ਅਮਰੀਕਾ-ਭਾਰਤ ਰਿਸ਼ਤਿਆਂ ਵਿੱਚ ਉਤਰਾਅ-ਚੜ੍ਹਾਅ ਜਾਰੀ

ਖਬਰਾਂ ਵਿਚਾਰ-ਵਟਾਂਦਰਾ

*ਟਰੰਪ ਨੂੰ ਫਿਰ ਯਾਦ ਆਈ ਨਰਿੰਦਰ ਮੋਦੀ ਦੀ ਦੋਸਤੀ
*ਭਾਰਤ ਅਤੇ ਅਮਰੀਕਾ ਦਾ ਇੱਕ ਦੂਜੇ ਬਿਨਾ ਗੁਜ਼ਾਰਾ ਮੁਸ਼ਕਿਲ
ਜਸਵੀਰ ਸਿੰਘ ਮਾਂਗਟ
ਪਿਛਲੇ ਕੁਝ ਸਮੇਂ ਵਿੱਚ ਭਾਰਤ ਅਤੇ ਅਮਰੀਕਾ ਵਿਚਕਾਰ ਰਿਸ਼ਤਿਆਂ ਦੀ ਗਰਾਮਰ ਕਾਫੀ ਅੱਗੇ ਪਿੱਛੇ ਹੁੰਦੀ ਰਹੀ ਹੈ। ਵੱਖ-ਵੱਖ ਮੁਲਕਾਂ ਦੇ ਆਪਸੀ ਕੌਮਾਂਤਰੀ ਰਿਸ਼ਤੇ ਆਪਣੇ ਤੱਤ ਪੱਖੋਂ ਤਾਕਤ ਦੇ ਰਿਸ਼ਤੇ ਹੀ ਕਹੇ ਜਾ ਸਕਦੇ ਹਨ। ਤਾਕਤਵਰ ਮੁਲਕਾਂ ਦਾ ਆਪਣੀ ਆਰਥਿਕ ਸਿਆਸੀ ਹੈਸੀਅਤ ਦੇ ਬਰਾਬਰ ਜਾਂ ਲਾਗੇ-ਚਾਗੇ ਦਾ ਜ਼ੋਰ ਰੱਖਣ ਵਾਲੇ ਮੁਲਕਾਂ ਨਾਲ ਵਰਤਾਵ ਆਮ ਤੌਰ ‘ਤੇ ਹੀ ਵੱਖਰੀ ਤਰ੍ਹਾਂ ਦਾ ਹੁੰਦਾ ਹੈ; ਕਮਜ਼ੋਰ ਅਤੇ ਛੋਟੇ ਮੁਲਕਾਂ ਨਾਲ ਅਲੱਗ ਤਰ੍ਹਾਂ ਦਾ।

ਫਿਰ ਵੀ ਦੁਨੀਆਂ ਦੇ ਕਿਸੇ ਵੀ ਪ੍ਰਭੂਸੱਤਾ ਸੰਪਨ ਮੁਲਕ ਦੀ ਦੂਜੇ ਮੁਲਕਾਂ ਨੂੰ ਕਿਸੇ ਨਾ ਕਿਸੇ ਪੱਖੋਂ ਲੋੜ ਬਣੀ ਰਹਿੰਦੀ ਹੈ। ਅਜਿਹਾ ਸੰਬੰਧਤ ਮੁਲਕਾਂ ਦੀ ਜਿਉ-ਪੁਲੀਟੀਕਲ ਸਥਿਤੀ ਕਰਕੇ ਵਾਪਰਦਾ ਹੈ। ਇਸੇ ਕਰਕੇ ਅਸੀਂ ਆਪਣੇ ਆਲੇ-ਦੁਆਲੇ ਵੱਸਦੇ ਛੋਟੇ-ਵੱਡੇ ਮੁਲਕਾਂ ਨਾਲ ਅਮਰੀਕਾ ਦੇ ਰਿਸ਼ਤੇ ਬਣਦੇ ਵਿਗੜਦੇ ਵੇਖਦੇ ਰਹਿੰਦੇ ਹਾਂ। ਇਸ ਤੋਂ ਵੀ ਅੱਗੇ ਤਾਕਤਵਰ ਮੁਲਕ ਛੋਟੇ ਮੁਲਕਾਂ ਵਿੱਚ ਆਪੋ-ਆਪਣਾ ਪ੍ਰਭਾਵ ਵਧਾਉਣ ਜਾਂ ਇਨ੍ਹਾਂ ਮੁਲਕਾਂ ਵਿੱਚ ਆਪਣੇ ਪੱਖੀ ਹਕੂਮਤਾਂ ਸਥਾਪਤ ਕਰਨ ਦੇ ਯਤਨ ਕਰਦੇ ਰਹਿੰਦੇ ਹਨ। ਇਸ ਤਰ੍ਹਾਂ ਦਾ ਦਖਲ ਅਸੀਂ ਹਾਲ ਹੀ ਵਿੱਚ ਬੰਗਲਾ ਦੇਸ਼ ਵਿੱਚ ਵਾਪਰੇ ਸਿਆਸੀ ਤਬਾਦਲੇ ਵਿੱਚ ਵੇਖ ਹੀ ਲਿਆ ਹੈ। ਬੰਗਲਾ ਦੇਸ਼ ਵਿੱਚ 2019 ਤੱਕ ਸ਼ੇਖ ਹਸੀਨਾ ਦੀ ਸਰਕਾਰ ਰਹੀ ਕਾਇਮ ਰਹੀ। ਇਸ ਤੋਂ ਪਹਿਲਾਂ ਇੱਕ ਤਕੜੀ ਨੌਜਵਾਨ ਜਮਹੂਰੀ ਵਿਦਿਆਰਥੀ ਲਹਿਰ ਨੇ ਸ਼ੇਖ ਹਸੀਨਾ ਨੂੰ 15 ਸਾਲਾਂ ਤੋਂ ਚਲੀ ਆ ਰਹੀ ਆਪਣੀ ਸੱਤਾ ਛੱਡਣ ਲਈ ਮਜਬੂਰ ਕਰ ਦਿੱਤਾ ਸੀ। ਸ਼ੇਖ ਹਸੀਨਾ ਹੁਣ ਭਾਰਤ ਵਿੱਚ ਆਪਣੀ ਜਲਾਵਤਨੀ ਕੱਟ ਰਹੀ ਹੈ ਅਤੇ ਬੰਗਲਾ ਦੇਸ਼ ਵਿੱਚ ਨੋਬਲ ਅਮਨ ਇਨਾਮ ਜੇਤੂ ਮੁਹੰਮਦ ਯੂਨਿਸ ਦੀ ਅਗਵਾਈ ਵਿੱਚ ਪਾਕਿ-ਅਮਰੀਕਾ ਪੱਖੀ ਅੰਤ੍ਰਿਮ ਸਰਕਾਰ ਕੰਮ ਕਰ ਰਹੀ ਹੈ। ਇਸ ਸੱਤਾ ਬਦਲੀ ਦੇ ਕਾਰਨ ਕੋਈ ਵੀ ਰਹੇ ਹੋਣ, ਪਰ ਇਸ ਪਿਛਲਾ ਸਭ ਤੋਂ ਤਾਕਤਵਰ ਤੱਥ ਇਹ ਹੈ ਕਿ ਵਿਦਿਆਰਥੀਆਂ ਦੀ ਪਰੋ-ਡੈਮੋਕਰੇਸੀ ਲਹਿਰ ਨੂੰ ਅਮਰੀਕਾ ਅਤੇ ਫਰਾਂਸ ਜਿਹੇ ਮੁਲਕ ਹਮਾਇਤ ਦਿੰਦੇ ਰਹੇ, ਜਦਕਿ ਸ਼ੇਖ ਹਸੀਨਾ ਦਾ ਝੁਕਾਅ ਚੀਨ ਵੱਲ ਸੀ। ਬੰਗਲਾ ਦੇਸ਼ ਵਿੱਚ ਹੁਣ ਕੰਮ ਕਰ ਰਹੀ ਸਰਕਾਰ ਅਮਰੀਕਾ ਅਤੇ ਪਾਕਿਸਤਾਨ ਵੱਲ ਝੁਕੀ ਹੋਈ ਹੈ। ਇਹੋ ਸਿਆਸਤ ਦਾ ਅਜਬ ਦਸਤੂਰ ਹੈ ਕਿ ਜਿਸ ਪਾਕਿਸਤਾਨ ਤੋਂ ਬੰਗਲਾ ਦੇਸ਼ ਨੇ ਮਜੀਬ-ਉਲ-ਰਹਿਮਾਨ ਦੀ ਅਗਵਾਈ ਵਿੱਚ ਆਜ਼ਾਦੀ ਹਾਸਲ ਕੀਤੀ, ਉਸੇ ਨਾਲ ਹੁਣ ਨੇੜਤਾ ਦਾ ਨਿੱਘ ਮਾਣ ਰਿਹਾ ਹੈ। ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਮਜ਼ੋਰ ਅਤੇ ਛੋਟੇ ਮੁਲਕਾਂ ਨੂੰ ਭੂਗੋਲ ਅਤੇ ਤਾਕਤ ਪੱਖੋਂ ਵੱਡੇ ਮੁਲਕਾਂ ਦੇ ਦਖਲ ਦਾ ਕਿਸ ਤਰ੍ਹਾਂ ਸਾਹਮਣਾ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਦਾ ਵਰਤਾਰਾ ਹੁਣ ਅਮਰੀਕਾ ਦੇ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਦੇ ਸੰਦਰਭ ਵਿੱਚ ਵਾਪਰ ਰਿਹਾ ਹੈ।
ਇਸੇ ਤਰ੍ਹਾਂ ਪੂਰਬੀ ਯੂਰਪ ਦਾ ਮੁਲਕ ਯੂਕਰੇਨ ਵੀ ਅੱਜ-ਕੱਲ੍ਹ ਦੋ ਵੱਡੀਆਂ ਤਾਕਤਾਂ ਰੂਸ ਅਤੇ ਚੀਨ ਵਿਚਕਾਰ ਜੰਗ ਦਾ ਅਖਾੜਾ ਬਣ ਗਿਆ। ਯੂਕਰੇਨ ਵਿੱਚ ਵੱਡੀਆਂ ਤਾਕਤਾਂ ਵਿੱਚ ਸੱਤਾ ਦੀ ਖਿੱਚੋਤਾਣ ਦਾ ਪ੍ਰਭਾਵ ਹਮੇਸ਼ਾ ਕਾਇਮ ਰਿਹਾ ਹੈ। ਯਾਦ ਰਹੇ, ਵਲਾਦੀਮੀਰ ਯੇਲੰਸਕੀ ਤੋਂ ਪਹਿਲਾਂ ਯੂਕਰੇਨ ਵਿੱਚ ਰੂਸ ਪੱਖੀ ਸੱਤਾ ਦਾ ਬੋਲਬਾਲਾ ਸੀ।
ਭਾਰਤ ਦੀ ਅੱਜ ਦੀ ਘੜੀ ਜੀਓ-ਪੁਲੀਟੀਕਲ ਸਥਿਤੀ ਅਜਿਹੀ ਹੈ ਕਿ ਇਸ ਦਾ ਇਕਪਾਸੜ ਸਟੈਂਡ ਲੈ ਕੇ ਝੱਟ ਨਹੀਂ ਨਿਕਲ ਸਕਦਾ। ਅਮਰੀਕੀ ਰਾਸ਼ਟਰਪਤੀ ਭਾਰਤ ਦੇ ਰੂਸ ਕੋਲੋਂ ਤੇਲ ਖਰੀਦਣ ‘ਤੇ ਤਿੱਖੇ ਇਤਰਾਜ਼ ਪਰਗਟ ਕਰ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਭਾਰਤ ਰੂਸ ਤੋਂ ਜਿਹੜਾ ਸਸਤੇ ਭਾਅ ਤੇਲ ਖਰੀਦਦਾ ਹੈ, ਉਸ ਤੋਂ ਜ਼ਬਰਦਸਤ ਮੁਨਾਫਾ ਕਮਾਉਂਦਾ ਹੈ ਅਤੇ ਭਾਰਤ ਵੱਲੋਂ ਤੇਲ ਵੇਚ ਕੇ ਕਮਾਇਆ ਧਨ ਯੂਕਰੇਨ ਵਿਰੁੱਧ ਜੰਗ ਵਿੱਚ ਵਰਤਿਆ ਜਾਂਦਾ ਹੈ। ਇਸੇ ਕਰਕੇ ਅਮਰੀਕਾ ਨੇ ਭਾਰਤ ਤੋਂ ਬਰਾਮਦ ਹੋਣ ਵਾਲੀਆਂ ਵਸਤਾਂ ‘ਤੇ ਟਰੇਡ ਟੈਰਿਫ 25 ਫੀਸਦੀ ਹੋਰ ਵਧਾ ਦਿੱਤਾ ਹੈ। 25 ਫੀਸਦੀ ਟੈਰਿਫ ਪਹਿਲਾਂ ਹੀ ਟਰੰਪ ਪ੍ਰਸ਼ਾਸਨ ਨੇ ਅਮਰੀਕਾ ਨੂੰ ਬਰਾਮਦ ਹੋਣ ਵਾਲੀਆਂ ਭਾਰਤੀ ਵਸਤਾਂ ‘ਤੇ ਲਗਾ ਰੱਖਿਆ ਹੈ। ਇਸ ਤਰ੍ਹਾਂ ਹੁਣ ਇਹ ਟੈਰਿਫ 50 ਫੀਸਦੀ ਹੋ ਗਿਆ ਹੈ। ਇਥੇ ਜ਼ਿਕਰਯੋਗ ਹੈ ਕਿ ਭਾਰਤ ਵੱਲੋਂ ਅਮਰੀਕਾ ਨੂੰ ਗਹਿਣੇ, ਹੀਰੇ, ਦਵਾਈਆਂ, ਪੈਟਰੋਲੀਅਮ ਪਦਾਰਥ, ਟੈਕਸਟਾਈਲ ਆਧਾਰਤ ਵਸਤਾਂ, ਇਲੈਕਟ੍ਰੌਨਿਕਸ, ਲੋਹਾ ਅਤੇ ਲੋਹੇ ਤੋਂ ਬਣੀਆਂ ਵਸਤਾਂ ਆਰਗੈਨਿਕ ਕੈਮੀਕਲਜ਼, ਚਮੜਾ ਤੇ ਚਮੜੇ ਤੋਂ ਬਣੀਆਂ ਵਸਤਾਂ ਬਰਾਮਦ ਕੀਤੀਆਂ ਜਾਂਦੀਆਂ ਹਨ। ਟੈਰਿਫ ਦੇ ਵਧਣ ਨਾਲ ਇਨ੍ਹਾਂ ਵਸਤਾਂ ਦੀ ਅਮਰੀਕਾ ਨੂੰ ਕੀਤੀ ਜਾਂਦੀ ਬਰਾਮਦ ‘ਤੇ ਵੱਡਾ ਅਸਰ ਪਵੇਗਾ। ਅਮਰੀਕਾ ਭਾਰਤ ਦੇ ਬਣੇ ਹੀਰਿਆਂ ਅਤੇ ਗਹਿਣਿਆਂ ਦਾ ਵੱਡਾ ਖਰੀਦਦਾਰ ਹੈ। ਇਹ ਵਸਤਾਂ ਆਰਥਿਕ ਪੱਖੋਂ ਗਰੀਬ ਮੁਲਕਾਂ ਨੂੰ ਨਹੀਂ ਵੇਚੀਆਂ ਜਾ ਸਕਦੀਆਂ। ਇਨ੍ਹਾਂ ਵਿੱਚੋਂ ਮੁਨਾਫਾ ਵੀ ਵੱਡਾ ਹੁੰਦਾ ਹੈ ਅਤੇ ਇਹ ਮੁੱਖ ਤੌਰ ‘ਤੇ ਲੇਬਰ ਇੰਟੈਨਸਿਵ ਸਨਅਤਾਂ ਹਨ। ਇਨ੍ਹਾਂ ਚੀਜਾਂ ਦੀ ਵਿਕਰੀ ‘ਤੇ ਰੋਕ ਲੱਗਣ ਨਾਲ ਇਸ ਖੇਤਰ ਵਿੱਚ ਕੰਮ ਕਰਦੇ ਕਾਮਿਆਂ ਦੀ ਛਾਂਟੀ ਹੋਵੇਗੀ ਅਤੇ ਬੇਰੁਜ਼ਗਾਰੀ ਵਧਣ ਦੇ ਆਸਾਰ ਬਣਨਗੇ। ਚਮੜੇ ਤੋਂ ਇਲਾਵਾ ਹੋਰ ਸਨਅਤਾਂ ਮੁੱਖ ਤੌਰ `ਤੇ ਨਵੀਂ ਤਕਨੀਕ ‘ਤੇ ਮੁਨੱਸਰ ਹਨ, ਪਰ ਫਿਰ ਵੀ ਇਨ੍ਹਾਂ ਨਾਲ ਸੰਬੰਧਤ ਸਨਅਤਾਂ ਵਿੱਚ ਵੀ ਕਾਫੀ ਵੱਡੀ ਗਿਣਤੀ ਵਿੱਚ ਕਾਮੇ ਰੁਜ਼ਗਾਰਵੰਦ ਹਨ। ਇਸ ਤਰ੍ਹਾਂ ਅਮਰੀਕਾ ਵੱਲ ਬਰਾਮਦ ਹੋਣ ਵਾਲੇ ਸਮਾਨ ਨੂੰ ਹਰਜੇ ਤੋਂ ਭਾਰਤੀ ਹਕੂਮਤ ਚਿੰਤਿਤ ਜ਼ਰੂਰ ਹੈ, ਭਾਵੇਂ ਕਿ ਮੋਦੀ ਸਰਕਾਰ ਇਸ ਦਾ ਬਦਲ ਚੀਨ ਅਤੇ ਰੂਸ ਵੱਲ ਝੁਕਣ ਵਿੱਚ ਲੱਭ ਰਹੀ ਹੈ। ਇਸ ਦਰਮਿਆਨ ਅਸਲੀਅਤ ਇਹ ਵੀ ਹੈ ਕਿ ਅਮਰੀਕਾ ਦਾ ਵੀ ਭਾਰਤ ਨੂੰ ਪੂਰੀ ਤਰ੍ਹਾਂ ਗਵਾ ਕੇ ਗੁਜ਼ਾਰਾ ਨਹੀਂ ਹੋ ਸਕਦਾ। ਇਸ ਉਪਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਆਖ ਕੇ ਝੋਰਾ ਜਿਹਾ ਵੀ ਪ੍ਰਗਟ ਕੀਤਾ ਸੀ ਕਿ ਅਸੀਂ ਭਾਰਤ ਅਤੇ ਰੂਸ ‘ਡੀਪ ਡਾਰਕ ਚੀਨ’ ਕੋਲ ਗੁਆ ਲਏ ਹਨ। ਹਾਲਾਂਕਿ ਉਪਰੋਕਤ ਬਿਆਨ ਨੂੰ ਕੁਝ ਹੀ ਦਿਨ ਗੁਜ਼ਰੇ ਹਨ ਕਿ ਅਮਰੀਕੀ ਰਾਸ਼ਟਰਪਤੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਦੋਸਤੀ ਦੀ ਯਾਦ ਮੁੜ ਸਤਾਉਣ ਲੱਗੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਸ਼ਾਨਦਾਰ ਵਿਅਕਤੀ ਹਨ, ਉਹ ‘ਸਦਾ ਮੇਰੇ ਦੋਸਤ ਰਹਿਣਗੇ।’ ਦੂਜੇ ਪਾਸੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਨੇ ਵੀ ਤੁਰੰਤ ਇਸ ਨੂੰ ਹੁੰਘਾਰਾ ਭਰਿਆ। ਹਕੀਕਤ ਇਹ ਹੈ ਕਿ ਦੋਹਾਂ ਮੁਲਕਾਂ ਵਿਚਕਾਰ ਫਰੀ ਟਰੇਡ ਡੀਲ ਦੇ ਮਾਮਲੇ ਵਿੱਚ ਪਰਦੇ ਪਿੱਛੇ ਗੱਲਬਾਤ ਜਾਰੀ ਰੱਖੀ ਜਾ ਰਹੀ ਹੈ। ਆਪਸੀ ਰਿਸ਼ਤੇ ਸੁਧਾਰਨ ਲਈ ਭਾਰਤ ਲੌਬਿੰਗ ਵੀ ਕਰ ਰਿਹਾ ਹੈ। ਨੇੜਤਾ ਰੱਖਣ ਦੀ ਇਸ ਮਜਬੂਰੀ ਦੇ ਕਾਰਨ ਆਰਥਿਕਤਾ ਨਾਲੋਂ ਭਾਰਤ ਦੀ ਜਿਓ ਪੁਲੀਟੀਕਲ ਸਥਿਤੀ ਵਿੱਚ ਵਧੇਰੇ ਨਿਹਤ ਹਨ। ਭਾਰਤ ਦਾ ਗੁਆਂਢੀ ਮੁਲਕ ਚੀਨ ਅਸਲ ਵਿੱਚ ਅੱਜ ਕੱਲ੍ਹ ਅਮਰੀਕਾ ਦਾ ਸਭ ਤੋਂ ਤਕੜਾ ਵਿਰੋਧੀ ਬਣ ਕੇ ਉਭਰ ਰਿਹਾ ਹੈ। ਖਾਸ ਕਰਕੇ ਆਰਥਿਕ ਅਤੇ ਵਿਗਿਆਨਕ ਇਨੋਵੇਸ਼ਨ ਦੇ ਮਾਮਲੇ ਵਿੱਚ। ਕੌਮਾਂਤਰੀ ਆਰਥਿਕਤਾ ਦੇ ਕੁਝ ਮਾਹਿਰ ਤਾਂ ਚੀਨ ਨੂੰ ਅਗਲੇ ਕੁਝ ਸਾਲਾਂ ਵਿੱਚ ਸਭ ਤੋਂ ਵੱਡੀ ਆਰਥਿਕ-ਸਿਅਸੀ ਸ਼ਕਤੀ ਵਜੋਂ ਉਭਰਦਾ ਵੇਖ ਰਹੇ ਹਨ। ਚੀਨ ਦੀ ਘੇਰਾਬੰਦੀ ਕਰਨ ਲਈ ਭਾਰਤ ਅਮਰੀਕਾ ਲਈ ਇੱਕ ਮਹੱਤਵਪੂਰਨ ਮੁਲਕ ਹੈ। ਅਮਰੀਕੀ ਵਿਦਵਾਨ ਜੈਫਰੀ ਸਾਚ ਦਾ ਆਖਣਾ ਹੈ ਕਿ ਚੀਨ ਦੀ ਸਫਲਤਾ ਤੋਂ ਅਮਰੀਕਾ ਇੱਕ ਤਰ੍ਹਾਂ ਨਾਲ ਘਬਰਾ ਗਿਆ ਹੈ ਅਤੇ ਖਾਰ ਖਾਂਦਾ ਹੈ। ਉਸ ਦਾ ਆਖਣਾ ਹੈ ਕਿ ਚੀਨ ਦੀ ਸਫਲਤਾ ਤੋਂ ਪੱਛਮ ਦੇ ਮੁਲਕਾਂ ਨੂੰ ਫਜ਼ੂਲ ਦੀ ਚਿੜ੍ਹ ਹੈ। ਇਸੇ ਤਰ੍ਹਾਂ ਰੂਸੀ ਫੋਬੀਆ ਪੱਛਮੀ ਮੁਲਕਾਂ ਨੂੰ ਯੂਕਰੇਨ ਜੰਗ ਜਾਰੀ ਰੱਖਣ ਵੱਲ ਧੱਕ ਰਿਹਾ ਹੈ। ਯਾਦ ਰਹੇ, ਭਾਰਤ ਅਤੇ ਅਮਰੀਕਾ ਵਿਚਕਾਰ ਪਿਛਲੇ 30 ਸਾਲਾਂ ਤੋਂ ਰਿਸ਼ਤੇ ਸੁਧਰਦੇ ਆ ਰਹੇ ਸਨ, ਪਰ ਪਾਕਿਸਤਾਨ ਨਾਲ ਮਈ ਮਹੀਨੇ ਵਿੱਚ ਚੱਲੀ ਤਿੰਨ ਦਿਨਾਂ ਦੀ ਜੰਗ ਨੇ ਦੋਹਾਂ ਮੁਲਕਾਂ ਵਿਚਕਾਰ ਦੂਰੀ ਵਧਾ ਦਿੱਤੀ। ਦੋਹਾਂ ਮੁਲਕਾਂ ਵਿਚਕਾਰ ਜੰਗ ਖਤਮ ਹੋਣ ਤੋਂ ਬਾਅਦ ਜਦੋਂ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ-ਪਾਕਿ ਵਿਚਕਾਰ ਇਸ ਜੰਗ ਨੂੰ ਉਨ੍ਹਾਂ ਨੇ ਖਤਮ ਕਰਵਾਇਆ ਹੈ ਤਾਂ ਭਾਰਤ ਨੇ ਇਸ ਨੂੰ ਸਵੀਕਾਰ ਨਾ ਕੀਤਾ। ਭਾਰਤ ਦੀ ਚਿਰ ਸਥਾਈ ਪੁਜੀਸ਼ਨ ਇਹ ਰਹੀ ਹੈ ਕਿ ਉਸ ਨੇ ਭਾਰਤ-ਪਾਕਿ ਰਿਸ਼ਤਿਆਂ ਵਿੱਚ ਤੀਜੀ ਧਿਰ ਦੇ ਦਖਲ ਨੂੰ ਕਦੀ ਵੀ ਸਵਿਕਾਰ ਨਹੀਂ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਦੇ ਵਾਰ-ਵਾਰ ਦੁਹਰਾਉਣ ਦੇ ਬਾਵਜੂਦ ਭਾਰਤ ਨੇ ਜੰਗ ਰੁਕਵਾਉਣ ਦਾ ਅਮਰੀਕੀ ਦਾਅਵਾ ਸਵੀਕਾਰ ਨਹੀਂ ਕੀਤੀ। ਆਪਸੀ ਰਿਸ਼ਤਿਆਂ ਵਿੱਚ ਆਈ ਇਸ ਖਟਾਸ ਉਪਰ ਆਰਥਿਕ-ਸਿਆਸੀ ਮਜਬੂਰੀਆਂ ਫਿਰ ਭਾਰੂ ਪੈਂਦੀਆਂ ਵਿਖਾਈ ਦੇ ਰਹੀਆਂ ਹਨ। ਇਸ ਨਾਲ ਅਮਰੀਕੀ ਰਾਸ਼ਟਰਪਤੀ ਦੇ ਨਿੱਜੀ ਅਤੇ ਪਰਿਵਾਰਕ ਹਿੱਤ ਵੀ ਜੁੜੇ ਹੋ ਸਕਦੇ ਹਨ। ਕਾਰੋਬਾਰੀਆਂ ਨੂੰ ਮੁਲਕਾਂ ਨਾਲੋਂ ਵੀ ਬਿਜਨਸ ਪਿਆਰੇ ਹੁੰਦੇ ਹਨ।

Leave a Reply

Your email address will not be published. Required fields are marked *