*2008 ਤੋਂ ਬਾਅਦ 14 ਸਰਕਾਰਾਂ ਬਣੀਆਂ ਤੇ ਅਧਵਾਟੇ ਟੁੱਟੀਆਂ
ਪੰਜਾਬੀ ਪਰਵਾਜ਼ ਬਿਊਰੋ
ਦਹਾਕਿਆਂ ਤੋਂ ਗਰੀਬੀ, ਬੇਕਾਰੀ ਨਾਲ ਜੂਝਦੇ ਨੇਪਾਲੀ ਨੌਜਵਾਨਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਹੈ। ਬੇਰੁਜ਼ਗਾਰੀ ਅਤੇ ਭ੍ਰਿਸ਼ਟ ਨੇਪਾਲੀ ਰਾਜ ਪ੍ਰਬੰਧ ਤੋਂ ਸਤੇ ਹੋਏ ਨੌਜਵਾਨਾਂ ਨੇ ਜਦੋਂ ਦੇਸ਼ ਦੀ ਪਾਰਲੀਮੈਂਟ ਵਿੱਚ ਜ਼ਬਰਦਸਤੀ ਦਾਖਲ ਹੋਣ ਦਾ ਯਤਨ ਕੀਤਾ ਤਾਂ ਨੇਪਾਲੀ ਫੌਜ ਅਤੇ ਨੀਮ ਸੁਰੱਖਿਆ ਦਸਤਿਆਂ ਵੱਲੋਂ ਚਲਾਈ ਗਈ ਗੋਲੀ ਨਾਲ 19 ਪ੍ਰਦਰਸ਼ਨਕਾਰੀ ਨੌਜਵਾਨ ਮਾਰੇ ਗਏ ਅਤੇ 100 ਤੋਂ ਵੱਧ ਜ਼ਖਮੀ ਹੋ ਗਏ। ਇਸ ਦੌਰਾਨ ਕਈ ਹੋਰ ਸ਼ਹਿਰਾਂ ਅਤੇ ਕਸਬਿਆਂ ਵਿੱਚ ਵੀ ਪੁਲਿਸ ਅਤੇ ਸਰਕਾਰੀ ਸੁਰੱਖਿਆ ਦਸਤਿਆਂ ਨਾਲ ਝੜਪਾਂ ਵਿੱਚ 2 ਵਿਅਕਤੀਆਂ ਦੇ ਮਾਰੇ ਜਾਣ ਅਤੇ ਕਈਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।
ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ ਵਾਪਰੇ ਇਸ ਘਟਨਾਕ੍ਰਮ ਦਾ ਤਤਕਾਲੀ ਕਾਰਨ ਨੇਪਾਲ ਸਰਕਾਰ ਵੱਲੋਂ ਫੇਸ-ਬੁੱਕ ਅਤੇ ਯੂਟਿਊਬ ਆਨਲਾਈਨ ਪਲੇਟਫਾਰਮਾਂ ਉੱਪਰ ਲਗਾਈ ਗਈ ਪਾਬੰਦੀ ਹੈ। ਦੂਜੇ ਪਾਸੇ ਨੇਪਾਲ ਸਰਕਾਰ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਨੂੰ ਰੈਗੂਲੇਟ ਕਰਨ ਦੇ ਲਈ ਚੁੱਕੇ ਗਏ ਕਦਮਾਂ ਤਹਿਤ ਕੁਝ ਅਜਿਹੇ ਸੋਸ਼ਲ ਪਲੇਟਫਾਰਮਾਂ ‘ਤੇ ਪਾਬੰਦੀ ਲਗਾਈ ਗਈ ਹੈ, ਜਿਨ੍ਹਾਂ ਨੇ ਸਰਕਾਰ ਵੱਲੋਂ ਦਿੱਤੇ ਗਏ ਸਮੇਂ ਵਿੱਚ ਆਪਣੇ ਆਪ ਨੂੰ ਰਜਿਸਟਰ ਨਹੀਂ ਕਰਵਾਇਆ।
ਇੰਟਰਨੈਸ਼ਨਲ ਮੀਡੀਆ ਵਿੱਚ ਪ੍ਰਕਾਸ਼ਤ ਹੋਈਆਂ ਰਿਪੋਰਟਾਂ ਅਨੁਸਾਰ ‘ਜੈਨ ਜੈਡ’ ਮੰਚ ਨਾਲ ਜੁੜੇ ਨੌਜਵਾਨ ਪ੍ਰਦਰਸ਼ਨਕਾਰੀਆਂ ਵੱਲੋਂ ਬੀਤੀ 8 ਸਤੰਬਰ ਨੂੰ ਪੁਲਿਸ ਦੇ ਬੈਰੀਕੇਡ ਤੋੜ ਕੇ ਕਾਠਮੰਡੂ ਵਿੱਚ ਸਥਿਤ ਨੇਪਾਲੀ ਪਾਰਲੀਮੈਂਟ ਵਿੱਚ ਦਾਖਲ ਹੋਣ ਦਾ ਯਤਨ ਕੀਤਾ ਗਿਆ। ਪੁਲਿਸ ਅਧਿਕਾਰੀਆਂ ਅਨੁਸਾਰ ਪ੍ਰਦਸ਼ਨਕਾਰੀਆਂ ਨੇ ਇਸ ਦੌਰਾਨ ਇੱਕ ਐਂਬੂਲੈਂਸ ਨੂੰ ਅੱਗ ਲਗਾ ਦਿੱਤੀ ਅਤੇ ਦੰਗਾ ਵਿਰੋਧੀ ਨੇਪਾਲੀ ਪੁਲਿਸ ‘ਤੇ ਪੱਥਰ ਵੀ ਸੁੱਟੇ। ਇਸ ਦੌਰਾਨ ਇੱਕ ਪ੍ਰਦਸ਼ਨਕਾਰੀ ਨੇ ਦੱਸਿਆ ਕਿ ਪੁਲਿਸ ਨੇ ਇਕੱਠੇ ਹੋਏ ਪ੍ਰਦਸ਼ਨਕਾਰੀਆਂ ‘ਤੇ ਅਨ੍ਹੇਵਾਹ ਫਾਇਰਿੰਗ ਕੀਤੀ। ਉਸ ਅਨੁਸਾਰ ਉਹਦੇ ਪਿੱਛੇ ਖੜ੍ਹੇ ਇੱਕ ਨੌਜੁਆਨ ਦੇ ਹੱਥ ਵਿੱਚ ਗੋਲੀ ਲੱਗੀ। ਕਾਠਮੰਡੂ ਪੁਲਿਸ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ 28 ਪੁਲਿਸ ਮੁਲਾਜ਼ਮਾਂ ਸਮੇਤ 100 ਜ਼ਖ਼ਮੀਆਂ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਕਰਵਾਇਆ ਗਿਆ ਹੈ। ਪ੍ਰਦਸ਼ਨਕਾਰੀਆਂ ਵੱਲੋਂ ਆਪਣੇ ਜ਼ਖਮੀ ਹੋਏ ਸਾਥੀਆਂ ਨੂੰ ਮੋਟਰਸਾਈਕਲਾਂ ‘ਤੇ ਬਿਠਾ ਕੇ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ। ਯਾਦ ਰਹੇ, ਨੇਪਾਲ ਸਰਕਾਰ ਵੱਲੋਂ ਲਏ ਗਏ ਇੱਕ ਫੈਸਲੇ ਵਿੱਚ ਮੈਟਾ, ਫੇਸਬੁੱਕ ਸਮੇਤ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਪਰ ਪਾਬੰਦੀ ਲਾਈ ਗਈ ਸੀ। ਨੇਪਾਲ ਦੇ ਤਿੰਨ ਮਿਲੀਅਨ ਲੋਕਾਂ ਵਿੱਚੋਂ 90 ਫੀਸਦੀ ਇੰਟਰਨੈਟ ਦੀ ਵਰਤੋਂ ਕਰਦੇ ਹਨ।
ਨੇਪਾਲੀ ਸਰਕਾਰੀ ਅਧਿਕਾਰੀਆਂ ਦਾ ਆਖਣਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ, ਇਨ੍ਹਾਂ ਵੱਲੋਂ ਫੈਲਾਏ ਜਾ ਰਹੇ ਝੂਠੇ ਨੈਰੇਟਿਵ, ਝੂਠੀਆਂ ਖ਼ਬਰਾਂ ਫੈਲਾਏ ਜਾਣ, ਜਾਅਲੀ ਨਾਵਾਂ ਹੇਠ ਬਣਾਏ ਗਏ ਅਕਾਊਂਟਾਂ ਕਾਰਨ ਬੰਦ ਕੀਤੇ ਗਏ ਹਨ। ਪ੍ਰਦਰਸ਼ਨ ਅਸਲ ਵਿੱਚ ਉਸ ਸਮੇਂ ਹੋਣੇ ਸ਼ੁਰੂ ਹੋਏ, ਜਦੋਂ ਦੇਸ਼ ਦੇ ਪੂਰਬੀ ਸ਼ਹਿਰ ਇਤਿਹਾਰੀ ਵਿੱਚ 2 ਵਿਅਕਤੀਆਂ ਦੀ ਮੌਤ ਪੁਲਿਸ ਗੋਲੀਬਾਰੀ ਨਾਲ ਹੋਈ। ਨੇਪਾਲ ਦੇ ਗ੍ਰਹਿ ਮੰਤਰੀ ਰਮੇਸ਼ ਲੇਖਕ ਨੇ ਉਪਰੋਕਤ ਘਟਨਾ ਦੀ ਇਖਲਾਕੀ ਜ਼ਿੰਮੇਵਾਰੀ ਲੈਂਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਵੀ ਅਸਤੀਫਾ ਦੇ ਦਿੱਤਾ। ਫੌਜ ਦੇ ਹੈਲੀਕਾਪਟਰ ਵਿੱਚ ਉਨ੍ਹਾਂ ਨੂੰ ਅਣਜਾਣ ਥਾਂ ’ਤੇ ਲਿਜਾਇਆ ਗਿਆ। ਇਸ ਤੋਂ ਬਾਅਦ ਰਾਸ਼ਟਰਪਤੀ ਰਾਮ ਚੰਦਰ ਪੌਡੇਲ ਨੇ ਵੀ ਅਸਤੀਫਾ ਦੇ ਦਿੱਤਾ।
ਨੇਪਾਲ ਦੇ ਪ੍ਰਧਾਨ ਮੰਤਰੀ ਸ਼ਰਮਾ ਓਲੀ ਨੇ ਬੀਤੇ ਸੋਮਵਾਰ ਸਵੇਰੇ ਭੜਕੀ ਇਸ ਹਿੰਸਾ ਦੇ ਮੱਦੇਨਜ਼ਰ ਐਮਰਜੈਂਸੀ ਮੀਟਿੰਗ ਸੱਦੀ ਸੀ। ਯਾਦ ਰਹੇ, ਲੰਘੇ ਸੋਮਵਾਰ ਰਾਜਧਾਨੀ ਕਾਠਮੰਡੂ ਵਿਖੇ ਸਥਿਤ ਪਾਰਲੀਮੈਂਟ ਦੀ ਇਮਾਰਤ ਕੋਲ ਹਜ਼ਾਰਾਂ ਪ੍ਰਦਰਸ਼ਨਕਾਰੀ ਇਕੱਠੇ ਹੋ ਗਏ ਸਨ, ਜਿਨ੍ਹਾਂ ਵਿੱਚ ਕਾਲਜਾਂ ਅਤੇ ਸਕੂਲਾਂ ਦੀਆਂ ਵਰਦੀਆਂ ਵਾਲੇ ਨੌਜਵਾਨ ਮੁੰਡੇ ਵੀ ਸ਼ਾਮਲ ਸਨ। ਪ੍ਰਦਸ਼ਨਕਾਰੀਆਂ ਨੇ ਹੱਥਾਂ ਵਿੱਚ ਬੈਨਰ ਫੜੇ ਹੋਏ ਸਨ, ਜਿਨ੍ਹਾਂ ਉੱਪਰ ਲਿਖਿਆ ਹੋਇਆ ਸੀ, ‘ਸੋਸ਼ਲ ਮੀਡੀਆ ਨਹੀਂ, ਭ੍ਰਿਸ਼ਟਾਚਾਰ ਬੰਦ ਕਰੋ’, ‘ਸੋਸ਼ਲ ਮੀਡੀਆ ਤੋਂ ਪਾਬੰਦੀ ਹਟਾਓ’ ਅਤੇ ‘ਯੂਥ ਅਗੇਨਸਟ ਕੁਰੱਪਸ਼ਨ।’ ਇਨ੍ਹਾਂ ਪ੍ਰਦਰਸ਼ਨਾਂ ਨੂੰ ਜਥੇਬੰਦ ਕਰਨ ਵਾਲੇ ਨੇਪਾਲੀ ਆਪਣੇ ਮੰਚ ਨੂੰ ਡੈਮੋਸਟਰੇਸ਼ਨਸ ‘ਜੈਨ ਜੀ’ ਦਾ ਨਾਂ ਦਿੰਦੇ ਹਨ।
ਮਨੁੱਖੀ ਅਧਿਕਾਰਾਂ ਸੰਬੰਧੀ ਜਥੇਬੰਦੀ ‘ਏਸ਼ੀਆ ਵਾਚ’ ਨੇ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਨੇਪਾਲੀ ਸਰਕਾਰ ਇਨ੍ਹਾਂ ਪ੍ਰਦਰਸ਼ਨਾਂ ਨੂੰ ਅਮਨ ਕਾਨੂੰਨ ਦੀ ਸਮੱਸਿਆ ਵਜੋਂ ਨਾ ਲਵੇ। ਇਹ ਪ੍ਰਦਰਸ਼ਨ ਨੇਪਾਲ ਵਿੱਚ ਪ੍ਰਚਲਤ ਭਾਈ-ਭਤੀਜਾਵਾਦ, ਮਾੜੇ ਪ੍ਰਸ਼ਾਸਨ ਕਾਰਨ ਪੈਦਾ ਹੋ ਰਹੀ ਨਿਰਾਸ਼ਾ ਨੂੰ ਪ੍ਰਗਟਾਉਂਦੇ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਸ਼ਰਮਾ ਓਲੀ ਦੀ ਨੇਪਾਲ ਸਰਕਾਰ ਵਿੱਚ ਭ੍ਰਿਸ਼ਟਾਚਾਰ ਵੱਡੀ ਪੱਧਰ ‘ਤੇ ਮੌਜੂਦ ਹੈ। ਨੌਕਰੀਆਂ ਅਤੇ ਆਰਥਕ ਮੌਕਿਆਂ ਦੀ ਘਾਟ ਹੋਣ ਕਾਰਨ ਬਹੁਤ ਸਾਰੇ ਨੇਪਾਲੀ ਨੌਜਵਾਨ ਪਰਵਾਸ ਕਰ ਰਹੇ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ 239 ਸਾਲ ਪੁਰਾਣੀ ਰਾਜਾਸ਼ਾਹੀ 2008 ਵਿੱਚ ਖਤਮ ਹੋਣ ਤੋਂ ਬਾਅਦ ਨੇਪਾਲ ਸਦਾ ਰਾਜਨੀਤਿਕ ਅਸਥਿਰਤਾ ਦਾ ਸ਼ਿਕਾਰ ਰਿਹਾ ਹੈ। ਇਸ ਤੋਂ ਬਾਅਦ ਨੇਪਾਲ ਵਿੱਚ 14 ਸਰਕਾਰਾਂ ਬਣੀਆਂ ਹਨ। ਇਨ੍ਹਾਂ ਵਿੱਚੋਂ ਕਿਸੇ ਨੇ ਵੀ ਆਪਣਾ ਕਾਰਜਕਾਲ ਪੂਰਾ ਨਹੀਂ ਕੀਤਾ।
ਜਿਵੇਂ ਸਾਰੀ ਦੁਨੀਆਂ ਦੇ ਸਿਆਸੀ ਖੇਤਰ ਵਿੱਚ ਹੋ ਰਿਹਾ ਹੈ, ਜ਼ਮਹੂਰੀ ਅਤੇ ਗੈਰ-ਜ਼ਮਹੂਰੀ ਸਰਕਾਰ ਦੀਆਂ ਲੋਕਾਂ ਤੋਂ ਦੂਰੀਆਂ ਵਧ ਰਹੀਆਂ ਹਨ। ਵਿਕਸਤ-ਅਵਿਕਸਤ, ਵੱਖ-ਵੱਖ ਮੁਲਕਾਂ ਵਿੱਚ ਇਸ ਦੇ ਦਿਸਦੇ ਕਾਰਨ ਵੱਖੋ-ਵੱਖਰੇ ਹੋ ਸਕਦੇ ਹਨ, ਪ੍ਰਗਟ ਹੋ ਰਹੇ ਕਲੇਸ਼ਾਂ ਦੀ ਪਰ ਤਾਸੀਰ ਸਾਂਝੀ ਹੈ। ਇਹ ਇਉਂ ਹੈ ਕਿ ਦੁਨੀਆਂ ਦੇ ਬਹੁਤੇ ਮੁਲਕਾਂ ਦਾ ਰੂਲਿੰਗ ਐਲੀਟ ਆਪਣੇ ਲੋਕਾਂ ਨਾਲੋਂ ਟੁੱਟ ਚੁੱਕਾ ਹੈ ਜਾਂ ਤੇਜ਼ੀ ਨਾਲ ਟੁੱਟ ਰਿਹਾ ਹੈ।
ਨੇਪਾਲ ਨੇ ਪਿਛਲੇ ਚਾਰ ਪੰਜ ਦਹਾਕਿਆਂ ਵਿੱਚ ਕਈ ਸਾਰੇ ਰਾਜਨੀਤਿਕ ਤਜਰਬੇ ਕੀਤੇ ਹਨ, ਪਰ ਤਕਰੀਬਨ ਸਾਰੇ ਹੀ ਅਸਫਲ ਰਹੇ ਹਨ। ਸਾਲ 1996 ਤੋਂ 2006 ਤੱਕ ਨੇਪਾਲ ਵਿੱਚ ਕਮਿਊਨਿਸਟ ਪਾਰਟੀ ਆਫ ਨੇਪਾਲ (ਮਾਓਇਸਟ) ਨੇ ਦੇਸ਼ ਵਿੱਚ ਮੌਜੂਦ ਰਾਜਾਸ਼ਾਹੀ ਖਿਲਾਫ ਇੱਕ ਹਥਿਆਰਬੰਦ ਗੁਰੀਲਾ ਸੰਘਰਸ਼ ਲੜਿਆ। ਇਹ ਇੱਕ ਤਰ੍ਹਾਂ ਦੀ ਸਿਵਲ ਵਾਰ ਹੀ ਸੀ। ਮਾਓਵਾਦੀ ਆਗੂ ਪ੍ਰਚੰਡ ਦੀ ਅਗਵਾਈ ਵਿੱਚ ਲੜੇ ਗਏ ਇਸ ਸੰਘਰਸ਼ ਨੇ ਇੱਕ ਵਾਰ ਤਾਂ ਭਾਰਤ ਨਾਲ ਨਜ਼ਦੀਕੀਆਂ ਰੱਖਣ ਵਾਲੀ ਰਾਜਾਸ਼ਾਹੀ ਦੀਆਂ ਨੀਂਹਾਂ ਹਿਲਾ ਦਿੱਤੀਆਂ ਸਨ; ਪਰ ਫਿਰ 2006 ਵਿੱਚ ਨੇਪਾਲੀ ਕਮਿਊਨਿਸਟ ਪਾਰਟੀ ਦੀ ਲੀਡਰਸ਼ਿਪ ਨੇ ਦੇਸ਼ ਵਿੱਚ ਜ਼ਮਹੂਰੀ ਵੋਟ ਪ੍ਰਣਾਲੀ ਰਾਹੀਂ ਸੱਤਾ ਵਿੱਚ ਆਉਣ ਦਾ ਫੈਸਲਾ ਕਰ ਲਿਆ।
ਨੇਪਾਲੀ ਕਮਿਊਨਿਸਟਾਂ ਨੇ ਦੇਸ਼ ਵਿੱਚ ਤਾਜ਼ਾ ਤਾਜ਼ਾ ਸ਼ੁਰੂ ਕੀਤੀ ਗਈ ਸੀਮਤ ਡੈਮੋਕਰੇਟਿਕ ਚੋਣ ਪ੍ਰਣਾਲੀ ਰਾਹੀਂ ਸੱਤਾ ਹਾਸਲ ਵੀ ਕਰ ਲਈ, ਪਰ ਹਾਸਲ ਕੀਤੀ ਸੱਤਾ ਦੇ ਨਸ਼ੇ ਨੇ ਹੌਲੀ ਹੌਲੀ ਨੇਪਾਲੀ ਕਮਿਊਨਿਸਟਾਂ ਦਾ ‘ਇਨਕਲਾਬੀ ਕਣ’ ਮਾਰ ਦਿੱਤਾ। ਨੇਪਾਲੀ ਕਮਿਊਨਿਸਟ ਪਾਰਟੀ, ਜਿਵੇਂ ਕਿ ਇਸ ਦਾ ਦਾਅਵਾ ਸੀ, ਨਾ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰ ਸਕੀ, ਨਾ ਹੀ ਦੇਸ਼ ਦੀ ਆਰਥਿਕਤਾ ਨੂੰ ਪੈਰਾਂ ਸਿਰ ਕਰ ਸਕੀ ਅਤੇ ਨਾ ਦੇਸ਼ ਵਿੱਚੋਂ ਰਾਜਾਸ਼ਾਹੀ ਤੰਤਰ ਦੀਆਂ ਜੜ੍ਹਾਂ ਪੁੱਟ ਸਕੀ। ਰਾਜਾਸ਼ਾਹੀ ਅੱਧ-ਪਚੱਧੇ ਰੂਪ ਵਿੱਚ ਅੱਜ ਵੀ ਨੇਪਾਲ ਵਿੱਚ ਮੌਜੂਦ ਹੈ ਅਤੇ ਇਸ ਨੇ ਕਥਿਤ ਜਮਹੂਰੀਅਤ ਰਾਹੀਂ ਅੱਗੇ ਆਏ ਨੇਪਾਲੀ ਰੂਲਿੰਗ ਐਲੀਟ ਨਾਲ ਸਾਂਝ ਪਾ ਲਈ ਹੈ। ਇਸ ਤਰ੍ਹਾਂ ਸਿਸਟਮ ਨੂੰ ਬਦਲਣ ਤੁਰੇ ਨੇਪਾਲੀ ਕਮਿਊਨਿਸਟ ਆਪ ਸਿਸਟਮ ਦਾ ਹਿੱਸਾ ਹੋ ਗਏ ਹਨ। ਇੱਕ ਵਿਚਾਰ ਪ੍ਰਬੰਧ ਦੀ ਜਕੜ ਵਿੱਚ ਕਾਠੇ ਹੋਏ ਕਮਿਊਨਿਸਟਾਂ ਦੇ ਦਿਮਾਗ ਇਹ ਨਾ ਸਮਝ ਸਕੇ ਕਿ ਸੰਸਾਰ ਦੀ ਆਰਥਕ, ਸਿਆਸੀ ਤੇ ਬੌਧਿਕ ਧਾਰਾ ਉਨ੍ਹਾਂ ਨੂੰ ਬਹੁਤ ਪਿੱਛੇ ਛੱਡ ਗਈ ਹੈ ਅਤੇ ਸਮਾਂ ਉਨ੍ਹਾਂ ਦੇ ਪੈਰਾਂ ਹੇਠੋਂ ਸਿਆਸੀ ਜ਼ਮੀਨ ਨੂੰ ਤੇਜ਼ੀ ਨਾਲ ਖਿੱਚ ਰਿਹਾ ਹੈ।
ਸਾਬਕਾ ਪ੍ਰਧਾਨ ਮੰਤਰੀ ਦੀ ਪਤਨੀ ਨੂੰ ਜਿੰਦਾ ਸਾੜਿਆ
ਨੇਪਾਲ ਵਿੱਚ ਹਿੰਸਕ ਘਟਨਾਵਾਂ ਦੌਰਾਨ ਰਾਜਧਾਨੀ ਵਿੱਚ ਹਾਲਾਤ ਬਹੁਤ ਤਣਾਅਪੂਰਨ ਹਨ ਅਤੇ ਸੁਰੱਖਿਆ ਬਲ ਸਥਿਤੀ ਨੂੰ ਕਾਬੂ ਕਰਨ ਵਿੱਚ ਨਾਕਾਮ ਰਹੇ। ਪ੍ਰਦਰਸ਼ਨਕਾਰੀਆਂ ਨੇ ਸਾਬਕਾ ਪ੍ਰਧਾਨ ਮੰਤਰੀ ਝਲਨਾਥ ਖਨਾਲ ਦੇ ਘਰ ਨੂੰ ਅੱਗ ਲਾ ਦਿੱਤੀ। ਘਰ ਵਿੱਚ ਉਨ੍ਹਾਂ ਦੀ ਪਤਨੀ ਰਾਜਲਕਸ਼ਮੀ ਚਿਤਰਕਾਰ ਸਨ। ਉਹ ਬੁਰੀ ਤਰ੍ਹਾਂ ਸੜ ਗਈ ਅਤੇ ਕੀਰਤੀਪੁਰ ਬਰਨ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ।
ਰਾਜਧਾਨੀ ਕਾਠਮੰਡੂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹੋਈਆਂ ਝੜਪਾਂ ਅਤੇ ਅੱਗਜ਼ਨੀ ਵਿੱਚ ਹੁਣ ਤੱਕ 21 ਲੋਕ ਮਾਰੇ ਜਾ ਚੁੱਕੇ ਹਨ ਅਤੇ 400 ਦੇ ਕਰੀਬ ਲੋਕ ਜ਼ਖਮੀ ਦੱਸੇ ਗਏ ਹਨ। ਪ੍ਰਦਰਸ਼ਨਕਾਰੀਆਂ ਨੇ ਸੰਸਦ ਭਵਨ ਨੂੰ ਅੱਗ ਲਾ ਦਿੱਤੀ ਅਤੇ ਪ੍ਰਧਾਨ ਮੰਤਰੀ ਸ਼ਰਮਾ ਓਲੀ, ਰਾਸ਼ਟਰਪਤੀ ਰਾਮ ਚੰਦਰ ਪੌਡੇਲ ਅਤੇ ਗ੍ਰਹਿ ਮੰਤਰੀ ਦੇ ਨਿੱਜੀ ਘਰਾਂ ’ਤੇ ਹਮਲਾ ਕਰ ਕੇ ਭੰਨ-ਤੋੜ ਅਤੇ ਅੱਗਜ਼ਨੀ ਕੀਤੀ।