ਓਕ ਕਰੀਕ `ਚ ਪਈ ‘ਭੰਗੜਾ ਰਾਈਮਜ਼-ਵਿਰਸਾ ਨਾਈਟ’ ਦੀ ਧੁੰਮ

ਖਬਰਾਂ ਗੂੰਜਦਾ ਮੈਦਾਨ

*ਵਿਲੱਖਣ ਛਾਪ ਛੱਡ ਗਿਆ ਸਾਲਾਨਾ ਸਮਾਗਮ
*ਦਿਲਚਸਪ ਰਹੇ ਟੀਮਾਂ ਦੇ ਭੰਗੜਾ ਮੁਕਾਬਲੇ
*ਝੂਮਰ ਤੇ ਮਲਵਈ ਗਿੱਧੇ ਨੇ ਦਰਸ਼ਕ ਝੂਮਣ ਲਾਏ
ਪੰਜਾਬੀ ਪਰਵਾਜ਼ ਬਿਊਰੋ
ਓਕ ਕਰੀਕ, ਵਿਸਕਾਨਸਿਨ: ਜਦੋਂ ਮਿਹਨਤ ਨੂੰ ਫਲ਼ ਲੱਗਦਾ ਹੈ ਤਾਂ ਅਜੀਬ ਜਿਹੀ ਖੁਸ਼ੀ ਤੇ ਮਾਣ ਨਾਲ ਦਿਲ ਗਦ ਗਦ ਹੋ ਜਾਂਦਾ ਹੈ ਅਤੇ ਅਗਾਂਹ ਨੂੰ ਹੋਰ ਸਿਰੜ ਨਾਲ ਕਾਰਜ ਕਰਨ ਨੂੰ ਰਾਹ ਖੁਲ੍ਹਦੇ ਹਨ। ਸ਼ਾਇਦ ਅਜਿਹਾ ਹੀ ਅਹਿਸਾਸ ‘ਭੰਗੜਾ ਰਾਈਮਜ਼’ ਅਤੇ ਉਸ ਦੀਆਂ ਟੀਮਾਂ ਨੇ ਉਦੋਂ ਮਹਿਸੂਸ ਕੀਤਾ ਹੋਣਾ, ਜਦੋਂ ‘ਵਿਰਸਾ ਨਾਈਟ-2’ ਪ੍ਰੋਗਰਾਮ ਸਮੇਂ ਉਨ੍ਹਾਂ ਨੇ ਲੋਕਾਂ ਦੇ ਮੂੰਹੋਂ ਤਾਰੀਫਾਂ ਸੁਣੀਆਂ ਹੋਣਗੀਆਂ। ਇਹ ਪ੍ਰੋਗਰਾਮ ਲੰਘੀ 6 ਸਤੰਬਰ ਨੂੰ ਓਕ ਕਰੀਕ ਵਿੱਚ ਕਰਵਾਇਆ ਗਿਆ, ਜਿਸ ਵਿੱਚ ਕਰੀਬ 15 ਟੀਮਾਂ ਦੇ ਭੰਗੜਾ ਮੁਕਾਬਲੇ ਹੋਏ। ਇਸ ਤੋਂ ਇਲਾਵਾ ਮਲਵਈ ਗਿੱਧਾ, ਭੰਗੜਾ ਰਾਈਮਜ਼ ਗਿੱਧੇ ਦੀਆਂ ਰਾਣੀਆਂ ਅਤੇ ਗਿੱਧਾ ਕੁਈਨਜ਼ (ਕਿਰਨ ਵੱਲੋਂ ਤਿਆਰ ਟੀਮ) ਟੀਮਾਂ ਨੇ ਵੀ ਸਟੇਜ `ਤੇ ਆਪਣੀ ਕਲਾ ਦਾ ਖੂਬ ਪ੍ਰਦਰਸ਼ਨ ਕੀਤਾ। ਮਲਵਈ ਗਿੱਧੇ ਦੇ ਚੋਬਰਾਂ ਦਾ ਆਪਣਾ ਹੀ ਰੰਗ ਸੀ ਤੇ ਬੋਲੀਆਂ ਵੀ ਦਿਲਚਸਪ ਸਨ।

ਇਸ ਮੌਕੇ ‘ਟੀਮ ਪੰਜਾਬ’ ਵੱਲੋਂ ਗੈਸਟ ਆਈਟਮ ਪੇਸ਼ ਕੀਤੀ ਗਈ, ਜਿਸ ਦੌਰਾਨ ਛੋਟੇ-ਛੋਟੇ ਬੱਚਿਆਂ ਨੇ ਢੋਲ ਉਤੇ ਭੰਗੜਾ ਪੇਸ਼ ਕੀਤਾ। ਉਪਰੰਤ ਮੁਕਾਬਲੇ ਦਾ ਦੌਰ ਸ਼ੁਰੂ ਹੋਇਆ, ਜਿਸ ਦੌਰਾਨ ਸਾਰੀਆਂ ਟੀਮਾਂ ਨੇ ਆਪੋ-ਆਪਣੇ ਵਰਗਾਂ ਤੇ ਪ੍ਰਤਿਭਾ ਮੁਤਾਬਕ ਸਰੋਤਿਆਂ ਦਾ ਦਿਲ ਲੁੱਟਿਆ ਅਤੇ ਜੱਜਾਂ ਨੂੰ ਫੈਸਲਾ ਕਰਨ ਲਈ ਮੁਸ਼ਕਿਲ ਦੀ ਘੜੀ ਵਿੱਚ ਪਾਇਆ। ਸਟੇਜ `ਤੇ ਨੱਚਦੀਆਂ ਟੀਮਾਂ ਦੀ ਸੁਜੱਗ ਪੇਸ਼ਕਾਰੀ ਦੇਖ ਦੇ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਉਨ੍ਹਾਂ ਨੇ ਕਾਫੀ ਮਿਹਨਤ ਕੀਤੀ ਹੈ ਅਤੇ ਭੰਗੜਾ ਕੋਚ ਅਮਨ ਕੁਲਾਰ ਨੇ ਰਿਹੱਰਸਲਾਂ ਦੌਰਾਨ ਉਨ੍ਹਾਂ ਨੂੰ ਕਾਫੀ ਤਰਾਸ਼ਿਆ ਹੈ।
ਬੱਚਿਆਂ ਦੀਆਂ ਵੱਖ-ਵੱਖ ਟੀਮਾਂ ਵਿੱਚੋਂ ਟੀਮ ਸਤਲੁਜ ਪਹਿਲੇ ਸਥਾਨ `ਤੇ ਰਹੀ, ਜਦਕਿ ਬਿਆਸ ਦੂਜੇ ਅਤੇ ਜੇਹਲਮ ਤੇ ਰਾਵੀ ਤੀਜੇ ਸਥਾਨ `ਤੇ ਰਹੀਆਂ। ਇਸ ਤੋਂ ਇਲਾਵਾ ਯੂਥ ਸੌਂਗ ਕੈਟਾਗਰੀ ਅਤੇ ਯੂਥ ਢੋਲ ਕੈਟਾਗਰੀ ਵਿੱਚ ਵੀ ਮੁਕਾਬਲੇ ਫਸਵੇਂ ਰਹੇ। ਯੂਥ ਸੌਂਗ ਕੈਟਾਗਰੀ ਵਿੱਚ ਟੀਮ ਮੁਲਤਾਨ ਪਹਿਲੇ ਥਾਂ, ਟੀਮ ਲੁਧਿਆਣਾ ਦੂਜੇ ਅਤੇ ਟੀਮ ਜਲੰਧਰ ਤੀਜੇ ਥਾਂ ਰਹੀ। ਯੂਥ ਢੋਲ ਕੈਟਾਗਰੀ ਵਿੱਚ ਟੀਮ ਸਿਆਲਕੋਟ ਪਹਿਲੇ ਥਾਂ ਰਹੀ, ਜਦਕਿ ਟੀਮ ਲਾਹੌਰ ਤੇ ਟੀਮ ਹੁਸ਼ਿਆਰਪੁਰ ਦੂਜੇ ਥਾਂ `ਤੇ ਰਹੀਆਂ।
ਇਸ ਤੋਂ ਇਲਾਵਾ ਨੌਜਵਾਨਾਂ ਦੀਆਂ ਚਾਰ ਟੀਮਾਂ ਸਨ, ਪਰ ਝੂਮਰ ਇੱਕ ਵੱਖਰੀ ਪੇਸ਼ਕਾਰੀ ਹੋਣ ਕਾਰਨ ਇਸ ਨੂੰ ਜੱਜਾਂ ਵੱਲੋਂ ਵੱਖਰੀ ਕੈਟਾਗਰੀ ਵਿੱਚ ਰੱਖਿਆ ਗਿਆ। ਨੌਜਵਾਨਾਂ ਦੇ ਝੂਮਰ ਦੀ ਪੇਸ਼ਕਾਰੀ ਬਾਕਮਾਲ ਸੀ। ਇਸ ਮੁਕਾਬਲੇ ਵਿੱਚ ਮਾਲਵਾ ਟੀਮ ਪਹਿਲਾ ਸਥਾਨ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੀ, ਜਦਕਿ ਦੁਆਬਾ ਟੀਮ ਦੂਜੇ ਤੇ ਮਾਝਾ ਟੀਮ ਤੀਜੇ ਥਾਂ ਰਹੀਆਂ। ਪੁਆਧ ਟੀਮ ਦੀ ਪੇਸ਼ਕਾਰੀ ਵੀ ਵਿਲੱਖਣ ਰਹੀ ਅਤੇ ਇਹ ਫੋਕ ਡਾਂਸ ਕੈਟਾਗਰੀ ਵਿੱਚ ਪਹਿਲੇ ਥਾਂ ਰਹੀ।
ਰੰਗ-ਬਰੰਗੇ ਤੇ ਵੱਖ-ਵੱਖ ਤਰ੍ਹਾਂ ਦੇ ਭੰਗੜੇ ਦੇ ਪਹਿਰਾਵੇ ਵਿੱਚ ਸਜੀਆਂ ਟੀਮਾਂ ਦੀ ਟੌਹਰ ਵੇਖਿਆਂ ਹੀ ਬਣਦੀ ਸੀ ਅਤੇ ਜਦੋਂ ਟੀਮਾਂ ਸਟੇਜ ਉਤੇ ਸੰਗੀਤਕ ਰਿਦਮ ਵਿੱਚ ਪੇਸ਼ਕਾਰੀ ਕਰਦੀਆਂ ਸਨ ਤਾਂ ਇਉਂ ਲੱਗਦਾ ਸੀ ਜਿਵੇਂ ਭਾਂਤ-ਭਾਂਤ ਦੇ ਫੁੱਲਾਂ ਦੀਆਂ ਖਿੜੀਆਂ ਕਿਆਰੀਆਂ ਹਵਾ ਦੇ ਬੁੱਲੇ ਨਾਲ ਲਹਿਰਾਅ ਰਹੀਆਂ ਹੋਣ। ਵੱਖ-ਵੱਖ ਟੀਮਾਂ ਦੀ ਪੇਸ਼ਕਾਰੀ ਦੌਰਾਨ ਪਿੱਠਵਰਤੀ ਚਲਦੇ ਗੀਤਾਂ ਦੀ ਚੋਣ ਵੀ ਸੁਚੱਜੇ ਢੰਗ ਨਾਲ ਕੀਤੀ ਗਈ ਸੀ, ਕਿਸੇ ਵੀ ਗੈਰ-ਮਿਆਰੀ ਗੀਤ ਨੂੰ ਪ੍ਰੋਗਰਾਮ ਦਾ ਹਿੱਸਾ ਨਹੀਂ ਸੀ ਬਣਾਇਆ ਗਿਆ। ਸਾਫ-ਸੁਥਰੇ ਤੇ ਸੱਭਿਅਕ ਗੀਤਾਂ ਦੀ ਚੋਣ ਨੂੰ ਲੈ ਕੇ ਪ੍ਰਸ਼ੰਸਾ ਵੀ ਹੋਈ। ਇਸ ਮੌਕੇ ‘ਭੰਗੜਾ ਰਾਈਮਜ਼’ ਨਾਲ ਜੁੜੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਬਾਰੇ ਜਾਣੂੰ ਕਰਵਾਉਣ ਲਈ ਪ੍ਰਦਰਸ਼ਨੀ ਵੀ ਲਾਈ ਗਈ, ਜਿਸ ਵਿੱਚ ਮਧਾਣੀ, ਚਰਖਾ, ਲਾਲਟੈਨ, ਪੀੜ੍ਹੀਆਂ ਆਦਿ ਰੱਖੇ ਹੋਏ ਸਨ।
ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਮੰਚ ਸੰਚਾਲਨ ਮਹਿਕ ਗਿੱਲ ਅਤੇ ਰਮਨ ਹਾਂਸੀ ਨੇ ਕੀਤਾ। ਇਸ ਤੋਂ ਇਲਾਵਾ ਗੁਰਮਖ ਸਿੰਘ ਭੁੱਲਰ, ਇਸ਼ਮੀਤ ਕੌਰ ਤੇ ਨਤਾਲੀਆ ਅਤੇ ਇਸ਼ਵੀਰ ਕੌਰ ਤੇ ਅਰਸ਼ਦੀਪ ਕੌਰ ਨੇ ਵੀ ਵੱਖ-ਵੱਖ ਪੇਸ਼ਕਾਰੀਆਂ ਦੌਰਾਨ ਮੰਚ ਸੰਚਾਲਨ ਕੀਤਾ। ਪ੍ਰਭਪ੍ਰੀਤ ਸਿੰਘ ਦਿਓਲ, ਮਾਯੂਰੀ ਰਾਜੇਸ਼, ਰਨਦੀਪ ਸਿੰਘ ਢਿੱਲੋਂ ਤੇ ਹਰਕਿਰਪਾਲ ਸਿੰਘ ਸੇਖੋਂ ਨੇ ਜੱਜਾਂ ਦੀ ਭੂਮਿਕਾ ਨਿਭਾਈ ਅਤੇ ਜੇਤੂ ਟੀਮਾਂ ਨੂੰ ਇਨਾਮ ਵੀ ਵੰਡੇ। ਕੈਨੇਡਾ ਤੋਂ ਆਏ ਅਰਮਾਨ ਸਿੰਘ ਸਿੱਧੂ, ਸੁੱਖ ਬੁੱਟਰ, ਦੀਪ ਬੋਪਾਰਾਏ, ਨੋਨੀ ਗਿੱਲ, ਚਰਨਦੀਪ ਸਿੱਧੂ, ਮਨਦੀਪ ਕੁਲਾਰ ਅਤੇ ਬਲਰਾਜ ਸੋਹੀ (ਸ਼ਿਕਾਗੋ) ਆਦਿ ਨੇ ਟੀਮਾਂ ਨੂੰ ਪੱਗਾਂ ਬੰਨ੍ਹਣ ਅਤੇ ਚਾਦਰੇ ਬੰਨ੍ਹਣ ਤੋਂ ਲੈ ਕੇ ਕੈਂਠੇ ਪਾਉਣ, ਡੌਲਿਆਂ-ਗੁੱਟਾਂ `ਤੇ ਫੁੰਮਣ ਬੰਨ੍ਹਣ ਆਦਿ ਤੱਕ ਉਨ੍ਹਾਂ ਨੂੰ ਤਿਆਰ-ਬਰ-ਤਿਆਰ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਈ।
ਵਿਸਾਕਨਸਿਨ ਦੇ ਪੰਜਾਬੀ ਭਾਈਚਾਰੇ ਵੱਲੋਂ ਇਸ ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ। ਇੱਥੋਂ ਤੱਕ ਕਿ ਕੁਝ ਸ਼ਖਸੀਅਤਾਂ ਨੇ ਆਪ ਅੱਗੇ ਹੋ ਕੇ ‘ਵਿਰਸਾ ਨਾਈਟ-2’ ਦੇ ਪ੍ਰਬੰਧਾਂ ਵਿੱਚ ਸਹਿਯੋਗ ਕੀਤਾ। ਜ਼ਿਕਰਯੋਗ ਹੈ ਕਿ ਇਨ੍ਹਾਂ ਮੁਕਾਬਲਿਆਂ ਵਿੱਚ ‘ਭੰਗੜਾ ਰਾਈਮਜ਼’ ਨਾਲ ਜੁੜੇ ਸ਼ਿਕਾਗੋ ਅਤੇ ਵਿਸਕਾਨਸਿਨ ਦੇ ਬੱਚਿਆਂ ਨੇ ਹਿੱਸਾ ਲਿਆ। ਟੀਮਾਂ ਵਿੱਚ ਸ਼ਾਮਲ ਬੱਚਿਆਂ ਦੇ ਮਾਪਿਆਂ ਦਾ ਵੀ ਪੂਰਾ ਸਹਿਯੋਗ ਰਿਹਾ।
ਇਸ ਤੋਂ ਇਲਾਵਾ ਮਿਲਵਾਕੀ ਤੋਂ ਜਸਵੰਤ ਸਿੰਘ, ਦਲਜੀਤ ਸਿੰਘ ਬਰਾੜ ਅਤੇ ਲਖਵੀਰ ਸਿੰਘ ਹਾਂਸੀ ਨੇ ਮੂਹਰੇ ਹੋ ਕੇ ਪ੍ਰੋਗਰਾਮ ਦਾ ਚੱਕਣ ਚੱਕਿਆ ਤੇ ਕਾਰਜਾਂ ਵਿੱਚ ਹੱਥ ਵਟਾਇਆ। ਸ਼ਿਕਾਗੋ ਤੋਂ ਬਿਕਰਮ ਸਿੱਧੂ, ਬਲਰਾਜ ਸੋਹੀ, ਅਮਰੀਕਪਾਲ ਸਿੰਘ, ਸੁਖਪਾਲ ਗਿੱਲ, ਗੁਰਮੁਖ ਸਿੰਘ ਭੁੱਲਰ, ਮਨਮਿੰਦਰ ਹੀਰ ਤੇ ਹੋਰਨਾਂ ਨੇ ਵੀ ਮਦਦ ਕੀਤੀ।
ਇਸ ਮੌਕੇ ਅਮਨ ਕੁਲਾਰ ਨੇ ‘ਭੰਗੜਾ ਰਾਈਮਜ਼’ ਦੇ ਸਫਰ ਦਾ ਵੇਰਵਾ ਸਾਂਝਾ ਕਰਦਿਆਂ ਮਿਲੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਸੱਭਿਆਚਾਰ ਦੀ ਸੇਵਾ ਹਿੱਤ ਉਨ੍ਹਾਂ ਨੇ ਡੇਢ ਸੌ ਦੇ ਕਰੀਬ ਪਰਿਵਾਰ ਆਪਣੀ ਸੰਸਥਾ ਨਾਲ ਜੋੜੇ ਹਨ। ਇਸ ਮੌਕੇ ਕੌਮਾਂਤਰੀ ਹਾਕੀ ਪਲੇਅਰ ਹਰਜਿੰਦਰ ਸਿੰਘ ਚਾਹਲ ਅਤੇ ਹੈਮਰ ਥਰੋਅਰ ਰਘਵੀਰ ਸਿੰਘ ਬੱਲ ਦਾ ਮਾਣ-ਤਾਣ ਕਰਦਿਆਂ ਉਨ੍ਹਾਂ ਵੱਲੋਂ ਭਾਰਤ ਪੱਧਰ `ਤੇ ਮਾਰੀਆਂ ਗਈਆਂ ਮੱਲਾਂ ਬਾਰੇ ਵੀ ਲੋਕਾਂ ਨੂੰ ਦੱਸਿਆ ਗਿਆ ਕਿ ਸ਼ਿਕਾਗੋ/ਮਿਲਵਾਕੀ ਦੇ ਅਸਲੀ ਹੀਰੋ ਇਹ ਹਨ।
ਅਮਨ ਕੁਲਾਰ ਨੇ ਹਾਜ਼ਰੀਨ ਨਾਲ ਸ਼ਿਕਾਗੋ ਦੇ ਬਿਜਨਸਮੈਨ ਪਰਮਿੰਦਰ ਸਿੰਘ ਵਾਲੀਆ ਦਾ ਤੁਆਰਫ ਕਰਵਾਇਆ ਕਿ ਇਹ ਸ਼ਿਕਾਗੋ ਵਿੱਚ ਪਹਿਲੇ ਭੰਗੜਾ ਕਲਾਕਾਰਾਂ ਵਿੱਚ ਸ਼ੁਮਾਰ ਸਨ, ਜਿਨ੍ਹਾਂ ਨੇ ਭੰਗੜੇ ਦੀ ਜਾਗ ਲਾਈ। ਇਸ ਮੌਕੇ ਬੋਲਦਿਆਂ ਪਰਮਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਸਾਨੂੰ ਲੱਗਦਾ ਸੀ ਸ਼ਿਕਾਗੋ ਵਿੱਚ ਭੰਗੜਾ ਗਵਾਚ ਗਿਆ ਹੈ, ਪਰ ਅਮਨ ਕੁਲਾਰ ਨੇ ਇਸ ਨੂੰ ਸੰਭਾਲ ਲਿਆ ਹੈ ਅਤੇ ਸਾਬਤ ਕਰ ਦਿੱਤਾ ਹੈ ਕਿ ਉਹ ਇਸ ਵਿੱਚ ਪਰਪੱਕ ਹੈ। ਡਾ. ਹਰਜਿੰਦਰ ਸਿੰਘ ਖਹਿਰਾ ਨੇ ਅਮਨ ਕੁਲਾਰ ਦੇ ਭੰਗੜਾ ਉਦਮਾਂ ਦੀ ਪ੍ਰਸ਼ੰਸਾ ਵਿੱਚ ਕਿਹਾ ਕਿ ਇਹ ਇੱਕ ਚਲਦੀ-ਫਿਰਦੀ ਯੂਨੀਵਰਸਿਟੀ ਹੈ। ਇਸ ਤੋਂ ਇਲਾਵਾ ਬਲਜਿੰਦਰ ਢਿੱਲੋਂ, ਨਾਗਰਾ ਤੇ ਢਿੱਲੋਂ ਪਰਿਵਾਰ, ਡਾ. ਮਨਪ੍ਰੀਤ ਸਿੰਘ, ਅਮਨ ਸਿੰਘ ਵਰਮਾ, ਸ਼ੇਰੇ ਪੰਜਾਬ ਸ਼ਿਕਾਗੋ, ਹੈਪੀ ਹੀਰ, ਲੱਕੀ ਸਹੋਤਾ, ਰੇਹਾਨ (ਕੈਫੇ ਇੰਡੀਆ), ਦੀਦਾਰ ਸਿੰਘ ਧਨੋਆ, ਗੁਰਦੁਆਰਾ ਬਰੁੱਕਫੀਲਡ ਦੇ ਪ੍ਰਧਾਨ ਸੁਰਜੀਤ ਸਿੰਘ ਤੂਰ ਤੇ ਡਾ. ਗੁਰਚਰਨ ਸਿੰਘ ਗਰੇਵਾਲ ਆਦਿ ਨੇ ਵੀ ਸਹਿਯੋਗ ਦਿੰਦਿਆਂ ਪ੍ਰੋਗਰਾਮ ਦੀ ਸ਼ਲਾਘਾ ਕੀਤੀ।

Leave a Reply

Your email address will not be published. Required fields are marked *