ਪੰਜਾਬੀ ਜਿੱਥੇ ਵੀ ਗਏ, ਉੱਥੇ ਹੀ ਸਾਂਝ ਸਥਾਪਤ ਕੀਤੀ ਅਤੇ ਉਨ੍ਹਾਂ ਨੇ ਦੇਸ਼-ਵਿਦੇਸ਼ ਵਿੱਚ ਮੱਲਾਂ ਮਾਰ ਕੇ ਪੰਜਾਬੀਅਤ ਦਾ ਲੋਹਾ ਸੰਸਾਰ ਭਰ ‘ਚ ਮੰਨਵਾਇਆ ਹੈ। ਇਸੇ ਤਰ੍ਹਾਂ ਈਥੋਪੀਆ ਵੀ ਪੰਜਾਬੀਆਂ ਦੀ ਮਿਹਨਤ ਅਤੇ ਸੇਵਾ ਭਾਵਨਾ ਦਾ ਮੁਰੀਦ ਹੈ। ਪੰਜਾਬੀਆਂ ਦਾ ਈਥੋਪੀਆ ਵੱਲ ਨੂੰ ਜਾਣ ਦਾ ਰੁਝਾਨ ਅਜੇ ਮੱਠਾ ਨਹੀਂ ਪਿਆ ਹੈ। ਘੁੰਮਣ-ਫ਼ਿਰਨ ਤੋਂ ਇਲਾਵਾ ਖੇਤਬਾੜੀ ਅਤੇ ਵਪਾਰ ਆਦਿ ਲਈ ਪੰਜਾਬੀ ਅਜੇ ਵੀ ਈਥੋਪੀਆ ਸਣੇ ਅਫ਼ਰੀਕਾ ਦੇ ਹੋਰ ਮੁਲਕਾਂ ਵੱਲ ਨੂੰ ਪਰਵਾਸ ਕਰ ਰਹੇ ਹਨ। ਇੱਥੇ ਕਾਰਪੋਰੇਸ਼ਨਾਂ ਨੇ ਆਪਣੇ ਖੇਤਾਂ ਤੇ ਫ਼ਸਲਾਂ ਦੇ ਪ੍ਰਬੰਧਨ ਅਤੇ ਪੈਦਾਵਾਰ ਲਈ ਪੰਜਾਬੀ ਕਿਸਾਨਾਂ ਨਾਲ ਭਾਈਵਾਲੀ ਪਾਈ ਹੋਈ ਹੈ।
ਪੇਸ਼ ਹੈ, ਈਥੋਪੀਆ ਨਾਲ ਸਾਂਝ ਦਾ ਸੰਖੇਪ ਵੇਰਵਾ…
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ:+91-9781646008
ਪੂਰਬੀ ਅਫ਼ਰੀਕਾ ਵਿਖੇ ਸਥਿਤ ਈਥੋਪੀਆ ਇੱਕ ਅਜਿਹਾ ਮੁਲਕ ਹੈ, ਜਿਸਦੇ ਚਾਰੇ ਪਾਸੇ ਜ਼ਮੀਨੀ ਇਲਾਕਾ ਹੈ ਭਾਵ ਕਿਸੇ ਤਰ੍ਹਾਂ ਦਾ ਵੀ ਸਮੁੰਦਰ ਇਸ ਦੀਆਂ ਸਰਹੱਦਾਂ ਨੂੰ ਨਹੀਂ ਛੂੰਹਦਾ ਹੈ। ਇਸ ਮੁਲਕ ਦੀਆਂ ਸਰਹੱਦਾਂ ਨੂੰ ਛੂੰਹਦੇ ਪ੍ਰਮੁੱਖ ਦੇਸ਼ਾਂ ਵਿੱਚ ਸੋਮਾਲੀਆ, ਸੂਡਾਨ ਅਤੇ ਕੀਨੀਆ ਆਦਿ ਦੇ ਨਾਂ ਸ਼ਾਮਿਲ ਹਨ। ਕੁੱਲ 11,04,300 ਵਰਗ ਕਿਲੋਮੀਟਰ ਦੇ ਖੇਤਰਫ਼ਲ ਵਾਲੇ ਇਸ ਮੁਲਕ ਦੀ ਆਬਾਦੀ ਸਾਲ 2024 ਵਿੱਚ 13 ਕਰੋੜ ਦੇ ਕਰੀਬ ਸੀ ਤੇ ਜਨਸੰਖਿਆ ਘਣਤਾ ਲਗਪਗ 93 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਸੀ। ਜਨਸੰਖਿਆ ਦੇ ਪੱਖ ਤੋਂ ਇਹ ਦੇਸ਼ ਅਫ਼ਰੀਕੀ ਖਿੱਤੇ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ, ਜਦੋਂ ਕਿ ਨਾਈਜੀਰੀਆ ਆਬਾਦੀ ਪੱਖੋਂ ਸਮੁੱਚੇ ਅਫ਼ਰੀਕਾ ਵਿੱਚ ਪਹਿਲੇ ਸਥਾਨ ’ਤੇ ਹੈ। ਲਗਪਗ ਤਿੰਨ ਹਜ਼ਾਰ ਸਾਲ ਪੁਰਾਣਾ ਇਤਿਹਾਸ ਰੱਖਣ ਵਾਲੇ ਦੇਸ਼ ਈਥੋਪੀਆ ਦੀ ਰਾਜਧਾਨੀ ਦਾ ਨਾਂ ਅਦੀਸਾ ਅਬਾਬਾ ਹੈ ਤੇ ਇਹ ਰਾਜਧਾਨੀ ਹੀ ਇੱਥੋਂ ਦਾ ਸਭ ਤੋਂ ਵੱਡਾ ਸ਼ਹਿਰ ਵੀ ਹੈ। ਇਸ ਮੁਲਕ ਅੰਦਰ 22 ਫ਼ਰਵਰੀ 1987 ਨੂੰ ਲੋਕਰਾਜ ਦੀ ਸਥਾਪਨਾ ਹੋਈ ਸੀ ਤੇ ਇੱਥੇ 67 ਫ਼ੀਸਦੀ ਲੋਕ ਈਸਾਈ ਧਰਮ ਦੇ ਅਤੇ 31 ਫ਼ੀਸਦੀ ਲੋਕ ਮੁਸਲਿਮ ਧਰਮ ਦੇ ਪੈਰੋਕਾਰ ਹਨ।
ਈਥੋਪੀਆ ਨਾਲ ਭਾਰਤੀਆਂ ਦਾ ਨਾਤਾ ਉਂਜ ਤਾਂ ਕਈ ਸੌ ਸਾਲ ਤੋਂ ਹੈ, ਪਰ ਇਨ੍ਹਾਂ ਮੁਲਕਾਂ ਦਰਮਿਆਨ ਸਬੰਧਾਂ ਦੀ ਨਵੀਂ ਇਬਾਰਤ ਸੰਨ 1948 ਵਿੱਚ ਲਿਖੀ ਗਈ ਸੀ। ਇਨ੍ਹਾਂ ਦੋਹਾਂ ਮੁਲਕਾਂ ਅੰਦਰ ਇੱਕ ਦੂਜੇ ਦੇਸ਼ ਦੀਆਂ ਅੰਬੈਸੀਆਂ ਮੌਜੂਦ ਹਨ ਤੇ ਇੱਕ ਪਾਸੇ ਜਿੱਥੇ ਭਾਰਤ ਨੇ ਈਥੋਪੀਆ ਦੇ ਵਿਕਾਸ ਹਿਤ ਕਈ ਕਦਮ ਚੁੱਕੇ ਹਨ, ਉਥੇ ਹੀ ਈਥੋਪੀਆ ਨੇ ਵੀ ਸੰਯੁਕਤ ਰਾਸ਼ਟਰ ਸੰਘ ਦੀ ਸੁਰੱਖਿਆ ਪ੍ਰੀਸ਼ਦ ਵਿੱਚ ਭਾਰਤ ਨੂੰ ਮੈਂਬਰਸ਼ਿਪ ਦਿੱਤੇ ਜਾਣ ਦਾ ਸਮਰਥਨ ਵੀ ਕੀਤਾ ਹੈ। ਵਾਤਾਵਰਣਿਕ ਤਬਦੀਲੀਆਂ, ਸਰਹੱਦ ਪਾਰ ਤੋਂ ਫ਼ੈਲਾਏ ਜਾਂਦੇ ਅਤਿਵਾਦ ਅਤੇ ਸੰਯੁਕਤ ਰਾਸ਼ਟਰ ਸੰਘ ਵਿੱਚ ਸੁਧਾਰਾਂ ਦੀ ਲੋੜ ਆਦਿ ਜਿਹੇ ਮਹੱਤਵਪੂਰਨ ਮੁੱਦਿਆਂ ’ਤੇ ਈਥੋਪੀਆ ਨੇ ਸਦਾ ਹੀ ਭਾਰਤ ਦੇ ਸਟੈਂਡ ਦਾ ਸਮਰਥਨ ਕੀਤਾ ਹੈ। ਇਤਿਹਾਸਕ ਹਵਾਲੇ ਦੱਸਦੇ ਹਨ ਕਿ ਭਾਰਤ ਵਿੱਚ ਜਦੋਂ ਕੁਸ਼ਾਣ ਵੰਸ਼ ਦਾ ਰਾਜ ਸੀ ਤਾਂ ਉਸ ਵੇਲੇ ਈਥੋਪੀਆ ਨਾਲ ਭਾਰਤ ਦੇ ਵਪਾਰਕ ਸਬੰਧ ਮੌਜੂਦ ਸਨ, ਕਿਉਂਕਿ ਉਤਰੀ ਈਥੋਪੀਆ ਵਿਖੇ ਖੁਦਾਈ ਦੌਰਾਨ ਕੁਸ਼ਾਣ ਵੰਸ਼ ਦੇ ਸਿੱਕੇ ਪ੍ਰਾਪਤ ਹੋਏ ਸਨ। ਛੇਵੀਂ ਸਦੀ ਵਿੱਚ ਭਾਰਤ ਨਾਲ ਈਥੋਪੀਆ ਦਾ ਰੇਸ਼ਮ, ਸੋਨਾ, ਹਾਥੀ ਦੰਦ ਅਤੇ ਮਸਾਲਿਆਂ ਆਦਿ ਸਬੰਧੀ ਵਪਾਰ ਚੱਲਦਾ ਹੁੰਦਾ ਸੀ। ਇਸ ਲਈ ਇੱਥੇ ਕਈ ਭਾਰਤੀ ਵਪਾਰੀ ਅਤੇ ਕਲਾਕਾਰ ਆ ਵੱਸ ਗਏ ਸਨ। ਇਹ ਵੀ ਪਤਾ ਲੱਗਾ ਹੈ ਕਿ ਗੁਜਰਾਤ ਦੇ ‘ਸਿੱਧੀ ਸਮਾਜ’ ਦਾ ਮੂਲ ਈਥੋਪੀਆ ਵਿਖੇ ਹੀ ਪਾਇਆ ਗਿਆ ਹੈ ਤੇ ਇਸ ਗੱਲ ਦੇ ਪ੍ਰਮਾਣ ਮੌਜੂਦ ਹਨ ਕਿ ਈਥੋਪੀਆ ਵਿਖੇ ਜਨਮੇ ਮਲਿਕ ਅੰਬਰ ਨਾਮਕ ਸ਼ਾਸ਼ਕ ਨੇ 17ਵੀਂ ਸਦੀ ਵਿੱਚ ਭਾਰਤ ਦੇ ਇੱਕ ਦੱਖਣੀ ਰਾਜ ਵਿੱਚ ਮੌਜੂਦ ‘ਅਹਿਮਦ ਨਗਰ ਸਲਤਲਤ’ ਉਤੇ ਰਾਜ ਕੀਤਾ ਸੀ।
ਮੁੱਢ-ਕਦੀਮ ਤੋਂ ਹੀ ਕਿਸਾਨੀ ਨਾਲ ਜੁੜੇ ਮਿਹਨਤੀ ਅਤੇ ਸਿਰੜੀ ਪੰਜਾਬੀਆਂ ਨੇ ਈਥੋਪੀਆ ਵਿਖੇ ਵੀ ਮਾਅਰਕੇਦਾਰ ਖੇਤੀਬਾੜੀ ਪ੍ਰਾਪਤੀਆਂ ਕੀਤੀਆਂ ਹਨ। ਪੰਜਾਬੀਆਂ ਦੇ ਇੱਥੇ ਆਉਣ ਦੇ ਮਹੱਤਵਪੂਰਨ ਕਾਰਨ- ਇੱਥੇ ਸਸਤੀ ਤੇ ਉਪਜਾਊ ਭੂਮੀ ਦਾ ਹੋਣਾ ਅਤੇ ਈਥੋਪੀਆ ਸਰਕਾਰ ਦੀਆਂ ਬਹੁਤ ਹੀ ਮਦਦਗਾਰ ਨੀਤੀਆਂ ਹਨ। ਕੁਝ ਪੰਜਾਬੀ ਮਿਹਨਤਕਸ਼ਾਂ ਨੇ ਤਾਂ ਇੱਥੋਂ ਦੀ ਜ਼ਰਖ਼ੇਜ਼ ਜ਼ਮੀਨ ਲੀਜ਼ ’ਤੇ ਲੈ ਕੇ ਸਬਜ਼ੀਆਂ ਅਤੇ ਤੇਲ ਬੀਜਾਂ ਦੇ ਉਤਪਾਦਨ ਦਾ ਉਦਮ ਵੀ ਕੀਤਾ ਹੈ। ਸਰਕਾਰੀ ਮਦਦ ਦੀ ਜੇ ਗੱਲ ਕੀਤੀ ਜਾਵੇ ਤਾਂ ਦੱਸਣਾ ਬਣਦਾ ਹੈ ਕਿ ਸਰਕਾਰ ਹਰੇਕ ਪੰਜਾਬੀ ਕਿਸਾਨ ਨੂੰ 25 ਸਾਲ ਲਈ ਭੂਮੀ ਲੀਜ਼ ’ਤੇ ਪ੍ਰਦਾਨ ਕਰਦੀ ਹੈ, ਜਿਸ ਵਿੱਚੋਂ ਪਹਿਲੇ ਸੱਤ ਸਾਲ ਤੱਕ ਸਬੰਧਿਤ ਕਿਸਾਨ ਨੇ ਸਰਕਾਰ ਨੂੰ ਕਿਸੇ ਵੀ ਤਰ੍ਹਾਂ ਦਾ ਟੈਕਸ ਅਦਾ ਨਹੀਂ ਕਰਨਾ ਹੁੰਦਾ ਹੈ। ਇਸ ਤੋਂ ਇਲਾਵਾ ਉਪਜ ਦੀ ਢੋਆ-ਢੁਆਈ ਤੇ ਰੱਖ-ਰਖਾਅ ਲਈ ਲੋੜੀਂਦੀਆਂ ਢਾਂਚਾਗਤ ਸਹੂਲਤਾਂ ਪ੍ਰਦਾਨ ਕਰਨ ਦੇ ਯਤਨ ਵੀ ਸਥਾਨਕ ਸਰਕਾਰ ਵੱਲੋਂ ਵਧੀਆ ਢੰਗ ਨਾਲ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਕਈ ਵਿਸ਼ਵ ਪੱਧਰੀ ਵੱਡੀਆਂ ਕਾਰਪੋਰੇਸ਼ਨਾਂ ਵੀ ਹਨ, ਜਿਨ੍ਹਾਂ ਨੇ ਈਥੋਪੀਆ ਵਿਖੇ ਸੈਂਕੜੇ ਜਾਂ ਹਜ਼ਾਰਾਂ ਏਕੜ ਜ਼ਮੀਨ ਲੈ ਕੇ ਉਸ ਜ਼ਮੀਨ ’ਤੇ ਮੋਟੇ ਅਨਾਜ ਅਤੇ ਦਾਲਾਂ ਦੀ ਪੈਦਾਵਾਰ ਕਰਨ ਦਾ ਕੰਮ ਸ਼ੁਰੂ ਕੀਤਾ ਹੈ, ਇਸ ਮਿਹਨਤ ਮੰਗਦੇ ਕੰਮ ਲਈ ਉਨ੍ਹਾਂ ਨੂੰ ਪੰਜਾਬੀਆਂ ਤੋਂ ਬਿਹਤਰ ਬਦਲ ਹੋਰ ਭਲਾ ਕਿਹੜਾ ਲੱਭ ਸਕਦਾ ਸੀ? ਇਸ ਲਈ ਸਬੰਧਿਤ ਕਾਰਪੋਰੇਸ਼ਨਾਂ ਨੇ ਆਪਣੇ ਖੇਤਾਂ ਅਤੇ ਫ਼ਸਲਾਂ ਦੇ ਪ੍ਰਬੰਧਨ ਅਤੇ ਪੈਦਾਵਾਰ ਲਈ ਪੰਜਾਬੀ ਕਿਸਾਨਾਂ ਨਾਲ ਭਾਈਵਾਲੀ ਪਾਈ ਹੋਈ ਹੈ।
ਜਲਾਲਾਬਾਦ ਤੋਂ ਆਏ ਕਿਸਾਨ ਉਪੇਂਦਰ ਕਾਮਰਾ ਨੇ ਉਤਰ-ਪੱਛਮੀ ਈਥੋਪੀਆ ਵਿਖੇ ਪੰਦਰਾਂ ਸੌ ਏਕੜ ਜ਼ਮੀਨ ਲੀਜ਼ ’ਤੇ ਲੈ ਕੇ ਸਬਜ਼ੀਆਂ ਅਤੇ ਹੋਰ ਵਪਾਰਕ ਫ਼ਸਲਾਂ ਦੀ ਕਾਸ਼ਤ ਸ਼ੁਰੂ ਕੀਤੀ ਸੀ। ਉਸਦਾ ਕਹਿਣਾ ਸੀ, “ਇੱਥੋਂ ਦੀ ਖਾਦ ਰਹਿਤ ਉਪਜਾਊ ਕਾਲੀ ਮਿੱਟੀ ਮਿਸ਼ਰਤ ਖੇਤੀ ਲਈ ਬੇਹੱਦ ਢੁਕਵੀਂ ਹੈ ਤੇ ਕੌਮਾਂਤਰੀ ਹਵਾਈ ਅੱਡਾ ਨੇੜੇ ਹੋਣ ਕਰਕੇ ਉਪਜ ਨੂੰ ਸਹੀ ਟਿਕਾਣੇ ’ਤੇ ਸਮੇਂ ਸਿਰ ਪਹੁੰਚਾ ਪਾਉਣਾ ਵੀ ਸੌਖਾ ਹੈ।” ਤੇਲ ਬੀਜਾਂ ਦਾ ਉਤਪਾਦਨ ਕਰਕੇ ਅਤੇ ਉਨ੍ਹਾਂ ਵਿੱਚੋਂ ਤੇਲ ਕੱਢ ਕੇ ਵੇਚਣ ਪਿੱਛੋਂ ਚੰਗੀ ਆਮਦਨ ਹਾਸਿਲ ਕਰਨ ਵਾਲੇ ਸ੍ਰੀ ਕਾਮਰਾ ਨੇ ਉਂਜ ਕੁਝ ਕਾਰਨਾਂ ਕਰਕੇ ਬਾਅਦ ਵਿੱਚ ਆਪਣਾ ਕਾਰੋਬਾਰ ਥੋੜ੍ਹਾ ਘੱਟ ਕਰ ਦਿੱਤਾ ਸੀ, ਪਰ ਉਹ ਇਹ ਸਵੀਕਾਰ ਜ਼ਰੂਰ ਕਰਦੇ ਸਨ ਕਿ ਮਿਹਨਤਕਸ਼ ਪੰਜਾਬੀਆਂ ਲਈ ਫ਼ਾਇਦੇਮੰਦ ਖੇਤੀ ਕਰਨ ਹਿਤ ਈਥੋਪੀਆ ਇੱਕ ਢੁਕਵਾਂ ਮੁਲਕ ਹੈ।
ਕੁਝ ਇੱਕ ਪੰਜਾਬੀ ਅਤੇ ਅਫ਼ਰੀਕੀ ਲੋਕਾਂ ਦਾ ਇਹ ਅਨੁਮਾਨ ਜਾਂ ਅੰਦਾਜ਼ਾ ਹੈ ਕਿ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ ਈਥੋਪੀਆ ਨਾਲ ਕੁਝ ਨਾ ਕੁਝ ਸਬੰਧ ਜ਼ਰੂਰ ਬਣਿਆ ਸੀ। ਇੱਥੇ ‘ਹਬਸ਼ ਵਿਲਾਇਤ’ ਭਾਵ ਅਫ਼ਰੀਕਾ ਦੇ ਇਲਾਕੇ ਈਥੋਪੀਆ ਦੇ ਪ੍ਰਾਚੀਨ ਨਾਂ ਦੇ ਪ੍ਰਸੰਗ ਵਿੱਚ ਗੁਰੂ ਸਾਹਿਬ ਦਾ ਜ਼ਿਕਰ ਆਉਂਦਾ ਹੈ। ਵਿਆਕਰਣਕਾਰਾਂ ਨੇ ‘ਹਬਸ਼’ ਦਾ ਅਰਥ ਈਥੋਪੀਆ ਦੇ ਰਹਿਣ ਵਾਲੇ ਕਾਲੇ ਰੰਗ ਦੇ ਲੋਕ ਅਤੇ ਉਰਦੂ-ਫ਼ਾਰਸੀ ਭਾਸ਼ਾ ਦੇ ਲਫ਼ਜ਼ ‘ਵਿਲਾਇਤ’ ਦਾ ਅਰਥ ‘ਸੂਬਾ’ ਜਾਂ ਇਲਾਕਾ’ ਦੱਸਿਆ ਹੈ। ਦੋਵੇਂ ਸ਼ਬਦ ਜੋੜ ਕੇ ਜੋ ਅਰਥ ਬਣਦਾ ਹੈ, ਉਹ ਹੈ ਹਬਸ਼ੀ ਲੋਕਾਂ ਦਾ ਮੁਲਕ ਭਾਵ ਈਥੋਪੀਆ। ਪੰਜਾਬੀਆਂ ਨੇ ਤੇ ਖ਼ਾਸ ਕਰਕੇ ਸਿੱਖ ਵੀਰਾਂ ਨੇ ਈਥੋਪੀਆ ਦੀ ਧਰਤੀ ’ਤੇ ਸੇਵਾ ਅਤੇ ਸਿਮਰਨ ਦੀਆਂ ਸਿੱਖੀ ਮਾਨਤਾਵਾਂ ਨੂੰ ਬੜੇ ਹੀ ਪ੍ਰੇਮ ਨਾਲ ਪ੍ਰਦਰਸ਼ਿਤ ਕੀਤਾ ਹੈ। ਇਸ ਕੌਮ ਨੇ ਇੱਥੇ ਵੱਖ-ਵੱਖ ਮੌਕਿਆਂ ਉਤੇ ਅਤੇ ਇਸ ਮੁਲਕ ਦੇ ਵੱਖ-ਵੱਖ ਹਿੱਸਿਆਂ ਵਿੱਚ ਗੁਰੂ ਕੇ ਲੰਗਰ ਵਰਤਾਏ ਹਨ ਤੇ ਈਥੋਪੀਆ ਵਾਸੀਆਂ ਨੂੰ ਲੰਗਰ ਦੀ ਦਾਤ ਬਾਰੇ ਜਾਣੂ ਕਰਵਾਇਆ ਹੈ। ਇਸ ਤੋਂ ਇਲਾਵਾ ਵੀ ਪੰਜਾਬੀਆਂ ਨੇ ਈਥੋਪੀਆ ਦੀ ਰਾਜਧਾਨੀ ਅਦੀਸਾ ਅਬਾਬਾ ਵਿਖੇ ਵਿਸਾਖੀ ਦਾ ਤਿਉਹਾਰ ਮਨਾ ਕੇ ਈਥੋਪੀਆ ਵਾਸੀਆਂ ਨੂੰ ਪੰਜਾਬ ਦੇ ਰੰਗਲੇ ਸੱਭਿਆਚਾਰ ਬਾਰੇ ਵੀ ਜਾਣੂ ਕਰਵਾਇਆ ਹੈ।
ਸੋਸ਼ਲ ਮੀਡੀਆ ਚੈਨਲਾਂ ’ਤੇ ‘ਸਿੱਖ ਟਰੈਵਰਲਰਜ਼ ਇਨ ਈਥੋਪੀਆ’ ਨਾਮਕ ਸਾਲ 2025 ਦੇ ਵੀਡੀਓ ਉਪਲਬਧ ਹਨ, ਜੋ ਇਹ ਦੱਸਦੇ ਹਨ ਕਿ ਸਿੱਖਾਂ ਜਾਂ ਪੰਜਾਬੀਆਂ ਦਾ ਈਥੋਪੀਆ ਵੱਲ ਨੂੰ ਜਾਣ ਦਾ ਰੁਝਾਨ ਅਜੇ ਮੱਠਾ ਨਹੀਂ ਪਿਆ ਹੈ। ਘੁੰਮਣ-ਫ਼ਿਰਨ ਤੋਂ ਇਲਾਵਾ ਖੇਤਬਾੜੀ ਅਤੇ ਵਪਾਰ ਆਦਿ ਲਈ ਪੰਜਾਬੀ ਅਜੇ ਵੀ ਈਥੋਪੀਆ ਸਣੇ ਅਫ਼ਰੀਕਾ ਦੇ ਹੋਰ ਮੁਲਕਾਂ ਵੱਲ ਨੂੰ ਪਰਵਾਸ ਕਰ ਰਹੇ ਹਨ।