ਮੋਦੀ ਵੱਲੋਂ ਪੰਜਾਬ ਨੂੰ 1600 ਕਰੋੜ ਦੀ ਮਦਦ ਦਾ ਐਲਾਨ

ਖਬਰਾਂ

ਹੜ੍ਹ ਰਾਹਤ ਫੰਡ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਿਆਨਕ ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬ ਦੇ ਲੋਕਾਂ ਲਈ 1600 ਕਰੋੜ ਰੁਪਏ ਰਾਹਤ ਵਜੋਂ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪੰਜਾਬ ਦੇ ਹੜ੍ਹ ਮਾਰੇ ਖੇਤਰਾਂ ਦਾ ਹਵਾਈ ਦੌਰਾ ਕੀਤਾ। ਪੰਜਾਬ ਇਸ ਵਾਰ ਪਿਛਲੇ 40 ਸਾਲਾਂ ਦੇ ਸਭ ਤੋਂ ਭਿਆਨਕ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਪ੍ਰਧਾਨ ਮੰਤਰੀ ਬੀਤੇ ਮੰਗਲਵਾਰ ਦੁਪਹਿਰ ਤੋਂ ਪਹਿਲਾਂ ਗੁਰਦਾਸਪੁਰ ਪਹੁੰਚੇ। ਪ੍ਰਧਾਨ ਮੰਤਰੀ ਇੱਥੇ ਐਨ.ਡੀ.ਆਰ.ਐਫ. ਤੇ ਸੀ.ਡੀ.ਆਰ.ਐਫ. ਟੀਮਾਂ ਤੋਂ ਇਲਾਵਾ ਹੜ੍ਹਾਂ ਨਾਲ ਪੀੜਤ ਲੋਕਾਂ ਨੂੰ ਮਿਲੇ।

ਪ੍ਰਧਾਨ ਮੰਤਰੀ ਦੀ ਇੱਥੇ ਸਰਕਾਰੀ ਅਧਿਕਾਰੀਆਂ ਨਾਲ ਮੀਟਿੰਗ ਵੀ ਹੋਈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਔਕੜਾਂ ਨੂੰ ਵੇਖਦਿਆਂ ਪੀ.ਐਮ. ਕਿਸਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਸਮੇਂ ਨਾਲੋਂ ਪਹਿਲਾਂ ਭੇਜੇ ਜਾਣਗੇ। 1600 ਕਰੋੜ ਰੁਪਏ ਹੜ੍ਹਾਂ ਲਈ ਮਦਦ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਹੜ੍ਹਾਂ ਵਿੱਚ ਮਾਰੇ ਗਏ ਲੋਕਾਂ ਲਈ ਦੋ ਲੱਖ ਰੁਪਏ ਐਕਸਗਰੇਸ਼ੀਆ ਗਰਾਂਟ ਅਤੇ ਜ਼ਖਮੀ ਹੋਣ ਵਾਲਿਆਂ ਲਈ 50,000 ਰੁਪਏ ਦੇਣ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹੜ੍ਹਾਂ ਕਾਰਨ ਜਿਹੜੇ ਸਕੂਲਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਸਮਗਰ ਸਿੱਖਿਆ ਅਭਿਆਨ ਅਧੀਨ ਸਹਾਇਤਾ ਦਿੱਤੀ ਜਾਵੇਗੀ।
ਪੰਜਾਬ ਆਉਣ ਤੋਂ ਪਹਿਲਾਂ ਉਹ ਹਿਮਾਚਲ ਪ੍ਰਦੇਸ ਵੀ ਗਏ। ਭਾਰੀ ਬਾਰਸ਼ਾਂ ਕਾਰਨ ਹੋਏ ਨੁਕਸਾ ਦਾ ਇੱਥੇ ਉਨ੍ਹਾਂ ਇੱਕ ਜਾਇਜ਼ਾ ਲਿਆ ਅਤੇ ਇਸ ਪਹਾੜੀ ਰਾਜ ਨੂੰ 1500 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਇੱਥੇ ਬੋਲਦਿਆਂ ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨਾਲ ਕੇਂਦਰ ਸਰਕਾਮ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਯਾਦ ਰਹੇ, ਪੰਜਾਬ ਸਰਕਾਰ ਨੇ ਹੜ੍ਹਾਂ ਦੀ ਮਾਰ ਨਾਲ ਨਜਿੱਠਣ ਲਈ 13000 ਕਰੋੜ ਰੁਪਏ ਦੀ ਮੰਗ ਕੀਤੀ ਸੀ। ਇਸ ਦੌਰਾਨ ‘ਆਪ’ ਦੀ ਪੰਜਾਬ ਲੀਡਰਸ਼ਿੱਪ ਨੇ ਇੱਕ ਬਿਆਨ ਵਿੱਚ ਕਿਹਾ ਕਿ ਪੰਜਾਬ ਵਿੱਚ ਜਿੱਡੀ ਵੱਡੀ ਪੱਧਰ ‘ਤੇ ਤਬਾਹੀ ਹੋਈ ਹੈ, ਉਸ ਦੇ ਹਿਸਾਬ ਨਾਲ 1600 ਕਰੋੜ ਰੁਪਏ ਨਾਕਾਫੀ ਹਨ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਪੰਜਾਬ ਰੂਰਲ ਫੰਡ ਅਤੇ ਜੀ.ਐਸ.ਟੀ. ਬਕਾਇਆ, ਜੋ ਸੱਠ ਹਜ਼ਾਰ ਕਰੋੜ ਰੁਪਏ ਬਣਦਾ ਹੈ, ਤੁਰੰਤ ਜਾਰੀ ਕਰੇ। ਯਾਦ ਰਹੇ, ਹੜ੍ਹਾਂ ਕਾਰਨ ਹੁਣ ਤੱਕ ਪੰਜਾਬ ਵਿੱਚ 51 ਮੌਤਾਂ ਹੋ ਚੁੱਕੀਆਂ ਹਨ, ਜਦਕਿ 2064 ਪਿੰਡ ਹੜ੍ਹਾਂ ਤੋਂ ਪ੍ਰਭਾਵਤ ਹੋਏ ਹਨ। ਇਕੱਲੇ ਗੁਰਦਾਸਪੁਰ ਜ਼ਿਲ੍ਹੇ ਵਿੱਚ 329 ਪਿੰਡ ਹੜ੍ਹਾਂ ਦੀ ਮਾਰ ਹੇਠ ਆਏ ਹਨ। ਪੰਜਾਬ ਵਿੱਚ ਹੜ੍ਹਾਂ ਦੌਰਾਨ ਗੁਰਦਾਸਪੁਰ ਤੋਂ ਇਲਾਵਾ ਅੰਮ੍ਰਿਤਸਰ, ਫਾਜ਼ਿਲਕਾ, ਫਿਰੋਜਪੁਰ, ਕਪੂਰਥਲਾ, ਹੁਸ਼ਿਆਰਪੁਰ, ਪਠਾਨਕੋਟ ਅਤੇ ਤਰਨਤਾਰਨ ਜ਼ਿਲ੍ਹੇ ਵਧੇਰੇ ਪ੍ਰਭਾਵਤ ਹੋਏ ਹਨ। 3.37 ਲੱਖ ਲੋਕ ਹੜ੍ਹਾਂ ਤੋਂ ਪੀੜਤ ਹੋਏ ਹਨ ਅਤੇ 15 ਜ਼ਿਲਿ੍ਹਆਂ ਵਿੱਚ 23,000 ਤੋਂ ਵੱਧ ਲੋਕਾਂ ਨੂੰ ਪਾਣੀ ਦੀ ਮਾਰ ਤੋਂ ਬਚਾਇਆ ਗਿਆ ਹੈ। ਯਾਦ ਰਹੇ, ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਪੰਜਾਬ ਪਹੁੰਚੇ ਸਨ ਅਤੇ ਉਨ੍ਹਾਂ ਨੇ ਹੜ੍ਹ ਮਾਰੇ ਪੰਜਾਬ ਦੇ ਕੁਝ ਖੇੁਤਰਾਂ ਦਾ ਦੌਰਾ ਕਰਦਿਆਂ ਕਿਹਾ ਸੀ ਕਿ ਪੰਜਾਬ ਸਰਕਾਰ ਦੀ ਨੱਕ ਹੇਠ ਹੋਏ ਨਾਜਾਇਜ਼ ਖਣਨ ਕਾਰਨ ਇਹ ਮਾਰ ਪਈ ਹੈ ਤੇ ਪੰਜਾਬ ਸਰਕਾਰ ਇਹਦੇ ਲਈ ਬਾਕਾਇਦਾ ਜ਼ਿੰਮੇਵਾਰ ਹੈ।

Leave a Reply

Your email address will not be published. Required fields are marked *