ਜਸਵੀਰ ਸਿੰਘ (ਡਾ.)
ਭਾਰਤੀ ਰਾਜ ਵੱਲੋਂ ਜੂਨ 1984 ਵਿੱਚ ਅਕਾਲ ਤਖ਼ਤ ਸਾਹਿਬ ਉੱਪਰ ਕੀਤੇ ਹਮਲੇ ਤੋਂ ਬਾਅਦ ਕੌਮੀ ਆਜ਼ਾਦੀ ਦੀਆਂ ਭਾਵਨਾਵਾਂ ਨੇ ਖਾਲਿਸਤਾਨ ਦੇ ਰੂਪ ਵਿੱਚ ਆਜ਼ਾਦ ਸਿੱਖ ਰਾਜ ਸਿਰਜਣ ਲਈ ਹਥਿਆਰਬੰਦ ਸੰਘਰਸ਼ ਦਾ ਰੂਪ ਧਾਰ ਲਿਆ| ਇਸ ਸੰਘਰਸ਼ ਨੇ ਸਿੱਖ ਸਮਾਜ ਅੰਦਰ ਖਾਲਿਸਤਾਨੀ ਸਿੱਖਾਂ ਦੇ ਇੱਕ ਤਾਕਤਵਰ ਸਮੂਹ ਨੂੰ ਜਨਮ ਦਿੱਤਾ, ਜਿਸ ਨੇ ਭਾਰਤੀ ਰਾਜ ਅਤੇ ਹਿੰਦੂ ਪ੍ਰਬੰਧ ਤੋਂ ਕੌਮੀ ਆਜ਼ਾਦੀ ਲਈ ਹਜ਼ਾਰਾਂ ਸ਼ਹਾਦਤਾਂ ਦਿੱਤੀਆਂ|
ਇਹੀ ਕਾਰਨ ਹੈ ਕਿ ਖਾਲਿਸਤਾਨੀ ਸਿੱਖ ਭਾਰਤੀ ਦੁਸ਼ਮਣ ਧਿਰਾਂ ਦੇ ਫੌਜੀ ਅਤੇ ਬੌਧਿਕ ਹਮਲਿਆਂ ਦਾ ਸਭ ਤੋਂ ਵੱਧ ਸ਼ਿਕਾਰ ਰਹੇ ਹਨ| ਭਾਰਤੀ ਰਾਜ ਨੇ ਖਾਲਿਸਤਾਨੀ ਸਿੱਖਾਂ ਦੀ ਫੌਜੀ ਅਤੇ ਸੰਗਠਨਾਤਮਿਕ ਤਾਕਤ ਨੂੰ ਕਮਜ਼ੋਰ ਕਰਨ ਵਿੱਚ ਵੱਡੀਆਂ ਸਫ਼ਲਤਾਵਾਂ ਹਾਸਿਲ ਕੀਤੀਆਂ ਹਨ| ਇਸ ਦੇ ਨਾਲ ਹੀ ਖਾਲਿਸਤਾਨੀ ਸਿੱਖਾਂ ਦੇ ਬੌਧਿਕ ਆਧਾਰਾਂ ਅਤੇ ਸਰੋਤਾਂ ਦਾ ਭਾਰਤੀਕਰਨ ਕਰਨ ਲਈ ਭਾਰਤੀ ਰਾਜ ਅਤੇ ਹਿੰਦੂ ਪ੍ਰਬੰਧ ਵੱਲੋਂ ਮਨੋਵਿਗਿਆਨਕ ਜੰਗ ਕੌਮਾਂਤਰੀ ਪੱਧਰ ’ਤੇ ਚਲਾਈ ਜਾ ਰਹੀ ਹੈ| ਇਸ ਮਨੋਵਿਗਿਆਨਕ ਜੰਗ ਦਾ ਖਾਲਿਸਤਾਨੀ ਸਿੱਖਾਂ ’ਤੇ ਪ੍ਰਤੱਖ ਅਸਰ ਮਹਿਸੂਸ ਕੀਤਾ ਜਾ ਸਕਦਾ ਹੈ| ਪੰਜਾਬ ਵਿੱਚ ਇੱਕ ਪ੍ਰਮੁੱਖ ਖਾਲਿਸਤਾਨੀ ਧਿਰ ਵੱਲੋਂ ਸਿੱਖ ਪਰੰਪਰਾ, ਪਛਾਣ, ਭਾਸ਼ਾ ਅਤੇ ਖਾਲਸਾ ਪੰਥ ਦੇ ਪਾਰ-ਰਾਸ਼ਟਰੀ ਅਤੇ ਪਾਰ-ਖੇਤਰੀ ਹੋਣ ਬਾਰੇ ਵਿਚਾਰ ਸਿੱਧੇ ਰੂਪ ਵਿੱਚ ਹਿੰਦੂ ਨਵ-ਬਸਤੀਵਾਦੀ ਸਕਾਲਰਾਂ ਜਿਵੇਂ ਹਰਜੋਤ ਉਬਰਾਏ, ਅਰਵਿੰਦਰਪਾਲ ਮੰਡੇਰ ਅਤੇ ਜੋਰਜੀਉ ਸ਼ਾਨੀ ਵੱਲੋਂ ਸਿਰਜੇ ਬਿਰਤਾਤਾਂ ਨਾਲ ਜੁੜ ਜਾਂਦੇ ਹਨ| ਉੱਤਰ ਬਸਤੀਵਾਦੀ ਸੰਕਲਪਾਂ ਦੇ ਲਿਬਾਸ ਵਿੱਚ ਸਿਰਜੇ ਇਨ੍ਹਾਂ ਹਿੰਦੂ ਨਵ-ਬਸਤੀਵਾਦੀ ਬਿਰਤਾਂਤਾਂ ਨੇ ਉੱਤਰੀ ਅਮਰੀਕਾ ਵਿੱਚ ਖਾਲਿਸਤਾਨੀ ਬੌਧਿਕਤਾ ’ਤੇ ਵੱਡੇ ਅਸਰ ਪਾਏ ਹਨ| ਇਹ ਸੂਖਮ ਬਿਰਤਾਂਤਕਾਰੀ ਅਕਾਲ ਤਖ਼ਤ ਸਾਹਿਬ ਦੇ ਹਮਲੇ ਤੋਂ ਬਾਅਦ ਭਾਰਤੀ ਰਾਜ ਅਤੇ ਹਿੰਦੂ ਤਾਕਤਾਂ ਪ੍ਰਤੀ ਸਿੱਖ ਮਨਾਂ ਵਿੱਚ ਪੈਦਾ ਹੋਈ ਸੱਭਿਆਚਾਰਕ ਨਫ਼ਰਤ ਤੇ ਦੁਸ਼ਮਣੀ ਦੀ ਮਨੋ-ਸਮਾਜਿਕ ਬਿਰਤੀ ਨੂੰ ਪੱਛਮ ਅਤੇ ਬਸਤੀਵਾਦੀ ਤਾਕਤਾਂ ਦੇ ਵਿਰੋਧ ਵਿੱਚ ਬਦਲਣ ਦਾ ਅਮਲ ਹੈ|
ਇਹ ਅਮਲ ਹਿੰਦੂ ਨਵ-ਬਸਤੀਵਾਦ ਦੀ 1900 ਈਸਵੀ ਵਿੱਚ ਸਿੱਖਾਂ ਨੂੰ ਅੰਗਰੇਜ਼ ਬਸਤੀਵਾਦੀਆਂ ਵਿਰੁੱਧ ਹਿੰਸਕ ਕਾਰਵਾਈਆਂ ਵਿੱਚ ਉਲਝਾ ਕੇ ਰਾਜਨੀਤਿਕ ਤੌਰ ’ਤੇ ਵਿਕਸਿਤ ਨਾ ਹੋਣ ਦੇਣ ਦੀ ਨੀਤੀ ਦਾ ਅਗਲਾ ਪੜਾਅ ਅਤੇ ਫੈਲਾਅ ਹੈ| ਹੁਣੇ ਜਿਹੇ ਹਿੰਦੂ ਪ੍ਰਬੰਧ ਦੇ ਸਿੱਧੇ ਅਸਰ ਹੇਠਲੇ ਇੱਕ ਸਿੱਖ ਰੂਪ ਵਾਲੇ ਉਤਰਬਸਤੀਵਾਦੀ ਧੜੇ ਵੱਲੋਂ ਛਾਪੇ ਰਸਾਲੇ ‘ਸ਼ਬਦਾਰਥ’ ਦੀ ਸੰਪਾਦਕੀ ਹਿੰਦੂ ਨਵ-ਬਸਤੀਵਾਦ ਦੀ ਅਕਾਦਮਿਕ ਪੇਸ਼ਕਾਰੀ ਦਾ ਸੂਖਮ ਨਮੂਨਾ ਸਾਹਮਣੇ ਲਿਆਉਂਦੀ ਹੈ| ਸੁਖਵਿੰਦਰ ਸਿੰਘ ਅਤੇ ਅਮਨਦੀਪ ਸਿੰਘ ਵੱਲੋਂ ਲਿਖੀ ਇਸ ਸੰਪਾਦਕੀ ਅਨੁਸਾਰ, ਧਰਮ ਅਤੇ ਫਿਲਾਸਫ਼ੀ ਸਬੰਧੀ ਸਮਝ ਦੇ ਪਰੰਪਰਾਗਤ ਤਰੀਕਿਆਂ ਨੂੰ ਸਮਕਾਲੀ ਗਿਆਨ ਪੈਦਾ ਕਰਨ ਵਾਲੇ ਤਰੀਕਿਆਂ ਦੇ ਵਿਰੋਧ ਤੋਂ ਬਚਦਿਆਂ ਮੁੜ ਜੀਵਿਤ ਕਰਨ ਦੇ ਕਾਰਜ ਨੇ ਸਾਨੂੰ ਨਵੇਂ ਤਰੀਕੇ ਨਾਲ ਸੋਚਣ ਦੀ ਤਾਕਤ ਦਿੱਤੀ ਹੈ| ਸੱਚ ਦੀ ਪੇਸ਼ਕਾਰੀ ਨੂੰ ਗਿਆਨ ਪ੍ਰਬੰਧ ਵਜੋਂ ਮੁੜ ਕੇਂਦਰਿਤ ਕਰਨ ਦੀ ਵੱਡੀ ਆਸ ਨੂੰ ਕਾਇਮ ਰੱਖਦਿਆਂ ਅਸੀਂ ਸਿਧਾਂਤਕਾਰੀ ਦੇ ਉੱਤਰ- ਹੀਗੇਲੀਅਨ ਦਾਰਸ਼ਨਿਕ ਤਰੀਕਿਆਂ ਤੋਂ ਪੈਦਾ ਹੋਣ ਵਾਲੇ ਵੱਡੇ ਵਿਰੋਧਾਂ ਬਾਰੇ ਚੇਤੰਨ ਹਾਂ, ਜਿਨ੍ਹਾਂ ਨੇ ਧਰਮ ਅਤੇ ਫਿਲਾਸਫ਼ੀ ਦੀ ਸਮਝ ਨੂੰ ਭਾਸ਼ਾ, ਕੌਮੀਅਤ, ਮਾਨਵ-ਵਿਗਿਆਨ ਅਤੇ ਵੰਸ਼-ਵਿਗਿਆਨ ਵਰਗੇ ਇਤਿਹਾਸਕ ਬੋਝਾਂ ਤੋਂ ਪਾਰ ਫੈਲਣਾ ਅਸੰਭਵ ਬਣਾ ਦਿੱਤਾ ਹੈ| ਇਨ੍ਹਾਂ ਗੁੰਝਲਾਂ ਨੂੰ ਸਮਝਦਿਆਂ ਆਓ ਸਿੱਖ ਖੋਜ ਦੇ ਖੇਤਰ ’ਤੇ ਨਿਗਾਹ ਮਾਰਦੇ ਹਾਂ| ਇਹ ਖੇਤਰ ਪਿਛਲੀ ਸਦੀ ਵਿੱਚ ਗਿਆਨ ਪੈਦਾ ਕਰਨ ਵਾਲੇ ਕਈ ਅਮਲਾਂ ਵਿੱਚੋਂ ਲੰਘਿਆ ਹੈ, ਖਾਸ ਕਰਕੇ ਸਿੰਘ ਸਭਾ ਲਹਿਰ, ਜੋ ਵੀਹਵੀਂ ਸਦੀ ਵਿੱਚ ਬਸਤੀਵਾਦ ਅਤੇ ਬਸਤੀਵਾਦ ਦੇ ਸ਼ਿਕਾਰ ਲੋਕਾਂ ਵਿਚਕਾਰ ਸਬੰਧਾਂ ਤੋਂ ਪੈਦਾ ਹੋਈ (ਬਾਰੇ ਜਾਨਣਾ ਜ਼ਰੂਰੀ ਹੈ)| ਧਰਮ ਅਤੇ ਪਛਾਣ ਸਬੰਧੀ ਬਸਤੀਵਾਦੀ ਸਮਝ ਨੇ ਸਿੱਖ ਨਿੱਜਵਾਦੀ (ਸੋਚ) ਵਿੱਚ ਵੱਡੇ ਬਦਲਾਅ ਲਿਆਂਦੇ, ਜਿਸ ਦੇ ਸਿੱਟੇ ਵਜੋਂ ਸਿੱਖ ਕਲਪਨਾ ਦਾ ਇਤਿਹਾਸੀਕਰਨ ਹੋਇਆ ਅਤੇ ਸਿਧਾਂਤਕ ਸਮਝ ਦਾ ਬਿਬੇਕੀਕਰਨ ਹੋਇਆ| ਉਸ ਸਮੇਂ ਦੇ ਬੁੱਧੀਜੀਵੀ ਅਤੇ ਖਾਸ ਕਰਕੇ ਭਾਈ ਵੀਰ ਸਿੰਘ ਜੋ ‘ਸਿੱਖ ਰੂਹਾਨੀਅਤ’ ਨੂੰ ‘ਨਿਰਮਲ ਅਧਿਆਤਮਵਾਦ’ ਰਾਹੀਂ ਬਚਾਉਣਾ ਚਾਹੁੰਦੇ ਸਨ, ਉਹ ਕਿਸੇ ਵੀ ਤਰ੍ਹਾਂ ਦੀਆਂ ਕੌਮੀ ਭਾਸ਼ਾਈ ਅਤੇ ਇਤਿਹਾਸਕ ਪਛਾਣਾਂ ਦੀ ਉਸਾਰੀ ਨਾਲ ਬੱਝੇ ਹੋਏ ਨਹੀਂ ਸਨ| ਉਨ੍ਹਾਂ ਦੇ ਗੁਰੂ ਅਤੇ ਗੁਰਬਾਣੀ ਨਾਲ ਪਾਰ-ਇਤਿਹਾਸਕ ਸਬੰਧ ਸਿਰਜਣ ’ਤੇ ਕੇਂਦਰਿਤ (ਚਿੰਤਨ) ਨੂੰ ਹੁਣ ਧਾਰਮਿਕ ਪਛਾਣ ਦੀ ਅਧਿਆਤਮਕ ਉਸਾਰੀ ਦੇ ਗੁਪਤ ਸੱਦੇ ਰਾਹੀਂ ਵਿਆਖਿਅਤ ਕੀਤਾ ਗਿਆ ਹੈ| ਉਨ੍ਹਾਂ ਦੇ ਕਾਰਜਾਂ ਨੂੰ ਸਿੱਖ ਖੋਜ ਦੀ ਭਾਸ਼ਾਈ-ਧਾਰਮਿਕ ਵਿਚਾਰਧਾਰਾ ਦੇ ਆਧਾਰ ’ਤੇ ਹੱਦਬੰਦੀ ਕਰਨ ਦੇ ਅਮਲ ਵਜੋਂ ਗ਼ੈਰ-ਜ਼ਰੂਰੀ ਤੌਰ ’ਤੇ ਆਲੋਚਨਾ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਨੂੰ ਸਿਧਾਂਤਕ ਦਾਅਵੇ ਵਜੋਂ ਸਿੱਖ ਮਾਨਸਿਕਤਾ ਕਦੇ ਵੀ ਪ੍ਰਵਾਨ ਨਹੀਂ ਕਰਦੀ| ਇਤਿਹਾਸਕ ਅਤੇ ਸਿਧਾਂਤਕ ਤੌਰ ’ਤੇ ਉਸਾਰੀ ਗਈ ਪਛਾਣ ਦੇ ਵਿਚਾਰ ਅਤੇ ਸਵੈ ਦਾ ਅਧਿਆਤਮਕ ਏਕੇ ਦੇ ਰੂਪ ਵਿੱਚ ਹੋਂਦਮਈ ਪ੍ਰਗਟਾਵਾ, ਜੋ ਕਿਸੇ ਵੀ ਇਤਿਹਾਸਕ ਅਤੇ ਵਿਚਾਰਧਾਰਕ ਬੋਝ ਤੋਂ ਪਾਰ ਹੋ ਜਾਂਦਾ ਹੈ, ਦੇ ਵਿਚਾਰਾਂ ਨੇ ਇੱਕ ਖਲਾਅ ਪੈਦਾ ਕੀਤਾ, ਜਿਸ ਬਾਰੇ ਜਾਨਣਾ ਜ਼ਰੂਰੀ ਹੈ|
ਭਾਵੇਂ ਕਿ ਇਹ ਸੰਪਾਦਕੀ ਪੰਜਾਬ ਵਿੱਚ ਭਾਰਤੀ ਰਾਜ ਅਤੇ ਹਿੰਦੂ ਪ੍ਰਬੰਧ ਵਿਰੋਧੀ ਸਿੱਖ ਮਾਨਸਿਕਤਾ ਨੂੰ ਕਾਬੂ ਕਰਨ ਦੀ ਮਾਰਕਸਵਾਦੀ, ਹਿੰਦੂ ਨਵ-ਬਸਤੀਵਾਦੀ ਅਤੇ ਸਿੱਖ ਰੂਪ ਵਾਲੇ ਹਿੰਦੂ ਪ੍ਰਬੰਧ ਦੀ ਨੀਤੀ ਨੂੰ ਲਾਗੂ ਕਰਨ ਵਾਲੇ ਉਤਰਬਸਤੀਵਾਦੀਆਂ ਵਿਚਕਾਰ ਨੀਤੀਗਤ ਸਾਂਝ ਦਾ ਪ੍ਰਗਟਾਵਾ ਕਰਦੀ ਹੈ, ਪਰ ਨਾਲ ਹੀ ਇਸ ਵਿੱਚ ਉਤਰਬਸਤੀਵਾਦੀ ਸਿੱਖ ਰੂਪ ਵਾਲੇ ਸਕਾਲਰਾਂ ਵੱਲੋਂ ਭਾਈ ਵੀਰ ਸਿੰਘ ਦੀ ਆਲੋਚਨਾ ਨੂੰ ਰੱਦ ਕਰਕੇ ਇਨ੍ਹਾਂ ਸਿੱਖ ਚਿੰਤਕਾਂ ਨੂੰ ਸਿੱਖ ਇਤਿਹਾਸਕ ਅਤੇ ਧਾਰਮਿਕ ਪਛਾਣ ਦੇ ਚਿੰਨਾਤਮਕ ਵਿਰੋਧੀਆਂ ਵਜੋਂ ਉਭਾਰਨ ਦੀ ਨਵੀਂ ਹਿੰਦੂ ਨਵ-ਬਸਤੀਵਾਦੀ ਨੀਤੀ ਬਾਰੇ ਜਾਣਕਾਰੀ ਵੀ ਦਿੰਦੀ ਹੈ| ਇਹ ਹਿੰਦੂ ਨਵ-ਬਸਤੀਵਾਦੀਆਂ ਵੱਲੋਂ ਸਿਰਜੇ ਸਨਾਤਨ ਸਿੱਖ ਪਰੰਪਰਾ ਦੇ ਜਜ਼ਬੀਕਰਨ ਦੇ ਸੰਕਲਪ ਨੂੰ ‘ਅੰਤਰ-ਧਾਰਮਿਕ ਖੁੱਲ੍ਹੇਪਣ’ ’ਤੇ ਆਧਾਰਿਤ ਪੰਜਾਬੀਅਤ ਦੇ ਸੰਕਲਪ ਨਾਲ ਇਕਮਿੱਕ ਕਰਨ ਦਾ ਅਮਲ ਵੀ ਹੈ| ਇਹ ਮੁੱਖ ਰੂਪ ਵਿੱਚ ਖਾਲਿਸਤਾਨੀ ਵਿਚਾਰਧਾਰਾ ਨੂੰ ਖੁੱਲ੍ਹੀ ਚੁਣੌਤੀ ਹੈ, ਜੋ ਸਿਧਾਂਤਕ ਤੌਰ ’ਤੇ ਸਿੱਖਾਂ ਦੀ ਹਿੰਦੂਆਂ ਤੋਂ ਵੱਖਰੀ ਕੌਮੀ ਭਾਸ਼ਾਈ ਅਤੇ ਧਾਰਮਿਕ ਪਛਾਣ ਦੀ ਉਸਾਰੀ ’ਤੇ ਸਿੱਖ ਸਮਾਜ ਵਿੱਚ ਮਾਨਤਾ ਹਾਸਿਲ ਕਰਦੀ ਹੈ; ਪਰ ਕੀ ਖਾਲਿਸਤਾਨੀ ਵਿਚਾਰਧਾਰਾ ਦੀ ਰਾਖੀ ਕਰਨ ਵਾਲੀ ਖਾਲਿਸਤਾਨੀ ਬੌਧਿਕਤਾ ਇਸ ਹਿੰਦੂ ਨਵ-ਬਸਤੀਵਾਦੀ ਚੁਣੌਤੀ ਦਾ ਮੁਕਾਬਲਾ ਕਰਨ ਦੇ ਯੋਗ ਹੈ? ਇਸ ਸੰਦਰਭ ਵਿੱਚ ਇੱਕ ਸਧਾਰਨ ਪਰ ਗੁੰਝਲਦਾਰ ਸੁਆਲ ਹੋਰ ਪੈਦਾ ਹੁੰਦਾ ਹੈ ਕਿ ਕੀ ਖਾਲਿਸਤਾਨੀ ਬੌਧਿਕਤਾ ਦੀ ਹੋਂਦ ਹੈ? ਜਾਂ ਕੀ ਖਾਲਿਸਤਾਨੀ ਬੌਧਿਕਤਾ ਦੇ ਕੋਈ ਵਿਧੀਵੱਤ ਰੂਪ ਧਾਰ ਲੈਣ ਦੀ ਸੰਭਾਵਨਾ ਹੈ? ਕੀ ਇਹ ਬੌਧਿਕਤਾ ਗਿਆਨ ਉਪਜਾਉਣ ਦੀਆਂ ਕੌਮਾਂਤਰੀ ਸਿਧਾਂਤਕ ਵਿਧੀਆਂ ਦੇ ਹਾਣ ਦੀ ਹੋ ਸਕੇਗੀ ਅਤੇ ਹਿੰਦੂ ਨਵ-ਬਸਤੀਵਾਦੀ ਦਾਬੇ ਨੂੰ ਤੋੜਨ ਦੇ ਕਾਬਲ ਹੋ ਸਕੇਗੀ?
ਇਨ੍ਹਾਂ ਸੁਆਲਾਂ ਦਾ ਜੁਆਬ ਖਾਲਿਸਤਾਨੀ ਬੌਧਿਕਤਾ ਦੀ ਵੱਖ-ਵੱਖ ਸਿੱਖ ਸਮੂਹਾਂ ਦੀ ਸਾਂਝੀ ਯਾਦ ਵਿੱਚ ਪਈਆਂ ਇਤਿਹਾਸਕ ਘਟਨਾਵਾਂ ਅਤੇ ਖਾਸ ਕਰਕੇ ‘ਅਕਾਲ ਤਖ਼ਤ ਸਾਹਿਬ ਉੱਪਰ ਹਮਲੇ’ ਦੀ ਸਾਂਝੀ ਯਾਦ ਨੂੰ ‘ਕੌਮ ਸਿਰਜਣ’ ਦੇ ਅਮਲ ਨਾਲ ਜੋੜ੍ਹ ਕੇ ਵਿਆਖਿਅਤ ਕਰਨ ਦੀ ਤਾਕਤ ਨਾਲ ਜੁੜ੍ਹਿਆ ਹੋਇਆ ਹੈ| ਖਾਲਿਸਤਾਨੀ ਬੌਧਿਕਤਾ ਕੌਮਵਾਦੀ ਵਰਤਾਰੇ ਦੇ ਰੂਪ ਵਿੱਚ ਸਿੱਖਾਂ ਦੇ ਰਾਜਨੀਤਿਕ ਵਿਕਾਸ ਲਈ ਜ਼ਰੂਰੀ ਰਾਜਨੀਤਿਕ ਸੰਸਥਾਵਾਂ ਦੀਆਂ ਨੀਂਹਾਂ ਪੱਕੀਆਂ ਕਰਨ ਦਾ ਅਮਲ ਹੈ| ਇਹ ਉਨ੍ਹਾਂ ਭੂਗੋਲਿਕ ਹੱਦਾਂ ਦੀ ਨਿਸ਼ਾਨਦੇਹੀ ਕਰਨ ਦਾ ਅਮਲ ਵੀ ਹੈ, ਜਿਸ ਵਿੱਚ ਇਨ੍ਹਾਂ ਰਾਜਨੀਤਿਕ ਸੰਸਥਾਵਾਂ ਨੇ ਕਾਰਜਸ਼ੀਲ ਹੋਣਾ ਹੈ| ਕੌਮੀ ਆਜ਼ਾਦੀ ਨਾਲ ਸਬੰਧਿਤ ਵਰਤਾਰੇ ਇਤਿਹਾਸ ਨੂੰ ਬੀਤੇ ਦੀਆਂ ਘਟਨਾਵਾਂ ਦੇ ਸਾਹ-ਸੱਤਹੀਣ ਭੰਡਾਰ ਵਜੋਂ ਨਹੀਂ ਰਹਿਣ ਦਿੰਦੇ| ਇਹ ਘਟਨਾਵਾਂ ਦੀ ਖਾਸ ਵਿਆਖਿਆ ਸ਼ਹੀਦੀ ਯਾਦਗਾਰਾਂ ਦੀ ਉਸਾਰੀ, ਸ਼ਹੀਦੀ ਯਾਦਾਂ ਨਾਲ ਸਬੰਧਿਤ ਰਸਮਾਂ ਅਤੇ ਇਤਿਹਾਸ ਲੇਖਣ ਰਾਹੀਂ ਕੌਮੀ ਪਛਾਣ ਦੀ ਰਾਜਨੀਤਿਕ ਉਸਾਰੀ ਕਰਦੇ ਹਨ| ਯੂਰੀ ਕੋਟਮੈਨ ਅਨੁਸਾਰ ਸੱਭਿਆਚਾਰ ਲਈ ਯਾਦਾਂ ਸਿਰਫ਼ ਕਾਰਜਹੀਣ (ਘਟਨਾਵਾਂ ਦਾ) ਭੰਡਾਰ ਨਹੀਂ ਹਨ, ਬਲਕਿ ਇਹ ਬਿਰਤਾਂਤ ਸਿਰਜਣਾ ਦਾ ਅਹਿਮ ਯੰਤਰ ਹਨ| ਇਹ ਕੌਮੀ ਰੂਹ ਨੂੰ ਗਹਿਰੇ ਜ਼ਖ਼ਮ ਦੇਣ ਵਾਲੀਆਂ ਮਹਾਂ-ਘਟਨਾਵਾਂ ਲਈ ਜ਼ਿੰਮੇਵਾਰ ਸੱਭਿਆਚਾਰਕ ਦੁਸ਼ਮਣ ਤਾਕਤਾਂ ਅਤੇ ਮਨੁੱਖਾਂ ਦੀ ਪਛਾਣ ਕੌਮੀ ਯਾਦਾਂ ਵਿੱਚ ਕਾਇਮ ਰੱਖਣ ਦਾ ਅਮਲ ਵੀ ਹੈ| ਦੂਜੇ ਪਾਸੇ ਸੱਭਿਆਚਾਰਕ ਦੁਸ਼ਮਣ ਤਾਕਤਾਂ ਆਪਣੀ ਹਮਲਾਵਰ ਅਤੇ ਜਰਵਾਣੇਪਣ ਦੀ ਪਛਾਣ ਨੂੰ ਕੌਮੀ ਯਾਦਾਂ ਵਿੱਚ ਮੇਟਣ ਅਤੇ ਧੁੰਦਲਾ ਕਰਨ ਦਾ ਯਤਨ ਕਰਦੀਆਂ ਹਨ| ਉਦਾਹਰਨ ਲਈ ਅਕਾਲ ਤਖ਼ਤ ਸਾਹਿਬ ’ਤੇ ਹਮਲੇ ਲਈ ਭਾਰਤੀ ਰਾਜ ਅਤੇ ਹਿੰਦੂ ਪ੍ਰਬੰਧ ਦੀ ਜ਼ਿੰਮੇਵਾਰੀ ਨੂੰ ‘ਕਾਂਗਰਸ ਸਰਕਾਰ’, ‘ਬਸਤੀਵਾਦੀ ਇੰਗਲੈਂਡ’, ‘ਪੱਛਮੀ ਤਾਕਤਾਂ’ ਦੇ ਸਿਰ ਪਾ ਕੇ ਸਿੱਖਾਂ ਦੀ ਸੱਭਿਆਚਾਰਕ ਦੁਸ਼ਮਣ ਵਿਚਾਰਧਾਰਾ ਦੀ ਪਛਾਣ ਨੂੰ ਬਦਲਣ ਦਾ ਯਤਨ ਕੀਤਾ ਜਾਂਦਾ ਹੈ| ਇਸੇ ਤਰ੍ਹਾਂ ਘਟਨਾਵਾਂ ਨੂੰ ਵਰਤਾਉਣ ਵਾਲੀਆਂ ਧਿਰਾਂ ਨਾਲ ਸਬੰਧਿਤ ਇਤਿਹਾਸਕਾਰ ਅਤੇ ਬੁੱਧੀਜੀਵੀ ਘਟਨਾਂ ਦੀ ਥਾਂ ’ਤੇ ਇਸ ਲਈ ਜ਼ਿੰਮੇਵਾਰ ਮਸਲਿਆਂ ਬਾਰੇ ਲਗਾਤਾਰ ਪ੍ਰਚਾਰ ਕਰਦੇ ਹਨ, ਜਿਸ ਤਰ੍ਹਾਂ ਭਾਰਤੀ ਬੁੱਧੀਜੀਵੀ ‘ਅਕਾਲ ਤਖ਼ਤ ਸਾਹਿਬ ’ਤੇ ਹਮਲੇ’ ਲਈ ਪੰਜਾਬ ਵਿੱਚ ਅਤਿਵਾਦ, ਭਾਰਤ ਦੀ ਏਕਤਾ ਅਖੰਡਤਾ ਨੂੰ ਖ਼ਤਰਾ ਅਤੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਦੀ ਬਹਾਲੀ ਨੂੰ ਜ਼ਿੰਮੇਵਾਰ ਕਾਰਨਾਂ ਵਿੱਚ ਪ੍ਰਚਾਰਦੇ ਹਨ, ਜਦਕਿ ਭਾਰਤੀ ਰਾਜ ਵੱਲੋਂ ਪੰਜਾਬ ਵਿੱਚ ਦਰਜਨਾਂ ਹੋਰ ਸਿੱਖ ਧਾਰਮਿਕ ਅਸਥਾਨਾਂ ’ਤੇ ਕੀਤੇ ਹਮਲਿਆਂ ਬਾਰੇ ਇਹ ਚੁੱਪ ਧਾਰ ਲੈਂਦੇ ਹਨ| ਪਰ ਸਿੱਖ ਕੌਮ ਦੀ ਸਾਂਝੀ ਯਾਦ ਵਿੱਚ ਘੱਲੂਘਾਰੇ ਦੇ ਰੂਪ ਵਿੱਚ ‘ਅਕਾਲ ਤਖ਼ਤ ਸਾਹਿਬ ’ਤੇ ਹਮਲੇ’ ਦੀ ਇਹ ਮਹਾਂ-ਘਟਨਾ ਇਤਿਹਾਸਕ ਚਿੰਨ੍ਹ ਦਾ ਰੂਪ ਧਾਰ ਚੁਕੀ ਹੈ| ਖਾਲਿਸਤਾਨੀ ਬੌਧਿਕਤਾ ਇਸ ਮਹਾਂ-ਘਟਨਾ ਦੇ ਆਧਾਰ ’ਤੇ ਕੌਮ-ਸਿਰਜਣਾ ਦਾ ਇਤਿਹਾਸਕ ਸੱਭਿਆਚਾਰ ਸਿਰਜਣ ਵਿੱਚ ਹਾਲੇ ਤੱਕ ਕਾਮਯਾਬ ਨਹੀਂ ਹੋ ਸਕੀ ਹੈ| ਇਤਿਹਾਸਕ ਸੱਭਿਆਚਾਰ ਸੰਚਾਰ ਦਾ ਅਜਿਹਾ ਅਮਲ ਹੈ, ਜਿਸ ਵਿੱਚ ਸਮਾਜ ਦੇ ਵੱਖ-ਵੱਖ ਹਿੱਸਿਆਂ ਦੇ ਪ੍ਰਤੀਕਰਮਾਂ ਅਤੇ ਜਵਾਬਦੇਹੀ ਨੂੰ ਨਵੀਂ ਤੋਂ ਨਵੀਂ ਜਾਣਕਾਰੀ ਦੇ ਫੈਲਾਅ ਰਾਹੀਂ ਕਾਬੂ ਹੇਠ ਰੱਖਿਆ ਜਾਂਦਾ ਹੈ| ਇਸ ਸੰਚਾਰ ਅਮਲ ਰਾਹੀਂ ਬਦਲਦੇ ਹਾਲਾਤ ਵਿੱਚ ਘਟਨਾਵਾਂ ਦੀ ਮੁੜ ਵਿਆਖਿਆ ਕਰਨ ਅਤੇ ਨਵੇਂ ਅਰਥ ਦੇਣ ਦਾ ਵਰਤਾਰਾ ਚਲਦਾ ਰਹਿੰਦਾ|
ਬੋਰਿਸ ਉਪੈਂਸਕੀ ਦੇ ਅਨੁਸਾਰ ਘਟਨਾਵਾਂ ਦੇ ਉਦੇਸ਼ਆਤਮਕ ਅਰਥ ਓਨੇ ਮਹੱਤਵਪੂਰਨ ਨਹੀਂ ਹੁੰਦੇ, ਜਿੰਨਾ ਇਨ੍ਹਾਂ ਨੂੰ ਮਹਿਸੂਸ ਕਰਨ ਅਤੇ ਪੜ੍ਹਨ ਦੇ ਤਰੀਕਿਆਂ ਦਾ ਮਹੱਤਵ ਹੁੰਦਾ ਹੈ| ਇਨ੍ਹਾਂ ਹਾਲਤਾਂ ਵਿੱਚ ਕਈ ਘਟਨਾਵਾਂ ਕਿਸੇ ਚਿੰਨ੍ਹਾਤਮਕ ਕਾਰਵਾਈ ਤੋਂ ਬਿਨਾ ਵੀ ਗਹਿਰੇ (ਇਤਿਹਾਸਕ) ਅਰਥ ਗ੍ਰਹਿਣ ਕਰ ਲੈਂਦੀਆਂ ਹਨ| ਘਟਨਾਵਾਂ ਦੀ ਵਿਆਖਿਆ ਇਨ੍ਹਾਂ ਦੇ (ਭਵਿੱਖਮੁਖੀ) ਮਾਰਗ ਦਾ ਫ਼ੈਸਲਾ ਕਰਦੀ ਹੈ| ਇੱਕ ਹੋਰ ਜਰਮਨ ਵਿਦਵਾਨ ਐਬੀ ਵਾਰਬਰਗ ਨੇ ਇਸ ਅਮਲ ਦੀ ਵਿਆਖਿਆ ‘ਭਵਿੱਖੀ-ਜੀਵਨ’ ਦੇ ਸੰਕਲਪ ਰਾਹੀਂ ਕੀਤੀ ਹੈ| ਵਾਰਬਰਗ ਅਨੁਸਾਰ ‘ਭਵਿੱਖੀ-ਜੀਵਨ’ ਤੋਂ ਭਾਵ ਮੌਤ ਤੋਂ ਬਾਅਦ ਦੇ ਕਿਸੇ ਜੀਵਨ ਤੋਂ ਨਹੀਂ ਹੈ, ਬਲਕਿ ਇਹ ਜੀਵਨ ਦੀ ਨਿਰੰਤਰਤਾ, ਬੀਤੇ ਦੇ ਵਰਤਮਾਨ ਵਿੱਚ ਜੀਵੰਤ ਹੋ ਜਾਣ ਅਤੇ ਬੀਤੇ ਵੱਲੋਂ ਵਰਤਮਾਨ ਦਾ ਪਿੱਛਾ ਕਰਨ ਦੇ ਅਮਲ ਨਾਲ ਸਬੰਧਿਤ ਹੈ| ਵਾਰਬਰਗ ਨੇ 1908 ਈ. ਵਿੱਚ ਪਹਿਲੀ ਵਾਰ ਯਾਦ ਰੱਖਣ ਦੇ ਅਮਲ ਨੂੰ ਇੱਕ ਸਾਂਝੇ ਅਮਲ ਵਜੋਂ ‘ਸਮਾਜਿਕ ਯਾਦ’ ਦਾ ਨਾਂ ਦਿੱਤਾ| ਉਸ ਦਾ ਵਿਚਾਰ ਸੀ ਕਿ ਚਿੱਤਰ ਅਤੇ ਕਲਾ-ਕਿਰਤਾਂ ਦੂਜੇ ਸੱਭਿਆਚਾਰਕ ਸਾਧਨਾਂ ਵਾਂਗ ਸਮਾਜਿਕ ਯਾਦਾਂ ਦੀਆਂ ਵਾਹਕ ਹਨ ਅਤੇ ਇਨ੍ਹਾਂ ਨੂੰ ਖਾਸ ਰੂਪ ਦਿੰਦੀਆਂ ਹਨ| ਇਨ੍ਹਾਂ ਨੂੰ ਲਗਾਤਾਰ ਅਰਥਪੂਰਨ ਬਣਾਉਣਾ ਜ਼ਰੂਰੀ ਹੁੰਦਾ ਹੈ, ਤਾਂਕਿ ਇਨ੍ਹਾਂ ਨਾਲ ਜੁੜੀ ਹੋਈ ਯਾਦਾਂ ਦੀ ਊਰਜਾ ਅਤੇ ਤਾਕਤ ਲਗਾਤਾਰ ਫੁੱਟਦੀ ਰਹੇ ਅਤੇ ਸਮਾਜਿਕ ਖੇਤਰ ਵਿੱਚ ਇਨ੍ਹਾਂ ਦੀ ਅਸਰਦਾਇਕ ਹੋਂਦ ਕਾਇਮ ਰਹੇ| ਇਸ ਲਈ ਰੂਹ ਦੇ ਜ਼ੋਰ ਨਾਲ ਜਿਉਣ ਵਾਲੇ ਸਮਾਜਾਂ ਵਿੱਚ ਚਿੰਨ੍ਹਾਂ ਦੇ ਸੰਚਾਰ, ਗ੍ਰਹਿਣ ਕਰਨ ਅਤੇ ਇਨ੍ਹਾਂ ਦੇ ਆਧਾਰ ’ਤੇ ਸਮਾਜ ਦਾ ਧਰੂਵੀਕਰਨ ਹੋਣ ਦਾ ਮਸਲਾ ਹਮੇਸ਼ਾ ਪੈਦਾ ਹੁੰਦਾ ਰਹਿੰਦਾ ਹੈ| ਇਤਿਹਾਸਕ ਘਟਨਾਵਾਂ ਦੀ ਦਖ਼ਲਅੰਦਾਜ਼ੀ ਅਤੇ ਇਤਿਹਾਸਕਾਰ ਦਾ ਕਾਲ ਅਤੇ ਇਸ ਕਾਲ ਦੀਆਂ ਲੋੜਾਂ ਸਮਾਜਿਕ ਯਾਦਾਂ ਵਿੱਚ ਘਟਨਾਵਾਂ ਦੀ ਮਹੱਤਤਾ ਤੇ ਇਤਿਹਾਸਕਤਾ ਦਾ ਫ਼ੈਸਲਾ ਕਰਦੀਆਂ ਹਨ; ਪਰ ਇਤਿਹਾਸਕ ਘਟਨਾਵਾਂ ਦਾ ਚਿੰਨ੍ਹਾਂ ਦੇ ਰੂਪ ਵਿੱਚ ਸੰਚਾਰ ਕੌਮਾਂ ਅਤੇ ਸਮਾਜਾਂ ਦੇ ਬੌਧਿਕ ਵਰਗਾਂ ਵੱਲੋਂ ਸਿਰਜੀ ਵਿਆਖਿਆ ’ਤੇ ਨਿਰਭਰ ਕਰਦਾ ਹੈ| ਇਹ ਵਿਆਖਿਆਵਾਂ ਹੀ ‘ਬਿਰਤਾਂਤਕ ਵਿਰਾਸਤ’ ਦਾ ਰੂਪ ਧਾਰ ਕੇ ਕੌਮਾਂ ਦੀ ਇਤਿਹਾਸਕ ਪਛਾਣ ਸਿਰਜਦੀਆਂ ਹਨ|
ਹਿੰਦੂ ਨਵ-ਬਸਤੀਵਾਦ ਦਾ ਪ੍ਰਚਾਰ ਕਰਨ ਵਾਲੇ ਉੱਤਰੀ-ਅਮਰੀਕਾ ਤੋਂ ਛਪਦੇ ਖੋਜ-ਜਨਰਲ ‘ਸਿੱਖ ਫਾਰਮੇਸ਼ਨਜ਼’ ਵਿੱਚ ਰਾਧਿਕਾ ਚੋਪੜਾ ਦੇ ਖੋਜ-ਪੱਤਰ ਵਿੱਚ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀਆਂ ਯਾਦਗਾਰਾਂ ਦੀ ਹਿੰਦੂ ਸਮਾਜਿਕ ਯਾਦਾਂ ਵਿੱਚ ਅਰਥਪੂਰਨਤਾ ਅਤੇ ਇਤਿਹਾਸਕਤਾ ਦੀ ਮਹੱਤਵਪੂਰਨ ਵਿਆਖਿਆ ਕੀਤੀ ਗਈ ਹੈ,
“ਇੰਦਰਾ ਗਾਂਧੀ ਵੱਲੋਂ ਆਪਣੀ ਮੌਤ ਤੋਂ ਪਹਿਲਾਂ ਉਚਾਰੇ ਗਏ ਦਾਰਸ਼ਨਿਕ ਸ਼ਬਦ ਕਿ ‘ਮੈਨੂੰ ਮਰਨ ਜਾਂ ਜਿਉਣ ਦੀ ਕੋਈ ਪ੍ਰਵਾਹ ਨਹੀਂ ਹੈ, ਜਦੋਂ ਮੈਂ ਮਰਾਂਗੀ ਤਾਂ ਮੇਰੇ ਖ਼ੂਨ ਦਾ ਹਰੇਕ ਕਤਰਾਂ ਭਾਰਤ ਨੂੰ ਤਾਕਤਵਰ ਬਣਾਵੇਗਾ’ ਭਾਰਤੀਆਂ ਵਿੱਚ ਯਾਦਗਾਰ ਦੇ ਅੰਦਰਲੀ ਭਾਵਨਾਤਮਿਕ ਯਾਦਗਾਰ ਦਾ ਅਹਿਸਾਸ ਪੈਦਾ ਕਰਦੇ ਹਨ| ਹਵਾਲੇ ਦੇ ਤੌਰ ’ਤੇ ਛਾਪੇ ਗਏ ਇਹ ਸ਼ਬਦ ਕੱਟੇ-ਵੱਢੇ ਹੋਏ ਪਵਿੱਤਰ ਕੁਰਬਾਨ ਹੋਏ ਹਿੰਦੂ ਸਰੀਰ ਦਾ ਭਾਵ ਪੈਦਾ ਕਰਦੇ ਹਨ ਅਤੇ ਉਸ ਦੇ ਖੂਨ ਦੇ (ਭਾਰਤੀ) ਕੌਮ ਦੀ ਧਰਤੀ ’ਤੇ ਡੁੱਲ੍ਹਣ ਅਤੇ ਫੈਲਣ ਦਾ ਗੁੱਝਾ ਚਿੰਨ੍ਹਾਤਮਕ ਭੇਦ ਭਾਰਤੀਆਂ ਦਾ ਬਲੀਦਾਨ ਦੀ ਵੈਦਿਕ ਹਿੰਦੂ ਵਿਚਾਰਧਾਰਾ ਨਾਲ ਸੰਵਾਦ ਰਚਾਉਂਦਾ ਹੈ, ਇੱਥੇ ਕੱਟਿਆ-ਵੱਢਿਆ ਸਰੀਰ ਅਤੇ ਡੁੱਲਿ੍ਹਆ ਖੂਨ ਉਪਜਾਉ ਬਣ ਜਾਂਦਾ ਹੈ| ਰਸਤੇ ਵਿੱਚ ਖੂਨ ਦੇ ਨਿਸ਼ਾਨ ਅਤੇ ਖੂਨ ਨਾਲ ਭਿੱਜੀ ਸਾੜੀ ਰਾਹੀਂ ਰੱਬ ਦਾ ਅਹਿਸਾਸ ਕਰਨ ਵਾਂਗ ਅਤੇ ਕਿਸੇ ਪਵਿੱਤਰ ਚੀਜ਼ ਦੀ ਪੂਜਾ ਕਰਨ ਵਰਗੇ ਸਰੀਰਕ ਵਿਹਾਰ ‘ਦਰਸ਼ਣ’ ਦਾ ਰੂਪ ਧਾਰ ਲੈਂਦੇ ਹਨ, ਜੋ ‘ਯਾਦਗਾਰ’ ਨੂੰ ਪੂਜਾ- ਅਸਥਾਨ ਦਾ ਰੂਪ ਦੇ ਦਿੰਦੇ ਹਨ| (ਯਾਦਗਾਰ) ਨਾਲ ਜੁੜੇ ਇਹ ਅਹਿਸਾਸ ਅਤੇ ਯਾਦ ਕਰਨ ਦੀਆਂ ਰਸਮਾਂ ਇੱਕ ਧਰਮ-ਨਿਰਪੱਖ ਆਗੂ ਦੀ ਰਾਜਨੀਤਿਕ ਹਸਤੀ ਨੂੰ ‘ਦੇਵੀ ਮਾਤਾ’ ਦੇ ਟੁਕੜੇ-ਟੁਕੜੇ ਹੋਏ ਉਪਜਾਉ ਸਰੀਰ ਦੇ ਸੰਭਾਵਿਤ ਅਰਥਾਂ ਵਿੱਚ ਪੇਸ਼ ਕਰਦੀਆਂ ਹਨ।… ਪਰ ਉਗਰਵਾਦੀ ਭਿੰਡਰਾਂਵਾਲੇ ਦੀ ਕੋਈ ਯਾਦਗਾਰ ਨਹੀਂ ਬਣਾਈ ਗਈ, ਜੋ ਉਸ ਦੀ ਮੌਤ ਨੂੰ (ਅਰਥ) ਪ੍ਰਦਾਨ ਕਰਦੀ ਹੋਵੇ|”
ਇਹ ਲਿਖਤ ਇੱਕ ਪਾਸੇ ਸਿੱਖ-ਕੌਮਵਾਦ ਦੇ ਵਿਰੋਧ ਵਿੱਚ ਉੱਤਰਬਸਤੀਵਾਦੀ ਬਿਰਤਾਂਤਾਂ ਦੇ ਅਸਰ ਹੇਠ ਆਈਆਂ ਖਾਲਿਸਤਾਨੀ ਧਿਰਾਂ ਦੀ ਬੌਧਿਕ ਸਮਰੱਥਾ ’ਤੇ ਸੁਆਲ ਖੜ੍ਹਾ ਕਰਦੀ ਹੈ ਤਾਂ ਦੂਜੇ ਪਾਸੇ ਖਾਲਿਸਤਾਨੀ ਬੌਧਿਕਤਾ ਲਈ ਇੱਕ ਵੰਗਾਰ ਪੈਦਾ ਕਰਦੀ ਹੈ| ਹਿੰਦੂ ਭਾਰਤੀ ਬੌਧਿਕ ਵਰਗ ਖਾਲਿਸਤਾਨੀ ਲਹਿਰ ਨੂੰ ਹਿੰਦੂ ਸਮਾਜਿਕ ਪ੍ਰਬੰਧ ਦੇ ਹਿੰਸਕ ਵਿਰੋਧੀ ਵਜੋਂ ਚਿਤਵਦਾ ਹੈ ਅਤੇ ਇਸ ਨੂੰ ਸਿੱਖ ਇਤਿਹਾਸਕ ਪਛਾਣ ਦੀ ਤਾਕਤ ਦਾ ਅਹਿਸਾਸ ਹੈ; ਪਰ ਖਾਲਿਸਤਾਨੀ ਬੌਧਿਕਤਾ ਹਾਲੇ ਅਕਾਦਮਿਕ ਖੋਜ ਦੇ ਉਸ ਪੱਧਰ ’ਤੇ ਪਹੁੰਚ ਨਹੀਂ ਪਾਈ, ਜਿੱਥੇ ਇਹ ਖਾਲਿਸਤਾਨੀ ਲਹਿਰ ਅਤੇ ਸ੍ਰੀ ਦਰਬਾਰ ਸਾਹਿਬ ’ਤੇ ਭਾਰਤੀ ਹਮਲੇ ਦੀ ਸਾਂਝੀ ਯਾਦ ਨੂੰ ਭੂਤਕਾਲ ਵਿਚਲੀਆਂ ਬੋਧੀ ਅਤੇ ਮੁਸਲਿਮ ਲਹਿਰਾਂ ਦੇ ਸੰਦਰਭ ਵਿੱਚ ਸਿੱਖ ਸਮਾਜ ਦੇ ਵੱਖ-ਵੱਖ ਸਮੂਹਾਂ ਨੂੰ ਹਿੰਦੂ ਸਮਾਜਿਕ ਪ੍ਰਬੰਧ ਦੇ ਟਾਕਰੇ ਲਈ ਏਕੀਕ੍ਰਿਤ ਇਕਾਈ ਵਜੋਂ ਤਿਆਰ ਕਰ ਸਕੇ| ਖਾਲਿਸਤਾਨੀ ਬੌਧਿਕਤਾ ਨੂੰ ‘ਕੌਮੀ, ਭਾਸ਼ਾਈ ਅਤੇ ਇਤਿਹਾਸਕ ਪਛਾਣਾਂ ਦੇ ਬੋਝ ਤੋਂ ਆਜ਼ਾਦ ਸਿੱਖ ਰੁਹਾਨੀਅਤ ਅਤੇ ਨਿਰਮਲ ਅਧਿਆਤਮਵਾਦੀ ਸਿੱਖ ਏਕੇ ਅਤੇ ‘ਸਨਾਤਨ ਸਿੱਖ ਪਰੰਪਰਾ’ ਵਰਗੀਆਂ ਹਿੰਦੂ ਨਵ-ਬਸਤੀਵਾਦੀ ਘਾੜਤਾਂ ਦਾ ਟਾਕਰਾ ਕਰਨ ਲਈ ਇਹ ਤੱਥ ਸਿੱਖ ਸਮਾਜਿਕ ਯਾਦਾਂ ਦਾ ਹਿੱਸਾ ਬਣਾਉਣੇ ਪੈਣਗੇ ਕਿ ਹਿੰਦੂ ਸੱਭਿਅਤਾ ਨੇ ਕਿਵੇਂ ਨਿਰਮਲ ਅਧਿਆਤਮਵਾਦੀ, ਸ਼ਾਂਤੀ ਪਸੰਦ ਅਤੇ ਅਹਿੰਸਕ ਰੂਹਾਨੀਅਤ ਆਦਰਸ਼ਾਂ ਵਾਲੇ ਬੋਧੀਆਂ ਦਾ ਭਾਰਤ ਵਿੱਚੋਂ ਖਾਤਮਾ ਕੀਤਾ| ਅੰਤਰ-ਧਾਰਮਿਕ ਖੁੱਲ੍ਹੇਪਣ ਦੇ ਹਿੰਦੂ ਆਦਰਸ਼ਾਂ ਦੀ ਵਕਾਲਤ ਕਰਨ ਵਾਲੇ ਉਤਰਬਸਤੀਵਾਦੀ ਸਿੱਖਾਂ ਨੂੰ ਯਾਦ ਹੋਣਾ ਚਾਹੀਦਾ ਹੈ ਕਿ ਪਾਕਿਸਤਾਨ ਵਿੱਚ ਨਾ ਜਾਣ ਵਾਲੇ ਭਾਰਤੀ ਮੁਸਲਮਾਨਾਂ ਨਾਲ ਕਿਹੋ ਜਿਹਾ ਵਿਹਾਰ ਹੋ ਰਿਹਾ ਹੈ| ਇਸ ਤਰ੍ਹਾਂ ਹਿੰਦੂ ਸਮਾਜਿਕ ਪ੍ਰਬੰਧ ਦੇ ਸੱਭਿਆਚਾਰਕ ਦੁਸ਼ਮਣ ਅਤੇ ਵਿਰੋਧੀ ਦੇ ਖਾਤਮੇ ਦੇ ਅਮਲ ਬਾਰੇ ਸਿੱਖ ਚੇਤਨਾ ਨੂੰ ਲਗਾਤਾਰ ਚੇਤੰਨ ਬਣਾਈ ਰੱਖਣ ਦੀ ਕਾਬਲੀਅਤ ਖਾਲਿਸਤਾਨੀ ਬੌਧਿਕਤਾ ਦੇ ਵਿਧੀਵੱਤ ਵਿਗਾਸ ਦੀ ਸੰਭਾਵਨਾ ਪੈਦਾ ਕਰ ਸਕਦੀ ਹੈ|