ਗਿਆਨੀ ਹਰਪ੍ਰੀਤ ਸਿੰਘ ਨੇ ਸਾਂਭੀ ਨਵੇਂ ਅਕਾਲੀ ਦਲ ਦੀ ਲੀਡਰਸ਼ਿੱਪ

ਸਿਆਸੀ ਹਲਚਲ ਖਬਰਾਂ

*ਅੰਮ੍ਰਿਤਸਰ ਵਿੱਚ ਹੋਵੇਗਾ ਨਵੇਂ ਅਕਾਲੀ ਦਲ ਦਾ ਮੁੱਖ ਟਿਕਾਣਾ
*ਸਰਬ ਸੰਮਤੀ ਨਾਲ ਹੋਈ ਨਵੇਂ ਪ੍ਰਧਾਨ ਦੀ ਚੋਣ
ਜਸਵੀਰ ਸਿੰਘ ਸ਼ੀਰੀ
ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਦੀ ਰੋਸ਼ਨੀ ਵਿੱਚ ਕਾਇਮ ਕੀਤੀ ਗਈ ਪੰਜ ਮੈਂਬਰੀ ਭਰਤੀ ਕਮੇਟੀ ਵਲੋਂ ਆਪਣੀ ਭਰਤੀ ਪ੍ਰਕਿਰਿਆ ਪੂਰੀ ਕਰ ਲਏ ਜਾਣ ਤੋਂ ਬਾਅਦ ਅੰਮ੍ਰਿਤਸਰ ਦੇ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਹੋਏ ਇੱਕ ਡੈਲੀਗੇਟ ਇਜਲਾਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਨਵੇਂ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਯਾਦ ਰਹੇ, ਗਿਆਨੀ ਹਰਪ੍ਰੀਤ ਸਿੰਘ ਪੰਜ ਸਾਲ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹੇ ਹਨ। ਉਹ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵੀ ਰਹੇ। ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਬੀਬੀ ਸਤਵੰਤ ਕੌਰ ਨੂੰ ਪੰਥਕ ਕੌਂਸਲ ਦੀ ਮੁਖੀ ਬਣਾਇਆ ਗਿਆ। ਇਹ ਕੌਂਸਲ ਸਿੱਖ ਸੰਸਥਾਵਾਂ ਵਿਚ ਆਏ ਨਿਘਾਰ ਨੂੰ ਠੱਲ੍ਹ ਮਾਰਨ ਲਈ ਧਰਮ ਪ੍ਰਚਾਰ ਲਈ ਜ਼ਿੰਮੇਵਾਰ ਹੋਵੇਗੀ।

ਬੀਤੇ ਵਰ੍ਹੇ 2 ਦਸੰਬਰ ਨੂੰ ਜਾਰੀ ਕੀਤੇ ਗਏ ਹੁਕਮਨਾਮੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਪੜਤਾਲੀਆ ਕਮੇਟੀ ਬਣਾ ਕੇ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਉਨ੍ਹਾਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਿਆਨੀ ਰਘਬੀਰ ਸਿੰਘ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਸੀ ਅਤੇ ਗਿਆਨੀ ਹਰਪ੍ਰੀਤ ਸਿੰਘ ਦਮਦਮਾ ਸਾਹਿਬ ਵਿਖੇ ਜਥੇਦਾਰ ਵਜੋਂ ਡਿਊਟੀ ਨਿਭਾਉਣ ਲੱਗੇ ਸਨ। ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਅਗਵਾਈ ਵਿੱਚ 2 ਦਸੰਬਰ 2024 ਨੂੰ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਸਮੇਤ ਸਿੱਖ ਲੀਡਰਸ਼ਿਪ ਨੂੰ ਸਮੂਹਿਕ ਰੂਪ ਵਿੱਚ ਲਗਾਈ ਗਈ ਤਨਖਾਹ ਸਮੇਂ ਗਿਆਨੀ ਹਰਪ੍ਰੀਤ ਸਿੰਘ ਨੇ ਉਨ੍ਹਾਂ ਦੇ ਸਹਾਇਕ ਵਜੋਂ ਭੂਮਿਕਾ ਨਿਭਾਈ ਸੀ। ਬਾਕੀ ਅਕਾਲੀ ਲੀਡਰਸ਼ਿਪ ਨੇ ਭਾਵੇਂ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਗਈ ਇਹ ਤਨਖਾਹ (ਸਜ਼ਾ) ਸਮੂਹਿਕ ਰੂਪ ਵਿੱਚ ਭੁਗਤ ਲਈ ਸੀ, ਪਰ ਸੁਖਬੀਰ ਸਿੰਘ ਬਾਦਲ ਨੇ ਜਾਰੀ ਹੁਕਮਨਾਮੇ ਦੀ ਰੋਸ਼ਨੀ ਵਿੱਚ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਪੱਖੋਂ ਅੜੀ ਕਰ ਲਈ ਸੀ। ਇਸ ਹੁਕਮਨਾਮੇ ਵਿੱਚ ਇਹ ਸਪਸ਼ਟ ਰੂਪ ਵਿੱਚ ਕਿਹਾ ਗਿਆ ਸੀ ਕਿ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਸਿੱਖ ਕੌਮ ਦੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗੁਆ ਚੁੱਕੀ ਹੈ ਅਤੇ ਇਨ੍ਹਾਂ ਦੇ ਅਸਤੀਫੇ ਪ੍ਰਵਾਨ ਕਰਕੇ ਅਕਾਲ ਤਖਤ ਸਾਹਿਬ ਦੀ ਸਕੱਤਰੇਤ ਵਿਖੇ ਸੂਚਿਤ ਕਰਨ ਲਈ ਕਿਹਾ ਗਿਆ ਸੀ; ਪਰ ਅਕਾਲੀ ਦਲ (ਬਾਦਲ) ਦੀ ਵਰਕਿੰਗ ਕਮੇਟੀ ਵੱਲੋਂ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤਾ ਗਿਆ ਅਸਤੀਫਾ ਪ੍ਰਵਾਨ ਨਹੀਂ ਸੀ ਕੀਤਾ ਗਿਆ ਅਤੇ ਨਾ ਹੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਭੰਗ ਕੀਤੀ ਗਈ ਸੀ। ਸਗੋਂ ਬਾਅਦ ਵਿੱਚ ਇੱਕ ਅਸਤੀਫੇ ਵਾਲੀ ਨਾਟਕਬਾਜ਼ੀ ਕਰਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਮੁੜ ਪ੍ਰਧਾਨ ਬਣ ਗਏ ਸਨ।
ਇਥੇ ਜ਼ਿਕਰਯੋਗ ਹੈ ਕਿ 2 ਦਸੰਬਰ 2024 ਨੂੰ ਅਕਾਲ ਤਖਤ ਸਾਹਿਬ ਵੱਲੋਂ ਅਕਾਲੀ ਦਲ ਦੀ ਨਵੀਂ ਭਰਤੀ ਕਰਨ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ 7 ਮੈਂਬਰੀ ਕਮੇਟੀ ਕਾਇਮ ਕੀਤੀ ਗਈ ਸੀ। ਇਸ 7 ਮੈਂਬਰੀ ਕਮੇਟੀ ਵਿੱਚੋਂ ਬਾਅਦ ਵਿੱਚ ਦੋ ਮੈਂਬਰਾਂ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਅਸਤੀਫਾ ਦੇ ਦਿੱਤਾ ਸੀ। ਇਸ ਹਾਲਤ ਵਿੱਚ ਬਾਕੀ ਬਚੇ ਪੰਜ ਮੈਂਬਰਾਂ- ਮਨਪ੍ਰੀਤ ਸਿੰਘ ਇਯਾਲੀ, ਜਥੇਦਾਰ ਸੰਤਾ ਸਿੰਘ ਉਮੈਦਪੁਰੀ, ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਬੀਬੀ ਸਤਵੰਤ ਕੌਰ, ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਇਕਬਾਲ ਸਿੰਘ ਝੂੰਦਾ ਵੱਲੋਂ ਨਵੇਂ ਅਕਾਲੀ ਦਲ ਦੀ ਇਸ ਭਰਤੀ ਦੀ ਜ਼ਿੰਮੇਵਾਰੀ ਨੂੰ ਸਿਰੇ ਲਗਾਇਆ ਗਿਆ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਤਕਰੀਬਨ ਤਿੰਨ ਦਹਾਕਿਆਂ ਵਿੱਚ ਬਾਦਲ ਪਰਿਵਾਰ ਦੇ ਸ਼ਰੀਕ ਵਜੋਂ ਉਭਰਨ ਵਾਲੀ ਹਰ ਧਿਰ ਮਾਰ ਖਾਂਦੀ ਰਹੀ ਹੈ। ਇਹ ਪਹਿਲੀ ਵਾਰ ਹੈ ਕਿ ਅਕਾਲੀ ਸਫਾਂ ਨੂੰ ਬਾਦਲ ਪਰਿਵਾਰ ਦੇ ਪ੍ਰਛਾਵੇਂ ਵਿੱਚੋਂ ਬਾਹਰ ਖਿੱਚਣ ਵਿੱਚ ਕੋਈ ਧਿਰ ਸਫਲ ਹੋ ਸਕੀ ਹੈ। ਇਸ ਨਾਲ ਆਉਂਦੇ ਦਿਨਾਂ ਵਿੱਚ ਦੋਨੋ ਅਕਾਲੀ ਦਲਾਂ ਵਿਚਕਾਰ ਤਿੱਖਾ ਟਕਰਾਅ ਹੋਣ ਦੇ ਆਸਾਰ ਬਣ ਗਏ ਹਨ।
ਅਕਾਲੀ ਦਲ ਦਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਡੈਲੀਗੇਟ ਇਜਲਾਸ ਨੂੰ ਸੰਬੋਧਨ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਭਵਿੱਖ ਵਿੱਚ ਕਿਸੇ ਕਿਸਮ ਦੀ ਕੋਈ ਚੋਣ ਲੜਨ ਦੇ ਇਛੁੱਕ ਨਹੀਂ ਹਨ। ਉਨ੍ਹਾਂ ਦਾ ਨਿਸ਼ਾਨਾ ਅਕਾਲੀ ਦਲ ਨੂੰ ਮਜਬੂਤ ਕਰਨਾ, ਸੱਤਾ ਤੱਕ ਪਹੁੰਚਾਉਣ ਅਤੇ ਇਸ ਸੱਤਾ ਰਾਹੀਂ ਪੰਥ ਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨਾ ਹੈ। ਉਨ੍ਹਾਂ ਕਿਹਾ ਕਿ ਅਸੀਂ ਅਕਾਲੀ ਦਲ ਦਾ ਦਫਤਰ ਚੰਡੀਗੜ੍ਹ ਦੀ ਥਾਂ ਅੰਮ੍ਰਿਤਸਰ ਵਿੱਚ ਬਣਾਵਾਂਗੇ; ਪਰ ਚੰਡੀਗੜ੍ਹ ‘ਤੇ ਆਪਣਾ ਦਾਅਵਾ ਛੱਡਿਆ ਨਹੀਂ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਉਹ ਮਾਨਸਿਕ ਤੌਰ ‘ਤੇ ਇਡੀ ਵੱਡੀ ਜ਼ਿੰਮੇਵਾਰੀ ਲਈ ਤਿਆਰ ਨਹੀਂ ਸਨ, ਕਿਉਂਕਿ ਬਾਦਲਕਿਆਂ ਦੇ ਆਈ.ਟੀ. ਸੈਲ ਨੇ ਉਨ੍ਹਾਂ ਦੇ ਸਿਰ ਵਿੱਚ ਜਿਸ ਕਿਸਮ ਦੀ ਸੁਆਹ ਪਾਉਣ ਦਾ ਯਤਨ ਕੀਤਾ, ਉਹ ਉਨ੍ਹਾਂ ਨਿਵਾਣਾ ਤੱਕ ਜਾਣ ਲਈ ਤਿਆਰ ਨਹੀਂ ਸਨ। ਉਨ੍ਹਾਂ ਕਿਹਾ ਕਿ ਬੀਤੇ ਦਿਨਾਂ ਵਿੱਚ ਵੀ ਉਨ੍ਹਾਂ ਖਿਲਾਫ ਚਿੱਕੜ ਉਛਾਲਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਉਹ ਆਪਣੇ ਪਰਿਵਾਰ ਦੀ ਨਾਰਾਜ਼ਗੀ ਦੇ ਬਾਵਜੂਦ ਪੰਥ ਦੀਆਂ ਇੱਛਾਵਾਂ ਅਤੇ ਪੰਥਕ ਸੰਕਟ ਨੂੰ ਧਿਆਨ ਵਿੱਚ ਰੱਖਦਿਆਂ ਇਹ ਅਹੁਦਾ ਪ੍ਰਵਾਨ ਕਰ ਰਹੇ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, “ਪੰਜਾਬ ਦੀ ਜਵਾਨੀ ਅਵਾਜ਼ਾਰ ਹੋਈ ਫਿਰਦੀ ਹੈ। ਆਪਣੀ ਜਵਾਨੀ ਨੂੰ ਸਹੀ ਆਦਰਸ਼ ਅਤੇ ਦਿਸ਼ਾ ਦੇਣ ਦੇ ਯਤਨ ਕੀਤੇ ਜਾਣਗੇ। ਸਾਡੀ ਆਰਥਕ ਹਾਲਤ ਕੋਈ ਚੰਗੀ ਨਹੀਂ। ਗੁਰੂ ਦਾ ਪੰਥ ਬੇਹੱਦ ਅਮੀਰ ਤਾਰੀਨ ਰਿਹਾ ਹੈ। ਜੇ ਕੇਂਦਰ ਸਰਕਾਰ ਸਾਨੂੰ ਨਾ ਦਬਾਉਂਦੀ ਤਾਂ ਦੇਸ਼ ਦੀ 60 ਫੀਸਦੀ ਆਰਥਿਕਤਾ ਸਾਡੇ ਕੋਲ ਹੋਣੀ ਸੀ।” ਉਨ੍ਹਾਂ ਕਿਹਾ ਕਿ ਕਿਸੇ ਸਰਕਾਰ ਨੇ ਪੰਜਾਬ ਦੇ ਲੋਕਾਂ ‘ਤੇ ਜ਼ੁਲਮ ਢਾਹੇ, ਕੋਈ ਨਸ਼ੇ ਲੈ ਆਈ ਅਤੇ ਹੁਣ ਵਾਲਿਆਂ ਨੇ ਸਾਨੂੰ ਚੁਟਕਲੇ ਸੁਣਾ-ਸੁਣਾ ਕੇ ਲੁੱਟਿਆ।
ਉਨ੍ਹਾਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਖਿਲਾਫ ਇਹ ਨੀਤੀ ਬੜੀ ਵੱਡੀ ਸਾਜ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਸ ਨੀਤੀ ਰਾਹੀਂ ਦਿੱਲੀ ਵਾਲੇ ਸਾਡੀਆਂ ਸਿਰਫ ਜ਼ਮੀਨਾਂ ਹੀ ਹਾਸਲ ਨਹੀਂ ਕਰਨਾ ਚਾਹੁੰਦੇ ਸਗੋਂ ਇਹ ਪੰਜਾਬ ਵਿੱਚ ਆਬਾਦੀ ਦਾ ਤਵਾਜ਼ਨ ਬਦਲਣ ਦੀ ਸਾਜ਼ਿਸ਼ ਹੈ। ਇਸ ਮੌਕੇ ਇੱਕ ਮਤੇ ਵਿੱਚ ਕੇਂਦਰ ਸਰਕਾਰ ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਮੰਗ ਵੀ ਕੀਤੀ ਗਈ। ਜਥੇਦਾਰ ਨੇ ਪੰਜ ਮੈਂਬਰੀ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਸਿੰਘਾਂ ਨੇ ਸਾਰੇ ਦਬਾਵਾਂ ਦੇ ਬਾਵਜੂਦ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮਨਾਮੇ ਦੇ ਅੱਖਰਾਂ ਦੀ ਲਾਜ ਰੱਖੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਿੰਘਾਂ ਨੇ ਅਕਾਲ ਤਖਤ ਸਾਹਿਬ ਵੱਲ ਮੂੰਹ ਕਰੀ ਰੱਖਿਆ ਅਤੇ 15 ਲੱਖ ਮੈਂਬਰਾਂ ਦੀ ਭਰਤੀ ਦਾ ਵਿਸ਼ਾਲ ਤੇ ਔਖਾ ਕਾਰਜ ਨੇਪਰੇ ਚਾੜ੍ਹਿਆ। ਉਨ੍ਹਾਂ ਹੋਰ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਨਿਭਾਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਵਾਲੇ ਉਹ ਪਹਿਲੇ ਵਿਅਕਤੀ ਨਹੀਂ ਹਨ। ਉਨ੍ਹਾਂ ਤੋਂ ਪਹਿਲਾਂ ਤੇਜਾ ਸਿੰਘ ਅਕਰਪੁਰੀ, ਜਥੇਦਾਰ ਊਧਮ ਸਿੰਘ ਨਾਗੋਕੇ, ਜਥੇਦਾਰ ਅੱਛਰ ਸਿੰਘ, ਜਥੇਦਾਰ ਮੋਹਣ ਸਿੰਘ ਤੁੜ ਅਤੇ ਗੁਰਮੁਖ ਸਿੰਘ ਮੁਸਾਫਰ ਦੋਹਾਂ ਸੰਸਥਾਵਾਂ ਦੀ ਅਗਵਾਈ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਸਾਹਿਬ ਵੱਲੋਂ ਜਾਰੀ ਕੀਤਾ ਗਿਆ ਹੁਕਮਨਾਮਾ ਸਾਡੇ ‘ਤੇ ਅਸਿਧੇ ਢੰਗ ਨਾਲ ਅਕਾਲ ਤਖਤ ਸਾਹਿਬ ਦਾ ‘ਨਾਂ ਵਰਤਣ’ ਦਾ ਦੋਸ਼ ਲਾਉਂਦਾ ਹੈ ਅਤੇ ਅਕਾਲ ਤਖਤ ਤੋਂ ਭਗੌੜੇ ਦਲ ਨੂੰ ਵੀ, ‘ਉਨ੍ਹਾਂ ਦੀ ਸਿਆਸਤ ਮੁਬਾਰਕ’ ਆਖਦਾ ਹੈ। ਉਨ੍ਹਾਂ ਕਿਹਾ ਕਿ ਇਹ ਹੁਕਮਨਾਮਾ ਜਿਸ ਵੀ ਸ਼ਖਸ ਨੇ ਲਿਖਿਆ ਹੈ, ਉਸ ਨੂੰ ਛੇਵੇਂ ਪਾਤਸ਼ਾਹ ਵੱਲੋਂ ਸਾਜੀ ਨਿਵਾਜ਼ੀ ਗਈ ਇਸ ਮਹਾਨ ਸੰਸਥਾ ਦੀ ਸਮਝ ਨਹੀਂ ਹੈ। ਪ੍ਰਧਾਨ ਚੁਣੇ ਜਾਣ ਤੋਂ ਪਿੱਛੋਂ ਉਨ੍ਹਾਂ ਨੇ ਆਪਣੇ ਡੈਲੀਗੇਟਾਂ ਸਮੇਤ ਅਕਾਲ ਤਖਤ ਸਾਹਿਬ ਅਤੇ ਹਰਮਿੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਪੰਥਕ ਕਾਰਜਾਂ ਦੀ ਸੰਪੂਰਨਤਾ ਲਈ ਅਰਦਾਸ ਬੇਨਤੀ ਕੀਤੀ।
ਗਿਆਨੀ ਹਰਪ੍ਰੀਤ ਸਿੰਘ ਦੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਚੋਣ ਸਰਬਸੰਮਤੀ ਨਾਲ ਹੋਈ ਹੈ। ਕਿਸੇ ਨਵੀਂ ਹੋਂਦ ਵਿੱਚ ਆ ਰਹੀ ਪਾਰਟੀ ਲਈ ਇਹ ਬੇਹੱਦ ਸਕੂਨ ਭਰਿਆ ਪਲ ਹੀ ਕਿਹਾ ਜਾ ਸਕਦਾ ਹੈ। ਕਿਸੇ ਆਗੂ ਦੀ ਚੋਣ ਲਈ ਵੋਟਿੰਗ ਦਾ ਅਮਲ ਭਾਵੇਂ ਇੱਕ ਜਮਹੂਰੀ ਅਮਲ ਮੰਨਿਆ ਜਾਂਦਾ ਹੈ, ਪਰ ਪਿਛਲੇ 70-75 ਸਾਲਾਂ ਦਾ ਪਰਤਿਆਇਆ ਹੋਇਆ ਸੱਚ ਇਹ ਹੈ ਕਿ ਸਾਡੀ ਰਾਜਸੀ ਵਿਵਸਥਾ ਨੇ ਚੋਣ ਪ੍ਰਣਾਲੀ ਨੂੰ ਲੋਕਾਂ ਨੂੰ ਪਾਟੋਧਾੜ ਕਰ ਲਈ ਹੀ ਵਰਤਿਆ ਹੈ। ਸਾਡੀ ਵੋਟ ਰਾਜਨੀਤੀ ਨੇ ਸਾਡੀ ਸਮਾਜਕ ਵਿਵਸਥਾ ਨੂੰ ਲੀਰੋ ਲੀਰ ਕੀਤਾ ਹੋਇਆ ਹੈ। ਸਮਾਜ ਵਿੱਚ ਪਈ ਹਰ ਨੈਗੇਟਿਵ ਵੰਡ ਅਤੇ ਸਮਾਜਕ ਸਭਿਆਚਾਰਕ ਵਿਕਾਰ ਨੂੰ ਆਪਣੀ ਵਕਤੀ ਰਾਜਨੀਤਿਕ ਸਫਲਤਾ ਲਈ ਇੱਕ ਤਰ੍ਹਾਂ ਨਾਲ ਹਥਿਆਰ ਬਣਾ ਲਿਆ ਹੈ। ਇਹ ਭਾਵੇਂ ਜਾਤੀ-ਪਾਤੀ ਵੰਡ ਹੋਵੇ, ਪੰਜਾਬੀ ਸਮਾਜ ਵਿੱਚ ਫੈਲੀ ਹਉਮੈ, ਸ਼ਰੀਕੇਬਾਜ਼ੀ ਦਾ ਰੋਗ, ਹਰ ਸਮਾਜਕ ਵਿੰਗ-ਤੜਿੰਗ ਸੱਤਾ ਅਤੇ ਜਾਇਦਾਦ ਲਈ ਹਾਬੜੇ ਸਿਆਸਤਦਾਨਾਂ ਦੇ ਹਥਿਆਰ ਲਈ ਹੱਥਾ ਬਣ ਗਿਆ ਹੈ। ਇਹ ਸਥਿਤੀ ਪੰਜਾਬ ਵਿੱਚ ਖਾਸ ਕਰਕੇ ਵਿਆਪਕ ਹੈ। ਜਿਸ ਰਾਜਸੀ ਅਮਲ ਨੇ ਲੋਕਾਂ ਲਈ ਕਿਸੇ ਸਾਰਥਕ ਸਮਾਜਿਕ-ਆਰਥਕ ਉਥਾਨ ਦਾ ਜ਼ਰੀਆ ਬਣਨਾ ਸੀ, ਉਹੋ ਹੀ ਸਾਡੇ ਅੰਤਾਂ ਦੇ ਸਮਾਜੀ ਪਤਨ ਲਈ ਜ਼ਿੰਮੇਵਾਰ ਬਣ ਗਿਆ। ਦੁਨੀਆਂ ਦੀ ਸਭ ਤੋਂ ਨਵੀਨ ਧਾਰਮਿਕ-ਸਮਾਜਿਕ ਮਤਿ ਨੂੰ ਵੀ ਅਸੀਂ ਆਪਣੇ ਵਿਕਾਰਾਂ ਦੇ ਅਨੁਸਾਰ ਢਾਲ ਲਿਆ।
ਇਹ ਗੱਲ ਠੀਕ ਹੈ ਕਿ ਦੁਨੀਆਂ ਦਾ ਹਰ ਖਿੱਤਾ, ਕੌਮ, ਕਬੀਲਾ, ਪ੍ਰਦੇਸ ਜਾਂ ਦੇਸ਼, ਧਰਮ/ਵਿਚਾਰ ਨੂੰ ਆਪਣੇ ਸਥਾਨਕ ਰਹਿਣ-ਸਹਿਣ ਅਤੇ ਰਹੁ-ਰੀਤਾਂ ਅਨੁਸਾਰ ਢਾਲ ਲੈਂਦਾ ਹੈ; ਪਰ ਕਿਸੇ ਮਹਾਂਪੁਰਖ ਜਾਂ ਫਿਲਾਸਫਰ ਦੇ ਵਿਚਾਰਾਂ ਨੂੰ ਆਪਣੇ ਵਿਕਾਰਾਂ ਦੇ ਅਨੁਕੂਲ ਢਾਲਣਾ ਹੱਦੋਂ ਵੱਡਾ ਔਗੁਣ ਹੈ। ਇਹ ਮੂਲ ਤੱਥ ਵਧੇਰੇ ਧਿਆਨ ਨਾਲ ਸਮਝਣ ਵਾਲਾ ਹੈ ਕਿ ਸਿੱਖ ਕੌਮ/ਕਮਿਊਨਿਟੀ ਸ਼ਬਦ ਵਿੱਚੋਂ ਪੈਦਾ ਹੋਇਆ ਭਾਈਚਾਰਾ ਹੈ। ਜਿਸ ਦਾ ਆਧਾਰ ਗੁਰੂ ਗ੍ਰੰਥ ਸਾਹਿਬ ਹਨ; ਜਦਕਿ ਪੰਜਾਬ ਪੰਜਾਂ ਦਰਿਆਵਾਂ ਦੇ ਆਸ-ਪਾਸ ਉਸਰੀ ਇੱਕ ਸਮਾਜਕ ਅਤੇ ਜੀਓਪੁਲਿਟੀਕਲ ਹਸਤੀ ਹੈ, ਜਿਸ ਵਿੱਚ ਬਹੁਤ ਸਾਰੀਆਂ ਸਥਾਨਕ/ਪ੍ਰਦੇਸੀ ਨਸਲਾਂ ਦਾ ਲਹੂ ਘੁਲਿਆ-ਮਿਲਿਆ ਹੋਇਆ ਹੈ। ਇਸ ਰਲ-ਗੱਡ ਨੇ ਪੰਜਾਬ ਦੇ ਲੋਕਾਂ ਦੀ ਜਿਨੈਟਿਕ ਲੜੀ ਨੂੰ ਵੀ ਪ੍ਰਭਾਵਤ ਕੀਤਾ ਹੈ। ਇਨ੍ਹਾਂ ਲੋਕਾਂ ਦੇ ਆਪਣੇ ਗੁਣ-ਔਗੁਣ, ਸੰਸਕਾਰ ਅਤੇ ਵਿਕਾਰ ਆਦਿ ਹਜ਼ਾਰਾਂ ਸਾਲਾਂ ਵਿੱਚ ਬਣੇ-ਉਸਰੇ ਹਨ। ਇਨ੍ਹਾਂ ਵਿਕਾਰਾਂ ਅਤੇ ਔਗੁਣਾਂ ਨੇ ਵੀ ਇਨ੍ਹਾਂ ਦੇ ਨਾਲ-ਨਾਲ ਵਿਚਰਨਾ ਹੈ। ਗੁਰਮੁਖ ਅਤੇ ਗੁਰਮੁਖਾਂ ਦਾ ਸਮਾਜ ਸਿਰਜਣ ਲਈ ਯਤਨਸ਼ੀਲ ਕੋਈ ਵੀ ਸ਼ਬਦ ਆਧਾਰਤ ਸਿਆਸਤ ਆਪਣੀ ਆਦਰਸ਼ਮੁਖਤਾ ਦੇ ਇੱਕ ਖਾਸ ਪੱਧਰ ‘ਤੋਂ ਹੇਠਾਂ ਨਹੀਂ ਡਿੱਗ ਸਕਦੀ; ਜਦੋਂ ਕਿ ਕਿਸੇ ਖਿੱਤੇ/ਕੌਮ ਦਾ ਸਾਧਾਰਨ ਜੀਵਨ ਇਸ ਤਰ੍ਹਾਂ ਦੇ ਵਿਗਾੜਾਂ ਨੂੰ ਅਕਸਰ ਹੀ ਸਹਿਣ ਕਰ ਜਾਂਦਾ ਹੈ। ਇਹ ਇਸੇ ਲਈ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਜਦੋਂ ਇੱਕ ਪੰਥਕ ਪਾਰਟੀ ਤੋਂ 1996 ਵਿੱਚ ਪੰਜਾਬੀ ਪਾਰਟੀ ਬਣਿਆ ਤਾਂ ਕੁਝ ਹੀ ਸਾਲਾਂ ਵਿੱਚ ਇਸ ਨੇ ਆਪਣੇ ਪਤਨ ਦੀਆਂ ਅੰਤਿਮ ਨਿਵਾਣਾਂ ਛੂਹ ਲਈਆਂ।
ਹੁਣ ਜਦੋਂ 2 ਦਸੰਬਰ 2024 ਦੇ ਹੁਕਮਨਾਮੇ ਦੀ ਰੋਸ਼ਨੀ ਵਿੱਚ ਅਕਾਲੀ ਦਲ ਆਪਣੇ ਅਸਲੀ ਅਤੇ ਸ਼ਬਦ ਗੁਰੂ ਆਧਾਰਤ ਆਦਰਸ਼ ਰੂਪ ਨੂੰ ਤਾਲਾਸ਼ ਰਿਹਾ ਹੈ ਤਾਂ ਉਸ ਨੂੰ ਆਪਣੀ ਅਗਵਾਈ ਲਈ ਫਿਰ ਤੋਂ ਕਿਸੇ ਧਾਰਮਿਕ ਅਗਵਾਈ ਵੱਲ ਪ੍ਰਰਣਾ ਪੈ ਰਿਹਾ ਹੈ। ਅਕਾਲੀ ਦਲ ਦੀ ਇਸ ਤਾਲਾਸ਼ ਵਿੱਚੋਂ ਹੀ ਗਿਆਨੀ ਹਰਪ੍ਰੀਤ ਸਿੰਘ ਉਭਰੇ ਹਨ। ਅਕਾਲੀ ਦਲ ਨੇ ਆਪਣੀ ਉਪਰੋਕਤ ਸ਼ਬਦ ਆਧਾਰਤ ਆਦਰਸ਼ਵਾਦੀ ਸਿਆਸਤ ‘ਤੇ ਖਲੋ ਕੇ ਹੀ ਕਿਸੇ ਸਥਾਨਕ, ਦੇਸ਼ ਪੱਧਰ ‘ਤੇ ਅਤੇ ਵਿਸ਼ਵਵਿਆਪਕ ਸਿਆਸੀ, ਸਮਾਜਿਕ, ਸੱਭਿਅਚਾਰਕ ਤੇ ਵਾਤਾਵਰਣਿਕ ਮਸਲੇ ਵਿੱਚ ਦਖਲ ਦੇਣਾ ਹੈ। ਅਕਾਲੀ ਦਲ ਦਾ ਪੰਜਾਬ ਦੀ ਸਿਆਸਤ ਵਿੱਚ ਦਖਲ ਵੀ ਇਸੇ ਨੁਕਤੇ ਤੋਂ ਹੋਣਾ ਚਾਹੀਦਾ ਹੈ। ਇਹ ਠੀਕ ਹੈ ਕਿ ਸਿੱਖ ਧਰਮ ਨੂੰ ਮੰਨਣ ਵਾਲੇ ਲੋਕ ਪੰਜਾਬ ਵਿੱਚ ਬਹੁਗਿਣਤੀ ਵਿੱਚ ਵੱਸਦੇ ਹਨ, ਪਰ ਜੇ ਉਹ ਆਪਣੇ ਆਪ ਨੂੰ ਪੰਜਾਬੀਅਤ ਨਾਲ ਰਲਗੱਡ ਇੱਕ ਕੌਮੀਅਤ ਵਿੱਚ ਮੁਕੰਮਲ ਰੂਪ ਵਿੱਚ ਢਾਲ ਲੈਂਦੇ ਹਨ ਤਾਂ ਇਹ ਕਿਸੇ ਸਥਾਨਕ ਸੱਭਿਅਚਾਰ ਦੇ ਸੰਸਕਾਰਾਂ ਅਤੇ ਵਿਕਾਰਾਂ ਵਿੱਚ ਢਲਿਆ ਹੋਇਆ ਧਰਮ ਹੋਵੇਗਾ। ਇਸ ਦੇ ਵਿੱਚ ਇੰਜ ਦੇ ਫਰਕ ਹੋਣਗੇ, ਜਿਵੇਂ ਆਇਰਲੈਂਡ ਅਤੇ ਬਰਤਾਨੀਆ ਜਾਂ ਰੂਸ ਵਿੱਚ ਵਿਚਰਦੀ ਇਸਾਈਅਤ ਵਿੱਚ ਫਰਕ ਹਨ। ਉਂਝ ਸਮਾਂ ਪਾ ਕੇ ਨਵੇਂ ਪੈਦਾ ਹੋਣ ਵਾਲੇ ਧਰਮ ਇਸ ਕਿਸਮ ਦੇ ਸਥਾਨਕ ਸੱਭਿਆਚਾਰਾਂ ਵਿੱਚ ਢਲ ਹੀ ਜਾਂਦੇ ਹਨ। ਹਰਿੰਦਰ ਸਿੰਘ ਮਹਿਬੂਬ ਦੇ ਸ਼ਬਦਾਂ ਵਿੱਚ ‘ਇਸ ਤਰ੍ਹਾਂ ਕਰਦਿਆਂ ਇਹ ਆਪਣੀ ਪਹਿਲ ਤਾਜ਼ਗੀ ਗੁਆ ਬੈਠਦੇ ਹਨ।’

ਨਵੇਂ ਅਕਾਲੀ ਦਲ ਵੱਲੋਂ ਪਾਸ ਕੀਤੇ ਗਏ ਮਤੇ
ਨਵੇਂ ਅਕਾਲੀ ਦਲ ਵੱਲੋਂ ਆਪਣੇ ਪ੍ਰਧਾਨ ਅਤੇ ਧਾਰਮਿਕ ਕੌਂਸਲ ਦੀ ਮੁਖੀ ਦੀ ਚੋਣ ਤੋਂ ਬਾਅਦ 10 ਮਤੇ ਪਾਸ ਕੀਤੇ ਗਏ। ਡੈਲੀਗੇਟਾਂ ਅਤੇ ਆਗੂਆਂ ਨੇ ਜੋਸ਼ੀਲੇ ਜੈਕਾਰਿਆਂ ਦੀ ਗੂੰਜ ਵਿੱਚ ਇਹ ਮਤੇ ਪਾਸ ਕੀਤੇ। ਧਾਰਮਿਕ ਕੌਂਸਲ ਦੀ ਮੁਖੀ ਚੁਣੀ ਗਈ ਬੀਬੀ ਸਤਵੰਤ ਕੌਰ ਨੇ ਇਹ ਮਤੇ ਪੜ੍ਹ ਕੇ ਸੁਣਾਏ ਅਤੇ ਡੈਲੀਗੇਟਾਂ ਨੇ ਜੈਕਾਰਿਆਂ ਨਾਲ ਇਨ੍ਹਾਂ ਮਤਿਆਂ ਨੂੰ ਪ੍ਰਵਾਨਗੀ ਦਿੱਤੀ।
1. ਪਿਛਲੇ ਸਮੇਂ ਵਿੱਚ ਪੰਥਕ ਸੰਸਥਾਵਾਂ ਵਿੱਚ ਆਏ ਨਿਘਾਰ ਨੂੰ ਦੂਰ ਕਰਨ ਲਈ ਪੰਥਕ ਕੌਂਸਲ ਦੀ ਸਥਾਪਨਾ ਕੀਤੀ ਜਾਵੇਗੀ। ਇਸ ਦੀ ਸਲਾਹ ਨਾਲ ਹੀ ਪਾਰਟੀ ਪ੍ਰਧਾਨ ਮਹੱਤਵਪੂਰਨ ਫੈਸਲੇ ਲਵੇਗਾ।
2. ਨਵੇਂ ਅਕਾਲੀ ਦਲ ਦੀ 31 ਮੈਂਬਰੀ ਵਰਕਿੰਗ ਕਮੇਟੀ ਸਥਾਪਤ ਕੀਤੀ ਜਾਵੇਗੀ।
3. ਪਾਰਟੀ ਪ੍ਰਧਾਨ ਦਾ ਅਹੁਦਾ ਤਿੰਨ ਸਾਲ ਲਈ ਹੋਵੇਗਾ ਅਤੇ ਦੋ ਟਰਮਾਂ ਤੋਂ ਬਾਅਦ ਕੋਈ ਵੀ ਪ੍ਰਧਾਨ ਨਹੀਂ ਬਣ ਸਕੇਗਾ।
4. ਪਾਰਟੀ ਪ੍ਰਧਾਨ ਆਪਣੇ ਅਹੁਦੇ ‘ਤੇ ਹੁੰਦਿਆਂ ਲੋਕ ਸਭਾ ਜਾਂ ਵਿਧਾਨ ਸਭਾ ਦੀ ਚੋਣ ਨਹੀਂ ਲੜ ਸਕੇਗਾ। ਚੋਣ ਲੜਨ ਤੋਂ ਇੱਕ ਸਾਲ ਪਹਿਲਾਂ ਉਸ ਨੂੰ ਅਹੁਦੇ ਤੋਂ ਅਸਤੀਫਾ ਦੇਣਾ ਪਵੇਗਾ।
5. ਲੋਕ ਸਭਾ ਅਤੇ ਵਿਧਾਨ ਸਭਾ ਵਾਸਤੇ ਉਮੀਦਵਾਰ ਚੁਣਨ ਲਈ ਪਾਰਲੀਮੈਂਟਰੀ ਬੋਰਡ ਦੀ ਸਥਾਪਨਾ ਕੀਤੀ ਜਾਵੇਗੀ।
6. ਪਾਰਟੀ ਦੀ ਭਰਤੀ ਖੁੱਲ੍ਹੀ ਰਹੇਗੀ ਅਤੇ ਡੈਲੀਗੇਟਾਂ ਦੀ ਚੋਣ 6 ਸਾਲ ਬਾਅਦ ਹੋਵੇਗੀ।
7. ਪੰਜਾਬ ਵਿੱਚ ਅਤੇ ਪੰਜਾਬ ਤੋਂ ਬਾਹਰ ਸਿੱਖ ਸੰਸਥਾਵਾਂ ਵਿੱਚ ਪਤਿਤਪੁਣੇ ਨੂੰ ਰੋਕਣ ਲਈ ਵਿਦਿਅਕ ਸੰਸਥਾਵਾਂ ਵਿੱਚ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਯੂਨਿਟ ਸਥਾਪਤ ਕੀਤੇ ਜਾਣਗੇ।
8. ਫੈਡਰੇਸ਼ਨ ਦੇ ਮੈਂਬਰ ਜਾਂ ਆਗੂ ਦੀ ਉਮਰ ਹੱਦ 37 ਸਾਲ ਹੋਵੇਗੀ
9. ਸ਼੍ਰੋਮਣੀ ਅਕਾਲੀ ਦਲ ਦਾ ਡੈਲੀਗੇਟ ਇਜਲਾਸ ਇੱਕ ਸਾਲ ਬਾਅਦ ਬੁਲਾਇਆ ਜਾਵੇਗਾ
10. ਪਾਰਟੀ ਦੇ ਮੁੱਖ ਦਫਤਰ ਨੂੰ ਚਲਾਉਣ ਲਈ ਜਨਰਲ ਸਕੱਤਰ ਜ਼ਿੰਮੇਵਾਰ ਹੋਵੇਗਾ
11. ਝੂੰਦਾ ਕਮੇਟੀ ਦੀ ਰਿਪੋਰਟ ਇੰਨ-ਬਿੰਨ ਲਾਗੂ ਕੀਤੀ ਜਾਵੇਗੀ।

Leave a Reply

Your email address will not be published. Required fields are marked *