*ਐਂਟੋਨੀਓ ਗੁਟਰੇਸ ਨੇ ਅਮਨ ਅਤੇ ਜਲਵਾਯੂ ਪਰਿਵਰਤਨ ਰੋਕਣ ‘ਤੇ ਜ਼ੋਰ ਦਿੱਤਾ
*ਰਾਸ਼ਟਰਪਤੀ ਟਰੰਪ ਨੇ ਗਾਜ਼ਾ ਜੰਗ ਲਈ ਹਮਾਸ ਨੂੰ ਜ਼ਿੰਮੇਵਾਰ ਠਹਿਰਾਇਆ
ਪੰਜਾਬੀ ਪਰਵਾਜ਼ ਬਿਊਰੋ
ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਸੈਸ਼ਨ ਵਿੱਚ ਇੱਕ ਪਾਸੇ ਤਾਂ ਫਰਾਂਸ, ਇੰਗਲੈਂਡ, ਬੈਲਜੀਅਮ, ਲਗਜ਼ਮਬਰਗ, ਮਾਲਟਾ, ਮੋਨਾਕੋ ਜਿਹੇ ਮੁਲਕਾਂ ਨੇ ਫਲਿਸਤੀਨ ਨੂੰ ਇੱਕ ਆਜ਼ਾਦ ਮੁਲਕ ਵਜੋਂ ਮਾਨਤਾ ਦੇ ਦਿੱਤੀ ਹੈ, ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਯੁਕਤ ਰਾਸ਼ਟਰ ਦੀ ਲੀਡਰਸਿੱਪ, ਹਮਾਸ ਅਤੇ ਯੂਰਪੀ ਮੁਲਕਾਂ ਬਾਰੇ ਕੁਝ ਤਿੱਖੀਆਂ ਟਿੱਪਣੀਆਂ ਕੀਤੀਆਂ ਹਨ।
ਯਾਦ ਰਹੇ, ਯੂਰਪ ਦੇ ਕਈ ਪ੍ਰਮੁੱਖ ਮੁਲਕਾਂ ਨੇ ਫਲਿਸਤੀਨ ਦੀ ਪ੍ਰਭੂਸਤਾ ਨੂੰ ਮਾਨਤਾ ਦੇ ਦਿੱਤੀ ਹੈ। ਯੂਰਪੀ ਮਾਨਤਾ ਤੋਂ ਬਾਅਦ ਜਨਰਲ ਅਸੈਂਬਲੀ ਦੇ ਬਹੁਤੇ ਮੁਲਕਾਂ ਵੱਲੋਂ ਆਸ ਕੀਤੀ ਜਾ ਰਹੀ ਸੀ ਕਿ ਗਾਜ਼ਾ ਜੰਗ ਨੂੰ ਰੋਕਣ ਦੇ ਮਾਮਲੇ ਅਤੇ ਫਲਿਸਤੀਨ ਦੀ ਹੋਂਦ ਹਸਤੀ ਬਾਰੇ ਡੋਨਾਲਡ ਟਰੰਪ ਵੱਲੋਂ ਕੁਝ ਵਿਸ਼ੇਸ਼ ਕਿਹਾ ਜਾਵੇਗਾ, ਜਿਸ ਨਾਲ ਇਸ ਖਿੱਤੇ ਵਿੱਚ ਸ਼ਾਂਤੀ ਸਥਾਪਤ ਕਰਨ ਵੱਲ ਵਧਿਆ ਜਾ ਸਕੇਗਾ; ਪਰ ਟਰੰਪ ਨੇ ਇੱਥੇ ਸੰਯੁਕਤ ਰਾਸ਼ਟਰ ਅਸੈਂਬਲੀ ਬਹਿਸ ਸਮਾਗਮ ਨੂੰ ਸੰਬੋਧਨ ਕਰਦਿਆਂ ਯੂਰਪੀਅਨ ਮੁਲਕਾਂ ਦੇ ਮੁਖੀਆਂ, ਸੰਯੁਕਤ ਰਾਸ਼ਟਰ ਅਤੇ ਹਮਾਸ ਦੀ ਆਲੋਚਨਾ ਕਰਨ ‘ਤੇ ਹੀ ਬਹੁਤਾ ਸਮਾਂ ਖਰਚ ਕਰ ਦਿੱਤਾ। ਉਨ੍ਹਾਂ ਗਾਜ਼ਾ ਜੰਗ ਨੂੰ ਰੋਕਣ ਸੰਬੰਧੀ ਕੁਝ ਵੀ ਨਹੀਂ ਕਿਹਾ। ਡੋਨਾਲਡ ਟਰੰਪ ਨੇ ਸੰਯੁਕਤ ਰਾਸ਼ਟਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਸੰਸਥਾ ਤੋਂ ਜੋ ਆਸ ਸੀ, ਉਸ ਦੇ ਮੇਚ ਦੀ ਇਹ ਭੂਮਿਕਾ ਨਹੀਂ ਨਿਭਾਅ ਰਹੀ। ਸਗੋਂ ਖਾਲੀ ਸ਼ਬਦਾਂ ਦਾ ਖੜਾਕ ਕਰਦੀ ਹੈ। ਟਰੰਪ ਨੇ ਆਪਣੇ ਭਾਸ਼ਨ ਵਿੱਚ ਯੂਰਪੀਅਨ ਮੁਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸਰਹੱਦਾਂ ਨੂੰ ਸੀਲ ਕਰਨ। ਗੈਰ-ਕਾਨੂੰਨੀ ਘੁਸਪੈਠੀਆਂ ਨੂੰ ਆਪਣੇ ਮੁਲਕਾਂ ਵਿੱਚ ਵੜਨ ਤੋਂ ਰੋਕਣ। ਉਨ੍ਹਾਂ ਕਿਹਾ ਕਿ ਜੇ ਯੂਰਪੀਅਨ ਮੁਲਕਾਂ ਨੇ ਗੈਰ-ਕਾਨੂੰਨੀ ਪਰਵਾਸੀਆਂ ਲਈ ਆਪਣੇ ਦਰਵਾਜ਼ੇ ਬੰਦ ਨਾ ਕੀਤੇ ਅਤੇ ਗਰੀਨ ਆਰਥਿਕ ਨੀਤੀਆਂ ਤੇ ਨਵਿਆਉਣਯੋਗ ਊਰਜਾ ਦਾ ਖਹਿੜਾ ਨਾ ਛੱਡਿਆ ਤਾਂ ਇਹ ਮੁਲਕ ਤਬਾਹ ਹੋ ਜਾਣਗੇ।
ਡੋਨਾਲਡ ਟਰੰਪ ਨੇ ਕਿਹਾ ਕਿ ਮੈਂ ਯੂਰਪ ਅਤੇ ਇਨ੍ਹਾਂ ਦੀਆਂ ਕਦਰਾਂ-ਕੀਮਤਾਂ ਨੂੰ ਪਿਆਰ ਕਰਦਾ ਹਾਂ, ਪਰ ਇਨ੍ਹਾਂ ਨੂੰ ਵਾਤਵਰਨ ਸੁਰੱਖਿਆ, ਕਾਰਬਨ ਫੁੱਟ ਪ੍ਰਿੰਟ ਅਤੇ ਕਲਾਈਮੇਟ ਚੇਂਜ ਆਦਿ ਝਮੇਲਿਆਂ ਵਿੱਚੋਂ ਬਾਹਰ ਨਿਕਲਣਾ ਹੋਏਗਾ। ਉਨ੍ਹਾਂ ਕਿਹਾ ਕਿ ਇਸ ਕਿਸਮ ਦੀਆਂ ਆਰਥਿਕਤਾਵਾਂ ਟਿਕਾਊ (ਸਸਟੇਅਨੇਬਲ) ਨਹੀਂ ਹਨ। ਉਨ੍ਹਾਂ ਜਰਮਨ ਦੀ ਮਿਸਾਲ ਦਿੰਦਿਆਂ ਕਿਹਾ ਕਿ ਇਸ ਮੁਲਕ ਨੇ ਨਵਿਆਉਣਯੋਗ ਊਰਜਾ ਵੱਲ ਮੁੜਨ ਦਾ ਯਤਨ ਕੀਤਾ ਅਤੇ ਇਸ ਦੀ ਆਰਥਿਕਤਾ ਨੂੰ ਸੱਟ ਵੱਜੀ। ਇਸ ਦੇ ਉਲਟ ਉਨ੍ਹਾਂ ਭਰਤ ਅਤੇ ਚੀਨ ਵਰਗੇ ਮੁਲਕਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਮੁਲਕ ਆਪਣਾ ਗਾਰਬੇਜ ਸਮੁੰਦਰ ਵਿੱਚ ਡੰਪ ਕਰ ਦਿੰਦੇ ਹਨ ਅਤੇ ਇਹ ਰਿੜ੍ਹਦਾ ਰਿੜ੍ਹਦਾ ਆਖਿਰ ਸਾਡੇ ਤੱਟਾਂ ‘ਤੇ ਪਹੁੰਚ ਜਾਂਦਾ ਹੈ।
ਸੰਯੁਕਤ ਰਾਸ਼ਟਰ ਦੀ ਆਲੋਚਨਾ ਕਰਦਿਆਂ ਟਰੰਪ ਨੇ ਕਿਹਾ ਕਿ ਦੁਨੀਆਂ ਵਿੱਚ ਅਮਨ-ਅਮਾਨ ਪੈਦਾ ਕਰਨ ਦੇ ਮਾਮਲੇ ਵਿੱਚ ਵੱਡੀ ਸੰਭਾਵਨਾ ਰੱਖਣ ਵਾਲੀ ਇਸ ਸੰਸਥਾ ਨੇ ਸੱਤ ਜੰਗਾਂ ਬੰਦ ਕਰਵਾਉਣ ਵਿੱਚ ਮੇਰੀ ਕੋਈ ਮੱਦਦ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਜੋ ਕੁਝ ਕਰਨ ਦੀ ਸਮਰੱਥਾ ਰੱਖਦਾ, ਉਹ ਨਹੀਂ ਕਰ ਪਾ ਰਿਹਾ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਸਿਰਫ ਸਖਤ ਸ਼ਬਦਾਂ ਵਾਲੇ ਪੱਤਰ ਲਿਖਣ ਤੋਂ ਸਿਵਾਏ ਹੋਰ ਕੁਝ ਨਹੀਂ ਕਰਦਾ। ਨਾ ਹੀ ਇਨ੍ਹਾਂ ਚਿੱਠੀਆਂ ਵਿੱਚ ਪ੍ਰਗਟਾਏ ਵਿਚਾਰਾਂ ਦੀ ਪੈਰਵੀ ਕਰਦੇ ਹਨ। ਉਨ੍ਹਾਂ ਕਿਹਾ ਕਿ ਜੰਗਾਂ ਖ਼ਾਲੀ ਸ਼ਬਦਾਂ ਨਾਲ ਨਹੀਂ, ਸਗੋਂ ਐਕਸ਼ਨ ਨਾਲ ਹੀ ਰੋਕੀਆਂ ਜਾ ਸਕਦੀਆਂ ਹਨ; ਇਹਦੇ ਲਈ ਸਰਗਰਮੀ ਕਰਨੀ ਪੈਂਦੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਨਾਟੋ ਮੁਲਕਾਂ ਅਤੇ ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦਣ ਦੀ ਆਲੋਚਨਾ ਕਰਦਿਆਂ ਕਿਹਾ ਕਿ ਰੂਸ ਤੋਂ ਤੇਲ ਖਰੀਦਣ ਵਾਲੇ ਇਹ ਮੁਲਕ ਰੂਸ ਦੀ ਯੂਕਰੇਨ ਵਿਰੁੱਧ ਜੰਗ ਨੂੰ ਫੰਡ ਕਰ ਰਹੇ ਹਨ। ਡੋਨਾਲਡ ਟਰੰਪ ਨੇ ਕਿਹਾ ਕਿ ਪੂਤਿਨ ਨਾਲ ਨਿੱਜੀ ਦੋਸਤੀ ਕਾਰਨ ਉਨ੍ਹਾਂ ਨੂੰੰ ਵਿਸ਼ਵਾਸ ਸੀ ਕਿ ਉਹ ਜੰਗ ਰੋਕਣ ਵਿੱਚ ਕਾਮਯਾਬ ਹੋ ਜਾਣਗੇ, ਪਰ ਅਜਿਹਾ ਸੰਭਵ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕੇ ਜੇ ਰੂਸ ਜੰਗ ਨਹੀਂ ਰੋਕੇਗਾ ਤਾਂ ਉਹ ਉਸ ਵਿਰੁੱਧ ਜ਼ੋਰਦਾਰ ਆਰਥਿਕ ਪਾਬੰਦੀ ਆਇਦ ਕਰਨਗੇ ਅਤੇ ਇਸ ਮਾਮਲੇ ਵਿੱਚ ਯੂਰਪੀਅਨ ਮੁਲਕਾਂ ਨੂੰ ਵੀ ਉਸ ਦੀ ਮਦਦ ਕਰਨੀ ਚਾਹੀਦੀ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਇਮੀਗਰੇਸ਼ਨ ਨਾ ਰੋਕ ਸਕਣ ਅਤੇ ਕਲੀਨ ਊਰਜਾ ਅਪਨਾਉਣ ਲਈ ਯੂਰਪੀ ਮੁਲਕਾਂ ਦੀ ਵਾਰ-ਵਾਰ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇਸ ਦੇ ਟਿਕਾਊ ਨਾ ਹੋਣ ਕਾਰਨ ਹੀ ਅਸੀਂ ਪੈਰਿਸ ਸਮਝੌਤੇ ਵਿੱਚੋਂ ਬਾਹਰ ਆਏ ਸਾਂ। ਗਾਜ਼ਾ ਮਸਲੇ ਦਾ ਇੱਕਪਾਸੜ ਜ਼ਿਕਰ ਕਰਦਿਆਂ ਅਮਰੀਕੀ ਰਾਸ਼ਟਰਪਤੀ ਨੇ ਸਿਰਫ ਹਮਾਸ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਯੋਗ ਸਮਝੌਤੇ ਦੀਆਂ ਵਾਰ ਵਾਰ ਪੇਸ਼ਕਸ਼ਾਂ ਹੋਣ ਦੇ ਬਾਵਜੂਦ ਵੀ ਹਮਾਸ ਨੇ ਸਮਝੌਤਾ ਸਵੀਕਾਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹਮਾਸ ਨੂੰ ਸਾਰੇ ਬੰਦੀਆਂ ਨੂੰ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ। ਫਲਿਸਤੀਨ ਨੂੰ ਮਾਨਤਾ ਦੇਣ ਦੇ ਮਾਮਲੇ ਵਿੱਚ ਆ ਰਹੇ ਮੁਲਕਾਂ ਦਾ ਜ਼ਿਕਰ ਕਰਦਿਆਂ ਡੋਨਾਲਡ ਟਰੰਪ ਨੇ ਕਿਹਾ ਕਿ ਇਹਦੇ ਨਾਲ ਹਮਾਸ ਦੇ 7 ਅਕਤੂਬਰ ਜਿਹੇ ਜ਼ੁਲਮਾਂ ਨੂੰ ਹੋਰ ਉਗਾਸਾ ਮਿਲੇਗਾ।
ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਅਸੈਂਬਲੀ ਦੀ ਆਮ ਬਹਿਸ ਦੇ ਉਦਘਾਟਨੀ ਭਾਸ਼ਨ ਵਿੱਚ ਐਂਟੋਨੀਓ ਗੁਟਰੇਸ ਨੇ ਕਿਹਾ ਕਿ 80 ਸਾਲ ਪਹਿਲਾਂ ਜੰਗ ਦੇ ਭੰਨੇ ਸੰਸਾਰ ਨੇ ਕੁਝ ਫੈਸਲਿਆਂ ਦੀ ਚੋਣ ਕੀਤੀ ਸੀ। ਆਗੂਆਂ ਨੇ ਅਫਰਾਤਫਰੀ ਦੀ ਥਾਂ ਸਹਿਯੋਗ, ਕਾਨੂੰਨ ਦਾ ਰਾਜ, ਜੰਗ ਦੀ ਥਾਂ ਅਮਨ ਦੀ ਚੋਣ ਕੀਤੀ ਸੀ। ਇਸ ਚੋਣ ਵਿੱਚੋਂ ਹੀ ਸੰਯੁਕਤ ਰਾਸ਼ਟਰ ਦਾ ਜਨਮ ਹੋਇਆ ਸੀ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਸੰਪੂਰਨਤਾ ਲਈ ਕੋਈ ਸੁਪਨਾ ਨਹੀਂ ਹੈ, ਇਹ ਮਨੁੱਖੀ ਹੋਂਦ ਨੂੰ ਕਾਇਮ ਰੱਖਣ ਲਈ ਇੱਕ ਪ੍ਰੈਕਟੀਕਲ ਰਣਨੀਤੀ ਦਾ ਨਾਂ ਹੈ।
ਸੰਯੁਕਤ ਰਾਸ਼ਟਰ ਅਸੈਂਬਲੀ ਦੇ ਇਸ ਸੈਸ਼ਨ ਨੂੰ ਸੰਬੋਧਨ ਕਰਨ ਵਾਲੇ ਸਭ ਤੋਂ ਪਹਿਲੇ ਆਗੂ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡੀਸਿਲਵਾ ਨੇ ਫਲਿਸਤੀਨ ਦੇ ਪ੍ਰਧਾਨ ਮੰਤਰੀ ਦੇ ਕਾਨਫਰੰਸ ਵਿੱਚ ਨਾ ਮੌਜੂਦ ਹੋਣ ਲਈ ਅਫਸੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਅਮਰੀਕੀ ਸਟੇਟ ਡਿਪਾਰਟਮੈਂਟ ਵੱਲੋਂ ਉਨ੍ਹਾਂ ਨੂੰ ਵੀਜ਼ਾ ਨਾ ਦੇਣ ਕਾਰਨ ਅਜਿਹਾ ਵਾਪਰਿਆ ਹੈ। ਬ੍ਰਾਜ਼ੀਲੀ ਰਾਸ਼ਟਰਪਤੀ ਨੇ ਕਿਹਾ ਕਿ ਗਾਜ਼ਾ ਵਿੱਚ ਭੁੱਖ ਨੂੰ ਜੰਗੀ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫਲਿਸਤੀਨੀ ਲੋਕਾਂ ਦੇ ਧਰਤੀ ਦੇ ਸਫੇ ਤੋਂ ਮਿਟ ਜਾਣ ਦਾ ਖਤਰਾ ਮੰਡਰਾਅ ਰਿਹਾ ਹੈ। ਉਨ੍ਹਾਂ ਆਪਣੇ ਤੋਂ ਪਹਿਲਾਂ ਰਹੇ ਰਾਸ਼ਟਰਪਤੀ ਬਾਰੇ ਸੰਕੇਤਕ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮੁਲਕ ਨੂੰ ਪਹਿਲਾਂ ਹੀ ਤਾਨਾਸ਼ਾਹੀ ਰਾਜ ਦੇ ਸਿੱਟੇ ਭੁਗਤਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਤਾਨਾਸ਼ਾਹੀ ਨੀਤੀਆਂ ਕਾਰਨ ਉਨ੍ਹਾਂ ਤੋਂ ਪਹਿਲੇ ਰਾਸ਼ਟਰਪਤੀ ਜਾਇਰ ਬੋਲਸਨਾਰੋ ਨੂੰ 27 ਵਰਿ੍ਹਆਂ ਦੀ ਸਜ਼ਾ ਸੁਣਾਈ ਗਈ ਹੈ। ਬੋਲਸਨਾਰੋ ਟਰੰਪ ਨਾਲ ਨੇੜਤਾ ਰੱਖਣ ਵਾਲੇ ਸੱਜੇ ਪੱਖੀ ਆਗੂ ਹਨ ਅਤੇ ਅਮਰੀਕੀ ਰਾਸ਼ਟਰਪਤੀ ਨੇ ਉਨ੍ਹਾਂ ਦੀ ਗ੍ਰਿਫਤਾਰੀ ਅਤੇ ਸਜ਼ਾ ਕਾਰਨ ਬ੍ਰਾਜ਼ੀਲ ਦੀ ਮੌਜੂਦਾ ਖੱਬੇ ਪੱਖੀ ਸਰਕਾਰ ਦੀ ਜ਼ੋਰਦਾਰ ਨਿੰਦਾ ਕੀਤੀ ਹੈ।
ਇਸ ਦੌਰਾਨ ਅਮਰੀਕਾ ਦੇ ਵਿਦੇਸ਼ ਸਕੱਤਰ ਮਾਰਕੋ ਰੂਬੀਓ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਹੁਣ ਸਾਲ ਬਾਅਦ ਭਾਸ਼ਨ ਦੇਣ, ਪੱਤਰ ਲਿਖਣ ਅਤੇ ਖਾਲੀ ਬਿਆਨ ਜਾਰੀ ਕਰਨ ਵਾਲੀ ਸੰਸਥਾ ਬਣ ਕੇ ਰਹਿ ਗਈ ਹੈ। ਇਸ ਵੱਲੋਂ ਕੋਈ ਸਾਰਥਕ ਕਦਮ ਨਹੀਂ ਚੁੱਕੇ ਜਾ ਰਹੇ।