*ਪੰਦਰਾਂ ਨੂੰ ਅਲਾਸਕਾ ‘ਚ ਹੋਵੇਗੀ ਮਿਲਣੀ
*ਯੂਰਪੀ ਮੁਲਕਾਂ ਵੱਲੋਂ ਯੇਲੰਸਕੀ ਨੂੰ ਵਾਰਤਾ ਵਿੱਚ ਸ਼ਾਮਲ ਕਰਨ ਦੀ ਮੰਗ
*ਅਮਰੀਕੀ ਰਾਸ਼ਟਰਪਤੀ ਨੂੰ ਸਾਰਥਕ ਸਿੱਟਿਆਂ ਦੀ ਆਸ
-ਜਸਵੀਰ ਸਿੰਘ ਸ਼ੀਰੀ
ਅੰਟਾਰਟਿਕਾ ਨਾਲ ਖਹਿੰਦੇ ਇੱਕ ਅਮਰੀਕੀ ਰਾਜ ਅਲਾਸਕਾ ਵਿੱਚ ਅਮਰੀਕਾ ਅਤੇ ਰੂਸ ਦੇ ਰਾਸ਼ਟਰਪਤੀਆਂ ਵਿਚਾਲੇ ਯੂਕਰੇਨ ਜੰਗ ਰੋਕਣ ਨੂੰ ਲੈ ਕੇ 15 ਅਗਸਤ ਨੂੰ ਹੋਣ ਜਾ ਰਹੀ ਗੱਲਬਾਤ ‘ਤੇ ਸਾਰੀ ਦੁਨੀਆਂ ਦੀ ਨਜ਼ਰਾਂ ਲੱਗੀਆਂ ਹੋਈਆਂ ਹਨ। ਇਸ ਗੱਲਬਾਤ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜੇਲੰਸਕੀ ਸ਼ਾਮਲ ਨਹੀਂ ਹੋਣਗੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਪਿਛਲੇ ਦਿਨੀਂ ਹੋਈ ਇੱਕ ਪ੍ਰੈਸ ਵਾਰਤਾ ਵਿੱਚ ਕਿਹਾ ਕਿ ਉਹ ਗੱਲਬਾਤ ਤੋਂ ਬਾਅਦ ਸਭ ਤੋਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਨਾਲ ਗੱਲਬਾਤ ਕਰਨਗੇ ਅਤੇ ਬਾਅਦ ਵਿੱਚ ਯੂਰਪ ਦੇ ਭਾਈਵਾਲ ਦੇਸ਼ਾਂ ਨਾਲ ਗੱਲਬਾਤ ਕੀਤੀ ਜਾਵੇਗੀ।
ਇਸ ਦੌਰਾਨ ਯੂਰਪ ਦੇ ਪ੍ਰਮੁੱਖ ਮੁਲਕਾਂ ਦੇ ਆਗੂਆਂ ਨੇ ਅਮਰੀਕੀ ਰਾਸ਼ਟਰਪਤੀ ਨੂੰ ਅਪੀਲ ਕੀਤੀ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਨੂੰ ਵੀ ਅਲਾਸਕਾ ਵਿੱਚ ਹੋਣ ਵਾਲੀ ਸਾਂਤੀ ਵਾਰਤਾ ਵਿੱਚ ਸ਼ਾਮਲ ਕੀਤਾ ਜਾਵੇ। ਇਸੇ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਯੂਕਰੇਨੀ ਰਾਸ਼ਟਰਪਤੀ ਨੂੰ ਅਲਾਸਕਾ ਵਰਤਾ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ।
ਯਾਦ ਰਹੇ, ਬੀਤੇ ਕੁਝ ਮਹੀਨਿਆਂ ਵਿੱਚ ਟਰੰਪ ਅਤੇ ਪੂਤਿਨ ਦੀ ਸਹਿਮਤੀ ਨਾਲ ਦੋਹਾਂ ਧਿਰਾਂ ਦੇ ਪ੍ਰਤੀਨਿਧਾਂ ਵਿਚਕਾਰ ਯੂਕਰੇਨ ਜੰਗ ਨੂੰ ਖਤਮ ਕਰਨ ਜਾਂ ਜੰਗਬੰਦੀ ਕਰਨ ਬਾਰੇ ਕਈ ਵਾਰਤਾਵਾਂ ਚੱਲੀਆਂ ਹਨ, ਜਿਨ੍ਹਾਂ ਵਿੱਚ ਇੱਕ-ਦੂਜੇ ਦੇ ਕੈਦੀ ਵਾਪਸ ਕਰਨ ਤੋਂ ਅਗੇ ਗੱਲ ਨਹੀਂ ਤੁਰੀ। ਰੂਸ ਆਪਣੀ ਇਸ ਜ਼ਿੱਦ ‘ਤੇ ਅੜਿਆ ਹੋਇਆ ਹੈ ਕਿ ਜਿਹੜੇ ਇਲਾਕੇ ਉਸ ਨੇ ਜਿੱਤ ਲਏ ਹਨ, ਉਹ ਹੁਣ ਵਾਪਸ ਨਹੀਂ ਕੀਤੇ ਜਾਣਗੇ। ਰੂਸ ਨੇ ਯੂਕਰੇਨ ਦੀ 22 ਫੀਸਦੀ ਭੂਮੀ ਉੱਤੇ ਇਸ ਜੰਗ ਦੌਰਾਨ ਕਬਜ਼ਾ ਕਰ ਲਿਆ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜੇਲੰਸਕੀ ਦਾ ਆਖਣਾ ਹੈ ਕਿ ਉਹ ਰੂਸ ਵੱਲੋਂ ਕਬਜਾਈ ਗਈ ਇੱਕ ਇੰਚ ਵੀ ਜ਼ਮੀਨ ਛੱਡਣ ਲਈ ਤਿਆਰ ਨਹੀਂ ਹਨ। ਜੇਲੰਸਕੀ ਨੇ ਕਿਹਾ ਕਿ ਯੂਕਰੇਨ ਦਾ ਸੰਵਿਧਾਨ ਉਨ੍ਹਾਂ ਨੂੰ ਇਹ ਇਜਾਜ਼ਤ ਨਹੀਂ ਦਿੰਦਾ। ਜਦਕਿ ਅਮਰੀਕੀ ਰਾਸ਼ਟਰਪਤੀ ਟਰੰਪ ਜ਼ਮੀਨ ਦੇ ਮਾਮਲੇ ਵਿੱਚ ਦੋਹਾਂ ਧਿਰਾਂ ਵੱਲੋਂ ਕੁਝ ਛੱਡ-ਛਡਾ ਕਰਕੇ ਕਿਸੇ ਸਮਝੌਤੇ ‘ਤੇ ਪਹੁੰਚਣਾ ਚਾਹੁੰਦੇ ਹਨ। ਲਗਦਾ ਇੰਜ ਹੈ ਕਿ ਜਿਨ੍ਹਾਂ ਇਲਾਕਿਆਂ ਵਿੱਚ ਰੂਸੀ ਭਾਸ਼ਾ ਬੋਲਣ ਵਾਲੇ ਲੋਕਾਂ ਦੀ ਬਹੁਗਿਣਤੀ ਹੈ, ਰਾਸ਼ਟਰਪਤੀ ਉਨ੍ਹਾਂ ਇਲਾਕਿਆਂ ਨੂੰ ਰੂਸ ਨੂੰ ਦੇਣ ਲਈ ਯੂਕਰੇਨ ਉੱਪਰ ਜ਼ੋਰ ਪਾਉਣਗੇ, ਜਦਕਿ ਜਿਹੜਾ ਇਸ ਤੋਂ ਅਗਾਂਹ ਇਲਾਕਾ ਰੂਸੀ ਫੌਜਾਂ ਨੇ ਯੂਕਰੇਨ ਦਾ ਆਪਣੇ ਕਬਜ਼ੇ ਵਿੱਚ ਲਿਆ ਹੈ, ਉਸ ਨੂੰ ਯੂਕਰੇਨ ਨੂੰ ਵਾਪਸ ਕਰਨ ਲਈ ਰੂਸ ‘ਤੇ ਜ਼ੋਰ ਪਾਇਆ ਜਾਵੇਗਾ।
ਯਾਦ ਰਹੇ, ਰੂਸ ਦੀ ਸਰਹੱਦ ਨਾਲ ਲਗਦੇ ਡੋਨਬਾਸ, ਡੋਨੈਸਕ, ਲੁਹਾਂਸਕ ਜੇਪੋਰੇਜ਼ੀਅ ਅਤੇ ਖੇਰਸੋਨ ਆਦਿ ਦੇ ਕੁਝ ਇਲਾਕਿਆਂ ਵਿੱਚ ਰੂਸੀ ਭਾਸ਼ਾ ਬੋਲਣ ਵਾਲੇ ਲੋਕਾਂ ਦੀ ਬਹੁਗਿਣਤੀ ਹੈ। ਇਹ ਲੋਕ ਆਪਣੀ ਖੁਦਮੁਖਤਾਰੀ ਲਈ ਯੂਕਰੇਨ ਨਾਲ ਦੇਰ ਤੋਂ ਲੜਦੇ ਆ ਰਹੇ ਸਨ। ਕੁਝ ਸਾਲ ਪਹਿਲਾਂ ਇਨ੍ਹਾਂ ਇਲਾਕਿਆਂ ਦੇ ਲੋਕਾਂ ਵੱਲੋਂ ਆਪਣੀ ਆਜ਼ਾਦੀ ਦਾ ਐਲਾਨ ਵੀ ਕਰ ਦਿੱਤਾ ਗਿਆ ਸੀ, ਜਿਸ ਨੂੰ ਰੂਸ ਦੀ ਹਮਾਇਤ ਹਾਸਲ ਸੀ। ਰੂਸੀ ਭਾਸ਼ੀ ਇਲਾਕਿਆਂ ਨੂੰ ਹੁਣ ਪੂਤਿਨ ਕਤੱਈ ਯੂਕਰੇਨ ਦੇ ਹਵਾਲੇ ਕਰਨ ਲਈ ਤਿਆਰ ਨਹੀਂ ਹੋਵੇਗਾ। ਜਿੱਤੇ ਹੋਏ ਬਾਕੀ ਇਲਾਕੇ ਉੱਪਰ ਸ਼ਾਇਦ ਉਹ ਕੋਈ ਸਮਝੌਤਾ ਕਰ ਲਵੇ। ਰੂਸ ਦੀ ਇੱਕ ਹੋਰ ਸਮੱਸਿਆ ਕਾਲੇ ਸਾਗਰ ਤੱਕ ਆਪਣੀ ਪਹੁੰਚ ਦੀ ਹੈ। ਉਪਰੋਕਤ ਇਲਾਕਿਆਂ ‘ਤੇ ਕਬਜੇ ਨਾਲ ਰੂਸ ਨੂੰ ਸਮੁੰਦਰੀ ਤੱਟ ਤੱਕ ਸੁਰੱਖਿਅਤ ਪਹੁੰਚ ਮਿਲ ਜਾਂਦੀ ਹੈ। ਇਸ ਦੀ ਅਣਹੋਂਦ ਵਿੱਚ ਰੂਸੀ ਵਸਤਾਂ ਦੇ ਵਪਾਰ ਦੀ ਮਾਰ ਅੱਧੀ ਰਹਿ ਜਾਂਦੀ ਹੈ। ਯਾਦ ਰਹੇ, ਯੂਕਰੇਨ ਦੀ ਲੰਮੀ ਦੱਖਣੀ ਸਰਹੱਦ ਕਾਲੇ ਸਾਗਰ ਨਾਲ ਲਗਦੀ ਹੈ। ਇਨ੍ਹਾਂ ਹਾਲਤਾਂ ਦੇ ਮੱਦੇਨਜ਼ਰ ਰੂਸ-ਯੂਕਰੇਨ ਜੰਗ ਨੂੰ ਖਤਮ ਕਰਵਾਉਣਾ ਅਮਰੀਕੀ ਰਾਸ਼ਟਰਪਤੀ ਲਈ ਵੀ ਇੱਕ ਔਖਾ ਕਾਰਜ ਹੈ, ਪਰ ਅਸੰਭਵ ਨਹੀਂ। ਇਸ ਮਸਲੇ ‘ਤੇ ਗੱਲਬਾਤ ਹੀ ਨਾ ਤੋਰਨੀ ਸਗੋਂ ਝਗੜੇ ਦੇ ਹੱਲ ਨੂੰ ਅਸੰਭਵ ਬਣਾ ਦੇਣਾ ਹੈ।
ਕੁਝ ਦਿਨ ਪਹਿਲਾਂ ਇਸ ਮੁੱਦੇ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਵੱਲੋਂ ਵਾਈਟ ਹਾਊਸ ਵਿੱਚ ਕੀਤੀ ਗਈ ਇੱਕ ਪ੍ਰੈਸ ਵਿੱਚ ਉਨ੍ਹਾਂ ਕਿਹਾ, ‘ਮੈਂ 2 ਮਿੰਟ ਦੀ ਗੱਲਬਾਤ ਵਿੱਚ ਅੰਦਾਜ਼ਾ ਲਗਾ ਲਵਾਂਗਾ ਕਿ ਪੂਤਿਨ ਜੰਗਬੰਦੀ ਚਾਹੁੰਦਾ ਹੈ ਜਾਂ ਨਹੀਂ।’ ਟਰੰਪ ਨੇ ਦਲੀਲ ਦਿੱਤੀ ਕਿ ਜੰਗਬੰਦੀ ਹੋ ਵੀ ਸਕਦੀ ਹੈ ਅਤੇ ਨਹੀਂ ਵੀ, ਪਰ ਸੰਵਾਦ ਜਾਰੀ ਰਹਿਣਾ ਚਾਹੀਦਾ ਹੈ। ਤਦ ਹੀ ਮਸਲੇ ਦਾ ਕੋਈ ਹੱਲ ਨਿਕਲ ਸਕਦਾ ਹੈ। ਰਾਸ਼ਟਰਪਤੀ ਟਰੰਪ ਦੀ ਇਹ ਦਲੀਲ ਬਿਲਕੁਲ ਵਾਜਬ ਹੈ, ਜਦਕਿ ਵਲਾਦੀਮੀਰ ਜੇਲੰਸਕੀ ਅਤੇ ਯੂਰਪੀਨ ਮੁਲਕ ਗੱਲਬਾਤ ਦੇ ਮੌਕਿਆਂ ਨੂੰ ਨਜ਼ਰਅੰਦਾਜ਼ ਕਰਕੇ ਗੈਰ-ਵਿਹਾਰਕ ਰਵੱਈਆ ਅਪਣਾ ਰਹੇ ਹਨ। ਅਮਰੀਕੀ ਰਾਸ਼ਟਰਪਤੀ ਇਹ ਵੀ ਦਲੀਲ ਦਿੰਦੇ ਹਨ ਕਿ ਯੂਕਰੇਨ ਜੰਗ ਰਾਹੀਂ ਖੁੱਸ ਗਏ ਆਪਣੇ ਸਾਰੇ ਇਲਾਕਿਆਂ ਨੂੰ ਹੁਣ ਹਾਸਲ ਨਹੀਂ ਕਰ ਸਕਦਾ। ਇਸ ਲਈ ਕੁਝ ਲੈ-ਦੇ ਕੇ ਜੰਗ ਨੂੰ ਖਤਮ ਕਰਨਾ ਹੀ ਵਾਜਬ ਹੋਏਗਾ। ਉਨ੍ਹਾਂ ਦੀ ਦਲੀਲ ਹੈ ਕਿ ਮੁਢ ਵਿੱਚ ਗੋਲੀਬੰਦੀ ਅਤੇ ਬਾਅਦ ਵਿੱਚ ਇਸ ਨੂੰ ਜੰਗਬੰਦੀ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਦਲੀਲ ਦਿੱਤੀ ਕਿ ਅਜ਼ਰਾਬਾਈਜਾਨ ਅਤੇ ਅਰਮੀਨੀਆ ਵਿਚਕਾਰ ਜੰਗਬੰਦੀ ਕਰਵਾ ਕੇ ਉਨ੍ਹਾਂ ਇਸ ਦੀ ਇੱਕ ਮਿਸਾਲ ਵੀ ਪੇਸ਼ ਕੀਤੀ ਹੈ। ਇਹ ਜੰਗ ਕਈ ਦਹਾਕਿਆਂ ਤੋਂ ਚਲੀ ਆ ਰਹੀ ਸੀ।
ਯਾਦ ਰਹੇ, ਅਮਰੀਕਾ ਦਾ ਅੰਟਾਰਟਿਕਾ ਨਾਲ ਲਗਦਾ ਅਲਾਸਕਾ ਦਾ ਇਲਾਕਾ ਕਦੇ ਰੂਸ ਦੇ ਅਧੀਨ ਹੁੰਦਾ ਸੀ ਅਤੇ ਇਸ ਨੂੰ ਉਸ ਸਮੇਂ ਦੇ ਰੂਸੀ ਬਾਦਸ਼ਾਹ ਨੇ 1867 ਵਿੱਚ ਅਮਰੀਕਾ ਨੂੰ ਵੇਚ ਦਿੱਤਾ ਸੀ। ਬਾਅਦ ਵਿੱਚ 1959 ਵਿੱਚ ਇਹ ਅਮਰੀਕਾ ਦਾ ਇਹ ਇੱਕ ਪ੍ਰਾਂਤ ਬਣਿਆ। ਇਹ ਦੋਹਾਂ ਮੁਲਕਾਂ ਵਿਚਕਾਰ ਸਭ ਤੋਂ ਨਜ਼ਦੀਕ ਪੈਂਦੀ ਹੈ। ਇੱਕ ਛੋਟਾ ਜਿਹਾ ਸਮੁੰਦਰੀ ਲਾਂਘਾ ਹੀ ਦੋਹਾਂ ਮੁਲਕਾਂ ਦੇ ਵਿਚਕਾਰ ਹੈ।
ਇਸ ਤੋਂ ਪਹਿਲਾਂ ਮਾਰਚ 2021 ਵਿੱਚ ਅਲਾਸਕਾ ਸੰਸਾਰ ਦੀਆਂ ਨਜ਼ਰਾਂ ਦਾ ਕੇਂਦਰ ਬਣਿਆ ਸੀ, ਜਦੋਂ ਜੋਅ ਬਾਇਡਨ ਦੀ ਅਗਵਾਈ ਵਾਲੀ ਸਰਕਾਰ ਦੀ ਇੱਕ ਡਿਪਲੋਮੈਟਿਕ ਅਤੇ ਸੁਰੱਖਿਆ ਟੀਮ ਚੀਨ ਦੇ ਪ੍ਰਤੀਨਿਧਾਂ ਨੂੰ ਮਿਲੀ ਸੀ। ਰੂਸੀ ਰਾਸ਼ਟਰਪਤੀ ਦੀ ਸਹਾਇਕ ਯੁਰੀ ਉਸ਼ਾਕੋਵ ਨੇ ਇਸ ਮੀਟਿੰਗ ਸੰਬੰਧੀ ਕਿਹਾ ਕਿ ਅਲਾਸਕਾ ਵਿੱਚ ਪਹੁੰਚਣ ਲਈ ਬੀਅਰਿੰਗ ਸਮੁੰਦਰੀ ਖਾੜੀ (ਸਟਰੇਟ) ਹੈ, ਜੋ ਦੋਹਾਂ ਮੁਲਕਾਂ ਵਿਚਕਾਰ ਪੈਂਦੀ ਹੈ। ਇੱਥੇ ਅਮਰੀਕਾ ਅਤੇ ਰੂਸ ਇੱਕ-ਦੂਜੇ ਦੇ ਗਵਾਂਢੀ ਹਨ। ਅਲਾਸਕਾ ਵਿੱਚ ਇਹ ਮੀਟਿੰਗ ਕਿਸ ਥਾਂ ‘ਤੇ ਹੋਵੇਗੀ, ਇਸ ਬਾਰੇ ਹਾਲਾਂ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ, ਪਰ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਸਮਾਂ ਆਉਣ ‘ਤੇ ਇਸ ਬਾਰੇ ਜਾਣਕਾਰੀ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਸਿਰਫ ਇੰਨਾ ਕਿਹਾ ਕਿ ਦੋਹਾਂ ਮੁਲਕਾਂ ਵਿਚਕਾਰ ਇਹ ਗੱਲਬਾਤ ‘ਮਹਾਨ ਰਾਜ’ (ਗਰੇਟ ਸਟੇਟ) ਅਲਾਸਕਾ ਵਿੱਚ ਹੋਏਗੀ। ਇੱਥੇ ਇਹ ਵੀ ਧਿਆਨਯੋਗ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮਰ ਪੂਤਿਨ ਖਿਲਾਫ ਮਨੁੱਖਤਾ ਵਿਰੋਧੀ ਜ਼ੁਰਮਾਂ ਕਾਰਨ ਅੰਤਰਰਾਸ਼ਟਰੀ ਅਦਾਲਤ ਵੱਲੋਂ ਗ੍ਰਿਫਤਾਰੀ ਵਾਰੰਟ ਜਾਰੀ ਹੋ ਚੁੱਕੇ ਹਨ, ਇਸ ਲਈ ਕਿਸੇ ਦੂਸਰੇ ਮੁਲਕ ਦੀ ਧਰਤੀ ‘ਤੇ ਉਨ੍ਹਾਂ ਦੀ ਗ੍ਰਿਫਤਾਰੀ ਦਾ ਸ਼ੰਕਾ ਵੀ ਹੋ ਸਕਦਾ ਹੈ। ਸ਼ਾਇਦ ਇਸੇ ਲਈ ਇਹ ਮੀਟਿੰਗ ਅਲਾਸਕਾ ਵਿੱਚ ਰੱਖੀ ਗਈ ਹੈ। ਕਿਸੇ ਵੀ ਅਣਸੁਖਾਵੀਂ ਘਟਨਾ ਦੀ ਸੂਰਤ ਵਿੱਚ ਰੂਸੀ ਫੌਜਾਂ ਨੂੰ ਕਾਰਵਾਈ ਕਰਨੀ ਕੋਈ ਔਖੀ ਨਹੀਂ ਹੋਏਗੀ। ਇਸ ਗੱਲਬਾਤ ਦੇ ਉਂਝ ਅਲਸਕਾ ਦੇ ਐਂਕੋਰੇਜ ਵਿੱਚ ਹੋਣ ਦੇ ਆਸਾਰ ਹਨ।
ਨੋਬਲ ਅਮਨ ਇਨਾਮ ਦੀ ਝਾਕ ਵਿੱਚੋਂ ਹੀ ਸਹੀ, ਜੇ ਅਮਰੀਕੀ ਰਾਸ਼ਟਰਪਤੀ ਰੂਸ ਯੂਕਰੇਨ ਜੰਗ ਨੂੰ ਖਤਮ ਕਰਵਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ, ਸਾਰੀਆਂ ਕਮਜ਼ੋਰੀਆਂ ਦੇ ਬਾਵਜੂਦ ਇਹ ਉਨ੍ਹਾਂ ਦੀ ਵੱਡੀ ਪ੍ਰਾਪਤੀ ਹੋਏਗੀ। ਇਸ ਦੀ ਅਣਹੋਂਦ ਵਿੱਚ ਤੀਜੀ ਸੰਸਾਰ ਜੰਗ ਦਾ ਖਤਰਾ ਸੰਸਾਰ ਸਿਰ ਮੰਡਰਾਉਂਦਾ ਰਹੇਗਾ। ਇਸ ਤੋਂ ਇਲਾਵਾ ਇਸ ਜੰਗ ਨੇ ਜਿਹੜੀ ਹਥਿਆਰਾਂ ਦੀ ਦੌੜ, ਪ੍ਰਮਾਣੂ ਹਥਿਆਰਾਂ ਦੀ ਵਰਤੋਂ ਆਦਿ ਦਾ ਖ਼ਤਰਾ ਖੜ੍ਹਾ ਕੀਤਾ ਹੈ, ਉਹ ਵੀ ਟਲ ਸਕਦਾ ਹੈ। ਇਹ ਹੋਰ ਵੀ ਜ਼ਿਆਦਾ ਬੇਹਤਰ ਹੋਏਗਾ, ਜੇ ਅਮਰੀਕੀ ਰਾਸ਼ਟਰਪਤੀ ਗਾਜ਼ਾ ਜੰਗ ਨੂੰ ਖਤਮ ਕਰਵਾਉਣ ਅਤੇ ਮੱਧ ਏਸ਼ੀਆ ਵਿੱਚ ਸ਼ਾਂਤੀ ਲਈ ਇਜ਼ਰਾਇਲ ਨੂੰ ਨਕੇਲ ਪਾਉਣ ਦਾ ਯਤਨ ਕਰਨ। ਇਜ਼ਰਾਇਲੀਆਂ ਦਾ ਕਸਾਈਪੁਣਾ ਗਾਜ਼ਾ ਵਿੱਚ ਹੁਣ ਸਭ ਹੱਦਾਂ ਬੰਨੇ ਟੱਪ ਗਿਆ ਹੈ। ਇਸ ਨਾਲ ਪੱਛਮੀ ਮੁਲਕਾਂ ਦੀ ਕਥਿੱਤ ਸਭਿਅਤਾ ਨੂੰ ਵੀ ਧੱਕਾ ਲੱਗ ਰਿਹਾ ਹੈ। ਹੁਣ ਜਦੋਂ ਯੂਰਪੀ ਮੁਲਕ ਅਤੇ ਅਸਟਰੇਲੀਆ ਆਦਿ ਫਲਿਸਤੀਨ ਦੀ ਹੋਂਦ ਦੇ ਹੱਕ ਵਿੱਚ ਆ ਗਏ ਹਨ ਤਾਂ ਇਹ ਇਕੱਲਾ ਅਮਰੀਕਾ ਹੀ ਹੈ, ਜਿਹੜਾ ਇਜ਼ਰਾਇਲ ਦੇ ਜਾਂਗਲੀਪੁਣੇ ਦੇ ਹੱਕ ਵਿੱਚ ਖੜ੍ਹਾ ਹੈ ਅਤੇ ਸੁਰੱਖਿਆ ਕੌਂਸਲ ਵਿੱਚ ਇਜ਼ਰਾਇਲ ਵਿਰੁਧ ਕਾਰਵਾਈ ਨੂੰ ਵੀਟੋ ਕਰ ਰਿਹਾ ਹੈ।