨਣ `ਚ ਧਿਆਨ ਵੱਧ ਲੱਗ ਜਾਂਦਾ, ਜਦਕਿ ਸੋਫੀ ਬੰਦਾ ਖਾਲੀ ਮੁੜ ਜਾਂਦਾ। ਉਹ ਪਿਆਕੜਾਂ ਨੂੰ ਵਡਿਆਈ ਵੀ ਜਾ ਰਿਹਾ ਸੀ ਤੇ ਵਿਅੰਗ ਵਾਲੇ ਤੁਣਕੇ ਵੀ ਮਾਰੀ ਜਾ ਰਿਹਾ ਸੀ, ਪਰ ਇਹ ਸਭ ਹਾਸੇ-ਮਜ਼ਾਕ ਦਾ ਹਿੱਸਾ ਸੀ।
‘ਮੇਰੀ ਜ਼ਾਤ ਗੋਤ ਨਾ ਪੁੱਛੀਂ, ਬੰਦਾ ਬਣ ਕੇ ਹੀ ਮਿਲਦਾ ਰਹਿ’, ‘ਜਪ ਲੈ ਸਾਈਂ ਦਾ ਨਾਂ, ਨਾਮ ਵਾਲੀ ਬੂਟੀ ਪੀ ਲੈ’, ‘ਵੇਖ ਮਰਦਾਨਿਆ ਵੇ ਰੰਗ ਕਰਤਾਰ ਦੇ’, ‘ਸਾਰੀ ਦੁਨੀਆਂ ਤੋਂ ਉਚਾ ਬਾਬੇ ਨਾਨਕ ਦਾ ਦਰ’, ‘ਤੇਰੇ ਖਾਲਸੇ ਨੂੰ ਸਦਾ ਮੈਂ ਆਜ਼ਾਦ ਵੇਖਿਆ’, ‘ਡੇਰੇ `ਚ ਫਕੀਰ ਨੱਚਦਾ, ਰੱਬ ਸਾਹਮਣੇ ਬੈਠ ਕੇ ਦੇਖੇ’, ‘ਤੱਕੜੀ ਨਾਨਕ ਦੀ, ਤੇਰਾ ਤੇਰਾ ਤੋਲੇ’, ‘ਮੇਰਾ ਤੁਣਕਾ ਯਾਰ ਵਜਾਵੇ, ਮਸਤੀ ਮੈਂ ਫਿਰਦੀ’ ਆਦਿ ਗਾਉਣ ਸਮੇਂ ਉਹ ਚਿਮਟਾ ਖੜਕਾਅ ਖੜਕਾਅ ਨੱਚਣਾ- ਜਿਸ ਤਰ੍ਹਾਂ ਨਾਮ ਦੀ ਖੁਮਾਰੀ ਵਿੱਚ ਕੋਈ ਜੋਗਣ ਨੱਚਦੀ ਹੋਵੇ ਤੇ ਜਾਂ ਕਦੇ ਡਫਲੀ ਵਜਾਉਣ ਲੱਗਦਾ ਤੇ ਡੌਰੂ ਵਾਂਗ ਸਿਰ ਹਿਲਾਉਂਦਾ। ਕਦੇ ਕਦੇ ਲੱਗਦਾ ਕੋਈ ਭਜਨ-ਮੰਡਲੀ ਸਟੇਜ `ਤੇ ਗਾਉਣ ਬੈਠੀ ਹੈ ਤੇ ਕਦੇ ਲੱਗਦਾ ਪੰਜਾਬੀ ਅਖਾੜਾ ਲੱਗਿਆ ਹੋਵੇ; ਜਾਂ ਕਦੇ ਕਦੇ ਇਹ ਅਹਿਸਾਸ ਹੋਣ ਲੱਗਦਾ ਕਿ ਕੋਈ ਡੇਰੇਦਾਰ ਬੈਠਾ ਅਧਿਆਤਮ ਦੇ ਪਾਠ ਪੜ੍ਹਾ ਰਿਹਾ ਹੋਵੇ। ਉਸ ਦੇ ਸਾਜੀਆਂ ਵਿੱਚ ਟੌਹਰੇ ਵਾਲੀ ਪੱਗ ਬੰਨ੍ਹੀ ਬੈਠਾ ਸੱਜਣ ਤੂੰਬੇ ਦੀਆਂ ਸੁਰਾਂ ਨਾਲ ਅਤੇ ਗਿਟਾਰ ਵਾਲਾ, ਢੋਲ ਤੇ ਤਬਲੇ ਵਾਲਾ ਵੀ ਕਨਵਰ ਦੇ ਬੋਲਾਂ ਨਾਲ ਇੱਕ-ਮਿੱਕ ਹੋਏ ਪਏ ਸਨ। ਚੰਗੀ ਗੱਲ ਇਹ ਸੀ ਕਿ ਹਾਲ ਵਿੱਚ ਸਾਊਂਡ ਦੀ ਕੋਈ ਸਮੱਸਿਆ ਨਹੀਂ ਸੀ ਤੇ ਕਨਵਰ ਦੀ ਆਵਾਜ਼ ਵੀ ਸਪਸ਼ਟ ਸੁਣਾਈ ਦੇ ਰਹੀ ਸੀ। ਇਸ ਸ਼ੋਅ ਬਾਰੇ ਇਹ ਕਹਿਣਾ ਕੁਥਾਂ ਨਹੀਂ ਕਿ ਜਿਨ੍ਹਾਂ ਨੇ ਕਨਵਰ ਦਾ ਸ਼ੋਅ ਪ੍ਰਤੱਖ ਦੇਖਿਆ, ਉਹ ਬਾਗੋਬਾਗ ਸਨ ਤੇ ਜਿਹੜੇ ਦੇਖਣ ਆਏ ਹੀ ਨਾ, ਉਨ੍ਹਾਂ ਨੂੰ ਝੋਰਾ ਤਾਂ ਜ਼ਰੂਰ ਹੀ ਰਹੇਗਾ!
ਹਾਲਾਂ ਕਿ ਸ਼ੋਅ ਸ਼ੁਰੂ ਹੋਣ ਸਮੇਂ ਸਟੇਜ ਤੋਂ ਇੱਕ ਪ੍ਰਬੰਧਕ ਡਾ. ਹਰਜਿੰਦਰ ਸਿੰਘ ਖਹਿਰਾ ਦੇ ਇਹ ਸ਼ਬਦ ਗੂੰਜੇ ਕਿ ਸ਼ਿਕਾਗੋ ਦੀ ਇੱਕ ਪ੍ਰਾਬਲਮ ਹੈ, ਇੱਥੇ ਤੁਸੀਂ ਫਰੀ ਮੇਲਾ ਕਰਵਾ ਦਿਓ ਤਾਂ ਕੋਈ ਚੱਕਰ ਨਹੀਂ, ਦੁਨੀਆਂ ਜਿੰਨੀ ਮਰਜੀ `ਕੱਠੀ ਕਰ ਲਓ; ਪਰ ਜਦੋਂ ਟਿਕਟ ਈਵੈਂਟ ਆਉਂਦੀ ਹੈ, ਉਦੋਂ ਪ੍ਰਾਬਲਮ ਆ ਜਾਂਦੀ ਹੈ। ਕਨਵਰ ਗਰੇਵਾਲ ਵਧੀਆ ਕਲਾਕਾਰ ਹੈ, ਨਾ ਓਹ ਲੱਚਰ ਗਾਣੇ ਗਾਉਂਦਾ ਹੈ, ਪਰ ਉਹਨੂੰ ਦੇਖਣ ਲਈ ਵੀ ਸਾਨੂੰ ਕਾਲਾਂ ਕਰਨੀਆਂ ਪਈਆਂ। ਉਨ੍ਹਾਂ ਨਾਲ ਹੀ ਕਿਹਾ ਕਿ ਪ੍ਰੋਗਰਾਮ ਵਿੱਚ ਮਿੱਡਵੈਸਟ ਦੇ ਪ੍ਰਮੁੱਖ ਸਾਰੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਇੱਥੇ ਆਏ ਨੇ। ਉਨ੍ਹਾਂ ਸਾਰੇ ਮਹਿਮਾਨਾਂ ਤੇ ਸਪਾਂਸਰਾਂ ਦਾ ਉਚੇਚਾ ਧੰਨਵਾਦ ਕੀਤਾ ਅਤੇ ਪੰਜਾਬੀਆਂ ਦੇ ਮਾਣ ਵਿੱਚ ਇੱਕ ਸ਼ੇਅਰ ਵੀ ਸੁਣਾਇਆ।
ਸ਼ੋਅ ਦੌਰਾਨ ਕਨਵਰ ਨੇ ‘ਨਾ ਜਾਈਂ ਮਸਤਾਂ ਦੇ ਡੇਰੇ’ ਗੀਤ ਸ਼ੁਰੂ ਕਰਦਿਆਂ ‘ਆਜੋ ਨੀ ਕੁੜੀਓ’ ਆਖ ਕੇ ਬੀਬੀਆਂ ਨੂੰ ਸਟੇਜ ਮੂਹਰੇ ਨੱਚਣ ਲਈ ਸੱਦਾ ਦੇ ਦਿੱਤਾ। ਨੱਚਣ ਨੂੰ ਪਹਿਲਾਂ ਹੀ ਕਾਹਲੀਆਂ ਪਈਆਂ ਬੀਬੀਆਂ ਨੇ ਫਿਰ ਗੀਤ ਦੇ ਬੋਲਾਂ `ਤੇ ਧਮੱਚੜ ਪਾ ਦਿੱਤਾ ਤੇ ਉਹ ਪੂਰੀਆਂ ਮਸਤ ਗਈਆਂ ਸਨ। ਹਾਲਾਂਕਿ ਇਸ ਦੌਰਾਨ ਸਟੇਜ ਦੇ ਐਨ ਮੂਹਰੇ ਬੈਠੇ ਮਹਿਮਾਨਾਂ ਅਤੇ ਗਾਇਕ ਵਿਚਾਲੇ ਅੜਿੱਕਾ ਜਿਹਾ ਪੈ ਗਿਆ ਸੀ, ਪਰ ਕਿਸੇ ਆਮ-ਖਾਸ ਨੇ ਬਹੁਤਾ ਉਜਰ ਨਾ ਕੀਤਾ। ਸ਼ੋਅ ਦੀ ਨਿਰੰਤਰਤਾ ਬਣੀ ਰਹੀ ਤੇ ਫਿਰ ਕਨਵਰ ਨੇ ‘ਤੂੰਬਾ ਮੇਰੀ ਜਨ ਕੁੜੇ’ ਗਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਕੇ ਉਹ ‘ਛੱਲਾ’ ਗਾਉਂਦਾ, ਉਸ ਨੇ ਕਿਹਾ ਕਿ ਵਿਆਹਾਂ `ਤੇ ਵੱਧ ਖਰਚਾ ਮੁੰਡੇ ਦੀ ਭੈਣ, ਮੁੰਡੇ ਦੀ ਭਰਜਾਈ ਤੇ ਇੱਥੋਂ ਤੱਕ ਕਿ ਮੁੰਡੇ ਦੀ ਮਾਂ ਵੀ ਸ਼ਾਪਿੰਗ `ਤੇ ਕਰਦੀ ਹੈ, ‘ਪਰ ਹੈ ਇਹ ਖੁਸ਼ੀਆਂ ਤੁਹਾਡੇ ਨਾਲ ਹੀ’ ਆਖ ਕੇ ਸੱਚ ਵੀ ਬਿਆਨ ਦਿੱਤਾ। ਉਸ ਨੇ ਕੁੜੀਆਂ ਦੇ ਮਾਣ ਵਿੱਚ ਸ਼ਬਦ ਉਚਾਰੇ,
ਅਸੀਂ ਕੁੜੀਆਂ ਹਾਂ, ਅਸੀਂ ਚਿੜੀਆਂ ਨਈਂ
ਅਸੀਂ ਬਾਜ ਕਹਾਵਣ ਜਾਣਦੀਆਂ।
ਪੈਰਾਂ ਦੀ ਜੁੱਤੀ ਨਹੀਂ ਬਣਨਾ ਅਸੀਂ
ਸਿਰ ਤਾਜ ਕਹਾਵਣ ਜਾਣਦੀਆਂ।
ਕਨਵਰ ਇੱਕ ਗੀਤ ਸ਼ੁਰੂ ਕਰ ਕੇ ਕੁਝ ਹੋਰ ਗੀਤਾਂ ਦੇ ਮੁਖੜੇ ਤੇ ਅੰਤਰੇ ਵਿੱਚ ਸ਼ਾਮਲ ਕਰ ਲੈਂਦਾ ਅਤੇ ਅਖੀਰ ਤੋੜਾ ਸ਼ੁਰੂ ਕੀਤੇ ਗੀਤ `ਤੇ ਹੀ ਝਾੜਦਾ। ਉਹ ‘ਕੁਝ ਵੀ ਨਾਲ ਨਾ ਜਾਣ ਦੀਆਂ’ ਗੱਲਾਂ ਵੀ ਕਰ ਰਿਹਾ ਸੀ ਤੇ ਆਪਣੇ ਵੱਲੋਂ ਸਾਲ ਦੇ ਦੋ-ਢਾਈ ਸੌ ਸ਼ੋਅ ਕਰਨ ਬਾਰੇ ਵੀ ਦੱਸ ਰਿਹਾ ਸੀ। ਉਸ ਕਿਹਾ, ਅਸੀਂ ਸੈਲੀਬਰੇਟੀ ਹਾਂ, ਪਰ ਅੰਦਰ ਚੈਨ ਨਹੀਂ। ਅੱਜ ਕੱਲ੍ਹ ਲੋਕ-ਦਿਖਾਵਾ ਇੰਨਾ ਵਧ ਗਿਆ ਹੈ ਕਿ ਲੋਕ ਆਪਣੀਆਂ ਟੱਟੀਆਂ (ਪਖਾਨੇ) ਹੀ ਦਿਖਾਈ ਜਾਂਦੇ ਹਨ; ਇਹ ਹੌਲੇ ਬੰਦੇ ਦੀਆਂ ਨਿਸ਼ਾਨੀਆਂ ਹਨ। ਅਖੀਰ ਕਨਵਰ ਨੇ ‘ਅੱਧੀ ਰਾਤੀਂ ਪੈਂਦਾ ਆਸ਼ਕਾਂ ਦੇ ਵਿਹੜੇ, ਗਿੱਧਾ ਤੇਰੇ ਇਸ਼ਕੇ ਦਾ’ ਅਤੇ ‘ਕਰਾਂ ਸ਼ੁਕਰ ਵਾਹਿਗੁਰੂ ਦਾ, ਸਾਡੀ ਨਿਭ`ਗੀ ਵੇ ਸਰਦਾਰਾ’, ‘ਵੇ ਨਾ ਮਾਰ ਜਾਲਮਾਂ ਵੇ, ਪੇਕੇ ਤੱਤੜੀ ਦੇ ਦੂਰ’, ‘ਟਿਕਟਾਂ ਦੋ ਲੈ ਲਈਂ’, ‘ਇਸ਼ਕ ਤੇਰੇ ਦੀ ਚੜ੍ਹੀ ਲੋਰ ਵੇ ਮਾਹੀਆ’ ਗਾਉਂਦਿਆਂ ਟੱਪਿਆਂ ਤੇ ਬੋਲੀਆਂ ਨਾਲ ਗੌਣ ਟੀਸੀ `ਤੇ ਲੈ ਆਂਦਾ। ‘ਕਨਫਰਮ ਦੋਸਤਾ ਵੇ ਤੇਰੀ ਟਿਕਟ ਵਾਪਸੀ ਦੀ’ ਗਾ ਕੇ ਕਨਵਰ ਨੇ ਸਮਾਪਤੀ ਕੀਤੀ। ਮੁੱਖ ਮਹਿਮਾਨ ਵੱਲੋਂ ਕਨਵਰ ਗਰੇਵਾਲ ਦਾ ਲੋਈ ਦੇ ਕੇ ਸਨਮਾਨ ਕੀਤਾ ਗਿਆ।
ਪ੍ਰੋਗਰਾਮ ਥੋੜ੍ਹਾ ਪੱਛੜ ਕੇ ਸ਼ੁਰੂ ਹੋਣ ਕਾਰਨ ਜੱਸੀ ਪਰਮਾਰ ਨੇ ਕੁਝ ਸਮਾਂ ਸਰੋਤਿਆਂ ਨਾਲ ਗੱਲਾਂ-ਬਾਤਾਂ ਦਾ ਸਿਲਸਲਾ ਤੋਰੀ ਰੱਖਿਆ। ਮੁੱਖ ਮਹਿਮਾਨ ਦਰਸ਼ਨ ਸਿੰਘ ਧਾਲੀਵਾਲ ਤੇ ਜੇ.ਪੀ. ਖਹਿਰਾ ਸਨ, ਜਦਕਿ ਗਰੈਂਡ ਸਪਾਂਸਰ ਲੱਖਾ ਢੀਂਡਸਾ ਤੇ ਅਮਰਜੀਤ ਸਿੰਘ ਢੀਂਡਸਾ ਸਨ, ਜਿਨ੍ਹਾਂ ਦਾ ਸ਼ੋਅ ਦੌਰਾਨ ਸਨਮਾਨ ਕੀਤਾ ਗਿਆ। ਸ਼ੋਅ ਦੇ ਮੁੱਖ ਪ੍ਰਬੰਧਕ ਡਾ. ਹਰਜਿੰਦਰ ਸਿੰਘ ਖਹਿਰਾ, ਹੈਪੀ ਹੀਰ, ਗੁਲਜ਼ਾਰ ਸਿੰਘ ਮੁਲਤਾਨੀ ਤੇ ਜਿੰਦੀ ਦਿਆਲ ਸਨ।