*152 ਵੋਟਾਂ ਨਾਲ ਜਿੱਤੇ ਸ੍ਰੀ ਕ੍ਰਿਸ਼ਨਨ
ਐਨ.ਡੀ.ਏ. ਦੇ ਉਮੀਦਵਾਰ ਸੀ.ਪੀ. ਰਾਧਾਕ੍ਰਿਸ਼ਨਨ ਭਾਰਤ ਦੇ ਨਵੇਂ ਉੱਪ ਰਾਸ਼ਟਰਪਤੀ ਚੁਣੇ ਗਏ ਹਨ। ਉਨ੍ਹਾਂ ਨੇ ਵਿਰੋਧੀ ਧਿਰ ਦੇ ਉਮੀਦਵਾਰ ਬੀ. ਸੁਦਰਸ਼ਨ ਰੈਡੀ ਨੂੰ 152 ਵੋਟਾਂ ਨਾਲ ਹਰਾਇਆ। ਰਾਧਾਕ੍ਰਿਸ਼ਨਨ ਨੂੰ ਜਿੱਤਣ ਲਈ 377 ਵੋਟਾਂ ਦੀ ਜ਼ਰੂਰਤ ਸੀ। ਰਾਜ ਸਭਾ ਦੇ ਸਕੱਤਰ ਜਨਰਲ ਪੀ.ਸੀ. ਮੋਦੀ ਨੇ ਬੀਤੇ ਮੰਗਲਵਾਰ ਦੱਸਿਆ ਕਿ ਮਹਾਰਾਸ਼ਟਰ ਦੇ ਸਾਬਕਾ ਗਵਰਨਰ ਤੇ ਐਨ.ਡੀ.ਏ. ਦੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਸੀ.ਪੀ. ਰਾਧਾਕ੍ਰਿਸ਼ਨਨ ਨੇ 452 ਪ੍ਰਥਮ ਤਰਜੀਹੀ ਵੋਟਾਂ ਹਸਲ ਕੀਤੀਆਂ।
ਇਸ ਤਰ੍ਹਾਂ ਉਹ ਦੇਸ਼ ਦੇ ਉੱਪ ਰਾਸ਼ਟਰਪਤੀ ਚੁਣੇ ਗਏ ਹਨ; ਜਦਕਿ ਵਿਰੋਧੀ ਧਿਰ ਦੇ ਉਮੀਦਵਾਰ ਜਸਟਿਸ ਸੁਦਰਸ਼ਨ ਰੈਡੀ ਨੇ 300 ਪ੍ਰਥਮ ਤਰਜੀਹੀ ਵੋਟਾਂ ਹਾਸਲ ਕੀਤੀਆਂ।
ਦਿਲਚਸਪ ਤੱਥ ਇਹ ਹੈ ਕਿ ਵਿਰੋਧੀ ਧਿਰ ਦੇ 315 ਪਾਰਲੀਮੈਂਟ ਮੈਂਬਰਾਂ ਨੇ ਵੋਟਾਂ ਪਾਈਆਂ। ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਨੇ ਸ੍ਰੀ ਸੀ.ਪੀ. ਰਾਧਾਕ੍ਰਿਸ਼Lਨਨ ਨੂੰ ਉੱਪ ਰਾਸ਼ਟਰਪਤੀ ਚੁਣੇ ਜਾਣ ‘ਤੇ ਵਧਾਈ ਦਿੰਦਿਆਂ ਕਿਹਾ ਕਿ ਮੈਨੂੰ ਵਿਸ਼ਵਾਸ਼ ਹੈ ਕਿ ਉੱਪ ਰਾਸ਼ਟਰਪਤੀ ਦਾ ਹੇਠਲੇ ਪੱਧਰ ਤੋਂ ਇਸ ਅਹੁਦੇ ਤੱਕ ਦਾ ਪ੍ਰਸ਼ਾਸਨਿਕ ਤਜਰਬਾ ਉਨ੍ਹਾਂ ਨੂੰ ਪਾਰਲੀਮੈਂਟਰੀ ਡੈਮੋਕਰੇਸੀ ਨੂੰ ਸਮਾਜ ਦੇ ਦੱਬੇ-ਕੁਚਲੇ ਤਬਕਿਆਂ ਦੀ ਸੇਵਾ ਵਿੱਚ ਭੁਗਤਾਉਣ ਲਈ ਮਦਦ ਕਰੇਗਾ। ਯਾਦ ਰਹੇ, ਰਾਸ਼ਟਰਪਤੀ ਦੀ ਚੋਣ ਮੰਗਲਵਾਰ ਸਵੇਰੇ 10 ਵਜੇ ਸ਼ਰੂ ਹੋਈ ਅਤੇ ਸ਼ਾਮ 5 ਵਜੇ ਸੰਪਨ ਹੋ ਗਈ। ਵੋਟਾਂ ਦੀ ਗਿਣਤੀ ਸ਼ਾਮ 6 ਵਜੇ ਸ਼ੁਰੂ ਹੋਈ। ਯਾਦ ਰਹੇ, ਮੌਜੂਦਾ ਪਾਰਲੀਮੈਂਟ ਦੇ 781 ਮੈਂਬਰ ਹਨ, ਜਿਨ੍ਹਾਂ ਵਿੱਚ 552 ਲੋਕ ਸਭਾ ਮੈਂਬਰ ਅਤੇ 239 ਰਾਜ ਸਭਾ ਮੈਂਬਰ ਹਨ। ਲੋਕ ਸਭਾ ਵਿੱਚ ਇੱਕ ਸੀਟ ਖਾਲੀ ਹੈ, ਜਦਕਿ ਰਾਜ ਸਭਾ ਵਿੱਚ 5 ਸੀਟਾਂ ਖਾਲੀ ਪਈਆਂ ਹਨ। 13 ਮੈਂਬਰ ਪਾਰਲੀਮੈਂਟ ਵੋਟ ਪਾਉਣ ਸਮੇਂ ਗੈਰ-ਹਾਜ਼ਰ ਰਹੇ। ਇਸ ਵਿੱਚ 7 ਮੈਂਬਰ ਬੀਜੂ ਜਨਤਾ ਦਲ, 4 ਭਾਰਤ ਰਾਸ਼ਟਰ ਸੰਮਤੀ, ਇੱਕ ਸ਼ਰੋਮਣੀ ਅਕਾਲੀ ਦਲ ਅਤੇ ਇੱਕ ਹੋਰ ਆਜ਼ਾਦ ਪਾਰਲੀਮਾਨੀ ਮੈਂਬਰ ਹੈ। ਯਾਦ ਰਹੇ, ਸ਼੍ਰੀ ਰਾਧਾਕ੍ਰਿਸ਼ਨਨ ਆਪਣੇ ਤੋਂ ਪਹਿਲੇ ਉੱਪ ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਦੇ ਬਿਮਾਰੀ ਦੀ ਵਜਾਹ ਕਾਰਨ ਇਸ ਅਹੁਦੇ ਤੋਂ ਅਸਤੀਫਾ ਦੇਣ ਤੋਂ ਦੋ ਮਹੀਨੇ ਬਾਅਦ ਚੁਣੇ ਗਏ ਹਨ। ਸ੍ਰੀ ਧਨਖੜ ਨੇ 21 ਜੁਲਾਈ ਨੂੰ ਅਸਤੀਫਾ ਦੇ ਦਿੱਤਾ ਸੀ। ਸੀ.ਪੀ. ਰਾਧਾਕ੍ਰਿਸ਼ਨਨ ਅਟਲ ਬਿਹਾਰੀ ਵਾਜਪਈ ਦੀ ਸਰਕਾਰ ਵੇਲੇ ਦੋ ਵਾਰ ਕੋਇੰਬਟੂਰ ਤੋਂ ਮੈਂਬਰ ਪਾਰਲੀਮੈਟ ਰਹੇ ਹਨ। 1998 ਵਿੱਚ ਇੱਕ ਵਾਰ ਉਹ ਮੰਤਰੀ ਬਣਦੇ ਬਣਦੇ ਰਹਿ ਗਏ ਸਨ। ਉਨ੍ਹਾਂ ਦੀ ਚੋਣ ਬਾਰੇ ਬੋਲਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਇੱਕ ਪ੍ਰੇਰਣਾਦਾਇਕ ਉੱਪ ਰਾਸ਼ਟਰਪਤੀ ਵਜੋਂ ਮਿਸਾਲ ਕਾਇਮ ਕਰਨਗੇ।