ਸਰਪ੍ਰੀਤ ਸਿੰਘ ਕਰੇਗਾ ਫੀਫਾ ਵਿਸ਼ਵ ਕੱਪ-2026 `ਚ ਨਿਊਜ਼ੀਲੈਂਡ ਟੀਮ ਦੀ ਨੁਮਾਇੰਦਗੀ

ਗੂੰਜਦਾ ਮੈਦਾਨ

ਪੰਜਾਬੀ ਆ ਗਏ ਓਏ!
*ਜਰਮਨੀ ਦੇ ਬਾਇਰਨ ਮਿਓਨਿਖ ਕਲੱਬ ਵੱਲੋਂ ਸਰਪ੍ਰੀਤ ਨਾਲ ਮਿਲੀਅਨ ਡਾਲਰ ਦੀ ਡੀਲ
ਸੁਖਵਿੰਦਰਜੀਤ ਸਿੰਘ ਮਨੌਲੀ
ਫੋਨ:+91-94171-2993
ਪੰਜਾਬੀ ਆ ਗਏ ਓਏ! ਸੰਸਾਰ ਪ੍ਰਸਿੱਧ ਪੰਜਾਬੀ ਗਾਇਕ ਦਲਜੀਤ ਸਿੰਘ ਦੁਸਾਂਝ ਦੇ ਇਨ੍ਹਾਂ ਬੋਲਾਂ ’ਤੇ ਪੰਜਾਬੀ ਮੂਲ ਦਾ ਫੁਟਬਾਲਰ ਸਰਪ੍ਰੀਤ ਸਿੰਘ ਸੇਰਗਿੱਲ ਉਦੋਂ ਖਰਾ ਉਤਰੇਗਾ, ਜਦੋਂ ਉਹ ਫੀਫਾ ਵਿਸ਼ਵ ਕੱਪ-2026 ’ਚ ਨਿਊਜ਼ੀਲੈਂਡ ਦੀ ਫੁਟਬਾਲ ਟੀਮ ਦੀ ਨੁਮਾਇੰਦਗੀ ਕਰੇਗਾ। ਗੌਰਤਲਬ ਹੈ ਕਿ ਨਿਊਜ਼ੀਲੈਂਡ ਦੀ ਫੁਟਬਾਲ ਟੀਮ ਨੇ ਅਮਰੀਕਾ-ਮੈਕਸੀਕੋ-ਕੈਨੇਡਾ ਦੀ ਸਹਿ-ਮੇਜ਼ਬਾਨੀ ’ਚ ਖੇਡੇ ਜਾਣ ਵਾਲੇ ਫੀਫਾ ਵਿਸ਼ਵ ਕੱਪ-2026 ਖੇਡਣ ਲਈ ਕੁਆਲੀਫਾਈ ਕਰ ਲਿਆ ਹੈ। ਸਰਪੀ੍ਰਤ ਸਿੰਘ ਦੁਨੀਆਂ ਦਾ ਪਲੇਠਾ ਪੰਜਾਬੀ ਸਿੱਖ ਪਲੇਅਰ ਹੈ, ਜਿਸ ਨੇ ਫੀਫਾ ਵਰਲਡ ਕੱਪ ਖੇਡਣ ਦਾ ਸੁਪਨਾ ਸਾਕਾਰ ਕੀਤਾ ਹੈ।

ਇਹੀ ਨਹੀਂ, ਸਰਪ੍ਰੀਤ ਸਿੰਘ ਸ਼ੇਰਗਿੱਲ ਇੰਡੀਆ ਦਾ ਦੂਜਾ ਸੌਕਰ ਖਿਡਾਰੀ ਹੈ, ਜਿਸ ਨੂੰ ਫੀਫਾ ਵਿਸ਼ਵ ਕੱਪ ਖੇਡਣ ਦਾ ਹੱਕ ਹਾਸਲ ਹੋਵੇਗਾ। ਸਰਪ੍ਰੀਤ ਸਿੰਘ ਤੋਂ ਪਹਿਲਾਂ ਇੰਡੀਆ ਦੇ ਵਿਕਾਸ ਰਾਓ ਧੋਰਾਸੂ ਨੇ ਵਰਲਡ ਫੁਟਬਾਲ ਕੱਪ ਜਰਮਨੀ-2006 ’ਚ ਫਰਾਂਸ ਦੀ ਉਪ-ਜੇਤੂ ਫੁਟਬਾਲ ਟੀਮ ਦੀ ਪ੍ਰਤੀਨਿਧਤਾ ਕੀਤੀ ਸੀ, ਪਰ ਇਸ ਦੌਰਾਨ ਵਿਕਾਸ ਰਾਓ ਨੂੰ ਫੀਲਡ ’ਚ ਕੋਈ ਵੀ ਮੈਚ ਖੇਡਣ ਦਾ ਮੌਕਾ ਨਸੀਬ ਨਹੀਂ ਸੀ ਹੋਇਆ। ਇਸ ਦੇ ਉਲਟ ਨਿਊਜ਼ੀਲੈਂਡ ਦੀ ਟੀਮ ਦੀ ਹਾਫ ਲਾਈਨ ’ਚ ਖੇਡਣ ਵਾਲੇ ਅਟੈਕਿੰਗ ਮਿੱਡਫੀਲਡਰ ਸਰਪ੍ਰੀਤ ਸਿੰਘ ਸ਼ੇਰਗਿੱਲ ਨੂੰ ਕੀਵੀ ਖਿਡਾਰੀਆਂ ਨਾਲ ਮੈਦਾਨ ’ਚ ਨਿੱਤਰਨ ਦਾ ਹੱਕ ਇਸ ਕਰਕੇ ਹਾਸਲ ਹੋਵੇਗਾ, ਕਿਉਂਕਿ ਫੀਫਾ ਫੁਟਬਾਲ ਕੱਪ ਦੇ ਕੁਆਲੀਫਾਈ ਰਾਊਂਡਾਂ ’ਚ ਸਰਪ੍ਰੀਤ ਸਿੰਘ ਸ਼ੇਰਗਿੱਲ ਵਲੋਂ ਕੀਵੀ ਟੀਮ ਲਈ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕੀਤਾ ਗਿਆ ਹੈ। ਅਟੈਕਿੰਗ ਮਿੱਡਫੀਲਡਰ ਸਰਪ੍ਰੀਤ ਸ਼ੇਰਗਿੱਲ ਵਲੋਂ ਕੁਆਲੀਫਿਕੇਸ਼ਨ ਰਾਊਂਡਾਂ ’ਚ ਵੈਨੂਆਟੂ ਦੀ ਟੀਮ ਵਿਰੁੱਧ 82 ਮਿੰਟ ’ਚ ਅਤੇ ਫਿਜੀ ਦੀ ਟੀਮ ਖਿਲਾਫ 16 ਮਿੰਟ `ਚ ਦੋ ਗੋਲ ਸਕੋਰ ਕੀਤੇ ਸਨ। ਇਨ੍ਹਾਂ ਗੋਲਾਂ ਦੀ ਬਦੌਲਤ ਸਰਪ੍ਰੀਤ ਸਿੰਘ ਅਜਿਹਾ ਕ੍ਰਿਸ਼ਮਾ ਕਰਨ ਵਾਲਾ ਭਾਰਤੀ ਮੂਲ ਦਾ ਪਹਿਲਾ ਖਿਡਾਰੀ ਹੈ, ਜਿਸ ਨੇ ਫੀਫਾ ਵਰਲਡ ਕੱਪ ਦੇ ਕੁਆਲੀਫਾਈ ਰਾਊਂਡ ’ਚ ਸਕੋਰ ਕੀਤੇ ਹਨ।
ਸਰਪ੍ਰੀਤ ਸਿੰਘ ਸ਼ੇਰਗਿੱਲ ਦਾ ਪੱਖ: ਕੀਵੀ ਸੌਕਰ ਟੀਮ ਵਲੋਂ ਕੌਮਾਂਤਰੀ ਫੁਟਬਾਲ ਖੇਡਣ ’ਤੇ ਸਰਪ੍ਰੀਤ ਦਾ ਕਹਿਣਾ ਹੈ, “ਨਿਊਜ਼ੀਲੈਂਡ ਦੀ ਕੌਮੀ ਟੀਮ ’ਚ ਭਾਰਤੀ ਮੂਲ ਤੇ ਹੋਰ ਦੇਸ਼ਾਂ ਦੇ ਖਿਡਾਰੀਆਂ ਨੂੰ ਖੇਡਣ ਦੇ ਬਹੁਤੇ ਮੌਕੇ ਨਹੀਂ ਮਿਲਦੇ। ਕੀਵੀ ਟੀਮ ਵਲੋਂ ਮੇਰੇ ਖੇਡਣ ’ਤੇ ਕੁਝ ਲੋਕ ‘ਅੰਡਰਡੌਗ’ ਕਹਿੰਦੇ ਹਨ, ਪਰ ਮੇਰੇ ਲਈ ਇਹ ਇੱਕ ਸੋਚ ਹੈ। ਇਹ ਸਿਰਫ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਫੀਲਡ ’ਚ ਕਿੰਨੀ ਮਿਹਨਤ ਕਰਦੇ ਹੋ। ਮੈਦਾਨ ’ਚ ਖੂਨ-ਪਸੀਨਾ ਵਹਾਉਣ ਵਾਲੇ ਲਈ ਸਭ ਕੁਝ ਸੰਭਵ ਹੈ।”
ਵਿਦੇਸ਼ੀ ਟੀਮਾਂ ’ਚ ਪੰਜਾਬੀ ਖਿਡਾਰੀਆਂ ਦੀ ਝੰਡੀ: ਹਾਕੀ ਖਿਡਾਰੀਆਂ ਨੇ ਦੇਸ਼ ਤੋਂ ਇਲਾਵਾ ਵਿਦੇਸ਼ੀ ਹਾਕੀ ਟੀਮਾਂ ਕੀਨੀਆ, ਯੂਗਾਂਡਾ, ਮਲੇਸ਼ੀਆ, ਕੈਨੇਡਾ, ਹਾਂਗਕਾਂਗ, ਸਿੰਘਾਪੁਰ, ਇੰਗਲੈਂਡ, ਤਨਜ਼ਾਨੀਆ, ਅਮਰੀਕਾ, ਆਇਰਲੈਂਡ ਤੇ ਨਿਊਜ਼ੀਲੈਂਡ ਦੀ ਨੁਮਾਇੰਦਗੀ ’ਚ ਮੈਦਾਨ ’ਚ ਨਿੱਤਰ ਕੇ ਚੰਗਾ ਨਾਮ ਕਮਾਇਆ ਹੈ। ਵਿਦੇਸ਼ੀ ਹਾਕੀ ਟੀਮਾਂ ’ਚ ਸਟਿੱਕ ਵਰਕ ਦਾ ਕਮਾਲ ਵਿਖਾਉਣ ਵਾਲੇ ਪੰਜਾਬੀ ਖਿਡਾਰੀਆਂ ਦੀ ਵਿਰਾਸਤ ਨਾਲ ਇੱਕ ਵਰਕਾ ਹੋਰ ਜੋੜ ਪੰਜਾਬੀ ਮੂਲ ਦਾ ਸੌਕਰ ਖਿਡਾਰੀ ਸਰਪ੍ਰੀਤ ਸਿੰਘ ਸ਼ੇਰਗਿੱਲ, ਨਿਊਜ਼ੀਲੈਂਡ ਦੀ ਜੂਨੀਅਰ ਤੋਂ ਬਾਅਦ ਸੀਨੀਅਰ ਕੌਮੀ ਫੁਟਬਾਲ ਟੀਮ ਵਲੋਂ ਖੇਡਣ ਸਦਕਾ ਦੇਸ਼ ਅਤੇ ਪੰਜਾਬ ਦਾ ਨਾਂ ਰੋਸ਼ਨ ਕਰ ਰਿਹਾ ਹੈ। ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ’ਚ 20 ਫਰਵਰੀ 1999 ’ਚ ਗਲਵਿੰਦਰ ਸਿੰਘ ਸ਼ੇਰਗਿੱਲ ਦੇ ਗ੍ਰਹਿ ਵਿਖੇ ਸਰਬਜੀਤ ਕੌਰ ਦੀ ਕੁੱਖੋਂ ਜਨਮਿਆ ਸਰਪ੍ਰੀਤ ਸਿੰਘ ਪਹਿਲਾ ਪੰਜਾਬੀ ਫੁਟਬਾਲਰ ਹੈ, ਜਿਸ ਨੂੰ ਨਿਊਜ਼ੀਲੈਂਡ ਦੀ ਸੀਨੀਅਰ ਕੌਮੀ ਫੁਟਬਾਲ ਟੀਮ ਨਾਲ ਕੌਮਾਂਤਰੀ ਫੁਟਬਾਲ ਖੇਡਣ ਦਾ ਰੁਤਬਾ ਹਾਸਲ ਹੋਇਆ ਹੈ। ਇਸ ਤੋਂ ਇਲਾਵਾ ਸਰਪ੍ਰੀਤ ਫੀਫਾ ਵਿਸ਼ਵ ਕੱਪ ਖੇਡ ਚੁੱਕੀ ਨਿਊਜ਼ੀਲੈਂਡ ਦੀ ਕੌਮੀ ਟੀਮ ਦੀ ਨੁਮਾਇੰਦਗੀ ਕਰਨ ਵਾਲਾ ਪਲੇਠਾ ਪੰਜਾਬੀ ਖਿਡਾਰੀ ਵੀ ਨਾਮਜ਼ਦ ਹੋਇਆ ਹੈ। ਸਰਪ੍ਰੀਤ ਸਿੰਘ ਤੋਂ ਪਹਿਲਾਂ ਕਿਸੇ ਵੀ ਪੰਜਾਬੀ ਫੁਟਬਾਲਰ ਨੂੰ ਫੀਫਾ ਫੁਟਬਾਲ ਆਲਮੀ ਕੱਪ ਖੇਡਣ ਵਾਲੀ ਸੌਕਰ ਟੀਮ ਵਲੋਂ ਮੈਦਾਨ ’ਚ ਫੁਟਬਾਲ ਖੇਡਣ ਦਾ ਹੱਕ ਹਾਸਲ ਨਹੀਂ ਹੋਇਆ।
ਇੱਥੇ ਹੀ ਬਸ ਨਹੀਂ, ਸਰਪ੍ਰੀਤ ਸਿੰਘ ਸੰਸਾਰ ਦਾ ਪਹਿਲਾ ਇੰਡੀਅਨ ਤੇ ਪੰਜਾਬੀ ਫੁਟਬਾਲਰ ਹੋਵੇਗਾ, ਜਿਸ ਨੂੰ ਜਰਮਨੀ ਦੇ ਪ੍ਰਸਿੱਧ ਬਾਇਰਨ ਮਿਓਨਿਖ ਐਫ.ਸੀ. ਦੀ ਸੌਕਰ ਟੀਮ ਲਈ ਯੂਰਪੀਅਨ ਸੌਕਰ ਲੀਗ ਖੇਡਣ ਦਾ ਰੁਤਬਾ ਹਾਸਲ ਹੋਇਆ ਹੈ। ਸਟੇਲਰ ਫੁਟਬਾਲ ਲਿਮਟਿਡ ਦੇ ਸੌਕਰ ਏਜੰਟਾਂ ਵਲੋਂ ਸਰਪ੍ਰੀਤ ਸ਼ੇਰਗਿੱਲ ਦੀ ਲੋਕਲ ਫੁਟਬਾਲ ਕਲੱਬ ਵਲਿੰਗਟਨ ਫੀਨਿਕਸ ਨਾਲ ਜਰਮਨੀ ਦੇ ਬਾਇਰਨ ਮਿਓਨਿਖ ਐਫ.ਸੀ. ਨਾਲ ਤਿੰਨ ਸਾਲਾ ਡੀਲ ਤੈਅ ਹੋਈ ਹੈ, ਜਿਸ ਨਾਲ ਸਰਪ੍ਰੀਤ ਸਿੰਘ ਦੀ ਜੇਬ ’ਚ ਹਰ ਸਾਲ ਇੱਕ ਮਿਲੀਅਨ ਅਮਰੀਕਨ ਡਾਲਰ ਪੈਣਗੇ। ਸਰਪ੍ਰੀਤ ਸਿੰਘ ਘਰੇਲੂ ਵਲਿੰਗਟਨ ਫੀਨਿਕਸ ਐਫ.ਸੀ. ਦਾ ਪਲੇਠਾ ਫੁਟਬਾਲਰ ਹੈ, ਜਿਸ ਨੂੰ ਦੁਨੀਆਂ ਦੇ ਚੌਥੇ ਸਭ ਤੋਂ ਅਮੀਰ ਫੁਟਬਾਲ ਕਲੱਬ ਜਰਮਨੀ ਦੇ ਬਾਇਰਨ ਮਿਓਨਿਖ ਦੀ ਟੀਮ ’ਚ ਐਂਟਰੀ ਨਸੀਬ ਹੋਈ ਹੈ। ਨਿਊਜ਼ੀਲੈਂਡ ਦੀ ਸੀਨੀਅਰ ਕੌਮੀ ਟੀਮ ਨਾਲ ਮੈਦਾਨ ’ਚ ਵਿਰੋਧੀ ਟੀਮਾਂ ਦਾ ਮੁਕਾਬਲਾ ਕਰਨ ਵਾਲੇ ਸਰਪ੍ਰੀਤ ਸ਼ੇਰਗਿੱਲ ਨੇ 24 ਮਾਰਚ 2018 ’ਚ ਕੈਨੇਡਾ ਦੀ ਸੌਕਰ ਟੀਮ ਨਾਲ ਕਰੀਅਰ ਦਾ ਪਹਿਲਾ ਕੌਮਾਂਤਰੀ ਮੈਚ ਖੇਡਿਆ। ਕੈਨੇਡਾ ਦੀ ਟੀਮ ਨਾਲ ਦੋਸਤਾਨਾ ਮੈਚ ’ਚ ਕਰੀਅਰ ਦਾ ਆਗਾਜ਼ ਕਰਨ ਵਾਲੇ ਸਰਪ੍ਰੀਤ ਸਿੰਘ ਨੇ ਮੁੰਬਈ ’ਚ ਖੇਡੇ ਗਏ ਇੰਟਰਕੌਂਟੀਨੈਂਟਲ ਫੁਟਬਾਲ ਕੱਪ ’ਚ 2 ਜੂਨ 2018 ਨੂੰ ਕੀਨੀਆ ਦੀ ਦੱਖਣੀ ਅਫਰੀਕੀ ਟੀਮ ਵਿਰੁੱਧ ਕਰੀਅਰ ਦਾ ਪਹਿਲਾ ਕੌਮਾਂਤਰੀ ਗੋਲ ਦਾਗਿਆ। ਭਾਰਤ ਦੀ ਮੇਜ਼ਬਾਨੀ ’ਚ ਖੇਡੇ ਗਏ ਇਸੇ ਟੂਰਨਾਮੈਂਟ ’ਚ ਸਰਪ੍ਰੀਤ ਸ਼ੇਰਗਿੱਲ ਨੇ ਮੇਜ਼ਬਾਨ ਟੀਮ ਵਿਰੁੱਧ ਦੋ ਗੋਲ ਦਾਗਣ ’ਚ ਅਹਿਮ ਭੂਮਿਕਾ ਨਿਭਾਈ ਸੀ। ਇਨ੍ਹਾਂ ਦੋਹਾਂ ਗੋਲਾਂ ਦੀ ਬਦੌਲਤ ਮਹਿਮਾਨ ਟੀਮ ਨੇ ਭਾਰਤੀ ਟੀਮ ’ਤੇ 2-1 ਗੋਲ ਦੀ ਜਿੱਤ ਹਾਸਲ ਕੀਤੀ ਸੀ। 2018 ’ਚ ਨਿਊਜ਼ੀਲੈਂਡ ਦੀ ਸੀਨੀਅਰ ਕੌਮੀ ਟੀਮ ਵਲੋਂ ਖੇਡਣ ਤੋਂ ਇਲਾਵਾ ਸਰਪ੍ਰੀਤ ਨੇ ਨਾਲ-ਨਾਲ ਫੀਫਾ ਅੰਡਰ-20 ਵਿਸ਼ਵ ਫੁਟਬਾਲ ਕੱਪ ’ਚ ਜੂਨੀਅਰ ਕੀਵੀ ਫੁਟਬਾਲ ਟੀਮ ਦੀ ਪ੍ਰਤੀਨਿਧਤਾ ਵੀ ਕੀਤੀ। 3 ਸਤੰਬਰ 2016 ’ਚ ਨਿਊਜ਼ੀਲੈਂਡ ਦੀ ਅੰਡਰ-20 ਟੀਮ ’ਚ ਖੇਡਣ ਵਾਲੇ ਸਰਪ੍ਰੀਤ ਸਿੰਘ ਨੂੰ 12 ਮੈਚਾਂ ’ਚ ਇੱਕ ਗੋਲ ਕਰਨ ਦਾ ਹੱਕ ਹਾਸਲ ਹੈ। 24 ਮਾਰਚ 2018 ਨੂੰ ਨਿਊਜ਼ੀਲੈਂਡ ਦੇ ਚੋਣਕਾਰਾਂ ਵਲੋਂ ਸਰਪ੍ਰੀਤ ਲਈ 20 ਸਾਲ ਦੀ ਉਮਰੇ ਸੀਨੀਅਰ ਕੌਮੀ ਟੀਮ ਵਲੋਂ ਖੇਡਣ ਲਈ ਦਰ ਖੋਲ੍ਹ ਦਿੱਤੇ ਗਏ। ਨੈਸ਼ਨਲ ਟੀਮ ਨਾਲ 17 ਕੌਮਾਂਤਰੀ ਮੈਚਾਂ ’ਚ ਸਰਪ੍ਰੀਤ ਵਿਰੋਧੀ ਟੀਮਾਂ ਸਿਰ 3 ਗੋਲ ਸਕੋਰ ਕਰ ਚੁਕਾ ਹੈ।
ਮੈਦਾਨ ’ਚ ਖੱਬੇ ਫੁੱਟ ਨਾਲ ਖੇਡਣ ਵਾਲਾ ਸਰਪ੍ਰੀਤ, ਜ਼ਿਲ੍ਹਾ ਜਲੰਧਰ ਦੇ ਪਿੰਡ ਬੁਰਜ ਬਹੂਆ ਦੇ ਜੱਟ ਸਿੱਖ ਪਰਿਵਾਰ ਨਾਲ ਸਬੰਧ ਰੱਖਦਾ ਹੈ। ਸਰਪ੍ਰੀਤ ਦੇ ਨਾਨਾ ਹਰਬਖਸ਼ ਸਿੰਘ ਮਾਨ ਦਾ ਮੰਨਣਾ ਹੈ ਕਿ ਉਸ ਦਾ ਦੋਹਤਾ ਸਕੂਲ ’ਚ ਹੋਰ ਗੇਮਾਂ- ਬਾਸਕਟਬਾਲ, ਵਾਲੀਬਾਲ ਆਦਿ ਖੇਡਣ ਨਾਲੋਂ ਫੁਟਬਾਲ ਖੇਡਣ ’ਚ ਜ਼ਿਆਦਾ ਮਗਨ ਰਹਿੰਦਾ ਸੀ। ਸਰਪ੍ਰੀਤ ਸਿੰਘ ਹਾਫ ਲਾਈਨ ’ਚ ਅਟੈਕਿੰਗ ਮਿੱਡਫੀਲਡਰ ਦੀ ਭੂਮਿਕਾ ਨਿਭਾਉਂਦਾ ਹੈ। ਪਰਿਵਾਰ ਅਨੁਸਾਰ ਸਰਪ੍ਰੀਤ ਨੇ ਤਿੰਨ ਸਾਲ ਦੀ ਉਮਰ ’ਚ ਆਪਣਾ ਧਿਆਨ ਫੁਟਬਾਲ ਖੇਡਣ ’ਤੇ ਫੋਕਸ ਕੀਤਾ। ਨਿਊਜ਼ੀਲੈਂਡ ਦੀ ਅੰਡਰ-17 ਟੀਮ ਨਾਲ ਫੀਫਾ ਵਿਸ਼ਵ ਕੱਪ ਖੇਡਣ ਲਈ ਮੈਦਾਨ ’ਚ ਨਿੱਤਰ ਚੁੱਕੇ ਸਰਪ੍ਰੀਤ ਸਿੰਘ ਨੇ 9 ਸਾਲ ਦੀ ਉਮਰ ’ਚ ਗਰਾਸ ਰੂਟ ’ਤੇ ਫੁਟਬਾਲ ਖੇਡਣ ਲਈ ਓਨਹੋਂਗਾ ਸਪੋਰਟਸ ਫੁਟਬਾਲ ਅਕੈਡਮੀ ’ਚ ਦਾਖਲਾ ਲਿਆ। ਕੀਵੀ ਸੌਕਰ ਟੀਮ ਨਾਲ ਦੱਖਣੀ ਕੋਰੀਆ ਦੀ ਮੇਜ਼ਬਾਨੀ ’ਚ ਅੰਡਰ-20 ਫੀਫਾ ਫੁਟਬਾਲ ਕੱਪ ਖੇਡ ਚੁੱਕੇ ਸਰਪ੍ਰੀਤ ਨੇ 10 ਸਾਲ ਦੀ ਉਮਰ ’ਚ ਆਕਲੈਂਡ ਦੀ ਫੁਟਬਾਲ ਟੀਮ ਦੀ ਨੁਮਾਇੰਦਗੀ ’ਚ ਆਸਟਰੇਲੀਅਨ ਨੈਸ਼ਨਲ ਫੁਟਸਲ ਚੈਂਪੀਅਨਸ਼ਿਪ ’ਚ ‘ਮੋਸਟ ਵੈਲਿਊਏਬਲ ਪਲੇਅਰ ਆਫ ਦਿ ਟੂਰਨਾਮੈਂਟ’ ਦਾ ਖਿਤਾਬ ਆਪਣੀ ਝੋਲੀ ਪਾਇਆ। ਸਾਲ 2011 ’ਚ ਜਪਾਨੀ ਟੀਮ ਖਿਲਾਫ ਉਮਦਾ ਖੇਡ ਦਾ ਮੁਜ਼ਾਹਰਾ ਕਰਨ ਵਾਲੇ ਸਰਪ੍ਰੀਤ ਨੂੰ ਆਸਟਰੇਲੀਆ ’ਚ ਖੇਡੇ ਗਏ ਫੁਟਸਲ ਮੁਕਾਬਲੇ ’ਚ ‘ਐਮ.ਆਰ.ਪੀ. ਐਵਾਰਡ’ ਨਾਲ ਨਿਵਾਜਿਆ ਗਿਆ। 2012 ’ਚ ਮਾਨਚੈਸਟਰ ’ਚ ਖੇਡੇ ਗਏ ਨਾਇਕੀ ਫੁਟਬਾਲ ਕੱਪ ’ਚ ਆਪਣੀ ਕ੍ਰਿਸ਼ਮਈ ਖੇਡ ਦਾ ਮੁਜ਼ਾਹਰਾ ਕਰਨ ਵਾਲੇ ਸਰਪ੍ਰੀਤ ਸਿੰਘ ਨੂੰ 2014 ’ਚ ਤੁਰਕੀ ਦਾ ਖੇਡ ਟੂਰ ਕਰਨ ਦਾ ਸੁਨਹਿਰੀ ਮੌਕਾ ਨਸੀਬ ਹੋਇਆ। ਜਰਸੀ ਨੰਬਰ-36 ਨਾਲ ਮੈਦਾਨ ’ਚ ਨਿੱਤਰਨ ਵਾਲੇ ਸਰਪ੍ਰੀਤ ਸ਼ੇਰਗਿੱਲ ਨੇ 2015 ’ਚ ਯੂਥ ਕਰੀਅਰ ਦਾ ਆਗਾਜ਼ ਵਲਿੰਗਟਨ ਫੀਨਿਕਸ ਅਕੈਡਮੀ ਦੀ ਸੌਕਰ ਟੀਮ ਵਲੋਂ ਖੇਡਣ ਸਦਕਾ ਕੀਤਾ। ਸਰਪ੍ਰੀਤ ਨੇ 1 ਜੂਨ 2017 ਨੂੰ ਘਰੇਲੂ ਫੁਟਬਾਲ ਕਲੱਬ ਵਲਿੰਗਟਨ ਫੀਨਿਕਸ ਦੀ ਟੀਮ ’ਚ ਦਾਖਲੇ ਨਾਲ ਪੇਸ਼ੇਵਾਰਾਨਾ ਪਾਰੀ ਦਾ ਆਗਾਜ਼ ਕੀਤਾ। ਘਰੇਲੂ ਕਲੱਬ ਨਾਲ ਤਿੰਨ ਸਾਲਾ ਇਕਰਾਰ ਸਾਈਨ ਕਰਨ ਵਾਲੇ ਸਰਪ੍ਰੀਤ ਸ਼ੇਰਗਿੱਲ ਕਲੱਬ ਕਰੀਅਰ ’ਚ 17 ਫਰਵਰੀ 2018 ’ਚ ਪਰਥ ਗਲੋਰੀ ਐਫ.ਸੀ. ਦੀ ਟੀਮ ਵਿਰੁੱਧ ਖੇਡਣ ਪਹਿਲੀ ਵਾਰ ਕਿੱਕਾਂ ਮਾਰਨ ਲਈ ਮੈਦਾਨ ’ਚ ਦਾਖਲ ਹੋਇਆ। ਇਸ ਮੈਚ ’ਚ ਸਰਪ੍ਰੀਤ ਸਿੰਘ ਨੇ ਸੀਨੀਅਰ ਪ੍ਰੋਫੈਸ਼ਨਲ ਕਰੀਅਰ ’ਚ ਲੌਂਗ ਰੇਂਜ ਤੋਂ ਪਹਿਲਾ ਗੋਲ ਦਾਗਿਆ। ਆਸਟਰੇਲੀਅਨ ਪਰਥ ਗਲੋਰੀ ਕਲੱਬ ਤੋਂ 2-1 ਨਾਲ ਜਿੱਤ ਦਰਜ ਕਰਨ ਵਾਲੇ ਕੀਵੀ ਕਲੱਬ ਵਲੋਂ ਦੂਜਾ ਜੇਤੂ ਗੋਲ ਵੀ ਸਰਪ੍ਰੀਤ ਦੇ ਪੈਰ ’ਚੋਂ ਹੀ ਨਿਕਲਿਆ। ਆਸਟਰੇਲੀਅਨ ਲੀਗ ਦਾ ਫਾਈਨਲ ਮੈਚ ਮੈਲਬੌਰਨ ਸਿਟੀ ਐਫ.ਸੀ. ਅਤੇ ਵਲਿੰਗਟਨ ਫੀਨਿਕਸ ਐਫ.ਸੀ. ਦਰਮਿਆਨ ਖੇਡਿਆ ਗਿਆ। ਇਸ ਸੀਜ਼ਨ ’ਚ ‘ਟਾਪ ਸਕੋਰਰ’ ਨਾਮਜ਼ਦ ਹੋਏ ਤੇਜ਼-ਤਰਾਰ ਖਿਡਾਰੀ ਐਡਰੀਜਾ ਕੈਲੁਡੇਰੋਵਿਕ ਤੋਂ ਬਾਅਦ 11 ਗੋਲ ਦਾਗਣ ਵਾਲਾ ਕੀਵੀ ਸਟਰਾਈਕਰ ਸਰਪ੍ਰੀਤ ‘ਸੈਕਿੰਡ ਸਰਵੋਤਮ ਸਕੋਰਰ’ ਦੇ ਪਾਏਦਾਨ ’ਤੇ ਬਿਰਾਜਮਾਨ ਹੋਇਆ। 2018-19 ਦਾ ਫੁਟਬਾਲ ਸੈਸ਼ਨ ਸਰਪ੍ਰੀਤ ਨੂੰ ਕਲੱਬ ਦੇ ਨਵੇਂ ਕੋਚ ਮਾਰਕ ਰੁਡਨ ਦੀ ਕੋਚਿੰਗ ’ਚ ਖੇਡਣ ਦਾ ਸੁਭਾਗ ਹਾਸਲ ਹੋਇਆ। 12 ਦਸੰਬਰ 2018 ਨੂੰ ਬ੍ਰਿਸਬੇਨ ਐਫ.ਸੀ. ਨਾਲ ਮੈਚ ’ਚ ਸਰਪ੍ਰੀਤ ਸ਼ੇਰਗਿੱਲ ਨੇ ਫਰੀ ਕਿੱਕ ਤੋਂ ਸਕੋਰ ਕਰਕੇ ਟੀਮ ਨੂੰ ਲੀਡ ਹਾਸਲ ਕਰਵਾਈ। ਕੀਵੀ ਕਲੱਬ ਵਲੋਂ 4-1 ਗੋਲ ਨਾਲ ਜਿੱਤੇ ਮੈਚ ’ਚ ਸਰਪ੍ਰੀਤ ਨੇ ਡੇਵਿਡ ਵਿਲੀਅਮਜ਼ ਨੂੰ ਅਸਿਸਟ ਕਰਕੇ ਦੂਜਾ ਗੋਲ ਦਾਗਣ ’ਚ ਸਹਾਇਤਾ ਕੀਤੀ। ਇਸ ਵਾਰ ਸਰਪ੍ਰੀਤ ਨੂੰ ਟੂਰਨਾਮੈਂਟ ਦੇ ਪ੍ਰਬੰਧਕਾਂ ਵਲੋਂ ‘ਬੈਸਟ ਪਲੇਅਰ ਇੰਨ ਏ ਲੀਗ’ ਐਲਾਨਿਆ ਗਿਆ। ਘਰੇਲੂ ਕਲੱਬ ਵਲੋਂ ਪੂਰਾ ਸੀਜ਼ਨ ਖੇਡਣ ਤੋਂ ਬਾਅਦ ਸਰਪ੍ਰੀਤ ਨੇ ਪਹਿਲੀ ਜੁਲਾਈ 2019 ’ਚ ਜਰਮਨੀ ਦੇ ਬਾਇਰਨ ਮਿਓਨਿਖ ਐਫ.ਸੀ. ਦੀ ਟੀਮ ਵਲੋਂ ਖੇਡਣ ਦਾ ਯਾਰਾਨਾ ਗੰਢਿਆ। ਵਲਿੰਗਟਨ ਫੀਨਿਕਸ ਦੀ ਟੀਮ ਨਾਲ 38 ਮੈਚ ਖੇਡਣ ਵਾਲੇ ਸਰਪ੍ਰੀਤ ਸ਼ੇਰਗਿੱਲ ਨੇ 9 ਵਾਰ ਫੁਟਬਾਲ ਨੂੰ ਗੋਲ ਦੀ ਸਰਦਲ ਤੋਂ ਪਾਰ ਲੰਘਾਇਆ। ਵਲਿੰਗਟਨ ਫੀਨਿਕਸ ਐਫ.ਸੀ. ਦੇ ਮੁੱਖ ਕੋਚ ਡੀ. ਬਕਿੰਗਹਾਮ ਨੇ ਸਰਪ੍ਰੀਤ ਸਿੰਘ ਦੀ ਪ੍ਰਤਿਭਾ ਨੂੰ ਪਛਾਣਦਿਆਂ ਉਸ ਦੀ ਖੇਡ ਨੂੰ ਸਾਣ ’ਤੇ ਪਰਖਣ ਉਪਰੰਤ ਕੀਤੀ ਇਹ ਟਿੱਪਣੀ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਇਹ ਤੇਜ਼-ਤਰਾਰ ਮੁੰਡਾ ਸਾਡੀ ਸੌਕਰ ਟੀਮ ’ਚ ਭਰੋਸੇਮੰਦ ਖਿਡਾਰੀ ਸਾਬਤ ਹੋਵੇਗਾ। ਸਰਪ੍ਰੀਤ ਨੇ ਉਸਤਾਦ ਦੀਆਂ ਇੱਛਾਵਾਂ ’ਤੇ ਖਰਾ ਉਤਰਦਿਆਂ ਖੇਡੇ 26 ਮੈਚਾਂ ’ਚ ਜਿੱਥੇ ਸ਼ਾਨਦਾਰ ਫੀਡ ਬੈਕ ਦਿੱਤੀ ਹੈ, ਉਥੇ ਆਪਣੇ ਪੈਰਾਂ ਦੇ ਕਮਾਲ ਨਾਲ ਚਾਰ ਗੋਲ ਦਾਗਣ ’ਚ ਸਫਲਤਾ ਵੀ ਹਾਸਲ ਕੀਤੀ। ਸਾਲ-2017 ’ਚ ਵਲਿੰਗਟਨ ਫੀਨਿਕਸ ਐਫ.ਸੀ. ਦੇ ਕੋਚ ਅਤੇ ਮੈਨੇਜਰ ਨੇ ਸਰਪ੍ਰੀਤ ਦੀ ਖੇਡ ਤੋਂ ਕਾਇਲ ਹੁੰਦਿਆਂ ਕਲੱਬ ਏਜੰਟਸ ਨੂੰ ਸਰਪ੍ਰੀਤ ਸ਼ੇਰਗਿੱਲ ਨੂੰ ਕਲੱਬ ਟੀਮ ’ਚ ਲਿਆਉਣ ਦੀ ਜ਼ਿੰਮੇਵਾਰੀ ਓਟੀ ਗਈ। ਫਰਵਰੀ 2018 ਨੂੰ ਘਰੇਲੂ ਕਲੱਬ ਵਲੋਂ ‘ਏ-ਲੀਗ’ ਖੇਡਣ ਲਈ ਮੈਦਾਨ ’ਚ ਕਦਮ ਰੱਖਣ ਵਾਲਾ ਪੰਜਾਬੀ ਫੁਟਬਾਲਰ ਜਿੱਥੇ ਆਪਣੀ ਖੇਡ ’ਚ ਲਗਾਤਾਰ ਨਿਖਾਰ ਲਿਆ ਰਿਹਾ ਹੈ, ਉਥੇ ਕਲੱਬ ਟੀਮ ਦੇ ਗਿਣਵੇਂ ਖਿਡਾਰੀਆਂ ’ਚ ਸ਼ੁਮਾਰ ਹੋ ਚੁੱਕਾ ਹੈ।
6 ਜੁਲਾਈ 2019 ’ਚ ਆਪਣੇ ਪਸੰਦੀਦਾ ਕਰੰਟ ਕਲੱਬ ਬਾਇਰਨ ਮਿਓਨਿਖ ਵਲੋਂ 3 ਲੀਗਾ ’ਚ ਲਿਫਰਿੰਗ ਐਫ.ਸੀ. ਵਿਰੁੱਧ ਦੋਸਤਾਨਾ ਮੈਚ ਜਿੱਥੇ ਸਰਪ੍ਰੀਤ ਸ਼ੇਰਗਿੱਲ ਨੇ ਪਹਿਲਾ ਗੋਲ ਅਸਿਸਟ ਕੀਤਾ ਅਤੇ ਦੂਜਾ ਗੋਲ ਆਪਣੇ ਪੈਰੋਂ ਸਕੋਰ ਕਰਕੇ 2-1 ਗੋਲ ਨਾਲ ਜਿੱਤ ਹਾਸਲ ਕੀਤੀ। ਇਸ ਮੈਚ ਦੇ 11 ਦਿਨਾਂ ਬਾਅਦ ਇੰਟਰਨੈਸ਼ਨਲ ਕੌਂਟੀਨੈਂਟਲ ਕੱਪ ’ਚ ਅਰਸਨਲ ਐਫ.ਸੀ. ਦੀ ਟੀਮ ਨਾਲ ਮੈਚ ’ਚ ਬਾਇਰਨ ਮਿਓਨਿਖ ਦੇ ਕੋਚਿੰਗ ਕੈਂਪ ਵਲੋਂ ਸਰਪ੍ਰੀਤ ਸਿੰਘ ਨੂੰ ਸੈਕਿੰਡ ਹਾਫ ’ਚ ਮੈਦਾਨ ’ਚ ਉਤਾਰਿਆ ਗਿਆ। ਜਰਮਨੀ ਦੇ ਕਲੱਬ ਦੇ ਖਿਡਾਰੀਆਂ ਨੇ ਇੰਗਲਿਸ਼ ਕਲੱਬ ਤੋਂ ਇਹ ਮੈਚ 2-1 ਗੋਲ ਦੀ ਜਿੱਤ ਨਾਲ ਆਪਣੀ ਝੋਲੀ ਪਾਇਆ। ਇਸ ਮੈਚ ਤੋਂ ਬਾਅਦ ਸਰਪ੍ਰੀਤ ਇਸੇ ਟੂਰਨਾਮੈਂਟ ’ਚ ਸਪੇਨ ਦੇ ਰੀਅਲ ਮੈਡਰਿਡ ਐਫ.ਸੀ. ਅਤੇ ਇਟਲੀ ਦੇ ਏਸੀ ਮਿਲਾਨ ਐਫ.ਸੀ. ਦੀਆਂ ਫੁਟਬਾਲ ਟੀਮਾਂ ਵਿਰੁੱਧ ਵੀ ਲਗਾਤਾਰ ਦੋ ਮੈਚ ਖੇਡਿਆ। 31 ਜੁਲਾਈ 2019 ਨੂੰ ਸਰਪ੍ਰੀਤ ਔਡੀ ਫੁਟਬਾਲ ਕੱਪ ਦੇ ਫਾਈਨਲ ’ਚ ਬਾਇਰਨ ਮਿਓਨਿਖ ਵਲੋਂ ਟੋਟਨਹੈਮ ਹੌਸਟਪੁਰ ਖਿਲਾਫ ਪੂਰਾ ਮੈਚ ਮੈਦਾਨ ’ਚ ਡਟਿਆ ਰਿਹਾ। ਪ੍ਰੀ-ਲੀਗ ਸੀਜ਼ਨ ’ਚ ਸਰਪ੍ਰੀਤ ਦੀ ਖੇਡ ਤੋਂ ਪ੍ਰਭਾਵਿਤ ਹੁੰਦਿਆਂ ਬਾਇਰਨ ਮਿਓਨਿਖ ਦੇ ਮੁੱਖ ਕੋਚ ਨਿਕੋ ਕੋਵਿਕ ਦੀ ਟਿੱਪਣੀ ਸੀ ਕਿ ਸਰਪ੍ਰੀਤ ਅਜਿਹੇ ਯੰਗ ਖਿਡਾਰੀਆਂ ਦੀ ਟੀਮ ’ਚ ਸ਼ਮੂਲੀਅਤ ਨਾਲ ਕਲੱਬ ਦੀ ਟੀਮ ’ਚ ਸੁਧਾਰ ਨਜ਼ਰ ਆ ਰਿਹਾ ਹੈ, ਜਿਸ ਦੇ ਰੰਗ ਭਵਿੱਖ ’ਚ ਹੋਰ ਵੀ ਰੰਗ ਲਿਆਉਣਗੇ। ਉਂਜ ਇੱਕ ਮੈਚ ਲੂਜ਼ ਕਰਨ ਦੇ ਬਾਵਜੂਦ ਸਰਪ੍ਰੀਤ ਦੀ ਖੇਡ ਦਾ ਜਾਦੂ ਲਗਾਤਾਰ ਕੋਚਿੰਗ ਕੈਂਪ ਨੂੰ ਮੰਤਰ-ਮੁਗਧ ਕਰਦਾ ਰਿਹਾ।
ਸਰਪ੍ਰੀਤ ਸ਼ੇਰਗਿੱਲ, ਭਾਰਤ ਤੋਂ ਬਾਅਦ ਪੰਜਾਬ ਦਾ ਇੱਕੋ-ਇੱਕ ਪਲੇਠਾ ਫੁਟਬਾਲ ਹੈ, ਜਿਸ ਦੀ ਚੋਣ ਨਿਊਜ਼ੀਲੈਂਡ ਦੀ ਸੌਕਰ ਸਿਲੈਕਸ਼ਨ ਕਮੇਟੀ ਵਲੋਂ ਦੱਖਣੀ ਕੋਰੀਆ ’ਚ 20 ਮਈ ਤੋਂ 11 ਜੂਨ ਤੱਕ ਖੇਡੇ ਜਾਣ ਵਾਲੇ ਅੰਡਰ-20 ਫੀਫਾ ਵਿਸ਼ਵ ਕੱਪ ਖੇਡਣ ਲਈ ਕੀਤੀ ਗਈ। ਇਸ ਤੋਂ ਪਹਿਲਾਂ ਸਰਪ੍ਰੀਤ ਸਿੰਘ ਨੂੰ 17 ਅਕਤੂਬਰ ਤੋਂ 3 ਨਵੰਬਰ ਤੱਕ 2019 ’ਚ ਚਿੱਲੀ ਦੇ ਅੱਠ ਸ਼ਹਿਰਾਂ ’ਚ ਖੇਡੇ ਗਏ ਅੰਡਰ-17 ਫੀਫਾ ਆਲਮੀ ਫੁਟਬਾਲ ਕੱਪ ’ਚ ਕੀਵੀ ਸੌਕਰ ਟੀਮ ਦੀ ਪ੍ਰਤੀਨਿੱਧਤਾ ਕਰਨ ਦਾ ਸੁਨਹਿਰੀ ਮੌਕਾ ਹਾਸਲ ਹੋ ਚੁੱਕਾ ਹੈ। ਇਸ ਮੁਕਾਬਲੇ ’ਚ ਖੇਡੀਆਂ 24 ਟੀਮਾਂ ’ਚੋਂ ਨਿਊਜ਼ੀਲੈਂਡ ਟੀਮ ਨੂੰ 15ਵਾਂ ਰੈਂਕ ਹਾਸਲ ਹੋਇਆ ਸੀ। ਕੀਵੀ ਕੌਮੀ ਟੀਮ ਦੇ ਮੌਜੂਦਾ ਚੀਫ ਕੋਚ ਡੈਰਨ ਬੈਜ਼ੀਲੇ ਅਨੁਸਾਰ ਚਿੱਲੀ ਵਰਲਡ ਕੱਪ ਖੇਡਣ ਵਾਲੇ 9 ਖਿਡਾਰੀਆਂ ਦੀ ਮੈਰਿਟ ਦੇ ਆਧਾਰ ’ਤੇ ਅੰਡਰ-20 ਸੰਸਾਰ ਫੁਟਬਾਲ ਕੱਪ ਖੇਡਣ ਲਈ ਚੋਣ ਕੀਤੀ ਗਈ ਸੀ। ਸਾਲ 2019 ’ਚ ਪੋਲੈਂਡ ਦੇ 6 ਵੱਡੇ ਸ਼ਹਿਰਾਂ ’ਚ ਖੇਡੇ ਗਏ ਵਿਸ਼ਵ-ਵਿਆਪੀ ਫੁਟਬਾਲ ਟੂਰਨਾਮੈਂਟ ਖੇਡਣ ਵਾਲੀਆਂ ਨਾਮਵਰ 24 ਟੀਮਾਂ ਨੂੰ 6 ਗਰੁੱਪਾਂ ’ਚ ਵੰਡਿਆ ਗਿਆ। ਨਿਊਜ਼ੀਲੈਂਡ ਟੀਮ ਨੂੰ ਅਗਲੇ ਗੇੜ ’ਚ ਜਾਣ ਲਈ ‘ਪੂਲ-ਈ’ ’ਚ ਫਰਾਂਸ, ਰੋਂਡੂਰਸ ਅਤੇ ਵੀਅਤਨਾਮ ਦੀਆਂ ਟੀਮਾਂ ਨਾਲ ਦੋ-ਦੋ ਹੱਥ ਕਰਨੇ ਪਏ; ਪਰ ਟੀਮ 16 ਦੇ ਰਾਊਂਡ ’ਚ ਕੋਲੰਬੀਆ ਨਾਲ 1-1 ਗੋਲ ਨਾਲ ਡਰਾਅ ਖੇਡਣ ਤੋਂ ਬਾਅਦ ਪੈਨਲਟੀ ਕਿੱਕ ਰਾਹੀਂ ਹਾਰ ਕੇ ਖਿਤਾਬੀ ਦੌੜ ਤੋਂ ਬਾਹਰ ਹੋ ਗਈ। ਅੰਡਰ-20 ਫੀਫਾ ਕੱਪ ’ਚ ਕੀਵੀ ਸੌਕਰ ਟੀਮ ਨੂੰ 24 ਟੀਮਾਂ ’ਚੋਂ 11ਵਾਂ ਰੈਂਕ ਹਾਸਲ ਹੋਇਆ। ਹਾਫ ਬੈਕ ਸਰਪ੍ਰੀਤ ਸ਼ੇਰਗਿੱਲ ਵਲੋਂ ਇਸ ਜੂਨੀਅਰ ਫੀਫਾ ਕੱਪ ’ਚ ਇੱਕ ਗੋਲ ਵੀ ਸਕੋਰ ਕੀਤਾ ਗਿਆ ਸੀ।
ਸਰਪ੍ਰੀਤ ਸਿੰਘ ਦੀ ਮਾਤਾ ਸਰਬਜੀਤ ਕੌਰ ਦਾ ਕਹਿਣਾ ਹੈ ਕਿ ਜਦੋਂ ਉਹ 9 ਸਾਲ ਦਾ ਸੀ ਤਾਂ ਉਸ ਨੇ ਚੈਲਸੀ ਦੇ ਫਲੈਗ ਅਤੇ ਕਲੱਬ ਵਲੋਂ ਖੇਡਣ ਵਾਲੇ ਖਿਡਾਰੀਆਂ ਦੇ ਪੋਸਟਰ ਆਪਣੇ ਬੈੱਡਰੂਮ ਦੀਆਂ ਪੂਰੀਆਂ ਦੀਵਾਰਾਂ ’ਤੇ ਚਿਪਕਾਏ ਹੋਏ ਸਨ। ਮਾਂ ਅਨੁਸਾਰ ਸਰਪ੍ਰੀਤ ਆਪਣਾ ਸੁਪਨਾ ਸੱਚ ਕਰਨ ਲਈ ਇੱਕ ਦਿਨ ਚੈਲਸੀ ਐਫ.ਸੀ. ਦੀ ਨੁਮਾਇੰਦਗੀ ਜ਼ਰੂਰ ਕਰੇਗਾ। ਸਰਪ੍ਰੀਤ ਦੇ ਬਚਪਨ ਦੇ ਸਿਖਲਾਇਰ ਲਿਓਨਾਰਡੋ ਡੁਵਾਲ ਦਾ ਮੰਨਣਾ ਹੈ ਕਿ ‘ਇਸ ਬੁਆਏ ਦਾ ਬਾਲ ’ਤੇ ਕੰਟਰੋਲ ਸੱਚਮੁੱਚ ਹੀ ਬਹੁਤ ਲਾਜਵਾਬ ਹੋਣ ਦੇ ਨਾਲ-ਨਾਲ ਕਦਮਾਂ ਦਾ ਵੀ ਤਾਲਮੇਲ ਵੇਖਣਯੋਗ ਹੁੰਦਾ ਹੈ। ਸਰਪ੍ਰੀਤ ਆਪਣੀ ਹਮਉਮਰ ਦੇ ਕਿੱਡਜ਼ ਨਾਲੋਂ ਹਮੇਸ਼ਾ ਅਲੱਗ ਤੇ ਚੰਗਾ ਕਰਨ ਦੀ ਆਦਤ ਦਾ ਮਾਲਕ ਹੈ। ਬਸ ਇਹੋ ਖੇਡ ਤਕਨੀਕ ਸਰਪ੍ਰੀਤ ਦੇ ਹੋਰ ਅੱਗੇ ਵਧਣ ’ਚ ਸਹਾਈ ਸਿੱਧ ਹੋ ਰਹੀ ਹੈ।’ ਫੁਟਬਾਲ ਦੇ ਫਰੀਸ਼ਤੇ ਦੀ ਦਿਆਲਤਾ ਨਾਲ ਜੇਕਰ ਸਰਪ੍ਰੀਤ ਦੀ ਖੇਡ ਦਾ ਸਿਤਾਰਾ ਇਸੇ ਤਰ੍ਹਾਂ ਚਮਕਦਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਉਸ ਨੂੰ ਰੋਨਾਲਡੋ ਅਤੇ ਮੈਸੀ ਦੀ ਤਰ੍ਹਾਂ ਆਪਣੀਆਂ ਟੀਮਾਂ ’ਚ ਲਿਆਉਣ ਲਈ ਵਿਦੇਸ਼ੀ ਫੁਟਬਾਲ ਕਲੱਬਾਂ ’ਚ ਦੌੜ ਸ਼ੁਰੂ ਹੋਵੇਗੀ।

Leave a Reply

Your email address will not be published. Required fields are marked *